~~~~~~~~~~~~~~~~~~~~~~~~~~~~~~~~~~

29)  ਨਾਈਟ ਸਰਵਿਸ , 30 ) ਹਾਸ਼ੀਏ ,31 ) ਸਾਰੋ-ਛੈ,32) ਅਜੇ ਮੈਂ ਜਿਉਂਦਾ ਹਾਂ , 33) ਜਿੰਨ , 34) ਪਹਿਲੀ ਤੋਂ ਅਗਲੀ ਝਾਕੀ ,35 ) ਪੈਰਾਂ ਭਾਰ-ਹੱਥਾਂ ਭਾਰ ,36) ਰੁਮਾਲੀ ,37) ਤੀਸਰਾ ਸ਼ਬਦ, 38 ) ਵਾਰੀ ਸਿਰ , 39 ) ਕਬਰਸਤਾਨ ਚੁੱਪ ਨਹੀਂ ਹੈ , 40 ) ਆਪਣੀ ਧਿਰ-ਪਰਾਈ ਧਿਰ 41) ਛਿੰਜ,42) ਚਿੱਟੀ ਬੇਈਂ-ਕਾਲੀ ਬੇਈਂ , 43) ਬਿੱਲੀਆਂ 44) ਸੰਸਾਰ

--------------------------------------------------------------------------------------------------------------

ਨਾਇਟ ਸਰਵਿਸ(ਕਹਾਣੀ)

ਲਾਲ ਸਿੰਘ ਦਸੂਹਾ 

-------(ਕੁਝ ਕਹਾਣੀ ਬਾਰੇ) -------

..............ਉਂਝ ਤਾਂ ਲੇਖਕ ਦੀ ਸਮੁੱਚੀ ਹੋਂਦ ਉਸਦੀ ਹਰ ਲਿਖਤ ਵਿਚ ਹਾਜ਼ਰ –ਨਾਜ਼ਰ ਹੁੰਦੀ ਹੈ । ਕਿਉਂਕਿ ਲੇਖਕ ਨੇ ਅਮੂਰਤ ਚੀਜ਼ਾਂ ਤੋਂ ਪਹਿਲਾਂ ਨਿੱਗਰ ਯਥਾਰਥ ਦੇ ਰੂ-ਬ-ਰੂ ਹੋਣਾ ਹੁੰਦਾ । ਤਾਂ ਵੀ ਯਥਾਰਥ ਦੀ ਨਿਰੀ –ਪੁਰੀ ਫੋਟੋਗਰਾਫੀ ਵੀ ਸਾਹਿਤ ਨੂੰ ਪ੍ਰਵਾਨ ਨਹੀਂ । ਹਰ ਲਿਖਤ ਅੱਧੇ-ਪਚੱਧੇ ਕਾਲਪਨਿਕ ਵਿਸਥਾਰ ਦੇ ਆਸਰੇ ਉਸਰਦੀ ਹੈ । ਇਸ ਕਾਲਪਨਿੱਕਤਾ ਤੇ ਯਥਾਰਥ ਦੇ ਸੁਮੇਲ ਨੂੰ ਸਮਤਲ ਰੱਖਣ ਲਈ ਮੈਂ ਇਹ ਕਹਾਣੀ  ਮੈਂ ਪਾਤਰ ਨਾਲ ਲਿਖੀ । ਇਹ ਤਾਂ ਨਹੀਂ ਕਿਹਾ ਜਾ ਸਕਦਾ ਕਿ ਉੱਤਮ-ਪੁਰਖ ਰਾਹੀਂ ਲਿਖੀਆਂ ਮੇਰੀਆਂ ਕਹਾਣੀਆਂ ਵਿੱਚ ਮੈਂ ਲਿਖਤ ਅੰਦਰਲੇ ਸੱਚ ਦੇ ਬਹੁਤ ਨੇੜੇ ਪੁੱਜਿਆ ਰਿਹਾਂ ਹਾਂ ਜਾਂ ਇਹਨਾਂ ਅੰਦਰ ਪੇਸ਼ ਹੋਏ ਪਾਤਰਾਂ ਦੇ ਸਾਰੇ ਦੁੱਖ-ਦਰਦ ਮੈਂ ਆਪਣੇ ਅੰਦਰ ਵੀ ਸਮੋਅ ਲਏ ਹਨ , ਪਰ ਏਨਾ ਜ਼ਰੂਰ ਕਿਹਾ ਜਾ ਸਕਦਾ ਹੈ ਕਿ ਇਉਂ ਕਰਦਿਆਂ ਮੈਨੂੰ ਉਹਨਾਂ ਵਰਗਾ ਹੋਣ-ਦਿਸਣ ਲੱਗਿਆਂ ਚੰਗਾ-ਚੰਗਾ ਲੱਗਦਾ ਰਿਹਾ । ਨਾਇਟ ਸਰਵਿਸ ਕਹਾਣੀ ਮੇਰੀ ਦਿੱਲੀ ਤੋਂ ਜਲੰਧਰ ਤਕ ਕੀਤੀ ਇਕ ਰਾਤ ਦੀ ਬੱਸ-ਯਾਤਰਾ ਦੀ ਪ੍ਰਤੀਫਲ ਹੈ । ਹੁਣ ਮੈਨੂੰ ਪੱਕਾ ਚੇਤਾ ਨਹੀਂ ਇਸ ਕਹਾਣੀ ਨੂੰ ਹੁੱਝ ਮਾਰਨ ਵਾਲਾ ਪਾਤਰ ਅੰਬਾਲੇ ਉੱਤਰਿਆ ਸੀ ਜਾਂ ਲਧਿਆਣੇ । ਚੜ੍ਹਿਆ ਉਹ ਦਿੱਲੀ ਸਬਜ਼ੀ ਮੰਡੀਉਂ ਸੀ । ਸ਼ਕਲੋਂ-ਸੂਰਤੋਂ ਉਹ ਨਾ ਨਿਪਾਲੀ ਗੋਰਖਾ ਲੱਗਦਾ ਸੀ ਨਾ ਬਿਹਾਰੀ ਭਈਆ । ਮਧਰਾ-ਭਰਵਾਂ ਬਦਨ, ਮੋਕਲੇ ਹੱਡ-ਪੈਰ , ਮੂੰਹ-ਚਿਹਰਾ ਅਤਿ ਦਾ ਕਰੂਪ । ਮਨੁੱਖੀ ਨਸਲ ਦੇ ਕਿਸੇ ਪੁਰਖੇ ਸ਼ਮਪੈਂਜੀ ਜਾਂ ਬੋਬੀਨ ਵਰਗਾ । ਉਸਦੇ ਗਲ ਇਕ ਵੰਡੀ ਸੀ ਤੇ ਤੇੜ ਕੱਛਾ । ਵੰਡੀ ਦੀ ਲੰਮੀ-ਲਮਕਦੀ ਜੇਬ ਤੁੰਨੀ ਪਈ ਸੀ , ਪਤਾ ਨਹੀਂ ਕੀ ਕੁਝ ਨਾਲ । ਉਹ ਮੇਰੇ ਨਾਲ ਦੀ ਖਾਲੀ ਸੀਟ ਤੇ ਬੈਠਦਿਆਂ ਸਾਰ ਸੌਂ ਗਿਆ । ਉਸਦਾ ਭਾਰਾ ਸਿਰ ਕਦੀ ਮੇਰੇ ਮੋਢੇ ਚ ਵੱਜਦਾ, ਕਦੀ ਸਾਹਮਣੀ ਸੀਟ ਦੇ ਡੰਡੇ ਤੇ । ਮੈਨੂੰ ਉਸ ਅੰਦਰ ਅਭਿਵਿਅਕਤ ਭਾਰਤ ਦੀ ਕੋਈ ਪੁਰਾਣੀ ਸਦੀ ਦ੍ਰਿਸ਼ਟੀਮਾਨ ਹੋ ਗਈ । ਮੈਂ ਇਸ ਨੂੰ ਅਠਾਰਵੀਂ ਦਾ ਨਾਮ ਦੇ ਲਿਆ । ਬਾਕੀ ਦੋਨੋਂ ਸਦੀਆਂ ਨਾਲ ਬੱਸ ਭਰੀ ਪਈ ਸੀ – ਕੋਈ  ਆਧੁਨਿਕ ,ਕੋਈ ਅਤਿ-ਆਧੁਨਿਕ । ਮੈਨੂੰ ਲੱਗਾ ਇਸ ਪਾਤਰ ਨੂੰ ਉਘਾੜਨ ਲਈ ਆਮ ਤਰਕਪੂਰਨ ਮਨੌਤਾਂ ਦਾ ਸਹਾਰਾ ਵੀ ਲੈਣਾ ਪਵੇਗਾ ਤੇ ਮੇਰੇ ਨਾਲ ਖਹਿ ਕੇ ਬੈਠੇ ਯਥਾਰਥ ਦਾ ਵੀ । ਇਹ ਕੰਮ ਅਨਯ-ਪੁਰਖ ਰਾਹੀਂ ਨਹੀਂ ਸੀ ਹੋ ਸਕਣਾ । ................(ਲਾਲ ਸਿੰਘ ਦਸੂਹਾ)

-----------------------

ਬੜਾ ਘੁਟਿਆ ਘੁਟਿਆ ਬੈਠਾ ਹਾਂ, ਔਖਾ । ਰਾਤ ਦਾ ਸਫ਼ਰ ਹੈ , ਹੈ ਲੰਮਾ । ਵੱਡੀ ਰਾਜਧਾਨੀ ਤੋਂ ਛੋਟੀ ਰਾਜਧਾਨੀ ਤੱਕ । ਬਾਰਾਂ ਘੰਟੇ ਲੱਗਦੇ ਹਨ , ਪੂਰੇ ।

ਸੀਟਾਂ ਬੁੱਕ ਹਨ ,ਸਾਰੀਆਂ । ਮੇਰੀ ਸੀਟ ਦਾ ਨੰਬਰ ਹੈ ,ਉੱਨੀ । ਅਠਾਰਾਂ ਨੰਬਰ ਤੇ ਇੱਕ ਗੋਰਖਾ ਹੈ । ਰੇਲ ਦੇ ਸਫ਼ਰ ਕਰਕੇ ਥੱਕਿਆ ਹੈ , ਜਾਂ ਪਹਿਲੀ ਵਾਰ ਬੱਸ  ਦਾ ਸਫ਼ਰ ਕੀਤਾ ਹੈ , ਜਾਂ ਗੱਦੇਦਾਰ ਸੀਟ ਤੇ ਬੈਠਣੋ ਸੰਗਦਾ ਹੈ । ਉਹ ਬੈਠਾ ਹੋਇਆ ਨਹੀਂ ਹੈ , ਲੁੜ੍ਹਕਿਆ ਹੋਇਆ ਹੈ । ਉਹਦੇ ਤੇੜ ਇੱਕ ਮੈਲਾ ਜਿਹਾ ਸਾਫਾ ਹੈ ਤੇ ਗਲ ਛੀਂਟ ਦੀ ਸਾਫ਼ ਬੰਡੀ । ਬੰਡੀ ਤੇ ਲੱਗੀ ਵੱਡੀ ਸਾਰੀ ਜੇਬ ਅੰਦਰ ਇੱਕ-ਦੋ ਟਾਕੀਆਂ ਹਨ । ਟਾਕੀਆਂ ਲੜ ਜ਼ਰਦੇ ਦੀਆਂ ਪੁੜੀਆਂ ਹਨ । ਜੇਬ ਨੇ ਮੂੰਹ ਅੱਡਿਆ ਹੋਇਆ ਹੈ , ਗੋਰਖੇ ਦੇ ਮੂੰਹ ਦੀ ਤਰ੍ਹਾਂ । ਉਹਦੀਆਂ ਅੱਖਾਂ ਬੰਦ ਹਨ , ਜਿਵੇਂ ਸੁੱਤਾ ਹੋਵੇ। ਉਹ ਸੌਂ ਗਿਆ ਹੈ । ਖੁਲ੍ਹੇ ਮੂੰਹ ਚੋਂ ਲਾਲ੍ਹਾਂ ਡਿਗਦੀਆਂ ਹਨ ਵਧੀ ਦਾੜ੍ਹੀ ਤੇ । ਮੈਂ ਸਰਕ ਕੇ ਪਰ੍ਹਾਂ ਹੁੰਦਾ ਹਾਂ । ਲਾਲ੍ਹਾਂ ਸੀਟ ਤੇ ਡਿੱਗੀ ਜਾਂਦੀਆਂ ਹਨ । ਗੋਰਖਾ ਹੋਰ ਟੇਢਾ ਹੋਈ ਜਾਂਦਾ ਹੈ । ਮੈਂ ਘੁੱਟਣ ਮਹਿਸੂਸ ਕਰਦਾ ਹਾਂ । ਥੋੜ੍ਹਾ ਹੋਰ ਪਰ੍ਹਾਂ ਸਰਕਦਾ ਹਾਂ । ਵੀਹ ਨੰਬਰ ਸੀਟ ਜੁ ਖਾਲੀ ਹੈ ।

ਹਵਾ ਨਾਲ ਗੱਲਾਂ ਕਰਦੀ ਬੱਸ ਹਾਰਨ ਤੇ ਹਾਰਨ ਮਾਰਦੀ ਹੈ । ਵੱਡੀ ਰਾਜਧਾਨੀ ਤੋਂ ਬਾਹਰ ਆਈ ਹੈ । ਨਾਕੇ ਤੇ ਜ਼ਰਾ ਕੁ ਰੁਕੀ ਹੈ । ਸਵਾਰੀਆਂ ਚੜ੍ਹੀਆਂ ਹਨ । ਵੀਹ ਨੰਬਰ ਸੀਟ ਇੱਕ ਇਸਤਰੀ ਲਈ ਬੁੱਕ ਹੈ । ਕੁਲੀ ਉਹਨੂੰ ਸੀਟ ਤਕ ਲਿਆਉਂਦਾ ਹੈ । ਉਹਦਾ ਬਰੀਫ਼-ਕੇਸ ਮੇਰੇ ਸੱਜੇ ਹੱਥ ਰੱਖ ਕੇ ਮੁੜ ਜਾਂਦਾ ਹੈ । ਗੋਰਖੇ ਤੇ ਮੈਨੂੰ ਉਲੰਘ ਕੇ ਉਹ ਆਪਣੀ ਸੀਟ ਤੇ ਜਾ ਬੈਠਦੀ ਹੈ। ਬੱਤੀਆਂ ਬੁਝਦੀਆਂ ਹਨ । ਬੱਸ ਤੁਰਦੀ ਹੈ , ਤੁਰਦੀ ਨਹੀਂ ਦੌੜ ਪੈਂਦੀ ਹੈ , ਦੌੜਦੀ ਨਹੀਂ ਹਵਾ ਨਾਲ ਗੱਲਾਂ ਕਰਨ ਲੱਗਦੀ ਹੈ । ਗੋਰਖਾ ਸੌਂ ਚੁੱਕਾ ਹੈ। ਮੈਂ ਘੁਟਿਆ ਬੈਠਾ ਹਾਂ , ਬੜਾ ਔਖਾ ।

ਵੀਹ ਨੰਬਰ ਸੀਟ ਤੇ ਵੀਹਵੀਂ ਸਦੀ ਵਰਗੀ ਆਧੁਨਿਕਤਾ ਆ ਬੈਠੀ ਹੈ , ਬੈਠੀ ਨਹੀਂ ਪੱਸਰ ਗਈ ਹੈ । ਆਪਣੀ ਸੀਟ ਦੀ ਹੱਦ ਤੋਂ ਲਾਪ੍ਰਵਾਹ ਹੈ ।  ਗੋਡਿਆਂ ਤਕ ਲਮਕਿਆਂ ਜੰਪਰ ,ਗਲ ਚ ਪਈ ਚੁੰਨੀ ਮੇਰੀ ਸੀਟ ਤਕ ਖਿਲਰੀ ਪਈ ਹੈ । ਬਰੀਫ਼ –ਕੇਸ ਨੇ ਵੀਹ ਨੰਬਰ ਸੀਟ ਚਾਰ-ਪੰਜ ਇੰਚ ਮੱਲੀ ਹੋਈ ਹੈ ।  ਰਾਤ ਵਰਗਾ ਹਨੇਰਾ ਹੈ , ਬੱਸ ਅੰਦਰ । ਉਹਦੇ ਚਿਹਰੇ ਤੇ ਐਨਕ ਹੈ , ਐਨਕ ਨਹੀਂ ਚਸ਼ਮਾ ਹੈ । ਫੈਂਨਸ਼ੀ ਉਹਦੇ  ਗੋਰੇ ਭਰਵੇਂ ਚਿਹਰੇ ਵਰਗਾ , ਉਹਦੇ ਕੱਟੇ ਵਾਲਾਂ ਵਰਗਾ , ਉਹਦੀ ਸੁਰਾਹੀਦਾਰ ਧੌਣ ਵਰਗਾ , ਉਹਦੇ ਜੰਪਰ ਦੇ ਗਲੇ ਦੀ ਕਾਟ ਵਰਗਾ ,ਉਹਦੀਆਂ ਨੰਗੀਆਂ ਬਾਹਾਂ ਵਰਗਾ,ਬਾਹਾਂ ਨਾਲ ਜੁੜੇ ਹੱਥਾਂ , ਹੱਥਾਂ ਨਾਲ ਜੁੜੀਆਂ ਉਂਗਲਾਂ , ਉਂਗਲਾਂ ਨਾਲ ਜੁੜੇ ਲੰਮੇ ਲੰਮੇ ਪੋਟਿਆਂ ਵਰਗਾ । ਉਹਦਾ ਕਈ ਕੁਝ ਗੋਲ ਹੈ , ਵੀਹ ਨੰਬਰ ਦੇ ਸਿਫ਼ਰੇ ਵਰਗਾ ।

ਗੋਰਖਾ ਆਪਣੀ ਸੀਟ ਤੇ ਆਠਾ ਬਣ ਗਿਆ ਹੈ , ਅਠਾਰਵੀਂ ਸਦੀ ਦੇ ਕੁਬ ਵਰਗਾ। ਮੈਂ ਆਪਣੀ ਸੀਟ ਤੇ ਤੰਗ ਬੈਠਾ ਹਾਂ , ਘੁਟਿਆ ਘੁਟਿਆ । ਗੱਦਰ ਮੋਟੀਆਂ ਲੱਤਾਂ-ਬਾਹਾਂ ,ਪੈਂਟ ਤੇ ਪੂਰੀ ਬਾਂਹ ਦੀ ਬੁਸ਼-ਸ਼ਰਟ ਨਾਲ ਕੱਜੀਆਂ ਹੋਈਆਂ । ਵਧਿਆ ਢਿੱਡ, ਨਾਏਂ ਦੀ ਗੁਲਾਈ ਵਰਗਾ । ਕੱਛੂ ਵਰਗੀ ਧੌਣ ,ਭਾਰੇ ਸਿਰ ਤੇ ਤਹਿ ਲਾ ਕੇ ਬੰਨ੍ਹੀ ਮਾਂਡੀ ਵਾਲੀ ਪੱਗ ਵਿੱਚ ਲੱਗੀਆਂ ਪਿੰਨਾਂ ਦੀ ਪਾਲ ਜਿਵੇਂ ਕੋਈ ਸਨਅਤੀ ਇਸ਼ਤਿਹਾਰ ਹੋਵੇ ।ਮੋਟੇ ਸ਼ੀਸ਼ਿਆਂ ਦੀ ਨਿਗਾਹ ਦੀ ਐਨਕ ਨੇ ਨੱਕ ਤੇ ਪਾਏ ਮੋਟੇ ਰੱਟਨ ,ਪੱਧਰੀ ਸੜਕ ਚ ਪਏ ਟੋਇਆਂ ਵਰਗੇ ਵੀ ਹਨ  ਅਤੇ ਟਿੱਬੇ ਬਣੀ ਉਨੀਵੀਂ ਸਦੀ ਵਰਗੇ ਵੀ । ਬੱਸ ਪੂਰੀ ਗਤੀ ਨਾਲ ਦੌੜ ਰਹੀ ਹੈ , ਹਾਰਨ ਤੇ ਹਾਰਨ ਮਾਰਦੀ ਹੈ ,ਵਿੱਚ ਵਾਰ ਸਹਿਜੇ ਹੁੰਦੀ ਹੈ ,ਰੁਕਣ ਲੱਗਦੀ ਹੈ ,ਬੱਤੀਆਂ ਜਗਦੀਆਂ ਹਨ , ਫਿਰ ਦੌੜਨ ਲੱਗਦੀ ਹੈ, ਤੇਜ਼ । ਬੱਤੀਆਂ ਫਿਰ ਬੁਝਦੀਆਂ ਹਨ । ਸਫ਼ਰ ਲੰਮਾ ਹੈ । ਗੋਰਖਾ ਸੁੱਤਾ ਹੈ । ਮੈਂ ਉਂਘਲਾਉਂਦਾ ਹਾਂ । ਵੀਹ ਨੰਬਰ ਵਾਲੀ ਜਾਗਦੀ ਹੈ ,ਚੇਤਨ ਹੈ , ਸਾਵਧਾਨ । ਮੈਨੂੰ ਨੀਂਦ ਦਾ ਝਾਉਂਕਾ ਆਉਂਦਾ ਹੈ । ਟੇਢਾ ਹੋ ਕੇ ਵੀਹ ਵਿੱਚ ਵਜਦਾ ਹੈ । ਜਾਗ ਖੁੱਲ੍ਹਦੀ ਹੈ, ਫਿਰ ਨੀਂਦ । ਵੀਹ ਨੰਬਰ ਨੇ ਮੇਰੀ ਧੌਣ ਨੂੰ ਮੋਢਾ ਦਿੱਤਾ ਹੈ । ਮੈਂ ਸੁੱਤਾ ਹੋਇਆ ਹਾਂ । ਉਹ ਮੋਢਾ ਫੜ ਕੇ ਜਗਾਉਂਦੀ ਹੈ । ਬੱਸ ਕਿਸੇ ਅੱਡੇ ਤੇ ਰੁਕੀ ਹੈ  ।ਉਹ ਅੰਗਰੇਜ਼ੀ ਵਿੱਚ ਮੈਨੂੰ ਕਾਫੀ ਪੀਣ ਲਈ ਪੁੱਛਦੀ ਹੈ । ਨਹੀਂ ਧੰਨਵਾਦ ਮੈਂ ਆਖਦਾ ਹਾਂ । ਮੈਂ ਸ਼ਰਮਿੰਦਾ ਹਾਂ । ਬੱਸ ਅੱਧੀ ਤੋਂ ਵੱਧ ਖਾਲੀ ਹੈ ।ਗੋਰਖਾ ਅਹਿਲ ਸੁੱਤਾ ਪਿਆ ਹੈ। ਬੱਤੀਆਂ ਜਗਦੀਆਂ ਹਨ ।

ਮੈਂ ਬੱਸ ਚੋਂ ਉਤਰਦਾ ਹਾਂ । ਕੁਆਲਟੀ ਆਈਸ ਕ੍ਰੀਮ ਦੀਆਂ ਦੋ ਡੱਬੀਆਂ ਲਿਆਇਆ ਹਾਂ। ਇਕ ਵੀਹ ਨੰਬਰ ਵਲ ਵਧਾਈ ਹੈ । ਉਸ ਨੇ ਬਿਨਾਂ ਝਿਜਕ ਸਵੀਕਾਰ ਕੀਤੀ ਹੈ  । ਚਸ਼ਮਾ ਉਤਾਰੇ ਬਿਨਾਂ ਖਾਧੀ ਹੈ । ਮੈਂ ਕੁਝ ਗੱਲ ਕਰਨੀ ਲੋਚੀ ਹੈ , ਉਸ ਨੇ ਵੀ । ਸਿਲਸਲਾ ਚਾਲੂ ਹੈ ।ਕਿੱਥੇ ਜਾਣ ਹੈ ? ਕਿਹੜਾ ਸ਼ਹਿਰ ਹੈ ? ਕੀ ਕਰਦੇ ਹੋ ?- ਤੋਂ ਪਤਾ ਲਗਦਾ ਹੈ ਕਿ ਮੈਂ ਯਨੀਵਰਸਿਟੀ ਲੈਕਚਰਾਰ ਹਾਂ ,ਦੋ ਬੱਚੇ ਹਨ ਮੇਰੇ । ਉਹ ਇੱਕ ਮਿੱਲ-ਮਾਲਕ ਦੀ ਧੀ ਹੈ । ਤਲਾਕ ਹੋ ਚੁੱਕਾ ਹੈ । ਕਸ਼ਮੀਰ ਜਾ ਰਹੀ ਹੈ ,ਗਰਮੀਆਂ ਕੱਟਣ । ਮੈਂ......... ਉਹ, ਕਈ ਕੁਝ ਦੱਸ ਬੈਠੇ ਹਾਂ ਇੱਕ ਦੂਜੇ ਨੂੰ ।

ਗੋਰਖਾ ਇਕ ਵਾਰ ਸਿੱਧਾ ਹੋਇਆ ਹੈ ,ਫਿਰ ਲੁੜ੍ਹਕ ਗਿਆ ਹੈ , ਅਠਾਰਾਂ ਜਮਾਂ ਇਕ ਚੌਥਾਈ ਉੱਨੀ ਨੰਬਰ ਸੀਟ ਤੇ ।ਮੈਂ ਤੇ ਵੀਹ ਨੰਬਰ ਅਤੇ ਬਰੀਫ਼-ਕੇਸ ਤਿੰਨ ਚੌਥਾਈ ਉੱਨੀ ਅਤੇ ਵੀਹ ਨੰਬਰ ਸੀਟ ਤੇ ਨਾਲ ਨਾਲ ਜੁੜੇ ਬੈਠੇ ਹਾਂ ।

ਬੱਸ ਫਿਰ ਦੌੜਨ ਲੱਗਦੀ ਹੈ , ਹਾਰਨ ਤੇ ਹਾਰਨ । ਮੈਂਨੂੰ ਊਂਘ ਆਈ ਹੈ । ਬੱਤੀਆਂ ਜਗੀਆਂ ਹਨ ਕਿ ਬੁਝੀਆਂ , ਬੱਸ ਰੁੱਕੀ ਹੈ ਕਿ ਨਹੀਂ, ਮੈਨੂੰ ਪਤਾ ਨਹੀਂ ਹੈ , ਗੂੜ੍ਹੀ ਨੀਂਦ ਸੌਂ ਗਿਆ ਹਾਂ ..... ਮੈਨੂੰ ਜਾਗ ਹੈ । ਮੈਂ ਅਤੀਤ ਵਿੱਚ ਹਾਂ , ਇਕਦਮ ਮੁੱਢਲੇ ਅਤੀਤ ਵਿੱਚ .........ਮੇਰੇ ਸਰੀਰ ਤੇ ਜੱਤ ਹੈ ,ਲੰਮੀ ਲੰਮੀ । ਮੇਰੀ ਪੂਛ ਵੀ ਹੈ ,ਮੂੰਹ ਸਿਰ ਤੇ ਵਾਲ ਹਨ,ਮੇਰੇ ਹੱਥਾਂ ਵਿੱਚ ਪੱਥਰ ਹਨ,ਮੈਂ ਸ਼ਿਕਾਰ ਕਰਦਾ ਹਾਂ , ਮੇਰੀਆਂ  ਬਰਾਛਾਂ ਲਹੂ ਨਾਲ ਲੱਥ ਪੱਥ ਹਨ, ਮੈਂ .....।

ਦੌੜਦੀ ਬੱਸ ਇਕਦਮ ਰੁੱਕਦੀ ਹੈ , ਫਿਰ ਦੌੜ ਪਈ ਹੈ ।ਮੇਰਾ ਅਤੀਤ ਟੁੱਟ ਕੇ ਫਿਰ ਜੁੜਦਾ ਹੈ ....ਮੇਰੀ ਜੱਤ ਉਖੜ ਚੁੱਕੀ ਹੈ । ਪੂਛ ਗਾਇਬ ਹੈ । ਮੈਂ ਪੱਤਿਆਂ ਵਿੱਚ ਲਿਪਟਿਆ ਹਾਂ । ਆਪਣੇ ਨੰਗੇਜ਼ ਤੋਂ ਸੰਗਦਾ ਹਾਂ , ਇਸ ਨੂੰ ਢੱਕਦਾ ਹਾਂ।ਪੱਤੇ ਸਾਫਾ ਬਣ ਗਏ ਹਨ ਤੇ ਪਿੰਡਾ ਬੰਡੀ । ਮੋਟੇ ਬੁਲ੍ਹ , ਫੀਨਾ ਨੱਕ ,ਡੂੰਘੀਆਂ ਅੱਖਾਂ ਵਾਲਾ ਮੈਂ ਅਠਾਰਾਂ ਨੰਬਰ ਸੀਟ ਤੇ ਹਾਂ...ਸੁੱਤਾ ਹੋਇਆ ,ਬੇਸੁਧ । .....ਝਟਕੇ ਲੱਗਣ ਨਾਲ ਵਿੱਚ ਵਾਰ ਜਾਗਦਾ ਹਾਂ .......ਸਾਫਾ – ਧੋਤੀ , ਪਜਾਮਾ , ਪੈਂਟ ਬਣਦਾ ਗਿਆ ਹੈ , ਤੇ ਬੰਡੀ-ਕੁੜਤਾ , ਕਮੀਜ਼ , ਬੁਸ਼ –ਸ਼ਰਟ ਤੇ ਸਲੀਵਲੈੱਸ ਜੰਪਰ ਬਣ ਗਿਆ ਹੈ । ਅਠਾਰਾਂ ਨੰਬਰ ਸੀਟ ਉੱਨੀ ਬਣ ਗਈ ਹੈ ਅਤੇ ਉੱਨੀ ਨੰਬਰ ਵੀਹ ਬਣ ਗਈ ਹੈ ਅਤੇ ਵੀਹ ....।

ਬਾਹਰ ਘੁੱਪ ਹਨੇਰਾ ਹੈ ,ਰਾਤ ਵਰਗਾ ।  ਹਾਰਨ ਵੱਜਦਾ ਹੈ। ਬੱਤੀ ਜਗਦੀ ਹੈ । ਬਰੇਕ ਲੱਗਦੀ ਹੈ , ਫਿਰ ਗਤੀ । ਮੈਨੂੰ ਝਟਕਾ ਲੱਗਦਾ ਹੈ , ਜਾਗ ਆਉਂਦੀ ਹੈ ,ਫਿਰ ਅਤੀਤ , ਅਤੀਤ ਨਹੀਂ ਵਰਤਮਾਨ ।

ਮੇਰੀ ਹਿੱਕ ਤੇ ਜੱਤ ਉੱਗ ਆਈ ਹੈ। ਨੌਨਦਰਾਂ ਵਧ ਆਈਆਂ ਹਨ । ਸਿਰ ਤੇ ਸਿੰਗ ਉੱਗ ਪਏ ਹਨ । ਮੈਂ ਘੁਰਕਦਾ ਹਾਂ ,ਚਿੰਗਾੜਦਾ ਹਾਂ । ਅੱਖਾਂ ਚ ਲਾਲ-ਲਾਲ ਡੋਰੇ ਉੱਭਰੇ ਹਨ, ਨਸਾਂ ਚੋਂ ਅੱਗ ਨਿਕਲਦੀ ਹੈ । ਆਦਮ ਬੋ, ਆਦਮ ਬੋ ਕਰਦਾ ਹਾਂ । ਮੋਢਿਆਂ ਤੇ ਸਲੀਬ ਚੁਕੀ ਫਿਰਦਾ ਹਾਂ । ਯੋਗ ਥਾਂ ਦੀ ਭਾਲ ਹੈ । ਕਦੀ ਕਦੀ ਸਿੰਗ , ਨੌਂਹ, ਜੱਤ ਲੁਕੋ ਵੀ ਲੈਂਦਾ ਹਾਂ । ਹਵਾ ਵਿੱਚ ਉੜ ਲੈਂਦਾ ਹਾਂ । ਗਤੀ ਤੇਜ਼ ਹੈ , ਪਰ ਚਾਲ ਮੁਲਾਇਮ ਹੈ। ਪੁਲਾੜ ਚ ਰੁਕਿਆ ਹਾਂ । ਸ਼ਿਸ਼ਤ ਲਾਈ ਬੈਠਾ ਹਾਂ । ਨਰਮ ਪੋਟਿਆਂ ਚ ਕੋਈ ਸ਼ਖਤ ਸ਼ੈਅ ਫੜੀ  ਹੋਈ ਹੈ .....ਧਮਾਕਾ । ਤ੍ਰਬਕ ਕੇ ਉਠਦਾਂ ਹਾਂ .....ਬੱਸ ਦਾ ਟਾਇਰ ਫਟਿਆ ਹੋਇਆ ਹੈ । ਬੱਸ ਕੱਚੇ ਤੇ ਖੜੀ ਹੈ । ਬੱਤੀਆਂ ਜਗਦੀਆਂ ਹਨ । ਕਾਲਖ਼ ਵਰਗਾ ਹਨੇਰਾ ਨਹੀਂ ਹੈ । ਸਭ ਦੀ ਨੀਂਦ ਉਖੜ ਗਈ ਹੈ । ਥੋੜ੍ਹੀ ਘੁਸਰ-ਮੁਸਰ ਹੋਈ । ਉਠਿਆ ਕੋਈ ਨਹੀਂ ,ਕੇਵਲ ਅਠਾਰਾਂ ਨੰਬਰ ਸੀਟ ਜਾਗਦਾ ਹੈ , ਪੂਰਾ ਚੇਤਨ ਹੈ । ਚੁੱਚੀਆਂ ਅੱਖਾਂ ਘੁਮਾ ਕੇ ਦੇਖਦਾ ਹੈ , ਕਿ ਉੱਨੀ ਤੇ ਵੀਹ ਨੰਬਰ ਜੁੜੇ ਬੈਠੇ ਹਨ । ਅੱਖਾਂ ਤੇ ਐਨਕਾਂ ਹਨ ਦੋਨਾਂ ਦੇ । ਇਕ ਦੀਆਂ ਚਿੱਟੀਆਂ ,ਦੂਜੀ ਦੀਆਂ ਕਾਲੀਆਂ । ਅੱਗੇ ਬੱਸ ਦੀ ਬਾਡੀ ,ਤਾਕੀ ,ਸ਼ੀਸ਼ਾ । ਪਰ ਅਠਾਰਾਂ ਨੰਬਰ ਬਾਹਰ ਨਹੀਂ ਦੇਖਦਾ ,ਸ਼ੀਸ਼ੇ ਤੋਂ ਪਰ੍ਹਾਂ ਨਹੀਂ ਦੇਖਦਾ ਜਿੱਦਾਂ ਉੱਨੀ ਨੰਬਰ ਦੇਖਦਾ ਹੈ ਜਿਵੇਂ ਵੀਹ ਨੰਬਰ ਦੇਖਦੀ ਹੈ ।

ਕਿੱਥੇ ਖੜੇ ਹਾਂ ,ਕਿੰਨੇ ਸ਼ਹਿਰ ਲੰਘ ਆਏ ਹਾਂ, ਕਿੰਨੇ ਬਾਕੀ ਹਨ ,ਕੇਵਲ ਮੈਨੂੰ ਪਤਾ ਹੈ । ਕਿਉਂਕਿ ਭੂਗੋਲ ਜਾਣਦਾ ਹਾਂ ,ਇਤਿਹਾਸ ਤੋਂ ਵਾਕਫ਼ ਹਾਂ । ਅਠਾਰਾਂ ਨੰਬਰ ਨੂੰ ਇਸ ਨਾਲ ਸਰੋਕਾਰ ਹੀ ਨਹੀਂ । ਵੀਹ ਨੰਬਰ ਜਾਨਣਾ ਨਹੀਂ ਚਾਹੁੰਦੀ । ਉਸ ਨੂੰ ਲੋੜ ਹੀ ਨਹੀਂ ,ਜਿਥੇ ਰਾਤ ਪਈ ਜਾਗ ਲਿਆ , ਜਿੱਥੇ ਦਿਨ ਚੜ੍ਹਿਆ ਸੌਂ ਗਏ ।

ਬੱਸ ਦਾ ਪਹੀਆ ਬਦਲਿਆ ਗਿਆ ਹੈ । ਫਿਰ ਦੌੜ ਪਈ ਹੈ । ਹਵਾ ਨਾਲ ਗੱਲਾਂ ਨਹੀਂ ਕਰਦੀ ,ਬਸ ਦੌੜ ਹੀ ਰਹੀ ਹੈ , ਚੜ੍ਹਦੇ ਵਲ ,ਹਨੇਰਾ ਚੀਰਦੀ ਲੋਅ ਵਲ । ਦਿਨ ਦਾ ਚੜ੍ਹਾਅ ਹੈ ਨਾ ! ਹਨੇਰਾ ਪਤਲਾ ਪੈ ਗਿਆ ਹੈ । ਖੇਤ ਜਾਗੇ ਹਨ ।ਬ੍ਰਿਛਾਂ ਨੇ ਉਬਾਸੀਂਆਂ ਲਈਆਂ ਹਨ । ਪੰਛੀ ਗੁਣ-ਗੁਣਾਏ ਹਨ । ਬਸ ਹਾਰਨ ਮਾਰਦੀ ਹੈ ਪਰ ਘੱਟ । ਦੌੜੀ ਜਾ ਰਹੀ ਹੈ । ਇਸ ਦਾ ਕੰਮ ਦੌੜਨਾ ਜੁ ਹੈ , ਭਾਰ ਚੁਕ ਕੇ ਸਮੇਂ ਦਾ , ਮਨੁੱਖ ਦਾ , ਅਠਾਰਾਂ ਦਾ , ਉੱਨੀ ਦਾ ,ਵੀਹ ਦਾ ।

ਦਿਨ ਚੜ੍ਹਦਾ ਜਾਂਦਾ ਹੈ । ਲੋਅ ਵੱਧਦੀ ਜਾਂਦੀ ਹੈ ਤੇ ਵੀਹ ਉਂਘਲਾਉਣ ਲੱਗੀ ਹੈ । ਉਸ ਨੇ ਆਪਣਾ ਬਰੀਫ਼-ਕੇਸ ਸੱਜੇ ਪਾਸਿਓਂ ਚੁੱਕ ਖੱਬੇ ਪਾਸੇ ਰੱਖ ਦਿੱਤਾ ਹੈ ।ਆਪ ਸ਼ੀਸ਼ੇ ਨਾਲ ਢੋਅ ਲਾ ਲਈ ਹੈ । ਬਰੀਫ਼-ਕੇਸ ਦੀ ਨੁੱਕਰ ਮੇਰੀ ਵੱਖੀ ਵਿੱਚ ਖੁੱਭੀ ਹੈ । ਗੋਡਿਆਂ ਤੇ ਧਰਿਆ ਏਅਰ ਬੈਗ ,ਉਹਦੇ ਬਰੀਫ਼-ਕੇਸ ਨਾਲ ਟਕਰਾ ਕੇ, ਮੈਂ ਅਠਾਰਾਂ ਵਲ ਸਕਰ ਜਾਂਦਾ ਹੈ ।

ਦਿਨ ਚੜ੍ਹ ਚੁੱਕਾ ਹੈ , ਵੀਹ ਸੌਂ ਚੁੱਕੀ ਹੈ । ਅਠਾਰਾਂ ਜਾਗ ਚੁੱਕਾ ਹੈ । ਆਪਦੀ ਸੀਟ ਦਾ ਚੌਥਾ ਹਿੱਸਾ ਮੇਰੇ ਲਈ ਛੱਡ ਦਿੱਤਾ ਹੈ । ਮੈਂ ਵੀਹ ਵਲੋਂ ਹੱਟ ਕੇ ਅਠਾਰਾਂ ਨਾਲ ਜੁੜ ਗਿਆ ਹਾਂ । ਉਹਦੇ ਹੱਥ ਸਡੌਲ ਹਨ, ਵੀਹ ਦੇ ਨਿੱਸਲ । ਉਹਦਾ ਚਿਹਰਾ ਚੁਸਤ ਹੈ , ਵੀਹ ਦਾ ਮੁਰਝਾਇਆ ਹੋਇਆ ।ਦਿਨ ਦੇ ਚਾਨਣ ਵਿੱਚ ਦਿਸਿਆ ਹੈ ਕਿ ਉਹ ਕਿਰਤੀ ਹੈ, ਵੀਹ ਬੁਰਜ਼੍ਰਆ । ਮੈਂ ਉੱਨੀ .... ਮੱਧ ਵਰਗ , ਬੁੱਧੀਜੀਵ ,ਇਤਿਹਾਸ ਦਾ ਪ੍ਰੋਫੈਸਰ ,ਰਾਤ ਨੂੰ ਵੀਹ ਨਾਲ, ਦਿਨ ਵੇਲੇ ਅਠਾਰਾਂ ਵਲ ।ਅਧਿਐਨ ਜੁ ਕਰਨਾ ਹੈ !!

ਸੂਰਜ ਚੜ੍ਹ ਚੁੱਕਾ ਹੈ । ਬੱਸ ਰੁਕ ਰੁਕ ਕੇ ਦੌੜਦੀ ਹੈ । ਕਿਸੇ ਨੂੰ ਉਤਾਰਦੀ ਹੈ , ਕਿਸੇ ਨੂੰ ਚੜ੍ਹਾ ਰਹੀ ਹੈ ।ਰਾਜਧਾਨੀ ਆ ਚੁੱਕੀ ਹੈ ।ਬੱਸ ਅੱਡੇ ਵਲ ਵਧ ਰਹੀ ਹੈ । ਅਠਾਰਾਂ ਨੇ ਅਗਲੀਆਂ ਪਿਛਲੀਆਂ ਸੀਟਾਂ ਨੂੰ ਦੇਖਿਆ ਹੈ , ਹੋਰ ਵੀ ਕਈ ਅਠਾਰਾਂ ਹਨ । ਮੈਂ ਵੀ ਅੱਗੇ ਪਿੱਛੇ ਦੇਖਿਆ ਹੈ ,ਉੱਨੀ ਘੱਟ ਹਨ । ਵੀਹ  ਬਹੁਤੇ ਹੀ ਘੱਟ,ਸੁੱਤੇ ਹੋਏ ਹਨ । ਉੱਨੀ ਜਾਗਦੇ ਹਨ,ਅਠਾਰਾਂ ਬਿਲਕੁਲ ਸਾਵਧਾਨ ।

ਬੱਸ ਅੱਡੇ ਅੰਦਰ ਆਈ ਹੈ ।ਖੜੀ ਹੋਈ ਹੈ । ਅਠਾਰਾਂ ਨੇ ਛਾਲਾਂ ਮਾਰੀਆਂ ਹਨ  । ਵੀਹਾਂ ਨੂੰ ਟੈਕਸੀਆਂ ਵਾਲੇ ਜਗਾ ਜਗਾ ਕੇ ਬੰਗਲਿਆਂ ਹੋਟਲਾਂ ਦੇ ਨਾਂ ਪੁੱਛਦੇ ਹਨ । ਉੱਨੀ ਏਅਰ ਬੈਗ ਚੁੱਕੀ ਹੌਲੀ ਹੌਲੀ ਸਰਕਦੇ ਹਨ । ਫੁਟ-ਪਾਥ ਤੇ ਆਏ ਹਨ । ਲੋਕਲ ਬਸ ਉਡੀਕਦੇ ਹਨ। ਅਠਾਰਾਂ ਵਾਂਗ ਪੈਦਲ ਨਹੀਂ ਤੁਰ ਸਕਦੇ । ਵੀਹਾਂ ਵਾਂਗ ਟੈਕਸੀਆਂ ਨਹੀਂ ਕਰ ਸਕਦੇ – ਵਿਚਾਰੇ ਉੱਨੀ ।

ਸੜਕ ਜਿਸ ਤੇ ਲੋਕਲ ਬਸ ਆਉਣੀ ਹੈ ,ਕਾਰਾਂ ਨੇ ਨੱਪ ਲਈ ਹੈ । ਫੁਟ ਪਾਥ ਜਿਸ ਤੇ ਕੀਊ ਬਣੀ ਹੈ , ਨੰਗੇ ਪੈਰਾਂ ਨੇ ਸਾਂਭ ਲਈ ਹੈ । ਪੈਰ ਤੁਰਦੇ ਹਨ । ਕਾਰਾਂ ਦੌੜਦੀਆਂ ਹਨ ਕੀਊ ਖੜੀ ਹੈ , ਲੋਕਲ ਬਸ ਦੀ ਉਡੀਕ ਹੈ । ਧੁੱਪ ਤੇਜ਼ ਹੋਈ ਹੈ । ਗਰਮੀ ਵਧੀ ਹੈ । ਛਤਰੀ ਦੀ ਲੋਚਾ ਹੈ । ਚਾਹ ਦੀ ਭਾਲ ਹੈ । ਲੋਕਲ ਬਸ ਦੀ ਉਡੀਕ ਹੈ । ਸਮੇਂ ਦੀ ਬੰਦਸ਼ ਹੈ ।ਅਧਿਐਨ ? ..... ਅਧਿਐਨ ਵੀ ਚਾਲੂ ਹੈ । ਬਣਮਾਨਸ ਤੋਂ ਮਨੁੱਖ ਦਾ , ਪੱਥਰ ਯੁਗ ਤੋਂ ਐਟਮੀ ਯੁਗ ਦਾ ,ਮੁੱਢਲੇ ਸਾਮਵਾਦ ਤੋਂ ਸਮਾਜਵਾਦ ਦਾ , ਪਤਾਲ ਤੋਂ ਪੁਲਾੜ ਦਾ .......ਔਹ ! ਲੋਕਲ ਬਸ ਆਈ ਹੈ .....ਉਹ ਰੁਕੀ ਨਹੀਂ ....ਨਹੀਂ ਰੁਕੀ ਹੈ ਪਰ ਬਹੁਤ ਅੱਗੇ ਜਾ ਕੇ  , ਬਿੰਦ ਕੁ ਲਈ । ਫਿਰ ਦੌੜ ਪਈ ਹੈ । ਅਗਲੀ ? ਬਹੁਤ ਲੇਟ ! ਯੂਨੀਵਰਸਿਟੀ ਜਾਣਾ ਹੈ । ਸਮੇਂ ਦੀ ਬੰਦਸ਼ ਹੈ ।

ਏਅਰ ਬੈਗ ਮੋਢੇ ਨਾਲ ਲਟਕਦਾ ਹੈ । ਖੜੀ ਕੀਊ ,ਫੁਟ ਪਾਥ ਤੇ ਤੁਰੀ ਹੈ । ਢੱਕੇ ਪੈਰ ਨੰਗੇ ਪੈਰਾਂ ਨਾਲ ਰਲਦੇ ਹਨ । ਚਾਹ , ਛੱਤਰੀ ਦੀ ਹੁਣ ਲੋਚਾ ਨਹੀਂ ਹੈ ਅਤੇ ਅਧਿਐਨ .......ਉਹ ਵੀ ਚਾਲੂ ਹੈ , ਅਤੀਤ ਦਾ ਨਹੀਂ , ਭੂਤ ਦਾ ਨਹੀਂ ,ਵਰਤਮਾਨ ਦਾ , ,ਅਠਾਰਾਂ ਦਾ ,ਉੱਨੀ ਦਾ ,ਵੀਹ ਦਾ ,ਅਤੇ ਆਲੇ –ਦੁਆਲੇ ਪੱਸਰੇ ਦੁੱਧ-ਚਿੱਟੇ ਚਾਨਣ ਦਾ ਅਧਿਐਨ ।

----------------------------

ਹਾਸ਼ੀਏ (ਕਹਾਣੀ)

ਲਾਲ ਸਿੰਘ ਦਸੂਹਾ

ਬੱਸ, ਉਸ ਦਿਨ ਤੋਂ ......

ਹਰ ਰੋਜ਼ ਸਵੇਰੇ , ਉਹ ਉੱਖੜੀਆਂ ਫੱਟੀਆਂ ਠੋਕ ਕੇ , ਸੁੱਕੇ ਚੀਕਦੇ ਧੁਰਿਆਂ ਨੂੰ ਮੋਟੇ ਤੇਲ ਦੇ ਤੂੰਬੇ ਨਾਲ ਰਵਾਂ ਕਰ ਕੇ , ਘਸਮੈਲੇ ਜਿਹੇ ਪਰਨੇ ਲੜ ਬੰਨ੍ਹੀਆਂ ਦੋ-ਚਾਰ ਸੁੱਕ-ਬਰੂਰੀਆਂ ਮੰਨੀਆਂ ਹੱਥ-ਰੇੜੀ ਦੀ ਹੱਥੀ ਨਾਲ ਬੰਨ ਕੇ, ਕਹਿੰਦਾ ਹੈ –ਚੱਲ ਪੁੱਤ ਚੱਲੀਏ “ ,ਜਿੱਦਾਂ ਪੁੱਤਰਾਂ ਨੂੰ ਆਖੀਦਾ ਐ ।

ਹਰ ਰੋਜ਼ ਰਾਤ ਨੂੰ ਖੌ-ਪੀਏ ਘਰ ਪਹੁੰਚ ਕੇ ,ਬਾਹਰਲੇ ਬੂਹੇ ਕੋਲੋਂ ਲੰਘਦੀ ਨਾਲੀ ਵਿੱਚ ਹੱਥ-ਰੇੜ੍ਹੀ  ਦਾ ਇੱਕ ਪਹੀਆ ਡੇਗ ਕੇ , ਹੱਥੀ ਨਾਲੋਂ ਮੈਲੇ ਜਿਹੇ ਪਰਨੇ ਲੜ ਬੰਨ੍ਹੀ ਥੋੜ੍ਹੀ ਜਿਹੀ ਚਾਹ-ਪੱਤੀ ,ਪੇਸੀ-ਦੋ ਪੇਸੀਆਂ ਗੁੜ ਜਾਂ ਸੇਰ-ਅੱਧਾ ਸੇਰ ਆਟੇ ਦੀ ਪੋਟਲੀ ਖੋਲ੍ਹ ਕੇ , ਥਿਆਈਆਂ ਪਾਟੇ ਕਰੜੇ-ਬਰੜੇ ਹੱਥਾਂ ਨਾਲ ਫੱਟੀਆਂ ਤੋਂ ਕੱਖ-ਪੱਤ ਝਾੜ ਕੇ , ਕਹਿੰਦਾ ਹੈ – ਘੜੀ ਪਲ ਰਮਾਨ ਕਰ ਲੈ ਪੁੱਤ ਤੂੰ ਬੀ , ਜਿਵੇਂ ਧੀਆਂ ਨੂੰ ਆਖੀਦਾ ਐ ।

ਨਵੇਂ ਸਿਰਿਓਂ ਉਸਰਦੇ ਮੁਸਲਮਾਨੀ ਕਸਬੇ ਵਿੱਚ ਉਸ ਨੇ ਈ ਸਭ ਤੋਂ ਪਹਿਲਾਂ ਹੱਥ-ਰੇੜ੍ਹੀ ਖ਼ਰੀਦੀ ਸੀ । ਓਦੋਂ ਉਸ ਨੂੰ ਉਹ ਅੰਨ-ਦਾਤੀ ਦੇਵੀ ਮਾਂ ਕਹਿ ਕੇ ਸਤਿਕਾਰਦਾ ਸੀ । ਫਿਰ ਦੂਰੀ ਰੇੜ੍ਹੀ ਨੂੰ ਰਾਣੋ ਕਹਿ ਕੇ ਬੁਲਾਉਂਦਾ ਰਿਹਾ । ਜਿਵੇਂ ਆਗਿਆਕਾਰ ਪਤਨੀ ਨੂੰ ਵਾਜ ਮਾਰਦਾ ਹੋਵੇ । ਬਾਵਾ ਰਾਮ ਦੀ ਹੁਣ ਇਹ ਤੀਜੀ ਰੇੜ੍ਹੀ ਹੈ , ਜਿਸ ਨੂੰ ਦਿਨ ਵਿੱਚ ਕਈ ਵਾਰੀ ਪੁੱਤ-ਬੱਚਾ ਕਹਿ ਕੇ ਪੁਛਦਾ ਰਹਿੰਦਾ ਐ – ਥੱਕ ਤਾਂ ਨ੍ਹੀ ਗਿਆ ਮੇਰਾ ਚੰਦ , ਛਾਮੇਂ ਆ ਜਾ , ਧੁਪੇ ਨਾ ਖਲੋ , ਲੈ ਘੁਟ ਪਾਣੀ ਦਾ ਪੀ , ਲੈ ਤੇਹ ਲੱਗੀ ਹੋਣੀ ਆ , ਮੇਰੇ ਹੀਰੇ ਨੂੰ ....।

ਵੀਹ ਵਰ੍ਹੇ ਪਹਿਲਾਂ ਹੋਏ ਉਸ ਦੇ ਪਹਿਲੇ ਵਿਆਹ ਦੀ ਪਤਨੀ ਨੇ ਦਸ ਸਾਲ ਕੋਈ ਉਲਾਦ ਨਾ ਜੰਮੀ । ਉਸ ਨੇ ਦੂਰ ਦੂਰ ਤਕ ਕੋਈ ਸਾਧ-ਸੰਤ,ਪੀਰ-ਫਕੀਰ ,ਚੋਲਾ-ਡੇਰਾ ਨਾ ਛੱਡਿਆ । ਰੇੜ੍ਹੀ ਵੇਚ ਕੇ ਵੀ ਆਂਢ-ਗੁਆਂਢ, ਸਾਕ-ਸੰਬੰਧੀਆਂ ਦੀ ਦੱਸੀ ਕੋਈ ਸੁਖਣਾ ਨਾ ਰਹਿਣ ਦਿੱਤੀ । ਪਰ ਉਸ ਦੇ ਘਰ ਹੋਰ ਜੀਅ ਆਉਣ  ਦੀ ਥਾਂ , ਪਹਿਲਾ ਵੀ ਜਾਂਦਾ ਰਿਹਾ  । ਘਾਟੀ ਵਾਲੇ ਚੇਲਿਆਂ ਦੇ ਸੰਗਲਾਂ ਦੀ ਮਾਰ ਖਾਂਦੀ ਪ੍ਰਸਿੰਨੀ ਡੇਰੇ ਅੰਦਰ ਈ ਦਮ ਤੋੜ ਗਈ । ਕਈ ਦਿਨ ਉਹਦੇ ਸਿਵੇ ਤੇ ਬੈਠਾ ਬਾਵਾ ਰਾਮ , ਰੋਂਦਾ ਰੋਂਣਾ ਆਪਣੀ ਅੱਧੀ ਜੁਆਨੀ ਮਸਾਣਾਂ ਵਿਚਲੇ ਮਲ੍ਹਿਆਂ ਅੰਦਰ ਹੀ ਗੁਆ ਆਇਆ ।

ਉਸ ਦੇ ਇਸ ਘੁੰਮਣ-ਘੇਰੀ ਵਿੱਚ ਗੁਆਚਿਆਂ , ਉਸ ਦੇ ਸਾਰੇ ਸਾਥੀ ਉਸ ਤੋਂ ਕਿੰਨੀ ਦੂਰ ਅੱਗੇ ਲੰਘ ਗਏ । ਸ਼ਾਮੇ,ਨੰਤੇ ,ਕੌਡੇ ,ਮੌਖੇ ਨੇ ਤਾਂ ਆਪਣੇ ਦਸਾਂ-ਦਸਾਂ , ਬਾਰਾਂ-ਬਾਰਾਂ ਸਾਲਾਂ ਦੇ ਮੁੰਡਿਆਂ ਨੂੰ ਵੀ ਨਾਲ ਜੋੜ ਲਿਆ ਸੀ । ਪਰ ਬਾਵਾ ਰਾਮ ਪੁਰਾਣੀ ਖ਼ਰੀਦੀ ਰੇੜ੍ਹੀ ਆਸਰੇ ਚੱਕਰ ਕੱਟਦਾ , ਮਾੜਾ-ਪਤਲਾ ਡੰਗ ਟਪਾਉਂਦਾ ਗਿਆ ।

ਹਰ ਰੋਜ਼ ਤਰਕਾਲਾਂ ਨੂੰ , ਦਿਨੇ ਢੋਈਆਂ ਗੰਢਾਂ ਦੀਆਂ ਦੁਆਨੀਆਂ-ਚੁਆਨੀਆਂ ਦੀ ਭਾਨ ਦੇ ਮੁੱਲ ਜਿੰਨੀ ਚਾਹ-ਪੱਤੀ ,ਪੇਸੀ –ਦੋ ਪੇਸੀਆਂ ਗੁੜ ਜਾਂ ਸੇਰ-ਅੱਧਾ ਸੇਰ ਆਟੇ ਦੀ ਪੋਟਲੀ ਹੱਥੀ ਨਾਲ ਲਟਕਾਈ ਉਹ ਸੱਤ-ਉਣੀਂਦਾ ਘਰ ਨੂੰ ਪਰਤ ਪੈਂਦਾ । ਲਿਤਾੜਿਆਂ ਵਾਂਗ ਅੱਗੇ ਅੱਗੇ ਤੁਰੀ ਉਹਦੀ ਹੱਥ-ਰੇੜ੍ਹੀ ਘਰ ਦੀ ਸਦਰਲ ਕੋਲ ਆ ਕੇ ਰਾਤ ਦੇ ਆਰਾਮ ਲਈ ਲੁੜਕ ਜਾਂਦੀ ਅਤੇ ਬਾਵਾ ਰਾਮ ਸਹਿਜੇ ਸਹਿਜੇ ਪੈਰ ਧਰਦਾ ਵਿਹੜੇ ਦੀ ਉਜਾੜ ਅੰਦਰ ਜਾ ਵੜਦਾ ।

ਦੀਵਾ-ਬੱਤੀ ਬਾਲ੍ਹ,ਬਰਾਦਰੀ  ਦੇ ਖੂਹੋਂ ਪਾਣੀ ਲਿਆ ਕੇ ,ਉਹ ਲੇਈ ਲੱਥੇ ਚੁਲ੍ਹੇ ਤੇ ਦੋ-ਚਾਰ ਮੰਨੀਆਂ ਸੇਕ ਲੈਂਦਾ । ਕਦੀ ਦਾਲ-ਭਾਜੀ ,ਕਦੀ ਗੰਢੇ-ਆਚਾਰ ਨਾਲ ਖਾਧੀ ਰੋਟੀ ਉਸ ਦੀ ਧੁਖਦੀ ਹਿੱਕ ਨੂੰ ਠਾਰ ਕੇ ਸਾਰੀ ਰਾਤ ਉਸ ਨੂੰ ਨੀਂਦ ਦਾ ਬੁਕਲ ਵਿੱਚ ਲਪੇਟੀ ਰੱਖਦੀ । ਜਿਸ ਦਿਨ ਉਹ ਖਾਲੀ ਹੱਥੀ ਘਰ ਮੁੜਦਾ , ਉਸ ਸ਼ਾਮ ਹੱਥ-ਰੇੜ੍ਹੀ ਦੀ ਹੱਥੀ ਨਾਲ ਬੱਝੀ ਕੋਈ ਪੋਟਲੀ ਘਰ ਨਾ ਪਹੁੰਚਦੀ ਤੇ ,ਨਾ ਈ ਚੁੱਲੇ ਵਿੱਚ ਧਰੇ ਕੱਖ-ਕਾਣ ਨੂੰ ਤੀਲ੍ਹੀ ਲਾਉਣ ਦੀ ਲੋੜ ਪੈਂਦੀ । ਪਰੰਤੂ ਜਿਸ ਦਿਨ, ਦਿਨ ਵੇਲੇ ਹੋਈ ਵਟਕ ਨਾਲ ਉਸ ਨੂੰ ਆਪਣੇ ਕੁੜਤੇ ਦੀ ਜੇਬ ਭਾਰੀ ਭਾਰੀ ਲੱਗਦੀ , ਉਸ ਰਾਤ ਉਸ ਦਾ ਜੀਅ, ਘਰ ਵਿੱਚ ਪਈ ਦੂਜੀ ਮੰਜੀ ਦੇ ਟੁਟੇ ਵਾਣ ਨੂੰ ਗੰਢ-ਸੁਆਰ ਕੇ ਠੀਕ ਕਰਨ ਲਈ ਅਹੁਲ ਪੈਂਦਾ । ਫਿਰ ਆਨੇ-ਬਹਾਨੇ , ਜਾਣੇ –ਪਛਾਣੇ ਹਰ ਜੀਅ ਕੋਲੋਂ ਫ਼ਰਮਾਇਸ਼ਾਂ ਵੀ ਪਾਉਦਾ ਰਹਿੰਦਾ ।

ਸਾਕ-ਸੰਬੰਧੀਆਂ ਵਿਚੋਂ ਲਗਦੀ ਇਕ ਭੈਣ ਨੇ ਉਹਦੇ ਘਰ ਦੋ ਮੰਜੀਆਂ ਡਹਿੰਦੀਆਂ ਕਰਵਾ ਦਿੱਤੀਆਂ । ਬਾਵਾ ਰਾਮ ਨੂੰ ਇਕ ਵਾਰ ਫਿਰ ਆਪਣੇ ਅੰਗਾਂ ਵਿੱਚ ਜੁਆਨੀ ਵਰਗਾ ਸੇਕ ਅੰਗੜਾਈ ਲੈਂਦਾ ਭਾਸਣ ਲੱਗਾ । ਜਰਨੈਲੀ ਸੜਕ ਅਤੇ ਬਾਜ਼ਾਰਾਂ ਵਿਚਕਾਰ ਗੇੜੇ ਲਾਉਂਦਾ ਉਹ ਲੈਂਪ ਦੀ ਸਿਗਰਟ ਪੀਂਦਾ ,ਦੂਜੀਆਂ ਰੇੜ੍ਹੀਆਂ ਤੋਂ ,ਖੰਗੂਰਾ ਮਾਰ ਕੇ ਅੱਗੇ ਲੰਘਣ ਲਗਦਾ । ਸੂਰਜ ਡੁੱਬਣ ਤੋਂ ਪਹਿਲਾ ਈ ਢੋਈਆਂ ਗੰਢਾਂ ਦੀਆਂ ਚੁਆਨੀਆਂ-ਅਠਿਆਨੀਆਂ ਇਕੱਠੀਆਂ ਕਰ ਕੇ ਖਾਣੇ-ਦਾਣੇ ਦੀਆਂ ਵਸਤਾਂ ਪਰਨੇ ਲੜ ਬੰਨ੍ਹੀ ਘਰ ਪਹੁੰਚ ਜਾਂਦਾ ।ਅੱਗੇ ਅੱਗੇ ਮਟਕ-ਮਟਕ ਤੁਰੀ ਆਈ ਰੇੜ੍ਹੀ ਦੀ ਹੱਥੀ ਨਾਲੋਂ ਪਰਨੇ ਦੀ ਗੱਢ ਖੋਲ੍ਹ, ਬਾਵਾ ਰਾਮ ਬੜੇ ਚਾਅ ਨਾਲ ਸਾਫ਼-ਸੁਥਰੇ ਵਿਹੜੇ ਵਿੱਚ ਡੱਠੀ ਮੰਜੀ ਤੇ ਆ ਬੈਠਦਾ । ਲਿੱਪੇ-ਪੋਚੇ ਚੁਲ੍ਹੇ ਉਤੇ ਰਿੱਝੀ ਦਾਲ-ਭਾਜੀ ਦੀ ਵਾਸ਼ਨਾ ਵਿਚ ਫੁਲੇ-ਫੁਲਕੇ ਚੋਂ ਨਿਕਲੀ ਭਾਫ਼ ਨੂੰ ਇਕ-ਮਿਕ ਕਰ ਕੇ ਰਾਤ ਦੇ ਚਾਨਣ ਵਿੱਚ ਆਲੋਪ ਹੋ ਜਾਂਦਾ ।

ਅਗਲੀਆਂ ਭਲਕਾਂ ਦਾ ਸੂਰਜ ਉਹਦੇ ਵਿਹੜੇ ਵਿਚੋਂ ਦੀ ਝਾਤ ਮਾਰ ਕੇ ਲੰਘਦਾ ਲੰਘਦਾ ,ਲਿੱਪੇ-ਸੁਆਰੇ ਘਰ ਦੇ ਅੰਦਰ ਬਾਹਰ ਰਿੜ੍ਹਦੇ , ਖਲੋਂਦੇ ,ਤੁਰਦੇ , ਖੇਡਦੇ ਪੁੱਤਰ ਨੂੰ ਨਿੱਘ ਦਿੰਦਾ-ਦਿੰਦਾ , ਇਕ ਦਿਨ ਸਾਰੇ ਦਾ ਸਾਰਾ ਡੁੱਬ ਕੇ , ਪੱਛਮ ਦੇ ਆਕਾਸ਼ ਨੂੰ ਦੂਜੀ ਪਤਨੀ ਦੀ ਪੈੜ ਤੇ ਜੰਮੀ ਧੂੜ ਵਰਗਾ ਕਾਲਾ ਕਰ ਕੇ , ਗੁੰਮ ਹੋ ਗਿਆ  । ਪ੍ਰੀਤੂ ਦੇ ਰਿਕਸ਼ੇ ਤੇ ਬੈਠਦੀ-ਬੈਠਦੀ , ਹਿਰਨੋਟੇ ਨੈਣਾਂ ਵਾਲੀ ਬਾਵਾ ਰਾਮ ਦੀ ਦੂਜੀ ਪਤਨੀ ਹਰਨਾਂ ਦੇ ਸਿੰਗੀਂ ਚੜ੍ਹ ਗਈ ।

ਲੱਭਣ-ਲੁਭਾਉਣ ਦਾ ਪੂਰਾ ਟਿੱਲ ਲਾ ਕੇ , ਉਹ ਆਖ਼ਰ ਬੁਝੇ ਹੋਏ ਚੁਲ੍ਹੇ ਕੋਲ ਪਈ ਇਕ ਅੱਧ-ਸੜੀ ਲਕੜੀ ਦਾ ਆਸਰਾ ਲੈ ਕੇ ਹੰਭਲਾ ਮਾਰ ਕੇ ਉੱਠ ਖੜਾ ਹੋਇਆ । ਛੇਆਂ ਕੁ ਸਾਲਾਂ ਦੇ ਧੀਰੂ ਨੂੰ ਉਂਗਲੀ ਲਾ ਕੇ ਵੱਡੇ ਚੌਂਕ ਲਾਗਲੇ ਸਕੂਲ ਵਿੱਚ ਬਿਠਾ , ਆਪਣੀ ਰਾਣੋ ਨਾਲ ਗੱਲਾਂ ਕਰਦਾ , ਜਰਨੈਲੀ ਸੜਕ ਤੇ ਬਾਜ਼ਾਰ ਵਿਚਕਾਰ ਚੱਕਰ ਕੱਟਣ ਲੱਗ ਪਿਆ ।

ਦੁਪਹਿਰਾਂ ਤੱਕ ਉਹਦੀ ਹੱਥ-ਰੇੜ੍ਹੀ ਭਾਂਤ-ਭਾਂਤ ਦੀਆਂ ਟਾਂਚਾਂ-ਟਕੋਰਾਂ ਸੁਣਦੀ ਜੂੰ-ਚਾਲੇ ਤੁਰੀ ਰਹਿੰਦੀ , ਪਰ ਦੁਪਹਿਰਾਂ ਪਿਛੋਂ ਬਾਵਾ ਰਾਮ ਅਤੇ ਧੀਰੂ ਦੇ ਪਸੀਨੇ ਦੀਆਂ ਬੂੰਦਾ ਗਿਣਦੀ ਜ਼ਰਾ ਤਿੱਖੀ ਚਾਲੇ ਹੋ ਤੁਰਦੀ । ਹਨੇਰਾ ਪੈਣ ਤਕ ਦੋਨੋਂ ਪਿਓ-ਪੁੱਤਰ ,ਉਧਲ ਚੁੱਕੀ ਲੱਛੋ ਦੀ ਪੈੜ ਮਧੋਲਦੇ , ਆਪਣੇ ਘਰ ਦੀਆਂ ਬਰੂਹਾਂ ਤਕ ਪਹੁੰਚ ਕੇ, ਗਲੀ ਵਿੱਚ ਖਿਲਰੀਆਂ ਗੱਲਾਂ-ਕਵੱਲਾਂ ਦੇ ਘੱਟੇ ਤੋਂ ਬਚਣ ਲਈ ਬੂਹਾ ਭੇੜ ਲੈਂਦੇ , ਤੇ ਰੋਟੀ ਟੁੱਕ ਦੇ ਆਹਰੇ ਲੱਗ ਜਾਂਦੇ ।

ਛੋਟੇ ਸਕੂਲ ਤੋਂ ਵੱਡੇ ਸਕੂਲ ਤਕ ਪਹੁੰਚਦੇ ਧੀਰੂ ਵਿੱਚੋਂ ਭਲਵਾਨ ਪਿਓ ਵਰਗੇ ਨੈਣ-ਨਕਸ਼ ਉਭਰਦੇ ਆਏ । ਪੜ੍ਹਾਈ ਵਿੱਚ ਹੁਸ਼ਿਆਰ ਮੁੰਡਿਆਂ ਦਾ ਆਗਿਆਕਾਰ ਮੁਨੀਟਰ , ਨਾਲ ਦੀ ਨਾਲ ਰੇੜ੍ਹੀ ਵਾਹੁੰਦੇ ਪਿਓ ਦਾ ਹੱਥ ਵੀ ਵਟਾਉਂਦਾ ਗਿਆ। ਜਿਉਂ ਜਿਉਂ ਬਾਵਾ ਰਾਮ ਦੀਆਂ ਅਰਕਾਂ ,ਉਹਦੇ ਕੁੱਬ ਦਾ ਭਾਰ ਚੁੱਕਣੋ ਆਕੀ ਹੁੰਦੀਆਂ ਗਈਆਂ , ਤਿਉਂ ਤਿਉਂ ਹੱਥ-ਰੇੜ੍ਹੀ ਨਾਲ ਨਰੜ ਹੁੰਦੇ ਧੀਰੂ ਦੀ ਸਕੂਲ ਦੇ ਮੋਹ ਤੋਂ ਏਚੀ ਹੁੰਦੀ ਗਈ ।

ਪੜ੍ਹਾਈ ਚਾਲੂ ਰੱਖਣ ਦੇ ਆਇਆਂ ਸੁਨੇਹੀਆਂ ਦਾ ਉੱਤਰ , ਉਹ ਪਹਿਲੋਂ-ਪਹਿਲ ਹੰਝੂਆਂ ਰਾਹੀਂ ਚਪੜਾਸੀ ਹੱਥ ਸਕੂਲੇ ਭੇਜਦਾ ਰਿਹਾ । ਆਖ਼ਰ ਨਿਰਾਸ਼ ਹੋ ਕੇ ਉਸ ਨੇ ਇੱਕ ਦਿਨ ਅੰਦਰ ਡੱਕੇ ਗੁਬਾਰ ਦੀ ਢੇਰੀ ਤੇ ਸੋਮਰਸ ਦਾ ਨੱਕੋ-ਨੱਕ ਭਰਿਆ ਗਲਾਸ ਰੋੜ੍ਹ ਦਿੱਤਾ । ਪਹਿਲੀ ਵਾਰ ਪੀਤੀ ਸ਼ਰਾਬ ਦੇ ਨਸ਼ੇ ਨਾਲ ਬੇਸੁੱਧ ਹੋਇਆ ਉਹ ਕਿੰਨੀ ਰਾਤ ਗਈ ਤਕ ਵੱਡੇ ਚੌਂਕ ਵਿੱਚ ਲੁੜਕਦਾ,ਚੀਕਾਂ –ਕਿਲਕਾਰੀਆਂ ਮਾਰਦਾ ਰਿਹਾ । ਉਸ ਤੋਂ ਪਿਛੋਂ ਜਦੋਂ ਵੀ ਕੋਈ ਸੰਸਾ ਉਹਦੀ ਬੁਝੀ ਰੂਹ ਨੂੰ ਆ ਘੇਰਦਾ , ਉਹ ਆਪਣੇ ਤਿੰਨ-ਚਾਰ ਹਮਜੋਲੀਆਂ ਨਾਲ ਰਲ ਕੇ ਘਰ ਬਾਹਰ ਦੀ ਸੁੱਧ-ਬੁੱਧ ਗੁਆ ਲੈਂਦਾ ।

ਧੀਰੂ ਦੇ ਇਞਣੇ  ਸੁਭਾ ਨੂੰ ਭਾਵੇਂ ਬਾਵਾ ਰਾਮ ਦੇ ਬੁੱਢੇ ਹੱਡਾਂ ਨਾਲੋਂ ਵਧ ਕਿਰਤ ਮਿਲਦੀ ਗਈ , ਪਰ ਬੈੜੇ ਰਿਕਸ਼ੇ-ਰੇੜ੍ਹੀ ਵਾਲਿਆਂ ਦੀ ਜੁੰਡਲੀ ਵਿੱਚ ਫਸਦਾ ਫਸਦਾ ,ਉਹ ਇਕ ਦਿਨ ਪੱਕਾ –ਫੀਮੀ ਬਣ ਗਿਆ । ਸ਼ਰਾਬ ਤੇ ਗੋਲੀ ਦੀ ਨਿੱਤ ਦੀ ਆਦਤ ਉਹਦੇ ਬਲੂਰ ਹੱਡਾਂ ਨੂੰ ਡੰਗ ਗਈ  । ਗਿਰੀ ਵਰਗੀ ਮੁਸ-ਫੁੱਟਦੀ ਜੁਆਨੀ ਸਿੱਪੀ ਵਾਂਗ ਚਿੱਪਕੀ ਗਈ । ਅੰਦਰ ਨੂੰ ਧੱਸੀਆਂ ਅੱਖਾਂ ਤੇ ਖਾਖਾਂ ਨੂੰ ਨਾ-ਮੁਰਾਦ ਖੰਘ ਨੇ ਹੋਰ ਝੁਲਸ ਦਿੱਤਾ । ਮਘਦੀ ਧੁੱਪ ਵਿੱਚ ਚਲਦੀ ਰੇੜ੍ਹੀ ਵਾਂਗ ਉਸ ਦਾ ਪਿੰਡਾ ਵੀ ਗਰਮ ਰਹਿਣ ਲੱਗਾ । ਕਈ ਕਈ  ਦਿਨ  ਉਹ ਅੰਦਰੋਂ-ਬਾਹਰ ਤਕ ਨਾ ਨਿਕਲਦਾ ਅਤੇ ਬਾਵਾ ਰਾਮ ਦੀਆਂ ਲਿਆਂਦੀਆਂ ਗੋਲੀਆਂ ਕੈਪਸੂਲ ਖਾ ਕੇ ਮੰਜੀ ਨਾਲ ਈ ਜੁੜਿਆ ਰਹਿੰਦਾ ।

ਬਾਵਾ ਰਾਮ ਨੂੰ ਧੀਰੂ ਦੀ ਨਿਘਰਦੀ ਹਾਲਤ ਦੇਖ ਕੇ ਆਪਣੀ ਢੇਰੀ ਹੋਈ ਦੇਹ ਦਾ ਫਿਕਰ ਉੱਕਾ ਈ ਭੁੱਲ ਗਿਆ । ਮੰਜੀ ਦੀ ਢਿਲਕ ਵਿਚ ਸਮੋਏ ਆਪਣੇ ਕੜੀ ਵਰਗੇ ਪੁੱਤ ਦੇ ਦੁਆ-ਦਾਰੂ ਖਾਤਰ , ਉਹ ਪਾਟੀ ਜਿਹੀ ਕੁੜਤੀ ਦੀਆਂ ਜੇਬਾਂ ਵਿੱਚ ਤਿੰਨ ਚਾਰ ਬੰਡਲ ਬੀੜੀਆਂ ਤੁੰਨ ਕੇ ਫਿਰ ਵੱਡੇ ਚੌਂਕ ਵਲ ਨਿਕਲ ਤੁਰਿਆ ।

ਸਰਕਾਰੀ ਹਸਪਤਾਲੋਂ ਲਿਆਂਦੀਆਂ ਚਿੱਟੀਆਂ-ਪੀਲੀਆਂ ਗੋਲੀਆਂ ,ਮੁੰਡੇ ਨੂੰ ਲੱਗੀ ਭੈੜੀ ਬਿਮਾਰੀ ਦੀ ਜਕੜ ਨੂੰ ਤੋੜ ਨਾ ਸਕੀਆਂ ।ਵੱਡੇ-ਡਾਕਦਾਰਾਂ ਕੋਲ ਜਾਣ ਜੋਗੀ ਫੀਸ ਨਿੱਕੀ ਹੱਥ-ਰੇੜ੍ਹੀ ਦੀ ਪਹੁੰਚ ਤੋਂ ਬਾਹਰ ਹੋਣ ਕਰਕੇ , ਬਾਵਾ ਰਾਮ ਨੇ ਇਕ ਦਿਨ ਵੱਡੀਆਂ ਤਜੌਰੀਆਂ ਦਾ ਢਾਸਣਾ ਲਾਈ ਬੈਠੇ ਵੱਡੇ ਸੇਠਾਂ-ਸਰਦਾਰਾਂ ਕੋਲ ਜਾ ਅਲਖ ਜਗਾਈ । ਵਣਜ-ਵਪਾਰ ਦੇ ਝੰਮੇਲਿਆਂ ਵਿੱਚ ਉਲਝੇ ਬਹੁਤਿਆਂ ਨੇ ਤਾਂ ਉਸ ਦੀ ਗੱਲ ਸੁਣੀ-ਅਣਸੁਣੀ ਕਰ ਦਿੱਤੀ , ਪਰ ਕੁਝ ਇਕ ਨੇ ਉਹਦੀ ਸੇਵਾ ਦੀ ਕਦਰ ਕਰਦਿਆਂ ਰੁਪਿਆ-ਦੋ ਰੁਪਏ ਉਸ ਦੀ ਝੋਲੀ ਪਾ ਦਿੱਤੇ । ਦੁਪਹਿਰ ਦਾ ਗਿਆ ਸ਼ਾਮ ਵੇਲੇ ਜਦੋਂ ਉਹ ਘਰ ਪਰਤਿਆ ਤਾਂ ਅੱਠਾਂ ਰੁਪਈਆਂ ਨੂੰ ਕੰਬਦੇ ਹੱਥਾਂ ਵਿੱਚ ਫੜੀ, ਵਿਹੜੇ ਵਿਚ ਪੈਰ ਧਰਦੇ ਦੀ ਭੁੱਬ ਨਿਕਲ ਗਈ । ਉਹਦੀਆਂ ਅੱਖਾਂ ਚੋਂ ਡਿਗਦੇ ਹੰਝੂ ਉਹਦੀ ਮੰਗ ਕੇ ਲਿਆਂਦੀ ਕਿਰਤ ਨੂੰ ਗਿੱਲਾ ਕਰ ਗਏ ।

ਉਹ ਸਾਰੀ ਰਾਤ ਆਪਣੇ ਹੱਥਾਂ-ਪੈਰਾਂ ਤੇ ਕੰਡ ਉਤੇ ਪਏ ਰਟਨਾਂ ਆਸਰੇ ,ਰਸੇ-ਰਸੇ ਲਾਲ ਸੁਰਖ਼ ਚਿਹਰਿਆਂ ਤੇ ਢਿਲਕੀਆਂ ਗੋਗੜਾਂ ਦੇ ਸੁਭਾ ਬਾਰੇ ਸੋਚਦਾ , ਆਪਣੀ ਮੰਜੀ ਤੇ ਪਿਆ ਉਸਲਵੱਟੇ ਲੈਂਦਾ ਰਿਹਾ, ਪਰ ਨਾਲ ਦੀ ਮੰਜੀ ਤੇ ਪਿਆ ਧੀਰੂ ਰਾਤ ਭਰ ਪਾਸਾ ਵੀ ਨਾ ਲੈ ਸਕਿਆ ।

ਸਵੇਰੇ ਉੱਠ , ਇਕ ਵਾਰ ਫਿਰ ਉਸ ਨੇ ਖੁਲ੍ਹੇ ਸ਼ਟਰਾਂ ਅੰਦਰ ਧੂਫ-ਛਿੱਟਾ ਦਿੰਦੇ ਹੱਟਾਂ ਦੇ ਮਾਲਕਾਂ ਨੂੰ ਵਿਹਲੇ ਸਮਝ ਕੇ ਜਾ ਰਾਮ –ਰਾਮ ਬੁਲਾਈ , ਪਰ ਦਮੜਿਆਂ ਦੀ ਥਾਂ ਦਫਾ ਹੋ ਜਾ ਬੋਹਣੀ ਵੇਲੇ ਨਹਿਸ਼ ਵਰਗੇ ਅਲੰਕਾਰ ਵਸੂਲ ਕੇ ਧੋਣ-ਸੁਟੀ ਵਾਪਸ ਪਰਤ ਆਇਆ ।

ਲਾਚਾਰ ਹੋ ਕੇ ਅਗਲੇ ਦਿਨ , ਉਸ ਨੇ ਆਪਣੇ ਹਮ-ਸਫ਼ਰ ਰੇੜ੍ਹੀ-ਰਿਕਸ਼ੇ ਵਾਲਿਆਂ , ਦਿਹਾੜੀਦਾਰ ਕਿਰਤੀਆਂ ਦੇ ਵੱਡੇ ਚੌਂਕ ਵਿੱਚ ਪ੍ਰੂਸ਼ਨ-ਚਿੰਨ੍ਹ ਬਣ ਕੇ ਖਲੋਤੇ ਹੱਥਾਂ ਅਗੇ ਆਪਣੀ ਮੰਗ ਜਾ ਵਿਛਾਈ । ਚਾਹ-ਬੀੜੀਆਂ ਲਈ ਰੱਖੀਆਂ ਚੁਆਨੀਆਂ-ਅਠਿਆਨੀਆਂ ਨਾਲ ਬਣੀ ਵੱਡੇ ਡਾਕਟਰ ਦੀ ਫੀਸ ਇਕੱਠੀ ਕਰ ਕੇ , ਬਾਵਾ ਰਾਮ ਧੀਰੂ ਦੀਆਂ ਹੱਡੀਆਂ ਦੀ ਮੁੱਠ ਨੂੰ ਰੇੜ੍ਹੀ ਵਿੱਚ ਧਰ ਕੇ ਮਾਡਲ ਗਰਾਮ ਪਹੁੰਚ ਗਿਆ ।

ਕਸਬਿਓਂ ਬਾਹਰ-ਵਾਹਰ ਜਰਨੈਲੀ ਸੜਕ ਨਾਲ ਜੁੜਵੇਂ ਸੋਨ-ਸੁਨਿਹਰੀ ਕਣਕਾਂ ਉਗਦੇ ਉਪਜਾਊ ਖੇਤਾਂ ਦੀ ਥਾਂ ਉਸਰਦੇ ਚਾਂਦੀ ਮਾਡਲ-ਗਰਾਮ ਦੀ ਇਕ ਤਾਂਬੇ ਰੰਗੀ ਕੋਠੀ ਚੋਂ ਮੁੜਦਾ ,ਕੱਖੋਂ ਹੌਲਾ ਹੋਇਆ ਬਾਵਾ

ਰਾਮ ਕਾਗ਼ਜ ਦੇ ਪੁਰਜ਼ੇ ਤੇ ਲਿਖੀਆਂ ਦੁਆਈਆਂ ਦਾ ਮੁੱਲ ਇਕ ਸੌ ਤੀਹ ਰੁਪਏ ਸੁਣ ਕੇ , ਮੂੰਹ ਅੱਡੀ ਖਲੋਤਾ ਐਧਰ-ਓਧਰ ਦੇਖਦਾ , ਓਨੀਂ ਪੈਰੀਂ ਘਰ ਪਰਤ ਗਿਆ । ਇਕ ਵਾਰ ਫਿਰ ਉਸ ਨੇ ਗੂੜ੍ਹੀ ਨੇੜਤਾ ਨਾਲ ਚੌਂਕ ਵਿਚਲਿਆਂ ਕੋਲ ਜਾ ਲੇਲ੍ਹੜੀਆਂ ਕੱਢੀਆਂ । ਪਰ ਬਾਂਝ ਦਿਲਾਸਿਆਂ ਤੋਂ ਅੱਕਿਆ , ਧੀਰੂ ਵਾਂਗ ਸਾਹ-ਸਤ ਗੁਆਈ , ਉਹ ਕਈ ਦਿਨ ਘਰੋਂ ਬਾਹਰ ਨਾ ਨਿਕਲਿਆ ।

ਇਕ ਦਿਨ ਤਕੜਸਾਰ ਉਸ ਨੇ ਧੀਰੂ ਦੇ ਸਾਹਾਂ ਵਿਚ ਘੜਘੜ ਜਿਹੀ ਸੁਣੀ । ਚਾਹ ਦਾ ਘੁੱਟ ਬਣਾ ਚਮਚੇ ਨਾਲ ਉਹਦੇ ਮੂੰਹ ਵਿੱਚ ਪਾਇਆ, ਪਰ ਕੁਝ ਹੀ ਪਲਾਂ ਅੰਦਰ ਧੀਰੂ ਦੀ ਆਖ਼ਰੀ ਹਿਚਕੀ ਨੇ ਬਾਵਾ ਰਾਮ ਨੂੰ ਚਮਚਾ ਪਰ੍ਹਾਂ ਵਗਾਹ ਮਾਰਨ ਲਈ ਆਖ ਦਿੱਤਾ । ਅਰੋਗ ਦਿਸਦੇ ਧੀਰੂ ਦੀਆਂ ਟੱਡੀਆਂ ਅੱਖਾਂ ਨਰਮ ਨਾਜ਼ਰ ਝਿਮਣੀਆਂ ਖੁਰਦਰੇ ਪੋਟਿਆਂ ਨਾਲ ਬੰਦ ਕਰ ਕੇ ,ਬਾਵਾ ਰਾਮ ਮੰਜੀ ਦੇ ਪਾਵੇ ਨਾਲ ਢੋਅ ਲਾਈ ਲੌਢੇ ਵੇਲੇ ਤੱਕ ਸੁੰਨ-ਵੱਟਾ ਹੋਇਆ ਬੈਠਾ ਰਿਹਾ ।

ਦੋ ਇਕ ਵਾਰੀ ਉਹਨੇ ਗੋਡਿਆਂ ਵਿੱਚ ਡੁੱਬੇ ਸਿਰ ਨੂੰ ਉੱਪਰ ਚੁੱਕ ਕੇ ਧੁਆਂਖੀ ਕੰਧ ਵੱਲ ਕੇਖਿਆ ਅਤੇ ਝੱਲਿਆਂ ਵਾਂਗ ਹੱਸਦਾ ਉੱਠ ਖੜਾ ਹੋਇਆ । ਵਿਹੜੇ ਦੀ ਨੁੱਕਰੇ ਪਏ ਝਾੜੂ ਨਾਲ ਸਾਰੇ ਘਰ ਨੂੰ ਅੰਦਰੋਂ ਬਾਹਰੋਂ ਚੰਗੀ ਤਰ੍ਹਾਂ ਸਾਫ-ਸੁਥਰਾ ਕਰਦਾ ਅਵਾ-ਤਵਾ ਬੋਲਦਾ ਰਿਹਾ ।  ਫਿਰ ਛੜੱਪਾ ਮਾਰ ਕੇ ਅੰਦਰੋਂ ,ਧੀਰੂ ਦੀ ਮਾਂ ਦੇ ਵਿਆਉਣ ਵੇਲੇ ਪਾਏ ਕੱਪੜੇ ਟਰੰਕੀ ਵਿਚੋਂ ਕੱਢ ਲਿਆਇਆ । ਗਲੋਂ ਪੁਰਾਣੀ ਕੁੜਤੀ ਲਾਹ ਵਗਾਹ ਕੇ ਗਲੀ ਵਿੱਚ ਸੁੱਟ ਦਿੱਤੀ । ਅਣਗਿਣਤ ਤੋਪਿਆਂ ਨਾਲ ਅੱਧੜ-ਵੰਜਾ ਹੋਇਆ ਚਿੱਟਾ ਕੁੜਤਾ ਪਜਾਮਾ ਆਪ ਪਾ ਲਿਆ ।ਹਲਕੇ ਗੁਲਾਬੀ ਰੰਗ ਦੀ ਪਗੜੀ ਨਾਲ ਧੀਰੂ ਦੀ ਮਿੱਟੀ ਹੋਈ ਦਿਹ ਨੂੰ ਲਪੇਟ ਕੇ ਹੱਥ-ਰੇੜ੍ਹੀ ਦੇ ਡਾਲੇ ਵਿੱਚ ਧਰ ਲਿਆ । ਪਹਿਲੀ ਰੇੜ੍ਹੀ ਦੇ ਸਿਉਂਕ ਖਾਂਦੇ ਪਿੰਜਰ ਨਾਲ ਧੀਰੂ ਨੂੰ ਢੱਕ ਕੇ ਬਾਵਾ ਰਾਮ ਨੰਗੇ ਸਿਰ , ਨੰਗੇ ਪੈਰੀਂ ਬਾਜ਼ਾਰ ਵਿਚੋਂ ਲੰਘਦਾ ਵੱਡੇ ਚੌਂਕ ਪਹੁੰਚ ਗਿਆ ।

ਬਾਵਾ ਰਾਮ ਨੂੰ ਰਾਂਝਾ ਬਣਿਆਂ ਦੇਖ ਕੇ , ਇਕ-ਅੱਧ ਨੇ ਉਹਦੀ ਵਲ ਟਾਂਚ ਵੀ ਰੇੜ੍ਹੀ ,ਪਰ ਛੇਤੀ ਈ ਸਾਰਾ ਚੌਂਕ ਗ਼ਮ ਵਿਚ ਡੁਬ ਗਿਆ ।

ਧੀਰੂ ਨੂੰ ਮਸਾਣ-ਭੂਮੀ ਤੱਕ ਵਿਦਾ ਕਰਨ ਗਏ , ਪੀੜ ਦੇ ਦਰਿਆ ਵਾਂਗ ਚਲਦੇ ਛੋਟੇ ਜਿਹੇ ਕਾਫ਼ਲੇ ਨੇ , ਜਿਸ ਦਿਨ ਧੀਰੂ ਦੀ ਚਿਤਾ ਚਿਣੀ ਸੀ , ਉਸ ਦਿਨ ਈ , ਉਛਲਦੀਆਂ ਲਹਿਰਾਂ ਵਾਂਗ ਤੁਰਦੇ ਬਾਵਾ ਰਾਮ ਨੇ ਆਪਣੀ ਤੀਜੀ ਹੱਥ-ਰੇੜ੍ਹੀ ਨੂੰ ਪੁੱਤ-ਬੱਚਾ ਦੇ ਹਾਸ਼ੀਏ ਵਿੱਚ ਰੱਖ ਕੇ ਆਖਿਆ ਸੀ – ਥੱਕ ਤਾਂ ਨ੍ਹੀਂ ਗਿਆ ਮੇਰਾ ਸ਼ੇਰ ਪੁਤ ? ਛਾਮੇਂ ਆ ਜਾ , ਧੁਪੇ ਨਾ ਖੜੋ , ਜਿੱਦਾਂ ਪੁੱਤਰਾਂ ਨੂੰ ਪੁਛੀਦਾ ,ਜਿਵੇਂ ਧੀਆਂ ਨੂੰ ਆਖੀਦਾ ਐ ।

..... ਬੱਸ , ਉਸ ਦਿਨ ਤੋਂ ।

 

----------------------------

ਸਾਰੋ-ਛੈ  (ਪੰਜਾਬੀ ਕਹਾਣੀ)

ਲਾਲ ਸਿੰਘ ਦਸੂਹਾ

( ਸਾਰੋ-ਛੈ(ਠੀਕ ਹੈ ) ਗੁਜਰਾਤੀ ਭਾਸ਼ਾ ਦੇ ਸ਼ਬਦਾਂ ਨਾਲ ਰੱਖਿਆ ਸਿਰਲੇਖ ਹੈ । ਮੇਹਨਤਕਸ਼ ਤਬਕੇ ਦੀ ਸਰਬ-ਵਿਆਪੀ ਸਾਂਝ ਵਜੋਂ ਕਹਾਣੀ ਦਾ ਇਹ ਨਾਂ ਰੱਖਿਆ ਗਿਆ ਹੈ –ਲੇਖਕ )

ਤੰਗ ਗਲੀਆਂ,ਬਾਜ਼ਾਰਾਂ ਤੇ ਤਿੰਨ-ਤਿੰਨ,ਚਾਰ ਚਾਰ ਮੰਜ਼ਲੇ ਘਰਾਂ ਵਾਲੇ ਸ਼ਹਿਰ ਦਾ ਖੁਲ੍ਹਾ-ਮ੍ਹੋਕਲਾ ਪਾਸਾ । ਵੱਡੀ –ਚੌੜੀ ਸੜਕ ਵਿੱਚੋਂ ਨਿਕਲਦੀਆਂ ਖੁਲ੍ਹੀਆਂ-ਛੋਟੀਆਂ ਸੜਕਾਂ । ਨਿਬਲ-ਟੋਏ ਹੋਈਆਂ ਸੜਕਾਂ ਦੇ ਨਾਲ ਨਾਲ ਖੰਭਿਆਂ ਦੀਆਂ ਪਾਲਾਂ । ਖੰਭਿਆਂ ਉੱਤੇ ਬੱਝੀਆਂ ਬਿਜਲੀ ਦੀਆਂ ਮੋਟੀਆਂ-ਪਤਲੀਆਂ ਤਾਰਾਂ ਨਾਲ ਛਾਨਣੀ ਹੋਇਆ ਆਕਾਸ਼ । ਆਕਾਸ਼ ਜਿਸ ਅੰਦਰ ਅੱਠੇ –ਪਹਿਰ ਚਿੱਟੇ-ਕਾਲੇ ਧੂਏਂ ਦਾ ਰਾਜ ਰਹਿੰਦਾ ਹੈ । ਉੱਚੀਆਂ ਲੰਮੀਆਂ ਦਿਓ –ਕੱਦ ਚਿਮਨੀਆਂ ਚੋਂ ਉਠਦੇ ਧੂਏਂ ਦੀ ਦੁਰਗੰਧ ਅੰਦਰ ਸਾਹ ਲੈਂਦੇ ਹਜ਼ਾਰਾਂ ਕਾਮੇਂ ,ਜਿਨ੍ਹਾਂ ਨੂੰ ਨਿੱਕੇ-ਵੱਡੇ ਕਾਰਖਾਨਿਆਂ ਦੇ ਉੱਚੇ-ਨੀਵੇਂ ਗੇਟਾਂ ਦੇ ਜਬਾੜੇ, ਸਵੇਰੇ ਨਿਗਲ ਕੇ ਤਰਕਾਲਾਂ ਨੂੰ ਗੁਲੱਛਦੇ ਹਨ  । ਸ਼ਾਮੀਂ ਹੜਪ ਕੇ ਉਹਨਾਂ ਦੀਆਂ ਹੱਡੀਆਂ ਅਤੇ ਪਿੰਜਰ ਅੱਧੀ ਕੁ ਰਾਤੀਂ ਬਾਹਰ ਸੜਕਾਂ ਉੱਤੇ ਉਲਟੀ ਕਰ ਦਿੰਦੇ ਹਨ । ਫੈਕਟਰੀ –ਏਰੀਏ ਦੀ ਸੱਭ ਤੋਂ ਵੱਡੀ ਫ਼ਰਮ ਆਈ ਐਂਡ ਆਈ ਲਿਮਟਿਡ ਦੇ ਚੈੱਕ ਭਾਈਵਾਲਾਂ ਨੇ ਅੱਧੀ ਰਾਤ ਨੂੰ ਸ਼ੁਰੂ ਹੋਣ ਵਾਲੀ ਗਰੇਵਯਾਰਡ ਸ਼ਿਫ਼ਟ ਇਸ ਲਈ ਬੰਦ ਕਰਵਾ ਦਿੱਤੀ ਹੈ ਕਿ ਕੈਯੂਐਲਟੀਆਂ ਦੀ ਵਧਦੀ ਗਿਣਤੀ ਖਪਾਉਣੀ ਔਖੀ  ਹੋ ਗਈ ਸੀ । ਦੂਜੀ ਸ਼ਿਫ਼ਟ ਵਾਲ ਢਲਾਈ-ਕਾਮੇਂ ਦਿਨ ਦੀਆਂ ਤਪਾਈਆਂ ਆਇਲ ਤੇ ਸਟੀਲ ਫ਼ਰਨਿਸ਼ਾਂ ਅੰਦਰ ਢਲਦਾ ਪਿੱਤਲ ਅਤੇ ਦੇਗੀ –ਲੋਹਾ , ਵੱਡੇ ਛੋਟੇ ਸੰਚਿਆਂ ਅੰਦਰ ਪਲਟਾ ਕੇ ਵਿਹਲੇ ਹੋ ਜਾਂਦੇ ਹਨ ਅਤੇ ਆਪਣੇ ਹਾਜ਼ਰੀ ਕਾਰਡਾਂ ਤੇ ਕਦੀ ਅੱਧੀ ਤੇ ਕਦੀ ਪੌਣੀ ਦਿਹਾੜੀ ਲਿਖਵਾ ਕੇ ਘਰੋ-ਘਰੀ ਪਰਤ ਜਾਂਦੇ ਹਨ , ਪਰ ਫੈਕਟਰੀ ਦੀਆਂ ਦੂਜੀਆਂ ਸ਼ੈਡਾਂ ਹੇਠ ਅੱਧੀ ਰਾਤ ਨੂੰ ਮੁਕਣ ਵਾਲੀ ਸਵਿੰਗ ਸ਼ਿਫਟ ਪੂਰੀ ਹੋਣ ਤੱਕ,ਉੱਚਾ-ਨੀਵਾਂ ਖੜਾਕ ਹੁੰਦਾ ਰਹਿੰਦਾ ਹੈ ।

ਪੰਜ-ਪੰਜ ਸੌ ਵਾਟ ਦੇ ਬੱਲਬਾਂ ਦੀ ਤੇਜ਼-ਤਰਾਸ਼ ਚਾਨਣੀ ਤੇ ਹੁੰਮਸ ਅੰਦਰ ,ਅੱਖਾਂ ਤੇ ਚਿੱਟੇ ਖੋਪੇ ਚਾੜ੍ਹੀ ਰਗੜੱਈਏ ਪਾਣੀ ਦੀਆਂ ਨਿੱਕੀਆਂ-ਵੱਡੀਆਂ ਟੂਟੀਆਂ ਦੇ ਨਰਮ ਨਾਜ਼ਰ ਸਰੀਰਾਂ ਤੋਂ ਫਾਲਤੂ-ਮਾਲ ਰਗੜਦੇ ਰਹਿੰਦੇ ਹਨ । ਮਸ਼ੀਨ ਸ਼ਾਪ ਦੀਆਂ ਦਰਜਨਾਂ ਮਸ਼ੀਨਾਂ ਖਰਾਦੀਆਂ ਦੇ ਅਦੜ-ਵੰਜੇ ਮੈਲੇ ਕਪੜਿਆਂ ਤੇ ਕਾਲਖ ਦੀਆਂ ਹੋਰ ਤਹਿਆਂ ਚਾੜ੍ਹੀ ਜਾਂਦੀਆਂ ਹਨ, ਤਿਆਰ ਹੋਏ ਪੁਰਜ਼ਿਆਂ ਦੀਆਂ ਢੇਰੀਆਂ ,ਫਿਟਰਾਂ ਦੇ ਅੰਡਿਆਂ ਤੋਂ ਲੰਘ ਕੇ  ਵੱਡੇ –ਵੱਡੇ ਢੇਰਾਂ ਅੰਦਰ ਬਦਲਦੀਆਂ ਜਾਂਦੀਆਂ ਹਨ ਅਤੇ ਪਾਲਸ਼ੀਆਂ ਦੀਆਂ ਪਾਲਸ਼-ਸਾਣਾਂ ਬੇਜਾਨ ਖੁਰਦੀਆਂ ਟੂਟੀਆਂ ਨੂੰ ਚਮਕਾ-ਲਿਸ਼ਕਾ ਕੇ ਜੀਊਂਦੀਆਂ-ਜਾਦੀਆਂ ,ਮੂੰਹੋਂ-ਬੋਲਦੀਆਂ ਕਰੀ ਜਾਂਦੀਆਂ ਹਨ ।

                                                          2

ਆਈ ਐਂਡ ਆਈ ਦੇ ਵੱਡੇ ਗੇਟੋਂ ਬਾਹਰ ਲਮਕਦੇ ਕਾਲੇ ਫੱਟੇ ਤੇ ਪੱਕੇ ਉੱਕਰੇ ਅੱਖਰ ਜ਼ਰੂਰਤ ਹੈ..... ਹੇਠਾਂ ਚੌਥੇ ਨੰਬਰ ਤੇ ਲਿਖੇ ........ਇਕ ਪਾਲਸ਼ੀਏ ਦੀ  

ਪੜ੍ਹ ਕੇ , ਸੁੱਚੇ ਨੇ ਗੇਟ ਤੇ ਖੜੇ ਗੋਰਖੇ ਤੋਂ ਅੰਦਰ ਜਾਣ ਦੀ ਆਗਿਆ ਮੰਗੀ । ਚੁੰਨ੍ਹੀਆਂ ਅੱਖਾਂ ਵਾਲੇ ਗੁੱਥੇ ਹੋਏ ਬੰਮ ਬਹਾਦਰ ਨੇ ਸੁੱਚੇ ਨੂੰ ਤਾੜਵੀਆਂ ਨਜ਼ਰਾਂ ਨਾਲ ਦੇਖਦਿਆਂ , ਵਰਕਸ-ਮੈਨੇਜਰ ਨੂੰ ਮਿਲਣ ਲਈ ਆਖਿਆ  । ਕੈਬਿਨ ਵਲ ਇਸ਼ਾਰਾ ਕਰਨ ਲਈ ਬਾਂਹ ਉਪਰ ਚੁਕਦਿਆਂ, ਉਸ ਦੇ ਲੱਕ ਨਾਲ ਲਟਕਦੀ ਖੋਖਰੀ ਦੇ ਖੱਬੇ ਗੁੱਟ ਤੇ ਜ਼ੋਰ ਨਾਲ ਵੱਜੀ ।

ਸੱਜੇ ਹੱਥ ਨਾਲ ਖੱਬੇ ਗੁੱਟ ਨੂੰ ਪਲੋਸਦਾ ਸੁੱਚਾ ਪਹਿਲਾਂ ਵਰਕਸ-ਮੈਨੇਜਰ ਦੇ ਚਪੜਾਸੀ ਕੋਲ ਪਹੁੰਚ ਗਿਆ , ਫਿਰ ਉਸ ਦੇ ਕੈਬਿਨ ਅੰਦਰ । ਥੋੜ੍ਹੀ ਜਿਹੀ ਪੁਛ-ਪੜਤਾਲ ਪਿਛੋਂ ਉਸ ਨੂੰ ਟਰਾਈ ਲਈ ਪਾਲਿਸ਼-ਸ਼ਾਪ ਭੇਜ ਦਿੱਤਾ ਗਿਆ ।

ਕਿਤਨੇ ਦਾਮ ਕਾ ਕਾਰੀਗਰ ਹੈ ? ਵਰਕਸ –ਮੈਨੇਜਰ ਨੇ ਗੁਜਰਾਤੀ ਫੋਰਮੈਨ ਨੂੰ ਦਫ਼ਤਰ ਬੁਲਾ ਕੇ ਪੁਛਿਆ ।

ਸਾਰੋ ਛੈ , ਸਿਰ ਹਿਲਾਉਂਦਿਆਂ ਫੋਰਮੈਨ ਨੇ ਸੁੱਚੇ ਦੇ ਕੀਤੇ ਕੰਮ ਨੂੰ ਪਸੰਦ ਕਰਦਿਆਂ ਉੱਤਰ ਦਿੱਤਾ ।

ਫੋਰਮੈਨ ਦਾ ਹੁੰਗਾਰਾ ਮਿਲਣ ਤੇ ਵਰਕਸ-ਮੈਨੇਜਰ ਨੇ ਸੁੱਚੇ ਨੂੰ ਸੱਦ ਕੇ ਘੋਖ-ਪੜਤਾਲ ਕੀਤੀ – ਕਿਆ ਨਾਮ ਹੈ ...?

ਸੁੱਚਾ ਸਿੰਘ ।

ਪਹਿਲੇ ਕਿਧਰ ਕਾਮ ਕਰਤਾ ਥਾ ?

ਰਾਸ਼ਟਰੀਆ ਸਟੀਲ ਕੰਪਨੀ ਵਿੱਚ  ।

ਉਧਰ ਸੇ ਕਿਉਂ ਛੋੜਾ .....?

ਜੀ ...ਈ ਮੈਂ ਬਿਮਾਰ ਹੋ ਗਿਆ .....ਉਨ੍ਹਾਂ ਬੰਦਾ ਰੱਖ ਲਿਆ , ਵੇਲਾ ਟਾਲਣ ਲਈ ਸੁੱਚੇ ਨੇ ਪਹਿਲੋਂ ਘੜਿਆ ਉੱਤਰ ਫੱਟਾ-ਫਟ ਬੋਲ ਦਿੱਤਾ ।

ਦੇਖੋ ਸੂਚਾ ਸੀਂਘ ....ਅਬੀ ਤੁਮਹਾਰੀ ਕੱਚੀ ਟਰਾਈ ਹੂਆ ਹੈ , ਪੱਕੀ ਫਿਰ ਹੋਗਾ , ...ਜ਼ਰਾ ਪਾਰਗਰੈਸ ਦਿਖਾਓ , ਫਿਰ ਤਨ਼ਖਾਹ ਫਿੱਟ ਕਰੇਗਾ , ਘਾਗ ਮੈਨੇਜਰ ਨੇ ਉਸ ਨੂੰ ਅਗਾਉਂ ਵਗਲ੍ਹ ਲਿਆ ।

ਸੌਚੀਂ ਪਿਆ ਸੁੱਚਾ ਮੈਨੇਜਰ ਦੀ ਗੱਲ ਸੁਣ ਕੇ ਕੁਝ ਪਲਾਂ ਲਈ ਸੁੰਨ ਜਿਹਾ ਹੋ ਗਿਆ ।

ਦੇਖੋ , ਏਕ ਔਰ ਜ਼ਰੂਰੀ ਬਾਤ .........ਕਿਸੇ ਦੂਸਰੇ ਪਾਲਸ਼ੀਏ ਸੇ ਕੋਈ ਕਾਨਾ-ਫੂਸੀ ਨਹੀਂ ਕਰਨਾ ...ਆਪਨੇ ਕਾਮ ਸੇ ਕਾਮ ਰਖਨਾ ....ਬੱਸ ।

ਇਕ ਪਾਸੇ , ਮਹੀਨੇ ਭਰ ਦੀ ਬੇਕਾਰੀ ਦੀਆਂ ਠ੍ਹੋਕਰਾਂ , ਦੂਜੇ ਪਾਸੇ ਸਾਥੀ ਕਾਰੀਗਰਾਂ ਨਾਲ ਬੋਲਣ ਦੀ ਮਨਾਹੀ ....ਸੁੱਚੇ ਦੀ ਦੋ-ਚਿੱਤੀ ਹੋਰ ਪੀਡੀ ਹੁੰਦੀ ਗਈ ।

ਚਾਨਚੱਕ ਫੋਰਮੈਨ ਨੇ ਉਸ ਦਾ ਮੋਢਾ ਥਾਪੜਦਿਆਂ ਆਖਿਆ – ਆਂ...ਹਾਂ ,ਨਾਨਾ ਭਾਈ ਸੋਚੇ ਛੈ ?

ਥਾਪੀ ਅੰਦਰਲੀ ਅਪਣਤ ਨੂੰ ਭਾਂਪਦਿਆਂ ਸੁੱਚੇ ਦੀ ਧੁੰਦਲੀ ਸੋਚ ਪਲਾਂ ਅੰਦਰ ਹੀ ਉੱਡ-ਪੁੱਡ ਗਈ । ਉਸ ਨੇ ਬੜੇ ਠਰੱਮੇ ਨਾਲ ਦੋਹਰੇ ਅਰਥਾਂ ਵਾਲੀ ਜੀ....ਈ ਆਖ ਕੇ ਅੱਡਾ ਸਾਂਭ ਲਿਆ ।

3

ਤੇਰਾ ਅੱਡਾ ਬੜਾ ਨੈਹਸ਼ ਐ ਪੰਜਾਹਾਂ ਨੂੰ ਢੁਕਦੇ ਪਾਲਸ਼ੀਏ ਪਿਰਥੀ ਨੇ ਦੂਜੇ ਦਿਨ ਰੋਟੀ ਦੀ ਛੁੱਟੀ ਵੇਲੇ ਸੁੱਚੇ ਨੂੰ ਆਖਿਆ ।

ਕਿਉਂ ....? ਤ੍ਰਬਕ ਕੇ ਸੁੱਚੇ ਨੇ ਕਾਰਨ ਜਾਨਣਾ ਚਾਹਿਆ ।

ਮੇਰੇ ਦੇਖਦਿਆਂ, ਇਨ੍ਹੇ ਕਿੰਨ੍ਹੇ ਈ ਬੰਦੇ ਖਾਧੇ ਨੇ ।

ਉਹ ਕਿੱਦਾਂ ?

ਜੇੜ੍ਹਾ ਵੀ ਇਤੇ ਬੈਠਦਾ ,ਛੇਈਂ ਕੁ ਮਹੀਨੀਂ ਅੱਧੀ-ਪੱਚਦੀ ਤਨ਼ਖਾਹ ਮੁਰਆ ਕੇ ਤੁਰਦਾ ਬਣਦਾ । ਕੋਈ ਭਲਾਈ-ਦਫ਼ਤਰਾਂ ਦੇ ਚੱਕਰ ਕੱਟਦਾ , ਕੋਈ ਲੇਬਰ-ਕੋਰਟਾਂ ਦੇ ਧੱਕੇ ਖਾਂਦਾ ....ਫੀਲਾ ਤਾਂ ਬਚਾਰਾ , ਐਸ ਅੱਡੇ ਦਾ ਮਾਰਿਆ ਜਹਾਨੋਂ ਈ ਤੁਰਦਾ ਬਣਿਆ। ਉਹਦੀ ਤਿੰਨਾਂ ਮਹੀਨਿਆਂ ਦੀ ਤਨਖਾਹ ਤੇ ਸਾਲ ਭਰ ਦਾ ਬੋਨਸ ਵੀ ਮਾਲਕ ਆਪੇ ਹੀ ਹੜੱਪ ਕਰ ਗਏ ।

ਉਹ ਕਿਉਂ ? ਸੁੱਚਾ ਸਾਰੀ ਗੱਲ ਜਾਣਨ ਲਈ ਪਿਰਥੀ ਦੇ ਹੋਰ ਲਾਗੇ ਸਰਕ ਗਿਆ ।

....ਕਿਸੇ ਬਾਹਰਲੇ ਮੁਲਕ ਨੂੰ ਗਏ ਮਾਲ ਦਾ ਭਾਰ ਘੱਟ ਨਿਕਲਿਆ । ਅਗਲੇ ਸਾਈਆਂ ਨੇ ਸਾਰੇ ਦਾ ਸਾਰਾ ਈ ਫੈਕਟਰੀ ਨੂੰ ਬਰੰਗ ਕਰ ਇਤਾ । ...ਪਹਿਲਾਂ ਆਖਦੇ ਗਏ , ਫੀਲਾ ਸਿਆਂ , ਮਾਲ ਬਾਰ੍ਹ ਜਾਣਾ , ਹੱਥ ਜ਼ਰਾ ਸੁਥਰਾ ਰੱਖੀਂ ....ਪਿਛੋਂ ਹਾਅ ਚੰਦ ਚਾੜ੍ਹ ਇਤਾ ।

ਇਦ੍ਹੇ ਵਿਚ ਫੀਲੇ ਦਾ ਕੀ ਕਸੂਰ ? ਸੁੱਚੇ ਨੇ ਫਿਕਰਮੰਦ ਹੋ ਕੇ ਪੁਛਿਆ ।

ਕਸੂਰ ਤਾਂ ਉਦ੍ਹਾ ਰੱਤੀ ਭਰ ਬੀ ਨਈਂ , ਪਰ .....ਜ਼ੌਰਾਬਰਾਂ ਦੀ ਨਜ਼ਲਾ ਤਾਂ ਮ੍ਹਾਤੜਾਂ ਤੇ ਈ ਡਿਗਦਾ ਹਰ ਵਾਰੀ ....!

ਲੇਬਰ ਅਫ਼ਸਰ ਕੋਲ ਰੀਪੋਟ ਕਰਨੀ ਸੀ ।

ਕੀਤੀ ਸੀ ....ਪਰ ਹਰ ਕੋਈ ਚੜ੍ਹਦੇ ਸੂਰਜ ਨੂੰ ਈ ਸਲਾਮਾਂ ਕਰਦਾ , ਸਭ ਅਪਸਰ –ਉਪਸਰ ਪੈਹੇ ਨਾਲ ਖਰੀਦੇ ਜਾਂਦੇ ਆ ।

ਯੂਨੀਅਨ ਵਾਲਿਆਂ ਨੂੰ ਨਈਂ ਦੱਸਿਆ ?

ਦੱਸਿਆ ਕਿਉਂ ਨਹੀਂ ! ਉਹ ਬੀ ਕੇਸ ਲੜਨ ਤੋਂ ਅੱਗੋਂ ਈ ਛੇਮਾਂ ਹਿੱਸਾ ਮੰਗਦੇ ਸੀ ।

ਬਹੁਤ ਮਾੜੀ ਗੱਲ ਹੋਈ !

ਮਾੜੀ ਜੇਹੀ ਮਾੜੀ ..........ਜਣਾਕੱਲਾ ਈ ਡੱਟਿਆ ਰਿਆ । ਰਾਤ ਨੂੰ ਲੁਕ-ਛਿਪ ਕੇ ਕਿਤੇ ਹੋਰਥੇ ਕੰਮ ਕਰਦਾ , ਦਿਨੇ ਦਫ਼ਤਰਾਂ ਦੇ ਚੱਕਰ ਮਾਰਦਾ ।

ਤੁਹਾਡੇ ਵਿਚੋਂ ਕਿਸੇ ਨੇ ਆਸਰਾ ਨਈਂ ਦਿਤਾ ।

ਆਸਰਾ ਕੀ ਦਿੰਦੇ ...ਉਹਨੂੰ ਅਗਲਿਆਂ ਊਈਂ ਜਹਾਨੋਂ ਤੁਰਦਾ ਕਰ ਇੱਤਾ ..ਤਰੀਕ ਭੁਗਤ ਕੇ ਮੁੜਦਿਆਂ ਜੀਪ ਤੇਜ਼ ਕਰ ਕੇ ਉਹਦੇ ਸੈਕਲ ਚ ਮਾਰੀ । ਪੱਕੀ ਤੇ ਸਿਰ ਭਾਰ ਡਿੱਗ ਕੇ ਉਹ ਵਿਚਾਰਾ ਥੈਂਹ ਈ ਦਮ ਤੋੜ ਗਿਆ ....। ਦੇ –ਦੁਆ ਕੇ ਅਗਲਿਆਂ ਉਹ ਕੇਸ ਵੀ ਖੁਰਦ-ਬੁਰਦ ਕਰ ਇੱਤਾ । ਅਖੇ , ਮਰਨ ਆਲਾ  ਗ਼ਲਤ ਹੱਥੇ ਸੀ ।

ਫਿਰ ....ਕੁਝ ਨਈਂ ਬਣਿਆ ਉਸ ਦਾ ....?

ਬਨਣਾ ਕੀ ਸੀ ? ਜੇੜ੍ਹਾ ਬੀ ਸਿਰ ਚੁਕਦਾ ਉਦ੍ਹਾ ਆਪਣਾ ਟੱਬਰ-ਟੀਰ ਭੁੱਖਾ ਮਰਦਾ ...ਨਾਲੇ ਕੌਣ ਕਿਸੇ ਦੀ ਮੌਤੇ ਮਰਦਾ ...!

                              ਦੋ-ਦੋ, ਚਾਰ-ਚਾਰ ਮੰਜ਼ਲੇ ਚੁਬਾਰਿਆਂ ਦੀਆਂ ਤੰਗ-ਗਲੀਆਂ ਵਾਲੇ ਸ਼ਹਿਰ ਦੀ ਖੁਲਾ-ਮ੍ਹੋਕਲਾ ਪਾਸਾ । ਚੌੜ੍ਹੀਆਂ ਖੁਲੀਆਂ ਸੜਕਾਂ ਵਿਚਕਾਰ ਵੱਡੇ-ਵੱਡੇ ਇਹਾਤਿਆਂ ਅੰਦਰ ਉਸਰੀਆਂ ਰੰਗ-ਬਿਰੰਗੀਆਂ ਉੱਚੀਆਂ ਨੀਵੀਆਂ ਕੋਠੀਆਂ । ਕੋਠੀਆਂ ਨਾਲ ਜੁੜਵੇਂ ਬਰਾਂਡਿਆਂ ਨੂੰ ਛਾਂ ਕਰਦੀਆਂ ਨੀਲੀਆਂ ਪੀਲੀਆਂ ਚਿੱਕਾਂ । ਚਿੱਕਾਂ ਲਾਗਲੀਆਂ ਤਾਕੀਆਂ ਵਿੱਚ ਫਿੱਟ ਕੀਤੇ ਰੂਮ-ਕੂਲਰ ।

ਹਰੇ-ਕਚੂਰ ਮਖ਼ਮਲੀ ਘਾਹ ਨਾਲ ਢੱਕੀ ਇਕ ਖੁਲ੍ਹੀ ਲਾਅਨ , ਪੀਲੇ ਰੰਗ ਦੀ ਨਿੱਕੀ ਕੋਠੀ ਨਾਲ ਜੁੜਦੀ ਹੋਈ । ਕੋਠੀ ਦੇ ਵੱਡੇ ਕਮਰੇ ਅੰਦਰ ਵਿਛੇ ਰੰਗਦਾਰ ਕਲੀਨ ਉਤੇ ,ਮਜ਼ਦੂਰ-ਭਲਾਈ ਅਫ਼ਸਰ ਦਾ ਮੇਜ਼ ਸਜਿਆ ਹੋਇਆ ਹੈ । ਸੱਜੇ ਹੱਥ ਟਿਕਾਏ ਸੋਫਾ-ਸੈੱਟ ਉਤੇ ਆਈ ਐਂਡ  ਆਈ ਲਿਮਟਿਡ ਦਾ ਮੈਨੇਜਿੰਗ ਡਰਾਇਰੈਕਟਰ ਤੇ ਉਸ ਦਾ ਸਟੈਨੋ ਬਿਰਾਜਮਾਨ ਹਨ । ਖੱਬੇ ਹੱਥ ਪਈਆਂ ਲੋਹੇ ਦੀਆਂ ਕੁਰਸੀਆਂ ਤੇ ਉਸੇ ਫੈਕਟਰੀ ਦੀ ਪਾਲਿਸ਼ ਸ਼ਾਪ ਦੇ ਸਾਰੇ ਦੇ ਸਾਰੇ ਪਾਲਸ਼ੀਏ ਬੈਠੇ ਹਨ । ਸਾਰੇ ਵਾਕਫ਼ ਹੋਣ ਤੇ ਵੀ ਇਕ ਦੂਜੇ ਵਲ ਨਾਵਾਕਫਾਂ ਵਾਂਗ ਦੇਖਦੇ ਹਨ ,ਪਹਿਲੀਆਂ ਤਿੰਨ ਵਾਰੀਆਂ ਵਾਂਗ ।

ਪਾਲਸ਼ੀਏ ਸੁੱਚੇ ਨੇ ਲੇਬਰ ਅਫ਼ਸਰ ਦੇ ਕਮਰੇ ਦਾ ਪਰਦਾ ਥੋੜ੍ਹਾ ਪਾਸੇ ਸਰਕਾਂਉਦਿਆਂ ,ਬੜੇ ਸਲੀਕੇ ਨਾਲ ਅੰਦਰ ਆਉਣ ਦੀ ਆਗਿਆ ਮੰਗੀ ।ਇਸ ਵਾਰ ਉਸ ਦੇ ਪਿੱਛੇ ਇਕ ਲੰਮੀ ਪਤਲੀ ਇਸਤਰੀ ਵੀ ਸੀ , ਸੋਕੜੇ ਦੀ ਬੀਮਾਰ ਬੱਚੀ ਮੋਢੇ ਲਾਈ ,ਅੰਦਰ ਆਉਂਦੀ ਹੈ ।

ਇਹ ਹੈ ਜੀ ਨਾਮੋ....., ਫੀਲੇ ਦੀ ਘਰਵਾਲੀ , ਉਹਦੇ ਬਣਦੇ ਬਕਾਏ ਦੀ ਵਾਰਸ , ਸੁੱਚੇ ਦੇ ਬੋਲਾਂ ਅੰਦਰ ਦ੍ਰਿੜਤਾ ਦੀ ਸੁਰ ਹੈ ।

ਇਦ੍ਹਾ ਕਾਈ ਹਿਸਾਬ-ਸੂਬ੍ਹ ਬਾਕੀ ਨਈਂ, ਸਟੈਨੋ ਨਿਗਾਹ ਦੀਆਂ ਢਿਲਕੀਆਂ ਐਨਕਾਂ ਉਪਰ ਨੂੰ ਸਰਕਾ ਕੇ ਬੋਲਿਆ ਹੈ ।

ਤੈਨੂੰ ਕਿੰਨ੍ਹ ਪੁੱਛਿਆ ....? ਸੁੱਚੇ ਦੇ ਬੋਲਾਂ ਅੰਦਰ ਆਈ ਤਲ਼ਖੀ ਦੇਖ ਕੇ ਲੇਬਰ ਅਫ਼ਸਰ ਨੇ ਹਥਲੇ ਕਾਗਜ਼ ਇਕ ਪਾਸੇ ਕਰ ਦਿੱਤੇ ਹਨ ।

ਭਾਈ , ਥੋਡੇ ਆਦਮੀ ਦਾ ਕੈ ਬਕਾਇਆ ਰੈਂਦਾ ਫੈਕਟਰੀ ਆਲਿਆਂ ਕੰਨੀ ...? ਲੇਬਰ ਅਫ਼ਸਰ ਨੇ ਹਮਦਰਦੀ ਨਾਲ ਨਾਮੋ ਤੋਂ ਪੁੱਛਿਆ ।

ਜੀ ....ਈ.....ਤਿੰਨਾਂ ਚੌਂਹ ਮਹੀਨਿਆਂ ਤੋਂ ਕੁਝ ਨੀ ਦਿੱਤਾ , ਹੈਨਾਂ ਹਤਿਆਰਿਆਂ...ਇਨ੍ਹਾਂ ਤਾਂ ਮੇਰਾ ਬੰਦਾ ਈ ..... ਗੱਲ ਪੂਰੀ ਕਰਨ ਤੋਂ ਪਹਿਲਾਂ ਨਾਮੋ ਦੀ ਗੱਚ ਭਰ ਜਾਂਦਾ ਹੈ ।

ਸ਼ੋਅ ਮੀ , ਹਿੱਜ਼ ਪੇ ਰੋਲ ਐਂਡ ਡੇਲੀ ਕੈਸ਼-ਬੁੱਕ , ਲੇਬਰ ਅਫ਼ਸਰ ਨੇ ਸਟੈਨੋ ਤੋਂ ਫੀਲੇ ਦਾ ਰਿਕਾਰਡ ਮੰਗ ਕੇ ਚੰਗੀ ਤਰ੍ਹਾਂ ਵਾਚਿਆ ਹੈ ।

ਆਲ ਦੀ ਫੋਨ ਐਨਟਰੀਜ਼ ਆਰ ਬੋਗਸ ......ਬੀ ਰੈਡੀ ਫਾਰ ਐਮਬੈਜ਼ਲਮੈਂਟ ਕੇਸ ,” ਆਖ ਕੇ ਫੈਕਟਰੀ ਰਿਕਾਰਡ ਮੇਜ਼ ਦੀ ਦਰਾਜ਼ ਅੰਦਰ ਸਾਂਭ ਲਿਆ ਹੈ ।

ਮੈਨੇਜਿੰਗ ਡਾਇਰੈਥਟਰ ਨੇ ਲੇਬਰ ਅਫ਼ਸਰ ਦੀ ਇਸ ਕਾਰਵਾਈ ਨੂੰ ਆਪਣੀ ਮਾਨ-ਹਾਨੀ ਸਮਝਿਆ ਹੈ । ਉਸ ਦਾ ਗੁੱਸੇ ਨਾਲ ਭਰਿਆ ਚਿਹਰਾ ਬੋਲ-ਕੁਬੋਲ ਬੋਲਣ ਲਈ ਤਣ ਜਾਂਦਾ ਹੈ , ਪਰੰਤੂ ਕੁਝ ਵੀ ਪਿੜ-ਪੱਲੇ ਨਾ ਪੈਣ ਦੇ ਡਰ ਕਾਰਨ ਡੌਰ-ਭੌਰ ਖੜੇ ਉਹਨਾਂ ਵਲ ਬਿੱਟ-ਬਿੱਟ ਤਕਦੇ ਪਾਲਸ਼ੀਆਂ ਨੂੰ ਦੇਖ ਕੇ , ਉਹ ਚੁਪ ਦਾ ਚੁਪ ਹੀ ਰਹਿੰਦਾ ਹੈ ।

ਕੁਰਸੀ ਦੀ ਢੋਅ ਤੇ ਸਿਰ ਸੁੱਟੀ , ਉਹਦੀ ਵਲ ਧਿਆਨ ਨਾਲ ਦੇਖਦੇ ਲੇਬਰ-ਅਫ਼ਸਰ ਦੀਆਂ ਅੱਖਾਂ, ਜਦ ਉਸ ਦੀਆਂ ਅੱਖਾਂ ਨਾਲ ਮਿਲਦੀਆਂ ਹਨ ਤਾਂ ਉਹ ਹੌਲੀ ਜਿਹੀ ਆਖ ਦਿੰਦਾ ਹੈ , ਡੂ ਐਨੀ ਅਡਜੇਸਟਮੈਂਟ , ਯੂ ਲਾਇਕ ।

ਉਸ ਵਲੋਂ ਧਿਆਨ ਹਟਾ ਕੇ ਲੇਬਰ-ਅਫ਼ਸਰ ਫਿਰ ਸੁੱਚੇ ਨੂੰ ਪੁੱਛਦਾ ਹੈ – ਬਾਈ ਕਾਮਰੇਡ ...ਫਿਰ ਕਿਮੇਂ ਸਲਾਹ ਐ ਥੁਆਡੀ ?

ਉਸ ਦੀ ਗੱਲਬਾਤ ਤੋਂ ਪ੍ਰਭਾਵਿਤ ਹੋਇਆ ਸੁੱਚਾ ਉਸ ਦੀਆਂ ਹਰਕਤਾਂ ਦੇਖ ਕੇ ਸ਼ੱਕੀ ਹੋ ਜਾਂਦਾ ਹੈ । ਬੜੇ ਹੀ ਸੁਭਾਵਕ ਢੰਗ ਨਾਲ ਆਪਣੀ ਮੰਗ ਦੁਹਰਾਉਣ ਦਾ ਇਰਾਦਾ ਬਦਲ ਕੇ ਉਹ ਜ਼ਰਾ ਤਲਖ਼ ਹੋ ਕੇ ਕਹਿੰਦਾ ਹੈ – ਤਿੰਨ ਮਹੀਨੇ ਦੀ ਤਨਖਾਹ , ਇਕ ਬੌਨਸ ਤੇ ਕੇਸ ਉੱਤੇ ਹੋਇਆ ਕੁਲ ਖ਼ਰਚ,...ਸ੍ਰੀਮਾਨ ਜ ਇਸ ਤੋਂ ਘਟ ਕੋਈ ਵੀ ਫੈਸਲਾ ਸਾਨੂੰ ਮਨਜ਼ੂਰ ਨਹੀਂ । ਅਸੀਂ ਨਹੀਂ ਚਾਹੁੰਦੇ ਕਿ ਫੀਲੇ ਦੀ ਮੌਤ ਬਦਲੇ ਇਨ੍ਹਾਂ ਦਾ ਕੋਈ ਮਰਵਾ ਕੇ ਉਸ ਵਿਚਾਰੇ ਦਾ ਘਰ-ਘਾਟ ਉਜਾੜੀਏ ...।

ਉਸ ਦੀ ਗੱਲ ਟੁਕਦਿਆਂ ਅੱਧ-ਵਿਚਾਲੇ ਫਸੇ ਲੇਬਰ ਅਫ਼ਸਰ ਨੇ ਮੈਨਜਿੰਗ ਡਾਇਰੈਕਟਰ ਦਾ ਹੁੰਗਾਰਾ ਟੋਲਣ ਲਈ ਉਸ ਵੱਲ ਝਾਕਦਿਆਂ ਆਖਿਆ – ਦੀਜ਼ ਨੱਟਸ ਆਫ ਹਾਰਡ ਟੂ ਕਰੈਕ ....ਦੇਅਰ ਸੀਮਜ਼ ਟੂ ਮੀ ਨੋ ਮਿੱਡ-ਵੈ ਆਊਟ ।

ਜਾਅਲੀ ਲਿਖਤੀ ਕਾਰਵਾਈ ਅਤੇ ਲੈ-ਦੇ ਕੇ ਨਿਪਟਾਏ ਖੂਨ ਦੇ ਕੇਸ ਦੇ ਮੁੜ ਜਾਗ ਪੈਣ ਦੇ ਡਰੋਂ , ਮਾਨਸਿਕ ਬੋਝ ਹੇਠ ਦੱਬੇ ਮੈਨੇਜਿੰਗ ਡਾਇਰੈਕਟਰ ਨੇ ਲੇਬਰ-ਅਫ਼ਸਰ ਨੂੰ ਡੂ ਐਜ਼ ਦੇ ਵਿਜ਼ ਆਖ ਕੇ ਹਰੀ ਝੰਡੀ ਦਿੱਤੀ ਹੈ ।

                                                5

ਕੁਲ ਬਣਦੀ ਰਕਮ ਦਾ ਚੈੱਕ ਫੀਲੂ ਦੀ ਵਿਧਵਾ ਨੂੰ ਸੰਭਾਲ ਕੇ , ਸਾਰੇ ਪਾਲਸ਼ੀਏ ਫੈਕਟਰੀ ਪਹੁੰਚ ਕੇ , ਜਦ ਮੁੜ ਆਪਣਾ ਆਪਣਾ ਅੱਡਾ ਸੰਭਾਲਦੇ ਹਨ , ਤਾਂ ਵਰਕਸ਼ ਮੈਨੇਜਰ ਤੋਂ ਅੱਖ ਬਚਾ ਕੇ ਗੁਜਰਾਤੀ ਫੋਰਮੈਨ ਸੁੱਚੇ ਨੂੰ ਹਲਕੀ ਜਿਹੀ ਥਾਪੀ ਦੇਂਦਿਆਂ ਆਖਦਾ ਹੈ – ਸਾਰੋ ਛੈ, ਸੁਚਾ ਸੀਂਘ....ਸਾਰੋ ਛੈ ।

 

------------------------------

ਅਜੇ ਮੈਂ ਜੀਊਂਦਾ ਹਾਂ....(ਕਹਾਣੀ)

ਲਾਲ ਸਿੰਘ ਦਸੂਹਾ

------------------------------

.......ਤੁਆਡੇ ਬਣਾਏ ਧਰਮਾਂ ਦੀ ਆੜ ਅੰਦਰ , ਲੋਕਾਂ ਇਕ ਦੂਜੇ ਦੇ ਖੂਨ ਨਾਲ ਰੱਜ ਕੇ ਹੋਲੀ ਖੇਲੀ ...ਭੁੱਖਮਰੀ ਤੇ ਬੇਕਾਰੀ ਤੇ ਪੁੜਾਂ ਅੰਦਰ ਪਿਸਦੇ ਸਾਡੇ ਕਾਰੀਗਰ ਬੱਚਿਆਂ ਨੂੰ ਦੇਸ਼-ਨਿਕਾਲਾ ਦੇ ਕੇ ਤੁਸੀਂ ਸਾਡੀ ਬੋਲੀ ਤਾਂ ਕੀ ਸਾਰੇ ਦਾ ਸਾਰਾ ਸਭਿਆਚਾਰ ਆਪਣੇ ਵਿਦੇਸ਼ੀ ਭਾਈਵਾਲਾਂ ਕੋਲ ਗਿਰਵੀ ਕਰ ਦਿੱਤਾ , ਅਤੇ ਤੁਹਾਡੀਆਂ ਯੋਜਨਾਵਾਂ ਦਾ ਲਾਭ ਤਾਂ ਆਹ ਤੁਆਡੇ ਸਾਹਮਣੇ ਬੈਠੇ ਚੌਧਰੀਆਂ ਨੇ ਆਪੋ ਵਿਚ ਦੀ ਈ ਵੰਡ ਲਿਆ ........ਮ੍ਹਾਰਾਜ ! ( ਇਸੇ ਕਹਾਣੀ ਵਿੱਚੋਂ )

------------------------------

 

ਦਿਲ ਦਾ ਦਰਦ ਉੱਤਰ ਕੇ ਪਹਿਲਾਂ ਗੋਡਿਆਂ ਅੰਦਰ ਆ ਗਿਆ , ਫਿਰ ਗਿੱਟਿਆਂ ਵਿੱਚ ਅਤੇ ਮੈਨੂੰ ਗੰਠੀਆ ਹੋ ਗਿਆ । ਫੇਫੜਿਆਂ ਅੰਦਰਲਾ ਸਾਹ ਬਲਗਮ ਜੰਮੀਆਂ ਨਾੜੀਆਂ ਵਿਚਕਾਰੋਂ ਲੰਘਣੋਂ ਬੰਦ ਹੋਣ ਲੱਗ ਪਿਆ , ਤਾਂ ਡਾਕਟਰਾਂ ਆਖ ਦਿੱਤਾ ਕਿ ਮੈਨੂੰ ਦਮਾ ਵੀ ਹੈ । ਬਹੁਤ ਔਖੇ ਦਿਨ ਲੰਘਣ ਲੱਗੇ । ਖਾਣਾ-ਪੀਣਾ ਹਰਾਮ ਹੋ ਗਿਆ । ਮਲ ਮੂਤਰ ਦੀ ਹਾਜ਼ਤ ਵੇਲੇ ਉਠਣੋਂ –ਬੈਠਣੋਂ ਆਤਰ ਹੋਇਆ ਜਦੋਂ ਕਿਸੇ ਨੂੰ ਆਵਾਜ਼ ਮਾਰਦਾ ਤਾਂ ਦਮ ਸਾਥ ਨਾ ਦੇਂਦਾ । ਵਾਜ਼ ਮਾਰਦਾ ਵੀ ਕਿਹਨੂੰ ? ਕੁੜੀਆਂ ਦੋਨੋਂ ਸਹੁਰੇ ਘਰੀਂ ਤੁਰ ਗਈਆਂ ਸਨ ਅਤੇ ਮੁੰਡੇ ਅਮਰੀਕਾ । ਗੁਆਂਡੀਆਂ ਦੇ ਪਾਸ਼ੇ ਤੋਂ ਉਪਰੋ-ਥੱਲੀ ਕਈ ਚਿੱਠੀਆਂ ਵੀ ਪੁਆਈਆਂ , ਪਰ ਦੋਨਾਂ ਚ ਕੋਈ ਨਾ ਬਹੜਿਆ । ਹਾਂ , ਇਕ ਲੰਮੀ ਚੌੜੀ ਚਿੱਠੀ ਜ਼ਰੂਰ ਆਈ : ਅਖੇ  - ਭਾਪਾ ਜੀ , ਸਿਹਤ ਦਾ ਧਿਆਨ ਰੱਖਣਾ , ਕਿਸੇ ਚੰਗੇ ਜਿਹੇ ਡਾਕਟਰ ਤੋਂ ਦੁਆਈ ਲੈਣੀ ।

ਪਰ ਡੁੱਬੀ ਤੇ ਤਾਂ ਜੇ ਸਾਹ ਨਾ ਆਇਆ । ਦੁਆਈ ਕਿਹੜਾ ਭੜੂਆ ਲਿਆ ਕੇ ਦਿੰਦਾ । ਰੋਜ਼ ਰੋਜ਼ ਕੌਣ ਵਗਾਰਾਂ ਕਰਦਾ ? ਪਰ ,ਉਹ ਰੰਡੀ , ਮੇਰੇ ਚੌਹਾਂ ਨਿਆਣਿਆਂ ਦੀ ਮਾਂ ਨੇ ਤਾਂ ਕਸਮ ਹੀ ਖਾਧੀ ਹੋਈ ਸੀ। ਨਾ ਸੁਣੀ ਵਾਜ਼ ਦਾ ਉੱਤਰ ਦੇਣਾ , ਨਾ ਡਿੱਗੇ ਢੱਠੇ ਨੂੰ ਸੰਭਾਲਣਾ । ਕਈ ਵਾਰ ਮੇਰਾ ਜੀਅ ਕਰਦਾ ਕਿ ਆਰੀ ਲੈ ਕੇ ਇਸ ਕਮਜਾਤ ਦੇ ਟੁਕੜੇ-ਟੁਕੜੇ ਕਰ ਦਿਆਂ , ਪਰ ਬੈਠੀ ਤੋਂ ਉੱਠ ਨਾ ਹੋਵੇ , ਫਿੱਟੇ ਮੂੰਹ ਗੋਡਿਆਂ ਦਾ !

ਚਾਰੇ ਬੰਨਿਓਂ ਤੰਗ ਆ ਕੇ ਮੈਂ ਕਈ ਵੇਰਾਂ ਅਰਦਾਸ ਕੀਤੀ – ਹੇ ਰੱਬਾ ਸੱਚਿਆ , ਚੰਗਾ ਹੋਵੇ ਜੇ ਤੂੰ ਮੈਨੂੰ ਚੱਕ ਲਵੇਂ , ਪਰ ਰੱਬ ਕਿਤੇ ਹੁੰਦਾ ਤਾਂ ਈ , ਕੋਈ ਕਾਰਾ ਕਰਦਾ ?

ਇਕ ਦਿਨ ਸਵੇਰੇ ਸਵੇਰੇ ਕੀ ਭਾਣਾ ਵਰਤਿਆ ਕਿ ਮੈਨੂੰ ਬਹੁਤ ਭੁੱਖ  ਲੱਗ ਗਈ । ਮੈਂ ਪੂਰੇ ਜ਼ੋਰ ਨਾਲ ਸਵਰਨੋ ਨੂੰ ਵਾਜ਼ ਮਾਰੀ । ਇਕ ਦੋ ਵਾਜ਼ਾਂ ਦਾ ਉੱਤਰ ਤਾਂ ਉਹ ਦਿਆ ਈ ਨਹੀਂ ਸੀ ਕਰਦੀ । ਪੰਜਵੀਂ-ਛੇਵੀਂ ਵਾਜ਼ ਮਾਰਦਿਆਂ ਵੀ ਮੈਨੂੰ ਹੁੱਥੂ ਨਾ ਲੱਗਾ ਅਤੇ ਨਾ ਈ ਸਾਹ ਉੱਖੜਿਆ । ਕਿਤੇ ਅੱਧੇ ਘੰਟੇ ਮਗਰੋਂ ਉਹ ਆਈ-ਈ-ਆਈ ਤਾਂ ਆਉਂਦਿਆਂ ਸਾਰ ਬਿਜਲੀ ਵਾਂਗ ਕੜਕਦੀ ਬੋਲੀ – ਕਾਹੈ, ਟਰੈਂ-ਟਰੈਂ ਕਰੇ ਰੇ , ਨਾਹੋਂ ਮਰੈ ...... ਨਾਹੋਂ ਜਾਨ ਛਾਡੇ ....., ਕਾ ਹੋ ? ਮੈਂ ਆਖਿਆ – ਮੈਨੂੰ ਭੁੱਖ ਲੱਗੀ ਆ , ਰੋਟੀ ਲਿਆ ਦੇ । ਮੱਕੀ  ਦੀਆਂ ਤਿੰਨ ਚਾਰ ਰੋਟੀਆਂ ਖਾ ਕੇ ਮੈਂ ਚੈਨ ਨਾਲ ਸੌਂ ਗਿਆ ।

ਥੋੜ੍ਹੇ ਚਿਰ ਪਿਛੋਂ ਮੈਨੂੰ ਲੱਗਾ ਕਿ ਮੇਰੇ ਗਿੱਟੇ-ਗੋਡੇ ਰਮਾ ਹੋ ਗਏ ਹਨ, ਸਾਹ ਠੀਕ-ਠਾਕ ਚੱਲਣ ਲੱਗ ਪਿਆ ਹੈ , ਤੇ ਮੈਂ ਬਿਲਕੁਲ ਤੰਦਰੁਸਤ ਹੋ ਗਿਆ ਹਾਂ । ਵਰ੍ਹਿਆਂ ਤੋਂ ਨੀਮ ਬੋਲੇ ਕੰਨਾਂ ਨੂੰ ਚੰਗਾ ਭਲਾ ਸੁਣਨ ਲੱਗ ਪਿਆ ਹੈ । ਵੀਹਾਂ ਸਾਲਾਂ ਤੋਂ ਲੱਗੀਆਂ ਨਜ਼ਰ ਦੀਆਂ ਐਨਕਾਂ ਦੀ ਵੀ ਲੋੜ ਨਹੀਂ ਰਹੀ । ਲਾਗੇ ਖੜੇ ਬੰਦੇ ਨੂੰ ਪਛਾਨਣ ਲਈ ਅੱਖਾਂ ਉੱਤੇ ਹੱਥ ਦੀ ਛਾਂ ਵੀ ਨਹੀਂ ਕਰਨੀ ਪੈਂਦੀ ।

ਆਪਣੇ ਆਪ ਉੱਠਣ-ਬੈਠਣ ਜੋਗਾ ਹੋ ਕੇ ਮੈਨੂੰ ਖ਼ਸ਼ੀ ਤਾਂ ਬਹੁਤ ਹੋਈ , ਪਰ ਬਹੁਤੀ ਖੁਸ਼ੀ ਮੈਨੂੰ ਚਾਰੇ ਪਾਸੇ ਪੱਸਰੇ ਸੁੱਖ, ਚੈਨ ,ਆਰਾਮ ਕਰਕੇ ਵੀ ਹੋਈ – ਨਾ ਕਿਸੇ ਤਰ੍ਹਾਂ ਦਾ ਰੌਲਾ , ਨਾ ਰੱਪਾ ਨਾ ਚੀਕ, ਨਾ ਚਿਹਾੜਾ , ਨਾ ਮੰਜੇ ਲਾਗੇ ਬੱਝੀ ਮਹਿੰ ਦੀਆਂ ਛੜਾਂ ,ਨਾ ਮੋਕ-ਪਿਸ਼ਾਬ ਦੇ ਛਿੱਟੇ ਜਿਹੜੇ ਕਈਆਂ ਚਿਰਾਂ ਤੋਂ ਮੇਰੇ ਮੰਜੇ –ਬਿਸਤਰੇ ਨੂੰ ਰੰਗਦੇ ਆ ਰਹੇ ਸਨ । ਹੋਰ ਤਾਂ ਹੋਰ ਮੈਨੂੰ ਆਪਣੇ ਆਪ ਤੋਂ ਸੜਾਦ ਦੀ ਥਾਂ ਖੁਸ਼ਬੂ ਜਿਹੀ ਆਉਣ ਲੱਗ ਪਈ ।

ਪਹਿਲਾਂ ਮੈਨੂੰ ਇਉ ਪ੍ਰਤੀਤ ਹੋਇਆ ਕਿ ਕੋਈ ਯਖ-ਠੰਡੀ ਸ਼ੈਅ ਮੇਰੇ ਉੱਤੇ ਧਰ ਦਿੱਤੀ ਗਈ ਹੈ । ਫਿਰ ਲੱਗਾ ਕਿ ਗਰਮ ਪਾਣੀ ਨਾਲ ਇਸ਼ਨਾਨ ਕਰ ਰਿਹਾਂ ਹਾਂ । ਹੈਂ ....... ਇਹ ਕੀ ? ਖੁਸ਼ਬੂਦਾਰ ਸਾਬਣ ਦੀ ਝੱਗ । ਕਮਾਲ ਹੋ ਗਈ । ਸਾਰੀ ਉਮਰ ਇਹੋ ਜਿਹੇ ਨਰਮ ਸਾਬਣ ਦੀ ਛੋਹ ਮੇਰੇ ਕਰੜ ਬਰੜੇ ਹੱਥਾਂ ਨੂੰ ਪ੍ਰਾਪਤ ਨਹੀਂ ਸੀ ਹੋਈ । ਪਰ ਹੁਣ ...... ਹੁਣ ਤਾਂ ਪੈਰਾਂ ਦੀਆਂ ਅੱਡੀਆਂ ਵਿੱਚ ਫੁੱਟੀਆਂ ਬਿਆਈਆਂ ਵੀ ਖੁਸ਼ਬੂਦਾਰ ਸਾਬਣ ਨਾਲ ਧੋਤੀਆਂ ਜਾ ਰਹੀਆਂ ਸਨ ਅਤੇ ਕਾਂਗਲ ਜਿਹੇ ਬਦਨ ਉਤੇ ਅਤਰ ਛਿੜਕਿਆ ਜਾ ਰਿਹਾ ਸੀ । ਬਿਲਕੁਲ ਉਹੋ ਜਿਹਾ ਅਤਰ ਜਿਸ ਦੀ ਖੁਸ਼ਬੂ, ਮੈਂ ਪਹਿਲੀ ਵਾਰ ਮੌਲਵੀ ਚਰਾਗ਼ਦੀਨ ਦੇ ਤੁਰਲੇ ਚੋਂ , ਖੁਸ਼ਕੱਤ ਕਰ ਕੇ ਲਿਖੀ ਫੱਟੀ ਦਿਖਾਉਂਦਿਆਂ , ਸੁੰਘੀ ਸੀ ਅਤੇ ਦੂਜੀ ਵਾਰੀ ਰਾਓਲਪਿੰਡੀ ਭਾਈ ਅਤਰ ਸਿੰਘ ਬਚਿੱਤਰ ਸਿੰਘ ਦੀ ਦੁਕਾਨ ਪਿਛਵਾੜੇ ਕੰਮ ਕਰਦਿਆਂ । ਬਹੁਤੇ ਈ ਕਮਾਲ ਦੀ ਚੀਜ਼ ਸੀ ਉਹ । ਸਾਰੇ ਮੀਨਾ ਬਾਜ਼ਾਰ ਅੰਦਰ ਉਨ੍ਹਾਂ ਦੀ ਦੁਕਾਨੇ ਵਿਕਦੇ ਅਤਰ ਦੀ ਖ਼ਸਬੋ ਖਿਲਰੀ ਰਹਿੰਦੀ ਸੀ । ਜ਼ਨਾਨੀਆਂ ਤਾਂ ਉਸ ਬਾਜ਼ਾਰੇ ਬਿਨਾਂ ਕੰਮੋਂ ਈ ਫੇਰਾ ਤੋਰਾ ਰੱਖਦੀਆਂ ਸਨ । ਜਿਨ੍ਹਾਂ ਦਾ ਹੱਥ ਜ਼ਰਾ ਸੌਖਾ ਹੁੰਦਾ , ਉਨ੍ਹਾਂ ਦੀਆਂ ਜੇਬਾਂ ਵਿਚੋਂ ਜ਼ੁਲਫੈ-ਲਾਹੌਰ ਜਾਂ ਜ਼ੁਲਫੇ ਰਾਵਲਪਿੰਡੀ ਮਾਰਕਾ ਅਤਰ ਦੀਆਂ ਸ਼ੀਸ਼ੀਆਂ ਖ਼ਰੀਦਣ ਲਈ ਦਸ ਜਾਂ ਅੱਠ ਆਨੇ ਝੱਟ ਪੱਟ ਨਿਕਲ ਆਉਂਦੇ , ਪਰ ਖਾਲੀ ਹੱਥਾਂ ਵਾਲੀਆਂ ਹਿਰਾਸੀਆਂ ਨਜ਼ਰ ਨਾਲ ਦੇਖਦੀਆਂ , ਭਰਵੇਂ ਡੂੰਘੇ ਸਾਹ ਭਰਦੀਆਂ ,ਮੱਧਮ ਚਾਲੇ ਅੱਗੇ ਲੰਘ ਜਾਂਦੀਆਂ ਸਨ ।

ਮੈਂ ਵੀ ਦੁਕਾਨ ਦੇ ਅੰਦਰ ਰੈਕਾਂ ਦੀ ਮੁਰੰਮਤ ਕਰਦਾ ਦੋ ਦਿਨਾਂ ਦਾ ਕੰਮ ਚਾਰ ਦਿਹਾੜੀਆਂ ਵਿੱਚ ਮੁਕਾਇਆ ਕਰਦਾ ਸੀ ਅਤੇ ਚਾਰ ਆਨੇ ਦਿਹਾੜੀ  ਦੀ ਥਾਂ ਤਿੰਨ ਆਨੇ ਲੈ ਕੇ , ਕਈ ਕਈ ਦਿਨ ਦੁਕਾਨ ਪਿਛਵਾੜੇ ਬਣਦੇ ਅਤਰ ਦੀ ਦੂਰ ਤੱਕ ਖਿਲਰੀ  ਖੁਸ਼ਬੂ ਸੁੰਘਦਾ ਰਹਿੰਦਾ ਸੀ । ਓਥੇ ਹੀ ,ਐਹ ..... ਨਿਖ਼ਸਮੀ ,ਅਤਰ-ਪੱਟੀ ਸਗਲੀ ਦੂਜੇ ਚੌਥੇ ਗੇੜਾ ਮਾਰਦੀ ਨੇ ਮੈਨੂੰ ਪੱਟ ਘੱਤਿਆ । ਸਵੇਰੇ-ਸ਼ਾਮੀਂ ਗੁਰਦੁਆਰੇ ਜਾਂਦੇ ਦਾ ਪਿੱਛਾ ਕਰਦੀ ਉੱਪਰ ਈ ਆ ਚੜ੍ਹੀ ਸੀ – ਅਖੇ , ਮੈਂ ਵਸੈਂ ਤਾਂ ਥਾਰੈਈ ਵਸੈਂ ਅੰਨ੍ਹਾਂ ਕੀ ਭਾਲੇ ਦੋ ਅੱਖਾਂ । ਵੱਤੋਂ ਲੰਘ ਚੁੱਕਾ ਹੋਣ ਕਰਕੇ ਮੈਂ ਵੀ ਵੇਲਾ ਸਾਂਭ ਲਿਆ ਅਤੇ ਸਗਲੀ ਨੂੰ ਸਵਰਨ ਕੌਰ ਬਣਾ , ਓਦੋਂ ਤਾਂ ਆਪਣੀ ਰੋਟੀ ਪੱਕਦੀ ਕਰ ਲਈ , ਪਰ ਕੀ ਪਤਾ ਸੀ – ਇਸ ਚੁੜੇਲ ਨੇ ਮੁੜ ਗਲੋਂ ਈ ਨਹੀਂ ਲਹਿਣਾ । ਮੈਂ ਵੀ ਉਸ ਨੂੰ ਪੈਰ ਦੀ ਜੁੱਤੀ ਤੋਂ ਸਿਵਾ ਕੁਝ ਨਹੀਂ ਸੀ ਸਮਝਿਆ । ਖਾਣ-ਪੀਣ ,ਹੰਢਾਣ ਵਿੱਚ ਭਾਵੇਂ ਸਾਰੀ ਉਮਰ ,ਮੈਂ ਆਪਣੀ ਈ ਮਨਮਾਨੀ ਕੀਤੀ ਸੀ , ਪਰ ਅੱਜ ਚਾਲ੍ਹੀਆਂ ਵਰ੍ਹਿਆਂ ਪਿਛੋਂ ਓਸੇ ਅਤਰ ਦੀ ਖ਼ਸ਼ਬੋ , ਮੈਨੂੰ ਆਪਣੇ ਨਿੱਘਰ ਚੁੱਕੇ ਸਰੀਰ ਦੁਆਲਿਓਂ ਆਉਂਦੀ ਓਪਰੀ ਜਿਹੀ ਲੱਗੀ ।

ਫਿਰ, ਮੈਨੂੰ ਮੁਲੈਮ ਬੁਰ ਵਾਲੇ ਤੌਲੀਏ ਨਾਲ ਪੂੰਝ  ਕੇ ਨਵੇਂ ਨਿਕੋਰ  ਤਿਲਕਣੇ ਕਪੜੇ ਦੀ ਕਮੀਜ਼ ਪੁਆ ਕੇ , ਸੀਤੇ –ਸਿਲਾਏ ਗਰਮ ਸੂਟ ਨਾਲ ਸ਼ਿੰਗਾਰਿਆ ਗਿਆ । ਦਾੜ੍ਹੀ ਦੇ ਝਾੜੂ ਬਣੇ ਵਾਲਾਂ ਦੀ ਜ਼ਰਾ ਕੁ ਗੁੱਟੀ ਕਰ ਕੇ ਮੋਟੀ ਗੰਢ ਵਾਲੀ ਟਾਈ ਬੰਨ੍ਹੀ ਗਈ । ਗੁਲਾਬੀ ਰੰਗ ਦੀ ਸੱਤ-ਗਜ਼ੀ ਪੱਗ ਦਾ ਮਡਾਸਾ ਬਣਾ , ਕਾਲੋ ਕੋਟ ਦੀ ਉੱਪਰਲੀ ਜੇਬ ਅੰਦਰਲੇ ਚਿੱਟੇ ਰੁਮਾਲ ਦੀਆਂ ਨੋਕਾਂ ਕੱਢੀਆਂ ਗਈਆਂ । ਵਿਤੋਂ-ਬਾਹਰੀ ਖੁਲ੍ਹੀ ਪਤਲੂਣ ਦਾ ਜਾਪਾਨੀ ਪੇਟੀ ਨਾਲ ਮੇਰੇ ਲੱਕ ਦੁਆਲੇ ਬੰਨ੍ਹ ਕੇ ਬੋਕਾ ਜਿਹਾ ਬਣਾ ਦਿੱਤਾ ਗਿਆ । ਪੈਰਾਂ ਵਿੱਚ ਨੈਲੱਨ ਦੀਆਂ ਜਰਾਬਾਂ ਚਾੜ੍ਹ ਜਦ ਕੁਰਮ ਦੇ ਕਾਲੇ ਬੂਟਾਂ ਦੀ ਵਾਰੀ ਆਈ ਤਾਂ ਕਿਸੇ ਨੇ ਟੋਕ ਦਿੱਤਾ ।

ਮੈਂ ਇਹ ਸਾਰਾ ਮਾਜਰਾ ਚੁੱਪ-ਚਾਪ ਦੇਖਦਾ ਰਿਹਾ । ਵਿਚਕਾਰੋ ਧਰਤੀ ਨਾਲ ਲੱਗੀ ਟੁੱਟੀ ਜਿਹੀ ਮੰਜੀ ਤੋਂ ਚੁੱਕ ਕੇ ਤਖ਼ਤਪੋਸ਼ ਵਰਗੀ ਨਵੀਂ ਬਣੀ ਕਰੜੀ ਥਾਂ ਤੇ ਲੇਟਣ ਤੱਕ ,ਮੈਂ ਭਗਤੂ ਤਰਖਾਣ ਤੋਂ ਬਦਲ ਕੇ ਵਲੈਤੀ ਸਿਖ ਵਰਗਾ ਆਪਣਾ ਹੁਲੀਆ ਦੇਖ ਕੇ ਇਕ ਵਾਰ ਤਾਂ ਖੁਸ਼ੀਆਂ ਮਾਰਾ ਫੁੱਲ ਗਿਆ , ਪਰ ਛੇਤੀ ਈ ਬਚਪਣੇ ਤੋਂ ਲੈ ਕੇ ਬੜੇ ਚਾਅ ਨਾਲ ਹੰਢਾਈ ਆਪਣੀ ਰਹਿਤ-ਮਾਰਯਾਦਾ , ਬਦੇਸ਼ੀ ਵਰਦੀ ਦੇ ਭਾਰ ਹੇਠਾਂ ਦੱਬੀ ਦਾ , ਮੈਨੂੰ ਸਾਹ ਘੁਟਦਾ ਜਾਪਣ ਲੱਗਾ । ਨਾਲ ਦੀ ਨਾਲ ਈ ਚੋਰੀ ਅੱਖੀਂ ਮੈਂ ਸੜੀ-ਭੁੱਜੀ ਆਪਣੀ ਘਰਵਾਲੀ, ਫੱਫੇਕੁੱਟਣੀ ਸਵਰਨੋ ਦੀ ਬੂਥੇ ਵੱਲ ਵੀ ਦੇਖਦਾ ਰਿਹਾ, ਜਿਸ ਉੱਤੇ ਖਿੜੇ ਫੁੱਲ ਵਰਗੀ ਖੁਸ਼ੀ ਪਸਰੀ ਹੋਈ ਸੀ । ਮੇਰੇ ਖੱਬੇ ਹੱਥ ਬੈਠੀਆਂ ਕਰਮੀਂ,ਭਾਗੋ , ਤਾਬੋ , ਪ੍ਰੀਤੋ , ਜੀਤੋ ਤੇ ਹੋਰਨਾਂ ਸੁਆਣੀਆਂ ਨੇ , ਝੁਰੜੀਆਂ ਮਾਰੇ ਮੱਥਿਆਂ ਤੇ ਚਿੱਟੇ ਦੁਪੱਟੇ ਲਟਕਾਈ ਹਟਕੋਰੇ ਭਰਦੀਆਂ ਨੇ , ਤਾਂ ਕਈ ਵਾਰੀ ਨੱਕਾਂ ਚੋਂ ਵਗਦਾ ਪਾਣੀ ਪੱਲਿਆਂ ਨਾਲ ਪੂੰਝ ਲਿਆ ਸੀ , ਪਰ ਸੱਜੇ ਹੱਥ ਬੈਠੇ ਫੀਲੇ , ਨੰਦੂ,ਬੰਤੇ , ਕੇਸਰ ਅਤੇ ਦਿਆਲੋ ਦੇ ਚਿਹਰਿਆਂ ਤੇ ਗ਼ਮੀ ਦੀ ਕੋਈ ਨਿਸ਼ਾਨੀ ਨਹੀਂ ਸੀ ਦਿੱਸਦੀ । ਹਾਂ ਮੇਰੇ ਛੋਟੇ ਭਰਾ ਫੱਤੂ ਦੀਆਂ ਅੱਖਾਂ ਵਿਚੋਂ ਲਮਕਦੇ ਅੱਥਰੂਆਂ ਨਾਲ ਉਸ ਦੀਆਂ ਟੋਏ ਬਣੀਆਂ ਖਾਖਾਂ ਭਰੀਆਂ ਪਈਆਂ ਸਨ । ਮੈਨੂੰ ਉਸ ਦੀ ਲੀਰੋ-ਲੀਰ ਹੋਈ ਹਾਲਤ ਦੇਖ ਕੇ ਬਹੁਤ ਤਰਸ ਆਇਆ । ਪਹਿਲਾਂ ਤਾਂ ਮੇਰਾ ਜੀਅ ਕੀਤਾ ਕਿ ਉਸ ਨੂੰ ਪੁਛ ਈ ਲਵਾਂ – ਕਿ ਭਰਾਵਾਂ, ਤੂੰ ਮੈਨੂੰ ਇਸ ਤਰ੍ਹਾਂ ਸਜਿਆ-ਧੱਜੀਆ ਦੇਖ ਕੇ ਰੋਂਦਾ ਕਿਉਂ ਏਂ ? ਫਿਰ ਝੱਟ ਹੀ ਮੈਨੂੰ ਯਾਦ ਆ ਗਿਆ – ਕਿ ਹਾਲੀ ਦੋ ਈ ਮਹੀਨੇ ਪਹਿਲਾਂ ਤਾਂ ਉਸ ਨੇ ਆਪਣੇ ਪੰਝੀਆਂ ਵਰ੍ਹਿਆਂ ਦੇ ਜੁਆਨ-ਜਹਾਨ ਪੁੱਤ ਸਰਾਹਣੇ ਕੱਚਾ ਭਾਂਡਾ ਭੰਨਿਆ ਸੀ ! ਹਾਲੀ ਤਾਂ ਉਸ ਦੇ ਇਕੋ-ਇਕ ਸਹਾਰੇ ਦਾ ਸਿਵਾ ਵੀ ਠੰਡਾ ਨਹੀਂ ਹੋਇਆ ! ਵਰ੍ਹਿਆਂ ਤੋਂ ਦੇਸ਼ ਅੰਦਰਲੀ ਬੇਕਾਰੀ ਦਾ ਡੰਗਿਆ ਤਰਸੇਮ , ਦੂਰ ਕਿਸੇ ਮੁਲਕ ਅੰਦਰ ਕਾਰਖਾਨੇ ਉੱਤੇ ਸੁੱਟੇ ਬੰਬਾਂ ਨਾਲ , ਕਈਆਂ ਬੇਦੋਸ਼ੀਆਂ ਵਾਂਗ ਫੀਤਾ-ਫੀਤਾ ਹੋ ਕੇ ਲਕੜੀ ਦੀ ਪੇਟੀ ਵਿੱਚ ਬੰਦ ਹੋ ਕੇ ਘਰ ਪਰਤੇ ਨੂੰ ਹਾਲੀਂ ਕਿਹੜਾ ਬਹੁਤਾ ਸਮਾਂ ਲੰਘਿਆ ਸੀ , ਜਿਸ ਨਾਲ ਉਸ ਦਾ ਅੱਲਾ ਜ਼ਖ਼ਮ ਭਰ ਜਾਂਦਾ ।

ਦੂਜੇ ਈ ਪਲ ਮੈਨੂੰ ਲੱਗਾ ਕਿ ਇਹ ਲੋਕ ਮੇਰੇ ਬਹਾਨੇ ਆਪਣਿਆਂ ਨੂੰ ਰੋਈ ਜਾਂਦੇ ਆ। ਪਰ ........ਭਰਾ ਲੋਕ ਕਿਵੇਂ ਹੋਏ ? ਲੋਕ ਤਾਂ ਮੇਰੇ ਲਈ ਆਪਣੇ ਅਮਰੀਕਾ ਬੈਠੇ ਦੋਨੋਂ ਮੁੰਡੇ ਸੀ , ਜਾਂ ਫੱਤੂ ਲਈ ਉਦ੍ਹੀ ਨੌਂਹ ਜਿਹੜੀ ਸੇਮੂ ਦਾ ਬਾਹਰੋਂ ਆਇਆ ਸਾਰਾ ਪੈਸਾ-ਧੇਲਾ ਸਾਂਭ ਆਪਣੇ ਪੇਕੀਂ ਚਲੀ ਗਈ ਸੀ । ਥੋੜ੍ਹੇ ਜਿਹੇ ਦਿਨਾਂ ਪਿਛੋਂ ਈ ਉਸ ਦਾ ਪਿਓ, ਧੀ ਨੂੰ ਦੋ ਵਰ੍ਹੇ ਪਹਿਲਾਂ ਦਿੱਤੀ ਦਾਜ ਦੀ ਟਰਾਲੀ ਭਰ ਕੇ ਲੈ ਗਿਆ ਸੀ – ਅਖੇ , ਮੇਰੀ ਧੀ ਸਹੁਰੇ-ਘਰ ਸਾਰੀ ਉਮਰ ਦਾ ਰੰਡੇਪਾ ਕਿਮੇਂ ਕੱਟੂ ? ਘਰ ਦੀ ਇੱਜ਼ਤ ਘਰੇ ਰੱਖਣ ਲਈ , ਮੈਂ ਆਪਣੇ ਨਿੱਕੇ ਲਈ , ਉਸ ਭਲੇਮਾਣਸ ਦੀਆਂ ਲੱਖ ਮਿੰਨਤਾਂ ਕੀਤੀਆਂ । ਪਰ ,ਉਸ ਪਿਓ ਦੇ ਪੁੱਤ ਦੇ ਕੰਨਾਂ ਤੇ ਜੂੰ ਨਹੀਂ ਸੀ ਸਰਕੀ । ਉਸ ਦਿਨ ਮੈਨੂੰ ਪਹਿਲੀ ਵਾਰ ਪਤਾ ਲੱਗਾ – ਕਿ ਮਾਪੇ ਵਿਆਹ ਦੀ ਆੜ ਪਿਛੇ ਪੁੱਤਾਂ ਦਾ ਈ ਨਹੀਂ , ਧੀਆਂ ਦਾ ਵੀ ਮੁੱਲ ਵੱਟਦੇ ਹਨ ।

ਉਸ ਦਿਨ ਤੋਂ ਮੇਰਾ ਭਰਾ ਫ਼ਤਿਹ ਸਿੰਘ ਉਰਫ਼ ਫੱਤੂ ਅਤੇ ਮੈਂ ਲੋਕ ਨਹੀਂ ਸੀ ਰਹੇ । ਸੇਮੂ ਦੀ ਤੁਰੀ ਜਾਂਦੀ ਅਰਥੀ ਦੇਖ ਕੇ ਮੇਰੇ ਅੰਦਰੋਂ ਹੰਝੂਆਂ ਦਾ ਹੜ੍ਹ ਚੱਲ ਨਿਕਲਿਆ ਸੀ , ਪਰ ਮੈਂ ਲਾਚਾਰ ਅਪਣੇ ਪੁੱਤਰ ਨੂੰ ਮੋਢਾ ਨਹੀਂ ਸੀ ਦੇ ਸਕਿਆ । ਗੰਠੀਏ ਅਤੇ ਦਮੇ ਦਾ ਮਰੀਜ਼ ਧਾਹਾਂ ਮਾਰ ਮਾਰ ਬੱਸ ਰੋਂਦਾ ਈ ਰਿਹਾ ਸੀ , ਜਿੱਦਾਂ ਹੁਣ ਫੱਤੂ ਰੋਈ ਜਾਂਦਾ ਸੀ । ਕਸੀਸ ਵੱਟ ਕੇ ਮੈਂ ਆਪਣਾ ਧਿਆਨ ਦੂਜੇ ਪਾਸੇ ਮੋੜ ਲਿਆ ਅਤੇ ਪਾਲਕੀ ਦੁਆਲੇ ਲਟਕਦੇ ਗੁਬਾਰਿਆਂ ਵਰਗੇ ਗੋਲ-ਗੋਲ ਚਿਹਰਿਆਂ ਵਾਲੇ ਆਪਣੇ ਦੋਨਾਂ ਮੁੰਡਿਆਂ ਵੱਲ ਬਿੱਟ-ਬਿੱਟ ਦੇਖਦਾ ਰਿਹਾ । ਉਨ੍ਹਾਂ ਦੀਆਂ ਅੱਖਾਂ ਵਿੱਚ ਨਮੀ ਦੇ ਨਿਸ਼ਾਨ ਪੂਰਾ ਤਾਣ ਲਾਉਣ ਤੇ ਵੀ ਮੈਨੂੰ ਨਹੀਂ ਸੀ ਲੱਭੇ । ਉਹ ਉਦਾਸ-ਉਦਾਸ ਜ਼ਰੂਰ ਦਿਸ ਰਹੇ ਸਨ , ਪਰ ਉਨ੍ਹਾਂ ਦੀ ਆਪੋ ਵਿਚਲੀ ਕਾਨਾ-ਫੂਸੀ ਤੋਂ , ਇਸ ਕਿਰਿਆ ਕਰਮ ਚ ਬੱਧੇ-ਰੁੱਧੇ ਫਸੇ ਹੋਣ ਦੇ ਸੰਕੇਤ ਸਪਸ਼ਟ ਨਜ਼ਰੀਂ ਆ ਰਹੇ ਸਨ । ਲੋਕ-ਲਾਜ ਮਾਰਿਆਂ ਵੀ ਛੋਟੇ ਨੇ ਅਫ਼ਸੋਸ ਦੇ ਚਾਰ ਅੱਖਰ ਕਿਸੇ ਨਾਲ ਸਾਂਝੇ ਨਹੀਂ ਸੀ ਕੀਤੇ । ਪਰ , ਵੱਡੇ ਨੇ ਇਕ-ਅੱਧ ਵਾਰ ਫੱਤੂ ਕੋਲੋਂ ਤਰਸੇਮ ਬਾਰੇ ਪੁਛਿਆ ਸੀ ।

ਮੱਕੀ ਦੀਆਂ ਚਾਰ ਮੰਨੀਆਂ ਖਾਣ ਤੋਂ ਲੈ ਕੇ ਚੌਂਹ ਮੋਢਿਆਂ ਤੇ ਚੜ੍ਹ ਜਾਣ ਤਕ ਕਿੰਨਾ ਚਿਰ ਲੱਗਾ , ਉਹ ਤਾਂ ਮੈਨੂੰ ਪਤਾ ਨਹੀਂ , ਪਰ ਮੇਰੇ ਉਪਰੋਂ ਦੀ ਹੁੰਦੀ ਚੁਆਨੀਆਂ , ਅਠਿਆਨੀਆਂ , ਛੁਹਾਰੇ , ਸੌਗੀ , ਪਤਾਸੇ , ਫੁੱਲੀਆਂ ਦੀ ਵਰਖਾ ਤੋਂ ਇਉਂ ਲੱਗਦਾ ਸੀ , ਕਿ ਇਸ ਸਾਰੇ ਅਡੰਬਰ ਨੂੰ ਕਾਫੀ ਵਕਤ ਲੱਗਾ ਹੋਊ । ਅੱਗੇ-ਅੱਗੇ ਜਾਂਦਾ ਬੀਨਾਂ-ਆਲਾ ਬਾਜਾ ਵੱਡੇ ਪਿੱਪਲ ਉੱਤੇ ਬੈਠੇ ਮੋਰਾਂ ਵਾਂਗ ਉੱਚੀਆਂ ਤਿੱਖੀਆਂ ਸੁਰਾਂ ਅਲਾਪਦਾ ਸਹਿਜੇ –ਸਹਿਜੇ ਤੁਰਿਆ ਤਾਂ ਕਿਸੇ ਸ਼ਹਿਨਸ਼ਾਹ ਦੀ ਲੰਘਦੀ ਸੁਆਰੀ ਦਾ ਭੁਲੇਖਾ ਪਾਉਂਦਾ ਸੀ , ਪਰ ਸੰਖ , ਘੜਿਆਲ ਦਾ ਬੇਸੁਰਾ ਤਾਲ , ਮੇਰੇ ਢਿਲਕੇ ਜਿਹੇ ਪੱਗੜ ਵਿਚੋਂ ਦੀ ਲੰਘ ਕੇ ਵੀ ਕੰਨਾਂ ਦੀਆਂ ਖਿੜਕੀਆਂ ਤੋੜ ਰਿਹਾ ਸੀ ।

ਪਿੰਡੋਂ ਵਿਦਾ ਹੋ , ਬਾਹਰਲੀ ਜੂਹ ਵਲ ਤੁਰੇ ਜਾਂਦੇ ਦਾ , ਮੇਰਾ ਸਿਰ ਵਾਲਾ ਪਾਸਾ , ਦੋਨਾਂ ਉੱਚੇ ਲੰਮੇ ਜੁਆਨ ਮੁੰਡਿਆਂ ਨੇ ਥੰਮਿਆ ਹੋਇਆ ਸੀ ,ਪਰ ਪੈਰਾਂ ਵੱਲੋਂ ਨੀਵੇਂ ਕਮਜ਼ੋਰ ਮੋਢਿਆਂ ਉੱਤੇ ਹੋਣ ਕਰਕੇ , ਥੋੜ੍ਹਾ ਲਿਫਿਆ ਹੋਇਆ , ਮੈਂ ਆਪਣੇ ਪਿਛੇ ਤੁਰੇ ਆਉਂਦੇ ਸਾਰੇ ਰਿਸ਼ਤੇਦਾਰਾਂ , ਸੰਗੀ –ਸਾਥੀਆਂ ,ਯਾਰਾਂ –ਬੇਲੀਆਂ ਨੂੰ ਚੰਗੀ ਤਰ੍ਹਾਂ ਦੇਖ ਸਕਦਾ ਸੀ । ਉਨ੍ਹਾਂ ਵਿਚ ਪਿੰਡ ਦੇ ਸਾਰੇ ਜੱਟ ,ਜਿਨ੍ਹਾਂ ਦੀਆਂ ਹੱਲੜ-ਪੰਜਾਲੀਆਂ , ਮੰਜੀਆਂ-ਪੀੜ੍ਹੀਆਂ ਭਗਤੂ ਤਰਖਾਣ ਬਣਾਇਆ ਕਰਦਾ ਸੀ ਅਤੇ ਸਾਰੇ ਕੰਮੀ-ਕਮੀਣ ,ਜਿਨ੍ਹਾਂ ਵਿਹੜਿਓਂ ਲੰਘਦਿਆਂ , ਉਹ ਲੋਕ ਮੈਨੂੰ ਮਿਸਤਰੀ ਜੀ – ਮਿਸਤਰੀ ਜੀ ਆਖਦੇ ਨਹੀਂ ਸੀ ਥੱਕਦੇ ।ਉਨ੍ਹਾਂ ਪਿਛੇ , ਪਿੰਡ ਅਤੇ ਵਿਹੜੇ ਦੀਆਂ ਬਿਰਧ, ਨੌਜਵਾਨ ,ਚੁੱਪ-ਚਾਪ ਤੁਰੀਆਂ ਆਉਂਦੀਆਂ ਸੁਆਣੀਆਂ ਵਿਚਕਾਰ ਡਿੱਗ-ਡਿੱਗ ਪੈਂਦੀਆਂ ਮੇਰੀਆਂ ਦੋਨੋਂ ਧੀਆਂ ਵੀ ਸਨ ਜਿਨ੍ਹਾਂ ਦੇ ਖਿਲਰੇ ਨੰਗੇ ਸਿਰਾਂ ਤੋਂ ਮੇਰੀ ਖਾਤਰ ਬਹੁਤ ਰੋਂਦੀਆਂ ਰਹਿਣ ਦਾ ਝੋਲਾ ਪੈਂਦਾ ਸੀ , ਉਨ੍ਹਾਂ ਨਾਲ ਵੀ ਮੇਰੀ ਕਰਮਾਂ ਮਾਰੀ ਸਵਰਨੋ ਵੀ ਸੀ । ਬਾਹਰਲੇ ਦੇਸ਼ੋਂ ਆਇਆ ਸੂਟ ਪਾਈ ਮਟਕ-ਮਟਕ ਤੁਰਦੀ , ਧੀਆਂ ਨੂੰ ਹੌਸਲਾ ਵੀ ਦੇਂਦੀ ਅਤੇ ਵਿੱਚ-ਵਿਚਾਲੇ ਉੱਚੀ ਜਿਹੀ ਹੋਕਰਾ ਵੀ ਮਾਰਦੀ ਸੀ – ਹਾੜੋ .....ਬੋ......., ਮਾਰੋ ਖਾਬਿੰਦੋ !

ਜਿੰਨੀ ਸੱਜ-ਧੱਜ ਨਾਲ ਮੈਨੂੰ ਘਰੋਂ ਉਠਾ , ਚੜ੍ਹਦੀ ਬਾਹੀ ਪਿੰਡੋਂ ਬਾਹਰ ਮਸਾਣ-ਭੂਮੀ ਲੈ ਜਾਇਆ ਗਿਆ , ਓਨੇ ਈ ਸਜੇ –ਧਜੇ ਦਰਬਾਰ ਅੰਦਰ , ਮੈਨੂੰ ਕਿਤੇ ਅਗਾਂਹ ਲੈ ਜਾ ਕੇ ਪੇਸ਼ ਕਰ ਦਿੱਤਾ ਗਿਆ ।

ਇਕ ਬਹੁਤ ਵੱਡੇ ਇਹਾਤੇ ਨੂੰ ਲੱਗਾ ਬਾਹਰਲਾ ਵੱਡਾ ਗੇਟ , ਬੜੇ ਸੁੰਦਰ ਫੁੱਲਾਂ ਅਤੇ ਦਿਲ-ਖਿੱਚਵੇਂ ਹਾਰਾਂ ਨਾਲ ਸ਼ਿੰਗਾਰਿਆ ਹੋਇਆ ਸੀ । ਗੇਟ ਤੇ ਖੜੇ ਦਰਬਾਨ ਨੇ ਬੜੇ ਅਦਬ ਨਾਲ ਮੈਨੂੰ ਜੀ –ਆਇਆਂ ਆਖਿਆ । ਕਾਲੇ-ਕਲੂਟੇ ਜਮਦੂਤਾਂ ਵਰਗਿਆਂ ਦੀ ਇਕ ਹੇੜ , ਹੱਥਾਂ ਵਿਚ ਬਰਛੇ,ਟਕੂਏ ,ਗੰਡਾਸੇ , ਕਿਰਪਾਨਾਂ ਫੜੀ , ਅੰਗ-ਰੱਖਿਅਕ ਬਣੀ , ਮੇਰੇ ਅੱਗੇ ਪਿੱਛੇ ਤੁਰਦੀ ਗਈ । ਅੰਦਰਲੇ ਦਰਵਾਜ਼ੇ ਤੇ ਖੜੇ ਦਿਓ-ਕੱਦ ਦਰਬਾਨ ਨੇ ਮੈਨੂੰ ਪੈਰਾਂ ਤੋਂ ਲੈ ਕੇ ਸਿਰ ਤਕ ਨਿਹਾਰਿਆ । ਮੈਂ ਠਠੰਬਰ ਕੇ ਪਲ ਦੀ ਪਲ ਰੁਕਣ ਹੀ ਲੱਗਾ ਸੀ ਕਿ ਉਨ੍ਹਾਂ ਵਿਚੋਂ ਕਿਸੇ ਨੇ ਏਨੇ ਜ਼ੋਰ ਦੀ ਧੱਕਾ ਦਿੱਤਾ ਕਿ ਮੈਂ ਤਿਲਕਣੇ ਚਿੱਟੇ ਫਰਸ਼ ਤੇ ਮੂੰਹ ਭਾਰ ਜਾ ਡਿਗਿਆ । ਮੇਰੇ ਸੱਜੇ ਗੁੱਟ ਤੇ ਲੱਗੀ ਬਾਹਰਲੀ ਘੜੀ ਟੁੱਟ ਕੇ ਚੂਰਾ-ਚੂਰਾ ਹੋ ਗਈ ਅਤੇ ਮਡਾਸਾ ਬਣੀ ਪਗੜੀ ਭੁੜਕ ਕੇ ਕਿਤੇ ਦੂਰ ਜਾ ਡਿੱਗੀ । ਮੂੰਹਦੜੇ ਮੂੰਹ ਡਿਗਿਆ ,ਧੜੀ ਔਖ ਨਾਲ ਸੰਭਲ ਕੇ,ਮੈਂ ਹਾਲੀ ਖੜਾ ਈ ਹੋਇਆ ਸੀ ,ਕਿ ਹਾਥੀ-ਦੰਦ ਦੀਆਂ ਕੁਰਸੀਆਂ ਤੇ ਬੈਠੀਆਂ ਬੀਬੀਆਂ ਸੂਰਤਾਂ, ਮੇਰੀ ਇਸ ਲਾਚਾਰਗੀ ਉੱਤੇ ਜ਼ੋਰ ਦਾ ਠਹਾਰਾ ਮਾਰ ਕੇ ਹੱਸ ਪਈਆਂ । ਦਰਬਾਰ ਅੰਦਰ ਵੜਦਿਆਂ ਹੋਏ ਸੁਆਗਤ ਦੀ ਨਮੋਸ਼ੀ ਨੂੰ ਭੁਲਦਿਆਂ ,ਮੇਰਾ ਧਿਆਨ ਇਕਦਮ , ਹਿੜ-ਹਿੜ ਕਰਦੇ ਚਿੱਟ-ਕਪੜੀਏ ਸੇਠਾਂ-ਸਰਦਾਰਾਂ ਵਲ ਖਿੱਚਿਆ ਗਿਆ ।

ਪਹਿਲੀਆਂ ਦੋ ਤਿੰਨ ਕਤਾਰਾਂ ਅੰਦਰ ਬੈਠੀਆਂ ਬੀਬੜ ਜਿਹੀਆਂ ਪੰਜਾਹ-ਸੱਠ ਸ਼ਕਲਾਂ ਵਿਚੋਂ ਤਾਂ , ਮੈਥੋਂ ਕੋਈ ਵੀ ਪਛਾਣੀ ਨਾ ਗਈ ।ਹਾਂ ........., ਇਕ ਸੋਨੇ ਦੇ ਫ਼ਰੇਮ ਵਾਲੀਆਂ ਐਨਕਾਂ ਲਾਈ ਬੈਠੇ ਸੰਗਮਰਮਰੀ ਚਿਹਰੇ ਨੂੰ ਕਿਤੇ ਦੇਖਿਆ ਹੋਣ ਦਾ ਝਾਉਲਾ ਜ਼ਰੂਰ ਪਿਆ । ਸ਼ੈਤ........ਉਹ ਕਈ ਸਾਲ ਪਹਿਲਾਂ ਪਸ਼ੂਆਂ ਦੇ ਹਸਪਤਾਲ ਦੀ ਇੱਟ ਰੱਖਣ ਆਇਆ ਸੀ ਜਾਂ ਕਿਤੇ ਉਹਨੇ ਇੱਕ-ਅੱਧ ਵਾਰੀ ਗੁਰਦੁਆਰੇ ਹੋਏ ਕੱਠ ਮੂਹਰੇ ਲੈਕਚਰ ਕੀਤਾ ਸੀ । ਪੂਰਾ ਯਤਨ ਕਰਨ ਤੇ ਵੀ ਮੈਂ ਉਹਦੀ ਧੁੰਦਲੀ ਜਿਹੀ ਪਛਾਣ ਚੋਂ ਉਹਦਾ ਨਾਂ-ਪਤਾ ਨਹੀਂ ਸੀ ਲੱਭ ਸਕਿਆ , ਪਰ ਉਸ ਦੀ ਪਿਛਵਾੜੀ ਬੈਠੇ ਜ਼ੈਲਦਾਰ ਦੁੱਨਾ ਸਿਉਂ ਦੇ ਪਿਓ ਗੁਰਪਰਤਾਪ ਸੂੰਹ ਦੀਆਂ ਦੱਸੀਆਂ , ਕਈ ਸਾਰੀਆਂ ਗੱਲਾਂ ਜ਼ਰੂਰ ਚੇਤੇ ਆ ਗਈਆਂ ਸਨ ਕਿ ਉਹ , ਬੜੀ ਪਹੁੰਚ ਵਾਲਾ , ਖਾਨਦਾਨੀ ਬੰਦਾ ਐ , ਬਹੁਤ ਵੱਡੇ ਅਹੁਦੇ ਤੇ ਲੱਗਾ ਹੋਇਆ , ਸਾਰੀ ਉਮਰ ਗ਼ਰੀਬ –ਗੁਰਬਿਆਂ ਦੀ ਸੇਵਾ ਕਰਨ ਤੋਂ ਸਿਵਾ , ਉਹਦੇ ਕੱਖ ਭੰਨ ਕੇ ਦੋਹਰਾ ਨਹੀਂ ਕੀਤਾ ।

ਮੈਂ ਪੁਰਾਣੇ ਰਾਜਿਆਂ-ਮਹਾਰਾਜਿਆਂ ਦੇ ਪਹਾੜ ਉਤੋਂ ਖੱਡਾਂ ਅੰਦਰ ਸੁੱਟੇ ਜੀਊਂਦੇ ਹਾਥੀਆਂ ਨੂੰ ਚੀਕਦੇ –ਚਿੰਗਾੜਦੇ ਦੇਖ ਕੇ ਖੁਸ਼ ਹੋਣ ਵਰਗੇ ਸ਼ੌਕ ਰੱਖਣ ਵਾਲੇ ਸੇਵਾਦਾਰ ਤੋਂ ਉਸ ਦੇ ਸਾਹਮਣੇ ਹੋਈ ਬੇ-ਇੱਜ਼ਤੀ ਦਾ ਕਾਰਨ ਪੁਛਣ ਲਈ ਹਾਲੀਂ ਦੋ ਪੈਰ ਹੀ ਤੁਰਿਆ ਸੀ ਕਿ ਕਿਸੇ ਅਹਿਲਕਾਰ ਦੀ ਉੱਚੀ ਆਵਾਜ਼ ਨੇ ਮੇਰੇ ਕਦਮ ਰੋਕ ਦਿੱਤੇ – ਹੈਲੋ , ਹੈਲੋ ! ਰਾਈਟ ਆਫ਼ ਐਂਟਰੀ ਰੀਜ਼ਰਵਡ, ਆਈ ਮੀਨ...ਟੁਮ ਓਸ  ਟਰਫ਼ ਨਹੀਂ ਜਾ  ਸ਼ਕਟਾ ।

ਉਹ ਕਿਉਂ ? ਮੈਂ ਖਿਝ ਕੇ ਪੁਛਿਆ ।

ਵੋਹ ਵੀ.ਆਈ. ਪੀਜ਼ ਕੇ ਚੈਂਬੜ ਹੈ ।

ਉਹ ਕੀ ਹੁੰਦੇ ਆ ?

ਬਿੱਗ ਐਂਡ ਵੈਲਦੀ ਪੀਪਲਜ਼ , ਆਈ ਮੀਨ .....ਖਾਸ ਔੜ ਬਰੇ ਲੋਕ , ਜੋ ਹਮਾੜੇ ਬਾਸ ਕੀ ਗੁੱਡ-ਬਕਸ ਮੇਂ ਹੈਂ , ਫੇਥਫੁੱਲ ਐਂਡ ਪੇਇੰਗ , ਆਈ ਮੀਨ ...ਜੋ ਹਮਾੜੇ ਲੀਏ ਧਨ ਇਕੱਟਾ ਕਰਟੇਂ ਹੈ ।

ਕਿਹੋ ਜਿਹਾ ਧੰਨ,ਚਿੱਟਾ ਜਾਂ ਕਾਲਾ ?

ਵੱਟ ਕਾਲਾ ! ਮਨੀ ਇਜ਼ ਮਨੀ , ਐਂਡ ਇਜ਼ ਵਾਈਟਿਸ਼ ਆਲਵੇਜ਼ । ਬਾਸ , ਡੋਂਟ ਬਾਦਰ ਫਾਰ ਮੀਨਜ਼ , ਆਈ-ਮੀਨ ...।

ਉਸ ਦੀ ਇਹ ਗਿੱਟ-ਮਿੱਟ ਮੁਕਣ ਤੋਂ ਪਹਿਲਾਂ ਈ ਮੈਨੂੰ ਐਮ.ਈ.ਐਸ ਦੇ ਇਕ ਠੇਕੇਦਾਰ ਦੀ ਚਾਲ੍ਹੀ-ਪੰਜਤਾਲੀ ਸਾਲ ਪਹਿਲਾਂ ਆਖੀ ਗੱਲ, ਇਕਦੱਮ ਯਾਦ ਆ ਗਈ ....ਮਿਸਤਰੀ , ਠੇਕੇਦਾਰੀ ਕਰਦਿਆਂ ਬੜਾ ਕੁਝ ਹੋਰ ਵੀ ਕਰਨਾ ਪੈਂਦਾ ....। ਧਰਮ –ਪੁੱਤਰ ਬਣ ਕੇ ਉੱਪਰਲਿਆਂ ਦੇ ਆਲੇ-ਵਰਗੇ ਖੁਲ੍ਹੇ ਮੂੰਹ ਬੰਦ ਕਰਨੇ ਬੜੇ ਔਖੇ ਆ

ਚਾਂਦੀ ਦੀਆਂ ਕੰਧਾਂ ਵਾਲੇ ਸ਼ੀਸ਼-ਮਹਿਲ ਦੀ ਕੈਦ ਅੰਦਰ ਘਿਰਿਆਂ ਡੌਰ-ਭੌਰ ਖੜਾ ਮੈਂ ਹੀਰੇ –ਮੋਤੀਆਂ ਨਾਲ ਲਿਸ਼ਕਦੀ ਛੱਤ ਹੇਠ ਡਿੱਠੀਆਂ ਸੈਂਕੜੇ ਕੁਰਸੀਆਂ ਤੇ ਬਿਰਾਜੇ ਬੜਾ ਕੁਛ ਹੋਰ ਕਰਨ ਵਾਲੇ ਠੇਕੇਦਾਰਾਂ , ਜ਼ੈਲਦਾਰਾਂ , ਤਹਿਸੀਲਦਾਰਾਂ , ਠਾਣੇਦਾਰਾਂ , ਲੰਬੜਦਾਰਾਂ ਅਤੇ ਘਿਓ –ਖਿਚੜੀ ਹੋਏ ਬੈਠੇ ਭਾਂਤ-ਭਾਂਤ ਦੇ ਹੋਰਨਾਂ ਸੇਵਾਦਾਰਾਂ ਨੂੰ ਅਜੇ ਪਛਾਣ ਈ ਰਿਹਾ ਸੀ ਕਿ ਇਕ ਉੱਚੀ ਲੰਮੀ ਹੇਕ ਮੇਰੇ ਮੱਥੇ ਵਿਚ ਆ ਵੱਜੀ – ਭਗਤੂ ਵਲਦ ਹੁਕਮਾ ...ਜਾਤ ਤਰਖਾਣ ...ਸਕਨਾ ਝੱਜ ...ਹਾਜ਼ਰ ਹੋ...ਓ....ਓ...

ਆਵਾਜ਼ ਦੀ ਦਿਸ਼ਾ ਵਲ ਸਹਿਜੇ –ਸਹਿਜੇ ਤੁਰਿਆ ਮੈਂ ਇਕ ਉੱਚੇ ਥੜੇ ਕੋਲ ਜਾ ਖੜਾ ਹੋਇਆ । ਥੜੇ ਦੇ ਐਨ ਵਿਚਕਾਰ ਧਰੀ ਸੋਨੇ ਦੀ ਉੱਚੀ ਕੁਰਸੀ ਤੇ ਬੈਠੇ ਆਕਾਰ ਵਲ ਦੇਖਣ ਤੋਂ ਪਹਿਲਾਂ ਹੀ ਮੈਂ ਸਿੰਘਾਸਣ ਪਿਛੇ ਖੜੀਆਂ ਦੋ ਪਤਲੀਆਂ ਨਾਜ਼ਕ ਮੁਟਿਆਰਾਂ ਨੂੰ , ਮੋਰ –ਖੰਭਾਂ ਦੇ ਬਣੇ ਪੱਖੇ ਝਲਦੀਆਂ  ਨੂੰ ਪਛਾਣ ਲਿਆ । ਇਹਨਾਂ ਵਿਚੋਂ ਇਕ ਮਾਸਟਰ ਗਿਆਨ ਸਿੰਘ ਦੀ ਨੌਂਹ ,ਪਿਛਲੀ ਲੜਾਈ ਅੰਦਰ ਮਾਰੇ ਵੱਡੇ ਪੁੱਤਰ ਮੇਜਰ ਨਰਿੰਦਰ ਸਿੰਘ ਦੀ ਵਹੁਣੀ ਸੀ , ਜਿਹੜੀ ਪਤੀ ਦੀ ਬਹਾਦਰੀ ਦਾ ਇਨਾਮ ਲੈਣ ਗਈ ਮੁੜ ਘਰ ਨਹੀਂ ਸੀ ਪਰਤੀ ,ਅਤੇ ਦੂਜੀ ਰੁਕਨਦੀਨ ਜੁਲਾਹੇ ਦੀ ਉਧਾਲੀ ਇਕਲੌਤੀ ਧੀ , ਰਹਿਮਤੇ ਸੀ । ਮੋਟੀ ਬੋਦੀ ਵਾਲੇ ਤਿਲਕਧਾਰੀ ਮੁੰਨੀ ਲਾਲ ਮੁਨੀਮ ਵਰਗੇ ਅੱਧਖੜ ਧੋਤੀ-ਟੁੰਗ ਤੋਂ ਮੇਰਾ ਵਹੀ-ਖਾਤਾ ਫੜ ਕੇ ਸਿੰਘਾਸਣ ਗਰਜਿਆ – ਤੂੰ ਭਗਤੂ ਹੈਂ ...ਓਏ ..ਏ ..?

ਜੀ ......ਈ ਮ੍ਹਾਰਾਜ , ਮੈਂ ਜ਼ਰਾ ਤਣ ਕੇ ਉੱਤਰ ਦਿੱਤਾ ।

ਤੂੰ ਨੇ , ਕੋਈ ਜਨ-ਭਗਤੀ , ਦੇਸ਼-ਭਗਤੀ ਜਾਂ ਪ੍ਰਭੂ-ਭਗਤੀ ਭੀ ਕੀ ਹੈ ਜਾਂ ਨਹੀਂ ?

ਜੀ ..ਈ , ਕੀਤੀ ਤਾਂ ਬਹੁਤ ਐ , ਪਰ ਐਹੋ ਜਿਹੀ ਨਹੀਂ ਜਿਹੋ ਜਿਹੀ ਤੁਆਡੇ ਐਨ੍ਹਾਂ ਦਰਬਾਰੀਆਂ ਨੇ ਕੀਤੀ ਐ ।

ਕਿਆ ਮਤਲਬ ?

ਮੈਂ ਸਿਰਫ਼ ਕਿਰਤ ਕੀਤੀ ਐ , ਜਿਸ ਨੂੰ ਅਸੀਂ ਲੋਕ ਸਭ ਤੋਂ ਵੱਡੀ ਭਗਤੀ ਸਮਝਦੇ ਆਂ ।

ਪਰੰਤੂ .....ਤੇਰੇ ਖਾਤੇ ਮੇਂ ਤੋ ਕੁਛ ਔਰ ਹੀ ਲਿਖਾ ਹੈ ।

ਕੀ ਲਿਖਿਆ ...ਆ , ਮ੍ਹਾਰਾਜ !

ਕਿ ਤੂੰ ਅਹਿਸਾਨ ਫ਼ਰਾਮੋਸ਼ ਹੈਂ.......ਹਮ ਨੇ ਮਾਤ ਲੋਕ ਮੇਂ ਬਹੁਤ ਸੀ ਸੜਕੇਂ ਬਨਵਾਈ , ਨਹਿਰੇਂ ਖੁਦਵਾਈ ,ਡੈਮ ਬਨਵਾਏ , ਤੁਮ ਲੋਗੋਂ ਕੇ ਅੰਧੇਰੇ ਘਰੋਂ ਕੋ ਬਿਜਲੀ ਦੀ ...ਗੁਰਦਵਾਰੋਂ , ਮੰਦਰੋਂ ,ਮਸੀਤੋਂ ਔਰ ਗਿਰਜਾ ਘਰੋਂ ਕੇ ਲੀਏ ਧੰਨ ਔਰ ਧਰਤੀ ਬਾਂਟੀ .....ਤੁਮਹਾਰੇ ਜਾਹਲ ਔਰ ਅਵਾਰਾਂ ਲੋਂਡੋਂ ਕੋ ਵਿਕਸਿਤ ਦੇਸ਼ੋਂ ਮੇਂ ਜਾ ਕਰ ਧੰਨ ਕਮਾਨੇ ਕੀ  ਅਨੁਮਤੀ ਦੀ.......ਤੁਮਹਾਰੀ ਜਹਾਲਤ ਦੂਰ ਕਰਨੇ ਕੇ ਲੀਏ ਪਾਂਚ-ਵਰਸ਼ੀਐ ਯੋਜਨਾਏਂ ਉਪਲਬਦ ਕੀ ....ਕਿਆ ਕੁਝ ਨਹੀਂ ਕੀਆ ਹਮ ਨੇ .....ਪਰੰਤੂ ਤੂੰ ਨੇ ਸਾਰੀ ਆਯੂ ਹਮਾਰਾ ਧੰਨਆਵਾਦ ਤਕ ਨਹੀਂ ਕੀਆ ।

ਧੰਨਵਾਦ ਕਿਹੜੀ ਗੱਲ ਦਾ ! ਸੜਕਾਂ , ਨਹਿਰਾਂ ,ਡੈਮਾਂ ਦੇ ਹਵਨ-ਕੁੰਡ ਅੰਦਰ ਮੇਰੇ ਵਰਗਿਆਂ ਲੱਖਾਂ ਦੀ ਆਹੂਤੀ ਪਈ ......ਤੁਆਡੇ ਬਣਾਏ ਧਰਮਾਂ ਦੀ ਆੜ ਅੰਦਰ ,ਲੋਕਾਂ ਇਕ ਦੂਜੇ ਦੇ ਖੂਨ ਨਾਲ ਰੱਜ ਕੇ ਹੋਲੀ ਖੇਲੀ ...ਭੁੱਖਮਰੀ ਤੇ ਬੇਕਾਰੀ ਤੇ ਪੁੜਾਂ ਅੰਦਰ ਪਿਸਦੇ ਸਾਡੇ ਕਾਰੀਗਰ ਬੱਚਿਆਂ ਨੂੰ ਦੇਸ਼-ਨਿਕਾਲਾ ਦੇ ਕੇ ਤੁਸੀਂ ਸਾਡੀ ਬੋਲੀ ਤਾਂ ਕੀ ਸਾਰੇ ਦਾ ਸਾਰਾ ਸਭਿੱਆਚਾਰ ਆਪਣੇ ਵਿਦੇਸ਼ੀ ਭਾਈਵਾਲਾਂ ਕੋਲ ਗਿਰਵੀ ਕਰ ਦਿੱਤਾ , ਅਤੇ ਤੁਹਾਡੀਆਂ ਯੋਜਨਾਵਾਂ ਦਾ ਲਾਭ ਤਾਂ ਆਹ ਤੁਆਡੇ ਸਾਹਮਣੇ ਬੈਠੇ ਚੌਧਰੀਆਂ ਨੇ ਆਪੋ ਵਿਚ ਦੀ ਈ ਵੰਡ ਲਿਆ .....ਮ੍ਹਾਰਾਜ !

ਐਸਾ ਨਹੀਂ ਹੋ ਸਕਤਾ ....ਤੇਰਾ ਹਿੱਸਾ ਤੁਝੇ ਜ਼ਰੂਰ ਮਿਲਾ ਹੈ .....ਇਧਰ ਸਭ ਕੁਝ ਲਿਖਾ ਹੂਆ ਹੈ .....ਤੂੰ ਨੇ ਤੋਂ ਸਾਰੀ ਆਯੂ ਛੋਟੇ ਛੋਟੇ ਸੇ ਨੀਚ ਕਾਮ ਹੀ ਕੀਏ ਹੈਂ ....ਹਮਾਰੇ ਹਾਂ ਛੋਟੇ ਕਾਮੋਂ ਕਾ ਫਲ ਭੀ ਛੋਟਾ ਹੋਤਾ ਹੈ ਔਰ ਨੀਚ ਲੋਕ ਨਰਕੋਂ ਕੇ ਹੀ ਭਾਗੀ ਬਨਤੇ ਹੈਂ .....ਸਮਝੇ ।

ਸਮਝ ਤਾਂ ਗਿਆ , ਹਜ਼ੂਰ , ਪਰ ਧਰਮ ਰਾਜ ਦੀ ਕਚਹਿਰੀ ਅੰਦਰ ਵੀ ਜੇ ਖਰੇ ਖੋਟੇ ਦੀ ਪਛਾਣ ਨਹੀਂ ਹੋਣੀ ਤਾਂ ਫਿਰ ਕਿਥੇ ਹੋਵੇਗੀ ...?

ਦੇਖੋ ਭਗਤੂ , ਹਮ ਧਰਮਰਾਜ ਨਹੀਂ , ਯਮਰਾਜ ਹੈ ਔਰ ਅਪਨੇ ਢੰਗ ਸੇ ਕਾਮ ਕਰਤੇਂ ਹੈਂ ...ਯਦੀ ਐਸੇ ਵਾਦ-ਵਿਵਾਦ ਮੇਂ ਹਮਾਰਾ ਬਹੁਤ ਸਾ ਸਮੇਂ ਨਸ਼ਟ ਹੋਤਾ ਰਹਾ ਤੋ ਇਸ ਕਾ ਉਪਾਏ ਭੀ ਹਮੇਂ ਸੋਚਨਾ ਹੋਗਾ ...। ਹਾਂ ਸੱਚ ਏਕ ਬਾਤ ਔਰ , ਤੇਰੇ ਊਪਰ ਤੋ ਏਕ ਲਾਵਾਰਿਸ ਜ਼ਨਾਨੀ ਉਧਾਲਨੇ ਕਾ ਭੀ ਦੋਸ਼ ਹੈ ।

ਮੈਂ ਨਹੀਂ ਉਧਾਲੀ , ਮ੍ਹਾਰਾਜ , ਸਗੋਂ ਉਸ ਨੇ ਮੈਨੂੰ ਉਧਾਲਿਆ ....ਆਪਣੇ ਈ ਪਿੰਡ ਦੀਆਂ ਨੌਹਾਂ-ਧੀਆਂ ਉਧਾਲਣ ਵਾਲੇ ਤਾਂ ਤੁਆਡੇ ਸਾਹਮਣੇ ਬਿਰਾਜਮਾਨ ਹਨ ,ਦੇਵਤਿਓ !

ਤੂੰ ਬਹੁਤ ਮੂੰਹ ਜ਼ੋਰ ਹੈ .....ਬੇ-ਹਯਾ , ਬਦ-ਤਮੀਜ਼ ....ਹਮ ਜ਼ਿਆਦਾ ਬਾਤੇ ਸੁਨਨੇ ਕਾ ਆਦੀ ਨਹੀਂ ...ਦੂਰ ਹੋ ਜਾ ਹਮਾਰੀ ਨਜ਼ਰੋਂ ਸੇ , ਕੌਮਨਿਸਟ ਕਹੀਂ ਕਾ.....।

ਗੁਸੇ ਨਾਲ ਲਾਲ-ਪੀਲੇ ਹੋਏ ਮੂੰਹ ਅੰਦਰੋਂ ਝੱਗ ਉਗਲਦੇ ਯਮਰਾਜ ਨੇ ,ਪੱਥਰ –ਪਾੜਵੀਂ ਨਜ਼ਰ ਨਾਲ ਇਕ ਵਾਰ ਫਿਰ ਮੈਨੂੰ ਘੂਰ ਕੇ ਦੇਖਿਆ ਅਤੇ ਦੂਜੇ ਹੀ ਪਲ ਗਰਜਵੀਂ ਉੱਚੀ ਆਵਾਜ਼ ਵਿੱਚ ਲਾਗੇ ਖੜੇ ਯਮਦੂਤਾਂ ਨੂੰ ਆਦੇਸ਼ ਕਰ ਦਿੱਤਾ – ਇਸੇ ਨਰਕਾਪਰੀ ਮੇਂ ਡਾਲ ਦੀਆ ਜਾਏ  ।

ਅੰਦਰ ਡੱਕੇ ਲਾਵੇ ਦੇ ਹੋਰ ਫੁੱਟ ਨਿਕਲਣ ਤੋਂ ਪਹਿਲਾਂ ਈ ਬਿਜਲੀ ਦੀ ਫੁਰਤੀ ਵਾਂਗ ਯਮਦੂਤਾਂ ਨੇ ਮੇਰੀਆਂ ਮੁਸ਼ਕਾਂ ਬੰਨ੍ਹੀਆਂ ਅਤੇ ਧੂਹੰਦੇ-ਘਸੀਟਦੇ ਨੂੰ ਦਰਬਾਰ ਅੰਦਰੋਂ ਬਾਹਰ ਲਿਆ ਕੇ , ਇਕ ਉਜੜੇ ਜਿਹੇ ਕੱਚੇ ਰਾਹ ਤੇ ਤੁਰਦਾ ਕਰ ਦਿੱਤਾ ।

ਥੋੜਾ ਜਿਹਾ ਪੈਂਡਾ ਮੁਕਾ ਕੇ , ਆਪਣੇ ਅੱਗੇ-ਪਿਛੇ ਤੁਰੇ ਆਉਂਦੇ ਦਸ-ਬਾਰਾਂ ਯਮਦੂਤਾਂ ਤੋਂ, ਮੈਂ ਧਰਮਰਾਜ ਦੀ ਕਚਹਿਰੀ ਜਾਣਾ ਦੀ ਆਗਿਆ ਮੰਗੀ ।

ਪਰ ਇਕ ਰੁਖੇ ਖਰ੍ਹਵੇਂ ਨੇ ਮੇਰੀ ਬੇਨਤੀ ਠਕਰਾਉਂਦਿਆਂ ਉੱਤਰ ਦਿੱਤਾ- ਯਮਰਾਜ ਈ ਅੱਜਕੱਲ ਧਰਮਰਾਜ ਐ, ਉਹ ਕਿਸੇ ਕੜ੍ਹੀ-ਕਚਹਿਰੀ ਦੀ ਪਰਵਾਹ ਨਹੀਂ ਕਰਦਾ । ਜਿਹੜਾ ਜਿਹੜਾ ਉਸ ਨੂੰ ਰੜਕਦਾ , ਉਹਨੂੰ ਉਹ ਮੱਖਣ ਚੋਂ ਵਾਲ ਵਾਂਗੂ ਬਾਹਰ ਵਗਾਹ ਮਾਰਦਾ ।

ਇਸ ਕਠੋਰ ਸੱਚ ਨੂੰ ਸੁਣ ਕੇ , ਮੇਰੇ ਅੰਦਰ ਅੱਗੇ ਬੋਲਣ ਦੀ ਹਿੰਮਤ ਨਾ ਰਹੀ , ਅਤੇ ਘੁਸਮੁਸੇ ਵਿੱਚ ਚੁਪ ਚਾਪ ਤੁਰਿਆ ,ਇਕ ਸੌੜੀ ਜਿਹੀ ਤੰਗ ਵਲਗਣ ਅੰਦਰ ਪਹੁੰਚ ਗਿਆ , ਜਿਸ ਥਾਂ ਵੜਦਿਆਂ ਸਾਰ ਈ ਭਾਂਤ ਭਾਂਤ ਦੇ ਜੰਗਲੀ ਪਸ਼ੂਆਂ ਦੀਆਂ ਚਾਂਗਰਾਂ ਵਰਗੇ , ਚੀਕ-ਚਿੰਗਾਰਾਂ ਵਰਗੇ ਚੀਕ-ਚਿਹਾੜੇ ਨੇ ਮੈਨੂੰ ਘੇਰ ਲਿਆ । ਜਿਉਂ-ਜਿਉਂ ਮੈਂ ਅਗਾਂਹ ਵਧਦਾ ਗਿਆ ਤਿਉ-ਤਿਉਂ ਉਨ੍ਹਾਂ ਆਵਾਜ਼ਾਂ ਵਿਚਲਾ ਦਰਦ ਮੇਰੀ ਰੂਹ ਨੂੰ ਜ਼ਖਮੀ ਕਰਦਾ ਗਿਆ ।

ਰਾਤ ਵਰਗੇ ਹਨੇਰੇ ਦੀ ਕਾਲਖ ਨੂੰ ਚੀਰ ਕੇ , ਮੈਂ ਅਜੇ ਥੋੜ੍ਹੇ ਕਦਮ ਹੀ ਅਗਾਂਹ ਗਿਆ ਸੀ ਕਿ ਦਿਨ ਦੇ ਚੜ੍ਹਾ ਵਰਗੇ ਚਾਨਣ ਅੰਦਰ ਆਪਣੇ ਕਿੱਤੇ ਲੱਗਾ , ਨਾਮ੍ਹਾਂ-ਚਮਿਆਰ ਮੇਰੀ ਨਿਗਾਹ ਪੈ ਗਿਆ ।

ਉਹਨੂੰ , ਧੌੜੀ ਦੀ ਨਿੱਗਰ ਜੁੱਤੀ ਨੂੰ ਭੂਰੀ –ਕੁਰਮ ਦੇ ਬੂਟਾਂ ਅੰਦਰ ਅਟੁੰਗ ਕੇ ਸੀਂਦੇ ਨੂੰ , ਮੈਂ ਪੁਛਿਆ – ਇਹ ਕੀਹਦਾ ਜੋੜਾ ਬਣਦਾ ?

ਯਮਰਾਜ ਦਾ ।

ਇਹਨੂੰ ਪੈਰੀਂ ਪਾ ਕੇ ਉਹ ਤੁਰੇਗਾ ਕਿਮੇਂ ?

ਛਾਨੂੰ ਕੀ ਚੌਅਰੀ , ਤੁਰਦਾ ਤੁਰੇ ਨਹੀਂ ਤਾਂ ਆਪੇ ਡਿੱਗੂ ਮੂੰਹ ਭਾਰ ।   ਆਖ ਕੇ ਉਹ ਆਪਣੇ ਕੰਮ ਲੱਗਾ ਰਿਹਾ ।

ਦੋ-ਚਾਰ ਲਾਘਾਂ ਹੋਰ ਅੱਗੇ ਨਿਕਲ ਕੇ , ਮੈਂ ਦੇਖਿਆ ਕਿ ਗੋਲ-ਚੌਕੜੀ ਮਾਰੀ ਸਾਫ਼-ਸੁਥਰੇ ਥੜੇ ਤੇ ਬੈਠਾ ਕਿਸ਼ਨਾ ਦਰਜ਼ੀ , ਇਕ ਠੰਡੀ-ਖੁੱਲੀ , ਐਚਕਨ ਉੱਤੇ ਕਾਲਾ ਗਰਮ ਕੋਟ ਚਾੜ੍ਹ ਕੇ ਵੱਡੇ ਸਾਰੇ ਸੂਏ ਨਾਲ ਨਗੰਦੇ ਮਾਰ ਰਿਹਾ ਸੀ ।

ਕੀ ਬਣਦਾ ਮਾਹਟਰ ? ਮੈਂ ਪੁੱਛਿਆ ।

ਯਮਰਾਜੇ ਦਾ ਹੁਕਮ ਐ , ਚਿੱਟੀ ਐਚਕਨ ਉੱਤੇ ਕਾਲਾ ਉਛਾੜ ਸੀਂ  ਦਿੱਤਾ ਜਾਵੇ ਤਾਂ ਕਿ ਨਿੱਤ ਨਵੇਂ ਧੋਣ-ਬਦਲਣ ਦਾ ਟੰਟਾ ਹੀ ਮੁਕਦਾ ਹੋਵੇ ।

ਵਿਦੇਸ਼ੀ ਗਰਮ ਸੂਟ ਅੰਦਰ ਨਿੱਘਾ ਹੋਇਆ , ਆਪਣੀ ਖੂੰਟੀ ਟੇਕਦਾ ਮੈਂ ਅਜੇ ਦਸ ਕੁ ਕਦਮ ਅਗਾਂਹ ਗਿਆ ਸੀ ਕਿ ਖਿਲਰੇ ਸੰਦਾਂ ਅੰਦਰ ਚੁੱਪ-ਚਾਪ ਖੜਾ , ਮੈਨੂੰ ਅਪਣਾ ਪੁੱਤਰ ਸੇਂਮੂ ਦਿੱਸ ਪਿਆ । ਸਾਹਮਣੇ ਪਈਆਂ ਦੋਨਾਂ ਕੁਰਸੀਆਂ ਵੱਲੋਂ ਧਿਆਨ ਹਟਾ ਕੇ , ਉਹ ਡਡਿਆ ਕੇ ਮੇਰੇ ਨਾਲ ਆ ਚਿੰਬੜਿਆ । ਉੱਚੀ ਉੱਚੀ ਢਾਹਾਂ ਮਾਰ ਕੇ ਰੋਂਦੇ ਦੀਆਂ ਉਸ ਦੀਆਂ ਅੱਖਾਂ ਅੰਦਰ ਲਾਲ ਲਾਲ ਡੋਰੇ ਉਭਰ ਆਏ । ਮੈਂ ਬਿਆਈਆਂ ਪਾਟੇ ਖ਼ਰਵੇ ਪੋਟਿਆਂ ਨਾਲ ਉਸ ਦੀਆਂ ਨਰਮ-ਨਾਜ਼ਕ ਖਾਖਾਂ ਤੋਂ ਤਿਲਕਦੇ ਹੰਝੂ ਪੂੰਝਦਿਆਂ ਪੁਛਿਆ – ਕੀ ਕਰਨ ਲੱਗਾ ਐਂ ?

ਇਹ ਛੋਟੀ ਕੁਰਸੀ ਨੂੰ ਵੱਡੀ ਕੁਰਸੀ ਉੱਪਰ ਫਿੱਟ ਕਰਨ ਦੀ ਤਰਕੀਬ ਸੋਚ ਰਿਹਾਂ ।

ਉਹ ਕਿਉਂ ? ਮੈਂ ਪੁੱਛਿਆ ।

ਯਮਰਾਜ ਕਹਿੰਦਾ ਕਿ ਉਦ੍ਹੀ ਨਿੱਕੀ ਕੁਰਸੀ ਵਰਗੀਆਂ ਤਾਂ ਹੋਰ ਵੀ ਕਈ ਕੁਰਸੀਆਂ ਹਨ ।

ਉਹ ਧਰਮਰਾਜ ਵਾਲੀ ਵੱਡੀ ਕੁਰਸੀ  ਕਿਉਂ ਨਹੀਂ ਸਾਂਭ ਲੈਂਦਾ ?

ਪਰ ਉਹ ਛੋਟੀ ਕੁਰਸੀ ਵੀ ਨਈਂ ਛੱਡਦਾ ਤੇ ਵੱਡੀ ਉੱਤੇ ਵੀ ਬੈਠਣਾ ਚਾਹੁੰਦਾ ..........। ਇਸੇ ਲਈ ਉਸ ਨੇ ਦੋਨਾਂ ਦੀਆਂ ਲੱਤਾਂ,ਬਾਹਾਂ , ਢੋਆਂ ,ਸੀਟਾਂ ਜੋੜ ਕੇ ਬਣਾਉਣ ਲਈ ਹੁਕਮ ਚਾੜ੍ਹ ਦਿੱਤਾ ਆ ।

ਧਰਮ ਅਤੇ ਇਨਸਾਫ਼ ਦੇ ਨਾਂ ਹੇਠ ਉਸਰੀ ਕਚਹਿਰੀ ਅੰਦਰ ਹੁਣੇ-ਹੁਣੇ ਵਾਪਰੀ ਘਟਨਾ ਕਰਕੇ , ਮੇਰੇ ਬੇਚੈਨ ਹੋਏ ਮਨ ਅੰਦਰਲਾ ਤੌਖਲਾ,ਨਾਮ੍ਹੇਂ, ਕਿਸ਼ਨੇ ਅਤੇ ਸੇਮੇਂ ਦੀਆਂ ਗੱਲਾਂ ਸੁਣ ਕੇ ਹੋਰ ਵਧ ਗਿਆ । ਵਿਤੋਂ ਬਾਹਰੀ ਸ਼ਕਤੀ ਹਥਿਆਉਣ ਦੀ ਲਾਲਸਾ ਅਤੇ ਇਸ ਦੀ ਆਪ-ਹੁਦਰੀ ਵਰਤੋਂ ਦੀਆਂ ਸੰਭਾਵਨਾਵਾਂ ਦਾ ਭੈਅ, ਪਰਛਾਵੇਂ ਵਾਂਗ ਮੇਰੇ ਨਾਲ ਆ ਖੜਾ ਹੋਇਆ , ਜਿਸ ਦੀ ਪਿੱਠ-ਭੂਮੀ ਤਿਆਰ ਕਰਨ ਲਈ, ਕਈਆਂ ਚਿਰਾਂ ਤੋਂ ਈ ਮੇਰੀ ਉਲਾਦ ਅਮਰੀਕੀ ਮਹੁਰੇ ਦੀ ਮਿਠਾਸ ਚੱਟਦੀ ਆ ਰਹੀ ਸੀ ।

ਆਪਣੀ ਨਿੱਘਰ ਚੁੱਕੀ ਦੇਹੀ  ਦੇ ਝੋਰੇ ਕਰਕੇ ਮੈਂ ਤਰਸੇਮ ਜ਼ੁੰਮੇ ਲੱਗੇ ਕੰਮ ਉੱਤੇ ਆਪਣੀ ਮਰਜ਼ੀ ਕਰ ਸਕਣ ਦੀ ਅਸਮਰੱਥਾ ਪ੍ਰਗਟਾਉਂਦਿਆਂ ਆਖਿਆ – ਬੇਟਾ , ਕੁਰਸੀ ਐਨੀ ਉੱਚੀ ਨਾ ਕਰ ਦਈਂ , ਜਿਸ ਉੱਤੇ ਬੈਠੇ ਧਰਮਰਾਜੇ ਨੂੰ ਮਾਤ ਲੋਕ ਅੰਦਰ ਵਸਦੇ ਲੋਕੀਂ ਦਿਸਣੋਂ ਹਟ ਜਾਣ ।

ਕਾਰੀਗਰ ਪੁੱਤਰ ਨੂੰ ਅਸ਼ੀਰਵਾਦ ਦੇ ਕੇ ਮੈਂ ਥੋੜ੍ਹੀ ਜਿਹੀ ਵਿੱਥ ਤੇ ਕਹੀ ਵਾਹੁੰਦੇ ਮੇਹਰੂ ਜੱਟ ਕੋਲ ਜਾਣ ਲਈ ਅਜੇ ਦੋ ਕੁ ਪੈਰ ਹੀ ਪੱਟੇ ਸਨ ਕਿ ਜਮਦੂਤਾਂ ਦੀ ਇਕ ਲਾਠੀਆਂ ਉਲਾਰਦੀ ਟੋਲੀ ਨੇ ਮੈਨੂੰ ਵਿਦਰੋਹ ਦੀ ਸਾਜ਼ਸ਼ ਕਰਨ ਦੇ ਇਲਜ਼ਾਮ ਅੰਦਰ ਆ ਘੇਰਿਆ ।

ਪੈਰ ਪੈਰ ਤੇ ਉਛਾਲੀ ਮਾਰਦੇ , ਪਰ ਨੱਪ ਕੇ ਅੰਦਰ ਡੱਕੇ ਉਬਾਲ ਨੂੰ ਹੋਰ ਸਾਂਭਣਾ ਔਖਾ ਹੋ ਜਾਣ ਕਾਰਨ ,ਮੇਰੇ ਕੰਬਦੇ ਹੱਥਾਂ ਨੇ ਵੀ ਆਪਣੀ ਖੂੰਟੀ ਉਪਰ ਉੱਠੀਆਂ ਲਾਠੀਆਂ ਮੂਹਰੇ ਉਲਾਰ ਕੇ ਤਣ ਦਿੱਤੀ ......

..........ਮਸਾਣ-ਭੂਮੀ ਅੰਦਰ ਧਰੀ ,ਗੁਬਾਰਿਆਂ ਨਾਲ ਸ਼ਿੰਗਾਰੀ ਅਰਥੀ ਅੰਦਰੋਂ , ਜ਼ੋਰ ਨਾਲ ਹਿੱਲੀ ਤੇ ਉੱਪਰ ਨੂੰ ਉੱਠੀ ਮੇਰੀ ਬਾਂਹ ਦੇਖ ਕੇ , ਚਿਤਾ ਚਿਣਦੀ ਸਾਰੀ ਦੀ ਸਾਰੀ ਵਹੀਰ ਪਹਿਲਾਂ ਤਾਂ ਮੈਨੂੰ ਭੂਤ ਸਮਝ ਕੇ ਡਰਦੀ ਪਿਛਾਂਹ ਦੌੜ ਗਈ , ਪਰ ਅਗਲੇ ਈ ਪਲ , ਮੇਰੇ ਮੂੰਹੋਂ ਨਿਕਲਿਆ ਵਾਖਰੂ ਅੱਖਰ ਸੁਣ ਕੇ ਮੇਰੇ ਦੁਆਲੇ ਆ ਕੱਠੀ ਹੋਈ ।

.....ਇਹ ਤਾਂ ਅਜੇ ਜੀਂਦਾ ਆ , ਉਨ੍ਹਾਂ ਵਿਚੋਂ ਕਿਸੇ ਨੇ ਆਖਿਆ ।

ਹਾਂ ...ਅਜੇ ਮੈਂ ਜਿਉਂਦਾ  ਹਾਂ , ਮੈਂ ਆਸ ਪਾਸ ਖੜੀ ਸਾਰੀ ਦੀ ਸਾਰੀ ਭੀੜ ਨੂੰ ਆਖਣ ਵਿੱਚ ਰਤੀ ਭਰ ਵੀ ਢਿੱਲ ਨਾ ਕੀਤੀ ।

------------------------------

ਜਿੰਨ (ਕਹਾਣੀ)

ਲਾਲ ਸਿੰਘ ਦਸੂਹਾ

......................ਲੋਕੀਂ ਤਾਂ ਐਮੇਂ ਝੂਠ ਈ ਮਾਰੀ ਜਾਂਦੇ ਆ ਕਿ ਤਾਲ ਤੇ ਹੁਣ ਕੋਈ ਜੜਾ-ਜਿੰਨ ਨਈਂ ਰਹਿੰਦਾ । ਪਿੱਪਲ ਦੇ ਵੱਢੇ ਜਾਣ ਤੇ ਏਹ ਕਿਧਰੇ ਹੋਦਰੇ ਚਲਾ-ਚੁਲਾ ਗਿਆ । ਏਹ...ਏਹ ਤਾਂ ਹਜੇ ਵੀ ਏਥੇ ਈ ਆ । ਨੋਹਾਂ –ਧੀਆਂ ਦੀ ਥਾਂ ਏਹ ਹੁਣ ਰੋਹੀਆਂ ਨੂੰ ਚਿੰਮੜਦਾ ,ਵਾਹੀ –ਯੋਗ ਖੇਤਾਂ ਨੂੰ ! ................(ਇਸੇ ਕਹਾਣੀ ਚੋਂ )

ਭੂਮਿਕਾ

ਕਨਾਲ ਸਵਾ-ਕਨਾਲ ਥਾਂ ਤੇ ਪੁੱਟ ਹੋਏ ਡੂੰਘੇ ਟੋਏ ਦਾ ਹੇਠਲਾ ਹਿੱਸਾ ਤੰਗ, ਉੱਪਰਲਾ ਖੁੱਲਾ । ਉੱਪਰੋਂ-ਹੇਠੋਂ ਜਿਵੇਂ ਕਿਸੇ ਨੇ ਤਰਾਸ਼ ਕੇ ਘੜਿਆ ਹੋਵੇ । ਇਸ ਦੇ ਚਾਰੋਂ ਪਾਸੇ ਮੋਟੀਆਂ-ਭਾਰੀਆਂ ਵੱਟਾਂ । ਨਾਲ਼  ਜੁੜਵੀਂ ਇਕ ਛੋਟੀ ਜਿਹੀ ਢੀਂਗਲੀ, ਜਿਸ ਤੋਂ ਥੋੜ੍ਹਾ ਕੁ ਹਟਵੇਂ ਕੱਚੇ ਰਾਹ ਕੰਢਲੇ ਦਿਓ-ਕੱਦ ਪਿੱਪਲ ਦੇ ਮੋਟੇ-ਭਾਰੇ ਤਣੇ ਦੁਆਲੇ ਖੁੱਲ੍ਹਾ-ਮੋਕਲਾ ਥੜਾ ਬਣਾ ਕੇ ਚਰਨੀ ਨੇ ਕੁੱਲੀ ਬਣਾ ਲਈ , ਤਾਲ ਅੰਦਰੋਂ ਨੜੇ-ਕਾਨੇਂ ਵੱਢ ਕੇ , ਜੇਲ੍ਹੋਂ ਮੁੜਦਿਆਂ ਸਾਰ । ਕੁੱਲੀ ਕਾਹਦੀ ਬਣੀ , ਇਸ ਥਾਂ ਰਹਿੰਦੇ ਜਿੰਨ ਦੀ ਚਰਚਾ ਹੋਰ ਵੀ ਤਿੱਖੀ ਹੋ ਗਈ । ਕੋਈ ਆਖੋ –ਲੰਬੜ ਦਾ ਏਹ ਛੋਕਰਾ ਅਲੱਥ ਦਾ ਅਲੱਥ ਈ ਰਿਆ , ਏਨੂੰ ਅਕਲ ਨਾ  ਆਈ । ਬਣਿਆ ਕੀ ਫਿਰਦਾ ਜਿੰਨ ਜਿਆ ! ਕੋਈ ਕਹੇ – ਹੱਡ ਹਰਾਮੀਂ ਹੋ ਗਿਆ ਹੱੜ ਹਰਾਮੀਂ , ਵਿਹਲਾ ਰਹਿ ਰਹਿ ਕੇ । ਘਰ ਦੇ ਕੰਮਾਂ-ਧੰਦਿਆਂ ਤੋਂ ਬਚਦਾ ਜਾ ਬੈਠਾ ਬਾਅਰ , ਸਖ਼ਤੇ ਥਾਂ ਤੇ । ਸਿਆਣੀ ਉਮਰ ਦੀਆਂ ਮਾਈਆਂ-ਬੀਬੀਆਂ ਦੀ ਰਾਇ ਸਭ ਦੀ ਇਕ ਸੀ – ਅੰਦਰੋਂ ਤਾਂ ਆ ਗਿਆ ਬਚ ਕੇ , ਹੁਣ ਨਈਂ ਬਚਦਾ ! ਜਦ ਮਾਰਿਆ ਨਾ ਜਿੰਨ ਨੇ ਪਟਕਾ –ਪਟਕਾ ਕੇ , ਫੇਅਰ ਲੱਗੂ ਪਤਆ , ਕੀ ਭਾਅ ਵਿਕਦੀ ਆ ...........।

ਪਰ ਪੂਰੇ ਦਾ ਪੂਰਾ ਸਾਧ ਬਣੇ ਦਿਸਦੇ ਚਰਨੀ ਨੂੰ ਕਦੀ ਜਿੰਨ-ਮ੍ਹਾਰਾਜ ਨੇ ਪਟਕਾ-ਪਟਕਾ ਕੇ ਮਾਰਿਆ ਹੋਵੇ , ਇਵੇਂ ਦੀ ਕੋਈ ਗੱਲ ਕਿਸੇ ਨੇ ਸੁਣੀ ਨਾ । ਨਾ ਓਧਰੋਂ ਲੰਘਦੇ ਕਿਸੇ ਵੀ ਰਾਹੀ ਨੇ , ਹਾਲੀ ਪਾਲੀ ਨੇ ਉਸਨੂੰ ਕਦੇ ਵਿਹਲੇ ਬੈਠਿਆਂ ਦੇਖਿਆ ।ਤਾਲ ਦੀ ਸਫਾਈ ,ਢੀਂਗਲੀ ਦਾ ਸੁਧਾਰ ,ਪਿੱਪਲ ਹੇਠ ਝਾੜੂ –ਬਹਾਰੀ , ਰਾਹ ਜਾਂਦੇ ਰਾਹੀਆਂ ਲਈ ਰੱਖੇ ਘੜੇ ਧੋਣੇ-ਸੁਆਰਨੇ ਮੁੜ ਤੋਂ ਭਰਨੇ । ਹੋਰ ਨਹੀਂ ਤਾਂ ਇੱਕ ਘੜਾ ਮੋਢੇ ਤੇ ਧਰ ਕੇ ਹਾਲੀਆਂ-ਪਾਲੀਆਂ ਨੂੰ ਪਾਣੀ ਪਲਾਉਣ ਨਿਕਲ ਤੁਰਨਾ ।ਉਸਨੇ ਨਿੱਤ-ਨੇਮ ਵਰਗੇ ਕੰਮਾਂ-ਕਾਰਾਂ ਨੇ ਆਸ –ਪਾਸ ਦੇ ਪਿੰਡਾਂ ਚ ਉਸ ਬਾਰੇ ਬਣੀ ਪਹਿਲੀ ਰਾਇ ਸਾਰੀ ਬਦਲ ਦਿੱਤੀ । ਲੋਕੀਂ ਹੁਣ ਉਸਨੂੰ ਅਲੱਥ, ਬੇ-ਅਕਲ ਵਰਗੇ ਦੋਸ਼ ਦੇਣ ਦੀ ਥਾਂ ਅਕਲਮੰਦ , ਜਪੀ-ਤਪੀ, ਕਰਨੀ-ਵਾਲਾ ਸੰਤ ਮੰਨਣ਼ ਲੱਗ ਪਏ ।ਇਹ , ਜਪੀ-ਤਪੀ ,ਕਰਨੀ-ਆਲਾ ਬਣਨ ਦੇ ਗੁਰ ਉਸਨੇ ਜੰਗ ਬਹਾਦਰ ਤੋਂ ਸਿੱਖੇ ਸਨ । ਸੁਧਾਰ-ਘਰ ਚ ਉਸ ਨਾਲ ਉਮਰ-ਕੈਦ ਕੱਟਦੇ ਜੰਗ-ਬਹਾਦਰ ਨਾਲ ਰਹਿੰਦਿਆਂ –ਵਿਚਰਦਿਆਂ  ਚਰਨੀ ਨੂੰ ਜਿਹੜਾ ਗੁਰ ਸਭ ਤੋਂ ਵੱਧ ਕੰਠ ਹੋਇਆ ਸੀ , ਉਹ ਸੀ – ਖਾਸ-ਵਿਸ਼ੇਸ਼ ,ਕੋਈ ਮਹਾਨ-ਪੁਰਸ਼ , ਕੋਈ ਵੱਡਾ-ਬੰਦਾ ਦਿੱਸਣ ਲਈ ਕੋਈ ਵੱਡਾ-ਕੰਮ ਕਰਨਾ ਪੈਂਦਾ , ਮਾਰ੍ਹਕੇਦਾਰ ਜਿਹਾ , ਲੀਹੋਂ ਹਟਵਾਂ .....।

ਜੇਲੋਂ ਬਾਹਰ ਆਉਂਦੇ ਨੂੰ ਕੋਈ ਮਾਰ੍ਹਕੇਦਾਰ , ਕੋਈ ਲੀਹੋ ਹਟਵਾਂ ਕੰਮ ਉਸਨੂੰ ਏਹੋ ਸੁੱਝਾ । ਉਹ ਪਿੰਡ ਨਹੀਂ ਗਿਆ , ਆਪਣੇ ਘਰ ਆਪਣੇ ਬਾਲ-ਬੱਚੇ ਪਾਸ ।

ਉਹ ਮੁੜ ਉਸੇ ਥਾਂ ਆ ਟਿਕਿਆ , ਜਿਥੋਂ ਗਿਆ ਸੀ ਅੰਦਰ ।

ਲੰਬੜਦਾਰ ਪਿਓ ਦਾ ਗਲ਼ ਘੁੱਟਿਆ ਗਿਆ ਸੀ ਉਸਤੋਂ ਤੈਸ਼ ਚ ਆਏ ਤੋਂ । ਹਵੇਲੀ ਸੁੱਤੇ ਪਏ ਦਾ । ..........ਪਿੰਡ ਬਾਹਰਲੀ ਫਿਰਨੀ ਨਾਲ਼ ਜੁੜਵੇਂ ਵੀਹ ਖੇਤ ਤਿੰਨਾਂ ਵਿਆਹੇ-ਵਰ੍ਹੇ ਮੁੰਡਿਆਂ ਨੂੰ ਲੰਬੜਦਾਰ ਜੁਆਲਾ ਸਿੰਘ ਨੇ ਲੰਮੇ –ਦਾਅ ਵੰਡ ਦਿੱਤੇ , ਵਾਹੀ ਕਰਨ ਲਈ । ਉਹਨਾਂ ਤਿੰਨਾਂ ਵਿਚੋਂ ਕਿਸੇ ਨੇ ਕੋਈ ਉਜਰ ਨਾ ਕੀਤੀ । ਪਰ ਲਹਿੰਦੇ ਵਸੀਮੇਂ ਨਾਲ ਲੱਗਦੇ ਤਿੰਨ ਘੁਮਾਂ ਦੇ ਟੱਕ ਤੇ ਅੜਿੱਕਾ ਪੈ ਗਿਆ । ਹੇਜ਼ਮਾਂ ਪਿੰਡ ਨੂੰ ਜਾਂਦਾ ਤਿੰਨ ਕਰਮ ਦਾ ਰਾਹ ਇਕੋ ਖੇਤ ਨੂੰ ਲੱਗਦਾ ਸੀ । ਦੂਜੇ ਦੋਨਾਂ ਨੂੰ ਜੋੜਦਾ ਲੰਬੜ ਨੇ ਆਪ ਛੱਡ ਵੀ ਦਿੱਤਾ । ਫਿਰ ਵੀ ਤਿੰਨੋਂ ਭਰਾ ਦੋਨੀਂ ਪਾਸੀਂ ਲੱਗਦੇ ਰਾਹ ਵਾਲੇ ਕੁਰੇ ਲਈ ਅੜੇ ਰਹੇ । ਕੋਈ ਕਿਸੇ ਦੀ ਗੱਲ ਨਾ ਮੰਨੇ । ਆਖਣ – ਏਹ ਕੇੜ੍ਹੀ ਕੱਚੀ ਵੰਡ ਆ ,ਏਹੋ ਈ ਪੱਕੀ ਹੋਣਾ ਕਿਸੇ ਦਿਨ । ਕਈ ਦਿਨ ਘੈਂਸ-ਘੈਂਸ ਹੁੰਦੀ ਰਹੀ । ਹਾਰ ਕੇ ਲੰਬੜ ਨੇ ਗੁਣੇ ਪਾ ਦਿੱਤੇ । ਇਕ ਰਾਹ ਜਾਂਦੇ ਰਾਹੀ ਨੂੰ ਵਾਜ਼ ਮਾਰ ਕੇ ਪਰਚੀਆਂ ਚੁਕਾ ਲਈਆਂ । ਪਹਿਲਾ ਟੱਕਾ ਵਿਚਕਾਰਲੇ ਮੁੰਡੇ ਨੂੰ ਮਿਲ ਗਿਆ , ਆਸਾ ਸਿੰਘ ਨੂੰ , ਦੂਜਾ ਤਿੰਨਾਂ ਚੋਂ ਵੱਡੇ ਕਿਰਪਾ ਸਿੰਘ ਨੂੰ ਤੇ ਤੀਜਾ , ਤਾਲ ਵਾਲਾ ਆਖ਼ਰੀ ਖ਼ੱਤਾ ਚਰਨੀ ਦੇ ਹਿੱਸੇ ਟੱਕਿਆ ਗਿਆ। ਚਰਨੀ ਕਈ ਦਿਨ ਤਰਲੋ-ਮੱਛੀ ਹੋਇਆ ਰਿਹਾ । ਕੋਈ ਰਾਹ ਨਾ ਲੱਭੇ  ਉਸਨੂੰ ਢੁੱਚਰ ਡਾਹੁਣ ਨੂੰ । ਆਖਿਰ ਫੀਲੇ ਅਮਲੀ ਦੀ ਦੱਸੀ ਤਰਕੀਬ ਕੰਮ ਆਈ । ਉਸਨੇ ਸਲਾਹ ਦਿੱਤੀ ਸੀ –ਤਾਲ ਆਲਾ ਕਨਾਲ ਸਵਾ-ਕਨਾਲ ਵਾਫ਼ਰ ਕਰਵਾ ਲੈ , ਬਾਕੀ ਦਾ ਰਕਬਾ ਬਰਾਬਰ ਵੰਡ ਲੋਅ........... ਟੋਆ ਜਿਆ ਈ ਆ , ਉਨੂੰ ਪੂਰਨਾ ਕੀ ਔਖਾ , ਸਾਲ ਖੰਡ ਅਟਕ ਕੇ ਨਾਲ਼ ਜੋੜ ਲਈ  ।

ਚਰਨੀ ਨੇ ਉਹੀ ਮੰਗ ਲੰਬੜਦਾਰ ਪਿਓ ਮੂਹਰੇ ਜਾ ਧਰੀ , ਉਸੇ ਸ਼ਾਮੀਂ । ਲੰਬੜ ਤਾਂ ਕਰੂ ਸੀ ਇਵੇਂ । ਉਹਦੀ ਇੱਛਾ ਸੀ – ਜਿੱਦਾਂ ਵੀ ਕਿੱਦਾਂ ਮਨ –ਮਿਟਾ ਦੂਰ ਹੋ ਜਾਏ ਚਰਨੀ ਦਾ । ਤਿੰਨੇ ਭਰਾ ਭਰਾਮਾਂ ਆਂਗੂ ਰਹਿਣ । ਸ਼ਰੀਕ ਨਾ ਬਣ ਬੈਠਣ , ਐਮੇਂ ਨਿਗੁਣੀ ਜੇਈ ਗੱਲ ਪਿੱਛੇ ! ਪਰ, ਉਸਦੀ ਗੱਲ ਮੰਨੀ ਨਾ ਗਈ , ਵੱਡੇ ਦੋਨੋਂ ਆਪਣੀ ਜ਼ਿੱਦ   ਤੇ ਅੜ੍ਹ ਗਏ । ਆਖਣ – ਪਹਿਲੋਂ ਕਿਥੇ ਗਿਆ ਆ ਸੀ ਵੱਡਾ ਹਸਾਬੀ ! ਅਸੀਂ ਨਈਂ ਛੱਡਿਆ ਰਾਹ ਆਪਣੇ ਖੱਤਿਆਂ ਵਿਚੋਂ ਦੀ । ਅਸੀਂ ਤਾਂ ਹਿੱਲਣ ਨਈਂ ਦਿੰਦੇ ਚੱਪਾ ਭਰ ਵੀ ਵੰਨਾ ........। ਲੰਬੜਦਾਰ ਪਿਓ ਵਿਚਕਾਰ ਜਿਹੇ ਫਸ ਗਿਆ । ਨਾ ਚਰਨੀ ਨੂੰ ਦੋ-ਟੁੱਕ ਜਵਾਬ ਦੇ ਹੋਇਆ ਉਸ ਤੋਂ , ਨਾ ਵੱਡਿਆਂ ਨੂੰ ਤਾੜ ਕੇ ਆਖ ਸਕਿਆ ਸੀ ਕੁਝ ।ਚਰਨੀ ਵਿੱਸ ਘੋਲਦਾ ਕਈ ਦਿਨ ਉਸਦੇ ਫੈਸਲੇ ਦੀ ਉਡੀਕ ਕਰਦਾ ਰਿਹਾ । ਆਖਿਰ ਇਕ ਸ਼ਾਮੀਂ ਹਨੇਰੇ ਪਏ ਉਸਨੇ ਲੰਬੜ ਨੂੰ ਹਵੇਲੀ ਸੁੱਤੇ ਨੂੰ ਜਾ ਗਲੋਂ ਫੜਿਆ । ਆਖੇ – ਕਸੂਰ ਈ ਸਾਰਾ ਤੇਰਾ ਆ ਬੁੜ੍ਹਿਆ , ਤੈਂ ਈ ਨਈਂ ਨਿਆਂ ਕੀਤਾ ਮੇਰੇ ਨਾ । ਇਕ ਤਾਂ ਪਾਸਾ ਮੈਨੂੰ ਸਭ ਤੋਂ ਪਿੱਛਲਾ ਦੇ ਦਿੱਤਾ , ਉੱਪਰੋਂ ਉਨ੍ਹਾਂ ਦੀ ਅੜੀ ਮੂਹਰੇ ਲਿਫੀ ਜਾਨਾਂ । .........ਦੱਸ ਕਰੇਂਗਾ ਕੁਝ ਕਿ ਨਈਂ ?

ਉਸਦੇ ਅੱਧਿਉਂ ਵੱਧ ਲੱਗੀ ਹੋਈ ਸੀ ਮੂੰਹ ਨੂੰ । ਉੱਪਰੋਂ ਆਈ ਤਲਖੀ ਉਸਨੂੰ ਰਹਿੰਦਾ ਵੀ ਵੱਟ ਚਾੜ੍ਹ ਗਈ । ਆਪ-ਮੂਹਾਰੇ ਉਸਦੇ ਦੋਨੋਂ ਹੱਥ ਆਪਣੇ ਪਿਓ ਜੁਆਲਾ ਸਿੰਘ ਦੀ ਧੌਣ ਦੁਆਲੇ ਕੱਸੇ ਗਏ । ਅੱਗੋਂ ਜੁਆਲਾ ਸਿੰਘ ਦੀ ਨਿੱਗਰ ਦੇਹ ਵੀ ਐਮੇਂ-ਕਿਮੇਂ ਦਾ ਅੰਤ ਮੰਨਣ ਨੂੰ ਤਿਆਰ ਨਹੀਂ ਸੀ ਹੋਈ । ਇਕ ਵਾਰ ਤਾਂ ਉਹ ਹੰਭਲਾ ਮਾਰ ਕੇ ਉੱਠ ਵੀ ਬੈਠਾ ।ਮੰਜੀ ਲਾਗੇ ਪਈ ਡਾਂਗ ਤੱਕ ਉਹਦੀ ਇੱਕ ਬਾਂਹ ਪੁੱਜਦੀ ਵੀ ਹੋ ਗਈ । ਪਰ , ਚਰਨੀ ਦੀ ਮਜ਼ਬੂਤ ਪਕੜ ਨੇ ਉਹਦੀ ਪੇਸ਼ ਨਹੀਂ ਸੀ ਜਾਣ ਦਿੱਤੀ । ਗੁੱਥਮ-ਗੁੱਥਾ ਹੁੰਦੇ ਚਰਨੀ ਨੂੰ ਪਤਾ ਤਕ ਨਹੀਂ ਸੀ ਲੱਗਾ , ਕਦ ਉਸਦੇ ਪਿਓ ਦੀ ਘੰਡੀ ਉਸਤੋਂ ਪੂਰੀ ਤਰ੍ਹਾਂ ਨੱਪੀ ਗਈ ਸੀ ।

ਕਹਿੰਦਾ –ਕਹਾਉਂਦਾ ਜੱਟ ਜੁਆਲਾ ਸੂੰਹ ਲੰਬੜ, ਢੇਰੀ ਕਰ ਦਿੱਤਾ ਸੀ , ਉਸਦੇ ਸਭ ਤੋਂ ਛੋਟੇ ਪੁੱਤਾ ਚਰਨੀ ਨੇ ।

ਅਗਲੇ ਦਿਨ ਇਕਬਾਲੀਆ ਬਿਆਨ ਦੇਣ ਤੋਂ ਪਹਿਲਾਂ ਚਰਨੀ ਰਾਤ ਭਰ ਇਸੇ ਟੋਏ ਚ ਲੁਕਿਆ ਰਿਹਾ ਸੀ । ਝੰਗ-ਵੇਲਾ ਬਣੇ ਇਸ ਤਲਾਅ ਚ , ਜਿਸ ਨੂੰ ਵੱਡਾ-ਚੌੜਾ ਕਰਕੇ ਸਰੋਵਰ ਸਾਬ੍ਹ ਬਣਾਉਣ ਦੀ ਯੋਜਨ ਬਣਾ ਲਈ ਸੀ ਹੁਣ , ਚਰਨੀ ਉਰਫ਼ ਰੱਬ ਜੀ ਨੇ ।

ਆਦਿਕਾ

ਉਸਦੇ ਆਪਦੇ ਹਿੱਸੇ ਚੋਂ ਤਾਂ ਬੱਸ ਏਹੀ ਥਾਂ ਸੀ – ਕਨਾਲ ਸਵਾ-ਕਨਾਲ । ਤਖ਼ਤ-ਸਾਬ੍ਹ ਦੀ ਪਿੱਛਾਵਾੜੀ । ਨਾਲ ਜੁੜਵਾਂ ਖੇਤ ਕਿਰਪੇ ਦਾ ਸੀ , ਉਸਦੇ ਵੱਡੇ ਭਰਾ ਕਿਰਪਾ ਸਿੰਘ ਦਾ । ਇਸ ਖੇਤ ਨੂੰ ਨਾਲ਼ ਜੋੜੇ ਬਿਨਾਂ ਸਰੋਵਰ ਯੋਜਨਾ ਸਿਰੇ ਨਹੀਂ ਸੀ ਚੜ੍ਹ ਸਕਦੀ । ਰੱਬ ਜੀ ਨੇ ਸਰੋਵਰ ਫੁਰਨਾ ਫੁਰਦਿਆਂ ਸਾਰ ਸਭ ਤੋਂ ਪਹਿਲਾਂ ਸੁਨੇਹਾ ਕਿਰਪਾ ਸੂੰਹ ਨੂੰ ਭੇਜਿਆ । ਡੇਰੇ ਦੇ ਸਭ ਤੋਂ ਸਿਆਣੀ ਉਮਰ ਦੇ ਸੇਵਾਦਾਰ ਬੰਤ ਸਿੰਘ ਹੱਥ – ਉਨੂੰ ਆਖ , ਚਾਹੇ ਤਾਂ ਪਿੰਡ ਦੀ ਨਿਆਈਂ ਨਾਲ਼ ਤਬਾਦਲਾ ਕਰ ਲਏ , ਨਈਂ ਤਾਂ ਪੈਹੇ ਵੱਟ ਲਏ .....ਮੂੰਹ ਮੰਗੀ ਮਾਇਆ ਮਿਲੂ ।

ਬੰਤ ਸਿੰਘ ਉਚੇਚ ਨਾਲ਼ ਕਿਰਪਾ ਸਿੰਘ ਦੇ ਘਰ ਦੋ-ਤਿੰਨ ਵਾਰ ਗਿਆ । ਪਹਿਲਾਂ ਆਨੀਂ-ਬਹਾਨੀਂ ਫਿਰ ਉਸਦੇ ਗੁਜ਼ਰ-ਗੁਜ਼ਾਰੇ ਦੀ ਖ਼ਸਤਾ ਹੋਈ ਹਾਲਤ ਜਾਚ ਕੇ ਰੱਬ ਜੀ ਦੀ ਤਜਵੀਜ਼ ਉਸਨੇ ਦੋਨਾਂ ਜੀਆਂ ਨੂੰ  ਬਿਠਾ ਕੇ ਸਿੱਧੀ-ਸਪਾਟ ਕਹਿ ਸੁਣਾਈ ।

ਅੱਛਾ ਹਾਅ ਗੱਲ ਸੀ ਵਿੱਚੋਂ ,ਮੈਂ ਨਾ ਕਹਾਂ ਸਾਧ ਗੇੜੇ ਕਾਤ੍ਹੋਂ ਮਾਰਦਾ ਮੁੜ-ਘੜੀ । ਅੱਗੇ ਨਾ ਕਦੀ ਪਿੱਛੇ ....... ਕਿਰਪਾ ਸਿੰਘ ਦੇ ਇਕ-ਦਮ ਬਦਲ ਗਏ ਰੰਗ-ਢੰਗ ਤੋਂ ਬੱਸ ਏਨੇ ਕੁ ਬੋਲ ਬੋਲੇ ਗਏ , ਪਰ ਉਸਦੀ ਘਰ ਵਾਲੀ ਸਵਰਨੀਂ ਇਕੋ-ਸਾਹੇ ਕਿੰਨਾ ਕੁਝ ਆਖ ਗਈ । ਉਸ  ਅੰਦਰ ਇਕ ਤਰ੍ਹਾਂ ਦਾ ਗੁੱਭ-ਗੁਭਾਰ ਇਕੱਠਾ ਹੁੰਦਾ ਆਇਆ ਸੀ ਚਿਰਾਂ ਤੋਂ , ਬਾਹਰਲੇ ਖੇਤੀਂ ਆਪਣੇ ਦਿਓਰ ਚਰਨੀ ਦੀ ਡੇਰਾ-ਚੜ੍ਹਤ ਦੇਖ ਸੁਣ ਕੇ । ਇਹ ਗੁੱਭ-ਗੁਭਾਰ ਉਸਦੇ ਬਰਾਬਰ ਦੇ ਹੋਏ ਧੀਆਂ-ਪੁੱਤਰਾਂ ਕਾਰਨ ਹੋਰ ਵੀ ਸੰਘਣਾ ਹੁੰਦਾ ਗਿਆ ਸੀ । ਖੇਤੀ-ਧੰਦੇ ਦੀ ਦਿਨੋਂ –ਦਿਨ ਨਿੱਘਰਦੀ ਹਾਲਤ ਕਾਰਨ ਉਸਨੇ ਬਾਹਰਲਾ ਖੇਤ ਵੇਚ ਦੇਣ ਨੂੰ ਪਹਿਲ ਦੇਂਦਿਆਂ ,ਆਪਣੇ ਅੰਦਰਲਾ ਬੋਝ ਕਿਰਪਾ ਸਿੰਘ ਅੱਗੇ ਢੇਰੀ ਕਰ ਦਿੱਤਾ , - ਮੈਂ ਤਾਂ ਆਹਨੀਂ ਆਂ ਮਾਰੋ ਗੋਲੀ ਤੜੇ-ਤਬਾਦਲੇ ਨੂੰ । ਵੱਟੋਂ ਪਰ੍ਹਾਂ ਪੈਹੇ । ਕਿਸੇ ਧੀ-ਪੁੱਤ ਦਾ ਵਿਆਹ ਕਰਾਂਗੇ ਸੌਖੇ ਹੱਥੀਂ । ਹੋਰ ਨਈਂ ਤਾਂ ਭਾਰ ਈ ਹਲਕਾ ਹਊ ਬੈਂਕਾਂ ਦਾ । ਖ਼ਸਮਾਂ ਖਾਣੇ ਸਾਹ ਨਈਂ ਕੱਢਣ ਦਿੰਦੇ ਕਿਸੇ ਬੰਨੇ । ਨਾਲੇ ਆਪਾਂ ਨੂੰ  ਕੇੜ੍ਹਾ ਕੁਸ਼ ਹੱਥ-ਪੱਲੇ ਪੈਂਦਾ ਓਥੋਂ ! ਫਸਲਾਂ ਤਾਂ ਅੱਗ-ਲੱਗੇੜ ਲੋਕੀਂ ਈ ਛੇਤੜ ਛੱਡਦੇ ਆ । ਹਰੋਜ ਈ ਤਾਂ ਮੇਲਾ ਲੱਗਾ ਰੈਦ੍ਹਾਂ । ਖੇਹ –ਪੈਣੀਆਂ ਮੋਟਰਾਂ-ਗੱਡੀਆਂ ਦਾ ਈ ਵਾਰ-ਫੇਰ ਨਈਂ ਆਉਂਦਾ । ਨਾ ਕੋਈ ਥਾਂ , ਨਾ ਕੁਥਾਂ । ਕੋਈ ਕਬਰ ਨਾ , ਕੋਈ ਤਕੀਆਂ ਨਾ , ਪਤਆ ਨਈਂ ਕਾਤੋਂ ਮੱਤ ਮਾਰੀ ਗਈ ਆ ਮੁਲਖ਼ ਦੀ .........। ਆਪਣੀ ਰੌਅ ਚ ਰੁੜ੍ਹਦੀ ਨੂੰ ਉਸਨੂੰ ਘਰ ਆਏ ਬੰਤ ਸਿੰਘ ਦੀ ਹੋਂਦ ਵੀ ਜਿਵੇਂ ਭੁੱਲ ਗਈ ਸੀ ।

ਪਤਨੀ ਦੀ ਬਾਤ-ਵਾਰਤਾ ਸੁਣਦਾ ਕਿਰਪਾ ਸਿੰਘ ਹੋਰ ਵੀ ਸੁੰਨ ਜਿਹਾ ਹੋ ਗਿਆ ।

ਹੋਰ ਕੋਈ ਗੱਲ ਹੁੰਦੀ ਤਾਂ ਉਸਨੇ ਪਤਨੀ ਨੂੰ ਬਾਬ੍ਹਰ ਕੇ ਪੈਣਾ ਸੀ ,ਜਿਵੇਂ ਦੀ ਉਸਦੀ ਆਦਤ ਸੀ । ਉਸਨੇ ਕਹਿਣਾ ਸੀ – ਤੂੰ ਹੁੰਨੀ ਕੌਣ ਆ ਐਹੋ ਜੇਹੀ ਸਲਾਹ ਦੇਣ ਆਲੀ । ਜੱਟ ਦਾ ਪੁੱਤ ਤਾਂ ਕੰਨੀ ਨਾ ਛੱਡੇ ਕਿਸੇ ਵੀ ਪਾਸਿਉਂ , ਤੂੰ........ਤੂੰ ਪੂਰੇ ਖੇਤ ਦੀ ਗੱਲ ਕਰਦੀ ਆਂ .......! ਪਰ , ਇਸ ਵਾਰ ਉਸਦੀ ਲੰਬੜਦਾਰਾ ਅਣ਼ਖ ਅੰਦਰੋਂ-ਅੰਦਰ ਘੁੱਟੀ ਰਹੀ । ਇਸ ਨੇ ਕਿਸੇ ਤਰ੍ਹਾਂ ਦਾ ਵੱਟ ਜਿਹਾ ਨਾ ਖਾਧਾ । ਸਿਰ-ਚੜੇ ਕਰਜ਼ੇ ਨੇ ਜਿਵੇਂ ਇਸ ਨੂੰ ਅੱਧ-ਮੋਇਆ ਕਰ ਛੱਡਿਆ ਹੋਵੇ ।ਉਹ ਕੋਈ ਹਾਂ-ਨਾਂਹ ਕੀਤੇ ਬਿਨਾਂ ਪਤਨੀ ਲਾਗਿਉਂ ਉੱਠ ਖੜੋਇਆ ।ਖੜੇ ਹੁੰਦਿਆਂ ਸਾਰ ਇਕ ਡੂੰਘਾ ਭਰਮਾਂ ਹਓਕਾ ਉਸ ਅੰਦਰੋਂ ਨਿਕਲ ਕੇ ਵਿਹੜੇ ਦੀ ਸਾਰੀ ਫਿਜ਼ਾ ਅੰਦਰ ਖਿੱਲਰ ਗਿਆ ।ਇਹ ਹਓਕਾ , ਉਸਦੇ ਖੇਤ ਵੇਚਣ ਦੀ ਦੁਚਿੱਤੀ ਨਾਲੋਂ , ਇੱਕ ਤਰ੍ਹਾਂ ਦੇ ਪਛਤਾਵੇ ਦਾ ਪ੍ਰਗਟਾ ਕਰ ਰਿਹਾ ਸੀ । ਉਸ ਜਿਵੇ ਕਹਿਣਾ ਚਾਹ ਰਿਹਾ ਹੋਵੇ – ਮੈਂ .........ਮੈਂ ਕਾਹਨੂੰ ਛੱਡਿਆ ਤਾਲ ਆਲਾ ਖੱਤਾ ! ਮੇਰੇ ਹਿੱਸੇ ਆਉਂਦਾ ਤਾਂ ਮੈਂ......ਮੈਂ ਵੀ ਲੱਖਾਂ ਚ ਖੇਲ੍ਹਦਾ ਹੁਣ ਨੂੰ .....ਬੁੜ੍ਹੇ ਨੂੰ ਮਾਰਨਾ ਕਿੱਡੀ ਕੁ ਔਖੀ ਗੱਲ ਸੀ .......! ਆਪਣੇ ਅੰਦਰ ਰਿੜਕ ਹੁੰਦੇ ਸੱਚ ਨੂੰ ਬੁੱਲਾਂ ਤੱਕ ਲਿਆਉਣ ਲੱਗਾ , ਉਹ ਥੋੜ੍ਹਾ ਕੇ ਝੇਂਪ ਜਿਹਾ ਗਿਆ ।

ਥੋੜੀ ਕੁ ਹਟਵੀਂ ਡਿੱਠੀ ਮੰਜੀ ਤੇ ਬੈਠੇ ਸੇਵਾਦਾਰ ਨੇ ਕਿਰਪਾ ਸੂੰਹ ਦੇ ਚਿਹਰੇ ਤੇ ਛਾਈ ਉਦਾਸੀ ਕਾਫੀ ਸਾਰੀ ਪੜ੍ਹ ਲਈ ਸੀ । ਉਹ ਉੱਠ ਕੇ ਉਸਦੇ ਲਾਗੇ ਆ ਖੜ੍ਹਾ ਹੋਇਆ । ਉਸਨੂੰ ਉਮੀਦ ਬੱਝਦੀ ਦਿਸੀ ਸੀ ਕਿ ਰੱਬ ਜੀ ਵੱਲੋਂ ਭੇਜੀ ਤਜਵੀਜ਼ ਇਕ ਨਾ ਦੂਜੇ ਰੁਖ਼ ਕਿਰਪਾ ਸੂੰਹ ਨੇ ਪ੍ਰਵਾਨ ਕਰ ਲਈ ਹੈ , ਪਰ ਕਿਰਪਾ ਸਿੰਘ ਵੱਲੋਂ ਮਿਲੇ ਉੱਤਰ ਨੇ ਉਸਨੂੰ ਅੱਧ-ਵਿਚਕਾਰ  ਹੀ ਲਟਕਾ ਦਾ ਕਰ ਦਿੱਤਾ । ਉਸ ਵੱਲ ਤਿਰਛਾ ਜਿਹਾ ਝਾਕਦਿਆਂ ਕਿਰਪਾ ਸਿੰਘ ਨੇ ਸੇਵਾਦਰ ਨੂੰ ਕਿਹਾ ਸੀ – ਉਨੂੰ ਆਖੀ .....ਆਪੂੰ ਆਵੇ ਆਪੂੰ , ਐਥੇ ਪਿੰਡ , ਸਾਡੇ ਘਰ ....ਫੇਅਰ ਦੇਖਾਂਗੇ ਕਿੱਦਾਂ ਕਰਨੀ ਆਂ .......!

ਕਿਰਪਾ ਸਿੰਘ ਦੇ ਹਰਫ਼-ਬ-ਹਰਫ਼ ਬੋਲ ਵੱਡੀ ਉਮਰ ਦੇ ਸੇਵਾਦਾਰ ਬੰਤ ਸਿੰਘ ਨੇ ਰੱਬ ਜੀ ਤੱਕ ਅੱਪੜਦੇ ਕਰ ਦਿੱਤੇ ।ਰੱਬ ਜੀ ਵਿਚਕਾਰ ਜਿਹੇ ਫ਼ਸ ਗਿਆ । ਖੇਤ ਲਏ ਬਿਨਾਂ ਸਰੋਵਰ-ਯੋਜਨਾ ਸਿਰੇ ਨਹੀਂ ਸੀ ਚੜ੍ਹਦੀ । ਉਸਦੇ ਭਾਰੇ-ਗੋਰੇ ਪੈਰ ਕਿਰਪਾ ਸੂੰਹ ਦੇ ਘਰ ਵੱਲ ਨੂੰ ਇੱਕ ਲਾਂਘ ਵੀ ਪੱਟਣ ਨੂੰ ਤਿਆਰ ਨਹੀਂ ਸਨ । ਗਿਆ ਹੀ ਨਹੀਂ ਸੀ ਉਹ ਪਿੰਡ । ਉਸ ਕਿਸੇ ਦੇ ਘਰ ਤਾਂ ਕੀ ਆਪਣੇ ਘਰ , ਆਪਣੇ ਬਾਲ-ਬੱਚੇ ਤੱਕ ਵੀ ਨਹੀਂ ਸੀ ਪੁੱਜਾ ,ਜੇਲੋਂ ਰਿਹਾਅ ਹੋ ਕੇ । ਸਾਰੇ ਖੇਤ-ਖੱਤੇ ਗਹਿਣੇ ਪਾ ਕੇ ਉਸਨੂੰ ਹੋਈ ਫਾਂਸੀ ਤੋਂ ਬਚਦਾ ਕਰਨ ਵਾਲੀ ਉਸਦੀ ਪਤਨੀ ਰੋਸ਼ਮੋਂ ਦੀ ਵੀ ਕਦੀ ਉਸਨੇ ਬਾਤ ਤੱਕ ਨਹੀਂ ਸੀ ਪੁੱਛੀ । ਉਹ, ਉਸਨੂੰ ਕਦੀ ਚੇਤੇ ਤੱਕ ਨਹੀ ਸੀ  ਆਈ । ਅੱਵਲ ਆਉਣ ਹੀ ਨਹੀਂ ਸੀ ਦਿੱਤੀ ਡੇਰੇ ਦੀਆਂ ਮਾਈਆਂ-ਬੀਬੀਆਂ ,ਚੇਲਣਾਂ-ਭਗਤਣਾਂ ਨੇ । ਇਹਨਾਂ ਵਿਚੋਂ ਜੇ ਕਦੀ ਕਿਸੇ ਮੂੰਹ-ਮੱਥੇ ਲੱਗਦੀ ,ਛੋਟੀ-ਵੱਡੀ ਉਮਰ ਦੀ ਸੇਵਾਦਾਰਨੀ ਨੇ ਗੱਲੀਂ-ਗੱਲੀਂ ਰੱਬ ਜੀ ਨੂੰ ਕਿਹਾ ਵੀ ਪਰਦੇ ਜਿਹੇ ਨਾਲ- ਬਾਬਾ ਜੀ ਮਾਤਾ ਰੇਸ਼ਮ ਕੌਰ ਤੇ ਵੀ ਮੇਹਰ ਕਰੋ ਹੁਣ । ਉਹ ਗ਼ਰੀਬਣੀ ਵੀ ਕਿਧਰੇ ਚਾਰ ਦਿਨ ਸੁੱਖ ਮਾਣ ਲਏ ਡੇਰੇ ਦਾ ...., ਤਾਂ ਰੱਬ ਜੀ ਨੇ ਝੱਟ ਉਸਦੀ ਮੰਗ ਅਪ੍ਰਵਾਨ ਕਰ ਦਿੱਤਾ ਸੀ – ਨਾ ਬੀਬਾ ਨਾ ,ਘਰ-ਬਾਰ ਦਾ ਮੋਹ ਸੰਤ-ਮਤੇ ਦੀ ਸਭ ਤੋਂ ਵੱਡੀ ਰੁਕਵਾਟ ਐ .....। ਉਸਦਾ ਤੀਹਾਂ ਤੋਂ ਉੱਪਰ ਟੱਪਿਆ ਪੁੱਤਰ ਜ਼ੈਲਾ ਅਫੀਮੀਆਂ-ਜੁਆਰੀਆਂ ਦੀ ਸੰਗਤ ਚ ਰਲਿਆ ਵੀ ਚਰਨੀ ਲਈ ਕਦੀ ਫਿਕਰ-ਚਿੰਤਾ ਦਾ ਕਾਰਨ ਨਹੀਂ ਸੀ ਬਣਿਆ ।

ਬੀਤੇ ਛੇਆਂ –ਸੱਤਾਂ ਵਰ੍ਹਿਆਂ ਦਾ ਸਮਾਂ ਉਸਨੇ ਬਸ ਡੇਰੇ ਨੂੰ ਉਸਾਰਨ-ਸੁਆਰਨ ਤੇ ਲਾਇਆ ਸੀ ਜਾਂ ਦੂਰ-ਪਾਰ ਤੱਕ ਦੀਆਂ ਸੰਗਤਾਂ ਅੰਦਰ ਇਸਦੀ ਮਾਨਤਾ ਨੂੰ ਵੱਧਦਾ-ਫੁੱਲਦਾ ਕਰਨ ਵਿੱਚ । ਹਰ ਹੀਲਾ ਵਰਤ ਕੇ ।

ਮੱਧਿਕਾ

ਉਸ ਸਵੇਰੇ ਤੜਕਸਾਰ ਉੱਠਿਆ । ਬਾਹਰ –ਅੰਦਰ ਗਿਆ । ਦਾਤਣ-ਬੁਰਸ਼,ਇਸ਼ਨਾਲ-ਪਾਨ ਕੀਤਾ ਤੇ ਭੋਰੇ ਅੰਦਰ ਉੱਤਰ ਕੇ ਸਮਾਧੀ ਵੀ ਉਹਨੇ ਹਰ-ਰੋਜ਼ ਵਾਂਗ ਧਾਰਨ ਕਰ ਲਈ । ਮੂੰਹ-ਸਿਰ ਲਿਪੇਟ ਕੇ,ਪਸ਼ਮੀਨੇ ਦੀ ਸ਼ਾਲ ਨਾਲ । ਪਰ , ਨਿੱਤ –ਨੇਮ ਦੀ ਕਿਸੇ ਵੀ ਕਿਰਿਆ ਨਾਲ, ਕਿਸੇ ਵੀ ਬਾਣੀ ਨਾਲ਼ ਉਸਦਾ ਮਨ-ਚਿੱਤ ਜੁੜਿਆ ਨਾ । ਇਹ ਮੁੜ-ਘੜੀ ਭੋਰਿਉਂ ਬਾਹਰ ਨਿਕਲ ਕਦੀ ਕਿਧਰੇ ਉਡਾਰੀ ਮਾਰ ਜਾਂਦਾ ਕਦੀ ਕਿਧਰੇ । ਬੜੀ ਔਖ ਨਾਲ਼, ਖਿੱਚ –ਧੂਹ ਕੇ ਰੱਬ ਜੀ ਇਸਨੂੰ ਫਿਰ ਭੋਰੇ ਅੰਦਰ ਲਿਆਉਂਦਾ, ਆਪਣੀ ਭਾਰੀ –ਭਰਕਮ ਦੇਹ ਅੰਦਰ ਬੈਠਦਾ ਕਰਦਾ । ਅਗਲੇ ਹੀ ਛਿੰਨ ਇਹ ਫਿਰ ਬਾਹਰ !

ਬੀਤੇ ਕੱਲ੍ਹ ਦੀ ਹੋਈ ਬੀਤੀ ਨੇ ਉਸਦੀ ਸਾਧ-ਬਿਰਤੀ ਰਹਿੰਦੀ ਦੀ ਖੰਡਿਤ ਕਰ ਦਿੱਤੀ ਸੀ । ਉਸਦੇ ਵਰ੍ਹਿਆਂ ਭਰ ਦਾ ਅਭਿਆਸ ਪੂਰੇ ਦਾ ਪੂਰਾ ਖੰਡਿਤ ਹੋ ਗਿਆ ਸੀ । ਉਸਦੀ ਇੱਛਾ  ਸੀ ਕਿ ਤੁਰੰਤ ਕਾਰਵਾਈ ਹੋਵੇ । ਫ਼ਟਾ-ਫੱਟ ਉਹ ਸਰੋਵਰ ਸਾਬ੍ਹ ਦੀ ਨਿਰਮਾਣ ਸ਼ੁਰੂ ਕਰੇ । ਪਰ , ਇੰਝ ਹੋਇਆ ਨਹੀਂ । ਪੂਰੇ ਅਮਲੇ –ਫੈਲੇ ਸਮੇਤ ਪੁੱਜੇ ਮੁੱਖ ਮੰਤਰੀ ਜੰਗ ਬਹਾਦਰ ਸਿੰਘ ਨੇ ਉਸਨੂੰ ਮੁੱਢੋਂ-ਸੁੱਢੋਂ ਨਿਰਾਸ਼ ਕਰ ਦਿੱਤਾ ਸੀ । ਨਿਰਾਸ਼ ਤੇ ਬੇ-ਚੈਨ ।

ਉਹ ਰਾਤ ਭਰ ਤਰਲੋ –ਮੱਛੀ ਹੋਇਆ ਰਿਹਾ ।

ਪਹਿਲੇ ਪਹਿਰ ਹਰ-ਰੋਜ਼ ਲੱਗਦੀ ਸਮਾਧੀ ਵੀ ਪੂਰੀ ਦੀ ਪੂਰੀ ਉੱਖੜੀ ਰਹੀ ।

ਹਾਰ ਕੇ ਉਹ ਮੂੰਹ –ਹਨੇਰੇ ਹੀ ਭੋਰੇ ਚੋਂ ਬਾਹਰ ਨਿਕਲ ਆਇਆ , ਉਸਦੇ ਤਪ-ਅਸਥਾਨ ਨਾਲ਼ ਜੁੜਵੇਂ ਵੱਡੇ ਹਾਲ, ਜਿਸਨੂੰ ਤਖ਼ਤ-ਸਾਬ੍ਹ ਦੀ ਉਪਾਧੀ ਮਿਲੀ ਹੋਈ ਸੀ , ਅਜੇ ਬੰਦ ਪਿਆ ਸੀ । ਉਸਨੂੰ ਸੇਵਾਦਾਰਾਂ ਤੇ ਖਿਝ ਆਈ – ਕਿੰਨੇ ਆਲਸੀ ਆ ਏਹ ਲੋਕ , ਹਜੇ ਤੱਕ ਨਈਂ ਜਾਗੇ , ਨਾ ਝਾੜੂ, ਨਾ ਬਹਾਰੀ । ਨਾ ਮ੍ਹਾਰਾਜ਼ ਦਾ ਪ੍ਰਕਾਸ਼,ਨਾ ਅੰਮ੍ਰਿਤ ਵੇਲੇ ਦਾ ਵਾਕ । ਫਿਰ ਅਗਲੇ ਹੀ ਛਿਨ ਉਸਨੇ ਉਹਨਾਂ ਨੂੰ ਦੋਸ਼ ਮੁਕਤ ਕਰਦਿਆਂ , ਸੁਰ-ਸੋਚ ਬਦਲ ਲਈ – ਆਖ਼ਰ ਪੰਜ-ਭੂਤਕ ਸਰੀਰ ਹੀ ਹੈਨ ਉਹ ਵੀ । ਗਈ ਰਾਤ ਦੇਰ ਤੱਕ ਸਾਜ਼ੋ-ਸਮਿਆਨ ਸਾਂਭਦੇ ਰਹੇ ਥੱਕ ਗਏ ਹੋਣੇ ਆਂ । ਕਿੱਡਾ ਅਡੰਬਰ ਸਾਂਭਿਆ ਸੀ ਕੱਲ੍ਹ ! ਅਨੇਕਾਂ ਰਾਗੀ-ਢਾਡੀ ਜਥੇ , ਕਿੰਨੇ ਸਾਰੇ ਕੀਰਤਨੀਏ , ਹਜ਼ਾਰਾਂ ਸੰਗਤਾਂ ਦੀ ਦੇਖ-ਭਾਲ । ਚਾਹ-ਪਾਣੀ , ਲੰਗਰ ਦਾ ਇੰਤਜ਼ਾਮ । ਜੋੜਾਂ –ਘਰਾਂ , ਮੋਟਰਾਂ-ਗੱਡੀਆਂ ਦੀ ਰਾਖੀ । ਸਭ ਕੁਸ਼ ਏਨ੍ਹਾਂ ਦੇ ਉੱਦਮ ਨਾਲ ਹੀ ਤਾਂ ਸਿਰੇ ਚੜ੍ਹਿਆ । ਫਿਰ ਐਡਾ ਵੱਡਾ ਕੱਠ !

ਸੇਵਾਦਾਰਾਂ ਨੂੰ ਮਨੋਮਤੀ ਥਾਪਨਾ ਦਿੰਦਾ ਉਹ ਤਖ਼ਤ-ਸਾਬ੍ਹ ਤੋਂ ਕਾਫੀ ਹਟਵੇਂ ਬਣੇ ਰਿਹਾਇਸ਼ੀ ਕਮਰਿਆਂ ਵੱਲ ਨੂੰ ਨਿਕਲ ਤੁਰਿਆ । ਕਰੀਬ ਸਾਰੇ ਕਮਰਿਆਂ ਅੰਦਰ ਜਗਦੀਆਂ ਬੱਤੀਆਂ ਦਾ ਚਾਨਣ ਬੰਦ ਦਰਵਾਜ਼ਿਆਂ ਦੀਆਂ ਵਿਰਲਾਂ ਰਾਹੀ ਬਾਹਰ ਝਾਕ ਰਿਹਾ ਸੀ ,ਪਰਾਂ ਸ਼ੈਡ ਲਾਗੇ ਦੇ ਗੁਸਲਖਾਨਿਆਂ ਅੰਦਰ ਹੋ ਰਹੇ ਇਸ਼ਨਾਨਾਂ ਦੀ ਕਨਸੋਅ ਉਸਨੂੰ ਸਾਫ਼ ਸੁਣਾਈ ਦਿੱਤੀ । ਉਸਨੂੰ ਸੇਵਾਦਾਰਾਂ ਦੇ ਜਾਗ ਪੈਣ ਤੇ ਤਸੱਲੀ ਹੋ ਗਈ । ਉਹਨੀਂ ਪੈਰੀਂ ਉਹ ਉਧਰ ਵੰਨੀਉਂ ਵਾਪਸ ਪਰਤ ਆਇਆ । ਵੱਡੇ ਹਾਲ ਨਾਲ਼ ਜੁੜਵੇਂ ਵਰਾਂਡੇ ਵਿੱਚੋਂ ਦੀ ਹੁੰਦਾ ਉਹ ਤਖ਼ਤ –ਸਾਬ੍ਹ ਦੀ ਪਿਛਵਾੜੀ ਪਹੁੰਚ ਗਿਆ । ਹੁਣ, ਉਸਦੇ ਸਾਹਮਣੇ ਉਹੀ ਤਲਾਅ ਸੀ ,ਨਿੱਕਾ ਜਿਹਾ । ਉਸਦੇ ਵਿਉਂਤੇ ਵੱਡੇ ਸਰੋਵਰ ਨਾਲੋਂ ਕਈ ਗੁਣਾ ਛੋਟਾ । ਜਿਸਦੇ ਚਾਰੋਂ ਪਾਸੇ ਬਣਾਏ ਜਾਣ ਵਾਲੇ ਖੁੱਲੇ ਗਲਿਆਰਿਆਂ ,ਸੰਗਰਮਰਮਰੀ ਪੌੜੀਆਂ,ਮਾਈਆਂ-ਬੀਬੀਆਂ ਦੇ ਪਰਦਿਆਂ –ਪੌਣਿਆਂ ਦੀ ਤਰਕੀਬ ਲਈ ਏਨੀ ਕੁ ਥਾਂ ਉਸਨੂੰ ਬਹੁਤ ਹੀ ਤੰਗ ਜਿਹੀ ਜਾਪੀ , ਐਵੇਂ ਨਿਗ਼ਣੀ ਜਿਹੀ ।

ਬੀਤੇ ਕੱਲ ਦੀ ਭੀੜ ਨੂੰ ਕਿਆਸਦਿਆਂ ਉਸਦੀ ਫਿਕਰਮੰਦੀ ਫਿਰ ਤੋਂ ਵਧ ਗਈ ,-ਕਿੱਦਾਂ ਲਿਆ ਹੋਵੇਗਾ ਚਰਨਾਮਤ ਕੱਲ੍ਹ ਦੀ ਸੰਗਤ ਨੇ ! ਕਿੰਨੇ ਤੰਗ ਹੋਏ ਹੋਣਗੇ ਸ਼ਰਧਾਲੂ !! ਇੱਕ ਡੂੰਘਾ ਭਰਵਾਂ ਸਾਹ ਉਸਦੇ ਅੱਧ-ਖੁੱਲ੍ਹੇ ਮੂੰਹ ਚੋਂ ਬਾਹਰ ਨਿਕਲ ਕੇ ਆਸ ਪਾਸ ਖਿੱਲਰ ਗਿਆ ।

ਉਸਨੇ ਘੋਰ ਡੂੰਘੀ ਉਦਾਸੀ ਚ ਡੁੱਬੇ ਨੇ ਪੰਜ-ਸੱਤ ਕਦਮ ਹੋਰ ਅਗਾਂਹ ਵੱਲ ਨੂੰ ਭਰੇ । ਚਾਰ ਕੁ ਵਰ੍ਹੇ ਪਹਿਲਾਂ ਪੱਕੇ ਕੀਤੇ ਇਸ ਤਲਾਅ ਦੀ ਵਟੀਰੀ ਇਕ ਦੋ ਥਾਵਾਂ ਤੋਂ ਫਿਰ ਤੋਂ ਉੱਖੜੀ-ਲੱਗੀ , ਇੱਟਾਂਸੀਮਿੰਟ ਲੁਆ ਕੇ ਧੁਰ ਹੇਠਾਂ ਤੱਕ ਬਣੀਆਂ ਸੱਤ ਪੌੜੀਆਂ ਤਾਂ ਉਸਨੂੰ ਕਰੀਬ ਕਰੀਬ ਠੀਕ-ਠਾਕ  ਹੀ ਜਾਪੀਆਂ ਸਨ , ਦੋ ਕੁ ਦਿਨ ਪਹਿਲਾਂ ਪਾਣੀ-ਬਦਲੀ ਵੇਲੇ ਦੇਖੀਆਂ । ਪਰ , ਸਨ ਤਾਂ ਇਹ ਉਨੇ ਕੁ ਥਾਂ ਦੇ ਘੇਰੇ ਚ ਹੀ ,ਉਹੀ ਕਨਾਲ ਸਵਾ-ਕਨਾਲ !

ਤਖ਼ਤ-ਸਾਬ੍ਹ ਦੀ ਪਿਛਵਾੜੀ ,ਛੋਟੇ ਤਲਾਅ ਦੀਆਂ ਤੰਗ ਤੰਗ ਪੌੜੀਆਂ ਕੰਢੇ ਖੜ੍ਹੇ ਰੱਬ ਜੀ ਨੂੰ ਕੱਲ੍ਹ ਕੀਤੇ ਅਡੰਬਰ ਨੇ ਹੋਰ ਬੇਚੈਨ ਕਰ ਦਿੱਤਾ । ਕਿੰਨਾ ਜ਼ੋਰ ਲਾਇਆ ਸੀ ਇਸ ਵਾਰ ਜੰਗ ਬਹਾਦਰ ਦੀ ਆਓ –ਭਗਤ ਤੇ । ...ਜੰਗ ਬਹਾਦਰ ਉਸਨੂੰ ਜੇਲ੍ਹ ਚ ਮਿਲਿਆ ਸੀ ,ਉਮਰ ਕੈਦ ਕੱਟਦਿਆਂ । ਉਸਨੇ ਤਾਂ ਭਲਾ ਇਕ ਖੂਨ ਕੀਤਾ ਸੀ ਆਪਣੇ ਪਿਓ ਜਵਾਲਾ ਸਿੰਘ ਦਾ ,ਉਹ ਵੀ ਸ਼ਾਮੀਂ ਹਨੇਰੇ ਪਏ । ਰਾਤ ਦੀ ਬੁੱਕਲ ਚ ਲੁੱਕ ਕੇ , ਸਿਰਫ਼ ਕਨਾਲ ਸਵਾ-ਕਨਾਲ ਥਾਂ ਬਦਲੇ , ਪਰ ਉਸਦੇ ਜੇਲ੍ਹ ਜੋਟੀਦਾਰ ਸਰਦਾਰ ਬਹਾਦਰ ਜ਼ੈਲਦਾਰ ਜੰਗ ਬਹਾਦਰ ਸਿੰਘ ਨੇ ਪਤਾ ਨਹੀਂ ਕਿੰਨੇ ਵਾਹੀਕਾਰ ਰੇੜ੍ਹੇ-ਭੁੰਨੇ ਸਨ , ਦਿਨ-ਦਿਹਾੜੇ । ਥੋੜ੍ਹੇ ਕੁ ਜਿੰਨੇ ਮੰਡ ਅੰਦਰਲੇ ਫਾਰਮ ਚ । ਬਾਕੀ ਦੇ ਜ਼ਿਲਾ-ਕਚਹਿਰੀ ।

ਵਾਹੀ-ਮਾਲਕੀ ਦੀ ਅਰਜ਼ੀ ਲੈ ਕੇ ਪੁੱਜੀ ਧਾੜ ਦੀ ਧਾੜ ਹੀ ਉਸਨੇ ਢੇਰੀ ਕਰਵਾ ਦਿੱਤੀ ਸੀ , ਸ਼ਰੇ-ਆਮ ।

ਜਾਤ-ਬਰਾਦਰੀ ਦੀ ਨਿਰਖ਼-ਪਰਖ਼ ਕਰਕੇ ਜੰਗ ਬਹਾਦਰ ਨੇ ਚਰਨੀ ਦਾ ਮੋਢਾ ਥਾਪੜਦਿਆਂ ਇਕ ਦਿਨ ਉਸਨੂੰ ਖੁੱਲ੍ਹੀ-ਖ਼ਲਾਸੀ ਹੱਲਾ-ਸ਼ੇਰੀ ਦਿੱਤੀ – ਕੀ ਤੂੰ ਹਉਕੇ ਜੇਹੇ ਲੈਂਦਾ ਰਹਿਨਾ ਅੱਠੇ-ਪੈਹਰ...ਚੜ੍ਹਦੀ ਕਲਾ ਚ ਰਿਹਾ ਕਰ ! ਨਾਮ-ਬਾਣੀ ਦਾ ਸਿਮਰਨ ਕਰਿਆ ਕਰ , ਵਾਹਿਗੁਰੂ ਭਲੀ ਕਰੂਗਾ ....।

ਬਸ ਉਸ ਦਿਨ ਹੀ ਚਰਨੀ ਤੇ ਜਿਵੇਂ ਵਾਹਿਗੁਰੂ ਨੇ ਸੱਚ –ਮੁੱਚ ਦੀ ਭਲੀ ਕਰ ਦਿੱਤੀ । ਉਸੇ ਦਿਨ ਤੋਂ ਉਸਨੇ ਦਾੜ੍ਹੀ-ਕੇਸ ਬਣਾਉਣੇ ਬੰਦ ਕਰ ਦਿੱਤੇ ।  ਗੁੱਟਕਾ ਪੰਜ-ਗ੍ਰੰਥੀ ਬਾਹਰੋਂ ਮੰਗਵਾ ਕੇ ਉਸ ਵਾਂਗ ਪੂਜਾ-ਪਾਠ ,ਉਸ ਵਰਗੀ ਸਮਾਧੀ ਲਾਉਣੀ ਸ਼ੁਰੂ ਕਰ ਲਈ । ਸਗੋਂ ਉਸਤੋਂ ਵੀ ਵੱਧ ,ਉਸਤੋਂ ਵੀ ਲੰਮੀ ,ਨਿੱਠ ਕੇ । ਜੰਗ ਬਹਾਦਰ ਦੀ ਪਾਰਟੀ ਨੇ ਆਉਂਦੀਆਂ ਚੋਣਾਂ ਜਿੱਤ ਕੇ ਉਸਦੇ ਸਾਰੇ ਕੇਸ ਰਫਾ-ਦਫਾ ਕਰਵਾ ਲਏ । ਉਹ ਤਾਂ ਚੋਂਹ ਕੁ ਸਾਲੀਂ ਹੀ ਰਿਹਾਅ ਹੋ ਕੇ ਬਾਹਰ ਚਲਾ ਗਿਆ , ਪਰ ਚਰਨੀਂ ਦੇ ਹੱਥਾਂ ਚ ਸਾਂਭੀ ਮਾਲ੍ਹਾ ਲਗਾਤਾਰ ਘੁੰਮਦੀ ਰਹੀ , ਉਮਰ ਕੈਦ ਪੂਰੀ ਹੋਣ ਤੱਕ ।

ਉਮਰ ਕੈਦ ਪੂਰੀ ਹੋਣ ਤੱਕ ਉਸਨੇ ਘਰ-ਬਾਹਰ,ਜ਼ਮੀਨ-ਜਾਇਦਾਦ,ਪੁੱਤਰ-ਪਤਨੀ ਦੇ ਮੋਹ-ਰਿਸ਼ਤੇ ਤੇ ਮੁੱਢੋਂ –ਸੁੱਢੋਂ ਕਾਟਾ ਮਾਰ ਦਿੱਤਾ ਸੀ ।

ਘਰ-ਬਾਹਰ,ਜ਼ਮੀਨ-ਜਾਇਦਾਦ ,ਪੁੱਤਰ-ਪਤਨੀ ਦੇ ਮੋਹ-ਰਿਸ਼ਤੇ ਤੇ ਮੁਢੋਂ-ਸੁਢੋਂ ਕਾਟਾ ਮਾਰ ਕੇ , ਉਹ ਸਿੱਧਾ ਤਾਲ ਵਾਲੇ ਖੇਤ ਆ ਟਿਕਿਆ ਪਿੰਡ ਦੇ ਲਹਿੰਦੇ ਵਸੀਮੇਂ । ਕੁੱਲੀ ਬਣਾ ਲਈ ਉਸਨੇ ਤਾਲ ਕੰਢਲੇ ਦਿਓ-ਕੱਦ ਪਿੱਪਲ ਦੇ ਮੁੱਢ ਦੁਆਲੇ ਥੜਾ ਬਣਾ ਕੇ , ਜਿਸ ਉੱਤੇ ਜਿੰਨ-ਭੂਤ ਰਹਿੰਦੇ ਹੋਣ ਦੀ ਗੱਲ ਚਰਨੀ ਨੂੰ ਪੱਕੀ ਤਰ੍ਹਾਂ ਕੰਠ ਕਰਵਾ ਦਿੱਤੀ ਸੀ ਉਸਦੀ ਦਾਦੀ ਬਚਨੀ ਨੇ । ਉਸਨੂੰ ਨਿੱਕੇ ਹੁੰਦੇ ਨੂੰ ।

ਬਾਹਰਲੇ ਖੇਤਾਂ ਵੱਲ ਨੂੰ ਡੰਗਰ ਚਾਰਨ ਜਾਂਦੇ ਸਾਰੇ ਮੁੰਡਿਆਂ ਨੂੰ ,ਇਕੱਲੇ-ਇਕੱਲੇ ਨੂੰ ਵਾਜ਼ਾਂ ਮਾਰ ਕੇ ਬਚਨੀ ਆਖਦੀ – ਵੇ ਚਰਨਿਆਂ ,ਵੇ ਛਿੰਦੂ ,ਵੇ ਭਾਗਿਆ, ਵੇ ਦਾਰੀ ਓਧਰਲੇ ਪਾਸੇ ਨਾ ਜਾਇਓ ,ਵੱਡੇ ਪਿੱਪਲ ਅਲ੍ਹ ਨੂੰ ਤਪੈਰ ਟਿਕੀ ਤੇ । ਲੋਢੇ ਵੇਲੇ ਲੋਈ-ਲੋਈ ਘਰੀਂ ਮੋੜ ਲਿਆਓ ਡੰਗਰਾਂ ਨੂੰ । ਦੇਖਿਓ ਕਿਤੇ ਹੋਰ ਨਾ ਜਾਹ-ਜਾਂਦੀਏ ਹੋ ਜੇਏ । ਆਹ ਦੇਖ ਲਓ ,ਭਾਈਆਂ ਦੀ ਦੀਸ਼ੋ ,ਨਾਈਆਂ ਦੀ ਮੀਤੋ , ਰੁਲੀਏ ਚਮਾਰ ਦੀ ਧੰਤੀ ਹਜੇ ਤਾਈਂ ਪੈਰੀਂ ਨਈਂ ਆਈਆਂ । ਚੂੰਡੀਉਂ ਫੜ ਫੜ ਕੇ ਪਟਕਾ ਪਟਕਾ ਕੇ ਮਾਰੀਆਂ ਧਰਤੀ ਤੇ ਜਿੰਨ੍ਹ ਮ੍ਹਾਰਾਜ ਨੇ , ਪਤਾ ਨਈਂ ਕਿੰਨੀ ਕਿੰਨੀ ਵਾਰੀ .........।

ਚਰਨੀ ਦੇ ਪਿਓ ਜੁਆਲਾ ਸਿੰਘ ਨੇ ਆਪਣੀ ਮਾਂ ਨੂੰ ਕਈ ਵਾਰ ਰੋਕਿਆ –ਟੋਕਿਆ ਵੀ – ਬੇਬੇ ਕੀ ਤੂੰ ਬਲੂਰ ਬਾਲਾਂ ਨੂੰ ਜਿੰਨਾਂ-ਭੂਤਾਂ ਦੀਆਂ ਘਾਣ੍ਹੀਆਂ ਦੱਸਦੀ, ਖਾਹ-ਮਖਾਹ ਡਰਾਉਣੀ ਰੈਹਨੀ ਆ,ਮੈਨੂੰ ਤਾਂ ਕਦੇ ਟੱਕਰਿਆਂ ਨਈਂ ਤੇਰਾ ਜਿੰਨ-ਮ੍ਹਾਰਾਜ । ਮੈਂ ਤਾਂ ਟਿਕੀ ਦਪ੍ਹੈਰ ਕਈ ਵਾਰ ਓਥੇ ਕੱਟਦਾਂ ,ਤਕਾਲੀਂ ਵੀ ਕਈ ਵੇਰਾਂ ਨ੍ਹੇਰੇ ਪਏ ਆਉਨਾਂ ਘਰ ਨੂੰ । ਅੱਗੇ ਉਸਦੀ ਬੇਬੇ ਦਾ ਘੜਿਆ-ਘੜਾਇਆ ਉੱਤਰ ਹਰ ਵਾਰ ਇਕੋ ਵਰਗਾ ਹੁੰਦਾ –“ਨਾ ਪੁੱਤ ਜੁਆਲੇ ਨਾ ,ਏਹ ਜਿੰਨ-ਭੂਤ ਹਲ੍ਹ-ਹੜਨਾੜੀਆਂ ,ਬੰਦਿਆਂ-ਬੁੱਢੀਆਂ ਨੂੰ ਕੁਸ਼ ਨਈਂ ਆਂਹਦੇ । ਏਹ ਖ਼ਸਮਾਂ-ਖਾਣੇ ਨੋਹਾਂ-ਧੀਆਂ, ਅਣਦਾੜੀਏ ਮੁੰਡਿਆਂ ਨੂੰ ਆਹਟਾ ਘੇਰਦੇ ਆ । ਨਾਲੇ ਤੈਨੂੰ ਤਾਂ ਮ੍ਹਾਰਾਜ ਦੀ ਬਾਣੀ ਵੀ ਕੰਠ ਆ ਕਿੰਨੀ ਸਾਰੀ । ਬਾਣੀ ਪੜ੍ਹਦਿਆਂ ਤਾਂ ਊਈਂ ਨਈਂ ਆਉਦੀਂ ਕੋਈ ਵੀ ਇੱਲ-ਬਲਾ ਬੰਦੇ ਲਾਗੇ ।

ਚਰਨੀ ਨੂੰ ਪਤਾ ਸੀ , ਉਸਦੇ ਪਿਓ ਜੁਆਲਾ ਸੂੰਹ ਨੂੰ ਜਿੰਨੀ ਕੁ ਬਾਣੀ ਕੰਠ ਸੀ । ਇਹ ਰਲਾ-ਮਿਲਾ ਕੇ ਜਪੁਜੀ ਸਾਹਿਬ ਦੀਆਂ ਪੌੜੀਆਂ ਵੀ ਨਹੀਂ ਸੀ ਬਣਦੀ । ਮੂਲ-ਮੰਤਰ ਤੋਂ ਸ਼ੁਰੂ ਹੋਇਆ ਉਹ ਕਦੀ ਪਹਿਲੀ ਪੰਜ ਪੌੜੀ ਤੇ ਅਟਕ ਜਾਂਦਾ , ਕਦੀ ਦੂਜੀ ,ਕਦੀ ਤੀਜੀ ਤੇ । ਫਿਰ ਨਵੇਂ ਸਿਰਿਓਂ ਇਕ-ਓਂਕਾਰ .....।

ਜੇਲੋਂ ਪਰਤ ਕੇ ਆਏ ਚਰਨੀ ਨੂੰ ਆਪ ਨੂੰ ਇਕ ਨਹੀਂ ਪੂਰੀਆਂ ਪੰਜ ਬਾਣੀਆਂ ਮੂੰਹ ਜਬਾਨੀ ਯਾਦ ਸਨ । ਉਸਨੇ ਕੁੱਲੀ ਸਾਹਮਣੇ ਪਰਨਾ ਵਿਛਾ ਕੇ ਦੋ-ਵੇਲੇ ਪਾਠ ਕਰਨ ਦਾ ਨਿੱਤ-ਨੇਮ ਵੀ ਲਗਾਤਾਰ ਜਾਰੀ ਰੱਖਿਆ । ਉਂਝ ਨਾ ਉਸਨੂੰ ਕਦੀ ਡੰਗਰ ਚਾਰਦੇ ਨੂੰ ਇਸ ਥਾਂ ਕਿਸੇ ਜਿੰਨ- ਭੂਤ ਨੇ ਦਿਖਾਲੀ ਦਿੱਤੀ ਸੀ ,ਨਾ ਕੈਦ ਕੱਟ ਕੇ ਏਥੇ ਆ ਟਿਕੇ ਨੂੰ । ਤਾਂ ਵੀ ਉਸਨੇ ਵੱਡੇ ਪਿੱਪਲ ਉੱਤੇ ਡਰਾਉਣੀ ਸ਼ਕਲ ਦੇ ਜਿੰਨ ਦੇ ਰਹਿੰਦੇ ਹੋਣ ਦੀ ਚਰਚਾ ਫਿੱਕੀ ਨਹੀਂ ਸੀ ਪੈਣ ਦਿੱਤੀ । ਉਸ ਨਾਲ ਦੂਜੇ-ਚੌਥੇ ਹੁੰਦੇ ਮੇਲ-ਮਿਲਾਪ ਦੀ ਕਥਾ ਉਸਨੇ ਸਗੋਂ ਹੋਰ ਵੀ ਰੌਚਿਕ ਬਣਾ ਕੇ ਸੁਣਾਈ ਸੀ , ਖਾਸ ਕਰ ਵਿਰਧ ਮਾਈਆਂ-ਬੀਬੀਆਂ ਨੂੰ । ਆਸ-ਪਾਸ ਦੇ ਪਿੰਡੀਂ ਵਾਰੀ ਸਿਰ ਰੋਟੀ ਮੰਗਣ ਗਏ ਨੇ ।ਜਿੰਨ ਦੇ ਵੱਡੇ ਭਾਰੇ ਕੱਦ-ਬੱਤ ਦਾ ਖੁਲਾਸਾ ਕਰਦੇ ਦਾ ਹਰ ਥਾਂ ਉਸਦਾ ਬਿਆਨ ਕਰੀਬ ਕਰੀਬ ਇਕੋ ਤਰ੍ਹਾਂ ਦਾ ਰਿਹਾ- ਲਓ ਮਾਂ ਜੀ ,ਬੇਬੇ ਜੀ ...ਮੈਂ ਹਜੇ ਸਮਾਧੀ ਲਾਈ ਈ ਸੀ , ਪਾਠ ਕਰਨ ਈ ਲੱਗਾ ਸੀ , ਉਹ ਆਦਮ-ਬੋਅ , ਆਦਮ-ਬੋਅ ਕਰਦਾ ਥੜੇ ਲਾਗੇ ਆ ਖੜ੍ਹਾ ਹੋਇਆ । ਦੋ-ਦੋ ਹੱਥ ਲੰਮੇਂ ਉਦ੍ਹੇ ਪੈਰ,ਥੱਮਾਂ ਵਰਗੀਆਂ ਲੱਤਾਂ , ਮੈਂ ਰਤਾ ਕੁ ਅੱਖ ਪੱਟ ਕੇ ਦੇਖਿਆ ,ਉਦ੍ਹਾ ਸਿਰ ਕਿਤੇ ਧੁਰ ਅਸਮਾਨੇ ਲੱਗਾ ਮੈਨੂੰ ਦਿਸੇ ਈ ਨਾ । ਲਓ ਜੀ , ਮੈਂ ਰੱਤੀ ਭਰ ਨਈਂ ਡਰਿਆ । ਸਗੋਂ ਹੋਰ ਵੀ ਉੱਚੀ-ਉੱਚੀ ਬਾਣੀ  ਪੜ੍ਹਨ ਲੱਗ ਪਿਆ , ਅੱਖਾਂ ਮੁੰਦ ਕੇ । ਫੇਅਰ...ਫੇਅਰ ਉਹ ਆਪੇ ਈ ਕਿਧਰੇ ਛਪਣ ਹੋ ਗਿਆ । ਥੜੇ ਤੇ ਚੜ੍ਹਨ ਦੀ ਹਿੰਮਤ ਈ ਨਾ ਹੋਈ । ਲਓ ਮਾਂ ਜੀ ,ਏਹ ਬਾਣੀ ਦੀ ਸ਼ਕਤੀ ਆਂ । ਊਂ ਬੇਬੇ ਜੀ , ਮੇਰੀ ਵੀ ਜ਼ਿੱਦ ਲੱਗੀਊ ਆ ਉਦ੍ਹੇ ਨਾਲ਼ । ਏਥੇ ਉਹ ਰਹੂ ਜਾਂ ਮੈਂ ......! ਹੱਥਾਂ-ਬਾਹਾਂ ਦੀ ਕ੍ਰਿਰਿਆ,ਚਿਹਰੇ ਦੇ ਹਾਵ-ਭਾਵ ਬਦਲ ਬਦਲ ਕੇ ਸੁਣਾਈ ਉਸਦੀ ਜੇਤੂ ਰਹਿਣ ਦੀ ਵਾਰਤਾ ਮਾਈਆਂ-ਬੀਬੀਆਂ ਤੇ ਜਾਦੂ ਦਾ ਅਸਰ ਕਰਦੀ । ਉਹ ਉਸਦੀ ਧੰਨ-ਧੰਨ ਕਰ ਉੱਠਦੀਆਂ । ਉਸ ਲਈ ਢੱਕ-ਲਿਪੇਟ ਕੇ ਰੱਖੀ ਰੋਟੀ ਨੂੰ ਚੰਗੀ ਤਰ੍ਹਾਂ ਚੋਪੜ-ਬਣਾ ਕੇ ਉਸਦੀ ਝੋਲੀ ਪਾਉਣ ਲੱਗੀਆਂ,ਉਸਨੂੰ ਹੋਰ ਕਿਸੇ ਸ਼ੈਅ-ਵਸਤ, ਲੀੜੇ –ਕੱਪੜੇ ਦੀ ਲੋੜ ਬਾਰੇ ਤਾਂ ਪੁੱਛ ਲੈਂਦੀਆਂ , ਪਰ ਉਸ ਤੋਂ ਕਦੀ ਕਿਸੇ ਨੇ ਸਿੱਧ-ਪੱਧਰੀ ਜਿਹੀ ,ਸਾਦਾ-ਸਾਧਾਰਨ ਜਿਹੀ ਇਹ ਗੱਲ ਕਦੀ ਨਹੀਂ ਪੁੱਛੀ ਕਿ ਸੰਤ ਜੀ ਮੁੰਦੀਆਂ ਅੱਖਾਂ ਨਾਲ ,ਤੁਸੀ ਜਿੰਨ-ਮ੍ਹਰਾਜ ਦੇ ਦੋ-ਦੋ ਹੱਥ ਲੰਮੇ ਪੈਰ ,ਥੱਮਾਂ ਵਰਗੀਆਂ ਲੱਤਾਂ ਦੇਖ ਕਿਵੇਂ ਲਈਆਂ !

ਚਰਨੀ ਵੀ ਇਵੇਂ ਦਾ ਓਹਲ ਜਾਣ –ਬੱਝ ਕੇ ਰੱਖਦਾ ਸੀ ।

ਇਹ ਗੁਰ ਵੀ ਉਸਨੂੰ ਜੰਗ ਬਹਾਦਰ ਨੇ ਹੀ ਸਮਝਾਇਆ ਸੀ ਜੇਲ ਅੰਦਰ । ਅਹਿਮ-ਖਾਸ ਦਿਸਣ ਦੇ ਦਾਅ-ਪੇਚ ਦੱਸਦਿਆਂ ਉਸਨੇ ਕਿਹਾ ਸੀ – ਲੋਕ ਬੜੇ ਸਿੱਧੜ ਹੁੰਦੇ ਆ, ਚੱਟ-ਪਟੀਆਂ ਗੱਲਾਂ ਚ ਫਟਾ-ਫ਼ਟ ਵਗਲੇ ਜਾਂਦੇ ਆ । ਏਹ ਤਾਂ ਹਿੰਮਤ ਆ ਗੱਲਾਂ ਕਰਨ ਵਾਲੇ ਦੀ ,ਚੱਟਕਾਰੇ ਲਾਉਣ ਵਾਲੇ ਦੀ  । ਜਿੱਡਾ ਵੱਡਾ ਚਟਕਾਰਾ ਓਡੀ ਵੱਡੀ ਮਾਨਤਾ । ...ਅਸੀਂ ਏਨੂੰ ਲਾਰਾ-ਨੀਤੀ ਕਹਿੰਦੇ ਆਂ , ਸਿਆਸੀ ਲੋਕ  ।

ਤਖਤ-ਸਾਬ੍ਹ ਦੀ ਪਿਛਵਾੜੀ ਛੋਟੇ ਤਲਾਅ ਕੰਢੇ ਖੜ੍ਹੇ ਰੱਬ ਜੀ ਨੂੰ ਮੁੱਖ-ਮੰਤਰੀ ਜੰਗ ਬਹਾਦਰ ਸਿੰਘ ਤੇ ਅੰਤਾਂ ਦਾ ਗੁੱਸਾ ਆਇਆ – ਹੈਂਅ ਦੱਸ ..ਲਾਰਾ ਨੀਤੀ ਐਥੇ ਵੀ ਠੋਕ ਦਿੱਤੀ । ਠੱਗ ਕਿਸੇ ਥਾਂ ਦਾ ! ਚਾਰ ਘਰ ਤਾਂ ਡੈਣ ਵੀ ਛੱਡ ਲੈਂਦੀ ਆ । ..ਕਿੰਨਾ ਪੱਕਾ ਕੀਤਾ ਸੀ ,ਛੋਟਾ ਜਿਆ ਐਲਾਨ ਕਰਨ ਲਈ ....ਉਨ੍ਹੇ ਤਾਂ ਗਿੱਲ ਈ ਗਾਲ੍ਹ ਛੱਡੀ । ਸੂਬੇ ਭਰ ਦੇ ਮਾਲਕ ਤੋਂ ਕਿੱਲਾ ਭਰ ਥਾਂ ਨਈਂ ਐਲਾਨੀ ਗਈ, ਡੇਰੇ ਦੇ ਨਾਂ , ਕਿਰਪਾ ਸੂੰਹ ਆਲੀ । ਵੱਡਾ ਰਾਜਾ ਬਣਿਆਂ ਫਿਰਦਆ ।ਅਖੇ –ਮੈਂ ਆਖ ਦਿੱਤਾ ਮਾਲ ਮਹਿਕਮੇ ਨੂੰ !.......ਸੁਆਹ ਤੇ ਖੇਹ ਆਖ ਦਿੱਤਾ । ਐਹੇ ਜਿਆਂ ਤਾਂ ਵੀਹ ਵਾਰ ਆਖ ਬੈਠੇ ਆਂ, ਕੀ ਪੱਲੇ ਪਾਇਆ ਮਾਲ-ਮ੍ਹੈਕਮੇ ਨੇ , ਜੂਆਂ ! ਮਾਲ –ਮ੍ਹੈਕਮਾਂ ਤਾਂ ਸੌ ਚੋਰਾਂ ਦਾ ਚੋਰ ਆ , ਵੱਡਾ ਭੈਣ ...।

ਉਸਦੇ ਮੂੰਹੋ ਇਕ ਭਰਵੀਂ ਗਾਲ੍ਹ ਨਿਕਲਦੀ ਨਿਕਲਦੀ ਮਸਾਂ ਬਚੀ । ਉਸਨੂੰ ਇੱਕੜ-ਦੁੱਕੜ ਆਕਾਰ ਓਧਰ ਵੱਲ ਨੂੰ ਆਉਂਦੇ ਦਿੱਸ ਪਏ ਸਨ ।

ਲੋਅ ਲੱਗ ਜਾਣ ਕਾਰਨ ਇਹ ਆਕਾਰ ਉਸਨੇ ਇਕ-ਦਮ ਪਛਾਣ ਲਏ – ਏਹ ਹੇਜ਼ਮਾਂ ਪਿੰਡ ਦੇ ਸ਼ਰਧਾਲੂ ਸਨ ।ਮੀਂਹ ਜਾਏ , ਹਨੇਰੀ ਜਾਏ, ਏਨ੍ਹਾਂ ਏਥੇ ਆਉਣਾ ਈ ਆਉਣਾ ਹੁੰਦਾ । ਇਸ਼ਨਾਨ ਏਥੇ ਆ ਕੇ ਈ ਕਰਨਾ ਹੁੰਦਾ ...। ਉਸਨੂੰ ਇਹਨਾਂ ਸੇਵਕਾਂ ਤੇ ਬੇਹੱਦ ਮਾਣ ਮਹਿਸੂਸ ਹੋਇਆ –ਏਨ੍ਹਾਂ ਖਾਤਰ ਈ ਉਸਨੇ ਛੋਟੇ ਤਲਾਅ ਨੂੰ ਵੱਡੇ ਸਰੋਵਰ ਅੰਦਰ ਤਬਦੀਲ ਕਰਨਾ ਸੀ । ਏਨ੍ਹਾਂ ਦੇ ਪਾਰ-ਉਤਾਰੇ ਲਈ ...।ਵਾਅਦਾ ਕੀਤਾ ਸੀ ਪੱਕਾ ਭਰੀ ਸੰਗਤ ਚ ,ਲਾਰਾ ਨਈਂ ਸੀ ਲਾਇਆ ...!

ਇਸ਼ਨਾਨ ਕਰਨ ਆਏ ਸ਼ਰਧਾਲੂ ਉਸਦੇ ਪੈਰੀਂ ਹੱਥ ਲਾਉਣ ਲਈ ਉਸ ਵੱਲ ਵਧੇ । ਪਰ ,ਉਹ ਉਹਨਾਂ ਦੇ ਉੱਥੇ ਪੁੱਜਣ ਤੋਂ ਪਹਿਲਾਂ ਹੀ ਕਿੰਨੇ ਸਾਰੇ ਕਦਮ ਪਿਛਾਂਹ ਵੱਲ ਨੂੰ ਸਰਕ ਆਇਆ ।ਇਹ ਉਸਦੇ ਮੂੰਹੋਂ ਨਿਕਲੀ ਅੱਧੀ ਕੁ ਗਾਲ੍ਹ ਦੇ ਸੁਣੇ ਜਾਣ ਦਾ ਡਰ ਸੀ ,ਜਾਂ ਸਰੋਵਰ ਸਾਬ੍ਹ ਦੇ ਨਿਰਮਾਣ ਚ ਹੋ ਰਹੀ ਦੇਰੀ ਕਾਰਨ ਝੱਲਣੀ ਪੈ ਰਹੀ ਨਮੋਸ਼ੀ , ਕਿ ਸਵੇਰ-ਸਾਰ ਦੀ ਠੰਡੀ ਸ਼ਾਂਤ ਫਿਜ਼ਾ ਵੀ ਉਸ ਅੰਦਰਲੀ ਹਲਚਲ ਨੂੰ ਥੋੜ੍ਹੀ ਜਿੰਨੀ ਵੀ ਸ਼ਾਂਤ ਨਾ ਕਰ ਸਕੀ । ਤਰਲੋ-ਮੱਛੀ ਹੋਇਆ ਉਹ ਵੱਡੇ ਹਾਲ ਨਾਲ ਜੁੜਵੇਂ ਵਰਾਂਡੇ ਵਿਚੋਂ ਦੀ ਰਵਾਂ-ਰਵਾਂ ਤੁਰਿਆ ਤੁੜ ਭੋਰੇ ਅੰਦਰ ਉਤਰ ਗਿਆ ।

ਅੰਦਰ ਪੁੱਜ ਕੇ ਉਸਨੇ ਫਿਰ ਉਸੇ ਤਰ੍ਹਾਂ ਸਮਾਧੀ ਧਾਰਨ ਕਰ ਲਈ । ਜਿਵੇਂ ਤੜਕਸਾਰ ਕੀਤੀ ਸੀ – ਅੱਖਾਂ ਮੁੰਦ ਕੇ ,ਮੂੰਹ ਸਿਰ ਲਪੇਟ ਕੇ । ਪਸ਼ਮੀਨੇ ਦੀ ਸ਼ਾਲ ਨਾਲ । ਇਸ ਵਾਰ ਫਿਰ ਉਸਨੇ ਨਿੱਤ-ਨੇਮ ਦੀ ਕਿਸੇ ਵੀ ਬਾਣੀ ਨਾਲ ਜੁੜਨ ਦੇ ਯਤਨ ਕੀਤੇ ,ਪਰ ਵਿਅਰਥ । ਬੀਤੇ ਕੱਲ੍ਹ ਦੀ ਸੰਗਰਾਂਦ ਨੇ ਉਸਨੂੰ ਸੂਲੀ ਤੇ ਹੀ ਟੰਗ ਦਿੱਤਾ ਸੀ । ਨਾ ਉਸ ਤੋਂ ਸ਼ਾਮ ਵੇਲੇ ਦਾ ਭੋਜਨ ਪਾਇਆ ਗਿਆ ਚੰਗੀ ਤਰ੍ਹਾਂ ਨਾਲ ,ਨਾ ਉਸਨੂੰ ਆਰਾਮ-ਚੈਨ ਦੀ ਨੀਂਦ ਹੀ ਆਈ ਸੀ ,ਸੇਵਾਦਾਰ ਬੀਬੀਆਂ ਦੇ ਨੱਪਣ-ਘੁੱਟਣ ਦੇ ਬਾਵਜੂਦ । ਸਾਰੀ ਦੀ ਸਾਰੀ ਰਾਤ ਉਸਨੇ ਮਖ਼ਮਲੀ ਬਿਸਤਰ ਦੀ ਥਾਂ ਜਿਵੇਂ ਕੰਡਿਆਲੇ ਵਛਾਉਂਣੇਂ ਤੇ ਕੱਟੀ ਹੋਵੇ , ਜੰਗ ਬਹਾਦਰ ਨੂੰ ਬੁਰਾ-ਭਲਾ  ਕਹਿੰਦਿਆਂ । ਉਸਦੇ ਵਿਚਵਾਰ ਡੇਰੇ ਆਉਂਦੇ ਰਹਿਣ ਨੂੰ ਰੱਬ ਜੀ ਨੇ ਸਿੱਧਾ ਧਰ ਲਿਆ ਸੀ ਕੋਈ ਨਈਂ ਬੱਚੂ ਹੁਣ ਆਈਂ ,ਅੱਗੇ ਈ ਤੁਰਿਆ ਆਉਂਦਾ ਸੀ  ਮੂੰਹ-ਚੁੱਕੀ ਆਏ ਦਿਨ । ਅਖੇ-ਚਰਨੀ ਮ੍ਹਾਰਾਜ ਦੇ ਡੇਰੇ ਸਕੂਨ ਬਓਤ ਮਿਲ਼ਦਾ , ਠਾਰਸ ਬੜੀ ਮਿਲਦੀ ਆ । ਮਨ-ਚਿੱਤ ਬਾਗੋ-ਬਾਗ ਹੋਇਆ  ਰੈਂਦਾ ...। ਉਸਦੀ ਸਾਂਗ ਲਾਉਂਦਿਆਂ ਜੰਗ ਬਹਾਦਰ ਦੇ ਭਾਰੇ –ਲਮਕਮੇਂ ਬੋਲ , ਰੱਬ ਜੀ ਪਾਸੋਂ ਸਮਾਧੀ ਮੁਦਰਾ ਚ ਬੈਠੇ ਤੋਂ ਬਿਲਕੁਲ ਉਸੇ ਤਰ੍ਹਾਂ ਬੋਲੇ ਗਏ – ਸਕੂਨ...ਬਓਤ...ਮਿਲਦਆ ਆ ......। ਬਾਗੋ...ਬਾਗ਼.......ਹੋਇਆ ...ਰੈਨ੍ਹਾਂ ....। ਅਗਲੇ ਹੀ ਪਲ ਉਹ ਪਤਾ ਨਈਂ ਕਿਸਨੂੰ ਮੁਖਾਤਿਬ ਸੀ , ਆਪਣੇ ਆਪ ਨੂੰ ਜਾਂ ..., ਬਾਗੋ-ਬਾਗ਼ ਤਾਂ ਹੋਣਾ ਈ ਮਨ-ਚਿੱਤ ! ਆਉਂਦੇ ਨੂੰ ਗੱਫੇ ਜੁ  ਲੱਭਦੇ ਆ । ਲੋਕ ਜੁੜੇ-ਜੁੜਾਏ  ਮਿਲਦੇ ਆ ਲੱਚਕਰ ਝਾੜਨ ਨੂੰ ।ਹੋਰ ਕੀ ਚਾਹੀਦਾ ਲੀਡਰਾਂ-ਛੀਡਰਾਂ ਨੂੰ ....!

ਪਰ ਝੱਟ ਹੀ ਉਸਨੂੰ ਜੰਗ ਬਹਾਦਰ ਦੀ ਵਿਚਵਾਰ ਦੀ ਆਮਦ ਚੰਗੀ ਚੰਗੀ ਲੱਗਣ ਲੱਗੀ –ਊਂ ਸੱਚੀ ਗੱਲ ਆ , ਉਦ੍ਹੇ ਆਇਆਂ ਸੰਗਤਾਂ ਬਓਤ ਜੁੜਦੀਆਂ । ਸੌ ਕਿਸਮ ਦਾ ਅਮਲਾ-ਫੈਲਾ ਸਰਕਾਰੀ ਗੈਰ-ਸਰਕਾਰੀ । ਪਿੰਡਾਂ ਥਾਮਾਂ ਦੇ ਪੰਚ-ਸਰਪੰਚ,ਤਰ੍ਹਾਂ-ਤਰ੍ਹਾਂ ਦੇ ਪਤਵੰਤੇ । ਕੋਈ ਫ਼ਰਮੈਸ਼ੀ , ਕੋਈ ਸਫਾਰਸ਼ੀ । ਉਦ੍ਹੀ ਆਪਣੀ ਪਾਲਟੀ ਆਲੇ ਤਾਂ ਆਉਂਣੇ ਈ ਆਉਣੇ ਹੋਏ ਉਸ ਦਿਨ ...। ਉਸ ਦਿਨ, ਗੁਰੂ ਦੀ ਸੌਂਹ ਵੱਡੀ ਗੋਲਕ ਐਨ ਨੱਕੋ-ਨੱਕ ਆਫ਼ਰ ਜਾਂਦੀ ਆ ....।

ਜੰਗ ਬਹਾਦਰ ਨੂੰ ਕਾਫੀ ਸਾਰਾ ਦੋਸ਼ –ਮੁਕਤ ਕਰਦਿਆਂ ਉਸਨੇ ਇਕ ਡੂੰਘਾ ਭਰਵਾਂ ਸਾਹ ਲਿਆ । ਨਾਲਹੀ ਉਸਦੀ ਅਗਲੀ ਫਿਕਰਮੰਦੀ ਬਾਹਰ ਆ ਗਈ । ਅੱਛਾ ਦੇਖੋ .....ਕੀ ਬਣਦਾ....! ਸਰੋਵਰ ਸਾਬ੍ਹ ਤਾਂ ਆਖ਼ਰ ਬਣੇਗਾ ਈ ਬਣੇਗਾ , ਜਿੱਦਾਂ ਵੀ ਕਿੱਦਾਂ ।.......ਬਚਨ ਦੇ ਚੁੱਕੇ ਆਂ ਸੰਗਤਾਂ ਨੂੰ ! ਤਿਹਾਸ ਲਿਖਵਾ ਚੁੱਕੇ ਆਂ ਇਸ ਥਾਂ ਦਾ ...!!

ਜੰਗ ਬਹਾਦਰ ਵੱਲੋਂ ਵਿਹਲੀ ਹੋਈ ਰੱਬ ਜੀ ਦੀ ਤਲਖੀ , ਇਸ ਥਾਂ ਦਾ ਇਤਿਹਾਸ-ਮੁੱਦਾ ਠੀਕ-ਠਾਕ ਹੋ ਜਾਣ ਦੇ ਬਾਵਜੂਦ , ਫਿਰ ਖੋਜਕਾਰ ਫੌਜੀ ਸਿੰਘ ਤੇ ਵਰ੍ਹਣ ਲੱਗ ਪਈ – ਹੂੰਅ,ਵੱਡਾ ਤਿਹਾਸਕਾਰ ਬਣਿਆ ਫਿਰਦਾ ਸੀ । ਆ ਗਈ ਨਾ ਅਕਲ ਟਿਕਾਣੇ ਇਕੋ ਝੱਟਕੇ ਨਾ । ਅਖੇ-ਸ਼ੇਰ ਸ਼ਾਹ ਨੇ ਬਣਾਇਆ ਸੀ ਏਹ !

ਫੌਜੀ ਸਿੰਘ ਗੁਰੂ ਕੀ ਨਗਰੀ ਖੋਜ-ਸੰਸਥਾ ਦਾ ਵੱਡਾ ਅਹੁਦੇਦਾਰ ਪਿਛੋਂ ਸੀ ,ਰੱਬ ਜੀ ਦਾ ਅਨਿਨ ਭਗਤ ਪਹਿਲਾਂ , ਉਹ ਹਰ ਕਿਸਮ ਦਾ ਖੋਜ ਕਾਰਜ ਰੱਬ ਜੀ ਤੋਂ ਅਸ਼ੀਰਵਾਦ ਲੈ ਕੇ ਹੀ ਸ਼ੁਰੂ ਕਰਦਾ । ਸਰੋਵਰ ਸਾਬ੍ਹ ਦੀ ਉਸਾਰੀ ਚ ਯਥਾਯੋਗ ਹਿੱਸਾ ਪਾਉਣ ਲਈ ਉਸਨੇ ਇਸ ਥਾਂ ਦੀ ਇਤਿਹਾਸਕ ਖੋਜ ਕਰਨਾ ਆਪਣਾ ਪਰਮ-ਧਰਮ ਸਮਝਿਆ । ਕਾਫੀ ਸਾਰੀ ਮਿਹਨਤ-ਮੁਸ਼ਕੱਤ ਕਰਕੇ ਉਸਨੇ ਇਕ ਦਿਨ ਰੱਬ ਜੀ ਅੱਗੇ ਆ ਡੰਡੋਤ-ਬੰਧਨਾ ਕੀਤਾ-ਮ੍ਹਾਰਾਜ ਜੀ ,ਤੁਹਾਡੇ ਹਿੱਸੇ ਆਏ ਖੇਤ-ਖੱਤੇ ਚ ਪੁੱਟ ਹੋਇਆ ਟੋਆ ,ਅਸਲ ਚ ਤਲਾਅ ਐ ਤਲਾਅ । ਸ਼ੇਰ ਸ਼ਾਹ ਸੂਰੀ ਨੇ ਖੁਦਵਾਇਆ ਸੀ ਇਹ । ਕਲਕੱਤੇ ਤੋਂ ਪਿਸ਼ਾਵਰ ਤੱਕ ਬਣਵਾਈ ਜਰਨੈਲੀ ਸੜਕ ਦੇ ਆਸ-ਪਾਸੇ ਉਸਾਰੇ ਤਲਾਬਾਂ-ਸਰਾਵਾਂ ਦਾ ਨਿਰਮਾਣ ਕਰਦਿਆਂ । ਸੰਨ 1560-70 ਵਿਚਕਾਰ । ਹੁਕਮ ਹੋਵੇ ਤਾਂ ...।

ਫੌਜੀ ਸਿੰਘ ਨੂੰ ਉਮੀਦ ਸੀ ਰੱਬ ਜੀ ਉਸਦੀ ਨਵੀਂ ਲਭਦ ਤੇ ਪ੍ਰਸੰਨ ਹੋਣਗੇ । ਉਸਦੀ ਉਸੱਤਤ ਕਰਨਗੇ । ਭਰੇ ਦੀਵਾਨ ਚ ਉਸਨੂੰ  ਸਰੋਪਾ ਦੇਣਗੇ । ਪਰ ਹੋਇਆ –ਵਾਪਰਿਆ ਬਿਲਕੁਲ ਇਸ ਦੇ ਉਲਟ । ਉਸਦਾ ਵਿਖਿਆਨ ਸੁਣਦਿਆਂ ਸਾਰ ਰੱਬ ਜੀ ਤਿਲਮਿਲਾ ਉੱਠਿਆ । ਉਸਦੇ ਰੁੱਖੇ-ਗੁਸੈਲੇ ਬੋਲ ਉਸੇ ਪਲ ਫੌਜੀ ਸਿੰਘ ਵੱਲ ਨੂੰ ਉੱਛਲੇ ਸਨ – ਕੇੜ੍ਹਾ ਸ਼ੇਰ ਸ਼ਾਹ ! ਅਸੀਂ ਤਾ ਏਦ੍ਹਾਂ ਨਾਂ ਈ ਪਹਿਲੀ ਵਾਰ ਸੁਣਿਆ ਤੇਰੇ ਮੂੰਹੋਂ । ਗੁਰ-ਤਿਹਾਸ ਚ ਤਾਂ ਏਦ੍ਹਾ ਭੋਗ ਤੱਕ ਨਈਂ ਪਾਇਆ , ਜ਼ਿਕਰ ਤੱਕ ਨਈਂ ਕੀਤਾ ਕਿਸੇ ਵੀ ਰਾਗੀ –ਢਾਗੀ ਨੇ ਹੁਣ ਤੱਕ ।

ਨਈਂ ਕੀਤਾ ਹੋਣਾ ਮ੍ਹਾਰਾਜ , ਏਹ ਰਾਗੀ-ਢਾਡੀ ਏਨੇ ਜੋਗੇ ਹੈਅ ਕਿੱਥੇ ! .... ਉਹ ਤਾਂ ਬਾਦਸ਼ਾਹ ਸੀ ਬਾਦਸ਼ਾਹ , ਹਿੰਦੋਸਤਾਨ ਦਾ ਬਾਦਸ਼ਾਹ ਤੇ ਸਮਕਾਲੀ ਸੀ ਗੁਰੂ ਮ੍ਹਾਰਾਜ ਦੂਜੀ ਪਾਤਸ਼ਾਹੀ ਸ੍ਰੀ ਗੁਰੂ ਅੰਗਦ ਦੇਵ ਜੀ ਦਾ । ਫੌਜੀ ਸਿੰਘ  ਨੇ ਆਪਣੀ ਵਿਦਵਤਾ ਤੇ ਮਾਣ ਕਰਦਿਆਂ ਏਨੀ ਕੁ ਗੱਲ ਹੋਰ ਵੀ ਚੜ੍ਹਤ ਨਾਲ ਆਖੀ ਸੀ ।

ਡੇਰਾਦਾਰ ਰੱਬ ਜੀ ਨੂੰ ਨਵੀਂ ਮਿਲੀ ਜਾਣਕਾਰੀ ਅਤਿ ਦੀ ਮਹੱਤਵਪੂਰਨ ਜਾਪੀ ਸੀ , ਉਸੇ ਵੇਲੇ ਉਸਨੇ ਖੋਜਕਾਰ ਨੂੰ ਆਪਣੀ ਕਿਸਮ ਦਾ ਮਸ਼ਵਰਾ ਦੇ ਮਾਰਿਆ ਸੀ – ਸਮਕਾਲੀ ਸੀ ਤਾਂ ਗੁਰੂ ਮ੍ਹਾਰਾਜ ਨਾਲ ਜੋੜ ਇਸ ਥਾਂ ਨੂੰ , ਬਾਦਸ਼ਾਹ ਨਾਲ ਕਾਨੂੰ ਜੋੜੀ ਜਾਨਾਂ ! ਤੂੰ ਐਊਂ ਕਿਉਂ ਨਈਂ ਲਿਖਦਾ – ਗੁਰੂ ਸੈਬ੍ਹ ਕਾਬਲ-ਕੰਧਾਰ ਜਾਂਦੇ ਏਥੇ ਰੁਕੇ ਸਨ । ਜਲ-ਪਾਣੀ ਦੀ ਘਾਟ ਪੂਰੀ ਕਰਨ ਲਈ ਉਨ੍ਹਾਂ ਨੇਜ਼ਾ ਮਾਰਕੇ ਇਸ ਥਾਂ ਚਸ਼ਮਾਂ ਪ੍ਰਗਟ ਕੀਤਾ ਸੀ ਤੇ ਉਨ੍ਹਾਂ ਦੇ ਘੋੜੇ ਦੇ ਪੌੜਾਂ ਨਾਲ ਤਲਾਅ ਪ੍ਰਗਟ ਹੋਇਆ ਸੀ ।

ਨਈਂ ਮ੍ਹਾਰਾਜ ਨਈਂ ਦੂਜੇ ਗੁਰੂ ਸਾਬ੍ਹ ਤਾਂ ਗਏ ਨਹੀਂ ਸੀ ਕਿਧਰੇ ਦੂਰ ਪਾਰ । ਓਧਰ ਤਾਂ ਗੁਰੂ ਨਾਨਕ ਸਾਹਿਬ ਗਏ ਸਨ ਕਾਬਲ-ਕੰਧਾਰ ਵੰਨੀ , ਉਹ ਵੀ ਪੈਦਲ ਤੁਰ ਕੇ । ਇਹਨਾਂ ਦੋਨਾਂ , ਗੁਰੂ ਸਾਹਿਬਾਂ ਚੋਂ ਕਿਸੇ ਨੇ ਵੀ ਘੋੜੇ ਦੀ ਸਵਾਰੀ ਨਹੀਂ ਸੀ ਕੀਤੀ ਤੇ ਨਾ ਹੀ ਉਹ ਨੇਜ਼ਾ-ਬਰਛਾ ਰੱਖਦੇ ਸਨ ...। ਫੌਜੀ ਸਿੰਘ ਦੀ ਦਲੀਲ ਨੂੰ ਰੱਬ ਜੀ ਨੇ ਵਿਚਕਾਰੋਂ ਟੋਕਦਿਆਂ ਫਿਰ ਉਸੇ ਸੁਰ ਚ ਕਿਹਾ ਸੀ – ਉਹ ਨਈਂ ਸੀ ਰੱਖਦੇ ਨਾ ਸਈ, ਜੇੜ੍ਹਾ ਗੁਰੂ ਰੱਖਦਾ ਸੀ ਘੋੜੇ –ਨੇਜ਼ੇ,ਉਦ੍ਹੇ ਨਾਂ ਨਾਲ ਜੋੜ ਦੇਏ । ਕਿੰਨਾਂ ਕੁ ਔਖਾ ਕੰਮ ਆ ਏਹ ...। ਤੇਰੇ ਬੜੇ ਬਾਅਸ਼ਾਹ ਦਾ ਨਾਂ ਤਲਾਅ ਨਾਲ ਜੋੜ ਕੇ ਅਸੀਂ ਸਰੋਵਰ ਸਾਬ੍ਹ ਦਾ ਭੱਠਾ ਬਠਾਉਣਾ ।

ਰੱਬ ਜੀ ਦਾ ਫੁਰਮਾਨ ਸੁਣਕੇ ਖੋਜਕਾਰ ਫੌਜੀ ਸਿੰਘ ਸੁੰਨ ਜਿਹਾ ਹੋ ਗਿਆ ਸੀ ।ਇਸ ਪਾਸੇ ਉਸਦੀ ਖੋਜਕਾਰੀ , ਦੂਜੇ ਪਾਸੇ ਤੱਥਾਂ ਦੀ ਭੰਨ-ਤੋੜ ! ਵਿਚਕਾਰ ਜਿਹੇ ਫਸੇ ਤੋਂ ਉਸਤੋਂ ਇਕ-ਦਮ  ਕੋਈ ਹਾਂ-ਨਾਂਹ ਨਹੀਂ ਸੀ ਹੋਈ । ਨੀਵੀਂ ਪਾਈ ਉਵੇਂ ਦਾ ਉਵੇਂ ਬੈਠਾ ਰਿਹਾ ਸੀ ਰੱਬ ਜੀ ਦੇ ਪੈਰਾਂ ਲਾਗੇ । ਪਰ ,ਥੋੜਾ ਕੁ ਅਟਕ ਕੇ ਉਸ ਵੱਲੋਂ ਆਏ ਨਾਂਹ –ਵਾਚੀ ਉੱਤਰ ਨੇ ਰੱਬ ਜੀ ਦੇ ਤੇਵਰ ਹੋਰ ਵੀ  ਉੱਪਰ ਚਾੜ੍ਹ ਦਿੱਤੇ ਸਨ । ਪੂਰੀ ਤਰ੍ਹਾਂ ਖਫਾ ਹੋਏ ਰੱਬ ਜੀ ਨੇ ਫੌਜੀ ਸਿੰਘ ਵਿਰੁੱਧ ਅਗਲੀ ਕਾਰਵਾਈ ਬੇ-ਹੱਦ ਸਹਿਜ-ਭਾਅ ਨਾਜ਼ਲ ਕਰ ਦਿੱਤੀ ਸੀ – ਨਈਂ ਕਰ ਸਕਦਾ ਨਾ ਸਹੀਂ, ਅਸੀਂ ਕੋਈ ਹੋਰ ਬੰਦਾ ਲੱਭ ਲੈਂਦੇ ਆ । ਤੂੰ...ਤੂੰ ਅੱਜ ਤੋਂ  ਡੇਰਾ-ਪੰਥ ਚੋਂ ਖਾਰਜ । ਤਨਖਾਈਆ ਕਰਾਰ । ...ਭੁੱਲ ਬਖਸ਼ਾਉਣ ਲਈ ਚਾਲੀ ਦਿਨ ਦੀ ਤਨਖਾਹ –ਵੀਹ ਦਿਨ ਜੋੜੇ ਝਾੜਨ ਦੀ ਵੀਹ ਦਿਨ ਬਰਤਨ ਸਾਫ ਕਰਨ ਦੀ ।

ਖੋਜਕਾਰ ਫੌਜੀ ਸਿੰਘ ਨੂੰ ਲੱਗੀ ਤਨਖਾਹ ਉਸਨੇ ਸਿਰਫ਼ ਇਕ ਦਿਨ ਅਦਾ ਕਰਕੇ ਮੁੜ ਰੱਬ ਜੀ ਦੇ ਚਰਨ ਜਾ ਫੜੇ ਸਨ । ਸੱਤ-ਬਚਨ ਆਖੀ ਕੇ ਇਤਿਹਾਸ-ਤਖ਼ਤੀ ਬਿਲਕੁਲ ਉਵੇਂ ਦੀ ਉਵੇਂ ਲਿਖ ਲਿਆਂਦੀ ਸੀ ਜਿਵੇਂ ਦੀ ਚਾਹੀ ਸੀ ਰੱਬ ਜੀ ਨੇ । ਤਾਂ ਵੀ ਉਸ ਵਿਰੁੱਧ ਜਾਗਿਆ ਰੋਸਾ-ਗੁੱਸਾ ਰੱਬ ਜੀ ਅੰਦਰੋਂ ਅਜੇ ਤੱਕ ਖ਼ਤਮ ਹੋਣ ਦਾ ਨਾਂ ਨਹੀਂ ਸੀ ਲੈਂਦਾ ।

ਤਖ਼ਤ-ਸਾਬ੍ਹ ਦੀ ਗੁੰਬਦ ਉੱਪਰ ਰੱਖੇ ਲਾਊਡ-ਸਪੀਕਰ ਰਾਹੀਂ ਸਵੇਰੇ ਦਾ ਵਾਕ ਉਸਦੇ ਕੰਨੀ ਪਿਆ । ਡੇਰੇ ਦਾ ਕਾਰ-ਵਿਹਾਰ ਵੇਲੇ ਸਿਰ ਚੱਲ ਪੈਣ ਤੇ ਉਸਨੂੰ ਢੇਰ ਸਾਰੀ ਪ੍ਰਸੰਨਤਾ ਹੋਈ । ਉਸਨੇ ਮੂੰਹ-ਸਿਰ ਤੇ ਲਿਪਟੀ ਸ਼ਾਲ ਉਤਾਰ ਕੇ ਪਹਿਲਾਂ ਮੋਢਿਆਂ ਤੱਕ ਸਰਕਦੀ ਕੀਤੀ ,ਫਿਰ ਸਾਰੀ ਦੀ ਸਾਰੀ ਲਾਹ ਕੇ ਢੋਅ –ਗੱਦੇ ਉੱਪਰ ਟਿਕਦੀ ਕਰ ਲਈ । ਭੋਰਾ-ਸਾਬ੍ਹ ਅੰਦਰ ਇਸ ਦੀ ਲੋੜ ਹੀ ਨਹੀਂ ਸੀ ਉਸਨੂੰ , ਨਾ ਨਾਲ਼ ਜੁੜਵੇਂ ਵਿਸ਼ਰਾਮ ਕਮਰੇ ਚ । ਇਹਨਾਂ ਦਾ ਤਾਪਮਾਨ ਆਮ ਕਰਕੇ ਸਮਤਲ ਹੀ ਰੱਖਦੇ ਸਨ ਵਾਤਾਅਨੁਕੂਲਣ-ਜੰਤਰ । ਏਥੇ ਨਾ ਪੋਹ-ਮਾਘ ਦੀ ਕੱਕਰੀਲੀ ਠੰਡ ਘੁਸ –ਪੈਠ ਕਰ ਸਕਦੀ ਸੀ ,ਨਾ ਜੇਠ-ਹਾੜ ਦਾ ਤਾਅ । ਕਿੰਨਾ ਸੁਖ ਦਿੰਦੇ ਸਨ ਇਹ ਦੋਵੇਂ ਥਾਂ ! ਇਕ ਵਿਸ਼ਰਾਮ ਕਰਨ ਵੇਲੇ , ਦੂਜਾ ਤੱਪ-ਤਪੱਸਿਆ ਕਰਨ ਲਈ । ਸਵੇਰੇ –ਸ਼ਾਮੀਂ ਨਿੱਤਨੇਮ ਕਰਨ ਲਈ । ਪਰ, ਕੱਲ੍ਹ ਦਿਨ-ਖੜ੍ਹੇ ਤੋਂ ਇਹਨਾਂ ਅੰਦਰ ਪਹੁੰਚ ਕੇ ਵੀ ਸਾਰੇ ਦਾ ਸਾਰਾ ਬਾਹਰ ਹੀ ਘੁੰਮਦਾ ਰਿਹਾ ਸੀ ,ਰੱਬ ਜੀ ।

ਕਿਰਪਾ ਸੂੰਹ ਦਾ ਖੇਤ ਪ੍ਰਾਪਤ ਕਰਨ ਦੀ ਉਸਦੀ ਯੋਜਨਾ ਅਜੇ ਕਿਸੇ ਤਣ-ਪੱਤਣ ਨਹੀਂ ਸੀ ਲੱਗੀ । ਨਾ ਸੇਵਾਦਾਰ ਬੰਤ ਸਿੰਘ ਨੂੰ ਉਸ ਪਾਸ ਭੇਜ ਕੇ ,ਨਾ ਜੰਗ ਬਹਾਦਰ ਸਿੰਘ ਨੂੰ ਡੇਰੇ ਬੁਲਾ ਕੇ । ਉਸਨੇ ਸੋਚਿਆ ਸੀ – ਹੋਰ ਵੀ ਤਾਂ ਸੌ ਥਾਮਾਂ ਲੈਂਦੀ ਆ ਸਰਕਾਰ ! ਕਿੱਧਰੇ ਮਿੱਲ-ਕਾਰਖਾਨਾ ਲਾਉਣ ਲਈ , ਕਿਧਰੇ ਸੜਕ-ਨਹਿਰ ਕੱਢਣ ਲਈ । ਵੇਲੇ ਦਾ ਮੁੱਖ ਮੰਤਰੀ ਪਹਿਲਾਂ ਐਲਾਨ ਕਰਦਾ ,ਫੇਰ ਕਾਰਵਾਈ ਹੁੰਦੀ ਆ ..। ਬਿਨਾਂ ਕਿਸੇ ਹਿੱਚਕਚਾਹਟ ਦੇ , ਉਸਨੇ ਉਸੇ ਦਿਨ ਉਸੇ  ਵੇਲੇ ਮੋਬਾਇਲ ਖ਼ੜਕਦਾ ਕਰ ਦਿੱਤਾ ਸੀ ਜੰਗ ਬਹਾਦਰ ਨੂੰ ,ਵਿਸ਼ਰਾਮ ਕਮਰੇ ਚ ਲੇਟੇ ਨੇ –ਭਾਈ ਸਾਬ੍ਹ ਜੀ , ਮਾਤ-ਲੋਕ ਦੇ ਪਾਰ-ਉਤਾਰੇ ਲਈ ,ਦੀਨ-ਦੁਖੀਆਂ ਦੇ ਪਾਪ –ਅਓਗਣ ਹਰਨ ਲਈ ...ਏਹ ਕੰਮ ਜ਼ਰੂਰੀ ਨਈਂ ਲਾਜ਼ਮੀ ਕਰਨਾ ਲਾਜ਼ਮੀ । ਆਉਂਦੀ ਸੰਗਰਾਂਦੇ , ਹਰ ਹੀਲੇ । ਵਾਹਿਗੁਰੂ ਭਲੀ ਕਰੇ ....।

ਉਸ ਦਿਨ ਜੰਗ ਬਹਾਦਰ ਅਜੇ ਉੱਠਿਆ ਹੀ ਸੀ ਸੁੱਤਾ । ਆਕੜਾਂ ਭੰਨਦਾ ਉਹ ਬੈਠਣ ਹੀ ਲੱਗਾ ਸੀ ਸੋਫੇ ਤੇ । ਰਾਤ ਦੀ ਪੀਤੀ –ਖਾਧੀ ਅਜੇ ਭੌਣ ਜਿਹੀ ਬਣੀ ਪਈ ਸੀ ਉਸਦੇ ਸਿਰ ਅੰਦਰ । ਚਰਨੀ ਮ੍ਹਾਰਾਜ ਦਾ ਸੁਨੇਹਾ  ਸੁਣਕੇ ਉਸਨੇ ਥੋੜੀ  ਕੁ ਜੇ –ਜੱਕ ਕਰਨੀ ਚਾਹੀ । ਉਸਨੇ ਕਹਿਣਾ ਚਾਹਿਆ- ਇਵੇਂ ਦੇ ਐਲਾਨ ਸਾਰਵਜਨਕ ਕੰਮਾਂ ਲਈ ਹੋ ਸਕਦੇ ਆ, ਉਹ ਵੀ ਸੌ ਕਿਸਮ ਦੀ ਕਾਰਵਾਈ ਕਰਕੇ .......। ਪਰ,ਉਸ ਤੋਂ ਕੁਝ ਵੀ ਕਿਹਾ ਨਹੀਂ ਸੀ ਗਿਆ । ਹਾਂ ਜੀ ....ਜੀ ਹਾਂ , ਸੱਤ –ਬਚਨ ਆਖ ਕੇ ਉਸਨੇ ਬਣਦੀ ਤਾਰੀਖ਼ ਪੀ.ਏ. ਨੂੰ ਨੋਟ ਕਰਵਾ ਦਿੱਤੀ ਸੀ ।

ਜੰਗ ਬਹਾਦਰ ਆਇਆ ਵੀ , ਆ ਕੇ ਚਲਾ ਵੀ ਗਿਆ ਕੱਲ੍ਹ । ਪਰ,ਉਸਦਾ ਚਰਨੀ ਮ੍ਹਾਰਾਜ ਅਜੇ ਤੱਕ ਤਰਲੋ-ਮੱਛੀ ਹੋਇਆ ਪਿਆ ਸੀ ।ਨਾ ਸਵੇਰੇ ਦੋ ਵਾਰ ਲਾਈ ਸਮਾਧੀ ਚ ਜੁੜਿਆ ਗਿਆ ਸੀ ਉਸਤੋਂ ਨਾ ਬਾਹਰ ਘੁੰਮ-ਫਿਰ ਕੇ ਆਏ ਨੂੰ ਚੈਨ ਆਈ ਸੀ , ਰੱਤੀ ਭਰ । ਹਾਰ ਕੇ ਉਸਨੇ ਲਾਂਗਰੀ ਸੇਵਾਦਾਰ ਨੂੰ ਬੈੱਲ ਦਿੱਤੀ । ਉਹ ਖਾਲੀ ਹੱਥੀ ਵਿਸ਼ਰਾਮ ਕਮਰੇ ਚ ਉਤਰ ਆਇਆ । ਉਸਨੇ ਵੰਡੇ-ਸੰਤਾਂ ਲਈ ਚਾਹਟਾ ਅਜੇ ਤਿਆਰ ਹੀ ਨਹੀਂ ਸੀ ਕੀਤਾ । ਨਾ ਬਦਾਮ ਰਗੜੇ ਸਨ ,ਨਾ ਸੋਗੀ-ਪਿਸਤਾ ਕਾਜੂ ਚੂਰਾ ਕੀਤੇ ਸਨ, ਦੁੱਧ ਚ ਉਬਾਲਣ ਲਈ ।ਵੱਡੇ-ਸੰਤਾਂ ਨੇ ਏਨੇ ਸਵਖ਼ਤੇ ਕਦੀ ਮੰਗ ਹੀ ਨਹੀਂ ਸੀ ਕੀਤੀ ,ਉਸ ਤੋਂ ।

ਉਸਨੂੰ ਖਾਲੀ ਹੱਥ ਆਇਆ ਦੇਖ ਕੇ ਰੱਬ ਜੀ ਦੇ ਤੇਵਰ ਹੋਰ ਉਤਾਂਹ ਚੜ੍ਹ ਗਏ ।ਲਾਂਗਰੀ ਸੇਵਾਦਾਰ ਨੂੰ ਹੱਥਾਂ-ਪੈਰਾਂ ਦੀ ਪੈ ਗਈ । ਉਹ ਉਹਨੀਂ ਪੈਂਰੀ ਪਿਛਾਂਹ ਪਰਤ ਆਇਆ । ਮੁੜਦੇ-ਮੁੜਦੇ ਸੇਵਾਦਾਰ ਨੂੰ ਰੱਬ ਜੀ ਨੇ ਕੱਸਵੀਂ ਵਾਜ਼ ਦਿੱਤੀ –ਬੰਤ ਸੂੰਹ ਨੂੰ ਭੇਜ ਹੇਠਾਂ ,ਛੇਤੀ ....! ਘੜੀਆਂ-ਪਲਾਂ ਅੰਦਰ ਬੰਤ ਸਿੰਘ ਹਾਜ਼ਰ ਸੀ ਡੇਰੇ ਦਾ ਸਭ ਦੋਂ ਸਿਆਣੀ ਉਮਰ ਦਾ ਸੇਵਾਦਾਰ । ਉਹਨੇ ਆਉਂਦੇ ਨੇ ਡੰਡੌਤ-ਬੰਧਨਾ ਕੀਤੀ ,ਮੱਥਾ ਟੇਕਿਆ ਤੇ ਰੱਬ ਜੀ ਦੇ ਲਾਗੇ ਹੋ ਕੇ ਬੈਠ ਗਿਆ । ਉਹਦੇ ਕੁਝ ਵੀ ਬੋਲਣ-ਪੁੱਛਣ ਤੋਂ ਪਹਿਲਾਂ ਰੱਬ ਜੀ ਉਸਨੂੰ ਮੁਖਾਤਬ ਸੀ – ...ਤੂੰ ਐਂ ਕਰ ,ਇਕ ਵਾਰ ਹੋਰ ਜਾਹ ਕਿਰਪਾ ਸੂੰਹ ਕੋਲ । ਉਨੂੰ ਆਖ-ਸਿੱਧੀ ਤਰ੍ਹਾਂ ਮੰਨ ਜਾ , ਪੈਹੇ ਜਿੰਨੇ ਮਰਜ਼ੀ ਆ ਚੁੱਕ , ਨਈਂ  ਤਾਂ....ਨਈਂ ਤਾਂ ਸਾਨੂੰ ਦੂਜਾ ਦਾਅ ਖੇਲ੍ਹਣਾ ਆਉਂਦਾ ....।

ਸੇਵਾਦਾਰ ਨੂੰ ਦੂਜੇ ਦਾਅ ਦਾ ਇੱਲਮ ਸੀ । ਉਸਨੂੰ ਪਤਾ ਸੀ ਵੱਡੇ ਸੰਤ ਪਹਿਲਾਂ ਵੀ ਖੇਲ੍ਹ ਚੁੱਕੇ ਆ ਦੂਜਾ ਦਾਅ। ਆਪਣੇ ਹੀ ਘਰ ਦੇ ਜੀ ਨਾਲ ਸਕੇ ਪਿਓ ਨਾਲ । ਇਸੇ ਤਲਾਅ ਬਦਲੇ , ਜਿਸਨੂੰ ਵੱਡਾ ਸਰੋਵਰ ਬਣਾਉਣ ਦੀ ਵਿਉਂਤੀ ਯੋਜਨਾ ਸਿਰੇ ਚਾੜ੍ਹਨ ਲਈ ਉਹ ਫਿਰ ਉਸੇ ਦਾਅ ਤੇ ਪੁੱਜ ਗਏ ਹਨ।

ਰੱਬ ਜੀ ਦੇ ਮੁਖਾਰਬਿੰਦ ਤੋਂ ਉੱਚਰੇ ਗਏ ਬੋਲ ਬੰਤ ਸਿੰਘ ਨੂੰ ਇਸ ਵਾਰ ਵੱਖਰੀ ਕਿਸਮ ਦੀ ਉਲਝਨ ਚ ਫਸਦਾ ਕਰ ਗਏ । ਉਹ ਇਕ ਤਰ੍ਹਾਂ ਨਾਲ ਜਿਵੇਂ ਸ਼ਿਕੰਜੇ ਚ ਜਕੜਿਆ ਗਿਆ । ਹੁਣ ਤੱਕ ਤਾਂ ਉਸਨੇ ਡੇਰੇ ਦੀ ਚੜ੍ਹਤ-ਮਾਨਤਾ ਲਈ ਰੱਬ ਜੀ ਦੇ ਹਰ ਹੁਕਮ ਦੀ ਪਾਲਣਾ ਹੂ-ਬ-ਹੂ ਕੀਤੀ ਸੀ । ਉਸਦੀ  ਜਾਇਜ਼ , ਨਾ-ਜਾਇਜ਼ ਇੱਛਾ –ਮਨਸ਼ਾ ਪੂਰੀ ਤਨਦੇਹੀ ਨਾਲ ਪੂਰੀ ਕੀਤੀ ਸੀ । ਪਰ , ਇਸ ਵਾਰ ਉਹ ਨਾ ਤਾਂ ਰੱਬ ਨੂੰ ਨਾ-ਨੁੱਕਰ ਕਰਨ ਦਾ ਹੌਸਲਾ ਕਰ ਸਕਿਆ ,ਨਾ ਉਸ ਤੋਂ ਕਿਰਪਾ ਸੂੰਹ ਨੂੰ ਮਿਲੀ ਖ਼ਤਰਨਾਕ ਕਿਸਮ ਦੀ ਧਮਕੀ ਹੀ ਸਹਿ-ਸਹਾਰ ਹੋਈ ।

ਕਿਰਪਾ ਸਿੰਘ ਦੀ ਟੁੱਟੀ –ਖੁੱਸੀ ਹਾਲਤ ਦੇਖ ਆਇਆ ਸੀ ਦੋ-ਤਿੰਨ ਵਾਰ ਉਸਦੇ ਘਰ ਗਿਆ ।

ਉਸਨੂੰ ਡਰਾਉਣੀ ਕਿਸਮ ਦੀ ਫਿਕਰ-ਚਿੰਤਾ ਹੋਣ ਲੱਗੀ । ਇਕ ਪਾਸੇ ਕਿਰਪਾ ਸੂੰਹ ਦੀ ਸ਼ਰਤ, ਦੂਜੇ ਪਾਸੇ ਵੱਡੇ ਸੰਤਾਂ ਦੀ ਅੜੀ ।ਇਕ ਪਾਸੇ ਕਿਰਪਾ ਸੂੰਹ ਦੇ ਘਰ-ਘਾਟ ਦਾ ਰਹਿੰਦਾ ਵੀ ਉਜਾੜਾ,ਦੂਜੇ ਪਾਸੇ ਡੇਰੇ ਦਾ ਮਾਨ-ਸਨਮਾਨ ! ਛੋਟੇ ਤਲਾਅ ਦੀ ਥਾਂ ਵੱਡਾ ਸਰੋਵਰ ਬਣਾਉਣ ਦੀ ਰੱਬ ਜੀ ਦੀ ਯੋਜਨਾ ।

ਬੰਤ ਸਿੰਘ ਇਸ ਤਰ੍ਹਾਂ ਦੀ ਦੁਚਿੱਤੀ ਚ ਪਹਿਲੋਂ ਕਦੀ ਨਹੀਂ ਸੀ ਘਿਰਿਆ ।

ਵਿਚਕਾਰ ਜਿਹੇ ਫਸੇ ਨੇ ਉਸਨੇ ਵੱਡੇ-ਸੰਤਾਂ ਦੇ ਹੁਕਮਾਂ ਦੀ ਪਾਲਣਾ ਕਰਨ ਲਈ ਇਕ ਤਰ੍ਹਾਂ ਦੀ ਹਾਮੀ ਭਰ ਦਿੱਤੀ , ਸੱਤ ਬਚਨ ਆਖ ਕੇ ਉਂਝ ਨਾ-ਉਮੀਦੀ ਸਾਹਮਣੇ ਖੜ੍ਹੀ ਦਿਸਦੀ ਸੀ ਉਸਨੂੰ-ਮੁੜਨਾ ਇਸ ਵਾਰ ਵੀ ਬਰੰਗ ਈ ਪੈਣਾ ...ਹੋ ਸਕਦਾ ਕਿਰਪਾ ਸੂੰਹ ਦੀ ਝਾੜ-ਝੰਭ ਵੀ ਸਹਿਣੀ ਪਵੇ ...., ਉਸ ਅੰਦਰਲਾ ਡਰ ਉਸਦੇ ਚਿਹਰੇ ਤੇ ਸਾਫ਼ ਉਕਰਿਆ ਗਿਆ ।

ਆਪਣੇ ਅੰਦਰ ਦੀ ਦੁਬਿਧਾ ਚੋਂ ਬਾਹਰ ਨਿਕਲਣ ਲਈ , ਉਸਨੇ ਕਾਫੀ ਸਾਰਾ ਸਾਹਸ ਇਕੱਠਾ ਕਰਦਿਆਂ ਦੋਨੋਂ ਹੱਥ ਜੋੜੇ – ਇਕ ਅਰਜ਼ ਐ ਮ੍ਹਾਰਾਜ ......ਹੈਅ ਤਾ ਗੁਸਤਾਖੀ ਜੇ ਹੁਕਮ ਹੋਵੇ ਤਾਂ ....।


ਹਾਂ.......ਹਾਂ......”, ਪਹਿਲਾਂ ਲਾਂਗਰੀ ਸੇਵਾਦਾਰ ਤੇ .....ਫਿਰ ਵੱਡੇ ਭਰਾ ਕਿਰਪਾ ਸਿੰਘ ਉੱਤੇ ਕਾਫੀ ਸਾਰੀ ਤਲਖੀ ਗੁਲੱਛ ਕੇ ਰੱਬ ਜੀ ਦਾ ਤਾਪਮਾਨ ਕਰੀਬ ਕਰੀਬ ਸਮਤਲ ਹੋ ਗਿਆ ਸੀ । ਬੰਤ ਸਿੰਘ ਦੀ ਹਲੀਮੀ ਨੇ ਉਸਦੀ ਸਾਰੀ ਦੀ ਸਾਰੀ ਸੁਰਤੀ ਆਪਣੇ ਵੱਲ ਖਿੱਚ ਲਈ । ਬੰਤ ਸਿੰਘ  ਆਖ ਰਿਹਾ ਸੀ – ਅਰਜ਼ ਏਹ ਐ, ਕੱਲਾ ਤਾਂ ਮੈਂ ਪਹਿਲਾਂ ਵੀ ਜਾ ਆਇਆ , ਹੁਣ ਫੇਅਰ ਹੋ ਆਉਨਾ ।ਮੇਰੀ ਰਾਇ ਐ , ਕੱਲਾ ਇਕ ਦੋ ਗਿਆਰਾਂ । ਓਦਾਂ ਮੰਨਿਆ ਤਾਂ ਪਿਆ ਈ ਆ ਉਹ । ਹੁਣ ....ਹੁਣ ਤਾਂ ਪੈਸੇ ਫੜਾਉਣੇ ਬਾਕੀ ਆ । ਤੁਸੀਂ ਆਪਣੇ ਹੱਥੀ ਦਿਓ ਬਿਆਨਾ , ਉਨ੍ਹੇ ਨਾ-ਨੁੱਕਰ ਕਰਨ ਈ ਨਈਂ । ਉਹ ਤਾਂ ਸਗੋਂ ਆਖੂ-ਧੰਨ ਭਾਗ , ਭਰਾ ਆਪ ਚੱਲ ਕੇ ਆਇਆ ..ਕੀੜੀ ਘਰ ਭਗਵਾਨ ।

ਬੰਤ ਸਿੰਘ ਦੀ ਸਲਾਹ ਨੇ ਇਕ ਵਾਰ ਫਿਰ ਰੱਬ ਜੀ ਨੂੰ ਜੇ-ਜੱਕ ਅੰਦਰ ਜਕੜ ਦਿੱਤਾ । ਨਾ ਉਸ ਤੋਂ ਪਿੰਡ ਜਾਣ ਲਈ ਇਕ-ਦਮ ਨਾਂਹ ਹੋਈ ,ਨਾਂ ਹਾਂ । ਜੰਗ ਬਹਾਦਰ ਦੀ ਆਸ-ਉਮੀਦ ਉਸਨੇ ਮੁੱਢੋਂ-ਸੁੱਢੋਂ ਲਾਹ ਹੀ ਦਿੱਤੀ । ਹੁਣ ਇੱਕੋ-ਇੱਕ ਰਾਹ ਬਾਕੀ ਸੀ –ਪਿੰਡ ਦਾ ਰਾਹ । ਵੱਡੇ ਭਰਾ ਕਿਰਪਾ ਸੂੰਹ ਦੇ ਘਰ ਪੁੱਜਣ ਦਾ ਰਾਹ ।

ਵਿਸ਼ਰਾਮ ਕਮਰੇ ਚ ਬੈਠੇ  ਨੇ ਉਸਨੇ ਬੀਤੇ ਕਈ ਸਾਰੇ ਵਰ੍ਹਿਆਂ ਤੇ ਝਾਤ ਮਾਰੀ । ਕਈਆਂ ਚਿਰਾਂ ਤੋਂ ਉਸ ਤੋਂ ਕਿਸੇ ਬੰਨੇ ਜਾਇਆ ਹੀ ਨਹੀਂ ਸੀ ਗਿਆ ,ਨਾ ਦੂਰ ਨਾ ਨੇੜੇ । ਸਿਰਫ਼ ਕਾਰ-ਸੇਵਕ ਪੁੱਜਦੇ ਸਨ ਕਾਰ-ਸੇਵਾ ਗੱਡੀਆਂ ਲੈ ਕੇ ,ਥਾਹੋਂ-ਥਾਹੀ । ਐਸੀ ਗੱਲ ਨਹੀਂ ਕਿ ਉਸਨੇ ਕਦੀ ਗਜ਼ਾ ਨਹੀਂ ਸੀ ਕੀਤੀ , ਕਿਧਰੇ ਯਾਤਰਾ ਨਹੀਂ ਸੀ ਪਾਈ । ਉਹ ਤਾਂ ਸਗੋਂ ਘਰੋਂ-ਘਰੀਂ ਜਾਂਦਾ ਰਿਹਾ ਸੀ ,ਦਾਲ-ਫੁਲਕਾ ਮੰਗਣ । ਸਵੇਰੇ –ਸ਼ਾਮੀਂ । ਇੱਕ ਦਿਨ ਹੇਜ਼ਮੀ ,ਦੂਜੇ ਦਿਨ ਬਾਬਕ,ਤੀਜੇ ਨੈਣੋਵਾਲ , ਚੌਥੇ ਦਿਨ ਮੁਰਾਦਪੁਰ । ਚੌਂਹ-ਪੰਜਾਂ ਪਿੰਡਾਂ ਦੀ ਵਾਰੀ ਲਾ ਕੇ । ਇਹ, ਪਿਓ ਜੁਆਲਾ ਸਿੰਘ ਨੂੰ ਗਲਾ ਘੁੱਟ ਕੇ ਮਾਰ ਦੇਣ ਦੀ ਸ਼ਰਮਿੰਦਗੀ ਸੀ ਜਾਂ ਉਸਦੀ ਪੰਜੇ-ਵਿਕਾਰਾਂ-ਕਾਮ-ਕਰੋਧ,ਲੋਭ-ਮੋਹ-ਹੰਕਾਰ ਤੇ ਫਤੇਹ ਪਾਉਣ ਦੀ ਲਾਲਸਾ , ਉਸ ਤੋਂ ਆਪਣੇ ਪਿੰਡ ਝੱਜਾਂ ਦੀ ਵਾਰੀ ਇਕ ਦਿਨ ਵੀ ਨਹੀਂ ਸੀ ਲੱਗੀ । ਨਾ ਪਤਨੀ ਰੋਸ਼ਮੋਂ ਨੂੰ ਮਿਲਿਆ ,ਨਾ ਕੱਲੇ-ਕਹਿਰੇ ਪੁੱਤਰ ਜ਼ੈਲੇ ਨੂੰ ,ਨਾ ਦੋਨਾਂ ਭਰਾਵਾਂ ਚੋਂ ਕਿਸੇ ਨੂੰ ਮਿਲਿਆ ,ਨਾ ਬੁਲਾਇਆ ।

ਆਸ-ਪਾਸ ਦੇ ਪਿੰਡੀ ਆਉਂਦੇ –ਜਾਂਦੇ ਨੂੰ ਹੋਰ ਤਾਂ ਕਦੀ ਉਸਨੂੰ ਕਿਸੇ ਨੇ ਕੁਝ ਨਹੀਂ ਸੀ ਕਿਹਾ । ਜੇ ਕਿਹਾ ਵੀ ਹਊ  ਪਿੱਠ ਪਿੱਛੇ ਹੀ,ਉਸਦੇ ਮੂੰਹ ਤੇ ਨਹੀਂ । ਪਰ ਬਾਬਕੀਆ ਬਖ਼ਸ਼ੀ,ਨੈਣੋਵਾਲੀਆਂ ਟੁੰਡਾ ,ਮੁਰਾਦਪੁਰੀਆ ਘੋਨਾ ਬੱਕਰੀਆਂ ਚਾਰਦੇ ਉਸਨੂੰ ਜਿੱਥੇ ਵੀ ਟੱਕਰਦੇ ,ਉਸਨੂੰ ਇਕੋ ਤਰ੍ਹਾਂ ਦੀ ਟਿੱਚਰ-ਟਕੋਰ ਕਰਦੇ – ਪੇਏ ਦਾ ਗਲ ਘੁੱਟ ਕੇ ਜੇ ਹਾਅ ਪੀਰੀ-ਫ਼ਕੀਰੀ ਈ ਕਰਨੀ ਸੀ , ਤਾਂ ਪਹਿਲੋਂ ਕਿਉਂ ਨਈਂ ਕੀਤੀ ਛੜੇ-ਛਟਾਂਕ ਨੇ ।ਉਨੂੰ ਕਾਹਨੂੰ ਉਜਾੜਿਆ ਭਾਗਾਂ ਆਲੀ ਨੂੰ ...! ਉਹਨਾਂ ਦੀ ਹਮਦਰਦੀ ਉਸਦੀ ਪਤਨੀ ਰੇਸ਼ਮੋਂ ਵੱਲ ਹੁੰਦੀ ।

ਚਰਨੀ ਉਹਨਾਂ ਦੇ ਆਖੇ-ਬੋਲੇ ਨੂੰ ਕਈ ਚਿਰ ਹਊ-ਪਰ੍ਹੇ ਕਰਦਾ ਰਿਹਾ ਸੀ , ਚੁੱਪ ਰਹਿ ਕੇ ਜਾਂ ਹੱਸ-ਮੁਸਕਰਾ ਕੇ । ਪਰ,ਇਹਨਾਂ ਦੀ ਉੱਪਰੋ-ਥਲੀ ਦੀ ਕਾਟ , ਪੂਰਾ ਸਿਦਕ ਰੱਖਣ ਤੇ ਵੀ ਚਰਨੀ ਤੇ ਆਖ਼ਰ ਕਿੰਨਾ ਸਾਰਾ ਅਸਰ ਕਰ ਹੀ ਗਈ । ਉਹਨਾਂ ਦੇ ਮੇਲ਼-ਮਿਲਾਪ ਤੋਂ ,ਉਹਨਾਂ ਦੇ ਬੋਲਾਂ-ਕਬੋਲਾਂ ਤੋਂ ਛੁਟਕਾਰਾ ਪਾਉਣ ਲਈ ਉਸਨੇ ਇਕ ਕਾਢ ਕੱਢ ਲਈ । ਵਾਰੀ ਵਾਰੀ ਚੋਂਹੀ ਪਿੰਡੀਂ ਪੁੱਜ ਕੇ ਉਹ ਗੂੜ੍ਹੀ ਨੇੜਤਾ ਵਾਲੇ ਘਰੀਂ ਹੋਕਾ ਦੇ ਆਇਆ – ਜਿੰਨ ਮ੍ਹਾਰਾਜ ਦਾ ਭੰਡਾਰਾ ਕਰਨਾ ਆਉਂਦੀ ਸੰਗਰਾਂਦੇ । ਜਿੰਨ ਮ੍ਹਾਰਾਜ ਨੇ ਆਪ ਮੰਗ ਕੀਤੀ ਆ ।ਨਾਲ ਈ ਉਨ੍ਹਾਂ ਬਚਨ ਦਿੱਤਾ ਕਿ ਅੱਗੇ ਤੋਂ ਉਹ ਕਿਸੇ ਨੂੰ ਕੁਸ਼ ਨਹੀਂ ਕੈਹਣਗੇ । ਨਾ ਤੰਗ-ਪ੍ਰੇਸ਼ਾਨ ਕਰਨਗੇ , ਨਾ ਪਟਕਾ-ਪਟਕਾ ਕੇ ਮਾਰਨਗੇ । ਉਹਨਾਂ ਏਹ ਵੀ ਕਿਹਾ ਕਿ ਛੇਤੀ ਹੀ ਉਹ ਆਪਣਾ ਰੈਣ-ਬਸੇਰਾ ਕਿਧਰੇ ਹੋਰ ਥਾਂ ਬਦਲ ਲੈਣਗੇ ......!

ਇਹ ਜਿੰਨ-ਮ੍ਹਾਰਾਜ ਤੋਂ ਡਰ ਮੁਕਤ ਹੋਣ ਦਾ ਸਿੱਟਾ ਸੀ ,ਜਾਂ ਚਰਨੀ ਮ੍ਹਾਰਾਜ ਦੀ ਵੱਧ ਰਹੀ ਮਾਨਤਾ , ਕਿ ਆਉਂਦੀ ਸੰਗਰਾਂਦੇ ਪਿੱਪਲ ਹੇਠਲਾ ਥੜਾ ਲੂਣ-ਤੇਲ ,ਆਟੇ-ਦਾਣੇ,ਲੀੜੇ-ਕੱਪੜੇ ਦੇ ਚੜ੍ਹ-ਚੜ੍ਹਾਵੇ ਨਾਲ਼ ਤੂੜ ਹੋਇਆ ਡਿਗਣ-ਡਿਗਣ ਕਰਦਾ ਸੀ । ਉਸ ਦਿਨ ਲਾਏ ਲੰਗਰ ਚੋਂ ਜਿੰਨਾ ਰਾਸ਼ਨ ਬਚਿਆ ,ਉਸ ਨਾਲ ਚਰਨੀ ਦੀ ਕੁੱਲੀ ਪੂਰੀ ਤਰ੍ਹਾਂ ਤੁੰਨੀ ਗਈ ਸੀ ।

ਉਸ ਦਿਨ ਤੋਂ ਪਿਛੋਂ ਚਰਨੀ ਨੂੰ ਹਰ-ਰੋਜ਼ ਸਵੇਰੇ –ਸ਼ਾਮੀਂ ਗਜ਼ਾ ਕਰਨ ਦੀ ਲੋੜ ਨਹੀਂ ਸੀ ਰਹੀ ।ਜਿੰਨ-ਮ੍ਹਾਰਾਜ ਦੇ ਕਾਬੂ ਹੋ ਜਾਣ ਤੋਂ ਅਨੰਦਤ ਹੋਈਆਂ ਮਾਈਆਂ-ਬੀਬੀਆਂ ਘਰਾਂ ਦੇ ਕੰਮ-ਕਾਰ ਸਮੇਟ ਕੇ ਰੱਬ ਜੀ ਲਈ ਤਾਜ਼ਾ-ਫੁਲਕਾ ਬਣਾਉਣ ਲਈ ਪੁੱਜਣ ਲੱਗ ਪਈਆਂ । ਇਕ ਤੋਂ ਇਕ ਅੱਗੇ ਲੰਘ ਕੇ । ਕਈਆਂ ਨੂੰ ਲੰਗਰ –ਸੇਵਾ ਕਰਨ ਲਈ ਵਾਰੀ ਦੀ ਉਡੀਕ ਕਰਨੀ ਪੈਂਦੀ ।

ਚਰਨੀ ਦੀ ਕੁੱਲੀ ਦੁਆਲੇ ਵਧੇ ਰੌਣਕ –ਮੇਲੇ ਨੂੰ ਤਾੜਦਿਆਂ ਛੜੇ-ਛਾਂਟ ਬਖ਼ਸ਼ੀ-ਟੁੰਡੇ-ਘੋਨੇ ਨੇ ਵੀ ਆਪਣੇ ਰਾਹ ,ਆਪਣੇ ਤੌਰ-ਤਰੀਕੇ ਬਦਲ ਲਏ । ਆਪਣੀ ਆਪਣੀ ਜੂਹ ਪਾਰ  ਕਰਕੇ ਉਹ ਦੁਪਹਿਰ ਵੇਲੇ ਤੱਕ ਤਾਲ ਤੇ ਜ਼ਰੂਰ ਅੱਪੜ ਜਾਂਦੇ । ਚਰਨੀ ਨੂੰ ਟਿੱਚਰ-ਟਕੋਰ ਕਰਨ ਦੀ ਥਾਂ, ਆਉਂਦੇ ਹੀ ਉਸਦੀ ਸਿਫ਼ਤ-ਸਲਾਹ ਅੰਦਰ ਜੁਟ ਜਾਂਦੇ । ਨਾਲ ਨਾਲ਼ ਮੁੱਠੀ-ਚਾਪੀ,ਨਾਲ਼-ਨਾਲ਼ ਤਾਜ਼ੇ ਪੱਕੇ ਦਾਲ-ਫੁਲਕੇ ਦੇ ਚਿਟਕਾਰੇ । ਜਾਣ ਲਗਿਆਂ ਦਾ ਸਭ ਦਾ ਇਕੋ ਤਰ੍ਹਾਂ ਦਾ ਧੰਨਵਾਦੀ ਵਿਖਿਆਨ-ਰੰਗ-ਬਰੰਗੇ ਹੱਥਾਂ ਦੀਆਂ ਪੱਕੀਆਂ ਦਾ ਤਾਂ ਸੁਆਦ ਈ ਬਓਤ ਆ ਸੰਤੋ....ਜੀ ਕਰਦਾ ਬੱਕਰੀਆਂ ਛੱਡ-ਛੜਾ ਕੇ ਐਥੇ ਆ ਬੈਠੀਏ ਤੇਰੇ ਕੋਲ਼ ....।

ਤੇ ਸੱਚ ਮੁੱਚ ਉਹ ਤਿੰਨੋਂ ਥੋੜੇ ਕੁ ਚਿਰੀਂ ਚਰਨੀ-ਸੰਤ ਕੋਲ ਆ ਬੈਠੇ ਸਨ । ਪਹਿਲਾਂ ਬਖ਼ਸ਼ੀ ,ਫਿਰ ਟੁੰਡਾ ,ਫਿਰ ਘੋਨਾਂ  । ਉਸ ਵਰਗੇ ਖੁੱਲ੍ਹੇ –ਡੁੱਲ੍ਹੇ ਚੋਗੇ ਪਾ ਲਏ ਸਨ , ਆਉਂਦਿਆਂ ਨੇ ,ਸੰਤ ਦਿਸਣ ਲਈ । ਚਰਨੀ ਹੁਣ ਸੰਤ ਨਹੀਂ ਮਹੰਤ ਚਰਨ ਸਿੰਘ ਸੀ , ਉਹਨਾਂ ਤੋਂ ਵੱਡਾ , ਰੱਬ ਜਿੱਡਾ ।

ਨੇੜਲੇ ਪਿੰਡਾਂ ਤੋਂ ਉਗਰਾਹੀ ਕਰਕੇ ਉਹਨਾਂ ਕੁੱਲੀ ਤੋਂ ਹਟਵਾਂ ਇਕ ਕੋਠਾ ਖੜ੍ਹਾ ਕਰ ਲਿਆ , ਪੱਕਾ । ਅਗਲੇ ਸਾਲ ਬਰਾਂਡਾ । ਪਹਿਲਾਂ ਚੜ੍ਹਦੀ ਬਾਹੀ , ਫਿਰ ਚਾਰੋਂ ਵੰਨੀ । ਫਿਰ ਚੱਲ ਸੋ ਚੱਲ । ਆਏ ਸਾਲ ਕੋਈ ਨਾ ਕੋਈ ਰੱਦੋ-ਬਦਲ । ਚਰਨੀ ਦੀ  ਕੁੱਲੀ ਥੋੜ੍ਹੇ ਕੁ ਵਰ੍ਹਿਆਂ ਚ ਆਲੀਸ਼ਾਨ ਡੇਰੇ ਚ ਬਦਲ ਗਈ । ਤਖ਼ਤ-ਸਾਬ੍ਹ ਦੀ ਉਸਾਰੀ ਚ ਰੋਕ ਪਾਉਂਦਾ ਪਿੱਪਲ ਉਹਨਾਂ ਜੜ੍ਹੋਂ ਰੱਖ ਕੇ ਕੱਟ-ਵੱਢ ਛੱਡਿਆ ।

ਇਸ ਉੱਪਰ ਰਹਿੰਦੇ ਜਿੰਨ ਦਾ ਹੁਣ ਕਦੀ ਕਿਧਰੇ ਜ਼ਿਕਰ ਨਹੀਂ ਸੀ ਛਿੜਿਆ ।

ਜਿੰਨ ਦੀ ਥਾਂ ਹੁਣ ਰੱਬ ਜੀ ਦੀ ਚਰਚਾ ਦੂਰ ਦੂਰ ਤੱਕ ਹੋਣ ਲੱਗ ਪਈ ਸੀ । ਪੁਲਿਸ ਅਫ਼ਸਰ,ਕਾਜਕਾਰੀ ਅਫ਼ਸਰ,ਹਰ ਤਰ੍ਹਾਂ ਦੇ ਮੰਤਰੀ-ਸੰਤਰੀ ,ਉਸਦੀ ਸ਼ਰਨ ਆਉਂਦੇ , ਉਸ ਤੋਂ ਆਸ਼ੀਰਵਾਦ ਲੈਂਦੇ ਤੇ ਬਣਦਾ ਦਸਵੰਦ ਚਰਨ-ਭੇਂਟ ਕਰ ਜਾਂਦੇ ।ਕਈ ਘਰ ਉਸ ਤੋਂ ਵੀ ਵੱਧ ।

ਵਿਸ਼ਰਾਮ ਕਮਰੇ ਚ ਬੈਠੇ ਰੱਬ ਜੀ ਨੂੰ , ਚਰਨੀ ਤੋਂ ਸੰਤ ਚਰਨ ਸਿੰਘ ,ਮਹੰਤ ਚਰਨ ਸਿੰਘ , ਫਿਰ ਰੱਬ ਜੀ ਦੀ ਉਪਾਧੀ ਤੱਕ ਪੁੱਜਣ ਦਾ ਇਤਿਹਾਸ-ਮਿਥਿਹਾਸ ਚਾਨਣ ਦੀ ਲਿਸ਼ਕੋਰ ਵਾਂਗ ਉਸ ਅੱਗੋਂ ਲੰਘ ਗਿਆ। ਉਹ ਕੀ ਤੋਂ ਕੀ ਬਣ ਗਿਆ ਸੀ ,ਜੇਲ੍ਹ ਅੰਦਰ ਕੱਟੇ ਚੌਦਾਂ ਵਰ੍ਹਿਆਂ ਤੋਂ ਵੀ ਅੱਧੇ ਸਮੇਂ ਚ , ਆਪਣੇ ਖੱਤੇ ਚੋਂ ਹਿੱਸੇ ਆਏ ਤਾਲ ਕੰਢੇ ਬੈਠ ਕੇ ।

ਇਹਨਾਂ ਸਾਰੇ ਵਰ੍ਹਿਆਂ ਚ ਉਸਦੇ ਦੋਨਾਂ ਭਰਾਵਾਂ ਕਿਰਪਾ ਸੂੰਹ , ਆਸਾ ਸੂੰਹ ਵਿੱਚੋਂ ਕੋਈ ਵੀ ਉਸਦੇ ਡੇਰੇ ਨਹੀਂ ਸੀ ਆਇਆ । ਚਰਨੀ ਅਜੇ ਵੀ ਉਹਨਾਂ ਲਈ ਉਹੀ ਸੀ – ਕਾਤਲ,ਮਕਰਾ ,ਫ਼ਰੇਬੀ ,ਆਪਣੇ ਬਾਲ-ਬੱਚੇ ਨੂੰ ਤਬਾਹ ਕਰਨ ਵਾਲਾ ਕੰਮ-ਚੋਰ । ਉਹੋ ਜਿਹੇ ਉਸਦੇ ਚੇਲੇ ਚਾਟਕੇ-ਬਖ਼ਸ਼ੀ ,ਘੋਨੇ , ਟੁੰਡੇ ਵਰਗੇ । ਆਏ ਦਿਨ ਦੋਨਾਂ ਭਰਾਵਾਂ ਦੀ ਕਿਸੇ ਨਾ ਕਿਸੇ ਨਾਲ ਝੜਫ਼ ਹੋਈ ਰਹਿੰਦੀ । ਕਦੀ ਕਾਰ-ਸੇਵਕਾਂ ਨਾਲ, ਕਦੀ ਉੱਗੀ-ਪੱਕੀ ਫ਼ਸਲ ਮਿੱਧ-ਮਧੋਲ ਕੇ ਲੰਘਦੇ ਚਰਨੀ ਦੇ ਸ਼ਰਧਾਲੂਆਂ –ਉਪਾਸ਼ਕਾਂ ਨਾਲ਼ ।ਉਹਨਾਂ ਨੂੰ ਜਾਪਦਾ ,ਇਹ ਫ਼ਸਲ ਨਈਂ ਉਹ ਆਪ ਮਿੱਧ-ਮਧੋਲ ਹੋਏ ਹਨ , ਚਰਨੀ ਕਾਰਨ ।

ਰੱਬ ਜੀ ਲਈ ਵੀ ਉਹ ਅਜੇ ਤਕ ਉਵੇਂ ਦੇ ਸਨ – ਮਨਮਤੀਏ ਜਏ , ਟੋ-ਟਕੇ ਦੇ ਬੰਦੇ , ਸਾਰੇ ਜਹਾਨ ਦੀ ਭੁੱਖ-ਨੰਗ ।

ਬੰਤ ਸਿੰਘ ਦੀ ਪਿੰਡ ,ਕਿਰਪਾ ਸੂੰਹ ਦੇ ਘਰ ਚੱਲ ਕੇ ਜਾਣ ਦੀ ਤਜਵੀਜ਼ , ਥੋੜ੍ਹਾ ਕੁ ਚਿਰ ਗੁੰਮ-ਸੁੰਮ ਬੈਠੇ ਰਹੇ ਰੱਬ ਜੀ ਅੰਦਰੋਂ ਉੱਠੀ ਪਹਿਲੀ ਤੇਜ਼-ਤਰਾਰ ਰੌਂਅ ਨੇ ਇੱਕ –ਦਮ ਰੱਦ ਕਰ ਦਿੱਤੀ –ਕਿੱਥੇ ਉਹ ਕਿੱਥੇ ਮੈਂ .....ਲੱਖਾਂ ਦੇ ਡੇਰੇ ਦਾ ਮਾਲਕ.....ਹਜ਼ਾਰਾਂ ਦਿਲਾਂ ਤੇ ਰਾਜ਼ ਕਰਨ ਵਾਲਾ ਸੰਤ , ਰੱਬ ਜੀ .........।

ਪਰ ਝੱਟ ਇਹ ਰੌਂਅ ਉਸਦੇ ਦਿਲ-ਦਿਮਾਗ ਵੱਲੋਂ ਸਹਿਜ-ਤੋਰੇ ਆਈ ਲਹਿਰ ਨਾਲ਼ ਟਕਰਾ ਗਈ । ਇਹ ਲਹਿਰ ਜੰਗ ਬਹਾਦਰ ਵੱਲੋਂ ਹੋਈ ਨਾਂਹ-ਨੁੱਕਰ ਸਮੇਤ ਉਸਦੀ ਸਰੋਵਰ ਬਣਾਉਣ ਦੀ ਯੋਜਨਾ ਨੂੰ ਸੰਗਤਾਂ ਵੱਲੋਂ ਮਿਲੇ ਹੁੰਗਾਰੇ ਕਾਰਨ ਉੱਠੀ ਸੀ । ਸੰਗਤਾਂ ਤਾਂ ਢੇਰ ਸਾਰੀ ਮਾਇਆ ਭਵ-ਸਾਗਰ ਦੇ ਨਿਰਮਾਣ ਲਈ ਦਾਨ ਵੀ ਕਰ ਚੁੱਕੀਆਂ ਸਨ । ਇਸ ਦਾ ਨਿਰਮਾਣ ਕਿਰਪਾ ਸੂੰਹ ਤੋਂ ਖੇਤ ਲਏ ਬਿਨਾਂ ਹੋ ਨਹੀਂ ਸੀ ਸਕਦਾ । ਬੰਤ ਸਿੰਘ ਦੇ ਦੱਸਣ ਮੁਤਾਬਕ ਕਿਰਪਾ ਸੂੰਹ ਅੱਧ-ਪਚੱਧ ਮੰਨ ਵੀ ਚੁੱਕਾ ਸੀ ਖੇਤ ਵੇਚਣ ਨੂੰ । ਪਰ ,ਉਸਦੀ ਘਰ ਸੱਦਣ ਦੀ ਸ਼ਰਤ ........!

ਪਿੰਡ ,ਉਸਦੇ ਘਰ ਜਾਣ ਦੀ ਹਾਂ-ਨਾਂਹ ਬਾਰੇ ਨਿਰਣਾ ਕਰਦਾ ਰੱਬ ਜੀ ,ਗੱਦੇਦਾਰ ਤਕੀਏ ਦੀ ਢੋਅ ਲਾਈ ਕਦੀ ਚਿਰ ਐਧਰੋਂ-ਓਧਰ , ਓਧਰੋਂ-ਐਧਰ ਪਾਸੇ ਮਾਰਦਾ ਰਿਹਾ । ਕਦੀ ਨਾਂਹ ਰੌ ਭਾਰੂ ਹੋ ਜਾਂਦੀ , ਕਦੀ ਹਾਂ –ਲਹਿਰ । ਏਨੇ ਚਿਰ ਨੂੰ ਲਾਂਗਰੀ ਸੇਵਾਦਾਰ ਚਾਹਟੇ ਦਾ ਭਰਿਆ ਡੋਲੂ ਅੰਦਰ ਲੈ ਆਇਆ । ਨਾਲ਼ ਇਕ ਗਲਾਸ । ਇਸ ਵਾਰ ਉਸਨੂੰ ਵੱਡੇ –ਸੰਤਾਂ ਦੀ ਤਿੱਖੀ ਘੂਰੀ ਨਹੀਂ, ਕੜਕਵੇਂ ਬੋਲ ਸੁਣਨੇ ਪਏ – ਅੰਨ੍ਹਾ ਆ ਤੂੰ ,ਦੋ ਗਲਾਸ ਕਿਉਂ ਨਈਂ ਆਂਦੇ .........!

ਲਾਂਗਰੀ ਸੇਵਾਦਾਰ ਹੱਥੋਂ ਮੇਜ਼ ਤੇ ਰੱਖ ਹੁੰਦਾ ਡੋਲੂ ਮਸਾਂ ਡੁਲਣੋਂ ਬਚਿਆ । ਪਹਿਲੋਂ ਉਸ ਨਾਲ ਕਦੀ ਇਉਂ ਨਹੀਂ ਸੀ ਹੋਈ । ਉਹ ਤਾਂ ਹੁਣ ਤਕ ਇਕੋ ਹੀ ਗਲਾਸ ਲੈ ਕੇ ਆਉਂਦਾ ਰਿਹਾ ਸੀ , ਹੋਰ ਕਿਸੇ ਦੇ ਬੈਠਿਆ ਵੀ ।

ਵੱਡੇ ਸੰਤਾਂ ਦੀ ਤਲ਼ਖੀ ਨੂੰ ਭਾਂਪਦੇ ਬੰਤ ਸਿੰਘ ਨੇ ਝੱਟ ਆਖ ਦਿੱਤਾ – ਨਈਂ ਮ੍ਹਾਰਾਜ ਮੈਂ ਛਕ ਲਈ ਆ ਚਾਹ ,ਤੁਸੀਂ ਲਾਓ ਭੋਗ ......। ਭਾਵੇਂ ਉਸਨੇ ਚਾਹ ਤਾ ਕੀ ਅਜੇ ਤਕ ਪਾਣੀ ਦੀ ਛੋਟੀ ਗੜਵੀ ਵੀ ਨਹੀਂ ਸੀ ਪੀਤੀ, ਜਿਹੜੀ ਉਸ ਨੂੰ ਹਰ ਰੋਜ਼ ਸਵੇਰੇ ਉੱਠ ਕੇ ਪੀਣ ਦੀ ਆਦਤ ਸੀ ।

ਲਾਂਗਰੀ ਸੇਵਾਦਾਰ ਤੇ  ਆਈ ਖਿਝ ਕਾਰਨ ਰੱਬ ਜੀ ਦੀ ਬਿਰਤੀ ਕਿਰਪਾ ਸੂੰਹ ਦੇ ਘਰ ਜਾਣ ਦੇ ਮੁੱਦੇ ਤੋਂ ਉੱਖੜ ਗਈ ।ਕੜ੍ਹੀ ਵਰਗੇ ਸੰਘਣੇ ਚਾਹਟੇ ਦਾ ਤਾਪਮਾਨ ਜਾਚਦੇ ਨੇ ਉਸਨੇ ਬੰਤ ਸਿੰਘ ਨੂੰ ਆਖਿਆ – ਚੰਗਾ ਫੇਏ ,ਹੁਣ ਕਰੋ ਸੇਵਾ ......ਦੀਵਾਨ ਸਮਾਪਤੀ ਪਿੱਛੋਂ ਕਰਦੇ ਆ ਸਲਾਹ ......। ਪਰ ,ਉਸ ਤੋਂ ਆਪ ਤੋਂ ਸਵੇਰ ਵੇਲੇ ਦੇ ਦੀਵਾਨ ਦੇ ਸਮਾਪਤ ਹੋਣ ਦੀ ਉਡੀਕ ਨਾ ਹੋਈ । ਉਸਨੇ ਨਾ ਬੰਤ ਸਿੰਘ ਨੂੰ ਦੱਸਿਆ ਨਾ ਕਿਸੇ ਹੋਰ ਨੂੰ । ਉਸਨੂੰ ਆਪਣਾ ਹੱਠ-ਤਿਆਗ , ਆਪਣਾ ਫੈਸਲਾ ਇਤਿਹਾਸ-ਮਿਤਿਹਾਸ ਦੇ ਕਿਸੇ ਵੀ ਮਹਾਂ-ਬਲੀ ਨਾਲੋਂ ਉੱਤਮ ਜਾਪਿਆ । ਛਾਤੀ ਭਰਵਾਂ ਸਾਹ ਲੈਂਦਿਆਂ ਉਸਦੀ ਛਾਤੀ ਆਪ-ਮੁਹਾਰੇ ਉੱਪਰ ਵੱਲ ਨੂੰ ਚੁੱਕੀ ਗਈ । ਚਾਹਟਾ ਮੁੱਕਦਿਆਂ ਸਾਰ ਵਿਸ਼ਰਾਮ ਕਮਰੇ ਚੋਂ ਉੱਠ ਕੇ ਉਹ ਬਾਹਰ ਆ ਗਿਆ ।ਤਖ਼ਤ-ਸਾਬ੍ਹ ਅੰਦਰ ਹੋ ਰਹੇ ਆਸਾ ਦੀ ਵਾਰ ਦੇ ਕੀਰਤਨ ਦੀ ਆਵਾਜ਼ ਉਸਦੇ ਕੰਨਾਂ ਚ ਜਿਵੇਂ ਜ਼ੋਰ ਨਾਲ਼ ਚੁਭ ਗਈ ਹੋਵੇ । ਉਹ ਹਾਲ-ਕਮਰੇ ਅੰਦਰ ਗਿਆ ਹੀ ਨਹੀਂ । ਹਰ ਰੋਜ਼ ਵਾਂਗ ਰਾਗੀ ਸਿੰਘ ਦੇ ਬਰਾਬਰ ਬਣੇ ਥੜਾ ਸਾਬ੍ਹ ਤੇ ਬੈਠਾ ਹੀ ਨਹੀਂ । ਸਿੱਧਾ ਤਖਤ-ਸਾਬ੍ਹ ਦੀ ਪਿਛਵਾੜੀ ਜਾ ਖੜ੍ਹਾ ਹੋਇਆ ,ਤਲਾਅ ਕੰਢੇ । ਤੜਕਸਾਰ ਵਾਲੀ ਥਾਂ ਤੋਂ ਕਾਫੀ ਸਾਰਾ ਹਟਵਾਂ , ਉੱਤਰ ਵਾਲੇ ਪਾਸੇ । ਓਧਰ ਵੰਨੇ ਕੋਈ ਨਹੀਂ ਸੀ । ਸਿਰਫ਼ ਦੱਖਣੀ ਬਾਹੀ ਥੋੜ੍ਹੇ ਕੁ ਸ਼ਰਧਾਲੂ ਇਸ਼ਨਾਲ ਕਰ ਰਹੇ ਸਨ ,ਡੁੱਬਕੀਆਂ ਲਾ ਕੇ । ਸਵੇਰ ਵੇਲੇ ਤੋਂ ਜਾਗਿਆ ਤਲਾਅ ਦਾ ਪਾਣੀ ਅਜੇ ਤੱਕ ਵੀ ਅਸ਼ਾਂਤ ਸੀ ,ਹਿਲਦਾ-ਡੋਲਦਾ । ਇਵੇਂ ਦੀ ਹਲਚਲ ਵੱਡੇ ਤਲਾਅ ਵਿੱਚ ਨਈਂ ਹੋਏਗੀ ....., ਉਸਦੀ ਸੁਰਤੀ –ਬਿਰਤੀ ਉਸ ਵੱਲੋਂ ਕਿਆਸੇ ਵੱਡੇ ਸਰੋਵਰ ਵੱਲ ਹੋਰ ਖਿੱਚੀ ਗਈ ।

ਸਾਹਮਣੇ ਚੜ੍ਹ ਆਏ ਸੂਰਜ ਦੀਆਂ ਕਿਰਨਾਂ ਰੱਬ ਜੀ ਦੇ ਚਿਹਰੇ ਤੇ ਸਿੱਧੀਆਂ ਆ ਟਿਕੀਆਂ । ਲਾਲ ਲਾਲ ਚਿਹਰਾ ਹੋਰ ਵੀ ਸੁਰਖ਼ ਦਿੱਸਣ ਲੱਗਾ । ਇਹ ਧੁੰਦਲਕੇ ਵਿੱਚੋ ਦੀ ਲੰਘ ਕੇ ਆਈ ਧੁੱਪ ਕਾਰਨ ਵੀ ਸੁਰਖ ਹੋਇਆ ਸੀ ਤੇ ਉਸ ਦੇ ਅੰਦਰ ਦੇ ਸੇਕ ਕਾਰਨ ਵੀ । ਉਸ ਅੰਦਰਲਾ ਸੇਕ ਪੈਰੋ-ਪੈਰ ਵਧਦਾ ਹੀ ਆਇਆ ਸੀ , ਕੱਲ ਦੀ ਜੰਗ ਬਹਾਦਰ ਦੀ ਕਾਰਗੁਜ਼ਾਰੀ ਕਾਰਨ । ਰਾਤ ਸਾਰੀ ਉਸਨੂੰ ਛਿਣ ਭਰ ਵੀ ਕਿਧਰੇ ਟਿਕਾ ਨਹੀਂ ਸੀ ਆਇਆ । ਡਿਕੋ-ਡੌਲੇ ਖਾਂਦਾ ਰਿਹਾ ਸੀ ਕਦੀ ਏਧਰ ਕਦੀ ਓਧਰ ।

ਸਵੇਰ ਬੰਤ ਸਿੰਘ ਦੀ ਸਲਾਹ ਨੇ ਉਸਨੂੰ ਹੋਰ ਵੀ ਘੁੰਮਣ –ਘੇਰੀ ਚ ਫਸਦਾ ਕਰ ਦਿੱਤਾ ।

ਘੁੰਮਣ-ਘੇਰੀ ਚ ਫਸਿਆ ਉਹ ਮੁੜ ਛੋਟੇ ਤਲਾਅ ਕੰਢੇ ਆ ਖੜ੍ਹਾ ਹੋਇਆ ਸੀ , ਲੋਈ ਦੀ ਬੁੱਕਲ ਕੱਸ ਕੇ । ਕਿਰਪਾ ਸਿੰਘ ਦੇ ਖੇਤ ਨਾਲ਼ ਲੱਗਦੀ ਬੰਨੀ ਤੇ । ਖੜ੍ਹੇ-ਖੜ੍ਹੇ ਦੀ ਉਸਦੀ ਨਿਗਾਹ ਸਹਿ-ਸੁਭਾ ਕਿਰਪਾ ਸੂੰਹ ਦੇ ਖੇਤ ਵੱਲ ਨੂੰ ਘੁੰਮ ਗਈ । ਜੰਗਲਿਉਂ ਉੱਪਰ ਦੀ । ਜੰਗਲੇ ਉੱਪਰ ਲੱਗੀ ਕੰਡਿਆਲੀ ਤਾਰ ਪਾਰ ਕਰਕੇ । ਲੰਗਰ ਬਿਲਡਿੰਗ ਦੀ ਪਿਛਵਾੜੀ ਉਸਨੂੰ ਕੋਈ ਜਣਾ ਉਹਦੀ ਵੱਲ ਨੂੰ ਕੁੱਬਾ-ਕੁੱਬਾ ਤੁਰਿਆ ਆਉਂਦਾ ਦਿੱਸਿਆ । ਛੋਟੀ ਛੋਟੀ ਕਣਕ ਵਿੱਚੋਂ ਦੀ । ਕਦੀ ਉਸਦਾ ਇਕ ਹੱਥ ਧਰਤੀ ਨਾਲ ਛੋਹ ਜਾਂਦਾ ਕਦੀ ਦੂਜਾ , ਕੰਡ ਝੁਕਦੀ ਕਰਕੇ । ਉਸਦੇ ਹੋਰ ਲਾਗੇ ਆਉਣ ਤੇ ਰੱਬ ਜੀ ਨੂੰ ਉਸਦੇ ਹੱਥਾਂ ਵਿੱਚ ਕੁਝ ਲਿਫਾਫੇ , ਕੁਝ ਡੂਨੇ ,ਕੁਝ ਪੱਤਲਾਂ ,ਗੁੱਛਾਂ ਹੋਇਆ ਦਿਸੀਆਂ । ਇਹ ਲੰਗਰ ਵੈਨੀ ਦੀ ਉੱਚੀ ਕੰਧ ਉੱਤੋਂ ਦੀ ਕਿਸੇ ਨੇ ਇਧਰ ਸੁੱਟ ਦਿੱਤਿਆਂ ਸਨ । ਆਪਣੀ ਕਾਰ ਕਰਦਾ ਉਹ ਰੱਬ ਜੀ ਦੇ ਹੋਰ ਨੇੜੇ ਆ ਪੁੱਜਾ ।ਭੂਰੀ-ਉਲ਼ਝੀ ਦਾੜ੍ਹੀ ,ਖਾਖਾਂ ਚ ਡੂੰਘੇ ਟੋਏ ,ਅੰਦਰ ਧਸੀਆਂ ਅੱਖਾਂ ,ਜਿਵੇਂ ਕੋਈ ਚਿਰਾਂ ਤੋਂ ਬਿਮਾਰ ਰਿਹਾ ਹੋਵੇ ।ਇਕ-ਦਮ ਰੱਬ ਜੀ ਨੂੰ ਉਸਦੀ ਪਛਾਣ ਨਾ ਆਈ । ਉਸਦੇ ਹੋਰ ਨੇੜੇ ਆ ਜਾਣ ਤੇ ਰੱਬ ਜੀ ਨੇ ਉਸ ਵੱਲ ਫਿਰ ਧਿਆਨ ਨਾਲ ਦੇਖਿਆ । ਇਹ ਕਿਰਪਾ ਸੂੰਹ ਸੀ । ਪਲ ਦੀ ਪਲ ਤਾਂ ਉਸਨੁੰ ਆਪਣੀਆਂ ਅੱਖਾਂ ਤੇ ਯਕੀਨ ਜਿਹਾ ਨਾ ਆਇਆ । ਦੋ ਕਦਮ ਹੋ ਜੰਗਲੇ ਵੱਲ ਨੂੰ ਤੁਰ ਕੇ , ਰੱਬ ਜੀ ਹੁਣ ਬਿਲਕੁਲ ਉਸਦੇ ਸਾਹਮਣੇ ਸੀ । ਇਹ ਉਹੀ ਸੀ ,ਰੱਬ ਜੀ ਦਾ ਵੱਡਾ ਭਰਾ ਕਿਰਪਾ ਸੂੰਹ ! ਵੀਹ-ਬਾਈ ਵਰ੍ਹੇ ਪਹਿਲਾਂ ਦੇਖੇ ਕਿਰਪਾ ਸੂੰਹ ਵਿੱਚੋਂ ਸਭ ਕੁਝ ਗਾਇਬ ਦਿਸਿਆ ਰੱਬ ਜੀ ਨੂੰ । ਉਸਦਾ ਚੌੜਾ-ਚੱਪਟਾ ਚਿਹਰਾ , ਟੋਏ –ਟਿੱਬੇ ਹੋਇਆ ਪਿਆ ਸੀ ਤੇ ਭਰਵੇਂ-ਨਿੱਗਰ ਅੰਗ ਪੈਰ ਇਕ –ਦਮ ਖੜ-ਸੁੱਕ । ਅੱਧੋਰਾਣੀ ਖੇਸੀ ਦੀ ਬੁੱਕਲ ਮਾਰੀ ਡੋਲਦਾ ਤੁਰਿਆ ਉਹ ਉਸਨੁੰ ਹੋਰ ਵੀ ਨਿਤਾਣਾ ਲੱਗਾ ।

ਕੰਧ ਉੱਪਰ ਦੀ ਆਪਣੇ ਉੱਤੇ ਟਿਕੀ ਕਿਸੇ ਜਾਣੀ-ਪਛਾਣੀ ਨਿਗਾਹ ਨੇ ਕਿਰਪਾ ਸਿੰਘ ਦੇ ਪੈਰ ਅੱਗੇ ਤੁਰਨੋਂ ਰੋਕ ਲਏ  ।ਉਹਨਾਂ ਦੋਨਾਂ ਨੇ ਇਕ-ਦੂਜੇ ਵੱਲ ਘੋਖਵੀਆਂ ਨਜ਼ਰਾਂ ਨਾਲ ਦੇਖਿਆ । ਛੋਟੇ ਭਾਈ ਨੂੰ ਪਛਾਣਦਿਆਂ ਕਿਰਪਾ ਸਿੰਘ ਨੂੰ ਜ਼ੋਰਦਾਰ ਝੁਣਝੁਣੀ ਆਈ । ਉਸਦਾ ਸਾਰੇ ਦਾ ਸਾਰਾ ਵਜੂਦ ਇਕ-ਵਾਰਗੀ ਕੰਬ ਗਿਆ । ਹੱਥਾਂ ਚ ਡੂੰਨੇ ਪੱਤਲੇ ਕਿਰਪਾ ਨੇ ਵਗਾਹ ਕੰਧ ਚ ਦੇ ਮਾਰੇ । ਰੱਬ ਜੀ ਨੂੰ ਉਸ ਤੋਂ ਇਵੇਂ ਦੀ ਹਰਕਤ ਦੀ ਉਮੀਦ ਨਹੀਂ ਸੀ , ਉਸਨੂੰ ਆਸ-ਉਮੀਦ ਸੀ । ਜਿਸ ਸਹਿਜ-ਭਾਅ ਕਿਰਪਾ ਸੂੰਹ ਉਸਦੇ ਸਾਹਮਣੇ ਆ ਖੜਾ ਹੋਇਆ ਸੀ ,ਉਸੇ ਸਹਿਜ-ਭਾਅ ਉਹ ਉਸ ਨਾਲ ਗੱਲਬਾਤ ਵੀ ਕਰੇਗਾ । ਆਪਣਾ ਹਾਲ-ਹਵਾਲ ਦੱਸੇਗਾ , ਮੇਰਾ ਪੁੱਛੇਗਾ । ਚਲਦੀ ਗੱਲ ਚ ਸਰੋਵਰ –ਸਾਬ੍ਹ ਲਈ ਖੇਤ ਖ਼ਰੀਦਣ ਦੀ ਗੱਲ ਆਪਣੇ ਆਪ ਛਿੜ ਪਵੇਗੀ । ਉਸਦੀ ਤੰਗੀ-ਤੁਰਛੀ ਸਾਰੀ ਦੀ ਸਾਰੀ ਦੂਰ ਹੋ ਜਾਵੇਗੀ , ਅੱਵਲ ਪੁੱਟੀ ਜਾਏਗੀ ਜੜ੍ਹੋਂ ,ਮੂੰਹ-ਮੰਗੀ ਮਾਇਆ ਲੈ ਕੇ । ਪਰ ,ਇੰਝ ਹੋਇਆ ਨਹੀਂ । ਜੇ ਹੋਇਆ ਉਹ ਰੱਬ ਜੀ ਦੇ ਬਰਦਾਸ਼ਤ ਕਰਨ ਤੋਂ ਬਿਲਕੁਲ ਬਾਹਰ । ਝੱਟ ਉਸਦੇ ਦੋਵੇਂ ਹੱਥ ਪਸ਼ਮੀਨੇ ਦੀ ਸ਼ਾਲ ਚ ਬਾਹਰ ਆ ਗਏ । ਬਾਹਰ ਆ ਕੇ ਇਹ ਇਕ ਕੱਸਵੀਂ ਜਕੜ ਅੰਦਰ ਕੱਸੇ ਗਏ ।ਬਿਲਕੁਲ ਉਵੇਂ ਜਿਵੇ ਇਹ ਜੁਆਲਾ ਸਿੰਘ ਦੀ ਧੌਣ ਦੁਆਲੇ ਜਕੜੇ ਗਏ ਸਨ ।  ਬਾਈ ਸਾਲ ਪਹਿਲਾਂ । ਨਾਲ਼ ਹੀ ਜ਼ੋਰਦਾਰ ਘੁਰਕੀ ਆਪ-ਮੁਹਾਰੇ ਉਸਦੇ ਬੁੱਲ੍ਹਾਂ ਤੋਂ ਬਾਹਰ ਕਿਰ ਗਈ – ਦੱਸ ਕੀ ਰਾਦਾ , ਨਈਂ ਤਾਂ ....ਨਈਂ ਤਾਂ ...ਫੇਏ .......!

ਕਿਰਪਾ ਸਿੰਘ ਨੇ ਉਸਦੀ ਨਈਂ ਤਾਂ ਫੇਏ ......... ਸੁਣ ਵੀ ਲਈ । ਇਸ ਦਾ ਸਿੱਧਾ –ਸਪਾਟ ਅਰਥ ਸਮਝ ਵੀ ਲਿਆ , ਪਰ ਉਸਦਾ ਕੋਈ ਮੋੜਵਾਂ ਉੱਤਰ ਨਾ ਦਿੱਤਾ । ਅੱਗ-ਭਬੂਕਾ ਤਾਂ ਕੀ ਉਸਨੇ ਕੋਈ ਤਲਖੀ ਵੀ ਨਾ ਦਰਸਾਈ । ਜਿਵੇਂ ਦੀ ਉਸਦੀ ਆਦਤ ਸੀ । ਇਹ ਉਸਦੀ ਬੇ-ਬਸੀ ਸੀ ਜਾਂ ਕੁਝ ਹੋਰ ,ਬਸ ਇਕ ਖੰਗੂਰਾ ਜਿਹਾ ਹੀ ਮਾਰਿਆ ਗਿਆ ਉਸ ਤੋਂ । ਉਹ ਵੀ ਬੈਠਵਾਂ ਜਿਹਾ , ਲਮਕਮਾਂ ਜਿਹਾ । ਜਿੰਨੀ ਕੁ ਉਸਦੇ ਗਲੇ ਚ ਜਾਨ ਸੀ । ......ਫਿਰ ਝੱਟ ਇਹ ਖੰਗੂਰਾ ਰੋਸੇ –ਗੁੱਸੇ ਦੀ ਥਾਂ ਉਸਦੇ ਸਿੱਕੜੀ ਮਾਰੇ ਬੁੱਲਾਂ ਉੱਤੇ ਮੁਸਕਾਨ ਬਣ ਕੇ ਫੈਲ ਗਿਆ । ਕੌੜੀ –ਕੁਸੈਲੀ ਜਿਹੀ ਮੁਸਕਾਨ ! ਇਹ ਕੌੜੀ –ਕੁਸੈਲੀ ਜਿਹੀ ਮੁਸਕਾਨ ਰੱਬ ਜੀ ਨੂੰ ਜਿਵੇਂ ਚਿਤਾਰ ਰਹੀ ਹੋਵੇ । ਉਸਨੂੰ ਆਗਾਹ ਕਰ ਰਹੀ ਹੋਵੇ – ਲੋਕੀਂ ਤਾਂ ਐਮੇਂ ਝੂਠ ਈ ਮਾਰੀ ਜਾਂਦੇ ਆ ਕਿ ਤਾਲ ਤੇ ਹੁਣ ਕੋਈ ਜੜਾ-ਜਿੰਨ ਨਈਂ ਰਹਿੰਦਾ । ਪਿੱਪਲ ਦੇ ਵੱਢੇ ਜਾਣ ਤੇ ਏਹ ਕਿਧਰੇ ਹੋਦਰੇ ਚਲਾ-ਚੁਲਾ ਗਿਆ । ਏਹ...ਏਹ ਤਾਂ ਹਜੇ ਵੀ ਏਥੇ ਈ ਆ । ਨੋਹਾਂ –ਧੀਆਂ ਦੀ ਥਾਂ ਏਹ ਹੁਣ ਰੋਹੀਆਂ ਨੂੰ ਚਿੰਮੜਦਾ ,ਵਾਹੀ –ਯੋਗ ਖੇਤਾਂ ਨੂੰ ! ਕਿੱਲਾ ਭਰ ਥਾਂ ਨਿਗਲ ਕੇ ਵੀ ...!!

ਅੰਤਿਕਾ ਨਹੀਂ

ਹਲਕਾ ਹਲਕਾ ਮੁਸਕਰਾਉਂਦੇ ਕਿਰਪਾ ਸਿੰਘ ਨੇ ਹੁਣੇ ਹੁਣੇ ਜੰਗਲੇ ਦੀ ਕੰਧ ਚ ਮਾਰੇ ਡੂੰਨੇ –ਪਤਲੇ ਫਿਰ ਤੋਂ ਚੁੱਕ ਲਏ , ਪਾਰਲੇ ਬੰਨੇ  ਜਾਂ ਵੱਡੇ ਰਾਹ ਚ ਸੁੱਟਣ ਲਈ । ਇਕ ਵਾਰ ਝੁਕ ਕੇ ਸਿੱਧਾ ਹੋਏ ਦੀ ਉਸਦੀ ਨਿਗਾਹ ਸਾਹਮਣੇ ਖੜ੍ਹੇ ਰੱਬ ਜੀ ਨਾਲ ਫਿਰ ਜਾ ਟਕਰਾਈ । ਇਸ ਵਾਰ ਕਿਰਪਾ ਸਿੰਘ ਦੀ ਨਿਗਾਹ ਚ ਨਾ ਕੋਈ ਤਨਜ਼ ਸੀ , ਨਾ ਰੋਸਾ-ਗੁੱਸਾ । ਸਗੋਂ ਹਿਰਖ਼ ਸੀ ਇਕ ਤਰ੍ਹਾਂ ਦਾ , ਮਿਹਣੇ ਉਲ੍ਹਾਮੇਂ ਵਰਗਾ ।

ਝੱਜਾਂ ਪਿੰਡ ਦੇ ਜੁਆਲਾ ਸਿੰਘ ਲੰਬੜ ਦਾ ਵੱਡਾ ਮੁੰਡਾ ਕਿਰਪਾ ਸੂੰਹ ਆਪਣੇ ਛੋਟੇ ਭਰਾ ਚਰਨੀ ਨੂੰ ਜਿਵੇਂ ਆਖ ਰਿਹਾ ਸੀ –ਪਿਓ ਨੂੰ ਮਾਰ ਕੇ ਦੇਖ ਲਾ ਤੂੰ ਕਿੰਨੇ ਟੌਰ੍ਹ-ਟੱਪੇ ਚ ਰਹਿਨਾ , ਤੇ ਮੈਂ .........ਮੈਂ ਮੇਰਾ ਟੱਬਰ ,ਸਿਆੜਾਂ ਦੇ ਸਾਊ ਧੀਆਂ –ਪੁੱਤਰ ਦੇਖ ਲਾ ਕਿੱਦਾ ਹਾਰੇ ਪਏ ਆਂ , ਚੌੜ-ਚਪੱਟ ਡਿੱਗੇ ਪਏ ਆਂ, ਮਿੱਟੀ ਘੱਟੇ ਚ ।

ਦੂਜੇ ਬਨੇ ਚਰਨੀ ਉਰਫ਼ ਰੱਬ ਜੀ ਦੀ ਵੱਟ ਹੋਈ ਘੂਰੀ ਕਿਰਪਾ ਸੂੰਹ ਨੂੰ ਜਿਵੇਂ ਆਖ ਰਹੀ ਸੀ – ਤੂੰ .....ਤੂੰ ਸਾਂਭ ਲੈਂਦਾ ਤਾਲ ਆਲ ਖੱਤਾ ...ਤੂੰ ਮਾਰ ਲੈਂਦਾ ਪੇਏ ਨੂੰ , ਤੇਰੇ ਕੇੜ੍ਹਾ ਹੱਥ ਫੜਿਓ ਸੀ ਕਿਹੇ ਨੇ ...ਹੈਂਅ ...!??

------------------------------

ਪਹਿਲੀ ਤੋਂ ਅਗਲੀ ਝਾਕੀ(ਕਹਾਣੀ)

ਲਾਲ ਸਿੰਘ ਦਸੂਹਾ

.................ਆਪੇ ਤੋਂ ਬਾਹਰ ਹੋਈ ਵੱਡੀ ਕੁਰਸੀ ਨੂੰ ਆਪਣਾ ਸਿੰਘਾਸਣ ਹਿਲਦਾ ਜਾਪਦਾ ਹੈ । ਉਸ ਨੇ ਛੋਟੀਆਂ ਕੁਰਸੀਆਂ ਤੋਂ ਅਜਿਹੇ ਵਾਹਿਯਾਤ ਫ਼ਰਸ਼ ਨੂੰ ਤਹਿਸ–ਨਹਿਸ ਕਰ ਦੇਣ ਦਾ ਸਮਰਥਨ ਮੰਗਿਆ ਹੈ ।................................................

ਇਹ , ਗੁਸਤਾਖੀ ਨਹੀਂ ਸੱਚਾਈ ਹੈ , ਡਿਕਟੇਟਰ ਸਾਹਬ .........। ਫ਼ਰਸ਼ ਤੋਂ ਬਿਨਾਂ ਕੁਰਸੀਆਂ ਕਿੱਥੇ ਬੈਠਣਗੀਆਂ,ਕੰਧਾਂ ਕਿੱਥੇ ਖੜੀਆਂ ਹੋਣਗੀਆਂ ........,( ਇਸੇ ਕਹਾਣੀ ਵਿੱਚੋਂ )

------------------------------------------

ਪਰਦਾ ਉੱਠਿਆ ਹੈ । ਉੱਠਿਆ ਨਹੀਂ, ਸਰਕਿਆ ਹੈ । ਥੋੜਾ ਖੱਬੇ ਹੱਥ, ਬਹੁਤਾ ਸੱਜੇ ਹੱਥ । ਚਿੱਟੇ ਪੀਲੇ ਚਾਨਣ ਨਾਲ ਤੁੰਨਿਆ ਇਕ ਹਾਲ ਕਮਰਾ ਸਟੇਜ  ‘ਤੇ ਉਭਰਦਾ ਹੈ  । ਇਸ ਦੇ ਰੌਸ਼ਨਦਾਨਾਂ ,ਤਾਕੀਆਂ, ਅਲਮਾਰੀਆਂ, ਦਰਵਾਜ਼ਿਆਂ ਦੇ ਨਾਂ , ਭਗਤਾਂ ਦੇ ਦੇਸ਼-ਭਗਤਾਂ , ਯੋਧਿਆਂ-ਸੂਰਬੀਰਾਂ , ਇਤਿਹਾਸਾਂ-ਮਿਥਿਹਾਸਾਂ , ਧਰਮਾਂ-ਗ੍ਰੰਥਾਂ, ਰਾਜਿਆਂ-ਰਾਣਿਆਂ ਦੇ ਨਾਵਾਂ ਨਾਲ ਜੋੜ ਕੇ ਰੱਖੇ ਹੋਏ ਹਨ ।

ਹਾਲ ਕਮਰੇ ਦੇ ਉੱਚੇ ਥੜ੍ਹੇ ਤੇ ਬੈਠੀ ਵੱਡੀ ਕੁਰਸੀ ਕੁਝ ਬੋਲਣ ਲਈ ਆਪਣੀ ਢੋਅ ਤਣ ਲੈਂਦੀ ਹੈ ।

ਕਮਰੇ ਅੰਦਰ ਗੋਲ ਦਾਇਰੇ ਬਣਾਈ ਬੈਠੀਆਂ ਛੋਟੀਆਂ ਕੁਰਸੀਆਂ ਦੇ ਕੰਨ ਖੜੇ ਹੋ ਜਾਂਦੇ ਹਨ ।

ਯਾਦ ਹੈ ਨਾ ਕਿ ਤੁਹਾਡੀ ਹੋਂਦ ਮੇਰੇ ਕਾਰਨ ਹੈ ? ਵੱਡੀ ਆਖਦੀ ਹੈ ।

ਜੀ ........ਈ ਮਾਈ ਬਾਪ , ਹਾਂ ....ਹਾਂ ਮਾਈ ਬਾਪ ।

ਕਿਸੇ ਨੂੰ ਭੁਲੇਖਾ ਨਾ ਹੋਵੇ ਕਿ ਮੈਂ ਤੁਹਾਡੀ ਬਦੌਲਤ ਹਾਂ ।

ਕੰਧਾਂ ਦੀ ਇਸ ਸਬੰਧੀ ਕੀ ਰਾਏ ਹੈ ? ਵੱਡੀ ਕੁਰਸੀ ਨੇ ਚਾਰੇ ਪਾਸੇ ਅੱਖਾਂ ਘੁਮਾਈਆਂ ਹਨ ।

ਪਿਛਲੀ ਕੰਧ ਨੇ ਹੱਥਾਂ ਚ ਸਾਂਭੇ ਚੋਰ ਸਮੇਤ ਕੁਰਸੀ ਸਾਹਮਣੇ ਹੋ ਕੇ ਡੰਡੌਤ ਕੀਤੀ ਹੈ, ਬੋਲੀ ਕੁਝ ਨਹੀਂ । ਸਾਹਮਣੀ ਕੰਧ ਨੇ ਚਾਰ ਕਦਮ ਅੱਗੇ ਵੱਧ ਕੇ ਸਲੂਟ ਮਾਰਿਆ ਹੈ ,ਬੋਲੀ ਕੁਝ ਨਹੀਂ । ਸੱਜੇ –ਪਾਸੇ ਵਾਲੀਆਂ ਦੋਨੋਂ ਕੰਧਾਂ ਨੇ ਦੋ-ਦੋ ਕਦਮ ਖੱਬੇ-ਸੱਜੇ ਪੁਜ਼ੀਸ਼ਨਾਂ ਲੈ ਕੇ ਇਕੱਠਿਆਂ ਸਲੂਟ ਮਾਰਿਆ ਹੈ , ਬੋਲੀਆਂ ਉਹ ਵੀ ਕੁਝ ਨਹੀਂ ।

ਵੱਡੀ ਕੁਰਸੀ ਦੇ ਚਿਹਰੇ ਉਤੇ ਮਸ਼ਕਰੀ ਭਰੀ ਮੁਸਕਾਨ ਤਣ ਗਈ ਹੈ । .....ਹੌਲੇ ਜਿਹੇ ਪੈੱਨ ਵਾਲਾ ਹੱਥ ਕਾਪੀ ਤੋਂ ਉੱਪਰ ਉੱਠਾ , ਅਸ਼ੀਰਵਾਦ ਦੀ ਮੁਦਰਾ ਵਜੋਂ ਹਵਾ ਵਿੱਚ ਹਿਲਾਇਆ ਹੈ ।

ਕੰਧਾਂ ਨੇ ਸਲੂਟ ਲਈ ਚੁੱਕਿਆ ਇਕ-ਇਕ ਹੱਥ ਦੂਜੇ ਮੋਢੇ ਤੇ ਧਰੇ ਹਥਿਆਰਾਂ ਦੇ ਬੱਟ ਤੇ ਮਾਰ ਕੇ ਨੀਵਾਂ ਕੀਤਾ ਹੈ ਅਤੇ ਅਪਣੀ ਥਾਂ ਸਿਰ ਚਲੀਆਂ ਗਈਆਂ ਹਨ ।

ਦਰਵਾਜ਼ੇ-ਖਿੜਕੀਆਂ ਦਾ ਕੀ ਵਿਚਾਰ ਹੈ ? ਵੱਡੀ ਕੁਰਸੀ ਦੇ ਚਿਹਰੇ ਤੇ ਫਿਰ ਗੰਭੀਰਤਾ ਦੀ ਛਾਂ ਹੋ ਗਈ ।ਦਰਵਾਜ਼ੇ-ਖਿੜਕੀਆਂ ਨੂੰ ਜਿਵੇਂ ਕੁਝ ਵੀ ਨਾ ਸੁਣਿਆ ਹੋਵੇ ।

ਵੱਡੀ ਕੁਰਸੀ ਦੇ ਬੋਲ ਫਿਰ ਕੜਕੇ ਹਨ ।

ਹਵਾ ਦਾ ਇਕ ਠੰਡਾ-ਠਾਰ ਫ਼ਰਾਟਾ ਹਾਲ ਕਮਰੇ ਅੰਦਰ ਲੰਘ ਆਉਂਦਾ ਹੈ , ਪਰ ਹਰ ਦਰਵਾਜ਼ਾ ਬਾਹਰ ਵਲ ਮੂੰਹ ਕੀਤੀ ਆਪਣੀ ਆਪਣੀ ਥਾਂ ਖੜਾ ਰਹਿੰਦਾ ਹੈ ।

 ਵੱਡੀ ਕੁਰਸੀ ਦਾ ਧਿਆਨ ਛੱਤ ਵਲ ਜਾਂਦਾ ਹੈ ।

ਛੱਤ, ਹੱਸ ਛੱਡਦੀ ਹੈ ।

ਵੱਡੀ ਕੁਰਸੀ ਦੇ ਚਿਹਰੇ ਤੇ ਤਿਊੜੀਆਂ ਉਭਰ ਆਉਂਦੀਆਂ ਹਨ ਅਤੇ ਉਹ ਫ਼ਰਸ਼ ਵਲ ਦੇਖਣ ਲੱਗਦੀ ਹੈ ।

ਕੁਰਸੀਆਂ ਦੇ ਪੈਰਾਂ ਨੂੰ ਲੱਗੀਆਂ ਖੁਰੀਆਂ ਦੀ ਚੌਭ ਕਾਰਨ ਸੁੱਤੇ ਹੋਏ ਫ਼ਰਸ਼ ਨੇ ਅੱਖਾਂ ਪੁਟੀਆਂ ਹਨ- ਪਾਸਾ ਪਰਤਿਆ ਹੈ । ਆਕੜ ਭੰਨ ਕੇ ਉਹਨੇ ਆਲਸ ਤੋੜੀ ਹੈ ਅਤੇ ਖਿਲਰੀ ਜੁੱਲੀ ਦੀ ਬੁੱਕਲ ਮਾਰ ਕੇ ਬੈਠ ਜਾਂਦਾ ਹੈ । ਨੀਦੋਂ –ਜਾਗੇ ਫ਼ਰਸ਼ ਦੀਆਂ ਅੱਖਾਂ ਅੰਦਰ ਲਾਲ-ਲਾਲ ਡੋਰੇ ਦੇਖ ਕੇ ਵੱਡੀ ਕੁਰਸੀ ਅਵਾ-ਤਵਾ ਬੋਲਦੀ , ਚੌਹਾਂ ਲੱਤਾਂ ਭਾਰ ਉੱਠ ਕੇ ਖੜੀ ਹੋ ਜਾਂਦੀ ਹੈ ।

ਚੀਥੜੇ ਜਿਹੀ ਜੁੱਲੀ ਦੀ ਢੋਅ ਲਾਈ ਬੈਠਾ , ਕਾਲ-ਹਲੂਣਾ ,ਚਿੱਥ-ਖੜਿਬਾ ਫ਼ਰਸ਼,ਸਿਓ ਰੰਗੀ ਕੁਰਸੀ ਦੇ ਗੋਲ-ਮਟੋਲ ਚਿਹਰੇ ਤੇ ਬੀੜੀਆਂ ਬਿੱਲੀਆਂ ਅੱਖਾਂ ਵਿਚੋਂ ਚੌ ਕੇ ਸ਼ਰਬਤੀ ਰੰਗ ਨੂੰ ਦੇਖਦਾ ਰਹਿੰਦਾ ਹੈ ........ਦੇਖਦਾ ਰਹਿੰਦਾ ਹੈ ।

ਬੇ-ਆਰਾਮ ਹੋਈ ਕੁਰਸੀ ਤਲਮਲਾ ਜਾਂਦੀ ਹੈ ਤੇ ਅਕਾਰਨ ਹੀ ਪਾਸੇ ਮਾਰਨ ਲੱਗਦੀ ਹੈ ।

ਫ਼ਰਸ਼ ਦੀ ਤਾੜਵੀਂ ਨਿਗਾਹ ਕੁਰਸੀ ਦੇ ਚਿਹਰੇ ਤੇ ਉਵੇਂ ਦੀ ਉਵੇਂ ਹੀ ਟਿਕੀ ਰਹਿੰਦੀ ਹੈ ........ਟਿਕੀ ਰਹਿੰਦੀ ਹੈ ।

ਇਹ ਕੀ ਬਕਵਾਸ ਹੈ ? ਆਖਿਰ ਕੁਰਸੀ ਤੋਂ ਰਿਹਾ ਨਹੀਂ ਜਾਂਦਾ ।

ਫ਼ਰਸ਼ ਤੇ ਕੋਈ ਅਸਰ ਨਹੀਂ ਹੁੰਦਾ ।

ਆਪੇ ਤੋਂ ਬਾਹਰ ਹੋਈ ਵੱਡੀ ਕੁਰਸੀ ਨੂੰ ਆਪਣਾ ਸਿੰਘਾਸਣ ਹਿਲਦਾ ਜਾਪਦਾ ਹੈ । ਉਸ ਨੇ ਛੋਟੀਆਂ ਕੁਰਸੀਆਂ ਤੋਂ ਅਜਿਹੇ ਵਾਹਿਯਾਤ ਫ਼ਰਸ਼ ਨੂੰ ਤਹਿਸ –ਨਹਿਸ ਕਰ ਦੇਣ ਦਾ ਸਮਰਥਨ ਮੰਗਿਆ ਹੈ ।

ਛੋਟੀਆਂ ਕੁਰਸੀਆਂ ਨੇ ਦੋਨੋਂ-ਦੋਨੋਂ ਬਾਹਾਂ ਖੜ੍ਹੀਆਂ ਕਰ ਕੇ ਪਰਸਤਾਵ ਪਾਸ ਕਰ ਦਿੱਤਾ ਹੈ , ਪਰ ........ਪਰ ਪੰਜ-ਚਾਰ ਕੁਰਸੀਆਂ ਬਾਹਾਂ ਖੜੀਆਂ ਕਰਨ ਦੀ ਥਾਂ ਆਪ ਖੜੀਆਂ ਹੋ ਗਈਆਂ ਹਨ ।

ਵੱਡੀ ਕੁਰਸੀ ਦਾ ਨਜ਼ਲਾ ਫ਼ਰਸ਼ ਤੋਂ ਹਟ ਕੇ ਖੜੀਆਂ ਕੁਰਸੀਆਂ ਤੇ ਡਿੱਗਦਾ ਹੈ ।

ਇੰਝ ਸਾਹਮਣੇ ਹੋਣਾ ਹੁਕਮ-ਅਦੂਲੀ ਹੈ ।

ਨਹੀਂ ..........ਮਾਈ-ਬਾਪ , ਸਾਡੀ ਰਾਏ.........।

ਰਾਏ-ਵਾਏ ਕੁਛ ਨਹੀਂ, ਪਰਸਤਾਵ ਪਾਸ ਹੋ ਚੁੱਕਾ ਹੈ ।

ਸਾਡੀ ਗੱਲ ਤਾਂ ਸੁਣ ਲਈ ਜਾਏ , ਖੜੀਆਂ-ਕੁਰਸੀਆਂ ਇਕੱਠੀਆਂ ਬੌਲੀਆਂ ਹਨ ।

ਮੇਰੇ ਕੰਨ ਗੁਸਤਾਖ ਗੱਲਾਂ ਸੁਣਨ ਦੇ ਆਦੀ ਨਹੀਂ ।

ਇਹ , ਗੁਸਤਾਖੀ ਨਹੀਂ ਸੱਚਾਈ ਹੈ , ਡਿਕਟੇਟਰ ਸਾਹਬ .........। ਫ਼ਰਸ਼ ਤੋਂ ਬਿਨਾਂ ਕੁਰਸੀਆਂ ਕਿੱਥੇ ਬੈਠਣਗੀਆਂ,ਕੰਧਾਂ ਕਿੱਥੇ ਖੜੀਆਂ ਹੋਣਗੀਆਂ ........,

ਸ਼ਬਦ ਡਿਕਟੇਟਰ ਸੁਣ ਕੇ ਵੱਡੀ ਕੁਰਸੀ ਨੂੰ ਜਿਵੇਂ ਅੱਗ ਈ ਲੱਗ ਗਈ ਹੋਵੇ । ਖੜੀਆਂ ਕੁਰਸੀਆਂ ਦੀ ਗੱਲ ਦਾ ਬਾਕੀ ਹਿੱਸਾ , ਵੱਡੀ ਕੁਰਸੀ ਦੇ ਕੰਨਾਂ ਤਕ ਪਹੁੰਚਣ ਤੋਂ ਪਹਿਲਾਂ ਹੀ , ਉਸ ਦੇ ਮੂੰਹ ਚੋਂ ਉੱਗਲ ਹੁੰਦੀ ਅੱਗ ਵਿੱਚ ਭਸਮ ਹੋ ਗਿਆ ਹੈ ।

ਅੱਗ ਭਬੂਕਾ ਹੋਈ ਵੱਡੀ ਕੁਰਸੀ ਨੇ ਖੜੀਆਂ ਕੁਰਸੀਆਂ ਨੂੰ ਢਹਿ-ਢੇਰੀ ਕਰਨ ਦਾ ਹੁਕਮ ਚਾੜ੍ਹ ਦਿੱਤਾ ।

ਪਿਛਲੀ ਅਤੇ ਸਾਹਮਣਲੀ ਕੰਧ ਨੇ ਲਾਠੀਆਂ ਮਾਰ-ਮਾਰ ਖੜੀਆਂ ਕੁਰਸੀਆਂ ਨੂੰ ਫ਼ਰਸ਼ ਤੇ ਵਿਛਾ ਦਿੱਤਾ ਹੈ ।

ਵੱਡੀ ਕੁਰਸੀ ਨੇ ਫ਼ਸਾਦ ਦੀ ਜੜ੍ਹ ਫ਼ਰਸ਼ ਨੂੰ ਬੰਦੇ ਦਾ ਪੁੱਤ ਬਣਾਉਣ ਦਾ ਹੁਕਮ ਦਿੱਤਾ ਹੈ ।

ਪਿਛਲੀ ਅਤੇ ਸਾਹਮਣਲੀ ਕੰਧ ਨੇ ਲਾਠੀਆਂ ਦੀ ਥਾਂ ਅਥਰੂ-ਗੈਸ,ਪਸਤੌਲਾਂ,ਰਾਈਫ਼ਲਾਂ,ਕਾਰਬਾਈਨਾਂ ,ਸਟੇਨ ਗੱਨਾਂ , ਬਰੈਨਗੱਲਾਂ ਦੀ ਵਰਤੋਂ ਕੀਤੀ ਹੈ ।

ਜ਼ਖਮੀ ਹੋਏ  ਫ਼ਰਸ਼ ਦੀਆਂ ਅੱਖਾਂ ਵਿਚਲੇ ਲਾਲ ਡੋਰੇ ਹੋਰ ਸੰਘਣੇ ਹੋ ਗਏ ਹਨ ਅਤੇ ਸਮਾਧੀ ਹੋਰ ਸਥਿਰ ।

ਵੱਡੀ ਕੁਰਸੀ ਨੇ , ਫ਼ਰਸ਼ ਦੀਆਂ ਹਾਲੀਂ ਤੱਕ ਦੇਖੀ ਜਾਣ ਦੀ ਸਮਰੱਥਾ ਰੱਖਣ ਯੋਗ ਅੱਖਾਂ ਅੰਦਰ ਬਾਰੂਦ ਦਾ ਹੋਰ ਧੂੰਆਂ ਭਰਨ ਲਈ , ਤਿਆਰ-ਬਰ-ਤਿਆਰ ਖੜੀਆਂ ਦੂਜੀਆਂ ਕੰਧਾਂ ਨੂੰ ਵੀ ਇਸ਼ਾਰਾ ਕੀਤਾ ਹੈ ।

ਅੱਧੇ ਛਿੰਨ ਅੰਦਰ ਦੋਨੋਂ ਕੰਧਾਂ ਨੇ ਫਾਇਰ-ਦੀ-ਪੁਜ਼ੀਸਨ ਲਈ ਆਪਣਾ ਇਕ-ਇਕ ਗੋਡਾ ਟੇਕਿਆ ਹੀ ਹੈ ਕਿ.........ਕਿ.........ਕਿ ਉਹਨਾਂ ਆਸਰੇ ਖੜੀ ਛੱਤ ਵੀ ਖਿਸਕਣ ਲੱਗਦੀ ਹੈ ,ਡੋਲ ਜਾਂਦੀ ਹੈ ।

ਭੈ-ਭੀਤ ਹੋਈ ਵੱਡੀ ਕੁਰਸੀ ,ਡਿਗਣ ਲੱਗੀ ਛੱਤ ਵਿੱਚੋਂ ਆਪਣਾ ਆਪ ਬਚਾਉਣ ਲਈ ਦਰਵਾਜ਼ੇ ਵਲ ਦੌੜਦੀ ਹੈ .....ਤੇ ਰਵਾਂ-ਰਵੀਂ ਬਾਹਰ ਨਿਕਲ ਜਾਂਦੀ ਹੈ ।

ਹਾਲ ਕਮਰੇ ਅੰਦਰ ਬੈਠੀਆਂ ਛੋਟੀਆਂ ਕੁਰਸੀਆਂ ਫਿਕਰਮੰਦ ਹੋ ਗਈਆਂ ਹਨ ਅਤੇ ਐਕਸ਼ਨ ਰੋਕ ਕੇ ਆਪਣੀ ਆਪਣੀ ਥਾਂ ਸਿਰ ਜਾ ਖੜੀਆਂ ਕੰਧਾਂ-ਪਰੇਸ਼ਾਨ ।

ਬਾਹਰ ਵਲ ਮੂੰਹ ਕੀਤੀ ਖੜਾ ਦਰਵਾਜ਼ਾ ,ਅਡੋਲ ਖੜਾ ਹੈ ।

ਹਵਾ ਦਾ ਇਕ ਠੰਡਾ-ਠਾਰ ਫਰਾਟਾ ਅੰਦਰ ਲੰਘ ਆਉਂਦਾ ਹੈ । ਅਤੇ ....ਅਤੇ ਲਹੂ-ਲੁਹਾਨ ਹੋਇਆ ਫ਼ਰਸ਼ ਜ਼ਖਮਾਂ ਚੋਂ ਰਿਸਦੀ ਪੀੜ ਨੂੰ ਭੁੱਲ ਕੇ ਵੀ , ਹੱਸਣ ਦਾ ਯਤਨ ਕਰਦਾ ਹੈ .........ਹੱਸਣ ਵਿੱਚ ਸਫ਼ਲ ਹੁੰਦਾ ਹੈ ........ਹੱਸਦਾ ਰਹਿੰਦਾ ਹੈ .......ਅਤੇ ਹੱਸਦਾ ..........ਹੀ..........ਰਹਿੰਦਾ ........ਹੈ ।..........

ਪਰਦਾ ।

----------------------------------

ਪੈਰਾਂ ਭਾਰ- ਹੱਥਾਂ ਭਾਰ (ਕਹਾਣੀ)

ਲਾਲ ਸਿੰਘ ਦਸੂਹਾ

------------------------

ਮੁੰਡਾ –       ਮੇਰੀ ਬੀਬੀ ਮੈਨੂੰ ਬਹੁਤ ਕੁਟਦੀ ਆ ,ਕਹਿੰਦੀ ਆ , ਤੂੰ ਰੋਟੀ ਨਈਂ ਖਾਨਾਂ ਰੱਜ ਕੇ ।

ਸੰਤੂ  –      ਤੂੰ ਰੋਜ਼ ਰੋਟੀ ਖਾਨਾ........??????

ਮੁੰਡਾ –       ਆਹੋ ........ਤੂੰ ਨਈਂ ਖਾਨਾਂ .........??????

ਸੰਤੂ –       ਨਈਂ...ਭਾਪਾ ਕਹਿੰਦਾ ਅਸੀਂ ਗਰੀਬ ਆ , ਰਾਤ ਨੂੰ ਈ........!!! , ਗੱਲ ਪੂਰੀ ਕਰਨ ਤੋਂ ਪਹਿਲਾਂ ਈ ਸੰਤੂ ਨੂੰ ਸਬਜ਼ੀ ਮੰਡੀਓ ਗਲੀਆਂ-ਸੜੀਆਂ ਫਲ-ਸਬਜ਼ੀਆਂ ਚੁਕ ਕੇ ਖਾਣ ਦਾ ਸਵੇਰ ਵੇਲਾ ਖੁੰਝਦਾ ਜਾਪਿਆ । ..........................( ਇਸੇ ਕਹਾਣੀ ਵਿਚੋਂ ਹੀ )

----------------

ਲੱਕੜ ਦੀ ਖੱਬੀ ਲੱਤ ਕਲੱਚ-ਪੈਡਲ ਤੇ ਰੱਖ ਕੇ , ਸੰਤੂ ਨੇ ਟਰਾਲੀ ਖੇਤ ਦੀ ਚੜ੍ਹਦੀ ਬਾਹੀ ਲਿਆ ਖੜੀ ਕੀਤੀ । ਡੁੱਬਦੇ ਸੂਰਜ ਦੀਆਂ ਤਿਰਛੀਆਂ ਕਿਰਨਾਂ ਉਹਦੇ ਮੁੜ੍ਹਕੇ-ਭਿੱਜੇ ਮੱਥੇ ਤੋਂ ਤਿਲਕ ਕੇ ਉਸ ਦੀਆਂ ਅੱਖਾਂ ਅੰਦਰ ਤਰਨ ਲੱਗ ਪਈਆਂ ।

ਘੱਟੇ ਮਿੱਟੀ ਨਾਲ ਲਿਬੜੇ ਭਰਵੱਟਿਆਂ ਉੱਤੇ ਸੱਜੇ ਹੱਥ ਦੀ ਛਾਂ ਕਰ ਕੇ ਸੰਤੇ ਨੇ ਸਾਹਮਣੇ ਦਸਾਂ ਖੇਤਾਂ ਦੇ ਟੱਕ ਅੰਦਰ, ਕੁਰਬਲ-ਕਰਬਲ ਕਰਦੇ ਆਪਣੇ ਵਿਹੜੇ ਦੇ ਸਾਰੇ ਜੀਆਂ ਤੇ ਨਜ਼ਰ ਮਾਰੀ । ਆਲੂਆਂ ਦੇ ਬੀਅ ਦੀਆਂ ਸਿੱਧੀਆਂ ਪਾਲਾਂ ਦੀ ਤਰ੍ਹਾਂ ਨਾਮ੍ਹੇ ਪੰਚ ਦੇ ਘਰ ਦੀਆਂ ਬੁੱਢੀਆਂ ਤੋਂ ਲੈ ਕੇ ਕਾਣੇ ਬਿੱਲੂ ਦੀਆਂ ਬਲੂਰ ਕੰਜਕਾਂ ਤੱਕ ਉਸ ਨੂੰ ਸੋਡੀਆਂ ਦੇ ਫਾਰਮਾਂ ਦੀਆਂ ਫ਼ਸਲਾਂ ਜਾਪੀਆਂ । ਫ਼ਸਲਾਂ , ਜਿਹੜੀਆਂ ਹਰ ਵਰ੍ਹੇ ਮੀਰਦੈਹੇ ਬੀਜ ਹੁੰਦੀਆਂ ਸਨ , ਟਾਹਲੀਆਲੇ ਨਿਸਰਦੀਆਂ ਸਨ ਜਾਂ ਤਾਲਆਲੇ ਖੇਤੀ ਵੱਢ ਹੁੰਦੀਆਂ ਸਨ । ਟਰੈਕਟਰ ਉਸ ਨੇ ਬੰਦ ਕਰ ਦਿੱਤਾ । ਸੀਟ ਦੇ ਪਿਛਵਾੜੇ ਟੰਗੀ ਆਪਣੀ ਠੁਮਣੀ ਸਾਂਭੀ ਤੇ ਸਹਿਜ ਨਾਲ ਹੇਠਾਂ ਉਤਰ ਆਇਆ ।

ਖੇਤ ਦੇ ਬੰਨੇ ਖਲੋ ਕੇ ਉਸ ਨੇ ਜੋਗੇ ਤੋਂ ਇਸ਼ਾਰੇ ਨਾਲ ਪੁਛਿਆ – ਕਿੰਨਾ ਕੁ ਕੰਮ ਰਹਿੰਦਾ ....?

ਪਿਸ਼ੌਰੀ ਘੋੜੀ ਦੀ ਏਵੀਆਂ ਚਾਲੇ ਤੁਰੇ ਮਿੱਟੀ ਚਾੜ੍ਹਦੇ ਮੈਸੀ ਉਤੋਂ ਈ ਜੋਗੇ ਨੇ ਇਸ਼ਾਰੇ ਨਾਲ ਆਖ ਸਮਝਾਇਆ;- ਹਾਲੀ ਬਹੁਤ ਐ.....।

ਸਵੇਰੇ ਤੜਕ ਸਾਰ ਉੱਠ ਕੇ ਚੌਂਹ-ਪੰਜਾਂ ਪਿੰਡਾਂ ਦੀਆਂ ਲਾਵੀਆਂ ਤਿੰਨਾ ਫਾਰਮਾਂ ਨੁੰ ਢੋਹੰਦੇ ਤੇ ਸਟੋਰ ਵਿਚੋਂ ਆਲੂਆਂ ਦੇ ਬੀਅ ਦੀਆਂ ਟਰਾਲੀਆਂ ਲਿਆਉਂਦੇ , ਸੀਟ ਉੱਤੇ ਬੈਠੇ ਸੰਤੇ ਦੇ ਅੰਗ-ਪੈਰ ਜਿਵੇ ਜੁੜ ਈ ਗਏ ਹੋਣ । ਘੜੀ ਪਰ ਲੱਕ ਸਿੱਧਾ ਕਰਨ ਲਈ ਉਸ ਨੇ ਸਿਰ ਤੇ ਲਪੇਟੇ ਪਰਨੇ ਦਾ ਮੜਾਸਾ ਖੋਲ੍ਹ ਕੇ ਝਾੜਿਆ ਅਤੇ ਕਪਾਹ ਵਾਲੇ ਖੇਤ ਦੇ ਖੱਬਲ ਘਾਹ ਤੇ ਵਿਛਾ ਲਿਆ  । ਬੰਨੇ ਦੀ ਢੋਅ ਤੇ ਸਿਰ ਰੱਖ ਕੇ ਪੈਂਦਿਆ ਸਾਰ ਈ ਉਸ ਨੂੰ ਊਂਘ ਆ ਗਈ ।

ਸੁੱਤ-ਉਨੀਦਰੇ ਅੰਦਰ ਉਸ ਨੂੰ ਲੱਗਾ ਕਿ ਉਸ ਦੁਆਲੇ ਨਿੱਕੇ-ਨਿਆਣਿਆਂ ਦਾ ਝੁਰਮਟ ਲੱਗ ਗਿਆ ਹੈ । ਨੀਂਦ ਦੇ ਭਾਰ ਨੂੰ ਪਲਕਾਂ ਤੋਂ ਪਰਾਂ ਛੰਡਦਿਆਂ ਉਸ ਨੇ ਦੇਖਿਆ ਕਿ ਉਸ ਦੀ ਟਰਾਲੀ ਵਿਚ ਲਾਵੀਆਂ ਦੇ ਦੁੱਧ-ਚੰਘਦੇ ਬਾਲਾਂ ਨੂੰ ਸਾਂਭ ਕੇ ਪੰਜ-ਸੱਤ ਬਿਰਧ-ਬੱਢੀਆਂ ਬੜ੍ਹ ਬੈਠੀਆਂ ਹਨ । ਉਸ ਨੇ ਪਾਸਾ ਪਰਤਿਆ ਘੜੀ-ਪਲ ਹੋਰ ਰਮਾਨ ਕਰਨ ਲਈ ਅੱਖਾਂ ਮੀਟ ਲਈਆਂ ।

...........ਪਲ ਕੁ ਪਿੱਛੋਂ ਉਸ ਨੂੰ ਪਰਤੀਤ ਹੋਇਆ ਕਿ ਨਿੱਕੇ-ਨਿੱਕੇ ਨੰਗ-ਧੜੰਗੇ ਬਾਲਾਂ ਦੀ ਭੀੜ ਫਿਰ ਉਸ ਦੁਆਲੇ ਇਕੱਠੀ  ਹੋ ਗਈ ਹੈ। ਬਿਲਕੁਲ ਉਸੇ ਤਰ੍ਹਾਂ , ਜਿਵੇਂ ਚੰਨੀ ਦੇ ਢਾਬੇ ਅੰਦਰ ਭਾਂਡੇ ਧੋਂਦਿਆਂ ,ਦੋ ਗਲਾਸ ਇਕੱਠੇ ਟੁੱਟ ਜਾਣ ਤੇ ਉਹਨੂੰ ਪੈਂਦੀ ਮਾਰ ਦੇਖਣਾ , ਆਲੇ –ਦੁਆਲੇ ਦੇ ਢਾਬਿਆਂ ਦੇ ਮੁੰਡੂਆਂ ਦੀ ਭੀੜ ਲੱਗ ਗਈ ਸੀ । ਬਿਲਕੁਲ ਉਸੇ ਤਰ੍ਹਾਂ ,ਜਿਵੇਂ ਮੂੰਹ ਤੇ ਵੱਜੇ ਹੂਰੇ ਮੁੱਕਿਆਂ ਨਾਲ ਟੁੱਟੇ ਦੰਦ ਲੈ ਕੇ ਉਹਨੂੰ ਘਰ ਮੁੜਦੇ ਪਿਓ ਦੀਆਂ ਵਰ੍ਹਦੀਆਂ ਸੋਟੀਆਂ ਦੇਖਣ ਲਈ ਗਲੀ-ਗੁਆਂਡ ਦੇ ਬਾਲਾਂ ਦੀ ਭੀੜ ਲੱਗ ਗਈ ਸੀ ।

ਅਗਲੇ ਦਿਨ ਘਰੋਂ ਭੁੱਖਾ ਭਾਣਾ ਢਾਬੇ ਤੇ ਪਹੁੰਚ ਕੇ ਉਸ ਨੇ ਜਦ ਗਾਹਕਾਂ ਤੋਂ ਪਹਿਲਾਂ ਰੋਟੀ ਮੰਗ ਲਈ ਸੀ ਤਾਂ ਚੁੰਨੀ ਲਾਲ ਨੇ ਫਿਰ ਉਸ ਨੂੰ ਗੁੱਟੋਂ ਫੜ ਕੇ ਢਾਬੇ ਤੋਂ ਬਾਹਰ ਧੂਹ ਲਿਆਂਦਾ ਸੀ । ਮਿਆਂਕਦੇ ਭੇਡੂ ਵਾਂਗ ਘਸੀਟ ਹੁੰਦੇ ਸੰਤੇ ਨੂੰ ਪੈਂਦੇ ਧੱਫਿਆਂ ਨਾਲ ਉੱਠੀਆਂ ਲੇਰਾਂ ਸੁਣ ਕੇ ਦੂਜੇ ਦਿਨ ਵੀ ਸਾਰਾ ਬਾਜ਼ਾਰ , ਉਸ ਦੁਆਲੇ ਆ ਜੁੜਿਆ ਸੀ । ਤਮਾਸ਼ਬੀਨਾਂ ਦੀ ਭੀੜ ਵਿਚੋਂ ਕਿਸੇ ਓਪਰੇ ਨੇ ਸੰਤੂ ਤੇ ਤਰਸ ਖਾ ਕੇ ਉਸ ਨੂੰ ਆਪਣੇ ਘਰ ਚਲੇ ਜਾਣ ਲਈ ਆਖਿਆ ਸੀ , ਤਾਂ ਪੀੜ ਨਾਲ ਚਿਚਲਾਉਂਦੀ ਥਰਕਦੀ ਬੋਲੀ ਬੋਲਦੇ ਸੰਤੂ ਨੇ ਉੱਤਰ ਦਿੱਤਾ ਸੀ , ਧ....ਧਰ  ਦਏ ਨੂੰ ਉਹ ਮਾਲਦਾ...ਐਥੇ ਆਹ ਮਾਲਦਾ ....।

ਗਿੱਟੇ ਗੋਡਿਆਂ ਤੇ ਲੱਗੀਆਂ ਰਗੜਾਂ ਦੀ ਚੀਸ ਨਾਲ ਕੁਰਲਾਉਂਦਾ ਸੰਤਾ  ,ਢਾਬੇ ਸਾਹਮਣੇ ਲੱਗੇ ਬਿਜਲੀ ਦੇ ਖੰਬੇ ਦੀ ਢੋਅ ਲਾ ਕੇ ਚੜ੍ਹਦੀ ਦੁਪਹਿਰ ਤੱਕ ਰੋਂਦਾ ਡੁਸਕਦਾ ਰਿਹਾ ਸੀ । ਉਸ ਵੱਲੋਂ ਬੇ-ਧਿਆਨ ਹੋ ਕੇ ਜਦੋਂ ਸਭ ਲੋਕੀਂ ਆਪੋ-ਆਪਣੇ ਕੰਮੀਂ ਲੱਗ ਗਏ ਸਨ ਤਾਂ ਉਹ ਭੁੱਖਾ-ਭਾਣਾ ਘਰ ਪਰਤਣ ਦੀ ਥਾਂ ਇਕ ਛੱਲੀਆਂ ਭੁੰਨਦੇ ਹੱਥ-ਰੇੜ੍ਹੀ ਵਾਲੇ ਕੋਲ ਜਾ ਖੜਾ ਹੋਇਆ ਸੀ ।

ਇ...ਇੱਤ ਸੱਲੀ ਦੇ ....ਭੁੱਥ ਲੱਦੀ ਆ ....., ਉਸ ਨੇ ਹਟਕੋਰੇ ਭਰਦੇ ਨੇ ਰੇੜ੍ਹੀ ਵਾਲੇ ਨੂੰ ਆਖਿਆ ਸੀ ।

ਚਲ-ਚਲ , ਦਫਾ ਹੋ .....ਆ ਗਿਆ ਸਵੇਰੇ ਸਵੇਰੇ .....ਮੰਗਤਾ ਕਿਤੋਂ ਦਾ ....., ਰੇੜ੍ਹੀ ਵਾਲੇ ਗਰੀਬੂ ਨੇ, ਉਸ ਨੂੰ ਦੁਰਕਾਰਨਾ ਚਾਹਿਆ ਸੀ ।

ਮ.......ਮੈਂ ਮੰਦਤਾ ਨਈਂ , ਸੰਤਾ ਆਂ ....ਬਦਾਲੀਪੁਰ ਦਾ ......।

ਸੰਤੂ ਦੇ ਲਾਚਾਰ ਬੋਲ ਸੁਣ ਕੇ ਗਰੀਬੂ ਪਸੀਜ ਗਿਆ ਸੀ । ਉਸ ਨੇ ਸੰਤੂ ਨੂੰ ਦੋ ਛੱਲੀਆਂ ਭੁੰਨ ਕੇ ਖੁਆਈਆਂ ਸਨ ਅਤੇ ਸਾਰਾ ਦਿਨ ਅੱਡੇ ਵਿਚ ਰੁਕਦੀਆਂ ਬੱਸਾਂ ਅੰਦਰ ਛੱਲੀਆਂ ਵੇਚਣ ਲਾਈ ਰੱਖਿਆ ਸੀ ।

ਦੂਜੀਆਂ ਰੇੜ੍ਹੀਆਂ ਕੇ ਵੱਡੇ ਮੁੰਡੇ ਤੋਂ ਜ਼ਰਾ ਉਹ ਤਿੱਖਾ ਹੋਣ ਕਰਕੇ , ਗਰੀਬੂ ਨੇ ਉਸ ਨੂੰ ਅਗਲੇ ਦਿਨ ਵੀ ਸੱਦ ਲਿਆ ਸੀ ਅਤੇ ਉਸ ਤੋਂ ਅਗਲੇ ਦਿਨ ਵੀ ।

ਸੰਤੂ ਨੂੰ ਇਹ ਤਾਂ ਪੱਕੀ ਤਰ੍ਹਾਂ ਯਾਦ ਨਹੀਂ ਸੀ ਕਿ ਗਰੀਬੂ ਦੀ ਰੇੜ੍ਹੀ ਤੇ ਉਸ ਨੇ ਕਿੰਨਾ ਚਿਰ ਅਠਿਆਨੀ ਰੋਜ਼ ਤੇ ਕੰਮ ਕੀਤਾ ਸੀ , ਪਰ ਏਨ੍ਹਾ ਜ਼ਰੂਰ ਚੇਤੇ ਸੀ ਕਿ ਬੱਸ ਅੰਦਰ ਧੁੱਸ ਦੇ ਕੇ ਚੜ੍ਹਦੀ ਕਿਸੇ ਸਵਾਰੀ ਦੇ ਧੱਕੇ ਨਾਲ ਸ਼ਕੰਜਵੀ ਦਾ ਭਰਿਆ ਗਲਾਸ ਡੁੱਲ੍ਹ ਜਾਣ ਤੇ ਉਸ ਨੂੰ ਜੁੱਤੀਆਂ ਦੀ ਮਾਰ ਵੀ ਖਾਣੀ ਪਈ ਸੀ ਅਤੇ ਉਸ ਦਿਨ ਦੀ ਉਸ ਨੂੰ ਦਿਹਾੜੀ ਵੀ ਨਹੀਂ ਸੀ ਮਿਲੀ ।

ਉਸ ਤੋਂ ਅਗਲੇ ਦਿਨ ਉਹ ਸੋਡੇ ਦੀਆਂ ਬੋਤਲਾਂ ਵੇਚਦੇ ਰੇੜ੍ਹੀ ਵਾਲੇ ਭਜਨੇ ਦਾ ਮੁੰਡੂ ਸੀ ।

ਗੋਰੇ , ਪਤਲੇ ਤੇ ਫੁਰਤੀਲੇ ਸਰੀਰ ਵਾਲ ਸੰਤਾਂ ਤਿੰਨ-ਤਿੰਨ ,ਚਾਰ-ਚਾਰ ਬੋਤਲਾਂ ਹੱਥਾਂ ਤੇ ਬਗਲਾਂ ਅੰਦਰ ਲਟਕਾਈ ,ਆਪਣੀ ਉਮਰੋਂ ਵੱਡੇ ਮੁੰਡਿਆਂ ਤੋਂ ਪਹਿਲਾਂ ਬੱਸਾਂ ਅੰਦਰ ਧੁਸ ਜਾਂਦਾ ਅਤੇ ਅੱਡਿਓਂ ਨਿਕਲਦੀ ਇਕ ਬੱਸ ਵਿਚੋਂ ਨਿਕਲ ਕੇ , ਆ ਖੜੀ ਹੁੰਦੀ ਦੂਜੀ ਵੱਲ ਸ਼ੂਟ ਵੱਟ ਕੇ ਦੌੜ ਜਾਂਦਾ ।

ਬੱਸ ਅੱਡੇ ਦੁਆਲੇ ਖੜੀਆਂ ਰੇੜ੍ਹੀਆਂ ਉੱਤੇ ਵਿਕਦੀਆਂ ਵਸਤਾਂ ਦੀਆਂ ਵੰਨਗੀਆਂ ਭਾਵੇਂ ਬਦਲਦੀਆਂ ਰੁੱਤਾਂ ਅਨੁਸਾਰ ਬਦਲਦੀਆਂ ਗਈਆਂ ਪਰ ਸੰਤੂ ਦੀ ਥਰਕਦੀ ਬੋਲੀ ਅੰਦਰ ਪ੍ਰੀਵਰਤਨ ਨਾ ਆਇਆ । ਉਹ ਠੰਡੇ-ਠਾਰ-ਸੋਡੇ

 ਨੂੰ ਥ...ਥੰਦੇ-ਥਾਰ-ਸੌਦੇ ਦੀ ਹੇਕ ਲਾ ਕੇ ਵੇਚਦਾ ਇਕ ਤੋਂ ਦੂਜੀ ਦੇ ਦੂਜੀ ਤੋਂ ਚੌਥੀ ਥਾਂ ਬਦਲਦਾ ਰਿਹਾ ਅਤੇ ਦਸੀਂ-ਪੰਦਰੀਂ ਦਿਨੀਂ ਪੰਜ-ਦਸ ਰੁਪਈਏ ਅਪਣੇ ਲੂਲ੍ਹੇ-ਪਿਓ ਦੇ ਹੱਥ ਤੇ ਲਿਆ ਟਿਕਾਉਂਦਾ ਰਿਹਾ ।

ਉਸ ਦੇ ਪਿਓ ਅਮਰੂ ਦੇ ਜੁੜੇ ਗੋਡਿਆਂ ਦੀ ਚਰਚਾ , ਉਹਦੇ ਨਾਲ ਜਿੰਨੀ ਵਾਰ ਵੀ ਕਿਸੇ ਨੇ  ਕੀਤੀ , ਓਨੀ ਵਾਰ ਈ ਨਵੀਂ ਗੱਲ ਉਹਦੇ ਕੰਨੀ ਪੈਂਦੀ ਰਹੀ । ਕੋਈ ਆਖਦਾ – ਆਪਣੇ ਵੇਲੇ ਦਾ ਭਲਵਾਨ , ਪਿੰਡ ਦੇ ਜੱਟ ਮੁੰਡਿਆਂ ਤੋਂ ਕਮੀਨ ਜਾਤ ਹੋਣ ਤੇ ਜਰਿਆ ਨਈਂ ਗਿਆ ।ਉਨ੍ਹਾਂ ਦੁੱਧ ਅੰਦਰ ਪਾਰਾ ਮਿਲਾ ਕੇ ਅਮਰੂ ਦੇ ਹੱਡ ਜੋੜ ਤੇ । ਕੋਈ ਆਖਦਾ –ਚੜ੍ਹਦੀਆਂ ਵੇਲੇ ਮੀਹਾਂ-ਸਿਓਂ ਦੀ ਪੁਰਾਣੀ ਗੱਡ ਪਿੱਠ ਭਾਰ ਚੁਕਦੇ ਦੇ ਗਿੱਟੇ-ਗੋਡੇ ਐਸੇ ਤਿੜਕੇ ਕਿ ਮੁੜ ਜਣਾ ਪੈਰੀਂ ਨਈਂ ਆ ਸਕਿਆ । ਕੋਈ ਕਹਿੰਦਾ – ਦਰਿਆਓਂ ਪਾਰ ਤੀਮੀਂ ਕੱਢਣ ਗਏ ਤੋਂ ਉਹਦੇ ਦੋ ਭਰਾਵਾਂ ਦਾ ਖੂਨ ਹੋ ਗਿਆ ਸੀ ਤੇ ਬੇੜੀਓਂ ਲਹਿੰਦਿਆਂ ਈ ਖੁਆਜਾ-ਬਲੀ ਨੇ ਅਮਰੂ ਨੂੰ ਸਰਾਪ ਦੇ ਦਿੱਤਾ । ਸੰਤੇ ਨੂੰ ਇਹ ਸਾਰੀਆਂ ਗੱਲਾਂ ਭਾਵੇਂ ਝੂਠੀਆਂ ਨਹੀਂ ਸਨ ਜਾਪਦੀਆਂ , ਪਰ ਕਿਸੇ ਤੋਂ ਵੀ ਸੱਚੀ ਗੱਲ ਪੁੱਛਣ ਦਾ ਹੌਸਲਾ ਉਸ ਨੇ ਕਦੀ ਵੀ ਨਹੀਂ ਸੀ ਕੀਤਾ । ਜਦੋਂ ਦੀ ਉਸ ਨੇ ਹੋਸ਼ ਸੰਭਾਲੀ ਸੀ , ਲੋਕ ਉਸ ਨੂੰ ਥੱਥਾ-ਸੰਤਾ ਕਹਿ ਕੇ ਬੁਲਾਉਂਦੇ ਸਨ ਅਤੇ ਉਹਦੇ ਪਿਓ ਨੂੰ ਅਮਰੂ-ਲੂਲ੍ਹਾ   । ਅਮਰੂ ਜਿਹੜਾ ਸੰਤੂ ਨੂੰ ਰੁਪਈਆਂ-ਧੇਲੀ ਕਮਾਉਣ ਲਈ ਦਬਕ-ਝਿੜਕ ਕੇ ਹਰ ਰੋਜ਼ ਘਰੋਂ ਬਾਹਰ ਤੋਰ ਦਿਆ ਕਰਦਾ ਸੀ , ਅਤੇ ਹਨੇਰੇ ਪਏ ਤੱਕ ਘਰ ਦੀਆਂ ਬਰੂਹਾਂ ਵਿਚ ਬੈਠਾ ਉਸ ਨੂੰ ਉਡੀਕਦਾ ਰਹਿੰਦਾ ਸੀ ।

ਸਵੇਰ ਦਾ ਘਰੋਂ ਗਿਆ ਸੰਤਾ ਇਕ ਦਿਨ ਸਾਰੀ ਰਾਤ ਮੁੱਕਣ ਤਕ ਵੀ ਘਰ ਨਾ ਪਰਤਿਆ । ਅਗਲੇ ਦਿਨ ਸਵੇਰੇ ਹੱਥਾਂ ਦੀਆਂ ਫੋਹੜੀਆਂ ਤੇ ਕੁਲ੍ਹਿਆਂ ਆਸਰੇ ਘਸੀਟ ਹੁੰਦੇ ਅਮਰੂ ਨੁੰ ਬੱਸ ਅੱਡੇ ਤੇ ਪਹੁੰਚ ਕੇ ਪਤਾ ਲੱਗਾ ਕਿ ਪਿਛਲੇ ਕੰਲ, ਅੱਧ-ਖੁੱਲੇ ਸ਼ੀਸ਼ੇ ਵਿੱਚੋਂ ਦੀ ਸੋਡੇ ਦੀ ਬੋਤਲ ਦੇ ਪੈਸੇ ਫੜਦੇ, ਤੁਰਦੀ ਬੱਸ ਦੇ ਨਾਲ-ਨਾਲ ਦੌੜਦੇ ਸੰਤੇ ਦਾ ਪੈਰ ਨੀਵੇਂ ਡਿਗਣ ਨਾਲ , ਉਹ ਮੂੰਹ ਭਾਰ ਅੱਡੇ ਦੀ ਧੁੱਦਲ ਵਿੱਚ ਡਿਗ ਪਿਆ ਸੀ ।ਖੱਬੇ ਮੁੜਦੀ ਬੱਸ ਦੇ ਪਿਛਲੇ ਟਾਇਰਾਂ ਹੇਠ ਆਉਣੋਂ ਤਾਂ ਭਾਵੇਂ ਉਹ ਬਚ ਗਿਆ ਸੀ ਪਰ ਬਗਲ ਹੇਠ ਨੱਪੀ ਬੋਤਲ ਟੁਟਣ ਨਾਲ ਖੁਬੀਆਂ ਸ਼ੀਸ਼ੇ ਦੀਆਂ ਕੰਕਰਾਂ ਨੇ ਉਹਦੀ ਬਾਂਹ ਤੇ ਵੱਖੀ ਲਹੂ-ਲੁਹਾਣ ਕਰ ਦਿੱਤੀ ਸੀ ।

ਸਰਕਾਰੀ ਡਿਸਪੈਂਸਰੀ ਦਾ ਦੁਆ-ਦਾਰੂ ਕਰਦਿਆਂ , ਉਹ ਜਿੰਨੇ ਦਿਨ ਕਸਬਿਓਂ ਅੱਧੇ ਕੁ ਮੀਲ ਦੀ ਵਿੱਥ ਤੇ ਵਸੇ ਆਪਣੇ ਪਿੰਡ ਬੰਗਾਲੀਪੁਰ ਦੇ ਸੁੱਕੇ ਛੱਪੜ ਕੰਢੇ ਬਣੇ ਘਰ ਦੇ ਵਿਹੜੇ ਅੰਦਰ ਘਿਰਿਆ ਰਿਹਾ, ਓਨੇ ਦਿਨ ਹੀ ਉਸ ਨੂੰ ਪਿਓ ਦੀ ਝਿੜਕ-ਝੰਬ ਸਹਿਣੀ ਪਈ ਸੀ।

ਜ਼ਖਮਾਂ ਦੇ ਠੀਕ ਹੁੰਦਿਆਂ ਸਾਰ , ਜਿਸ ਦਿਨ ਉਸ ਨੇ ਕਚਹਿਰੀ ਸਾਹਮਣਲੀ ਚਾਹ ਦੀ ਵੱਡੀ ਦੁਕਾਨ ਤੇ ਕੰਮ ਲੱਭਣ ਲਈ ਤਰਲਾ ਕੀਤਾ , ਤਾਂ ਉਸ ਦਿਨ ਉਸ ਨੂੰ ਜਾਪਿਆ ਕਿ ਉਸ ਦੀ ਥਰਕਦੀ ਬੋਲੀ ਉਸ ਦੀ ਵਧਦੀ ਉਮਰ ਨਾਲੋਂ ਥੋੜਾ ਜਿੰਨਾ ਪਿਛਾਂਹ ਰਹਿ ਗਈ ਹੈ । ਹਰ ਰੋਜ਼ ਤੜਕਸਾਰ ਆਪਣੀ ਮੰਜੀ ਤੇ ਪਿਆ ਅਮਰੂ ਲੰਮੀ ਸੋਟੀ ਦੀ ਹੁੱਝ ਮਾਰ ਕੇ ਉਸ ਦੀ ਨੀਂਦ ਤੋੜ ਦਿੰਦਾ , ਅਤੇ ਪਿਛਲੇ ਦਿਨ ਦਾ ਥੱਕਿਆ ਸੰਤਾ ਆਕੜਾਂ ਭੰਨਦਾ ਬੱਧਾ-ਰੁੱਧਾ ਛੱਡ ਕੇ ਹੱਥ-ਮੂੰਹ ਧੋਤੇ ਬਿਨਾਂ ਹੀ ਦੁਕਾਨ ਵਲ ਨੂੰ ਘਸੀਟ ਹੁੰਦਾ ਤੁਰ ਪੈਂਦਾ ।

ਸੋਡੇ-ਆਲੇ ਭਜਨੇ ਦੀ ਲਾਹੀ ਗੂੜ੍ਹੇ ਨੀਲੇ ਰੰਗ ਦੀ ਮੋਟੀ ਲਮਕਦੀ ਬੁਨੈਣ ਨੇ ਸੰਤੇ ਦਾ ਪਾਟਾ ਕੱਛਾ ਕਈ ਮਹੀਨੇ ਕੱਜੀ ਰੱਖਿਆ ਸੀ ।ਸਿਰ ਤੇ ਆਉਂਦੀ ਠੰਡ ਤੋਂ ਬਚਣ ਲਈ ਚਾਹ ਵਾਲੇ ਮਾਲਕਾਂ ਤੋਂ ਉਸ ਨੂੰ ਕੁਆੜ ਚੋਂ ਖਰੀਦੀ ਫੌਜੀ ਕਮੀਜ਼ ਮਿਲ ਗਈ । ਵਾੜਿਆਂ ਅੰਦਰ ਗੱਡੇ ਡਰਨਿਆਂ  ਤੇ ਸੁੱਟੇ ਚੋਗਿਆਂ ਵਾਂਗ ਉਸ ਦੇ ਗੋਡੇ ਤਾਂ ਖੁਲ੍ਹੀ ਖਾਕੀ ਕਮੀਜ਼ ਨਾਲ ਢੱਕੇ ਗਏ ,ਪਰ ਠੱਕੇ ਨਾਲ ਸੁੰਨ ਹੋਏ ਹੱਥਾਂ ਪੈਰਾਂ ਦਾ ਕਾਂਬਾ , ਉਹ ਭੱਠੀ ਵਿਚੋਂ ਕਿਰਦੀ ਗਰਮ ਸੁਆਹ ਲਾਗੇ ਬੈਠ ਕੇ ਈ ਉਤਾਰਦਾ ਅਤੇ ਅੱਧੀ ਰਾਤ ਮੁੱਕੀ ਤੇ ਠੁਰ-ਠੁਰ ਕਰਦਾ ਘਰ ਮੁੜਦਾ .....।

ਖੇਤ ਦੇ ਬੰਨੇ ਤੇ ਪਿਆ ਸੰਤਾ ਅਬੜਵਾਹੇ ਉੱਠਿਆ ਅਤੇ ਐਧਰ-ਓਧਰ ਹੱਥ ਮਾਰਨ ਲੱਗਾ ਜਿਵੇਂ ਕੁਝ ਗੁਆਚਾ ਲੱਭ ਰਿਹਾ ਹੋਵੇ । .........ਸਰਦੀਆਂ ਦੀ ਇਕ ਹਨੇਰੀ ਰਾਤ ਨੂੰ ਵਰ੍ਹਦੇ ਮੀਂਹ ਅੰਦਰ ਘਰ ਮੁੜਦਿਆਂ ਪਾਣੀ ਦੇ ਟੋਏ ਵਿਚ ਖੁਭ ਕੇ ਲੱਥੀ ਦੋ-ਰੰਗੀ ਖਸੜ ਜਿਹੀ ਚਪਲੀ ਦਾ ਇਕ ਪੈਰ ਟੋਲਦੇ ਨੇ ਵੀ ਇਵੇਂ ਹੀ ਐਧਰ-ਓਧਰ ਹੱਥ-ਪੈਰ ਮਾਰੇ ਸਨ ....।

ਸੌਟੀ ਲਭਦਾਂ ....ਭਾਆ ...? ਟਰਾਲੀ ਅੰਦਰ ਚੜ੍ਹ ਖਲੌਤੀ ਸ਼ੋਖ ਉਮਰ ਦੀ ਇਕ ਮੁਟਿਆਰ ਨੇ ਉਸ ਨੂੰ ਪੁਛਿਆ ।

ਨਈਂ.....ਹੂੰ.......ਹਾਹੋ....... , ਸ਼ਰਮਿੰਦਾ ਜਿਹਾ ਹੋ ਕੇ ਉਸ ਨੇ ਗੱਲ ਆਲੇ-ਟਾਲੇ ਪਾਈ , ....ਆ ਗਈਆਂ.....ਸਾਰੀਆਂ.......ਚਲੀਏ........?

ਨਈ ਹਾਲੇ......ਪਿਆ ਰਹੁ , ਸੁਣ ਕੇ ਉਸ ਨੇ ਪਾਸਾ ਪਰਤਿਆ ਤੇ ਮੁੜ ਲੰਮਾ ਪੈ ਗਿਆ ।

ਇਕ ਵਾਰ ਉੱਠ ਬੈਠਣ ਪਿਛੋਂ ਉਸ ਦੀ ਸੁਰਤੀ ਮੁੜ ਉਸ ਦੇ ਅਤੀਤ ਵਿਚ ਗੁਆਚ ਗਈ ....ਉਸ ਨੂੰ ਲੱਗਾ ਕਿ ਉਹ ਗਰੀਸ ਲਿਬੜੀ ਕੁੜਕੀ ਪਾਈ ਖੁਲ੍ਹਿਆਂ ਇੰਜਣਾਂ ਨੂੰ ਮਿੱਟੀ ਤੇ ਤੇਲ ਨਾਲ ਧੋਅ ਰਿਹਾ ਹੈ ...ਗਰੀਸ-ਗਨ ਨਾਲ ਪਹੀਏ ਰਮਾ ਕਰ ਰਿਹਾ ਹੈ.....ਨਿੱਕੇ-ਵੱਡੇ ਪੁਰਜ਼ਿਆਂ ਦੀ ਅਦਲਾ-ਬਦਲੀ ਕਰ ਰਿਹਾ ਹੈ ....ਖੁਲ੍ਹਦੇ –ਬਝਦੇ ਇੰਜਨਾਂ ਨੂੰ ਧਿਆਨ ਨਾਲ ਵਾਚ ਰਿਹਾ ਹੈ ....ਵੱਡੇ ਮਿਸਤਰੀਆਂ ਦੀਆਂ ਤੱਤੀਆਂ-ਠੰਡੀਆਂ ਸੁਣਦਾ ,ਆਇਆਂ-ਗਇਆਂ ਲਈ ਚਾਹ ਜਾਂ ਦਾਰੂ ਦੀਆਂ ਬੋਤਲਾਂ ਢੋਅ ਰਿਹਾ ਹੈ ....।

........ਪਿੰਡ ਦੇ ਢੇਰਾਂ ਤੋਂ ਲੱਭੀ ਚਪਲੀ ਦਾ ਇਕ ਪੈਰ ਗੁਆਚਣ ਤੋਂ ਵੀ ਉਸ ਨੂੰ ਮਾਰ ਪਈ ਸੀ ।

ਅਗਲੇ ਦਿਨ ਚਾਹ ਵਾਲੀ ਦੁਕਾਨ ਤੇ ਕੰਮ ਕਰਨ ਲਈ ਉਸ ਦਾ ਉੱਕਾ ਈ ਮੰਨ ਨਾ ਮੰਨਿਆ ।ਘਰੋਂ ਨਿਕਲ ਕੇ ਸਬਜ਼ੀ ਮੰਡ ਵਲੋਂ ਲੰਘਦਾ ਉਹ ਕਸਬਿਓਂ ਬਾਹਰ-ਬਾਹਰ ਜਰਨੈਲੀ ਸੜਕ ਤੇ ਬਣੀ ਇਕ ਟਰੈਕਟਰ ਵਰਕਸ਼ਾਪ ਪਹੁੰਚ ਗਿਆ ਅਤੇ ਕਈ ਦਿਨ ਘਰ ਨਾ ਪਰਤਿਆ ।

ਮੁਰੰਮਤ ਹੋਣ ਪਿਛੋਂ ਟਰਾਈ ਲਈ ਨਿਕਲਦੇ ਟਰੈਕਟਰਾਂ ਦੇ ਮਡਗਾਰਡਾਂ ਉਤੇ ਬੈਠਦਾ ਸੰਤਾ, ਛੇਤੀ ਹੀ ਕਲੱਚ ਤੇ ਰੇਸ ਦੀ ਤਰਤੀਬ ਸਮਝ ਗਿਆ ।ਬਾਹਰ ਸੜਕ ਤੇ ਖੜਾ ਟਰੈਕਟਰ ਜਿਸ ਦਿਨ ਉਸ ਨੇ ਪਹਿਲੀ ਵਾਰ ਵਰਕਸ਼ਾਪ ਦੇ ਫਾਟਕ ਅੰਦਰ ਕੀਤਾ ਸੀ , ਉਸ ਰਾਤ ਉਸ ਨੂੰ ਸੁਪਨਿਆਂ ਦੀ ਏਨੀ ਗੂੜ੍ਹੀ ਨੀਂਦ ਆਈ ਕਿ ਕਿਤੇ ਤੜਕਸਾਰ ਜਾ ਕੇ ਉਸ ਦੀ ਅੱਖ ਲੱਗੀ ਸੀ ।

ਦੂਜੇ ਦਿਨ ਸਵੇਰੇ ਉਸ ਦੀ ਚਾਲ ਅੰਦਰ ਆਈ ਚੁਸਤੀ ਦੇਖ ਕੇ ਮਾਲਕ-ਮਿਸਤਰੀ ਨੇ ਸ਼ੱਕ ਵਜੋਂ ਉਸ ਦਾ ਬੋਰੀਆਂ-ਬਿਸਤਰਾ ਚੁਕ ਕੇ ਘਰ ਨੂੰ ਤੁਰਦਾ ਕਰ ਦਿੱਤਾ ।

ਮੈਲ ਨਾਲ ਗੜ੍ਹਚ ਹੋਏ ਗਿੱਟੇ-ਗੋਡੇ ਮੋਟੀ ਰੇਤ ਨਾਲ ਰਗੜ ਕੇ,ਉਹ ਬਾਹਰ ਸੜਕ ਤੇ ਜਾ ਖੜਾ ਹੋਇਆ ।ਕੁਝ ਚਿਰ ਲਈ ਹਵਾ ਨਾਲ ਗੱਲਾਂ ਕਰਦਿਆਂ ਮੋਟਰਾਂ-ਗੱਡੀਆਂ ਦੇਖਦਾ ਰਿਹਾ । ਫਿਰ ਬੱਸ ਅੱਡੇ ਵਲ ਜਾਣ ਦੀ ਥਾਂ ਉਹ ਅੰਬਾਂ ਦੇ ਬਾਗ਼ ਵਲ ਜਾਂਦੇ ਕੱਚੇ ਪਹੇ ਤੇ ਹੋ ਤੁਰਿਆ । ਮੱਧਮ ਚਾਲੇ ਤੁਰੇ ਜਾਂਦੇ ਸੰਤੇ ਨਾਲ ,ਦਸ ਬਾਰਾਂ ਮੁੰਡੇ ਬਸਤੇ ਚੁੱਕੀ ਤੇਜ਼ ਕਦਮੀਂ ਤੁਰੇ ਸਕੂਲ ਜਾਂਦੇ ,ਪਿਛਿਓਂ ਆ ਮਿਲੇ ।ਉਨ੍ਹਾਂ ਵਿਚੋਂ ਉਸ ਵਰਗਾ ਇਕ ਮਾੜਚੂ ਜਿਹਾ ਬੋਝਲ ਬਸਤੇ ਦੇ ਭਾਰ ਕਾਰਨ ਬਾਕੀ ਟੋਲੀ ਤੋਂ ਪਿਛਾਂਹ ਰਹਿ ਕੇ ਉਸ ਦੇ ਨਾਲ ਤੁਰਨ ਲੱਗਾ ।

ਦਸ-ਬਾਰਾਂ ਲਾਘਾਂ ਉਸ ਵਾਂਗ ਤੁਰੇ ਜਾਂਦੇ ਸੰਤੇ ਦਾ ਜੀਅ ਜਿਵੇਂ ਸਕੂਲ ਜਾਣ ਲਈ ਮਚਲ ਗਿਆ ਹੋਵੇ । ਸਹਿਮੀ ਜਿਹੀ ਮੱਧਮ ਆਵਾਜ਼ ਵਿਚ ਉਸ ਨੇ ਮੁੰਡੇ ਨੂੰ ਆਖਿਆ – ਮੈਂ,ਤੇਰਾ ਬਸਤਾ ਚੁਕ ਲਾਂ .....?

ਬਿਨਾਂ ਝਿਜਕੇ ਮੁੰਡੇ ਨੇ ਸੰਤੂ ਨੂੰ ਆਪਣਾ ਬਸਤਾ ਫੜਾ ਦਿਤਾ ।

ਬਾਗ਼ ਟੱਪ ਕੇ ਸਕੂਲ ਨੂੰ ਜਾਂਦੀ ਪੱਕੀ ਸੜਕ ਤੇ ਚੜ੍ਹਦਿਆਂ ਮੁੰਡੇ ਨੇ ਸੰਤੂ ਨੂੰ ਪੁੱਛਿਆ – ਤੂੰ ਸਕੂਲ ਨਈਂ ਜਾਨਾਂ ...?

ਨਈਂ...., ਆਖ ਕੇ ਸੰਤਾ ਜਿਵੇਂ ਸਾਰੇ ਦਾ ਸਾਰਾ ਝਰੀਟਿਆ ਗਿਆ ਹੋਵੇ ।

ਕਿਉਂ........?

ਭਾਪਾ ਕਹਿੰਦਾ ਅਸੀਂ ਗਰੀਬ ਆਂ........।

ਬਾਕੀ ਪੈਂਡਾ ਤੁਰਦਿਆਂ ਉਹਨਾਂ ਦੋਨਾਂ ਨੇ ਕੋਈ ਗੱਲ ਨਾ ਕੀਤੀ ।

ਉਦਾਸ ਮੂਰਤੀ ਵਾਂਗ ਸਿਰ ਸੁਟੀ ਤੁਰੇ ਜਾਂਦੇ ਸੰਤੇ ਨੇ ਸਕੂਲ ਦੇ ਗੇਟ ਕੋਲ ਪਹੁੰਚ ਕੇ ਨਿੱਕੇ ਮੁੰਡੇ ਤੋਂ ਫਿਰ ਪੁਛਿਆ – ਤੇਰੇ ਭਾਪਾ ਤੈਨੂੰ ਕੁਟਦਾ ਨਈਂ.......?

ਨਈਂ......।

ਮੇਰਾ ਬੌਤ ਕੁਟਦਾ.......ਤੇਰੀ ਬੀਬੀ ਹੈਗੀ..........?

ਆਹੋ   ।

ਮੇਰੀ ਹੈ ਨਈਂ........ਭਾਪਾ ਕਹਿੰਦਾ , ਮਰ ਗਈ ਸੀ ਤਾਪ ਨਾਲ.......ਉਹ ਬੀ ਨਈਂ ਕੁਟਦੀ.........?

ਉਹ ਬਹੁਤ ਕੁਟਦੀ ਆ ।

ਕਿਉਂ........?

ਕਹਿੰਦੀ ਆ ,ਤੂੰ ਰੋਟੀ ਨਈਂ ਖਾਨਾਂ ਰੱਜ ਕੇ ।

ਤੂੰ ਰੋਜ਼ ਰੋਟੀ ਖਾਨਾ........?

ਆਹੋ ........ਤੂੰ ਨਈਂ ਖਾਨਾਂ .........?

ਨਈਂ...ਭਾਪਾ ਕਹਿੰਦਾ ਅਸੀਂ ਗਰੀਬ ਆ,ਰਾਤ ਨੂੰ ਈ........, ਗੱਲ ਪੂਰੀ ਕਰਨ ਤੋਂ ਪਹਿਲਾਂ ਈ ਸੰਤੂ ਨੂੰ ਸਬਜ਼ੀ ਮੰਡੀਓ ਗਲੀਆਂ-ਸੜੀਆਂ ਫਲ-ਸਬਜ਼ੀਆਂ ਚੁਕ ਕੇ ਖਾਣ ਦਾ ਸਵੇਰ ਵੇਲਾ ਖੁੰਝਦਾ ਜਾਪਿਆ ।

ਉਸ ਨੇ ਕਾਹਲੀ ਨਾਲ ਬਸਤਾ ਨਿੱਕੇ ਮੁੰਡੇ ਦੇ ਮੋਢੇ ਵਲ ਸੁਟਿਆ । ਬੋਝਲ ਭਾਰ ਮੋਢੇ ਤੇ ਟਿਕਣ ਦੀ ਥਾਂ ਕੱਚੇ ਪਹੇ ਤੇ ਖਿਲਰ ਗਿਆ । ਚਿਬ-ਖੜਿਬੇ ਪੁਰਾਣੇ ਜੁਮੈਟਰੀ ਬਕਸ ਅੰਦਰ ਨੱਪੀਆਂ ਦੋ ਰੋਟੀਆਂ ਹੇਠਾਂ ਡਿੱਗਣ ਕੇ ਮਿੱਟੀ ਨਾਲ ਲਿਬੜ ਗਈਆਂ ।

ਡੌਰ-ਭੌਰ ਖੜੇ ਨਿੱਕੇ ਮੁੰਡੇ ਦੀਆਂ ਕਾਪੀਆਂ ਕਿਤਾਬਾਂ ਸੰਤੇ ਨੇ ਉਸ ਦੇ ਬਸਤੇ ਅੰਦਰ ਤੁੰਨ ਦਿੱਤੀਆਂ । ਰੋਟੀਆਂ ਤੋਂ ਮਿੱਟੀ ਘੱਟਾ ਝਾੜਦਿਆਂ ਉਸ ਨੂੰ ਆਪਣੇ ਭੁੱਖੇ ਢਿੱਡ ਅੰਦਰ ਇਕ ਡੂੰਗੀ ਜਿਹੀ ਖੌਹ ਪੈਂਦੀ ਜਾਪੀ ।ਉਸ ਦੇ ਮੁਰਝਾਏ ਚਿਹਰੇ ਉਤੇ ਪਲੱਤਣ ਦਾ ਪੋਚਾ ਹੋਰ ਗਾੜ੍ਹਾ ਹੋ ਗਿਆ।

ਦੋਨੋਂ ਰੋਟੀਆਂ ਆਪਣੇ ਢਿੱਡ ਨਾਲ ਲਾ ਕੇ ਸੰਤੇ ਨੇ ਤਰਲੇ ਭਰੀ ਆਵਾਜ਼ ਵਿੱਚ ਨਿੱਕੇ ਮੁੰਡੇ ਨੂੰ ਆਖਿਆ – ਮੈਨੂੰ ਬਹੁਤ ਭੁੱਖ ਲੱਗੀ ਆ.........।

ਲੈ ,ਤੂੰ ਖਾ ਲੈ......... ਕਹਿਣ ਵਿੱਚ ਮੁੰਡੇ ਨੇ ਰਤੀ ਭਰ ਢਿੱਲ ਨਾ ਕੀਤੀ ਅਤੇ ਆਪਣਾ ਬਸਤਾ ਸਾਂਭਦਾ ਸਹਿਜੇ-ਸਹਿਜੇ  ਤੁਰਿਆ ਸਕੂਲ ਅੰਦਰ ਲੰਘ ਗਿਆ ।

ਗੇਟ ਦੇ ਬਾਹਰ ਖੜੇ ਸੁਕ-ਬਰੂਰੀਆਂ ਚਬਦੇ ਸੰਤੇ ਨੂੰ ਚਪੜਾਸੀ ਨੇ ਅਵਾਰ ਸਮਝ ਕੇ ਦੋ ਤਿੰਨ ਵਾਰ  ਝਿੜਕਿਆ ਵੀ, ਪਰ ਉਸ ਦੀ ਪਾਣੀ ਪੀਣ ਦੀ ਵਾਰ ਵਾਰ ਕੀਤੀ ਮੰਗ ਨੂੰ ਮੰਨਦਿਆਂ ,ਨਲਕੇ ਤੱਕ ਲੰਘ ਜਾਣ  ਦੀ ਆਗਿਆ ਦੇ ਦਿੱਤੀ ।

ਅਰਕਾਂ ਤੱਕ ਗਿੱਲੀਆਂ ਬਾਹਾਂ, ਟਾਕੀਆਂ ਲੱਗੇ ਝੱਗੇ ਨਾਲ ਪੂੰਜਦੇ ਸੰਤੇ ਨੂੰ ਸਕੂਲ ਅੰਦਰਲੇ ਫੁਲ-ਬੂਟਿਆਂ ਨੂੰ  ਵੇਖੀ ਜਾਣ ਦਾ ਜਿਵੇਂ ਚਾਅ ਚੜ੍ਹ ਗਿਆ ਹੋਵੇ । ਉਹ ਆਨੇ-ਬਹਾਨੇ ਦੁਪਹਿਰਾਂ ਤੱਕ ਸਕੂਲ ਦੁਆਲੇ ਚੱਕਰ ਕਟਦਾ, ਨੱਚਦੇ ਟੱਪਦੇ , ਅੰਦਰ ਬਾਹਰ ਖੇਡਦੇ ਮੁੰਡਿਆਂ ਨੂੰ ਦੇਖਦਾ ਆਪ-ਮੁਹਾਰੇ ਹੱਸਦਾ ਰਿਹਾ ।

ਅੱਧੀ ਛੁੱਟੀ ਬੰਦ ਹੋਣ ਦੀ ਘੰਟੀ ਸੁਣ ਕੇ ਹਸਦਾ-ਖੇਲਦਾ ਸੰਤਾ , ਔੜ ਮਾਰੀ ਕੱਲਰੀ ਧਰਤੀ ਵਾਂਗ ਕਰੂੰਡਿਆ ਗਿਆ । ਦੁਪਹਿਰ ਢਲਣ ਪਿਛੋਂ , ਭੁੱਖ ਨਾਲ ਵਲੂੰਧਰੇ ਸੰਤੇ ਦੇ ਪੈਰ ਪੂਰਾ ਤਾਣ ਲਾਉਣ ਤੇ ਵੀ ਆਪਣੇ ਘਰ ਨੂੰ ਨਾ ਪਰਤੇ ਅਤੇ ਖਿਚਦੇ-ਧੂਹੰਦੇ ਉਸ ਨੂੰ ਮੁੜ ਉਸੇ ਹੀ ਵਰਕਸ਼ਾਪ ਲੈ ਗਏ, ਜਿੱਥੋਂ ਸਵੇਰੇ ਉਸ ਨੂੰ ਬਾਹਰ ਕੱਢ ਦਿੱਤਾ ਗਿਆ ਸੀ ।

ਕਿਉਂ , ਆ ਗਿਆ ਗੋਲ੍ਹਾ ਟਿਕਾਣੇ........? ਤੇਲ ਲਿਬੜੇ ਹੱਥਾਂ ਨਾਲ ਮਾਲਕ-ਮਿਸਤਰੀ ਨੇ ਪੁਛਿਆ ।

ਹੂੰਅ ......... ਸੰਤੇ ਨੇ ਬਿਨਾਂ ਕੁਝ ਪਿੜ-ਪੱਲੇ ਪਿਆ ਹਾਂ ਵਿੱਚ ਸਿਰ ਮਾਰ ਦਿੱਤਾ ।

ਮਾਲਕ-ਮਿਸਤਰੀ ਨੇ ਕਈ ਤਰ੍ਹਾਂ ਦੀਆਂ ਹਦਾਇਤਾਂ ਦੇ ਕੇ ਇਕ ਵਾਰ ਫਿਰ ਉਸ ਨੂੰ ਕੰਮ ਤੇ ਲਾ ਲਿਆ । ਪਰ ਥੋੜ੍ਹੇ ਹੀ ਦਿਨਾਂ ਪਿਛੋਂ ਉਸ ਦੀ ਇੰਜਣ ਖੋਲਣ-ਬੰਨਣ ਦੀ ਤੇਜ਼-ਤਰਾਸ਼ ਸੂਝ ਨੂੰ ਭਾਂਪਦਿਆਂ ,ਬਰਾਬਰ ਦਾ ਕਾਰੀਗਰ ਬਣਦਾ ਦੇਖ ਕੇ , ਪਹਿਲਾਂ ਆਨੇ-ਬਹਾਨੇ ਉਸ ਨੂੰ ਕਈ ਵਾਰ ਡਾਂਟਿਆ, ਫਿਰ ਇਕ ਦਿਨ ਮੁੜ ਸੜਕ ਤੇ ਤੁਰਦਾ ਕਰ ਦਿੱਤਾ । ਨਿਮੋਸ਼ੀ ਮਾਰੇ ਸੰਤੇ ਨੇ ਉਹ ਰਾਤ ਲਕੜ ਦੇ ਆਟਾਲ ਦੇ ਪਿਛਵਾੜੇ ਬਣੀ ਆਰੇ ਦੀ ਸ਼ੈਡ ਹੇਠ ਗੁਜ਼ਾਰੀ। ਉਸ ਤੋਂ ਅਗਲੇ ਦਿਨ ਤੋਂ ਉਹ ਬੂਰੇ ਦੀਆਂ ਬੋਰੀਆਂ ਭਰ ਕੇ ਘਰੋ-ਘਰ ਅਪੜਾਉਣ ਦਾ ਠੇਕੇਦਾਰ ਬਣ ਗਿਆ ।

ਲੱਕੜ ਦੇ ਪਹੀਆਂ ਦੀ ਢਿੱਚਕੂ-ਢਿੱਚਕੂ ਕਰਦੀ ਕਰਾਏ ਦੀ ਹੱਥ-ਰੇੜ੍ਹੀ ਉਤੇ ਬੂਰੇ ਦੀਆਂ ਭਰੀਆਂ ਬੋਰੀਆਂ ਕਸਬੇ ਦੀਆਂ ਤੰਗ ਗਲੀਆਂ ਵਿਚੋਂ ਦੀ ਲੰਘ ਕੇ ਉੱਚੇ-ਨੀਵੇਂ ਘਰਾਂ ਤੱਕ ਢੋਹੰਦੇ ਸੰਤੇ ਨੇ ਦੋ ਕੁ ਸਾਲਾਂ ਅੰਦਰ ਜਿੰਨਾ ਕੱਦ ਕੱਢਿਆ, ਫਲਾਹ ਦੇ ਮੁਢ ਵਿੱਚ ਫਸ ਕੇ ਟੁਟੀ ਆਰੀ ਨੇ ਉਸ ਨਾਲੋਂ ਕਿਤੇ ਬਹੁਤਾ ਇਕ ਦਿਨ ਛਾਂਗ ਸੁਟਿਆ । ਬੂਰੇ ਵਾਲੇ ਟੋਏ ਵਿੱਚ ਖੜੇ ਦੀ ਖੱਬੀ ਲੱਤ ਵਿਚਕਾਰੋਂ ਵੱਢ ਹੋ ਕੇ ਲੁੜਕ ਗਈ । ਨਾਲ ਲਮਕਦੀ ਬਾਕੀ ਰਹਿੰਦੀ ਹਸਪਤਾਲ ਪਹੁੰਚਦਿਆਂ ਡਾਕਟਰਾਂ ਟੁਕ ਦਿੱਤੀ ।

ਆਰੇ-ਵਾਲਿਆਂ ਦੀ ਵੇਲੇ ਸਿਰ ਦਿੱਤੀ ਸਹਾਇਤਾ ਨਾਲ ਸੰਤਾ ਬਚ ਤਾਂ ਗਿਆ ਪਰ ਤਿੰਨੀ ਕੁ ਮਹੀਨੀਂ ਵਸਾਖੀਆਂ ਟੇਕਦਾ, ਇਕ ਲੱਤ ਭਾਰ ਜਦ ਉਹ ਘਰ ਦੀਆਂ ਬਰੂਹਾਂ ਟੱਪ ਕੇ ਵਿਹੜੇ ਵਿਚ ਆ ਖੜਾ ਹੋਇਆ , ਤਾਂ ਆਪਣੇ ਇਕੋ ਇਕ ਸਹਾਰੇ ਨੂੰ ਆਪਣੇ ਵਰਗਾ ਦੇਖ ਕੇ ਅਮਰੂ ਦੀਆਂ ਭੁਬਾਂ ਨਿਕਲ ਗਈਆਂ । ਅਲਾਣੀ ਮੰਜੀ ਦੇ ਟੁਟੇ ਵਾਣ ਅੰਦਰ ਢੱਠੇ ਸੰਤੂ ਦੀ ਪੁਆਂਦੀ ਬੈਠੇ ਅਮਰੂ ਦੀਆਂ ਅੱਖਾਂ ਦਾ ਪਾਣੀ ਤਰਕਾਲਾਂ ਤੱਕ ਉਸ ਦੇ ਗੋਡੇ ਭਿਉਂਦਾ ਰਿਹਾ ।ਹਟਕੋਰੇ ਭਰਦੇ ਪਿਓ-ਪੁਤਰ ਦਿਨ ਡੁਬਣ ਤੇ , ਭੁਖੇ-ਨਿਤਾਣੇ ਲੇਅ-ਲੱਥੀ ਕੋਠੜੀ ਅੰਦਰ ਦੜੀਆਂ ਦੋ ਮੰਜੀਆਂ ਤੇ ਲੇਟ ਗਏ ਅਤੇ ਬਿਨਾਂ ਕੁਝ ਬੋਲੇ-ਚਾਲੇ ਰਾਤ ਦੇ ਸਾਗਰ ਵਿਚ ਤਰਦੇ-ਡੁੱਬਦੇ ਸਵੇਰ ਹੋਣ ਤੱਕ ਸੁਤੇ ਰਹੇ ।

ਅਗਲੇ ਦਿਨ ਰੋਜ਼ ਵਾਂਗ ਅਮਰੂ ਸੂਰਜ ਚੜ੍ਹਨ ਪਿਛੋਂ ਜਾਗਿਆ ਤੇ ਨਾਲ ਹੀ ਸੰਤੇ ਨੂੰ ਵੀ ਉਠਾਲ ਲਿਆ । ਕੱਚੇ ਭਿੱਤਾਂ ਦੀ ਕੰਧ ਅੰਦਰ ਠੋਕੀ ਕੀਲੀ ਨਾਲ ਲਟਕਦਾ ਇਕ ਬੰਦਰੰਗ ਜਿਹਾ ਥੈਲਾ ਲਾਹ ਕੇ ,ਉਸ ਵਿਚ ਟੁੱਕਣ ਖਾਣ ਵਾਲੀਆਂ ਇਕ ਦੀ ਥਾਂ ਦੋ ਕੌਲੀਆਂ ਪਾ ਕੇ, ਖੱਬੇ ਮੋਢੇ ਨਾਲ ਉਹ ਲਟਕਾ ਲਿਆ ।ਹੱਥਾਂ ਦੀਆਂ ਘੋੜ੍ਹੀਆਂ ਅਤੇ ਕੁਲ੍ਹਿਆਂ ਭਾਰ ਘਸੀਟ ਹੁੰਦੇ ਅਮਰੂ ਦੇ ਪਿੱਛੇ-ਪਿੱਛੇ ਵਸਾਖੀਆਂ ਆਸਰੇ ਤੁਰਿਆ ਸੰਤਾ ਵੀ ਸੋਢੀਆਂ ਦੀ ਬਾਹਰਲੀ ਕੋਠੀ ਪਹੁੰਚ ਗਿਆ ।

ਇਹ ਪਿੱਗਲਵਾੜਾ.........? ਜੋ ਲੂਲ੍ਹਾ ਲੰਗੜਾ ਮੂੰਹ ਚੁਕੀ ਅੰਦਰ ਆ ਵੜਦਾ ........!  ਸੋਢੀਆਂ ਦੇ ਟੱਬਰ ਕੇ ਕਿਸੇ ਜੀਅ ਨੇ ਦੋਨਾਂ ਪਿਓ-ਪੁਤਰਾਂ ਦੇ ਗੇਟ ਵੜਦਿਆਂ ਸੁਆਗਤੀ ਬੋਲ ਬੋਲੇ ।

ਲਾਚਾਰਗੀ ਤੇ ਹੀਣਤਾਂ ਦੇ ਭਾਰ ਹੇਠਾਂ ਮਿੱਧੀ ਹੋਈ ਸੰਤੇ ਦੀ ਜੁਆਨ ਸੂਝ , ਇਕੋ ਝਟਕੇ ਨਾਲ ਤੁਰੰਡੀ ਗਈ , ਪਰ ਅਮਰੂ ਦੇ ਸਵੈਮਾਨ ਨੂੰ ਕੋਈ ਠੇਸ ਨਾ ਲੱਗੀ । ਉਸ ਨੇ ਵੱਡੇ ਬਾਬੇ ਦਾ ਮਿੰਨਤ ਤਰਲਾ ਕੀਤਾ ਅਤੇ ਸੰਤੂ ਨੂੰ ਵੀ ਆਪਣੇ ਵਾਂਗ ਦੋ ਡੰਗ ਦੀ ਰੋਟੀ ਬਦਲੇ ਨੌਕਰ ਕਰਵਾ ਲਿਆ।ਥੋੜੇ ਈ ਸਮੇਂ ਪਿਛੋਂ , ਨਿੱਕੇ-ਮੋਟੇ ਕੰਮ ਸੁਆਰਦਾ ਸੰਤਾ , ਟਰੈਕਟਰਾਂ ਦੀ ਖੋਲ੍ਹ-ਖੁਲਾਈ ਜਾਨਣ ਕਰਕੇ ਸੋਢੀਆਂ ਦੀ ਨਿਗਾਹ ਚੜ੍ਹ ਗਿਆ। ਉਹਨਾਂ ਉਸ ਦੀ ਟੁਟੀ ਲੱਤ ਲੱਕੜ ਦੀ ਲੁਆ ਕੇ ਉਸ ਨੂੰ ਟਰਾਲੀ ਦੇ ਕੰਮ ਤੇ ਪੱਕਾ ਨਰੜ ਦਿਤਾ ।

ਭਾਅ......ਚਲ , ਚਲੀਏ .........., ਦੀ ਤਿੱਖੀ ਲਮਕਵੀਂ ਆਵਾਜ਼ ਸੁਣ ਕੇ ਉਠਿਆ , ਡੰਗੋਰੀ ਆਸਰੇ ਤੁਰਿਆ ਜਦ ਸੰਤਾ ਮੁੜ ਆਪਣੇ ਫੋਰਡ ਦੀ ਸੀਟ ਤੇ ਆ ਬੈਠਾ ਤਾਂ ਉਸ ਨੂੰ ਜਾਪਿਆ ਕਿ ਉਸ ਦੀ ਟਰਾਲੀ ਦੇ ਸੁਆਰਾਂ ਵਿਚੋਂ  ਕੇਵਲ ਉਸ ਕੱਲੇ ਦੀ ਈ ਇਕ ਲੱਤ ਲਕੜ ਦੀ ਨਈਂ ਸਗੋਂ ਖੁਲ੍ਹੀ-ਖ੍ਹੋਕਲੀ ਧਰਤੀ ਦੀ ਹੱਦਾ-ਬੰਨਿਆਂ ਦੀ ਮਾਲਕੀ ਨੇ ਉਸ ਦੇ ਵਿਹੜੇ ਦੇ ਸਾਰੇ ਦੇ ਸਾਰੇ ਜੀਆਂ ਦੀਆਂ ਦੋਨੋਂ-ਦੋਨੋਂ ਲੱਤਾਂ ਟੁਕ ਕੇ ਲਕੜ ਦੀਆ ਲੁਆ  ਰੱਖੀਆਂ ਹਨ ,ਜਿਨ੍ਹਾਂ ਨੂੰ ਦੋ-ਡੰਗਾਂ ਦੀ ਰੋਟੀ ਬਦਲੇ ਟਰੈਕਟਰਾਂ-ਟਰਾਲੀਆਂ ਦੀਆਂ ਡੰਗੋਰੀਆਂ ਆਸਰੇ ਫ਼ਸਲਾਂ ਦੀ ਹਵਸ ਪੂਰੀ ਕਰਦੇ ਜ਼ਰੂਰੀ ਤੱਤਾਂ ਵਾਂਗ ਇਕ ਖੇਤ ਅੰਦਰ ਖਿਲਾਰ ਦਿਤਾ ਜਾਂਦਾ ਹੈ .........ਜਾਂ ਦੂਜੇ ਅੰਦਰੋਂ...........ਸਮੇਤ..........ਲਿਆ .........ਜਾਂਦਾ ਹੈ ।

----------------------------------

ਰੁਮਾਲੀ(ਕਹਾਣੀ)

ਲਾਲ ਸਿੰਘ ਦਸੂਹਾ

--------------------

.......ਬੁੜ੍ਹਾ ਤੇਰਾ , ਕੁੜੀਆਂ ਘਰੋਂ ਤੋਰਦਾ ਆਹ ਪਿਛੇ ਜਿਹੇ ਰੱਬ ਨੂੰ ਪਿਆਰਾ ਹੋ ਗਿਆ .........ਸਭ ਤੋਂ ਛੋਟੀ ਦੇ ਵਿਆਹ ਤੋਂ ਪੰਜ-ਚਾਰ ਦਿਨ ਪਹਿਲਾਂ ਅਖੀਰਲੇ ਦੋ ਖੇਤ ਗਹਿਣੇ ਕਰਨ ਗਿਆ ਵਿਚਾਰਾ, ਤਹਿਸੀਲੇ ਈ ਢੇਰੀ ਹੋ ਗਿਆ .........ਤੁਰੀ ਜਾਂਦੀ ਡੋਲੀ ਵਿਚੋਂ ਨਿਕਲ ਕੇ ਬਾਹਾਂ ਮਾਰਦੀ ਛਿੰਦੋ , ਪਿਓ ਦੇ ਬਲਦੇ ਸਿਵੇ ਵੱਲ ਨੂੰ ਨੱਠਦੀ ਬਰਾਤੀਆਂ ਨੇ ਕਈ ਵਾਰ ਸੰਭਾਲੀ ......ਅਗਲੇ ਸਾਈਂ ਦੂਜੇ ਦਿਨ ਈ ਉਹਨੂੰ ਤੁਹਾਡੇ ਬੂਹੇ ਬਿਠਾ ਗਏ , ਅਖੇ ਉਹਨੂੰ ਕੋਈ ਬਾਹਰਲੀ ਕਸਰ ਐ.......ਉਸੇ ਦਿਨ ਤੋਂ ਦੋਨੋਂ ਮਾਵਾਂ ਧੀਆਂ ਸੁਦੈਣਾਂ ਹਾਰ ਦਿਨ ਕਟੀ ਕਰਦੀਆਂ ......।

( ਇਸੇ ਕਹਾਣੀ ਵਿਚੋਂ )

--------------------

ਉਸ ਨੂੰ ਸਿਆਣ ਕੇ ਕਿਸੇ ਨੇ ਆਵਾਜ਼ ਮਾਰੀ – ਓਏ .........ਗੀਬਿਆ ।

ਗੀਬੇ ਨੇ ਅਬੜਵਾਹੇ ਉਸ ਵਲ ਦੇਖਿਆ ਤੇ ਮੁਰਾਦਪੁਰੀਏ ਮੋਹਣੇ ਨੂੰ ਪਛਾਣ ਗਿਆ ।ਆਪਣੇ ਗਰਾਈ ਭਲਵਾਨ ਨੂੰ ਦੇਖਦਿਆ ਸਾਰ ਗੀਬੇ ਦੇ ਚਿਹਰੇ ਤੇ ਅਜੀਬ ਜਿਹੀ ਰੰਗਤ ਆ ਕੇ ਪਲਾਂ ਅੰਦਰ ਅਲੌਪ ਹੋ ਗਈ । ਉਹਦੇ ਮੂੰਹੋਂ ਆਪ-ਮੁਹਾਰੇ ਮੋਹਣੇ ਦਾ ਨਾਂ ਨਿਕਲਦਾ-ਨਿਕਲਦਾ ਮਸਾਂ ਰੁਕਿਆ । ਉਹਦਾ ਜੀਅ ਕੀਤਾ ਕਿ ਡੱਡਿਆ ਕੇ ਮੋਹਣੇ ਦੇ ਗਲੇ ਜਾ ਲੱਗੇ ਅਤੇ ਜੁੱਗਾਂ ਪਿਛੋਂ ਮਿਲੇ ਕਿਸੇ ਆਪਣੇ ਸਾਹਮਣੇ ਆਪਣੇ ਦੁੱਖਾਂ ਦੀ ਪਟਾਰੀ ਖੋਲ੍ਹ ਦੇਵੇ । ਪਰ ਪਤਾ ਨਹੀਂ ਕੀ ਸੋਚ ਕੇ ਉਸ ਨੇ ਫਿਰ ਨਿਰਮੋਹ ਹੋਇਆ ਮਨ ਕਰੜਾ ਕਰ ਲਿਆ । ਬੜੇ ਹੀ ਨਾਟਕੀ ਢੰਗ ਨਾਲ ਮੋਹਣੇ ਉਤੇ ਤਿਲ੍ਹਕਵੀਂ ਜਿਹੀ ਨਜ਼ਰ ਮਾਰ ,ਉਸ ਦੇ ਮੂੰਹ ਦੂਜੇ ਪਾਸੇ ਭੁਆ ਲਿਆ ਅਤੇ ਰੌਸ਼ਨਆਰਾ ਰੋਡ ਉਤੇ ਲੱਗੀਆਂ ਟਰੱਕਾਂ ਦੀਆਂ ਕਤਾਰਾਂ ਅੰਦਰ ਗੁਆਚ ਗਿਆ ।

ਮੋਹਣੇ ਨੇ ਉਸ ਨੂੰ ਦੂਜੀ ਆਵਾਜ਼ ਮਾਰੀ ਹੈ ਕਿ ਨਹੀਂ , ਉਹ ਉਸ ਦੇ ਪਿਛੇ ਪਿਛੇ ਆਇਆ ਹੈ ਕਿ ਨਹੀਂ , ਜੀਬੇ ਨੇ ਪਿਛਾਂਹ ਪਰਤ ਕੇ ਬਿਲਕੁਲ ਨਾ ਦੇਖਿਆ । ਬੱਸ ਰਵਾਂ-ਰਵੀ ਦਫ਼ਤਰੋਂ ਲਿਆਂਦੀਆਂ ਬਿਲਟੀਆਂ ਮਰੋੜਦਾ ਆਪਣੀ ਗੱਡੀ ਦੇ ਸਟੇਰਿੰਗ ਤੇ ਜਾ ਬੈਠਾ । ਲੱਦੇ ਹੋਏ ਟਰੱਕ ਦੇ ਰੱਸੇ ਕੱਸ ਕੇ ਹਟੇ ,ਉਸ ਦੇ ਕਲੀਨਰ ਨੇ ਸਾਰੇ ਟਾਇਰਾਂ ਦੀ ਹਵਾ ਲੋਹੇ ਦੇ ਲੀਵਰ ਨਾਲ ਥਾਪੜੀ ,ਸਟਪਨੀ ਦੇਖੀ ਅਤੇ ਦੂਜੀ ਖਿੜਕੀਓਂ ਅੰਦਰ ਆਉਂਦਿਆਂ ਸਾਰ ਬੋਲਿਆ , ਚਾਲੋ, ਉਸਤਾਦ !

ਟੂਲ ਦੀ ਕੁੰਡੀ ਲਾਹ ਕੇ ਗੀਬੇ ਨੇ ਗੁੱਛਾ ਹੋਈਆਂ ਬਿਲਟੀਆਂ ਸਿੱਧੀਆਂ ਕਰ ਕੇ ਤਾਰ ਅੰਦਰ ਪਰੋਈਆਂ ਅਤੇ ਸਾਂਭ ਲਈਆਂ । ਮਾਰਵਾੜੀ ਅਗਰਬੱਤੀ ਬਾਲ ,ਸਾਹਮਣੇ ਲੱਗੀ ਅਧਨੰਗੀ ਜ਼ੀਨਤ ਆਮਾਨ ਦੀ ਫ਼ਰੇਮ ਕੀਤੀ ਫੋਟੋ ਥੱਲੇ ਧੂਫ਼ਦਾਨੀ ਉਤੇ ਟੰਗ ਦਿੱਤੀ । ਡੈਸ਼ਬੋਰਡ ਤੇ ਪਈ ਜ਼ਰਦੇ ਦੀ ਪੁੜੀ ਵਿਚੋਂ ਥੋੜਾ ਤਮਾਕੂ ਖੱਬੇ ਹੱਥ ਦੀ ਤਲੀ ਉਤੇ ਝਾੜ ਕੇ ਸੱਜੇ ਹੱਥ ਦੇ ਅੰਗੂਠੇ ਨਾਲ ਰਗੜਿਆ । ਤਲੀ ਉਪਰਲਾ ਘੱਟਾ ਥਪੇੜ ਕੇ ,ਉਸ ਨੇ ਸੱਜੇ ਹੱਥ ਦੀਆਂ ਦੋਹਾਂ ਉਂਗਲਾਂ ਨਾਲ ਬੁੱਲ੍ਹ ਪਿਛਾਂਹ ਕੀਤਾ ਅਤੇ ਸਾਰਾ ਮਾਵਾ ਹੇਠਲੇ ਜਬਾੜੇ ਅਤੇ ਬੁੱਲ ਵਿਚਕਾਰ ਢੇਰੀ ਕਰ, ਕੁੱੜਤਣ ਤਾਕੀਓਂ ਬਾਹਰ ਪਿਚਕਾਰ ਦਿੱਤੀ ।

ਦੋਨੋਂ ਹੱਥ ਜੋੜ ,ਅੱਖਾਂ ਮੀਟ , ਗੀਬੇ ਨੇ ਕਿਸੇ ਇਸ਼ਟ ਨੂੰ ਬੰਦਨਾ ਕੀਤੀ । ਅਡੋਲ ਖੜੇ ਟਰੱਕ ਦ ਕਲੱਚ ਦਬਾ ਕੇ ਸਟਾਰਟਰ ਨੱਪ ਦਿੱਤਾ । ਥੋੜੀ ਜਿਹੀ ਘੁਰ-ਘੁਰ ਪਿਛੋਂ ਇੰਜਣ ਚਲ ਪਿਆ । ਇਕ ਵਾਰ ਫਿਰ ਉਸ ਨੇ ਦੋਨੋਂ ਹੱਥ ਜੋੜ , ਪਹਿਲਾ ਗੀਅਰ ਪਾ ,ਕਿਸੇ ਇਸ਼ਟ ਨੂੰ ਬੰਦਨਾ ਕਰ ਕੇ ਅੱਖਾਂ ਖੋਲ੍ਹੀਆਂ ਹੀ ਸਨ ਕਿ ਗੱਡੀ ਸਾਹਮਣੇ ਖੜਾ ਮੋਹਣਾ ਉਸ ਨੂੰ ਫਿਰ ਦਿਸ ਪਿਆ ।

ਛਿੰਨ ਭਰ ਖੜਾ ਰਹਿਣ ਪਿਛੋਂ ਮੋਹਣੇ ਨੇ ਗੀਬੇ ਨੂੰ ਇਉਂ ਹੱਥ ਮਾਰਿਆ , ਜਿਵੇਂ ਆਖ ਰਿਹਾ ਹੋਵੇ, ਚੱਲ ਲੈ ,ਬੱਚੂ........ਜਿਵੇਂ ਚਲਣਾ !

ਕੋਈ ਚਾਰਾ ਨਾ ਚਲਦਾ ਦੇਖ ,ਗੀਬੇ ਨੇ ਸੀਟ ਤੋਂ ਬਾਹਰ ਛਾਲ ਮਾਰੀ ਅਤੇ ਮੋਹਣੇ ਨੂੰ ਜਾ ਜੱਫੀ ਪਾਈ ।

ਬੜਾ ਬੇਮੁਖ ਹੋ ਗਿਐਂ ! ਮੋਹਣੇ ਨੇ ਟਕੋਰ ਮਾਰੀ ।

ਸੌਂਹ ਗੁਰੂ ਦੀ ਪਛਾਣਿਆ ਈ ਨਹੀਂ ਸੀ ........ਨਹੀਂ ਤਾਂ ........ ਗੀਬੇ ਨੇ ਪਰਦਾ ਪਾਉਣ ਦਾ ਯਤਨ ਕੀਤਾ ।

........ਨਹੀਂ ਤਾਂ , ਗੱਡੀ ਉਪਰੋਂ ਲੰਘਾ ਦੇਣੀ ਸੀ । ਮੋਹਣੇ ਨੇ ਗੀਬੇ ਨੂੰ ਅਗਾਊਂ ਦੀ ਵਗਲ੍ਹ ਲਿਆ ।

ਹਾਰੇ ਹੋਏ ਜੁਆਰੀਏ ਵਾਂਗ ਹਸਦੇ ਗੀਬੇ ਨੇ ਮੋਹਣੇ ਨੂੰ ਚਾਹ ਪਾਣੀ ਪੁੱਛਿਆ , ਪਰ ਆੜਤੀਆਂ ਤੋਂ ਆਲੂਆਂ ਦੇ ਪੈਸੇ ਲੈਣ ਦੀ ਕਾਹਲ ਅੰਦਰ ਹੋਣ ਕਾਰਨ ਮੋਹਣੇ ਨੇ   ਕੰਮ ਦੀ ਗੱਲ ਕਰਨ ਲਈ ਭੂਮਿਕਾ ਬੰਨ੍ਹਣੀ ਚਾਲੂ ਕਰ ਦਿੱਤੀ , ਕਿਥੇ ਰਿਹੈਂ ਚੌਦਾਂ-ਪੰਦਰਾਂ ਸਾਲ ?

ਐਹਨਾਂ ..........ਗੱਡੀਆਂ ਤੇ ਈ,ਹੋਰ ਕਿਥੇ ਰਹਿਣਾ ਸੀ , ਗੀਬੇ ਨੇ ਸੱਚ ਆਖ ਦਿੱਤਾ ।

ਇਹ ਘਰੋਂ ਘਾਟੋਂ ਉਜਾੜਦੀਆਂ ਤਾਂ ਨਹੀਂ ਲੋਕਾਂ ਨੂੰ ਤੇਰੀ ਤਰ੍ਹਾਂ । ਇਹ ਤਾਂ ਸਗੋਂ ਗੱਠਦੀਆਂ ,ਗੱਠਦੀਆਂ । ਜੇ , ਤੂੰ ਜ਼ਰਾ ਉਪਰਲੇ ਜੋੜੀਂ ਈ ਹੋ ਗਿਆ ਸੀ ਤਾਂ ਸੌਹਰਿਆ ਕਿਤੇ , ਬੁੜੀ ਦੀ ਸੁੱਥਣ ਨੂੰ ਟਾਕੀਆਂ-ਟੂਕੀਆਂ ਲੁਆ ਦੇਂਦਾ , ਉਸ ਵਿਚਾਰੀ ਦਰ-ਦਰ ਭਾਂਡੇ ਮਾਂਜਦੀ ਫਿਰਦੀ ਆ ਲੋਕਾਂ ਦੇ , ਮੋਹਣੇ ਨੂੰ ਗੀਬੇ ਨੂੰ ਮੋਢਿਓਂ ਫੜ ਕੇ ਹਿਲਾਈਆ ।

ਫਿਰ ਮੋਹਣੇ ਨੇ ਉਸ ਦੇ ਘਰ ਦੀ ਸੁੱਖ-ਸਾਂਦ ਦੱਸਣੀ ਚਾਲੂ ਰੱਖੀ ,.......ਬੁੜ੍ਹਾ ਤੇਰਾ , ਕੁੜੀਆਂ ਘਰੋਂ ਤੋਰਦਾ ਆਹ ਪਿਛੇ ਜਿਹੇ ਰੱਬ ਨੂੰ ਪਿਆਰਾ ਹੋ ਗਿਆ .........ਸਭ ਤੋਂ ਛੋਟੀ ਦੇ ਵਿਆਹ ਤੋਂ ਪੰਜ-ਚਾਰ ਦਿਨ ਪਹਿਲਾਂ ਅਖੀਰਲੇ ਦੋ ਖੇਤ ਗਹਿਣੇ ਕਰਨ ਗਿਆ ਵਿਚਾਰਾ, ਤਹਿਸੀਲੇ ਈ ਢੇਰੀ ਹੋ ਗਿਆ .........ਤੁਰੀ ਜਾਂਦੀ ਡੋਲੀ ਵਿਚੋਂ ਨਿਕਲ ਕੇ ਬਾਹਾਂ ਮਾਰਦੀ ਛਿੰਦੋ , ਪਿਓ ਦੇ ਬਲਦੇ ਸਿਵੇ ਵੱਲ ਨੂੰ ਨੱਠਦੀ ਬਰਾਤੀਆਂ ਨੇ ਕਈ ਵਾਰ ਸੰਭਾਲੀ ......ਅਗਲੇ ਸਾਈਂ ਦੂਜੇ ਦਿਨ ਈ ਉਹਨੂੰ ਤੁਹਾਡੇ ਬੂਹੇ ਬਿਠਾ ਗਏ , ਅਖੇ ਉਹਨੂੰ ਕੋਈ ਬਾਹਰਲੀ ਕਸਰ ਐ.......ਉਸੇ ਦਿਨ ਤੋਂ ਦੋਨੋਂ ਮਾਵਾਂ ਧੀਆਂ ਸੁਦੈਣਾ ਹਾਰ ਦਿਨ ਕਟੀ ਕਰਦੀਆਂ ।

ਨੀਵੀਂ ਪਾਈ ਖੜੋਤੇ ਗੀਬੇ ਦੀਆਂ ਖੁਸ਼ਕ ਅੱਖਾਂ ਸਾਹਮਣੇ , ਮੋਹਣੇ ਦੀਆਂ ਦਸੀਆਂ ਗੱਲ੍ਹਾਂ ਚੋਂ ਉਭਰੀ ਧੁੰਦਲੀ ਜਿਹੀ ਤਸਵੀਰ ਘੁੰਮਣ ਲੱਗੀ । ਉਸ ਦੀ ਬੱਜਰ ਹੋਈ ਸੋਚ ਭਿੰਨ ਭਿੰਨ ਤਰ੍ਹਾਂ ਦੇ ਨਿਰਣੇ ਕਰਨ ਦੀਆਂ ਦਿਸ਼ਾਵਾਂ ਦੇਖਣ ਲੱਗੀ ।

ਪਰ ਮੋਹਣੇ ਨੇ ਧੋਬੀ-ਪਟਕਾ ਮਾਰਨ ਤੋਂ ਪਹਿਲਾਂ ਆਪਣੀ ਪਕੜ ਹੋਰ ਮਜ਼ਬੂਤ ਕਰਨ ਲਈ ਅੱਗੇ ਆਖਣਾ ਚਾਲੂ ਰਖਿਆ, ਮੈਂ ਤਾਂ ਭਲਵਾਨਾਂ , ਪੁਰਾਣੀ ਸਾਂਝ ਕਰਕੇ ਈ ਤੈਨੂੰ ਖ਼ਬਰਦਾਰ ਕਰਦਾਂ, ਨਹੀਂ ਤਾਂ ਕੌਣ ਕਿਸੇ ਡੁੱਬਦੇ ਨੂੰ ਬਚਾਉਂਦੈ ਅੱਜਕੱਲ੍ਹ..........ਐਉਂ ਕਰ ,ਤੂੰ ਪਿੰਡ ਦਾ ਗੇੜਾ-ਗੁੜਾ ਰਖਿਆ ਕਰ, ਨਹੀਂ ਤਾਂ ਸ਼ਰੀਕਾਂ ਨੇ ਬੁੜ੍ਹੀ ਮਾਰ ਕੇ ਕੋਰੇ ਤੇ ਈ ਗੂਠਾ ਲੁਆ ਲੈਣਾ.......ਤੇਰੇ ਪੱਲੇ ਘਰ ਦੀਆਂ ਚਾਰ ਕੜੀਆਂ ਵੀ ਨਹੀਂ ਆਉਣ ਦੇਣੀਆਂ.........ਸਰਕਾਰੇ ਦਰਬਾਰੇ , ਪਹਿਲਾਂ ਈ ਤੈਨੂੰ ਮਾਰ-ਮੁੱਕਾ ਚੁੱਕਾ ਸਮਝੀ ਬੈਠੇ ਆ ਸਾਰੇ ........।

.........ਆਹ ਗੇੜਾ ਲਾ ਕੇ ਮੈਂ ਜ਼ਰੂਰ-ਬਰ-ਜ਼ਰੂਰ ਪਿੰਡ ਆਉਂ , ਆਖਦਿਆਂ ਗੀਬੇ ਦੀਆਂ ਅੱਖਾਂ ਅੰਦਰ ਥੋੜ੍ਹੀ ਜਿਹੀ ਨਮੀਂ ਉਤਰ ਆਈ ।

ਪਰ ਮੋਹਣੇ ਨੇ ਪੁੱਛ ਕੀਤੀ, ਆਹ ਗੱਡੀ ਆਪਣੀ ਆਂ, ਜਾਂ ਕਿਸੇ ਮਾਲਕ ਦੀ ।

........ਹਾਂ........ਹਾਂ ,ਆਪਣੀ ਈ ਆਂ, ਨਕਦ ਖ਼ਰੀਦੀ ਆ.......ਸੌਂਹ ਗੁਰੂ ਦੀ , ਉਤਰ ਦੇਂਦਿਆਂ ਗੀਬੇ ਦੀਆਂ ਅੱਖਾਂ ਵਿਚ ਆਈ ਹੋਈ ਨਮੀਂ ਫਿਰ ਅਲੋਪ ਹੋ ਗਈ ।

ਪਰ ਮੋਹਣੇ ਨੇ ਗੀਬੇ ਦੇ ਵਿਗੜੇ ਹੋਏ ਹੁਲੀਏ ਤੋਂ ਉਸ ਦੀ ਖਾਧੀ ਸੌਂਹ ਦੀ ਸੱਚਾਈ ਨੂੰ ਪਛਾਣਦਿਆਂ ਆਖਿਆ , ਜੇ ਗੱਡੀ ਈ ਚਲਾਉਣੀ ਹੋਈ ਤਾਂ ਅਸੀ ਵੀ ਪਾਉਣੀ ਆਂ , ਉਹ ਤੇ ਲੱਗ ਜਾਈਂ  ।

ਢੱਠੇ ਹੋਈ ਘੁਲਾਟੀਏ ਵਾਂਗ ਗੀਬੇ ਨੇ ਅਲਵਿਦਾ ਕਹਿਣ ਲਈ ਆਪਣੇ ਦੋਨੋਂ ਹੱਥ ਵਧਾਏ ।

ਮੋਹਣੇ ਨੇ ਤਦ ਬੜੀ ਗਰਮ-ਜੋਸ਼ੀ ਨਾਲ ਉਸ ਦੇ ਹੱਥ ਘੁਟਦਿਆਂ ਆਖਿਆ , ਘਾਬਰੀਂ ਨਾ ਗਿਰਾਈਂ, ਬਾਪੂ ਤੇਰੇ ਨੇ ਆਪਣੀ ਲਾਚਾਰੀ ਸਾਥੋਂ ਬਿਨਾਂ ਕਿਸੇ ਹੋਰ ਨੂੰ ਨਹੀਂ ਦੱਸੀ । ........ਤੁਹਾਡੇ ਸਾਰੇ ਖੇਤ ਸਾਡੇ ਕੋਲ ਈ ਗਹਿਣੇ ਆਂ .........ਜੇ ਅੱਧੇ-ਪਚੱਦੇ ਛਡਾਉਣ ਲਈ ਦੋ-ਚਾਰ ਬੈ ਵੀ ਕਰਨੇ ਪੈਣ ,ਤਾਂ ਵੀ ਅਸੀਂ ..........।

ਅਸਲੀ ਗੱਲ ਸੁਣਨ ਤੋਂ ਪਹਿਲਾਂ ਹੀ ਗੀਬਾ ਹੌਲੀ-ਹੌਲੀ ਤੁਰਦਾ ਮੁੜ ਆਪਣੀ ਸੀਟ ਤੇ ਜਾ ਬੈਠਾ । ਅੱਖਾਂ ਮੀਟ, ਦੋਨੋਂ ਹੱਥ ਜੋੜ ,ਕਿਸੇ ਇਸ਼ਟ ਨੂੰ ਬੰਦਨਾ ਕੀਤੇ ਬਿਨਾਂ ਹੀ , ਉਸ ਨੇ ਕਲੱਚ ਦਬਾ ਕੇ ਸਟਾਰਟਰ ਨੱਪ ਦਿੱਤਾ । ਥੋੜ੍ਹੀ ਜਿਹੀ ਘੁਰ-ਘੁਰ ਪਿੱਛੋਂ ਇੰਜਨ ਚਲ ਪਿਆ ।ਕੱਚੇ ਖੜਾ ਟਰੱਕ ਪੱਕੀ ਤੇ ਚੜ੍ਹ , ਆਪਣੇ ਰਾਹ ਹੋ ਤੁਰਿਆ ।

ਰੌਸ਼ਨਆਰਾ ਰੋਡ ਤੋਂ ਜਮਨਾ ਪੁਲ ਤਕ ਆਉਂਦਿਆਂ ਰਾਹ ਦੀ ਭੀੜ ਤੇ ਚੌਂਕਾਂ ਦੀਆਂ ਲਾਲ-ਪੀਲੀਆਂ ਬੱਤੀਆਂ ਅੰਦਰ ਗੀਬੇ ਨੂੰ ਮੋਹਣਾ ਬਿਲਕੁਲ ਨਾ ਦਿਸਿਆ । ਪਰ ਪੁਲ ਦੀ ਛੱਤ ਤੇ ਬਣੀ ਰੇਲ ਦੀ ਪਟੜੀ ਤੋਂ ਲੰਘਦੀ ਕਿਸੇ ਤੇਜ਼ ਰਫਤਾਰ ਮੇਲ ਗੱਡੀ ਦੀ ਸ਼ੂਕਦੀ ਠੱਕ-ਠੱਕ ਸੁਣਦਿਆਂ ਸਾਰ ,ਉਸ ਦੀ ਸਿਲ੍ਹਾਬੀ ਚੇਤਨਾ ਤੇ ਆਪਣੇ ਪਿੰਡ ਮੁਰਾਦਪੁਰ-ਝੱਜੀਂ ਅਤੇ ਆਸ ਪਾਸ ਪੈਦੀਆਂ ਛਿੰਜਾਂ ਅੰਦਰ ਵਜਦੇ ਢੋਲਾਂ ਦਾ ਡੱਗਾ ਵੱਜਣ ਲੱਗ ਪਿਆ , ਜਿਥੇ ਉਹਦਾ ਰੁਮਾਲੀ ਦਾ ਘੋਲ ਦੇਖਣ ਬੜੇ ਚਾਅ ਨਾਲ ਲੋਕ ਦੂਰੋਂ ਆਇਆ ਕਰਦੇ ਸਨ , ਅਤੇ ਜਿਨ੍ਹਾਂ ਅੰਦਰ ਕਈ ਵਰ੍ਹੇ ਕੋਈ ਵੀ ਮਾਂ ਦਾ ਲਾਲ ਉਸ ਦੀ ਕੰਢ ਨਹੀਂ ਸੀ ਲਾ ਸਕਿਆ । ਦੋ ਇਕ ਵਾਰ ਜਿੱਤੀ ਖੜੀ ਰੁਮਾਲੀ ਭਾਵੇਂ ਪਹਿਲਵਾਨਾਂ ਨੁੰ ਰੜਕਦੀ ਸੀ , ਪਰ ਆਪਣੇ ਹੀ ਪਿੰਡ ਦੀ ਚੜ੍ਹਦੀ ਪੱਤੀ ਦੇ ਕਾਲਜ ਪੜ੍ਹਦੇ ਮੋਹਣੇ ਤੋਂ ਸਿਵਾ ਗੀਬੇ ਨੂੰ ਕਦੀ ਕਿਸੇ ਨਹੀਂ ਸੀ ਟੋਹਿਆ । ਗੀਬੇ ਦੇ ਅਖਾੜੇ ਇਕ ਅੱਧ ਵਾਰ ਜ਼ੋਰ ਕਰਨ ਗਿਆ ਮੋਹਣਾ ਉਸ ਨੂੰ ਲੱਗਦੇ ਦਾਆਂ ਦਾ ਭੇਤ ਲੈ ਆਇਆ ਸੀ ,ਅਤੇ ਦੂਜੇ ਹੀ ਵਰ੍ਹੇ ਉਸ ਦੀ ਕੰਡ ਲਾ ਰੁਮਾਲੀ ਜਿੱਤ ਝੱਜਾਂ ਤੋਂ ਮੁਰਾਦਪੁਰ ਲੈ ਗਿਆ ਸੀ ।

ਅਗਲੇ ਦੋ-ਤਿੰਨ ਸਾਲ , ਕੱਲ ਦੇ ਛੋਕਰੇਂ ਹੱਥੋਂ ਹੋਈ ਨਿਮੋਸ਼ੀ ਧੋਣ ਲਈ ਗੀਬੇ ਨੇ ਪੂਰਾ ਤਾਣ ਲਾਇਆ ਸੀ ।ਗੁੱਥੇ ਹੋਏ ਭਰਵੇਂ ਸਰੀਰ ਨੂੰ ਆਉਂਦੇ ਕਈ ਸਾਕ ਵੀ ਮੋੜੇ ਸਨ , ਪਰ ਵੱਡੀ ਛਿੰਜ ਅੰਦਰ ਖੁੱਸੀ ਰੁਮਾਲੀ ਮੁੜ ਉਸ ਦੇ ਹੱਥ ਨਹੀਂ ਸੀ ਲੱਗੀ । ਅੰਤ ਨੂੰ ਆਪਣੀ ਹਾਰ ਮੰਨ ਕੇ ਗੀਬਾ ਆਪਣੇ ਵਿਰੁੱਧ , ਪਿਉ ਨੂੰ ਵੰਡੇ ਮਿਲੇ ਦਸਾਂ ਖੇਤਾਂ ਦੀ ਵਾਹੀ ਅੰਦਰ ਜੁਟ ਗਿਆ ਸੀ ।

ਸ਼ਾਹਦਰਾ ਲੰਘਦਿਆਂ , ਗੀਬੇ ਦੀਆਂ ਅੱਖਾਂ ਸਾਹਮਣੇ ਜਾਨ ਮਾਰ ਕੇ ਕੀਤੀ ਖੇਤੀ ਅੰਦਰ , ਉਸ ਤੋਂ ਛੋਟੀਆਂ ਪੰਜ ਭੈਣਾਂ ਦੇ ਮਿੱਟੀ ਹੋਏ ਲੀਰਾਂ ਵਿਚ ਹੰਢਾਉਂਦੇ , ਸੁਡੌਲ ਸਰੀਰ ਘੁੰਮਣ ਲੱਗੇ । ਜਿਨ੍ਹਾਂ ਦਾ ਸਿਰ ਕੱਜਣ ਲਈ ਉਹ ਇਕ ਰਾਤ ਬਾਪੂ ਨਾਲ ਸਲਾਹ ਕਰ ਕੇ , ਯੂਪੀਓਂ ਗਈ ਜ਼ੈਲਦਾਰਾਂ ਦੀ ਗੱਡੀ ਤੇ ਨੌਕਰਹੋ ਗਿਆ ਸੀ । ਡੁੱਬਦੇ ਸੂਰਜ ਦੀ ਲਾਲ ਵਰਗੀ ਭਾਅ ਮਾਰਦਾ ਉਹ ਪਿਉ ਦਾ ਰੋਅਬ-ਦਾਅਬ,ਚੌੜਾ ਚਿਹਰਾ , ਘਰੋਂ ਤੁਰਨ ਲੱਗੇ ਗੀਬੇ ਨੂੰ ਥਾਪੀ ਦੇਂਦਿਆਂ ਸਾਰ, ਕਿਸੇ ਸੰਸੇ ਕਾਰਨ ਵੀਰਾਨ ਕੱਲਰੀ ਧਰਤੀ ਤੇ ਜੰਮੀ ਸਿਰੜੀ ਵਾਂਗ ਮੁਰਝਾ ਗਿਆ ਸੀ ।

ਜਿਉਂ ਜਿਉਂ ਉਸ ਦੀ ਗੱਡੀ ਦਿੱਲੀਓਂ ਦੂਰ ਦੌੜੀ ਜਾ ਰਹੀ ਸੀ , ਤਿਉਂ ਤਿਉਂ ਗੀਬੇ ਨੂੰ ਆਪ ਗਲ ਘੁੱਟ ਕੇ ਮਾਰੇ ਚੌਦਾਂ-ਪੰਦਰਾਂ ਸਾਲਾਂ ਦਾ ਵਿਯੋਗ ਖਾਈ ਜਾ ਰਿਹਾ ਸੀ । ਭੈਣਾਂ ਦੇ ਹੱਥ ਪੀਲੇ ਕਰਨ ਲਈ ਕਮਾਈ ਕਰਨ ਘਰੋਂ ਨਿਕਲਿਆ ਇਕਲੌਤਾ ਗੀਬਾ , ਇਕ ਤੋਂ ਦੂਜੀ, ਦੂਜੀ ਤੋਂ ਤੀਜੀ ਗੱਡੀ ਬਦਲਦਾ, ਸ਼ਾਹਜਹਾਨਪੁਰੇਂ ਕਲਕੱਤੇ ਅਤੇ ਕਲਕਤਿਉਂ ਮੁੜ ਦਿੱਲੀ ਪਹੁੰਚ ਗਿਆ ਅਤੇ ਨਾਲ ਨਾਲ ਸਟੇਅਰਿੰਗ ਤੇ ਬੈਠਣ ਦੀ ਪੂਰੀ ਜਾਂਚ ਵੀ ਸਿੱਖ ਗਿਆ ਸੀ ।

ਕਈ ਵਾਰ ਉਸ ਦਾ ਜੀਅ ਕੀਤਾ ਕਿ ਸਭ ਕੁਝ ਛੱਡ ਛੁਡਾ ਕੇ ਮੁੜ ਪਿੰਡ ਪਹੁੰਚ ਆਪਣੇ ਜੱਦੀ-ਪੁਸ਼ਤੀ ਧੰਦੇ ਵਿਚ ਜੁਟ ਜਾਵੇ ,ਪਰ ਜਦੋਂ ਵੀ ਉਸ ਦੇ ਆਪਦੇ ਖੇਤਾਂ ਦੀ ਖੁਸ਼ਬੋ ਉਸ ਦੀਆਂ ਨਸਾਂ ਅੰਦਰ ਪ੍ਰਵੇਸ਼ ਕਰਨ ਦਾ ਜਤਨ ਕਰਦੀ ,ਜ਼ਰਦਾ,ਨਸਵਰ, ਅਫੀਮ,ਚਰਸ ਜਾਂ ਬੋਤਲ ਦੀ ਹਵਾੜ੍ਹ , ਉਸ ਦੇ ਅੰਦਰ ਵਾ-ਵਰੋਲੇ ਦੀ ਤਰ੍ਹਾਂ ਘੁੰਮ ਜਾਂਦੀ । ਇਸ ਤਰ੍ਹਾਂ ਹਵਾ ਅੰਦਰ ਤਾਰੀਆਂ ਲਾਉਂਦੇ ਗੀਬੇ ਨੇ ਕਰੀਬਨ ਪੰਦਰਾਂ ਸਾਲ ਹੰਢਾ ਲਏ , ਜਿਨ੍ਹਾਂ ਦੇ ਨਿਸ਼ਾਨ ਗੀਬੇ ਦੀ ਮੁੱਲਾਂ-ਕੱਟ ਦਾੜ੍ਹੀ ਅੰਦਰ ਉੱਗੇ ਪ੍ਰਤੱਖ ਦਿਸ ਰਹੇ ਸਨ । ਮੁੱਸ ਫੁਟਣ ਵੇਲੇ ਦਾ ਗੋਲ-ਭਰਵਾਂ ਚਿਹਰਾ , ਢਾਬਿਆਂ ਪਿਛਵਾੜੇ ਅਠਿਆਨੀ ਚੁਆਨੀ ਵਟਦੀਆਂ ਚਿਪਕੀਆਂ ਖਾਖਾਂ ਵਾਂਗ ਢਲ ਗਿਆ ਸੀ । ਡੌਲੇ , ਛਾਤੀ ਅਤੇ ਪਿੱਠ ਦੇ ਗੁੱਲੀਦਾਰ ਪੱਠੇ ਥੋਥੇ ਹੁੰਦੇ ਆਖ਼ਰ ਤੋਟ-ਲੱਗੇ ਫੀਮੀਆਂ ਦੀ ਤਰ੍ਹਾਂ ਲਮਕ ਚੁੱਕੇ ਸਨ , ਪਰੰਤੂ ਪਿੰਨੀਆਂ ,ਪੱਟਾਂ ਅਤੇ ਨੰਗੇ ਡੌਲਿਆਂ ਤੇ ਉਕਰੀਆਂ ਮੋਰਨੀਆਂ ਤੋਂ ਲੰਘ ਚੁਕੇ ਕਾਫ਼ਲੇ ਦੀ ਪੈੜ ਜ਼ਰੂਰ ਦੇਖੀ ਜਾ ਸਕਦੀ ਸੀ , ਜਿਸ ਨੂੰ ਦੇਖ ਕੇ ਹੀ ਸ਼ਾਇਦ ਮੋਹਣੇ ਨੇ ਗੀਬੇ ਨੂੰ ਪਛਾਣ ਲਿਆ ਸੀ । ਮੋਹਣੇ ਦਾ ਚੇਤਾ ਆਉਂਦਿਆਂ ਸਾਰ ਇਕ ਵਾਰ ਉਸ ਦੀਆਂ ਭਵਾਂ ਤਣ ਗਈਆਂ ।......ਬਾਬੇ ਦੇ ਵੇਲੇ ਦੀ ਪੁਰਾਣੀ ਗੱਡ ਤੇ ਧਰੀ ਥੋੜ੍ਹੀ ਜਿਹੀ ਜਿਣਸ ਦੇ ਕੋਲੋਂ ਲੰਘਦੀ ਮੋਹਣੇ ਦੀ ਲੱਦੀ ਟਰਾਲੀ ਵਲ ਦੇਖਦਾ ,ਮਨੋ-ਮਨੀ ਝੂਰਦਾ ,ਗੀਬਾ ਕਈ ਵਾਰ ਪਿਉ ਨੂੰ ਦੋ ਇਕ ਖੇਤ ਵੇਚ ਕੇ ਟਰੱਕ ਲੈਣ ਲਈ ਆਖ ਚੁੱਕਾ ਸੀ ।

ਜਿਉਂ ਜਿਉਂ ਗੀਬੇ ਦੇ ਅੰਦਰ ਮੋਹਣੇ ਦੀ ਟਰਾਲੀ ਤੋਂ ਤਿਗੁਣੀ ਉੱਚੀ ਗੱਡੀ, ਆਪਣੇ ਘਰ ਦੇ ਬੂਹੇ ਅੱਗੇ ਖੜੀ ਕਰ ਕੇ ,ਅਖਾੜੇ , ਅਤੇ ਖੇਤੀ ਅੰਦਰ ਲੱਗੀ ਕੰਡ ਦਾ ਬਦਲਾ ਲੈਣ ਦਾ ਵਿਚਾਰ ਭਰਦਾ ਗਿਆ , ਤਿਉਂ ਤਿਉਂ ਖੇਤੀ-ਵਾਹੀ ਉਸ ਦੀ ਰੁਚੀ ਘੱਟਦੀ ਗਈ । ਮੰਡੀ ਗਈ ਉਸ ਦੀ ਮਾਸਾ ਕੁ ਢੇਰੀ ਲਾਗੇ ਆਪਣੇ ਲੱਗੇ ਢੇਰ ਤੇ ਚੜ੍ਹ ਢੱਕਾਂ ਤੇ ਹੱਥ ਰਖੀ ਖੜਾ ਖੰਘੂਰਦਾ ਮੋਹਣਾ ,ਗੀਬੇ ਨੂੰ ਹੁਣ ਵੀ ਸਾਹਮਣੇ ਖੜਾ ਘੂਰਦਾ ਨਜ਼ਰੀਂ ਆ ਰਿਹਾ ਸੀ ....।

ਇਸ ਨਹਿਸ਼ ਦ੍ਰਿਸ਼ ਨੂੰ ਆਪਣੀ ਸੋਚ ਲੜੀ ਚੋਂ ਵਗਾਹ ਮਾਰਨ ਲਈ ਗੀਬੇ ਨੇ ਨਾਲ ਬੈਠੇ ਊਂਘਦੇ ਕਲੀਨਰ ਨੂੰ ਪੁੱਛਿਆ , ਰੋਟੀ ਕਿਥੇ ਖਾਣੀਆਂ........ਓਏ ਛੋਟੂ ?

ਗਾਜ਼ੀਆਬਾਦ.........  ਆਖ ਕੇ ਕਲੀਨਰ ਨੇ ਆਲਸ ਛੰਡ ਦਿੱਤੀ ਅਤੇ ਸੁਚੇਤ ਹੋ ਕੇ ਬੈਠ ਗਿਆ ।

ਪਰ ਗੀਬੇ ਦੇ ਸਾਹਮਣੇ ਫਿਰ ਉਸ ਦੇ ਘਰ ਦੀ ਨਿੱਕੀ ਜਿਹੀ ਕੋਠੜੀ ਅੰਦਰ ਸਹਿਕਦੀਆਂ , ਉਸ ਦੀਆਂ ਪੰਜ ਭੈਣਾਂ ਆ ਖੜੀਆਂ ਹੋਈਆਂ , ਜਿਨ੍ਹਾਂ ਨੂੰ ਕੋਈ ਜਣਾ ਭੁਆ ਕੇ ਬਾਹਰ ਸੁੱਟੀ ਜਾ ਰਿਹਾ ਸੀ । ਉਸਨੇ ਧਿਆਨ ਨਾਲ ਕੁੜੀਆਂ ਦੀਆਂ ਗੁੱਤਾਂ ਤਕ ਆਉਂਦੇ ਹੱਥ ਨੂੰ ਪਛਾਣਨ ਦਾ ਯਤਨ ਕੀਤਾ , ਪਰ ਉਸ ਦੇ ਕੁਝ ਹੱਥ-ਪੱਲੇ ਨਾ ਪਿਆ । ਸਭ ਤੋਂ ਨਿੱਕੀ ਛਿੰਦੋ ਕੇ ਕੁਰਲਾਉਂਦੇ ਮਾਸੂਮ ਚਿਹਰੇ ਵਲ ਵਧਦੀਆਂ ਤਿੱਖੀਆਂ ਨੌਹਦਰਾਂ ਉਤੇ ਗੀਬੇ ਨੇ ਪੂਰੇ ਜ਼ੋਰ ਦੀ ਠੁੱਡਾ ਕੱਢ ਮਾਰਿਆ .........।

.......ਏ.........ਹੇਏ, ਕਾ ਕਰਵਤ ਓ.........ਉਸਤਾਦ !

ਸਾਧਾਰਨ ਰਫ਼ਤਾਰ ਨਾਲ ਚਲਦੀ ਗੱਡੀ, ਐਕਸੀਲੇਟਰ  ਦੇ ਅਚਾਨਕ ਪੂਰੇ ਦੱਬ ਜਾਣ ਨਾਲ ਛਾਲ ਮਾਰ ਕੇ ਕੱਚੇ ਲਹਿ ਗਈ । .........ਆਜ ਕੋਨੋ ਯਾਦ ਆਵਤ ਹੋ  ਉਸਤਾਦ ,ਗਾੜ੍ਹੀ ਸੁਸਰੀ ਕਬੈ ਜੂਈਆਂ ਚਾਲੈ ਚਲਬਤ ਹੋ,  ਕਬੈ ਰੇਲਾਂ ਚਾਲੇ ........। ਅਬੈ ਮਨੂਆਂ ਰਾਜੀ ਨਹੀਂ ਤਾਂ ਲਾਊਂ ਔਰ ਦਾਰੂ-ਛੀਂਟ.........ਸੈਹਰ ਮਾਂ ਸੇ......?  ਕਲੀਨਰ ਨੇ ਗੀਬੇ ਨੂੰ ਲੱਗੀ ਬਿਮਾਰੀ ਦੀ ਗੋਲੀ ਯਾਦ ਕਰਵਾਈ ।

ਗੀਬੇ ਨੇ ਕਲੀਨਰ ਵਲ ਸਰਸਰੀ ਮੁਸਕਾਨ ਖਿਲਾਰ ਕੇ ਲੜਖੜਾਉਂਦੀ ਗੱਡੀ ਮੁੜ ਪੱਕੀਏ ਚਾੜ੍ਹ ਲਈ ਅਤੇ ਪੂਰਨ ਸਾਵਧਾਨੀ ਨਾਲ ਆਪਣੀ ਮੰਜ਼ਲ ਵਲ ਠਿੱਲ੍ਹ ਪਿਆ।

ਗਾਜ਼ੀਆਬਾਦ ਲੰਘ ਕੇ , ਚੁੰਗੀਓਂ ਬਾਹਰ ਜਰਨੈਲੀ ਸੜਕ ਤੇ ਉੱਸਰੇ ਢਾਬਿਆਂ ਤੋਂ ਰੋਟੀ ਪਾਣੀ ਦੀ ਨਿਸ਼ਾ ਕਰ ਕੇ , ਗੀਬਾ ਜਦੋਂ ਮੁੜ ਸਟੇਅਰਿੰਗ ਤੇ ਬੈਠਾ , ਤਾਂ ਉਸ ਨੂੰ ਜਾਪਿਆ ਕਿ ਹੁਣ ਉਹ ਅਹਿਮਦੀਆਂ ਦੀ ਗੱਡੀ ਦਾ ਚਾਲਕ ਗੋਰਖਪੁਰ ਜ਼ਿਲ੍ਹੇ ਦੇ ਅਮੀਨਾਬਾਦ ਦਾ ਅਲੀ ਮੁਹੰਮਦ ਵਾਲਿਦ ਪੀਰ ਮੁਹੰਮਦ ਨਹੀਂ ਰਿਹਾ, ਸਗੋਂ ਹੁਸ਼ਿਆਰਪੁਰ ਜ਼ਿਲ੍ਹੇ ਦਾ ਸਰਦਾਰ ਗਰੀਬ ਸਿੰਘ ਸਪੁੱਤਰ ਜਾਗੀਰ ਸਿੰਘ ਬਣ ਕੇ ਆਪਣੀ ਸਟੀਲ ਹੈੱਡ ਨੱਪੀ ਪੰਦਰਾਂ ਸਾਲ ਪਹਿਲਾਂ ਤਿਆਗੇ ਪਿੰਡ ਮੁਰਾਦਪੁਰ ਝੱਜੀਂ ਪਹੁੰਚ ਰਿਹਾ ਹੈ ।

 

ਅਗਲੇ ਹੀ ਪਲ ਉਸ ਨੂੰ ਜਾਪਿਆ ਕਿ ਉਸ ਦੇ ਵਿਰੁਧ ਮਾਂ ਦੀਆਂ ਅੱਖਾਂ ਦੀ ਬੁਝਣ ਲਗੀ ਜੋਤ , ਆਪਣੇ ਚਿਰ-ਗੁਆਚੇ ਪੁੱਤਰ ਨੂੰ ਜੱਫੀ ਅੰਦਰ ਲੈਂਦਿਆਂ ਸਾਰ ਪਰਤ ਆਈ ਹੈ ।

ਅਗਲੇਰੇ ਹੀ ਪਲ ਉਸ ਨੂੰ ਲੱਗਾ ਕਿ ਉਸ ਦੇ ਪਿਓ ਵੇਲੇ ਦਾ ਖੇਤਾਂ ਸਿਰ ਚੜ੍ਹਿਆ ਸਾਰੇ –ਦਾ-ਸਾਰਾ ਕਰਜ਼ਾ ਮੋੜ , ਉਹ ਮੋਹਣੇ ਹੱਥੋਂ ਫੜੇ ਅਸ਼ਟਾਮ-ਕਾਗਜ਼ਾਂ ਨੂੰ ਹਵਾ ਅੰਦਰ ਲਹਿਰਾਉਂਦਾ ਆਪਣੇ ਬੰਨਿਆਂ ਤੇ ਇੰਜ ਘੁੰਮ ਰਿਹਾ ਹੈ ਜਿਵੇਂ ਛਿੰਜਾਂ ਵਿੱਚ ਜਿੱਤੀ ਰੁਮਾਲੀ ਫੜੀ ਉਹ ਪਿੜਾਂ ਅੰਦਰ ਘੁੰਮਿਆ ਕਰਦਾ ਸੀ ।

---------------------------------

ਤੀਸਰਾ ਸ਼ਬਦ (ਕਹਾਣੀ)

ਲਾਲ ਸਿੰਘ ਦਸੂਹਾ

 

.....ਹੁਣ ਤੱਕ ਇਹੀ ਕੁਝ ਹੁੰਦਾ ਰਿਹਾ । ਸਾਡਾ ਸਾਰਾ ਇਤਿਹਾਸ ਪੂਰੀ ਤਰ੍ਹਾਂ ਲਿੱਬੜਦਾ ਕੀਤਾ ਪਿਆ ਇਸ ਨੇ । ਇਸ ਦੇ ਧਰਮ ਤੰਤਰ ਨੇ । ਦੰਗੇ-ਫ਼ਸਾਦ , ਲੜਾਈਆਂ-ਝਗੜੇ ਖੂਨੀ ਜੰਗਾਂ ਇਕ ਤਰ੍ਹਾਂ ਦਾ ਸੁਗਲ ਮੇਲਾ ਐ , ਇਸ ਦੀ ਸੁਆਰਥੀ ਬਿਰਤੀ ਲਈ , ਮੁਨਾਫ਼ਾਖੋਰ ਫਿ਼ਤਰਤ ਲਈ ........।( ਇਸੇ ਕਹਾਣੀ ਚੋਂ )

------------------------------

ਆਪਣੇ ਨਾਂ ਨਾਲ ਤੀਸਰਾ ਸ਼ਬਦ ਜੋੜਨ ਦਾ ਫੈਸਲਾ ਆਖਿ਼ਰ ਕਰ ਹੀ ਲਿਆ ਮੋਹਨ ਲਾਲ ਨੇ ਮਜ਼ਬੂਰਨ

ਹੁਣ ਤੱਕ ਬਚਿਆ ਰਿਹਾ ਸੀ ਉਹ ਅਵੱਲ ਬਚਾਈ ਰੱਖਿਆ ਸੀ ਉਸਨੇ ਆਪਣੇ ਆਪ ਨੂੰ ਢੇਰ ਸਾਰੇ ਯਤਨ ਕਰਨੇ ਪਏ ਸਨ ਉਸਨੂੰ ਇਉਂ ਕਰਨ ਲਈ ਉਸ ਨੂੰ ਪਤਾ ਵੀ ਸੀ ਸ਼ਬਦ ਕਿਨਾਂ ਗੁਣਕਾਰੀ ਸੀ ਕਿੰਨਾਂ ਕੁਝ ਪ੍ਰਾਪਤ ਕਰ ਸਕਦਾ ਸੀ ਉਸ ਲਈ ਨੌਕਰੀ ਤਰੱਕੀ ਤੋਂ ਲੈ ਕੇ ਉੱਚੀ ਅਹੁਦੇਦਾਰੀ ,ਵੱਡੀ ਅਫ਼ਸਰੀ ਤੱਕ ਵੀ ਇਵੇਂ ਹੀ ਵਾਪਰਦਾ ਰਿਹਾ ਸੀ ਉਸ ਆਸ ਪਾਸ ਉਸ ਤੋਂ ਪਿੱਛੋਂ ਤੁਰੇ ਕਿੰਨੇ ਸਾਰੇ ਅੱਗੇ ਲੰਘ ਗਏ ਸਨ ਰਾਜਧਾਨੀ ਤੱਕ ਜਾ ਪੁੱਜੇ ਸਨ ਕੋਠੀਆਂ-ਬੰਗਲੇ ਉਸਾਰ ਲਏ ਸਨ ਵੱਡੇ ਸ਼ਹਿਰੀਂ , ਤੀਸਰੇ ਸ਼ਬਦ ਦੀ ਬਦੌਲਤ ਪਰ , ਉਸਦਾ ਇਉਂ ਕਰਨ ਨੂੰ ਮੰਨ ਹੀ ਨਾ ਮੰਨਿਆ ਉਮਰ ਭਰ ਨਹੀਂ ਸੀ ਮੰਨਿਆ

ਹੁਣ , ਉਸਦੇ ਮਨ ਉਸਦੇ ਦਿਲ-ਦਿਮਾਗ਼ ਨੇ ਕੋਈ ਉਜਰ ਕੀਤੀ ਵੀ ਤਾਂ ਵੀ ਉਸ ਨੇ ਸਮਝਾ-ਬੁਝਾ ਲਿਆ ਸੀ ਇਸ ਨੁੰ

ਕਿੰਨਾ ਕੁਝ ਗੁਆ ਆਇਆ ਸੀ ਉਹ ਬੀਤੇ ਕਈ ਸਾਰੇ ਵਰ੍ਹਿਆਂ ਦੀਆਂ ਪੰਗਡੰਡੀਆਂ 'ਤੇ ਤੁਰਦਾ ਇਹ ਪਗਡੰਡੀਆਂ ,ਵਿਚ-ਵਾਰ ਪੱਕੇ-ਰਾਹਾਂ ,ਛਾਂ-ਦਾਰ ਸੜਕਾਂ ਅੰਦਰ ਤਬਦੀਲ ਹੋ ਕੇ ਉਸ ਅੱਗੇ ਵਿਛੀਆਂ ਵੀ ਇਸ ਦਾ ਵੀ ਉਸ ਉੱਤੇ ਕੋਈ ਅਸਰ ਨਹੀਂ ਸੀ ਹੋਇਆ

ਆਪਣੇ ਸਿਰ ਤੇ ਆਪਣੀ ਛੱਤ ਹੋਣ ਦੀ ਸੱਧਰ ਵੀ ਕਿਧਰੇ ਮਸਾਂ ਪੂਰੀ ਹੋਈ ਸੀ , ਅਖੀਰਲੀ ਉਮਰੇ ।

ਹੁਣ , ਆਪਣੇ ਸਿਰ ਤੇ ਆਪਣੇ ਛੱਤ ਹੇਠਾਂ ਬੈਠੇ ਦੀ ਉਸਦੀ ਦ੍ਰਿੜਤਾ ਇਕ ਤਰ੍ਹਾਂ ਨਾਲ ਝੋਲਾ ਮਾਰ ਗਈ ।

ਉਸ ਨੇ ਆਪਣੇ ਨਾਂ ਨਾਲ ਤੀਸਰਾ ਸ਼ਬਦ ਜੋੜਨ ਦਾ ਫੈਸਲਾ ਕਰ ਹੀ ਲਿਆ ।

ਰੰਗ-ਬੁਰਸ਼ ਉਸਦੇ ਪਾਸ ਸਨ । ਪਲੱਸਤਰ ਕੀਤੇ ਪੀਲ-ਪਾਵੇ ਉਸਦੇ ਸਾਹਮਣੇ ਸਨ । ਉਸਨੇ ਬੱਸ ਇਕ ਡੱਬੀ ਬਣਾਉਣੀ ਸੀ ਚੌਰਸ ਜਾਂ ਆਇਤਕਾਰ । ਹੇਠਾਂ ਗਰਾਂਉਡ ਭਰਨੀ ਸੀ ਚਿੱਟੀ ਜਾਂ ਬੋਨ –ਵਾਈਟ । ਇਸ ਅੰਦਰ ਨਾਂ ਲਿਖਣਾ ਸੀ ਆਪਣਾ ਕਾਲੇ ਰੰਗ ਨਾਲ । ਉਸ ਨੂੰ ਇਹੀ ਰੰਗ-ਤਰਤੀਬ ਚੰਗੀ ਲੱਗੀ ।

ਇਹੀ ਰੰਗ ਤਰਤੀਬ ਉਸਦੀ ਮਾਂ ਵੀ ਚੁਣਿਆ ਕਰਦੀ ਸੀ ।....ਭਰਵੀਂ ਬਰਸਾਤ ਮੁੱਕਣ ਤੇ ਉਹਨਾਂ ਦਾ ਕੱਚਾ ਘਰ-ਵਾਗਲਾ ਹਰ ਵਰ੍ਹੇ ਨਵੇਂ ਸਿਰਿਉਂ ਲਿੱਪ-ਪੋਚ ਹੁੰਦਾ । ਲਾਗਲੇ ਛੱਪੜ ਚ ਗੋਈ ਚੀਕਣੀ ਮਿੱਟੀ ਉਹ ਸਿਰ ਤੇ ਢੋਅ ਲਿਆਉਂਦਾ ਤਸਲੇ-ਪਰਾਤ ਚ ਭਰ ਕੇ । ਕੱਚੇ ਭਿੱਤਾਂ ਤੋਂ ਉੱਖੜੇ ਖੱਪੜ ਲਾਹ- ਖੁਰਚ ਕੇ ਚਾੜ੍ਹੀ ਮੋਟੀ ਲੇਈ ਨਾਲ ਵੀ ਉਸਦੀ ਮਾਂ ਦਾ ਚਿੱਤ ਨਹੀਂ ਸੀ ਭਰਦਾ । ਥੋੜਾ ਕੁ ਆਠੁਰ ਜਾਣ ਤੇ ਇਸ ਉੱਪਰ ਪਹਿਲਾਂ ਉਹ ਗੋਹੇ –ਮਿੱਟੀ ਦਾ ਪਤਲਾ-ਪਤਲਾ ਪੋਚਾ ਮਾਰਦੀ , ਫਿਰ ਈਸ਼ਰ ਘੋੜੀ ਵਾਲੇ ਤੋਂ ਕਣਕ ਵੱਟੇ ਅਗਾਊਂ ਖ਼ਰੀਦ ਰੱਖੇ ਸੇਰ-ਦੋ-ਸੇਰ ਚਿੱਟੇ ਪੀਲੇ ਗੋਲੂ ਦਾ ਸੰਘਣਾ ਘੋਲ ਚੁੱਲੇ ਚੌਂਕੇ ਸਮੇਤ ਸਾਰੇ ਓਟੇ ਤੇ ਫੇਰਦੀ । ਇਸ ਦੇ ਅੰਦਰ-ਬਾਹਰ । ਰਹਿੰਦਾ –ਬਚਦਾ ਘੋਲ਼ ਦਾਣਿਆਂ ਵਾਲੀ ਭੜੋਲੀ ਤੇ ਵੀ ਪੋਚ ਹੁੰਦਾ ।

ਪਿਛਲੇ ਅੰਦਰ ਪਈ ਭੜੋਲੀ ਤਾਂ ਲੁਕੀ ਛਿਪੀ ਰਹਿੰਦੀ ਸੀ  । ਉਹਲੇ-ਹਨੇਰੇ ਚ , ਪਰ ਵਿਹੜੇ ਵਿਚਲਾ ਓਟਾ ਚਿੱਟੀ-ਪੀਲੀ ਭਾਅ ਮਾਰਦਾ ਪੂਰੀ ਤਰਾਂ ਲਿਸ਼ਕਣ ਲੱਗ ਪੈਂਦਾ । ਇਸ ਦੇ ਕੋਣੇ ਕਿਨਾਰੇ ਸ਼ਾਹ-ਕਾਲਾ ਹਾਸ਼ੀਆ ਵੱਜਣ ਤੇ ਹੋਰ ਵੀ ਉੱਘੜ ਆਉਂਦੇ । ਵਲ੍ਹ-ਵਲੇਵੇਂ ਖਾਂਦੀ ਹਾਸ਼ੀਆ ਵੇਲ੍ਹ ਪੱਤੀ , ਉਸਦੇ ਬਾਲ ਮੰਨ ਉੱਤੇ ਵੀ ਜਿਵੇਂ ਉਸੇ ਤਰ੍ਹਾਂ ਛੱਪ ਜਾਂਦੀ । ਉਹ ਇਸ ਦੀ ਨਕਲ-ਛਾਪ ਕਦੀ ਆਪਣੀ ਕਾਪੀ ਦੇ ਚੌਰਸ ਜਿਹੇ ਸਫੇ਼ ਤੇ ਉਤਾਰ ਲੈਂਦਾ , ਕਦੀ ਆਇਤਕਾਰ ਵਰਗੀ ਸਲੇਟ ਤੇ ।

ਨਵੇਂ ਘਰ ਦੇ ਬਾਹਰਲੇ ਪੀਲ-ਪਾਵੇ ਤੇ ਅਪਣਾ ਨਾਂ-ਸਰਨਾਵਾਂ ਲਿਖਣ ਲਈ , ਹੁਣ ਵੀ ਉਸਨੇ ਇਕ ਡੱਬੀ ਬਣਾਉਣੀ ਸੀ ਚੌਰਸ ਜਾਂ ਫਿਰ ਆਇਤਕਾਰ । ਉਹ ਝੱਟ ਦੇਣੀ ਉੱਠਿਆ । ਝੱਟ ਦੇਣੀ ਅੰਦਰ ਵਲ਼ ਨੂੰ ਹੋ ਤੁਰਿਆ । ਝੱਟ ਦੇਣੀ ਉਸਦੇ ਪੈਰ ਬਾਹਰ ਵਲ਼ ਨੂੰ ਨਿਕਲ ਆਏ । ਪਰ ,ਚਾਨਚੱਕ ਫਿਰ ਰੁਕ ਗਏ ,

ਧੁੱਪ ਸੇਕਣ ਲਈ ਡਿੱਠੀ ਕੁਰਸੀ ਉਸਨੇ ਕੰਧ ਦੇ ਹੋਰ ਨੇੜੇ ਵਲ਼ ਨੂੰ ਸਰਕਾ ਲਈ ।

ਇਕ ਵਾਰ ਫਿਰ ਉਹ ਆਪਣੇ ਪਿੰਡ ਵਾਲੇ ਕੱਚੇ ਘਰ ਚ ਸੀ ,.......ਉਸ ਦਿਨ ਉਹ ਵਿਹੜੇ ਚ ਬੈਠਾ ਸੀ ,ਬੋਰੀ ਵਿਛਾਈ , ਆਸ ਪਾਸ ਕਿਤਾਬਾਂ ਕਾਪੀਆਂ । ਸਾਹਮਣੇ ਨੜੇ-ਕਾਨਿਆਂ ਦੀ ਛੱਤ ਵਾਲੇ ਕਾਣ-ਸੂਤੇ ਛੱਤੜੇ ਹੇਠ ਉਸਦਾ ਪਿਓ ਹੁੱਕੀ ਪੀ ਰਿਹਾ ਸੀ , ਗਠੜੀ ਜਿਹੀ ਬਣਿਆ ।ਉਸ ਲਾਗੇ , ਪਾਟੀ-ਪੁਰਾਣੀ ਦਰੀ ਤੇ ਤਰਤੀਬ ਸਿਰ ਪਏ ਉਸਦੇ ਸੰਦ-ਉਜ਼ਾਰ ਉਸਨੇ ਅਜੇ ਰਾਜ ਤੋਂ ਨਹੀਂ ਸੀ ਉਠਾਲੇ ਕਈ ਸਾਰੇ ਜੁੱਤੀਆਂ-ਜੋੜੇ ਵੀ ਉਸਦੇ ਆਸ ਪਾਸ ਪਏ ਸਨ , ਟੁੱਟੇ-ਉੱਖੜੇ ਇਕ ਪਾਸੇ ਗੰਢੇ ਸੁਆਰੇ ਇਕ ਪਾਸੇ । ਨਾਲ ਦੇ ਘਰੋਂ ਉਸਦਾ ਤਾਇਆ ਲੱਗਦਾ ਸ਼ਿੱਬੂ ਸਿੱਧਾ ਉਸਦੇ ਪਿਓ ਲਾਗੇ ਆ ਬੈਠਾ , ਫੱਟੀ ਤੇ । ਬੈਠਦਿਆਂ ਸਾਰ ਉਸਨੇ ਅੰਦਰਲਾ ਗੁਬਾਰ ਇਕੋ-ਸਾਹ ਢੇਰੀ ਕਰ ਦਿੱਤਾ ਕਰਤਾਰਿਆ , ਆਹ ਨਮੀਓ ਮੁਸੀਬਤ ਕਿੱਥੋਂ ਜੰਮ ਪੀ ! ਸੁਣਿਆ ,ਬਾਬਿਆ ਦੇ ਵਾੜੇ ਤੋਂ ਲੈ ਕੇ ਛੱਪੜ ਤੱਕ ਦੀ ਸਾਰੀ ਥਾਂ , ਉਨ੍ਹਾਂ ਦੇ ਕਿਸੇ ਵੱਡੇਰੇ ਕੇਹਰੂ ਦੇ ਨਾਂ ਬੋਲਦੀ ਆ । ਉਦ੍ਹੇ ਕਿਸੇ ਪੇਏ –ਦਾਦੇ ਨੇ ਦਾਨ ਦਿੱਤੀ ਸੀ ਕੰਮੀਂ-ਕਮੀਨਾਂ ਨੂੰ, ਕੋਠੇ-ਢਾਰੇ ਬਣਾਉਣ ਲਈ ਕਿਸੇ ਟੈਮ....।

ਆਹੋ ਜ਼ਾਰ ........ਏਹ ਗੱਲ ਤਾਂ ਮੈਂ ............ਮੈਨੂੰ ਵੀ ਦੱਸੀ ਆ ..........ਇੰਦਰ ਬਾਬੇ ਨੇ ਕਈ ਵੇਰਾਂ .......ਮੈਂ ਈ ਸੱਚੀ ਗੱਲ ਆ .......ਅੱਗੇ ਨੀ ਕੀਤੀ ਏਹ.......ਕਿਸੇ ਨਾ ਬੀ ਨਹੀਂ ਕੀਤੀ । ..........ਮੈਂ ਸੋਚਿਆ , ਮਿੱਟੀ ਪਾਓ ਏਹਤੇ......ਏਦ੍ਹੇ ਚੋਂ ਕੀ ਕੱਢਣਾ –ਪਉਣਾ ! .......ਆਪਾਂ ਸਾਰੇ ਰੈਹੀ ਜਾਨੇਂ ਆਂ......ਕੰਧਾਂ ਕੋਠੇ ਬਣੇ ਵੇ ਆ .........ਕੈਹ ਕੋਈ ਸਕਦਾ ਨਈਂ.......ਉੱਠੋ ਇਥੋਂ ਥਾਂ ਸਾਡੀ ਆ, ਦਮਾਂ ਮਾਰੇ ਸਾਹਾਂ ਨੂੰ ਸੂਤ-ਸਿਰ ਰੱਖਦੇ ਉਸਦੇ ਪਿਓ ਤੋਂ ਏਨੀਂ ਕੁ ਗੱਲ ਮਸਾਂ ਆਖ ਹੋਈ ਸੀ ।

ਇਸ ਨਾਲ ਵੀ ਸ਼ਿੱਬੂ ਦੀ ਤਲਖ਼ੀ ਨਹੀਂ ਸੀ ਘਟੀ । ਅਵੱਲ ਹੋਰ ਵਧ ਗਈ ਸੀ ਕਰਤਾਰੇ ਦੀ ਸੁਣ ਕੇ ।ਉਸਦੇ ਗੁਸੈਲੇ ਬੋਲ ਹੋਰ ਵੀ ਉੱਚੇ ਹੋ ਗਏ । ਕੈਹ ਵੀ ਦੇਣ ਤਾਂ ਮੂੰਹ ਫੜ ਲੈਣਾਂ ਕਿਸੇ ਦਾ ! ਕੈਹ ਈ ਦਿੱਤਾ ਪੁੱਟਆਰਖ਼ਾਨੇ ਆਲਿਆਂ, ਜ਼ਰਾ ਰੁਕ ਕੇ ਉਸਨੇ ਜ਼ਰਾ ਕੁ ਰੋਕੀ ਵਾਰਤਾ ਪੂਰੀ ਕਹੀ ਸੁਣਾਈ , ਗੱਲ ਏਹ ਆ ਭਰਾਵਾ , ਪਈ ਪਾਸ਼ੇ ਸਾਡੇ ਦਾ ਤਾਂ ਤੈਨੂੰ ਪਤਾਅ ਈ ਆ । ਨਪੈਥਰ ਆ ਸਿਰੇ ਦਾ । ਉਦ੍ਹੀ ਘਰ ਆਲੀ ਸਾਨੂੰ ਊਈਂ ਦੇਖ ਕੇ ਰਾਜ਼ੀ ਨਈਂ ਦੋਨਾਂ ਜੀਆਂ ਨੂੰ । ਹਰ ਟੈਮ ਖਾਊਂ ਵੱਡੂੰ ਕਰੀ ਰੱਖਦੀ ਆ । ਵਿੱਚੇ ਸਾਨੂੰ ਵਿੱਚੇ ਈ ਪਾਸ਼ੇ ਨੂੰ । ਛੋਟਾ ਬੰਸਾ ਆ ਨਾ ਮੇਰਾ ,ਸ਼ਪਾਈ !ਉਨ੍ਹੇ ਸਲਾਹ ਦਿੱਤੀ ਪਈ –“ ਮੇਰਾ ਹੈਥੇ ਆਲਾ ਜਿੰਨਾਂ ਕੁਥਾਂ ਹੈਗਾ , ਵੇਚ ਕੇ ਐਥੇ ਆ ਜੇ ਮੇਰੇ ਕੋਲ ਸ਼ੈਹਰ । ਐਥੇ ਲੈ ਲੈਨੇਂ ਆ ਕੋਈ ਛੋਟਾ ਮੋਟਾ ਘਰ ਬਣਿਆ-ਬਣਾਇਆ  । ਜਾਂ ਕੋਈ ਪਲਾਟ ਖਰੀਦ ਲੈਨੇ ਆ ਨੇੜੇ-ਤੇੜੇ ।ਬੜ੍ਹੀਆਂ ਕਲੋਨੀਆਂ ਕੱਟ ਹੋਣ ਡੈਈਆਂ ਆ ਐਥੇ ........। ਐਨਾ ਕੁਝ ਆਖ-ਦੱਸ ਕੇ ਵੀ ਉਹ ਅਜੇ ਪੂਰਾ ਸਹਿਜ ਨਹੀਂ ਸੀ ਹੋਇਆ , ਸੱਚ ਦਸਾਂ ਕਰਤਾਰਿਆਂ , ਮੈਨੂੰ ਉਦ੍ਹੀ ਸਕੀਮ ਵਾਹਲੀਓ ਖ਼ਰੀ ਲੱਗੀ । ਮੈਂ ਪਿੰਡ ਆਲੇ ਪੁਟਆਰੀ ਤੋਂ ਕਾਗ਼ਤ ਜਾ ਮੰਗੇ । ਉਨ੍ਹੇ ਵਿਚੋਂ ਹਾਅ ਘੁੰਨਤਰ ਕੱਢ ਮਾਰੀ । ਅਖੇ-ਰੈਹੀ ਤਾਂ ਜਾਓ ਭਾਮੇਂ ਜਿੰਨਾ ਚਿਰ ਮਰਜ਼ੀ ਆ , ਪਰ ਵੇਚ ਨੀਂ ਸਕਦਾ ਤੁਹਾਡੇ ਚੋਂ ਕੋਈ ਵੀ ਜਣਾ .......। ਛੱਤੜੇ ਹੇਠ ਬੈਠੇ ਉਸਦੇ ਪਿਓ ਦੀ ਹੁੱਕੀ ਗੁੜ-ਗੁੜ ਕਰਨੋਂ ਉਸੇ ਵੇਲੇ ਬੰਦ ਹੋ ਗਈ ਸੀ । ਨਿਮੋਂਝਾਣ ਹੋਇਆ ਤਾਇਆ ਸ਼ਿਬੂ ਸੋਟੀ ਆਸਰੇ ਉੱਠਿਆ , ਡੋਲਦੀ ਚਾਲੇ ਬਾਹਰ ਵਲ੍ਹ ਨੂੰ ਨਿਕਲ ਤੁਰਿਆ ਸੀ । ਪਰ ਕੱਚੀ ਕੰਧ ਨਾਲ ਢੋਅ ਲਾਈ ਬੈਠੇ ਮੋਹਣੇ ਦੀ ਹੋਂਦ-ਹੋਣੀਂ ਜਿਵੇਂ ਹਵਾ ਵਿਚ ਲਟਕਦੀ ਹੋ ਗਈ ।

ਅਪਣਾ ਪਿੰਡ ਘਰ ,ਥਾਂ ਗਰਾਂ ਉਸਨੂੰ ਓਪਰੇ-ਪਰਾਏ ਲੱਗਣ ਲੱਗ ਪਏ ਸਨ ।

ਉਪਰਾਮ ਤਾਂ ਪਹਿਲੋਂ ਵੀ ਹੁੰਦਾ ਰਿਹਾ ਸੀ ਉਹ । ਹੇਠੀ ਤਾਂ ਪਹਿਲੋਂ ਵੀ ਕਈ ਵਾਰ ਹੁੰਦੀ ਦੇਖੀ ਸੀ ਉਸਦੇ ਵਿਹੜੇ ਦੀ । ਪਿੰਡ ਦੀ ਕਿਸੇ ਵੀ ਸਭਾ-ਸੋਸੈਟੀ , ਕੱਠ-ਵੱਠ ਚ ਫ਼ਾਲਤੂ ਗਿਣ ਹੁੰਦੇ , ਨੁੱਕਰੇ ਲੱਗੇ ਉਸਦੇ ਤਾਏ-ਚਾਚੇ ਪਹਿਲੋਂ ਵੀ ਚੁੱਭਦੇ ਰਹੇ ਸਨ ਉਸਨੂੰ , ਪਰ ਅਗਲੇ ਹੀ ਦਿਨ ਖੇਤਾਂ-ਘਰਾਂ , ਕੰਮਾਂ-ਕਾਰਾਂ ਚ ਬਣੀ ਦਿੱਸਦੀ ਨੇੜਤਾ ਉਸਨੂੰ ਹੋਇਆ-ਬੀਤਿਆ ਸਭ ਕੁਝ ਭੁਲਦਾ ਕਰ ਦਿੰਦੀ ।

ਉਸਦੀ ਮਾਂ ਬਿਸ਼ਨੀ ਬਾਬਿਆਂ ਦੀ ਅੱਲ ਚੋਂ ਆਪਣੇ ਸਾਂਝੀ ਇੰਦਰ ਬਾਬੇ ਦੇ ਘਰ-ਵਾੜੇ ਦਾ ਗੋਹਾ-ਕੂੜਾ ਕਰਨ ਚ ਰੁੱਝੀ ਹੁੰਦੀ,ਪਿਓ ਕਰਤਾਰਾ ਡੰਗਰਾਂ-ਪਸ਼ੂਆਂ ਦੇ ਪੱਠੇ ਦੱਬੇ ਚ ਸਾਂਭ ਸੰਭਾਲ ਚ । ਉਹਨਾਂ ਦਾ ਛਾਹ ਵੇਲਾ,ਲੌਢਾ ਵੇਲਾ , ਉਥੇ । ਪਰ , ਭਾਂਡੇ ਵੱਖਰੇ ਹੁੰਦੇ ਸਨ ਉਹਨਾਂ ਦੇ ਕਿਸੇ ਵੀ ਆਲੇ-ਮੋਘੇ ਚ ਧਰੇ ਟਿਕਾਏ ।

ਛੁੱਟੀ ਵਾਲੇ ਦਿਨ ਉਸਦਾ ਵੀ ਲੱਸੀ ਪਾਣੀ ਇੰਦਰ ਬਾਬੇ ਦੇ ਘਰ ।ਉਸ ਵਾਰ ਵੀ ਇਉਂ ਹੀ ਹੋਇਆ । ਨਿੱਕੀ ਮੋਟੀ ਚੱਕ-ਥੱਲ ਮੁਕਾ ਕੇ , ਉਹ ਅਜੇ ਬੈਠਣ ਹੀ ਲੱਗਾ ਸੀ ਇਕੱਲਵੰਜੇ ਹੋ ਕੇ । ਉਸਦੀਆਂ ਕਿਤਾਬਾਂ ਕਾਪੀਆਂ ਵੀ ਅਜੇ ਉਸਦੇ ਮੋਢੇ ਲਟਕਦੇ ਤਣੀਆਂ ਵਾਲੇ ਝੋਲੇ ਚੋਂ ਬਾਹਰ ਨਹੀਂ ਸੀ ਆਈਆ । ਕਿ , ਦੁੜਕੀ ਪਏ ਇੰਦਰ ਬਾਬੇ ਦ ਦੋਨੋਂ ਛੋਹਰ ਉਸਨੂੰ ਜ਼ੋਰ-ਜਬਰੀ ਬਾਹਰ ਵਲ੍ਹ ਨੂੰ ਧੂਹ ਲਗਏ । ਦਿਨ ਛਿੱਪਦੇ ਤੱਕ ਉਹ ਕੋਡ-ਕਬੱਡੀ , ਛੂਹ-ਛੂਹਾਈ,ਲੁਕਣ-ਮਿਚੀ ਜੋ ਵੀ ਮੰਨ ਚਿੱਤ ਆਈ ਖੇਡਦੇ ਰਹੇ ।

ਉਸ ਦਿਨ ਉਹ ਖੁਸ਼ ਪ੍ਰਸੰਨ ਰਿਹਾ ਸੀ ਸਾਰਾ ਦਿਨ । ਘਰ-ਵਿਹੜੇ ਨਾਲ ਜੁੜਿਆ ਕਮੀਂ ਕਮੀਣ ਸ਼ਬਦ ਉਸਨੂੰ ਰਤੀ ਭਰ ਵੀ ਯਾਦ ਚਿੱਤ ਨਹੀ਼ ਸੀ ਰਿਹਾ । ਪਰ ,ਸ਼ਾਮੀਂ ਘਰ ਪਰਤੇ ਨੂੰ ਸ਼ਿੱਬੂ ਤਾਏ ਦੇ ਬੋਲ ਉਸ ਨੂੰ ਜਿਵੇਂ ਫਿਰ ਤੋਂ ਸੁਣਾਈ ਦੇਣ ਲੱਗ ਪਏ , .....ਬਾਬਿਆਂ ਦੇ ਵਾੜੇ ਤੋਂ ਲੈ ਕੇ ਛੰਪੜ ਤੱਕ ਸਾਰੀ ਥਾਂ ਇੰਦਰ ਬਾਬੇ ਦੇ ਕਿਸੇ ਵਡੇਰੇ ਕੇਹਰੂ ਦੇ ਨਾਂ ਬੋਲਦੀ ਆ । ਉਦ੍ਹੇ ਕਿਸੇ ਪਿਓ-ਦਾਦੇ ਨੇ ਦਾਨ ਦਿੱਤੀ ਸੀ  ਕਮੀਂ ਕਮੀਣਾਂ ਨੂੰ ਕੋਠੇ ਢਾਰੇ ਖੜੇ ਕਰਨ ਲਈ ......।

ਉਸ ਰਾਤ ਮੁੜ ਉਹ ਪਹਿਲੋਂ ਜਿਹਾ ਬੇਚੈਨ ਸੀ ।

ਕਈ ਦਿਨ ਫਿਰ ਘੋਰ-ਸੰਘਣੀ ਉਦਾਸੀ ਉਸਦੇ ਮਨ ਮਸਤੱਕ ਸਮੇਤ ਉਸਦੇ ਸਾਰੇ ਵਜ਼ੂਦ ਤੇ ਛਾਈ ਰਹੀ । ਪਿੰਡ ਦੇ ਹਮ-ਉਮਰ, ਹਮ-ਜਮਾਤੀਆਂ ਤੇ ਦਰਾਂ ਮੂਹਰਿਉਂ ਲੰਘਦੇ ਦਾ ਉਸਦਾ ਅੰਦਰ ਇਕ ਤਰ੍ਹਾਂ ਨਾਲ ਜਿਵੇਂ ਟੁੱਟਦਾ-ਭੁਰਦਾ ਰਿਹਾ । ਤਾਂ ਵੀ ਨਾ ਤਾਂ ਉਸ ਨੇ ਆਪਣੀ ਸਕੂਲੀ ਪੜ੍ਹਾਈ ਨੂੰ ਕਿਸੇ ਤਰ੍ਹਾਂ ਦੀ ਆਂਚ ਆਉਣ ਦਿੱਤੀ ਸੀ ਨਾ ਇੰਦਰ ਬਾਬੇ ਦੇ ਘਰ-ਖੇਤੀ ਜਾਣੋਂ ਆਉਣੋਂ ਰੁਕਿਆ ਸੀ ।

...ਦਸਵੀਂ ਜਮਾਤ ਦੇ ਸਲਾਨਾ ਪਰਚੇ ਖ਼ਤਮ ਹੋ ਗਏ ਸਨ ।ਨਤੀਜੇ ਦੀ ਉਡੀਕ ਲਈ ਡੇੜ ਦੋ ਮਹੀਨੇ ਦਾ ਵਕਫ਼ਾ ਸੀ । ਉਸਦੀ ਮਾਂ ਸਵੇਰੇ ਲੋਅ ਲੱਗਦਿਆਂ ਸਾਰ ਸਿੱਟੇ ਚੁੱਗਣ ਨਿਕਲੀ , ਕਿਧਰੇ ਭਖੇ-ਤਪੇ ਛਾਹ ਵੇਲੇ ਮੁੜਦੀ । ਉਹ ਬੇ-ਚੈਨ  ਹੋਇਆ ਰਹਿੰਦਾ , ਘਰ । ਆਖਿ਼ਰ ਉਸ ਨੇ ਵੀ ਇਕ ਦਿਨ ਝੋਲੀ ਲੰਮਕਦੀ ਕਰ ਲਈ ਆਪਣੇ ਮੋਢੇ ਨਾਲ । ਉਸ ਦੇ ਚੁਗੇ ਸਿੱਟੇ ਮਾਂ ਦੇ ਚੁਗੇ ਸਿੱਟਿਆ ਚ ਜਮਾਂ ਹੋ ਕੇ ਵੱਡੀ ਢੇਰੀ ਬਨਣ ਲੱਗ ਪਏ ।

ਹਾਅ ਕੰਮ ਤਾਂ ਬਿਸ਼ਨੀ ਕੱਲੀ ਨੇ ਵੀ ਕਰੀ-ਕੁਰੀ ਜਾਣਾਂ , ਤੂੰ ਐਧਰ ਆ ਮੇਰੇ ਨਾਲ । ਆਹ ਫੜ ਦਾਤੀ , ਲਾਵੀ ਬਣ ਜਾ ਲਾਵੀ । ਭਾਪੇ ਆਪਣੇ ਵਰਗਾ । ਉਹ ਕੋੜ੍ਹੀ ਦਾ ਤਾਂ ਬੱਸ ਦਿਨਾਂ ਚ ਈ ਜੁੜ ਗਿਆ । ਪਤਆ ਨਹੀਂ ਕੀ ਹੋਇਆ ਉਨੂੰ । ਪਰੂੰ ਖ਼ਰਾ-ਭਲਾ ਸੀ । ਉਨ੍ਹੇ ਕੱਲੇ ਨੇ ਈ ਸਾਂਭ ਲਈ ਸੀ ਸਾਰੀ ਰੌਂਅ । ਤੀਲ੍ਹੇ ਵੀ ਹਾਲ੍ਹੀ ਵਿਰਲੇ ਈ ਸੀਂ ਬਾਹਲੇ । ਮੀਂਹ ਨਈ ਸੀ ਪਿਆ ਖ਼ਰੀ ਤਰ੍ਹਾਂ । ਇਸ ਵਾਰ ਤਾਂ ਉੱਪਰ ਆਲਾ ਵੀ ਮੇਰ੍ਹਬਾਨ ਈ ਰਿਹਾ ਜੱਟਾਂ ਤੇ ......। ਇੰਦਰ ਬਾਬਾ ਬਿਨਾਂ ਰੁਕੇ ਉਸਨੂੰ ਕਿੰਨਾਂ ਕੁਝ ਆਖ-ਦੱਸ ਗਿਆ ਸੀ ।

ਉਹ ਜੇ-ਜੱਕ ਚ ਫਸਿਆ ਥੋੜਾ ਕੁ ਚਿਰ ਖੜਾ ਰਿਹਾ ਸੀ । ਚੁੱਪ ਦਾ ਚੁੱਪ ।

ਉਸਦੀ ਅੱਧੀ ਕੁ ਹਾਂ ਜਾਚ ਕੇ , ਇੰਦਰ ਨੇ ਫਿਰ ਤੋਂ ਹੱਲਾ-ਸ਼ੇਰੀ ਦਿੱਤੀ ਸੀ ਉਸਨੂੰ , ਕੰਮ ਕੋਈ ਵੀ ਔਖਾ ਨਹੀਂ ਹੁੰਦਾ ਮੋਹਣਿਆ , ਬੱਸ ਹਿੰਮਤ ਫੜਨ ਦੀ ਲੋੜ ਹੁੰਦੀ ਰਤਾ-ਮਾਸਾ ।

ਇਸ ਵਾਰ ਉਸਦੇ ਪਿਓ ਦੀ ਲਾਚਾਰਗੀ ਨੇ ਉਸਨੂੰ ਦੁਬਿਧਾ ਚੋਂ ਬਾਹਰ ਕੱਢ ਲਿਆ । ਉਸਨੇ ਉਸੇ ਦਿਨ ਤੋਂ ਹੀ ਦਾਤੀ ਸਾਂਭ ਲਈ ਸੀ , ਵਾਢੀ ਕਰਨ ਲਈ ।

ਦੋ ਕੁ ਦਿਨ ਉਸ ਨੂੰ ਤੱਪਦੀ ਰੇਤ ਤੇ ਪੈਰਾਂ ਭਾਰ ਤੁਰਨਾ , ਬੇ-ਹੱਦ ਔਖਾ ਲੱਗਾ । ਔਖਾ ਤੇ ਅਕਾਊ ਵੀ ।ਥੋੜੇ ਕੁ ਛਾਲੇ ਵੀ ਉੱਭਰ ਆਏ ਸਨ ਉਸਦੇ ਹੱਥਾਂ ਤੇ ਦਾਤੀ ਸੱਥਰ ਸਾਂਭਦੇ ਕੱਟਦੇ ਦੇ । ਤਾਂ ਵੀ  ਉਸ ਨੇ ਹਿੰਮਤ ਨਹੀਂ ਸੀ ਹਾਰੀ । ਡਟਿਆ ਰਿਹਾ ਸੀ ਤਕੜਾ ਹੋ ਕੇ । ਤਰਕਾਲੀਂ ਘਰ ਪੁੱਜ ਕੇ ਗਰਮ ਪਾਣੀ ਨਾਲ ਧੋਤੇ ਹੱਥ-ਮੂੰਹ ਤੋਂ ਮਿਲਦੀ ਰਾਹਤ ਉਸਨੂੰ ਅਗਲੇ ਦਿਨ ਦੀ ਮੁਸ਼ਕੱਤ ਲਈ ਫਿਰ ਤੋਂ ਰਮਾਂ ਕਰਦੀ ਰਹੀ । ਦੁਪਹਿਰ ਵੇਲੇ ਤੱਕ ਉਹ ਪੂਰਾ ਦੰਮ ਰੱਖਦਾ । ਦੂਜੇ ਵੇਲੇ ਜੇ ਕਿਧਰੇ ਉਸ ਦੀ ਪਰਾਤ ਪੱਛੜ ਵੀ ਜਾਂਦੀ , ਇੰਦਰ ਉਸਨੂੰ ਆਪਣੇ ਨਾਲ ਮੇਚਦਾ ਕਰ ਲੈਂਦਾ । ਪੂਰੇ ਪੰਦਰਾਂ ਦਿਨਾਂ ਚ ਰੌਂਅ ਪੱਟੀ ਦੇ ਸਵਾ ਛੇ ਖੇਤ ਵੱਢ-ਸੰਭਾਲ ਲਏ ਸਨ , ਉਹਨਾਂ ਦੋਨਾਂ ਨੇ ।

ਆਖ਼ਰੀ ਦਿਨ ਦੀ ਭਰੀ ਚੱਕਾਉਂਦੇ ਇੰਦਰ ਬਾਬੇ ਨੇ ਬੇ-ਹੱਦ ਮਾਣ ਨਾਲ ਕਿਹਾ ਸੀ ਉਸਨੂੰ ਲੈਅ ਬਈ  ਮੋਹਣਿਆਂ , ਸਾਵਾਂ ਤੁੱਲਿਆਂ ਤੂੰ ਮੇਰੇ ਨਾਲ ਐਨੇ ਦਿਨ । ਹੁਣ ....ਤੂੰ ਉਮਰ ਭਰ ਮਾਰ ਨਈਂ ਖਾਂਦਾ ਕਿਧਰੇ ਵੀ ।

ਇੰਦਰ ਬਾਰੇ ਤੋਂ ਮਿਲੀ ਥਾਪੀ ਉਸ ਨੂੰ ਹੋਰ ਵੀ ਨਵਾਂ ਨਰੋਆ ਕਰ ਗਈ ਸੀ । ਆਪਣੇ ਅੰਗਾਂ ਪੈਰਾਂ ਦੀ ਸਮਰੱਥਾ ਆਪਣੀ ਯੋਗਤਾ ਆਪਣੀ ਕਾਬਲੀਅਤ ਦੀ ਹੇਠੀ ਨਹੀਂ ਸੀ ਹੋਣ ਦਿੱਤੀ ਉਸਨੇ , ਵਾਹ ਲੱਗਦੀ ਨੂੰ ਕਦੀ ਵੀ ।

ਪਰ ਹੁਣ , ਆਪਣੀ ਮਾਲਕੀ ਵਾਲੇ ਪੰਜ ਕੁ ਮਰਲੇ ਦੇ ਪੱਕੇ ਵਿਹੜੇ ਚ ਬੈਠੇ ਦੀ ਉਸਦੀ ਸਮਰੱਥਾ-ਯੋਗਤਾ ਨੇ ਵੀ ਜਿਵੇਂ ਹਥਿਆਰ ਸੁੱਟ ਦਿੱਤੇ ਹੋਣ ।

.......ਬੈਠਕ ਅੰਦਰੋਂ ਲਿਆਂਦੀ ਲਿੱਖਣ ਸਮੱਗਰੀ , ਰੰਗ-ਬੁਰਸ਼ ਸਾਂਭ ਕੇ ਉਹ ਮੁੜ ਬਾਹਰਲੇ ਗੇਟ ਤੱਕ ਆ ਪੁੱਜਾ । ਦਿਨ ਅਜੇ ਖੜਾ ਸੀ । ਟਾਂਵੇ-ਟਾਵੇਂ ਅਗੜ-ਦੁਗੜ ਬਣੇ ਘਰਾਂ ਨੂੰ ਮੁੜਦੇ ਕਈ ਜਾਣ-ਪਛਾਣ ਵਾਲੇ ਉਸਨੂੰ ਸਾਬ-ਸਲਾਮ ਵੀ ਕਰਦੇ ਗਏ । ਉਸਨੇ ਗੇਟ ਦੇ ਪੀਲ ਪਾਵੇ ਨਾਲ ਲੱਗੀ ਨੇਮ ਪਲੇਟ ਉਤਾਰ ਦਿੱਤੀ । ਇਥੇ ਚਿਪਕੀ ਰਹੀ ਨੇ ਇਸ ਨੇ , ਉਸ ਦੇ ਸਾਦ-ਮੁਰਾਦੇ ਨਾਂ ਦਾ ਬਿਲਕੁਲ ਸਾਥ ਨਹੀਂ ਸੀ ਦਿੱਤਾ । ਉਸ ਤੱਕ ਪੁੱਜਣ ਵਾਲੀ ਚਿੱਠੀ ਕਦੀ ਮੋਹਣ ਲਾਲ ਸ਼ਾਸ਼ਤਰੀ ਘਰੋਂ ਘੁੰਮ ਕੇ ਮੁੜਦੀ , ਕਦੀ ਮੋਹਣ ਲਾਲ ਹਲਵਾਈ ਦੀ ਹੱਟੀਓ , ਕਦੀ ਕਮੇਟੀ ਘਰ ਵਾਲੇ ਮੋਹਨ ਲਾਲ ਦੀ ਬੈਠਕੋਂ  ।

ਬਹੁਤੀ ਵਾਰ ਉਸਦੀ ਜ਼ਰੂਰੀ ਸ਼ਮੂਲੀਅਤ ਵਾਲੀਆ ਮਿਤੀਆਂ ਹੀ ਲੰਘ ਚੁੱਕੀਆਂ ਹੁੰਦੀਆਂ ।

ਇਸ ਵਾਰ ਇਹੋ ਕੁਝ ਵਾਪਰਿਆ ਸੀ ਉਸ ਨਾਲ । ਜ਼ਿਲਾ ਪੱਧਰੀ ਸੈਮੀਨਾਰ ਸੀ , ਉਸਦੀ ਤਿੱਖੀ ਪਕੜ ਵਾਲੇ ਵਿਸ਼ੇ ਬੁੱਧ ਬਨਾਮ ਵੇਦਾਂਤ ਤੇ ਮੁੱਖ ਬੁਲਾਰਾ ਭਾਵੇਂ ਨਹੀਂ ਸੀ ਉਹ , ਤਾਂ ਵੀ ਉਸਦੀ ਹਾਜ਼ਰੀ ਉਸਦੇ ਕਿੰਤੂ-ਪਰੰਤੂ ਅਹਿਮ ਨੁਕਤੇ ਉਭਾਰ ਸਕਦੇ ਸਨ । ਬਹਿਸ ਵਿਚਾਰ ਪ੍ਰਚੰਡ ਕਰ ਸਕਦੇ ਸਨ ਰੱਬ,ਰੂਹ,ਰੂਹਾਨੀਅਤ , ਪਾਪ-ਪੁੰਨ,ਗਿਆਨ-ਧਿਆਨ,ਮੁਕਤੀ-ਭਗਤੀ,ਯੱਗ-ਬਲੀ ਵਰਗੀਆਂ ਪ੍ਰਚੱਲਤ ਮਨੌਤਾਂ ਤੇ ।

ਪਰ ਨਹੀਂ ਸੀ ਜਾ ਸਕਿਆ । ਸੱਦਾ ਪੱਤਰ ਪੱਛੜ ਕੇ ਪੁੱਜਾ ਸੀ ਕਿੰਨੇ ਸਾਰੇ ਦਿਨ ।

ਇਕ ਵਾਰ ਪਹਿਲੋਂ ਵੀ ਖੁੰਝਾ ਸੀ ਉਹ, ਇਕ ਅਹਿਮ ਸੰਮੇਲਣ ਚ ਭਾਗ ਲੈਣੋਂ । ਉਸ ਵਾਰ ਮੁੱਦਾ ਵੀ ਉਸਨੇ ਆਪ ਦਿੱਤਾ ਸੀ ਸਮੇਲਣ ਪ੍ਰਬੰਧਕਾਂ ਨੂੰ । ਪੜ੍ਹਨਾ ਵੀ ਉਸਨੇ ਆਪ ਹੀ ਸੀ  , ਕੁੰਜੀਵਤ ਭਾਸ਼ਣ ਵਜੋਂ । ਉਦੋਂ ਸੱਦੇ-ਪੱਤਰ ਨੇ , ਉਸਦੇ ਨੌਕਰੀ ਵਾਲੇ ਸ਼ਹਿਰੋਂ ਪਰਤੇ ਨੇ ਵੀ ਇਥੇ ਤਿੰਨਾਂ ਘਰਾਂ ਚ ਤਸਤੱਕ ਦਿੱਤੀ ਸੀ , ਉਸ ਤੱਕ ਅੱਪੜਦਾ ਹੋਣ ਤੋਂ ਪਹਿਲਾਂ ।

ਤਦ ਤੱਕ ਨਿਸਚਿੱਤ ਮਿਤੀ ਲੰਘ ਚੁੱਕੀ ਸੀ ।

ਹੁਣ ਉਸਦੇ ਸਾਹਮਣੇ ਦੋ ਹੀ ਵਿਕਲਪ ਸਨ-ਜਾਂ ਤਾਂ ਆਪਣੇ ਦੋ-ਸ਼ਬਦੀ ਨਾਂ ਨਾਲ ਤੀਸਰਾ ਸ਼ਬਦ ਜੋੜੇ ਜਾਂ ਆਪਣੇ ਘਰ ਦੀ ਹੋਂਦ ਨੂੰ ਲਾਗੇ ਦੇ ਕਿਸੇ ਉੱਘੇ ਪ੍ਰਸਿੱਧ ਸਥਾਨ ਦੀ ਨੇੜਤਾ ਨਾਲ ਗੰਢੇ ।

ਉਸ ਨੇ ਆਸ-ਪਾਸ ਨਿਗਾਹ ਮਾਰੀ  ।ਨਵੀਂ ਉਸੱਰਦੀ ਕਾਲੋਨੀ ਚ ਅਜੇ ਨਾ ਕੋਈ ਮੰਦਰ ਉੱਸਰਿਆ ਸੀ ਨਾ ਗੁਰਦੁਆਰਾ । ਹਾਂ ਇਕ ਮਾਡਲ ਸਕੂਲ ਜ਼ਰੂਰ ਪ੍ਰਗਟ ਹੋਇਆ ਸੀ , ਇਕ ਛੋਟੇ ਜਿਹੇ ਇਹਾਤੇ ਚ ।

ਉਸ ਨੇ ਸਤਾਈ-ਇੰਚ ਪੀਲ ਪਾਵੇ ਦਾ ਠੀਕ ਠੀਕ ਜਾਇਜ਼ਾ ਲਿਆ । ਕਾਫ਼ੀ ਖੁੱਲ੍ਹੀ ਥਾਂ ਸੀ । ਦੋਨੋਂ ਵਿਕਲਪ .ਇਕੱਲੇ-ਇਕੱਲੇ ਵੀ ਲਿਖੇ ਜਾ ਸਕਦੇ ਸਨ, ਇਕੱਠੇ ਵੀ । ਫੁੱਟਾ ਪੈਨਸਲ ਲੈ ਕੇ ਉਸਨੇ ਇਕ ਚੰਗੀ ਖੁੱਲ੍ਹੀ ਆਇਤਾਕਾਰ ਵਾਹੀ । ਕੁੱਲ ਅੱਖਰਾਂ ਦੀ ਗਿਣਤੀ ਮਿਣਤੀ ਕਰਕੇ ਥਾਂ ਦੀ ਵੰਡ ਵੀ ਕਰ ਲਈ । ਲਿਖਤ ਦੀ ਕੱਚੀ ਰੂਪ-ਰੇਖਾ ਉਕੱਰਦਾ ਜਦ ਉਹ ਨੇੜੇ ਸ਼ਬਦ ਤੇ ਪੁੱਜਾ , ਤਾਂ ਉਸਦਾ ਹੱਥ ਫਿਰ ਕੰਬ ਗਿਆ ।

ਉਸਦੀ ਰੂਹ ਜਾਨ ਨੂੰ ਉਸਦੇ ਅੰਦਰ ਨੂੰ ਇੱਕ ਜ਼ੋਰਦਾਰ ਝੁਣਝੁਣੀ ਆ ਗਈ ਸੀ ,ਉਸਦੀ ਆਤਮ-ਬਲਵਾਨਤਾ ਜਿਵੇ ਕੰਬੀ ਗਈ ਹੋਵੇ । ਉਸਦਾ ਚੌਥੀ ਵਾਰ ਬਦਲ ਹੋਇਆ ਸਿਰਨਾਵਾਂ ਮੁੜ ਉਸੇ ਰੰਗ-ਢੰਗ ਚ ਲਿਖਣਾ ਪੈ ਰਿਹਾ ਸੀ ਉਸਨੂੰ ਨੇੜੇ ਅਰਜਨ ਮਾਡਲ ਸਕੂਲ

ਉਸ ਨੂੰ ਲੱਗਾ ਇਹ ਸ਼ਬਦ ਵੀ ਉਸਦੇ ਵਜੂਦ ਨੂੰ , ਉਸਦੀ ਪਛਾਣ ਨੂੰ ਲੰਗੜਾ ਹੀ ਨਹੀਂ ਇਕ ਤਰ੍ਹਾਂ ਨਾਲ ਸਿਫ਼ਰ ਕਰਨ ਤੇ ਤੁਲਿਆ ਰਿਹਾ ਹੈ । ਵਿਹੜੇ ਨਾਲ ਜੁੜੇ ਤੀਸਰੇ ਸ਼ਬਦ ਦੀ ਮਾਰ ਤੋਂ ਤਾਂ ਉਹ ਹੁਣ ਤੱਕ ਬਚਿਆ ਰਿਹਾ ਸੀ । ਅਵੱਲ ਬਚਾਈ ਰੱਖਿਆ ਸੀ ਆਪਣੇ ਆਪ ਨੂੰ ਪੂਰੀ ਸਿਦਕ-ਦਿੱਲੀ ਨਾਲ ।

ਖੜੇ ਖੜੋਤੇ ਦੇ ਉਸਦੇ ਕੰਨਾਂ ਚ ਇੰਦਰ ਬਾਬੇ ਦੇ ਬੋਲ ਜਿਵੇਂ ਫਿਰ ਤੋਂ ਗੂੰਜੇ ਹੋਣ ਲੈਅ ਬਈ ਮੋਹਣਿਆਂ , ਸਾਵਾਂ ਤੁਲਿਆ ਤੂੰ ਮੇਰੇ ਨਾਲ ਐਨੇ ਦਿਨ । ਬੱਸ .......ਹੁਣ ਉਮਰ ਭਰ ਮਾਰ ਨਹੀਂ ਖਾਂਦਾ ਕਿਧਰੇ ਵੀ ........।

ਇੰਦਰ ਬਾਬੇ ਨਾਲ ਤੱਪਦੀ ਰੋਂਅ ਚ ਬਿਤਾਏ  ਬਾ-ਮਸ਼ਕੱਤ ਪੰਦਰਾਂ ਕੁ ਦਿਨ ਉਸਦੇ ਤਨ-ਬਦਨ ਨੂੰ , ਉਸਦੀ ਰੂਹ-ਜਾਨ ਨੂੰ ਜਾਗ ਦਾ ਕਰ ਗਏ ਸਨ । ਪੁਰਖਿਆ ਕਾਰਨ ਉਸਦੇ ਅੰਦਰ ਵਲ੍ਹ ਨੂੰ ਪੱਸਰ ਆਈ ਹੀਣਤਾ ਉਸ ਨੂੰ ਆਪ ਸਹੇੜੇ ਰੋਗ ਲੱਗਣ ਲੱਗ ਪਈ ਸੀ । ਇਸ ਤੋਂ ਬਚਦਾ ਹੋਣ ਲਈ ਉਸਦੀ ਕਿਸ਼ੋਰ ਉਮਰੀ ਭਾਵੁਕਤਾ ਅਜੀਬ ਤਰਾਂ ਦੇ ਔਖੇ ਓਜੜੇ ਰਾਹੀ ਤੁਰਦੀ ਰਹੀ । ਤੀਸਰੇ ਸ਼ਬਦ ਦੇ ਅਰਥ-ਸੰਚਾਰ ਤੋਂ ਉਸ ਨੇ ਉਮਰ ਭਰ ਤੋੜ ਵਿਛੋੜਾ ਕੀਤੀ ਰੱਖਿਆ ।

ਇਸ ਸਾਰੇ ਕੁਝ ਦਾ ਪਤਾ ਸੀ ਉਸਦੇ ਘਰ ਦੇ ਜੀਆਂ ਨੂੰ । ਇਕ ਵਾਰ ਨਹੀਂ ਕਈ ਵਾਰ ਦੱਸ ਚੁੱਕਾ ਸੀ , ਪਹਿਲਾਂ ਪਤਨੀ ਨੂੰ ਫਿਰ ਪੁੱਤਰ ਧੀ ਨੂੰ । ਉਹਨਾਂ ਨਾ ਕਦੀ ਉਸਦੀ ਰਮਜ਼ ਸਮਝੀ , ਨਾ ਉਸਦਾ ਸਾਥ ਦਿੱਤਾ । ਉਲਟਾ ਲੜਦੇ-ਝਗੜਦੇ ਹਰ ਤਰ੍ਹਾਂ ਦਾ ਨਿਰਾਦਰ ਕਰਦੇ ਰਹੇ ਸਨ ਉਸਦਾ ।

ਲੰਘੇ ਜੀਵਨ ਦੀ ਤਿਲਕਵੀਂ ਜਿਹੀ ਲਿਸ਼ਕੋਰ ਉਸਦੀ ਸਿਮਰਤੀ ਚ ਆ ਲਿਸ਼ਕੀ । ......ਤਿੰਨ ਤਰ੍ਹਾਂ ਦੀ ਨੌਕਰੀ ਕਰਨੀ ਪਈ ਸੀ ਉਸਨੂੰ । ਸਰਕਾਰੀ  , ਅਰਧ ਸਰਕਾਰੀ ਤੇ ਨਿਰੋਲ ਨਿੱਜੀ ਮਾਲਕਾਂ ਦੀ । ਉਸਦੀਆਂ ਕੰਮ ਕਾਜੀ ਉਲਝਣਾਂ ਉਸ ਲਈ ਬੀ.ਏ.ਐਮ.ਏ. ਕਰਨ ਦੇ ਰਾਹ ਚ ਰੁਕਾਵਟਾਂ ਤਾਂ ਬਣੀਆਂ ਪਰ ਉਹ ਰੁਕਿਆ ਨਾ । ਨੌਵੀ ਦੱਸਵੀਂ ਚ ਤੀਰਥ ਰਾਮ ਮਾਸਟਰ ਤੋਂ ਸਿੱਖੀ ਪੈਨਸਲ-ਬੁਰਸ਼ ਕਲਾ ਵੀ ਥੋੜੀ ਬਹੁਤ ਸਾਂਭੀ ਰੱਖੀ ਸੀ ਉਸਨੇ । ਇੰਦਰ ਬਾਬੇ ਦੇ ਬੋਲ ਵੀ ਇਕ ਤਰ੍ਹਾਂ ਦੀ ਊਰਜਾ ਭਰਦੇ ਰਹੇ ਸਨ ਉਸ ਅੰਦਰ ਬੀਤੇ ਚਾਲੀ ਪੰਜਤਾਲੀ ਵਰ੍ਹੇ ।

ਉਸਦੀ ਵੱਡੇ ਡੈਮ ਦੀ ਨੌਕਰੀ ਸਮੇਂ ਉਸਦਾ ਪਤਾ ਬੈਰਕ ਨੰਬਰ ਅੱਠ ਕਮਰਾ ਨੰਬਰ ਚਾਲੀ ,ਨੇੜੇ ਡਬਲ ਐਫ ਬਲਾਕ ਰਿਹਾ । ਫਿਰ ਸਨਅਤੀ ਸ਼ਹਿਰ ਦੀ ਠਹਿਰ ਸਮੇਂ ਇਹ ਕੋਠੀ ਬਨਾਰਸੀ ਦਾਸ ,ਨੇੜੇ ਕੇ.ਐਮ.ਵੀ ਬਣ ਗਿਆ । ਤੇ ....ਤੇ ਸਰਕਾਰੀ ਕਲਰਕੀ ਕਰਦਿਆਂ ਵੀ ਇਹ ਨਾਲੋਂ ਨੇੜੇ ਸ਼ਬਦ ਦੀ ਵਸਾਖ਼ੀ ਨਹੀਂ ਸੀ ਲੱਥੀ । ਇਸ ਸਮੇਂ ਇਹ ਨੇੜੇ ਬੀ.ਡੀ.ਓ.ਦਫ਼ਤਰ ਲਿਖ ਹੁੰਦਾ ਰਿਹਾ ।

ਉਦੋਂ ਤਾਂ ਚਾਰਾ ਕੋਈ ਨਹੀਂ ਸੀ ਹੋਰ । ਬੇਗਾਨੇ ਘਰ ਸਨ,ਮਾਲਕੀ ਹੋਰਾਂ ਦੀ ਸੀ । ਉਹ ਜਾਂ ਤਾਂ ਕਰਾਏ ਦੇ ਮਕਾਨ ਸਨ , ਜਾਂ ਅਲਾਟ ਹੋਏ ਕਮਰੇ । ਪਰ ਹੁਣ ......ਹੁਣ ਤਾਂ ਉਸਦਾ ਆਪਣਾ ਘਰ ਸੀ , ਆਪਣੀ ਮਾਲਕੀ ਵਾਲੇ ਪੰਜ ਕੁ ਮਰਲੇ ਦਾ ਪੱਕਾ ਘਰ । ਲੋੜ ਅਨੁਸਾਰ ਉਸਾਰੇ ਦੋ ਕਮਰੇ , ਬੈਠਕ ,ਰਸੋਈ ,ਲੈਟਰੀਨ-ਬਾਥ । ਪੂਰੀ ਉਮਰ ਲਾ ਕੇ ਉਸਦੀ ਇਹ ਸੱਧਰ ਮਸਾਂ ਪੂਰੀ ਹੋਈ ਸੀ । ਕਿਧਰੇ ।

ਫਿਰ....ਫਿਰ ਇਸ ਨਾਲ ਵੀ ਆ ਜੁੜਿਆ ਨੇੜੇ ਸ਼ਬਦ ਉਸ ਅੰਦਰ ਤਿੱਖੀ ਲੰਮੀਂ ਸੂਲ ਵਾਂਗ ਖੁੱਭ ਗਿਆ ।

ਫੁੱਟਾ-ਪੈਨਸਲ,ਰੰਗ-ਬੁਰਸ਼ ਥਾਏਂ ਛੱਡ ਕੇ , ਉਹ ਮੁੜ ਕੁਰਸੀ ਤੇ ਆ ਬੈਠਾ , ਵਿਹੜੇ ਚ ਡਿੱਠੀ ਪਾਲਸਟਕੀ ਕੁਰਸੀ ਤੇ । ਬੈਠੇ ਬੈਠੇ ਨੂੰ ਉਸਨੂੰ ਜਿਵੇਂ ਕਿਸੇ ਨੇ ਆਵਾਜ਼ ਮਾਰੀ ਹੋਵੇ । ਉਸ ਨੇ ਆਸ-ਪਾਸ ਦੇਖਿਆ । ਕੋਈ ਵੀ ਨਹੀਂ ਸੀ ਨਾ ਬਾਹਰ ਨਾ ਅੰਦਰ । ਇਹ ਉਸਦੀ ਬੈਠਕ ਅੰਦਰਲਾ ਸਪੀਕਿੰਗ ਕਲਾਕ ਸੀ । ਪੰਜ ਵੱਜੇ ਹੋਣ ਦੀ ਸੂਚਨਾ ਬੋਲੀ ਸੀ ਇਸਨੇ । ਉਹ ਮੁੜ ਆਪਣੇ ਆਪ ਨਾਲ ਜੁੜ ਗਿਆ । ਪੰਜ ਵਜੇ ਤੱਕ ਤਾਂ ਮੁੜਨਾ ਚਾਹੀਦਾ ਸੀ , ਘਰ ਦੇ ਜੀਆਂ ਨੂੰ । ਪਿੰਡ ਗਏ ਸਨ ਉਹ ਸਵੇਰੇ ਸਵੱਖਤੇ । ਇਕ ਖ਼ਾਸ ਸਮਾਗਮ ਸੀ ਪਿੰਡ ਦ ਵੱਖਰੇ ਗੁਰਦੁਆਰੇ । ਹਰਿ ਸ਼ਬਦ ਜੋੜਿਆ ਜਾਣਾ ਸੀ ਨਿਸ਼ਾਨ ਸਾਹਿਬ ਦੀ ਟੀਸੀ ਤੇ , ਖੰਡੇ ਦੀ ਥਾਂ । ਕਈ ਦਿਨ ਉਸਦੀ ਧੀ-ਪੁੱਤਰ ਨਾਲ , ਘਰ ਵਾਲੀ ਨਾਲ ਤਲਖ਼ ਕਲਾਮੀਂ ਹੁੰਦੀ ਰਹੀ । ਨਾ ਘਰ ਦੇ ਜੀਆਂ ਨੇ ਆਪਣਾ ਹੱਠ ਛੱਡਿਆ , ਨਾ ਮੁਖੀ ਨੇ । ਉਸਦਾ ਤਰਕ ਸੀ ਇਉਂ ਕਰਨ ਤੇ ਮੁੱਢਦਾ ਭਾਈਚਾਰਾ ਰਹਿੰਦਾ ਵੀ ਤਿੜਕ ਜਾਊ । ਮਨਾਂ ਚ ਉੱਕਰ ਹੋਈ ਵੰਡ ਤਨਾਂ ਤੇ ਆ ਲਿਪਟੂ । ਦੂਜਾ ਬੰਨਾ ਮੁੜ ਪਹਿਲਾਂ ਵਾਲੀ ਅੜੀ ਤੇ ਕਾਇਮ ਸੀ ਤੁਹਾਡੀ ਹੈਸ ਮੁੱਚ-ਮੁੱਚ ਨੇ ਈ ਸਿਰ ਨਈਂ ਚੁੱਕਣ ਦਿੱਤਾ ਸਾਡੇ ਲੋਕਾਂ ਨੂੰ ! ਨਹੀਂ ਹੁਣ ਨੂੰ ਹੇਠਲੀ ਉਪਰ ਹੋਈ ਹੁੰਦੀ ।

ਹੇਠਲੀ ਉੱਪਰ ਲੜਾਈਆਂ-ਝਗੜਿਆਂ , ਜੰਗਾਂ-ਯੁੱਧਾਂ ਨੇ ਨਈਂ ਚਿੰਤਨ-ਚੇਤਨਾ ਨੇ ਕੀਤੀ ਐ । ਵਰਗ ਜਾਗ੍ਰਿਤੀ , ਵਰਗ ਸੰਘਰਸ਼ਾਂ ਰਾਹੀ ਹੁੰਦੀ ਆਈ ਆ । ਇਹ ਜੰਗ ਯੁੱਗ ਤਾਂ ਮਨੁੱਖੀ ਇਤਿਹਾਸ ਨੂੰ ਹੁਣ ਤੱਕ ਕਲੰਕਤ ਹੀ ਕਰਦੇ ਰਹੇ । ਹੋਰ ਤਾਂ ਹੋਰ ਇਹ ਵਸੀਲਾ ਰਹਿਤ ਹੱਥਾਂ ਦੀ ਕਿਰਤ ਸ਼ਕਤੀ , ਕਿਰਤ ਸਮਰੱਥਾ ਨੂੰ ਵੀ ਕੋਂਹਦੇ-ਨਪੀੜਦੇ ਰਹੇ ਆ । ਧਰਮਾਂ,ਜਾਤਾਂ,ਗੋਤਾਂ , ਰੰਗਾਂ , ਨਸਲਾਂ ਦੇ ਠੀਹੇਂ ਬਣਾ ਕੇ ।

ਉਸਦੀ ਗੌਰੀ-ਭਾਲੀ ਦਲੀਲ ਤਿੰਨਾਂ ਚੋਂ ਕਿਸੇ ਨੇ ਵੀ ਨਹੀਂ ਸੀ ਸੁਣੀ ।

ਉਸਦੀ ਪਤਨੀ, ਉਸਦੇ ਪੜਾਕੂ ਧੀ-ਪੁੱਤਰ ਉੱਤੇ ਜਿਵੇਂ ਕੋਈ ਜਾਦੂ ਕਰ ਰੱਖਿਆ ਸੀ ਕਿਸੇ ਕਰਮਕਾਂਡੀ ਮੰਤਰ ਨੇ ।

ਸਵੇਰੇ ਝਗੜ-ਬੋਲ ਕੇ ਗਏ ਉਹ ਅਜੇ ਤੱਕ ਵਾਪਿਸ ਨਹੀਂ ਸੀ ਪਰਤੇ ।

ਸਿਆਲੂ ਦਿਨਾਂ ਦੀ ਠੰਡ ਵਿਹੜੇ ਚ ਪਸਰਣ ਲੱਗ ਪਈ । ਉਸ ਨੇ ਗੇਟ ਲਾਗੇ ਰਖਿਆ ਨਿੱਕ ਸੁੱਕ ਚੁੱਕਿਆ ।ਕੁਰਸੀ ਸਮੇਤ ਅੰਦਰ ਚਲਾ ਗਿਆ । ਬੈਠਕ ਚ ਪਈ ਲੋਈ ਦੀ ਬੁੱਕਲ ਮਾਰ ਕੇ ਉਹ ਦਰਵਾਜ਼ਾ ਬੰਦ ਕਰਨ ਹੀ ਲੱਗਾ ਸੀ ਕਿ ਬਾਹਰਲਾ ਗੇਟ ਖੜਕਿਆ । ਉੱਧੜੇ- ਉੱਖੜੇ ਤਿੰਨੋਂ ਜੀਆ ਵਿਹੜੇ ਅੰਦਰ ਲੰਘ ਆਏ ਸਨ । ਲੰਗੜਾ ਕੇ ਤੁਰਦਾ ਪੁੱਤਰ ਮਸਾਂ ਕਮਰੇ ਅੰਦਰ ਦਾਖਿਲ ਹੋਇਆ । ਇਕ ਡਾਂਗ ਉਸਦੀ ਲੱਤ ਤੇ ਵੱਜੀ ਸੀ , ਦੋ ਤਿੰਨ ਮੌਰਾਂ ਤੇ । ਲੜਾਈ-ਝਗੜਾ ਹੋਇਆ ਸੀ ਪਿੰਡ, ਖ਼ੂਨ-ਖਰਾਬੇ ਵਰਗਾ ।

ਉਸਦਾ ਡਰ ਸੱਚ ਸਾਬਤ ਹੋਇਆ ।

ਇਉਂ  ਹੋਣਾ ਹੀ ਹੋਣਾ ਸੀ । ਇਸ ਦਾ ਪੱਕਾ ਪਤਾ ਸੀ ਉਸਨੂੰ ।

ਇਸ ਦੀ ਸਿੱਧ-ਪੱਧਰੀ ਵਿਆਖਿਆ ਕਰਨ ਲਈ , ਉਸਨੇ ਕਹਿਣਾ ਸੀ , ਇਕ ਪਾਸੇ ਖੰਡਾ ਧਿਰ , ਦੂਜੇ ਪਾਸੇ ਹਰਿ ਸਮਰਥੱਕ । ਦੋਨਾਂ ਨੂੰ ਵਰਗਾਂ ਜਾਤਾਂ ਦੀ ਜ਼ਹਿਰੀਲੀ ਪੁੱਠ । ਦੋਨਾਂ ਦੀ ਬੁੱਧ ਵਿਵੇਕ ਇਕ ਦਮ ਖੁੰਡੀ ਹੋਈ ਪਈ ਆ । ਅਵੱਲ ਗਿਰਵੀ ਕੀਤੀ ਪਈ ਆ ਕਿਸੇ ਤੀਸਰੀ ਧਿਰ ਨੇ । ਇਸ ਧਿਰ ਨੇ ਨਾ ਇਕ ਨੂੰ ਸੂਰਤ ਆਉਣ ਦੇਣੀ ਨਾ ਦੂਜੇ ਨੂੰ । .....ਹੁਣ ਤੱਕ ਇਹੀ ਕੁਝ ਹੁੰਦਾ ਰਿਹਾ । ਸਾਡਾ ਸਾਰਾ ਇਤਿਹਾਸ ਪੂਰੀ ਤਰ੍ਹਾਂ ਲਿੱਬੜਦਾ ਕੀਤਾ ਪਿਆ ਇਸ ਨੇ । ਇਸ ਦੇ ਧਰਮ ਤੰਤਰ ਨੇ । ਦੰਗੇ-ਫ਼ਸਾਦ,ਲੜਾਈਆਂ-ਝਗੜੇ ਖੂਨੀ ਜੰਗਾਂ ਇਕ ਤਰ੍ਹਾਂ ਦਾ ਸੁਗਲ ਮੇਲਾ ਐ ਇਸ ਦੀ ਸੁਆਰਥੀ ਬਿਰਤੀ ਲਈ , ਮੁਨਾਫ਼ਖੋਰ ਫਿਤਰਤ ਲਈ ।

ਪਰ ਉਹ ਕਹਿ ਨਾ ਸਕਿਆ , ਡੌਰ-ਭੌਰ ਦਿਸਦੇ ਤਿੰਨੋਂ ਜੀਅ ਉਸ ਅੰਦਰਲੇ ਉਬਾਲ ਨੂੰ , ਉਸ ਦੇ ਅੰਦਰ ਹੀ ਕਿਧਰੇ ਨੱਪਦਾ ਕਰ ਗਏ ।

ਉੰਝ , ਹਰ ਸਭਾ-ਸੋਸਾਇਟੀ , ਹਰ ਸੈਮੀਨਾਰ-ਸੰਮੇਲਨ ਚ ਉਸ ਦੀ ਵਿਆਖਿਆ ਹੋਰ ਵੀ ਉੱਗੜਵੀਂ ਹੁੰਦੀ ਸੀ । ਉਸਦਾ ਸਾਰਾ ਤਾਣ ਇਸ ਤੀਜੀ ਧਿਰ ਨੂੰ ਨੰਗਿਆ ਕਰਨ ਤੇ , ਇਸ ਦੀ ਅਸਲ ਖ਼ਾਸੇ ਦੀ ਛਾਣ ਬੀਣ ਕਰਨ ਤੇ ਲੱਗਦਾ ਸੀ ।

ਇਹ ਸਾਰੇ ਤੱਥ ਉਸ ਦੇ ਧੀ-ਪੁੱਤਰ ਦੀ ਸੂਝ ਸਮਝ ਦਾ ਹਿੱਸਾ ਵੀ ਬਣਦੇ ਰਹੇ ਸਨ , ਅਕਸਰ । ਪਰ ਉਸਦੀ ਘਰ ਵਾਲੀ ਉਸਦੀ ਕੀਤੀ ਕੱਤਰੀ ਨੂੰ ਇਕ ਸਾਰ ਪੋਚਾ ਫੇਰ ਦਿਆ ਕਰਦੀ ।

ਇਸ ਵਾਰ ਵੀ ਉਸਦੀ ਚੁੰਗਲ ਚ ਫਸੇ ਉਹ ਦੋਨੋਂ ਪਿੰਡ ਚਲੇ ਗਏ ਸਨ , ਛੁੱਟੀ ਵਾਲੇ ਦਿਨ । ਰੋਹ ਰੰਜ , ਨਫ਼ਰਤੀ ਭਾਵ ਹੋਰ ਵੀ ਉੱਭਰ ਆਏ ਦਿਸਦੇ ਸਨ ਉਹਨਾਂ ਸਭ ਦੇ ਚਿਹਰਿਆਂ ਤੇ ਸੰਘਣੀ ਤਰ੍ਹਾਂ ਪੱਸਰੇ ।

ਡਰੀ-ਸਹਿਮੀ ਉਸਦੀ ਪਤਨੀ ਸਿੱਧੀ ਪਿਛਲੇ ਅੰਦਰ ਵਿਛੇ ਬੈੱਡ ਤੇ ਜਾ ਡਿੱਗੀ । ਤੇ ਉਹ...ਉਹ ਧੀ-ਪੁੱਤਰ ਨੂੰ ਪਿਆਰਦਾ ਪੁੱਚਕਾਰਦਾ ਵੱਡੇ ਕਮਰੇ ਚ ਲੈ ਗਿਆ । ਉਹਨਾਂ ਦੋਨਾਂ ਨੂੰ ਵਗਲ੍ਹ ਚ ਲੈਂਦੇ ਨੇ ਉਸਨੇ ਇਸ ਵਾਰ ਜਿਵੇਂ ਹਲਕੀ ਜਿਹੀ ਝਿੜਕ ਵੀ ਮਾਰੀ –“ਸਭ ਕੁਝ ਜਾਣ-ਦਿਆਂ ਬੁਝਦਿਆ ਵੀ ਆਪਾਂ ਸਾਧਾਂ ਦੀ ਸਿਆਸਤ ਨੂੰ ਇਲਾਹੀ ਹੁਕਮ ਮੰਨ ਲਿਆ । ਇਕ ਪਾਸੇ ਤਾਂ ਆਪਾਂ ਆਪਣੇ ਉੱਪਰ ਥੋਪੇ ਗਏ ਜਾਤ-ਪ੍ਰਬੰਧ ਤੋਂ ਜਾਤ-ਛਡਜੰਦ ਤੋਂ ਬਾਗੀ ਹੋਣ ਲਈ ਤਰਲੋਮੱਛੀ ਹੋਏ ਬੈਠੇ ਆ , ਦੂਜੇ ਪਾਸੇ ਉਹਨਾਂ ਵਰਗਾ ਹੀ ਜਾਤ-ਅਭਿਮਾਨ ਸਿਰ ਤੇ ਚੁੱਕੀ ਫਿਰਦੇ ਆ । ......ਬੱਸ ਐਸੇ ਗੱਲੋਂ ਮਾਰ ਖਾਨੇ ਆਂ ਅਸੀਂ ਲੋਕੀਂ ।

ਲਗਦੇ ਹੱਥ ਹੀ ਉਸਨੇ ਹੱਡੀ ਹੰਢਾਏ ਅਭਿਆਸ ਦੀ ਵੀ ਥੋੜੀ ਕੁ ਜਿੰਨੀ ਵਿਥਿਆ ਕਹਿ ਸੁਣਾਈ । ਨਾਲ ਦੀ ਨਾਲ ਆਪਣਾ ਹੱਠ-ਧਰਮ,ਨਾਲ ਦੀ ਨਾਲ ਸੱਤੇ ਗੀਬੇ ਦੀ ਕਥਾ ਕਹਾਣੀ । ਇੰਦਰ ਬਾਬੇ ਦੇ ਮੁੰਡਿਆ ਦਾ ਹਾਲ ਹਵਾਲ ।

ਉਸ ਨੇ ਥੋੜਾ ਕੁ ਸਹਿਜ ਹੁੰਦੇ ਨੇ ਦੱਸਿਆ ਸੀ ਆਪਣੇ ਧੀ-ਪੁੱਤਰ ਨੂੰ ਕਿ ਸੀਗੇ ਤਾਂ ਉਹ ਮੇਰੇ ਯਾਰ-ਬੇਲੀ । ਹੱਸਣ ਖੇਲਣ ਵੀ ਖੁੱਲਾ ਸੀ ਉਹਨਾਂ ਨਾਲ । ਪਰ ਦੋਨਾਂ ਚੋਂ ਕੋਈ ਵੀ ਤਣ-ਪੱਤਣ ਨਹੀਂ ਸੀ ਲੱਗਾ । ਸੱਤੇ ਨੇ ਅਠਵੀਂ ਚ ਗੋਡੇ ਟੇਕ ਦਿੱਤੇ ,ਛੋਟੇ ਗੀਬੇ ਦੀਆਂ ਦਸਵੀਂ ਚੋਂ ਦੋ ਵਾਰ ਗੋਟਣੀਆ ਲੱਗੀਆ । ਹਾਰ ਕੇ ਜੰਘੀ ਫੜ ਲਈ ਦੋਨਾਂ ਨੇ । ਪਿਓ ਨਾਲ ਆਡਾ ਲਾ ਕੇ ਖੇਤ ਬੰਨਾ ਵੀ ਵੰਡ ਲਿਆ। ਭਲੀ-ਚੰਗੀ ਤੁਰਦੀ ਤੋਰ ਲੀਹੋਂ ਉੱਤਰ ਗਈ । ਊਂ ਟੈ-ਟੱਸ ਰਤਾ ਮਾਸਾ ਵੀ ਮੱਠੀ ਨਾ ਪਈ ।

ਕਦੇ ਕਦਾਈਂ ਪਿੰਡ ਗਏ ਨੂੰ ਉਹ ਮੈਨੂੰ ਮਿਲਿਆ ਗਿਲਿਆ ਵੀ ਕਰਨ । ਬਾਤ-ਚੀਤ ਵੀ ਕਰਿਆ ਕਰਨ । ਪਰ , ਐਮੇਂ ਕਿਮੇਂ ਦੀ ਉਪਰੀ ਜਿਹੀ ਰੜਕਵੀਂ ਜਿਹੀ । ਕਦੀ ਕਿਹਾ ਕਰਨ-ਜ਼ਾਰ ਤੂੰ ਤਾਂ ਨਿੱਖਰ ਈ ਬੜਾ ਗਿਆ ਸ਼ਹਿਰ ਜਾ ਕੇ ਕੀ ਖਾਨਾਂ ਹੁੰਨਾ ! ਕਦੀ ਆਖਿਆ ਕਰਨ ਤੇਰੀ ਤਾਂ ਮੋਹਣਿਆਂ ਗੋਗੜ ਈ ਗਾਆਂ ਨੂੰ ਤੁਰੀ ਆਉਂਦੀ ਆ , ਤੈਨੂੰ ਹੁਣ ਲਾਵੀ ਦਿਹਾੜੀ ਕੌਣ ਲਜਾਊ ! ਮੈਨੂੰ ,ਆਪਣੇ ਵਾੜੇ ਲਾਗਿਉਂ ਦੀ ਲੰਘਦਾ ਦੇਖ ਕੇ , ਇਕ ਵਾਰ ਤਾਂ ਗੀਬੇ ਮੂੰਹੋਂ ਸਪਾਟ ਈ ਨਿਕਲ ਗਿਆ –‘ਦੇਖ ਸਾਲੀ ਚਮਾੜਲੀ ਕਿੱਦਾਂ ਮੇਲ੍ਹਦੀ ਫਿਰਦੀ ਆ ਬਣ-ਸੰਵਰ ਕੇ । ਸਾਡੇ ਭਾਅ ਦਾ ਤਾਂ ਏਹ ਹਜੇ ਵੀ ਉਹੀ ਆ ਕਮੀਂ ਕਮੀਣ । ਕਰਤਾਰੇ ਮੋਚੀ ਦਾ ਮੁੰਡਾ ਮੋਹਣੂ-ਕੋਹਣੂ ।

ਉਸਦੀ ਬਾਤ ਵਾਰਤਾ ਸੁਣਦੇ , ਉਸਦੇ ਪੁੱਤਰ-ਧੀ ਦੇ ਚਿਹਰੇ ਇਕ ਦਮ ਕੱਸੇ ਗਏ ਸਨ ।ਪਰ ,ਉਹਨਾਂ ਕੇ ਕੁਝ ਵੀ ਕਹਿਣ ਤੋਂ ਪਹਿਲਾਂ ਉਸਨੇ ਝੱਟ ਪੈਂਤੜਾ ਸਾਂਭ ਲਿਆ ਸੀ –“ਮੈਂ ਓਸਲੇ ਤਾਂ ਉਸਨੂੰ ਕੋਈ ਜਵਾਬ ਨਾ ਦਿੱਤਾ । ਜੇ ਦਿੰਦਾ ਵੀ ਤਾਂ ਭੌਂ ਮਾਲਕੀ ਫਿੱਤਰਤ ਤੋਂ ਸਹਾਰ ਨਹੀਂ ਸੀ ਹੋਣਾ । ਪਰ ,ਅਗਲੇ ਹੀ ਦਿਨ , ਉਸਨੂੰ ਗੱਡਾ ਹਿੱਕੀ ਆਉਂਦੇ ਨੂੰ ਵੱਡੇ ਚੁਰਾਹੇ ਚ ਰੋਕ ਕੇ ਮੈਂ ਉਸਦੀ ਹੋਂਦ ਹੋਣੀ ਦਾ ਸ਼ੀਸ਼ਾ ਐਨ ਉਸਦੇ ਸਾਹਮਣੇ ਕਰ ਦਿੱਤਾ –“ ਸੁਣਾ ਬਈ ਗੀਬਾ ਸਿਆਂ , ਬੜਾ ਰੋਲ ਮਧੋਲ ਹੋਇਆ ! ਕੀ ਗੱਲ ਢਾਅ ਲਿਆ ਸੰਧੂ ਸਰਦਾਰ ਨੂੰ ਕਿਸੇ ਲਹਿਣੇਦਾਰ ਨੇ ਹਲ ਵਾਹੁੰਦੇ ਨੂੰ , ਜਾਂ ਊਈਂ ਬੱਸ ਹੋਈ ਪਈ ਆ ਨਸ਼ੇ ਪੱਤੇ ਕਰਦੇ ਦੀ !

ਉਸਨੇ ਅੱਗੇ ਦਸਿਆ ਸੀ ਆਪਣੇ ਧੀ-ਪੁੱਤਰ ਨੂੰ –“ਇਸ ਤੋਂ ਵੱਧ ਉਸਨੂੰ ਕੁਝ ਨਹੀਂ ਸੀ ਕਿਹਾ । ਜੇ ਕਹਿੰਦਾ ਤਾਂ ਮੇਰਾ ਆਪਣਾ ਅਹਿਦ ਟੁੱਟਦਾ ਸੀ । ਮੇਰੇ ਅੰਦਰ ਦੂਰ ਕਿਧਰੇ ਨੱਪ ਘੁੱਟ ਹੋਈ ਕਮੀਂ ਕਮੀਣ ਹਊਂ ਮੁੜ ਤੋਂ ਜ਼ਰਬ ਖਾਂਦੀ ਸੀ । ਤੇ ....ਤੇ ਸਿੱਟਾ ਉਹ ਨਿਕਲਦਾ ਜਿਹੜਾ ਅੱਜ ਕੱਢ ਕੇ ਆਏ ਓ ਤੁਸੀਂ ।

ਇਸ ਵਾਰ ਉਸਨੂੰ ਲੱਗਾ ਸੀ ਕਿ ਲੱਗੀਆਂ ਸੱਟਾਂ ਉੱਤੇ ਗਰਮ ਪਾਣੀ ਦੇ ਫੈਹੇ ਸਹਿੰਦੇ ਸਹਾਰਦੇ ਉਸਦੇ ਪੁੱਤਰ ਨੇ ਵੀ ਉਸਦੀ ਬਾਤ ਵਾਰਤਾ ਧਿਆਨ ਨਾਲ ਸੁਣੀ ਸੀ । ਤੇ ਲਾਗੇ ਬੈਠੀ ਉਸਦੀ ਧੀ ਨੇ ਵੀ ।

ਫਿਰ,ਦੂਜੇ ਚੌਥੇ ਉਹ ਦੋਨੋਂ ਕਲਾਸ ਸਲੇਬਸਾਂ ਤੋਂ ਬਾਹਰ ਵਾਪਰਦਾ ਸੱਚ ਜਾਨਣ ਲਈ ਉਸ ਦੇ ਹੋਰ ਨੇੜੇ ਬੈਠਣ ਲੱਗ ਪਏ । ਉਹ ਖੁਸ਼-ਪ੍ਰਸੰਨ ਸੀ ਹੁਣ । ਉਸ ਦੇ ਵੱਡੀਆਂ ਜਮਾਤਾਂ ਪੜ੍ਹਦੇ ਬੱਚੇ ਉਸਨੂੰ ਜਾਨਣ ਲੱਗ ਪਏ ਸਨ ।  ਉਸਦੀ ਪੈੜ-ਚਾਲ ਪਛਾਨਣ ਲੱਗ ਪਏ ਸਨ । ਹੁਣ ਉਹਨਾਂ ਕਦੀ ਉਸਦੇ ਫੇਰੇ ਤੋਰੇ ਤੇ ਬੇ-ਲੋੜੀ ਟੋਕ-ਟਕਾਈ ਨਹੀਂ ਸੀ ਕੀਤੀ । ਫਾਲਤੂ ਦਾ ਕਿੰਤੂ ਪ੍ਰੰਤੂ ਨਹੀਂ ਸੀ ਕੀਤਾ । ਨਹੀਂ ਪਹਿਲੋਂ ਘਰ ਦੀ ਤੰਗੀ ਤੁਰਛੀ ਤੋਂ ਅੱਕੀ ਉਸਦੀ ਪਤਨੀ ਰੀਸੇ ਉਹ ਵੀ ਉਸ ਨੂੰ ਨਿਖੱਟੂ-ਨਿਕੰਮਾਂ ਵਰਗੇ ਪ੍ਰਵਚਨਾਂ ਨਾਲ ਨਿਵਾਜ਼ ਦਿਆ ਕਰਦੇ ਸਨ । ਤੀਜੇ ਸ਼ਬਦ ਨੂੰ ਛੱਡ ਤਿਆਗ ਕੇ ਹੋਏ ਝੱਲੇ ਢੇਰ ਸਾਰੇ ਮਾਇਕ ਨੁਕਸਾਨ ਦਾ ਮੁੱਖ ਦੋਸ਼ੀ ਉਸ ਨੂੰ ਗਰਦਾਨਦਿਆਂ ਇਥੋਂ ਤੱਕ ਕਹਿ ਦਿਆ ਕਰਦੇ ਸਨ , ਤੁਹਾਨੂੰ ਪਤੀ-ਪਿਤਾ ਨਹੀਂ ਸੀ ਬਨਣਾ ਚਾਹੀਦਾ । ਸਗੋਂ ਸੰਨਿਆਸੀ ਬਨਣਾ ਚਾਹੀਦਾ ਸੀ , ਦੁਨੀਆਂਦਾਰੀ ਤੋਂ ਦੂਰੀ ਰਹਿਣ ਵਾਲਾ ਇਕ ਤਰ੍ਹਾਂ ਦਾ ਜੰਗਲੀ ਜੀਵ । ਉਸਦੀ ਪਤਨੀ ਦੇ ਤਿੱਖੇ ਤੇਵਰ ਤਾਂ ਆਏ ਦਿਨ ਉਹਦੇ ਵਲ ਨੂੰ ਅਗਨ ਬਾਣ ਛੱਡਦੇ ਹੀ ਰਹਿੰਦੇ । ਖਿਝੀ ਖਪੀ ਕਈ ਵਾਰ ਅਪ ਸ਼ਬਦ ਵੀ ਬੋਲ ਜਾਂਦੀ । ਜ਼ਰਾ ਕੁ ਜਿੰਨੀ ਤੰਗੀ ਤੁਰਛੀ ਨੂੰ ਕਿੰਨਾ ਸਾਰਾ ਵਧਾ ਚੜ੍ਹਾ ਕੇ ਉਹ ਉਸ ਉੱਤੇ ਜਿਵੇਂ ਵਰ੍ਹ ਹੀ ਪੈਂਦੀ –“ ਏਸ ਝੁੱਡੂ ਜੇਏ ਨੇ ਘਰ ਚ ਵੀ ਭੁੱਖ ਨੰਗ ਵਰਤਾਈ ਰੱਖੀ ਆ , ਤੇ ਆਪੂੰ ਵੀ ਸਾਰੀ ਉਮਰ ਆਹੀ ਲੀਰਾਂ ਲੰਮਕਾਈ ਰੱਖੀਆਂ ਆਪਣ ਦੁਆਲੇ । ਉਸਦੇ ਕੁੜਤੇ-ਪਜਾਮੇਂ ਦੀ ਪਸੰਦ ਨੂੰ ਉਹ ਲੀਰਾਂ ਦੀ ਸੰਗਿਆ ਦਿਆ ਕਰਦੀ ਸੀ ।

ਕਰਾਏ ਦੇ ਮਕਾਨਾਂ ਦੀ ਔਖ-ਔਖਿਆਈ ਕੱਟਦੀ ਉਹ ਹੋਰ ਵੀ ਚਿੜਦੀ ਰਹੀ ਸੀ । ਉਸਦਾ ਗਿਲਾ ਹੁੰਦਾ-ਏਦੇ, ਨਾਲ ਦੇ ਕਿਤੇ ਦੇ ਕਿਤੇ ਪੁੱਜਿਓ ਆ । ਕੋਈ ਜ਼ਿਲਾ ਅਫ਼ਸਰ ਬਣਿਆ ਪਿਆ  , ਕਿਸੇ ਨੇ ਚੰਦੀਗੜ੍ਹ ਤੱਕ ਮਾਰ ਮਾਰੀ ਪਈ ਆ । ਤੇ ਏਹ ਸਾਧੜਾ ਜਿਹਾ ਐਥੇ ਈ ਧੱਕੇ ਖਾਈ ਜਾਂਦਾ , ਪਿੰਡਾਂ ਥਾਵਾਂ ਤੇ ਸਕੂਲੀ ਦਫ਼ਤਰਾਂ ਚ ........।

ਪਤਨੀ ਦੇ ਬੋਲ-ਕਬੋਲ ਉਸ ਨੂੰ ਤੰਕ-ਪ੍ਰੇਸ਼ਾਨ ਤਾਂ ਕਰਦੇ , ਪਰ ਉਹ ਖਿਝਦਾ ਖੱਪਦਾ ਨਾ ।

ਇੰਦਰ ਬਾਬੇ ਦਾ ਜੁੱਟ ਬਣ ਕੇ ਬਰਦਾਸ਼ਤ ਕੀਤੀ ਪੰਦਰਾਂ ਕੁ ਦਿਨਾਂ ਦੀ ਔਖ ਮੁਸ਼ਕਲ ਨੇ , ਉਸ ਅੰਦਰ ਆਤਮ ਵਿਸ਼ਵਾਸ਼ ਵਰਗਾ ਟਿਕਵੀਂ ਤਰਾ ਦਾ ਠਹਿਰਾਅ ਵੀ ਭਰਦਾ ਕਰ ਦਿੱਤਾ ਸੀ ।

ਉਸ ਦੇ ਨਰਮ ਨਾਜ਼ੁਕ ਹੱਥਾਂ ਪੈਰਾਂ ਚ ਖੁੱਭੇ ਕਿਸਾਰ ਖੁੰਗੇ ਉਸਨੂੰ ਚਾਰ ਛੇ ਦਿਨਾਂ ਚ ਭੁਲ ਭੁਲਾ ਗਏ ਸਨ ।

ਉਸਦੀ ਸਿੱਟੇ ਚੁਗਦੀ ਮਾਂ, ਜੁੱਤੀਆਂ ਗੰਢਦੇ ਪਿਓ ਦੇ ਘਰ ਉਸ ਵਾਰ ਵੀਹ-ਤੀਹ ਸੇਰ ਕਣਕ ਦੀ ਥਾਂ ,ਪੰਜ-ਛੇ ਮਣ ਦਾਣ ਵੀ ਪੁੱਜਦੇ ਹੋਏ ਸਨ ।

ਪਰ, ਉਸਦੀ ਚੜ੍ਹਦੀ ਪੂੰਗਰਦੀ ਉਮਰ , ਇੰਦਰਕਿਆਂ ਦੇ ਕਿਸੇ ਵੱਡੇ ਵਡੇਰੇ ਤੋਂ ਉਸਦੇ ਕਿਸੇ ਬਾਬੇ ਪੜਦਾਦੇ ਨੂੰ ਦਾਨ-ਪੁੰਨ ਚ ਮਿਲੇ ਘਰ ਕੋਠੇ ਚ ਰਹਿਣ ਤੋਂ ਇਨਕਾਰੀ ਹੁੰਦੀ ਗਈ ।

ਵਿਹੜੇ ਨਾਲ ਜੁੜੇ ਕਮੀਂ ਕਮੀਨ ਸ਼ਬਦ ਨੂੰ ਅਲਵਿਦਾ ਕਹਿ ਕੇ ਉਹ ਉਮਰ ਭਰ ਨਾ ਆਪਣੇ ਸਾਹਮਣੇ ਆਪ ਹੀਣ ਹੋਇਆ ਸੀ ,ਨਾ ਕਿਸੇ ਵੀ ਖੱਬੀਖਾਨ ਸਾਹਮਣੇ ਝੁਕਿਆ-ਲਿਫਿਆ ਸੀ ।

ਪਰ, ਹੁਣ...ਹੁਣ ਅਠਵੰਜਾ ਸੱਠ ਸਾਲ ਦੀ ਉਮਰ ਚ ਸੇਵਾ ਮੁਕਤ ਹੋ ਕੇ , ਆਪਣੇ ਘਰ ਆਪਣੇ ਮਕਾਨ ਚ ਪੁੱਜੇ ਦਾ ਉਸਦਾ ਕਿੰਨਾਂ ਸਾਰਾ ਵਜੂਦ ਜਿਵੇਂ ਭੁਰ ਕਿਰ ਗਿਆ । ਉਸਦਾ ਘਰ, ਉਸਦਾ ਨਵਾਂ ਉਸਰਿਆ ਮਕਾਨ , ਮੁੜ ਨੇੜੇ ਸ਼ਬਦ ਦੀ ਗੁਲਾਮੀ ਸਹੇੜਦਾ ਉਸ ਤੋਂ ਬਰਦਾਸ਼ਤ ਨਹੀਂ ਸੀ ਹੋਇਆ ।

ਉਹ ਨਹੀਂ ਸੀ ਚਾਹੁੰਦਾ , ਇਹ ਸ਼ਬਦ ਉਸਦੇ ਧੀ-ਪੁੱਤਰ ਨੂੰ ਵੀ ਉਸ ਵਾਂਗ ਦਾਗ਼ਦਾਰ ਕਰੀ ਰੱਖੇ । ਉਹਨਾਂ ਦੇ ਥੌਹ ਪਤੇ ਨੂੰ ਵੀ ਲੰਗੜਾ ਬਣਾਈ ਰੱਖੇ । ਉਹਨਾਂ ਤਾਂ ਅਜੇ ਸ਼ੁਰੂਆਤ ਹੀ ਕੀਤੀ ਸੀ । ਉਹਨਾਂ ਦਾ ਤਾਂ ਸਾਰਾ ਭਵਿੱਖ ਖੜਾ ਸੀ ਉਹਨਾਂ ਸਾਹਮਣੇ । ਉਹਨਾਂ ਦੇ ਨੰਬਰ-ਨਤੀਜੇ , ਅਰਜੀਆਂ-ਇੰਟਰਵਿਊਆਂ ਸਭ ਏਸੇ ਪਤੇ ਤੇ ਆਉਣੀਆਂ-ਪੁੱਜਣੀਆਂ ਸਨ ।

ਇਹ ਸਾਰੇ , ਉਸਦੇ ਚਿੱਠੀ-ਪੱਤਰ ਵਾਂਗ ਹੋਰਨੀਂ ਘਰੀਂ ਘੁੰਮ ਕੇ ਪੁੱਜਣ ! ਉਸ ਤੋਂ ਇਹ ਨਿਮੋਸ਼ੀ ਬਿਲਕੁਲ ਸਹਿਣ ਨਹੀਂ ਸੀ ਹੋਣੀ । ਉਹ ਆਲੋਕਰ ਤਰ੍ਹਾਂ ਦੀ ਸ਼ਸ਼ੋਪੰਜ ਚ ਜਕੜਿਆ ਗਿਆ ।ਇਕ ਪਾਸੇ ਉਸਦਾ ਛਡਿਆ ਤਿਆਗਿਆ  ਜਾਤੀ ਸੂਚਕ ਵਿਸ਼ੇਸ਼ਣ, ਦੂਜੇ ਪਾਸੇ ਉਮਰ ਭਰ ਉਸਦੀ ਪੀੜ-ਚੀਸ ਦ ਕਾਰਨ ਬਣਦਾ ਰਿਹਾ ਸੰਯੋਜਕ ।

ਦੋਨਾਂ ਚ ਕੋਈ ਇਕ ਤਾਂ ਲਿਖਣਾ ਹੀ ਪੈਣਾ ਸੀ ਬਾਹਰਲੇ ਗੇਟ ਤੇ । ਘਰ ਦੀ ਪਹਿਚਾਣ ਲਈ । ਇਸ ਦੀ ਹੋਂਦ ਨੂੰ ਉਜਾਗਰ ਕਰਨ ਲਈ । ਆਪਣੇ ਨਾਂ ਨੂੰ ਹੋਰਨਾਂ ਸਰਨਾਮਿਆਂ ਤੋਂ ਵੱਖਰਾ ਦਰਸਾਉਣ ਲਈ ।

ਕਿੰਨੇ ਹੀ ਦਿਨ ਉਹ ਇਹਨਾਂ ਦੋ ਪੁੜਾਂ ਵਰਗੇ ਸ਼ਬਦਾਂ ਚ ਫਸਿਆ ਰਗੜ ਹੁੰਦਾ ਰਿਹਾ ।

ਆਖਿਰ ਉਸਦੇ ਘਰ ਪਰਿਵਾਰ ਦੀ , ਉਸਦੇ ਧੀ-ਪੁੱਤਰ ਦੀ ਵਫ਼ਾ ਉਸਦੀ ਚੋਣ ਤੇ ਭਾਰੂ ਹੋ ਗਈ ।

ਬਾਹਰਲੇ ਗੇਟ ਦੇ ਪੀਲ ਪਾਵੇ ਤੇ ਵਾਹੀ ਆਇਤਕਾਰ ਚ ਉੱਕਰੇ ਨੇੜੇ ਸ਼ਬਦ ਨੂੰ ਮੇਟ-ਮੇਸ ਕੇ ਉਸ ਨੇ ਆਪਣੇ ਨਾਂ ਮੋਹਨ ਲਾਲ ਨਾਲ ਜੁੜਵਾਂ ਸ਼ਬਦ ਬੰਗੜ ਲਿਖਣ ਲਈ ਮੁੜ ਤੋਂ ਮਿਣਤੀ-ਗਿਣਤੀ ਕਰ ਲਈ । ਭਾਵੇਂ ਕੰਬਦੇ ਹੱਥਾਂ ਨਾਲ ਹੀ !!


---------------------------------

ਵਾਰੀ ਸਿਰ (ਕਹਾਣੀ)

ਲਾਲ ਸਿੰਘ ਦਸੂਹਾ

------------------------------

.......ਰਾਮੀਂ ਦੇ ਟਿੱਬੇ-ਟੋਏ ਨਕਸ਼ਾਂ ਤੇ ਖਿੱਲਰੀ ਪਲੱਤਣ ,ਆਪਣੇ ਮਾਮੇਂ ਦੇ ਚਿਹਰੇ ਦੀ ਦਗ-ਦਗ ਕਰਦੀ ਲਾਲੀ ਨੂੰ ਜਿਵੇਂ ਫਿਟਕਾਰਦੀ ਜਾਪੀ...........ਪਲ ਦੀ ਪਲ ਉਸ ਨੂੰ ਇਹ ਨਿਰਨਾ ਕਰਨਾ ਅਤਿ ਮੁਸ਼ਕਲ ਹੋ ਗਿਆ ਹੈ ਕਿ ਉਸਦੇ ਮਾਮੇਂ ਦੀ ਰਾਜਧਾਨੀ ਤੋਂ ਚੱਲੀ , ਪਿੰਡ ਵਲ੍ਹ ਨੂੰ ਤੇਜ਼ ਦੌੜਦੀ ਆਉਂਦੀ ਟੈਕਸੀ ਅੰਦਰ ਲਾਸ਼ ਇੱਕ ਹੈ ! ਦੋ ਹਨ !! ਜਾਂ ਕਿ ਤਿੰਨ !!!..........(ਇਸੇ ਕਹਾਣੀ ਵਿੱਚੋਂ )

------------------------------

ਇਕ ਵਾਰ ਫਿਰ ਫੋਨ ਕੀਤਾ । ਮੁੜ ਓਹੀ ਉੱਤਰ ਮਿਲਿਆ ਹੈ – ਘਰ ਕੋਈ ਨਈਂ ।

-          ਮਾਮਾ ਜੀ ਕੇੜ੍ਹੀ ਫੈਕਟਰੀ ਗਏ ਆ ? ਗੋਬਿੰਦਗੜ੍ਹ ਕਿ ਨਰੈਣਗੜ੍ਹ !

-          ਜੀ ....ਈ.....ਪਤਾ ਨਈਂ ।

ਅਸਲ ਵਿਚ ਉਸ ਘਰ ਨੁਮਾ ਕੋਠੀ ਵਿਚ ਕਿਸੇ ਨੂੰ ਵੀ ਇਕ ਦੂਜੇ ਬਾਰੇ ਕੁਝ ਵੀ ਪਤਾ ਨਹੀਂ ਹੈ । ਕਿਲ੍ਹੇ ਵਰਗੀ ਕੋਠੀ ਦੇ ਪੰਦਰਾਂ-ਵੀਹ ਕਮਰਿਆਂ ਅੰਦਰ ਕਿਸੇ ਵੀ ਨੌਕਰ ਨੂੰ ਉਸ ਦਿਨ ਤੋਂ ਸ਼ਰੇਆਮ ਘੁੱਮਣ-ਫਿਰਨ ਦੀ ਆਗਿਆ ਨਹੀਂ ਰਹੀ , ਜਿਸ ਦਿਨ ਬੁੱਢੇ ਖਾਨਸਾਮੇ ਦਾ ਆਲੂਆਂ ਜਿਹਾ ਪੋਤਰਾ ਮੈਲੇ ਕੁਚੈਲੇ ਕੱਪੜੇ ਪਾਈ ਡਾਈਨਿੰਗ ਹਾਲ ਅੰਦਰ ਸਹਿਵਾਨ ਆ ਵੜਿਆ , ਤਾਂ ਖਾਣੇ ਦੀ ਮੇਜ਼ ਤੇ ਬੈਠੇ ਟੱਬਰ ਦੇ ਸਾਰੇ ਜੀਆਂ ਦਾ ਜੀਅ ਮਤਲਾ ਉੱਠਿਆ ਸੀ  । ਕਿਸ਼ੋਰ ਉਮਰੇ ਘੋੜ-ਸਵਾਰੀ ਸਿਖਣ ਵੇਲੇ ਦਾ ਸਾਂਭ ਕੇ ਰੱਖਿਆ ਚਮੜੇ ਦਾ ਛੈਂਟਾ , ਉਸ ਦੀ ਮਾਮੀ ਨੇ ਤਾਬੜ-ਤੋੜ ਬਲੂਰ ਬਾਲ ਦੇ ਪਿੰਡੇ ਤੇ ਵਰ੍ਹਾ ਕੇ , ਮਸਾਂ ਸਾਰੇ ਟੱਬਰ ਦੇ ਖਾਣੇ ਦਾ ਸੁਆਦ ਕਿਰਕਰਾ ਹੋਣੋ ਬਚਾਇਆ ਸੀ ।

ਮਾਸੂਮ ਬੱਚੇ ਨੂੰ ਬਚਾਉਂਦਿਆਂ , ਲੱਤਾਂ-ਬਾਹਾਂ ਤੇ ਉਭੱਰੀਆਂ ਲਾਸਾਂ ਦੀ ਚੀਸ ਨੇ , ਬੁੱਢੇ ਰਾਮਦੱਤ ਦਾ ਵਰ੍ਹਿਆਂ ਤੋਂ ਇਸ ਘਰ ਦੇ ਜੀਆਂ ਨਾਲ ਬਣਿਆ ਅੰਤਾਂ ਦਾ ਮੋਹ , ਪਲ-ਛਿੰਨ ਅੰਦਰ ਹੀ ਚੀਨਾ-ਚੀਨਾ ਕਰ ਮਾਰਿਆ । ਤਨਖ਼ਾਹ ਦਾ ਹਿਸਾਬ-ਕਿਤਾਬ ਕੀਤੇ ਬਿਨਾਂ ਰਾਮਦੱਤ ਆਪਣਾ ਕੁਆਟਰ ਖਾਲੀ ਕਰਕੇ ਤੁਰਿਆ , ਉਸ ਨਾਲ ਆਖ਼ਰੀ ਸਾਬ੍ਹ-ਲਾਮ ਕਰਦਾ ਕਿਧਰੇ ਉਸ ਦੀ ਮਾਮੀਂ ਦੀ ਨਿਗ਼ਾਹ ਪੈ ਗਿਆ ਸੀ । ਉਸ ਵੇਲੇ ਰਾਮੀਂ ਦਾ ਬੋਰੀਆ-ਬਿਸਤਰਾ ਸੰਗੀਤ ਕਮਰੇ ਚੋਂ ਚੁਕਤਾ ਕਰਕੇ , ਨੌਕਰਾਂ ਦੇ ਕਮਰਿਆਂ ਦੀ ਪਾਲ ਅੰਦਰ ਪੁੱਜਦਾ ਹੋ ਗਿਆ ।

ਇਸ ਤੋਂ ਥੋੜਾ ਕੁ ਚਿਰ ਪਿਛੋਂ ਐਹੋ ਜਿਹੀ ਹੀ ਨੀਰਸ , ਇਕ ਘਟਨਾ ਹੋਰ ਵਾਪਰ ਗਈ , ਇਸ ਦਾ ਰਾਮੀਂ ਦੇ ਮਾਮੇ ਮਾਮੀਂ ਨੇ ਹੋਰ ਵੀ ਸਖ਼ਤ ਨੋਟਿਸ ਲਿਆ ਲਾਡੀ ਦੀ ਆਇਆ ਮਨਸੋ , ਡੰਗੋਰੀ ਟੇਕਦੀ ਕਿਸੇ ਐਸੇ ਕਮਰੇ ਅੰਦਰੋਂ ਦੀ ਲੰਘ ਗਈ , ਜਿੱਥੇ ਲਾਡੀ ਪਤਾ ਨਹੀਂ ਕਿਹੜੀ ਚੰਗੀ-ਮਾੜੀ ਮੁਦਰਾ ਵਿਚ ਲੇਟੀ ਪਈ ਨੂੰ ਬੁਢੜੀ ਦਾ ਇਸ ਤਰ੍ਹਾਂ ਬਿਨਾਂ ਵਾਜ ਮਾਰਿਆਂ ਓਧਰ ਦੀ ਲੰਘਣਾ ਬਹੁਤ ਹੀ ਭੈੜਾ ਲੱਗਾ । ਦਾਦੀ-ਮਾਂ ਵਰਗੀ ਆਪਣੀ ਆਇਆ  ਨੂੰ ਉਸ ਦਿਨ ਲਾਡੀ ਨੇ ਏਨਾਂ ਊਲ-ਜਲੂਲ ਬੋਲਿਆ ਕਿ ਮੁੜ ਉਸ ਵਿਚਾਰੀ ਦਾ ਤਾਂ ਕੀ , ਕਿਸੇ ਵੀ ਨੌਕਰ ਦਾ ਕੋਠੀ ਅੰਦਰਲੇ ਕਮਰਿਆਂ ਵਲ੍ਹ ਝਾਤੀ ਮਾਰਨ ਦਾ ਹੌਸਲਾ ਨਾ ਪਿਆ ।

ਹੁਣ , ਰਾਜੂ ਕੇਵਲ ਰਸੋਈ ਤੇ ਡਾਈਨਿੰਗ ਰੂਮ ਦੀ ਸਫ਼ਾਈ ਕਰਨ ਲਈ ਹੀ ਅੰਦਰ ਜਾ ਸਕਦਾ ਹੈ , ਮਾਧੋ ਬੈਡ-ਰੂਮਾਂ ਦੇ ਬਿਸਤਰੇ ਧੋਣ ਤੋਂ ਸਿਵਾ ਹੋਰ ਕਿਧਰੇ ਨਹੀਂ ਘੁੰਮ ਸਕਦਾ । ਨੰਦੂ ਮੀਟਿੰਗ ਹਾਲ ਤੇ ਡਰਾਇੰਗ ਰੂਮਾਂ ਦੇ ਸੋਫਿਆਂ ਤੇ ਕਾਲੀਨਾਂ ਦੀ ਸਫ਼ਾਈ ਤੱਕ ਸੀਮਤ ਹੈ । ਬਿਰਜੂ ਮਾਲੀ ਵਿਹੜਿਆਂ , ਅਤੇ ਕੈਰੀਡੋਰਾਂ ਅੰਦਰ ਲਟਕਦੇ ਗਮਲਿਆਂ ਦੇ ਫੁੱਲ-ਬੂਟਿਆਂ ਤੋਂ ਬਿਨਾਂ ਕਿਸੇ ਸ਼ੈਅ ਵਲ ਵੀ ਤੱਕ ਨਹੀਂ ਸਕਦਾ ਤੇ ਉਹ .......ਉਸ ਨੂੰ ਸੰਗੀਤ ਕਮਰੇ ਤੋਂ ਅੱਗੇ ਕੁਝ ਵੀ ਪਤਾ ਨਹੀਂ ਕਿ ਕੀ ਕਿੱਦਾਂ ਅਤੇ ਕਿੱਥੇ ਹੈ ?

ਮੋਟਰ-ਗਰਾਜਾਂ ਨਾਲ ਜੁੜਵੀਂ ਨੌਕਰਾਂ ਦੇ ਕਮਰਿਆਂ ਦਾ ਪਾਲ ਦੇ ਪਹਿਲੇ ਕਮਰੇ ਤੋਂ ਸੰਗੀਤ ਕਮਰੇ ਤੱਕ ਜਾਂਦਿਆਂ ਰਾਮੀਂ ਨੂੰ , ਡਿਓੜੀ ਦਾ ਕੇਵਲ ਵੱਡਾ ਦੁਆਰ ਹੀ ਲੰਘਣਾ ਪੈਂਦਾ ਹੈ , ਜਿੱਸ ਦੇ ਨਾਲ ਬਣੇ ਪੋਰਚ ਹੇਠਾਂ , ਮਾਮੇ ਦੀ ਇਮਪਾਲਾ, ਮਾਮੀ ਦੀ ਸ਼ਿਵਰ-ਲੈਟ , ਰੋਮੀਂ ਦੀ ਡੈਮਲਰ ਤੇ ਲਾਡੀ ਦੀ ਫੀਅਟ , ਕੱਲੇ-ਕੱਲੇ ਨੂੰ ਉਤਾਰ ਕੇ ਵੱਖ-ਵੱਖ ਗਰਾਜ਼ਾਂ ਅੰਦਰ ਜਾ ਵੜਦੀਆਂ ਹਨ ਅਤੇ ਉਹਨਾਂ ਦੇ ਸ਼ੋਫ਼ਰ ਆਪਣੇ ਆਪਣੇ ਘੁਰਨਿਆਂ ਵਿੱਚ ।

ਦੱਖਣ ਨੂੰ ਖੁਲ੍ਹਦੇ , ਉੱਚੀ ਆਰਕ ਵਾਲੇ ਇਕ ਮੁੱਖ-ਦੁਆਰ ਦੇ ਦੋਨੋਂ ਪੱਲਿਆਂ ਦੇ ਐਨ ਵਿਚਕਾਰ ,ਪੂਰੀ ਦੀ ਪੂਰੀ ਡਿਓੜੀ ਅੰਦਰ ਧਰਿਆ , ਪੂਰਾ ਕੱਦਾਵਰ ਕਾਂਸੀ ਦਾ ਇਕ ਬੱਬਰ-ਸ਼ੇਰ , ਆਪਣੀਆਂ ਖੂੰਖਾਰ ਅੱਖਾ , ਸਰਦੱਲ ਉੱਪਰ ਪੈਰ ਧਰਦੇ ਹਰ ਆਪਣੇ-ਪਰਾਏ ਦੀਆਂ ਅੱਖਾਂ ਅੰਦਰ ਗੱਡ ਦਿੰਦਾ ਹੈ ।

..............ਉਸ ਦੀਆਂ ਅੱਖਾਂ ਦੇ ਭੈਅ ਵਰਗੇ ਪ੍ਰਭਾਵ ਦਾ ਸਹਿਮਿਆਂ ਰਾਮੀਂ , ਵਸਾਖੀਆਂ  ਆਸਰੇ ਲੜਖੜਾਉਂਦਾ , ਇਕ ਵਾਰ ਫਿਰ ਟੈਲੀਫੂਨ ਤੱਕ ਅੱਪੜਦਾ ਹੈ । ਪਰ , ਗਲਤ ਨੰਬਰ ਤੇ ਵੱਜੀ ਘੰਟੀ , ਉਸ ਤੋਂ ਟੈਕਸੀ ਸੇਵਾ ਲਈ ਥਾਂ-ਟਿਕਾਣਾ ਪੁੱਛਦੀ ਹੈ । ਟੈਕਸੀ ਸੇਵਾ ਦੀ ਹੀ ਤਾਂ ਉਸ ਨੂੰ ਲੋੜ ਹੈ , ਪਰ ਬਚਪਨ ਤੋਂ ਪੋਲੀਓ ਨਾਲ ਸੁੱਕੀਆਂ ਲੱਤਾਂ ਤੋਂ ਅਪਾਹਜ ,ਇਕੱਲਾ ਉਹ ਲਾਸ਼ ਨੂੰ ਕਿਵੇਂ ਸੰਭਾਲ ਸਕਦਾ ਹੈ । ਇਸ ਲਈ ਵਾਰ ਵਾਰ ਮਾਮੇਂ ਨੂੰ ਮਿਲਣ ਦੇ ਯਤਨ ਕੀਤੇ ਹਨ , ਮਾਮੀ ਤੋਂ ਸ਼ਮਸ਼ਾਨ-ਭੂਮੀ ਦਾ ਅਤਾ-ਪਤਾ ਪੁੱਛਣ ਲਈ ਫੂਨ ਕਰਦਾ ਹੈ , ਪਰ ਉਹਨਾਂ ਦੋਨਾਂ ਵਿਚੋਂ ਕੋਈ ਵੀ ਤਾਂ ਘਰ ਨਹੀਂ ਹੈ ।

ਠੀਕ ਨੰਬਰ ਮਿਲਣ ਤੇ ਉਸ ਨੂੰ ਰੋਮੀਂ ਮਿਲਦਾ ਹੈ । ਬਿਨਾਂ ਸਾਰੀ ਗੱਲ ਸਮਝੇ ਬੜਾ ਰੁੱਖਾ ਜਿਹਾ ਉੱਤਰ ਦੇ ਕੇ ਰੀਸੀਵਰ ਰੱਖ ਦਿੰਦਾ ਹੈ ਮਾਈ ਵੀਹੀਕਲ ! ਨਾਟ ਫਾਰ ਡੈਡ ਬਾਡੀਜ਼......ਨਾਨਸੈਨਸ........।

ਟੈਲੀਫੂਨ ਦਾ ਚੋਂਗਾ ਕੰਬਦੇ ਹੱਥਾਂ ਨਾਲ ਰੱਖ ਕੇ , ਉਹ ਡੌਰ-ਭੌਰ ਹੋਇਆ , ਵਸਾਖੀਆਂ ਟੇਕਦਾ ਮੁੜ ਨਾਨੀ ਦੇ ਬੈਡ ਲਾਗੇ ਪਏ ਲਕੜ ਦੇ ਸਟੂਲ ਉੱਤੇ ਆ ਬੈਠਦਾ ਹੈ । ਲਾਲ ਸੂਹੇ ਕੰਬਲ ਹੇਠ ਕੱਜਿਆ ਪੀਲਾ-ਭੂਕ ਚਿਹਰਾ ਨੰਗਾ ਕਰਕੇ ਦੇਖਦਾ ਹੈ , ਜਿਸ ਉੱਤੇ ਕਬਰਸਤਾਨ ਵਰਗੀ ਚੁੱਪ ਛਾ ਚੁੱਕੀ ਹੈ । ਲੱਗਭੱਗ ਪੌਣੀ ਸਦੀ ਤੋਂ ਖੁਲ੍ਹੀਆਂ ਅੱਖਾਂ ਨੂੰ ਪੋਟਿਆਂ ਨਾਲ ਪਲੋਸ ਕੇ ਬੰਦ ਕਰਦਾ ਹੈ । ਸਾਰੀ ਉਮਰ ਬੰਦ ਰੱਖਿਆ, ਖੁੱਲ੍ਹਾ-ਖਲਾਸਾ ਮੂੰਹ ਹੁਣ ਆਪ-ਮੁਹਾਰੇ ਖੁਲ੍ਹ ਗਿਆ ਹੈ , ਜਿਸ ਦੇ ਮੂਕ ਬੋਲਾਂ ਵਿਚੋਂ ਉਸ ਨੂੰ ਮੁੜ ਮੁੜ ਓਹੀ ਬਾਤ ਸੁਣਾਈ ਦਿੰਦੀ ਹੈ , ਜਿਹੜੀ ਗਈ ਰਾਤ ਤੱਕ ਹੱਟੀ ਤੋਂ ਮੁੜਦੇ ਉਸਦੇ ਨਾਨੇ ਨੂੰ ਉਡੀਕਦੀ ਨਾਨੀ , ਰਾਮੀਂ ਨੂੰ ਗੋਦੀ ਲੈ ਕੇ ਸੁਣਾਇਆ ਕਰਦਾ ਸੀ ............।

- ਇਕ ਜੁ ਸੀ ਤਾਂ ਰਾਜਾ ਸੀ , ਉਦ੍ਹੀਆਂ ਤਿੰਨ ਰਾਣੀਆਂ ਸੀ । ਪਹਿਲੀ, ਬੜੀ ਬੀਬੀ , ਸਿੱਧੀ-ਸਾਧੀ , ਚੁੱਪ-ਰਹਿਣੀ ਆਗਿਆਕਾਰ ਪਟਰਾਣੀ ਸੀ । ਪਰ ,ਕੁਜ਼ਰਤ ਮਾਲਕ ਦੀ ਉਦ੍ਹੇ ਕੋਈ ਧੀਆਂ-ਪੁੱਤਰ ਨਾ ਹੋਇਆ । ਵਿਚਕਾਰਲੀ ਰਾਣੀ , ਬੜੀ ਚੰਚਲ , ਚਟਕੀਲੀ ਮਟਕੀਲੀ ਸ਼ੋਖ ਤ੍ਰੀਮਤ ਸੀ । ਉਦ੍ਹੇ ਪੇਟੋਂ ਬੀ ਚਾਰ ਧੀਆਂ ਈ ਜੰਮੀਆਂ , ਰਾਜ-ਕੁਮਾਰ ਕੋਈ ਨਾ ਆਇਆ ।ਸਭ ਤੋਂ ਛੋਟੀ ਬਹੂ ਬੜੀ ਸੰਗਾਊ, ਮੂੰਹ-ਮੱਥੇ ਲਗਦੀ , ਸੋਹਣੀ ਡੀਲ-ਡੌਲ ਆਲੀ ਸੁੰਦਰੀ ਸੀ । ਉਦ੍ਹੀ ਕੁੱਖੋਂ ਦੋ ਪੁੱਤਰ ਹੋਏ ਹੀਰਿਆਂ ਅਰਗੇ ਗੋਰੇ-ਨਿਛੋਹ  ।

ਰਾਜਾ ਛੋਟੀ ਰਾਣੀ ਨੂੰ ਬਓਤ ਪਿਆਰ ਕਰਦਾ ਸੀ , ਹਰ ਵੇਲੇ ਉਦ੍ਹੇ ਅੱਗੇ-ਪਿੱਛੇ ਰਹਿੰਦਾ । ਉਦ੍ਹੇ ਆਖੇ ਦਿਨ ਨੂੰ ਰਾਤ ਤੇ ਰਾਤ ਨੂੰ ਦਿਨ ਆਖਦਾ । ਦੋਨਾਂ ਰਾਜ ਕੁਮਾਰਾਂ ਨੂੰ ਚੱਟਦਾ-ਚੁੰਮਦਾ , ਢਿੱਡ ਤੇ ਲਿਟਾ ਕੇ ਥਾਪੜਦਾ , ਪੈਰਾਂ ਤੇ ਬਿਠਾ ਕੇ ਬੁਢੀਏ........ਮਾਈਏ ........ਚਰਖਾ-ਪੂਣੀ ਚੱਕ ਲੈ .......ਕਾਲੀ ਨ੍ਹੇਰੀ ਆਈ ਆ ......ਈਆ .......ਆ ........ਕਰਦਾ ਹੂਟੇ-ਮਾਟੇ ਦਿੰਦਾ । ਪਰ , ਜਿਉਂ-ਜਿਉਂ ਬਾਲ ਵੱਡੇ ਹੁੰਦੇ ਗਏ , ਉਹ ਰਾਜ ਘਰਾਣਿਆਂ  ਦੇ ਹੋਰਨਾਂ ਹਮਜੋਲੀਆਂ ਨਾਲ ਲੁਕਣਮੀਟੀ-ਛੂਹ-ਛੁਆਈ ਨਿਕਲੇ ਖੋਲ੍ਹਣ , ਸਾਰਾ-ਸਾਰਾ ਦਿਨ ਮਹਿਲੀਂ ਨਾ ਵੜਦੇ । ਰਾਜਾ ਉਨ੍ਹਾਂ ਨੂੰ ਵਾਜਾਂ ਮਾਰ-ਮਾਰ ਕੇ ਘੁਨੇੜੀ ਚੱਕਦਾ , ਪਰ ਉਹ ਮੁੜ ਕੰਨੀਂ ਖਿਸਕਾ ਕੇ ਆਪਣੇ ਹਾਣੀਆਂ ਨਾਲ ਜਾ ਰਲ੍ਹਦੇ ............।

......... ਲੇ ਜਾਓ ਇਸੇ , ਨਹੀਂ ਤੇ ਲਾਵਾਰਸ ਬਨਾ ਕਰ ਪੋਲੀਸ ਕੇ ਹਵਾਲੇ ਕਰ ਦੀ ਜਾਏਗੀ ਬੈਡ ਖਾਲੀ ਕਰਨ ਲਈ ਵਾਰ ਵਾਰ ਆਖ ਚੁੱਕੇ ਹਸਪਤਾਲ ਕਰਮਚਾਰੀਆਂ ਨੇ ਇਕ ਹੋਰ ਚਿਤਾਵਨੀ ਦਿੱਤੀ ਹੈ । ਰਾਮੀਂ ਦੀ ਘਬਰਾਹਟ ਡਰ ਵਿੱਚ ਬਦਲ ਜਾਂਦੀ ਹੈ । ਮਾਮੇਂ ਦੀ ਰਾਜਧਾਨੀ ਅੰਦਰ ਨਾਨੀ ਦੀ ਮਿੱਟੀ ਰੁਲਦੀ ਦੇਖ ਕੇ ਉਸ ਦਾ ਕਲਾਕਾਰ ਮਨ ਵਿਲਕ ਉੱਠਦਾ ਹੈ । ਪੰਜ ਦਿਨ ਪਹਿਲਾਂ ਆਈ ਤਾਰ ਸਖ਼ਤ ਬਿਮਾਰ ਨਾਨੀ ਦਾ ਪਤਾ ਕਰਨ ਗਿਆਂ , ਮਰਨ ਕੰਢੇ ਪਈ ਨੂੰ ਟੈਕਸੀ ਅੰਦਰ ਰੱਖ ਕੇ ਇਥੇ ਲਿਆਉਣ ਦੀ ਕੀਤੀ ਮਹਾਨ ਗਲਤੀ ਤੇ ਹੰਝੂ ਕੇਰਦਾ ਹੈ । ਵਾਰ ਵਾਰ ਮਾਮੇਂ ਦੀ ਲਾਪਰਵਾਹੀ ਤੇ ਖਿਝਦਾ ਹੈ , ਜਿਹੜਾ ਵੱਡੇ ਹਸਪਤਾਲ ਦੇ ਜਨਰਲ-ਵਾਰਡ ਵਿਚ ਨਾਨੀ ਨੂੰ ਦਾਖ਼ਲ ਕਰਾਉਣ ਲਈ ਕੀਤੀ ਨੱਠ-ਭੱਜ ਤੋਂ ਅਗਲਾ ਕੰਮ ਉਸ ਨੂੰ ਸੋਂਪ ਕੇ , ਅਗਲੇ ਹੀ ਦਿਨ ਕਲਕੱਤੇ ਵੱਡੀ ਫੈਕਟਰੀ ਦੇ ਡਾਇਰੈਕਟਰਾਂ ਦੇ ਬੋਰਡ ਦੀ ਮੀਟਿੰਗ ਦੀ ਸਦਾਰਤ ਕਰਨ ਤੁਰਨ ਗਿਆ ਤੇ ਓਥੋਂ ਪਰਤ ਕੇ ਰਸਮੀਂ ਹਾਲ-ਚਾਲ ਪੁੱਛ ਕੇ ਪਤਾ ਨਈਂ ਕਿਹੜੀ ਫੈਕਟਰੀ !

ਉਸ ਦੇ ਬੂਈ ਮਾਮੇਂ ਨੂੰ ਬੀ.ਡੀ. ਮਹਾਜਨ ਤੱਕ ਦਾ ਸਫ਼ਰ ਕਰਦਿਆਂ , ਭਾਵੇਂ ਬਹੁਤੀ ਝੱਖ ਨਹੀਂ ਸੀ ਮਾਰਨੀ ਪਈ , ਪਰ ਫਿਰ ਵੀ ਕਈ ਸਾਰੀਆਂ ਗੱਲਾਂ-ਕਥਾਵਾਂ ਉਸ ਦੇ ਕਾਰੋਬਾਰ ਦੇ ਵਾਧੇ ਨਾਲ ਜੁੜੀਆਂ ਝੂਠੀਆਂ ਨਹੀਂ ਸਨ ਜਾਪਦੀਆਂ । ਕੋਈ ਆਖਦਾ ਭਾਈ ਰੰਬੇ-ਦਾਤੀਆਂ ਵੇਚਦਾ ਕੋਈ ਕਿਮੇਂ ਫੈਕਟਰੀਆਂ ਲਾ ਸਕਦਾ । ਨੰਬਰ ਦੋ ਤੋਂ ਬਿਨਾਂ । ਕੋਈ ਕਹਿੰਦਾ ਟੈਕਸਾਂ-ਵੈਕਸਾਂ ਦੀ ਚੋਰੀ ਨਾਲ ਈ ਤਿਹਰੇ-ਚੌਹਰੇ ਗੱਫੇ ਲੱਗਦੇ ਆ । ਕੋਈ ਉਸਦੇ ਮਾਮੇਂ ਦੀ ਨਿੱਕੀ ਜਿਹੀ ਲੋਹੇ ਦੀ ਦੁਕਾਨ ਨੂੰ ਤਕਸਰੀ ਦਾ ਅੱਡਾ ਗਰਦਾਨਦਾ ਕੋਈ ਕੋਟੇ-ਪਰਮਿੱਟਾਂ ਦੀ ਬਲੈਕ ਦਾ । ਪਰ , ਇਹ ਸਾਰੀਆਂ ਗੱਲਾਂ-ਕੁਵੱਲਾਂ ਦੂਜੇ-ਚੌਥੇ ਵਿਸਰਾਮ ਘਰ ਅੰਦਰ ਠਹਿਰੇ , ਕਿਸੇ ਛੋਟੇ-ਵੱਡੇ ਨੇਤਾ ਵਲੋਂ ਉਚੇਚ ਨਾਲ ਰਾਮੀਂ ਦੇ ਮਾਮੇ ਨੂੰ ਮਿਲ ਕੇ ਜਾਣ ਪਿਛੋਂ ਉਸਦੀ ਦੂਧੀਆ ਕਾਰ ਨਾਲ ਉਡੀ ਧੂੜ ਹੇਠ ਨੱਪੀਆਂ ਜਾਂਦੀਆਂ ।

ਉਂਝ ਕਿੱਲ-ਕਾਂਟੇ ਤੋਂ ਲੈ ਕੇ ਰੇਲਾਂ-ਗਾਡਰਾਂ ਤੱਕ ਲੋਹੇ ਦਾ ਸਾਮਾਨ ਤਿਆਰ ਕਰਦੀਆਂ ਕਈ ਸਾਰੀਆਂ ਫੈਕਟਰੀਆਂ , ਹਰ ਦੇਖਣ-ਸੁਨਣ ਵਾਲੇ ਨੂੰ ਇਸ ਲਈ ਅਚੰਭਾ ਜਾਪਦੀਆਂ ਹਨ ,ਕਿ ਪਿੰਡ ਦੇ ਗੁਆਂਢੋਂ , ਇਕ ਛੋਟੇ ਜਿਹੇ ਕਸਬੇ ਚੋਂ ਉੱਠ ਕੇ ਬੂਈ ਦਾਸ ਦਾ ਨਾਂ ਦੇਸ਼ ਦੇ ਕਈ ਸਾਰੇ ਸਨਅਤੀ ਸ਼ਹਿਰਾਂ ਦੇ ਨਕਸ਼ੇ ਉੱਤੇ ,ਦਿਨਾਂ ਅੰਦਰ ਹੀ ਉੱਕਰਿਆ ਗਿਆ ਹੈ । ਉਸ ਦੇ ਹੱਥਾਂ ਲੱਗਾ ਅਲਾਦੀਨ ਦਾ ਚਿਰਾਗ਼ ਹਰ ਵਰ੍ਹੇ ਉਸ ਲਈ ਨਵੀਂ ਮਾਲਕੀ ਜਾਂ ਹਿੱਸੇਦਾਰੀ ਲਈ ਹਰ ਹੀਲੇ ਆ ਹਾਜ਼ਰ ਹੁੰਦਾ ਹੈ , ਉਸਦੀ ਸਿਆਣੀ ਸੁਗੜ ਪਤਨੀ ਵੀ ਇਕ ਸਰਦੇ-ਪੁੱਜਦੇ ਸਨਅਤੀ ਘਰਾਣੇ ਨਾਲ ਸੰਬੰਧਤ ਹੋਣ ਕਰਕੇ , ਬਹੁਤ ਸਾਰੇ ਵੱਡੇ-ਛੋਟੇ ਵਪਾਰਕ ਭੇਤਾਂ ਤੋਂ ਭਲੀ-ਭਾਂਤ ਵਾਕਫ਼ ਹੈ । ਪਰੰਤੂ ਪਹਾੜੀ ਸਥਾਨਾਂ ਤੇ ਸ਼ੌਕ ਵਜੋਂ ਖਰੀਦੇ ਅੰਬਾਂ , ਸੇਬਾਂ , ਲੀਚੀਆਂ ਦੇ ਕਈ ਸਾਰੇ ਬਾਗਾਂ ਦੀ ਦੇਖ ਭਾਲ ਕਰਦੀ ਨੂੰ ,ਮਹਾਜਨ ਸਾਹਬ ਵਾਂਗ ਫੁਰਸਤ ਦੀ ਬੇਹੱਦ ਘਾਟ ਹੈ । ਰੋਮੀਂ ਤੇ ਲਾਡੀ ਨੂੰ , ਵੱਡੀਆਂ ਪੜ੍ਹਾਈਆਂ ਉਤੋਂ ਘਰੀਂ ਰੱਖੀਆਂ ਟੀਊਸ਼ਨਾਂ ਤੋਂ ਸਿਵਾ ਹੋਰ ਵੀ ਕਈ ਤਰ੍ਹਾਂ ਦੇ ਬਾਹਰ-ਅੰਦਰ ਦੇ ਰੁਝੇਵੇਂ ਹਨ । ਸੋ , ਲੈ ਦੇ ਕੇ ,ਨਾਨੀ ਦੀ ਦੇਖ-ਭਾਲ ਲਈ ਕੇਵਲ ਰਾਮੀਂ ਬਚਦਾ ਹੈ ਵਿਹਲਾ , ਬਚਪਨ ਤੋਂ ਅਪਾਹਜ ਜਿਸ ਨੂੰ ਉਸ ਦੀ ਮੱਮੀ ਵੀ ਨਾਨੀ ਦਾ ਖਿਡਾਉਣਾ ਬਣਾ ਕੇ ਦੂਜੇ ਦੋ ਬੱਚਿਆਂ ਸਮੇਤ ਵਿਦੇਸ਼ ਰਹਿੰਦੇ ਆਪਣੇ ਪਤੀ ਕੋਲ ਚਲੀ ਗਈ । ਨਾਨੇ-ਨਾਨੀਂ ਦਾ ਜੀਅ ਪਰਚਾਉਂਦਾ , ਉਹ ਪਿੰਡ ਲਾਗਲੇ ਕਬਸੇ ਤੋਂ ਸੰਗੀਤ ਦੀ ਪੜਾਈ ਪੜ੍ਹ ਕੇ , ਬਹੁਤਾ ਸਮਾਂ ਭਾਵੇਂ ਪਿੰਡ ਹੀ ਰਹਿੰਦਾ ਹੈ , ਪਰ ਵਿਚ ਵਿਚਾਲੇ ਮਾਮੇਂ-ਮਾਮੀਂ ਨੂੰ ਮਿਲਣ ਗਿਆ , ਲਾਡੀ ਨੂੰ ਸੰਗੀਤ ਸਿਖਾਉਣ ਦੇ ਬਹਾਨੇ ਕਈ ਕਈ ਹਫਤੇ , ਵੱਡੇ ਸ਼ਹਿਰ ਦੀ ਚਮਕ-ਦਮਕ ਅੰਦਰ ਗੁਆਚਾ ਰਹਿੰਦਾ ਹੈ ।

- ਯੂ ਸਿੱਲੀ ਕਰੀਏਚਰ ,ਰੀਮੂਵ ਇੱਟ ਸੂਨ ........ਰਾਊਂਡ ਤੋਂ ਮੁੜਦੇ ਵੱਡੇ ਡਾਕਟਰ ਦੀ ਝਿੜਕ ਉਸ ਦਾ ਤਨ-ਮਨ ਝਰੀਟ ਜਾਂਦੀ ਹੈ । ਔਖਾ-ਸੌਖਾ ਹੋ ਕੇ ਹਸਪਤਾਲ ਹੇਠਲੇ ਟੈਕਸੀ ਸਟੈਂਡ ਤੱਕ ਪਹੁੰਚਦਾ  ਹੈ । ਕੋਈ ਉਸ ਨਾਲ ਚੱਲਣ ਨੂੰ ਤਿਆਰ ਨਹੀਂ ਹੈ । ਆਖ਼ਿਰ ਇਕ ਟੈਕਸੀ ਵਾਲਾ ਉਸਦੀ ਟੁੱਟੀ-ਖੁਸੀ ਹਾਲਤ ਤੇ ਤਰਸ ਖਾਂਦਾ ਹੈ । ਨਾਨੀ ਦੀ ਮਿੱਟੀ ਟੈਕਸੀ ਦੀ ਪਿਛਲੀ ਸੀਟ ਤੇ ਢੇਰੀ ਕਰਵਾਕੇ , ਮਾਮੇਂ ਦੀ ਕੋਠੀ ਜਾਣ ਦੀ ਬਜਾਏ ਉਸ ਸਿੱਧਾ ਨਾਨਕੇ ਪਿੰਡ ਪਰਤ ਪੈਂਦਾ ਹੈ , ਜਿਸ ਦੀਆਂ ਗਲੀਆਂ ਨਾਲ ਉਸ ਦੇ ਘਸੀਟੇ ਹੋਏ ਬਚਪਨ ਤੋਂ ਲੈ ਕੇ , ਲੜਖੜਾਉਂਦੇ ਹੁਣ ਤੱਕ ਦੀ ਸਾਂਝ ਹੈ । ਜਿਸਦੀ ਲਹਿੰਦੀ ਬਾਹੀ ਢੀਂਗਲੀ-ਖੂਹ ਲਾਗਲੇ ਪਿੱਪਲ ਹੇਠ ਘਰ ਨਾਲ ਪਿੱਠ-ਜੁੜਵੀਂ ,ਨਾਨੇ ਦੀ ਲੂਣ-ਤੇਲ ਦੀ ਹੱਟੀ ਤੇ ਬੈਠਦਿਆਂ , ਉਸ ਨੇ ਪਿੰਡ ਦੀਆਂ ਦੋ ਪੀੜ੍ਹੀਆਂ ਜੁਆਨ ਹੁੰਦੀਆਂ ਦੇਖੀਆਂ ਹਨ । ਬਾਰਾਂ-ਟਾਣ੍ਹੀ, ਨੱਕੀ-ਪੂਰ ਖੇਲ੍ਹਣ ਵਾਲੇ ਅਪਣੇ ਜੁੱਟਾਂ ਨੂੰ ਲੁਕਣ-ਮੀਟੀ , ਢਾਅ-ਕਬੱਡੀ ਖੇਡਦਿਆਂ ਦੇਖ ਦੇਖ ਉਸ ਦੀਆਂ ਫੌੜੀਆਂ , ਵਸਾਖੀਆਂ  ਵਿੱਚ ਬਦਲ ਗਈਆਂ ਹਨ । ਥੜੇ ਕੋਲੋਂ ਦੀ ਲੰਘ ਕੇ ਛੋਟੀ ਫਿਰਨੀ ਨਾਲ ਲਗਦੇ , ਨਾਥਾਂ ਦੇ ਮੰਦਰ ਤੋਂ ਤਿਲਕ ਲੁਆ ਕੇ ਉਸਦੇ ਅਨੇਕਾਂ ਸਾਥੀ ਬਾਹਰਲੇ ਰਾਹ ਤੇ ਖੜੀ ਮੋਟਰ-ਕਾਰ ਤੱਕ ਜਾਣ ਲਈ ਸ਼ਿੰਗਾਰੀ ਘੋੜੀ ਦੀ ਸਵਾਰੀ ਕਰ ਚੁੱਕੇ ਹਨ । ਮੰਗ ਕੇ ਲਏ ਜਾਂ ਦਾਜਾਂ ਅੰਦਰ ਮਿਲੇ ਕਿੰਨੇ ਸਾਰੇ ਮੋਟਰ-ਸਾਇਕਲਾਂ ,ਸਕੂਟਰਾਂ ਨੇ ਅਨੇਕਾਂ ਵਾਰ , ਉਸ ਕੋਲੋਂ ਦੀ ਲੰਘਦਿਆਂ , ਉਸ ਦੀਆਂ ਅਪੰਗ ਲੱਤਾਂ ਨੂੰ ਬੇਸ਼ੁਮਾਰ ਟਿਚਕਰਾਂ ਕੀਤੀਆਂ ਹਨ ।

........ਇਹ ਮਾਈ ਕੀ ਲਗਦੀ ਐ ਤੇਰੀ .......? ਭਾਅ ! ਵਲੂੰਧਰੇ ਜਿਹੇ , ਅਗਲੀ ਸੀਟ ਤੇ ਬੈਠੇ ਰਾਮੀਂ ਪਾਸੋਂ , ਰਾਜਧਾਨੀ ਤੋਂ ਬਾਹਰ ਨਿਕਲ ਕੇ , ਮੁੱਲਾਂ ਕੱਟ ਦਾਅੜ੍ਹੀ ਵਾਲੇ ਸਿੱਖ ਡਰਾਇਵਰ ਨੇ ਪੁੱਛਿਆ ਹੈ ।

ਨੀਂਦ ਵਰਗੀ ਡੂੰਘੀ ਸੋਚ ਦੇ ਖੂਹ ਚੋਂ ਬਾਹਰ ਨਿਕਲ ਕੇ ਰਾਮੀਂ ਨੇ ਉਸ ਵਲ ਦੇਖੇ ਬਿਨਾਂ ਹੀ ਸੰਖੇਪ ਜਿਹਾ ਉੱਤਰ ਦਿੱਤਾ ਹੈ ਨਾਨੀਂ ।

ਰਾਮੀਂ ਦੀ ਬੇਰੁੱਖੀ ਤਾੜ ਕੇ , ਉਹ ਉਸ ਤੋਂ ਅਗਲਾ ਪ੍ਰਸ਼ਨ ਪੁਛਣੋਂ ਤਾਂ ਰੁੱਕ ਗਿਆ ਹੈ  , ਪਰ ਥੋੜੀ ਕੁ ਦੂਰੀ ਤੇ ਸੜਕ ਦੇ ਐਨ-ਵਿਚਕਾਰ ਡੋਲਦੇ ਤੁਰੇ ਜਾਂਦੇ ਇਕ ਸ਼ਰਾਬੀ ਨੂੰ ਬਚਾ ਕੇ ਲੰਘਦਿਆਂ , ਆਪਣੇ ਆਪ ਨਾਲ ਗੱਲੀਂ ਪੈ ਜਾਂਦਾ ਹੈ ਐਹ ਬਣੀਆਂ ਬੀਆਂ ਨਾ ਮੌਜਾਂ...........ਪੂਰੀ ਦੀ ਪੂਰੀ ਸੜਕ ਮੱਲੀ ਬੀ ਆ , ਮਾਂ ਦੇ ਫੁੱਮਣ ਨੇ ਤੁਪੈਰੇ ਦਿਨ ਦੇ । ........ਨਾ ਸਾਲੇ ਜੰਮੇਂ ਦਾ ਫ਼ਿਕਰ , ਨਾ ਸਹੁਰੇ ਮਰੇ ਦਾ । ਬੰਦਾ ਤਾਂ ਸਾਲਾ ਉਈਉਂ ਈ ਮਰਦਾ ਰੈਂਦਾ ਰਾਤ-ਪੁਰ ਦਿਨੇ , ਦੁਨੀਆਂ ਦਾਰੀ ਖਾਤਰ , ਅਗਲੇ ਸਾਈਂ ਟਕੇ ਸੇਰ ਨੀ ਗਿਣਦੇ ......... ਆਖ ਕੇ ਉਹ ਇਕ ਦੰਮ ਚੁੱਪ ਹੋ ਜਾਂਦਾ ਹੈ ।

ਨਾਂਹ-ਚਾਹੁੰਦਿਆਂ ਵੀ ਰਾਮੀਂ , ਉਸ ਦੇ ਗੁੰਮ-ਸੁੱਮ ਹੋਏ ਗੁਆਚੇ ਚਿਹਰੇ ਵਲ ਧਿਆਨ ਨਾਲ ਦੇਖਦਾ ਹੇ । ਵਿੰਡ-ਗਲਾਸ ਨੂੰ ਚੀਰਦੀ , ਉਸਦੀ ਉਦਾਸ ਤੱਕਣੀ ਦੂਰ ਤੱਕ ਸੜਕ ਤੇ ਖਿੱਲਰੀ ਪਈ ਹੈ । ਬਾਹਾਂ-ਪੈਰਾਂ ਦੀ ਕਿਰਿਆ ਬੇਰੋਕ ਆਪਣਾ ਕਾਰਜ ਕਰੀ ਜਾਂਦੀ ਹੈ , ਪਰ ਸਟੇਰਿੰਗ ਉੱਪਰ ਟਿੱਕੇ ਹੱਥਾਂ ਦੀਆਂ ਉਂਗਲਾਂ ਕਿਸੇ ਅਨੋਖੇ ਤਾਲ ਹੇਠ , ਉੱਪਰ ਹੇਠਾਂ ਹਿਲਦੀਆਂ ਹਨ । ਕਦੀ ਉਸਦਾ ਸੂਤਿਆ ਮੂੰਹ  ਹੋਰ ਤਣਿਆ ਜਾਂਦਾ ਹੈ ਤੇ ਕਦੀ-ਤਣੀਆਂ ਭਵਾਂ ਢਿੱਲੀਆਂ ਪੈ ਕੇ ਲਮਕਣ ਲੱਗਦੀਆਂ ਹਨ ।ਕਦੀ ਉਸ ਸੁੰਨ-ਵੱਟਾ ਹੋਇਆ ਸਿੱਧਾ ਸਾਹਮਣੇ ਦੇਖੀ ਜਾਂਦਾ ਹੈ ਕਦੀ ਵਿੰਗੀਆਂ ਟੇਡੀਆਂ ਸੁਰਾਂ ਅਲਾਪਦਾ , ਐਧਰ ਉਧਰ ਝਾਤੀਆਂ ਮਾਰਦਾ ਹੈ ।

ਰਾਮੀਂ, ਇਕ ਟੱਕ ਉਸ ਵਲ ਦੇਖੀ ਜਾਂਦਾ ਹੈ । ਅਣਪਛਾਤੇ ਗੀਤ ਦੀ ਸੁਰ ਮੱਧਮ ਹੁੰਦਿਆਂ ਸਾਰ , ਉਸਨੂੰ ਪੁੱਛਦਾ ਹੈ ਕੇੜ੍ਹਾ ਲਾਕਾ ਬਾਈ ਦਾ ........?

-          ਸੱਭੋ ਈ ਲਾਕੇ ਆਪਣੇ ਈ ਆ , ਭਾਅ ! ਪੰਜਾਬ ਰਿਆਣਾ-ਦਿੱਲੀ , ਜਿੱਧਰ ਕੋਈ ਤੋਰ ਲਏ ਤੁਰ ਪਈ ਦਾ ਆ ..ਸੀਸ ਤਲ੍ਹੀ ਤੇ ਧਰ ਕੇ ਤੁਰ ਪਈ ਦਾ ਆ ।

-  ਫੇਰ ਵੀ ਕੋਈ ਥਾਂ-ਟਿਕਾਣਾ , ਘਰ ਗਿਰਾਂ ਤਾਂ ਹੋਵੇਗਾ ਈ ਨਾ ........?

- ਹੁਣ ਤਾਂ , ਆਹ ਰਾਣੋ ਈ ਐਂ ਸੱਭੋ ਕੁਸ ਆਪਣਾ । ਉਹ ਅਪਣੇ ਸਿਰ ਤੇ ਲਪੇਟਿਆ ਪਰਨਾ ਲਾਹ ਕੇ ਸਾਹਮਣਲੇ ਸ਼ੀਸ਼ੇ ਨੂੰ ਅੰਦਰੋਂ ਸਾਫ਼ ਕਰਦਾ , ਬੜੇ ਸਨੇਹ ਲਾਲ ਆਖਦਾ ਹੈ , ਜਿਵੇਂ ਸੱਜਰ ਸੂਈ ਪਹਿਲਣ ਦੀ ਪੀੜ ਪਲੋਸ ਰਿਹਾ ਹੋਵੇ ।

- ਬਾਲ-ਬੱਚਾ ,ਟੱਬਰ-ਟੀਰ, ਮਾਈ-ਬਾਪ..........? ਰਾਮੀਂ ਦਾ ਪ੍ਰਸ਼ਨ ਵਾਕ-ਬਣਤਰ ਦੇ ਨਿਯਮ ਗੁਆ ਕੇ ਉਸ ਦੀ ਵੀਰਾਨ ਜੂਹ ਅੰਦਰ ਪ੍ਰਵੇਸ਼ ਕਰਨਾ ਆਹੁਲਦਾ ਹੈ , ਪਰ ਉਹ ਬੜੀ ਹੀ ਬੇ-ਪ੍ਰਵਾਹੀ ਨਾਲ ਆਪਣੀ ਉਜਾੜ ਅੰਦਰੋਂ ਬਾਹਰ ਆ ਕੇ ਸੰਖੇਪ ਜਿਹਾ ਉੱਤਰ ਦਿੰਦਾ ਹੈ ।

- ਮਾਈ ਨਿੱਕੇ ਹੁੰਦਿਆਂ ਈ ਮਰ ਗਈ .........ਚਾਰ ਸਿਆੜ ਕੋਲੇ ਸੀ , ਉਹ ਪਿਓ ਦੀ ਬਮਾਰੀ ਤੇ ਲਾ ਤੇ , ਘਰ-ਬਾਰ ਗਹਿਣੇ ਪਾ ਕੇ ਆਹ ਮੋਟਰ ਲੈ ਲੀ ......... ਅੱਲਾ-ਅੱਲਾ ਤੇ ਖੈਰ-ਸੱਲਾ ......। ਥੋੜਾ ਜਿਹਾ ਰੁਕ ਕੇ ਉਸ ਨੇ ਅਪਣਾ ਭਵਿਖ ਵੀ ਬੀਤੇ ਅਤੀਤ ਵਾਂਗ ਇਕ ਦੋ ਲਾਂਘਾਂ ਨਾਲ ਹੀ ਗਾਹ ਮਾਰਿਆ ਹੈ ।

- ਤੇ ਬਸ ਹੁਣ ਤਾਂ ਮਲੰਗ ਦੀ ਐਸ ਲਾਡੋ ਤੇ ਈ ਡੌਰੀ ਆ , ਦੇਖੀਏ ਡੋਬਦੀ ਆ ਕਿ ਤਾਰਦੀ........ਊਂ ਭਾਅ , ਅਪਣੇ ਸਟੈੱਡ ਤੇ ਜੀਹਨੇ ਵੀ ਗੱਡੀ ਪਾਈ ਆ , ਸਾਰੇ ਈ ਟੱਲੀ-ਐ-ਟੱਲੀ ,ਐਨ ਬੁੱਲੇ ਲੁਟਦੇ ਆ । .......ਭਾਗਾ , ਭੈਣ ਕਾ ਦੀਨਾ ਜਿੱਦਣ ਆਇਆ ਸੀ ਨਲ੍ਹੀ ਨਈਂ ਸੀ ਪੂੰਝਣੀ ਆਉਂਦੀ । ਹੁਣ ਤਿੰਨ ਲਈ ਫਿਰਦਾ । .......ਕਿਰਪੂ , ਸਾਲੇ ਦੀ ਟੈਸ ਚ ਤਾਂ ਨੌਂਹ ਈ ਨਈਂ ਖੁੱਭਦਾ ,ਖਬਨੀ ਬਾਰਾਂ ਦਾ ਮਾਲਕ ਆ । ......ਫੱਤਣ-ਸੁਦਾਈ ਤਾਂ ਮਾਤੜ ਸਾਥੀ ਈ ਆ ......। ਉਦ੍ਹੀ ਤਾਂ ਰੰਨ ਦੀਆਂ ਟੁੰਬਾਂ ਵੀ ਗੱਡੀ ਖਾ ਗਈ ..........। ਇਕ ਵਾਰ ਇੰਜਣ ਖੁਲ੍ਹਿਆ ਨਈਂ ,ਪੰਜ-ਦਸ ਜ਼ਾਰ ਥੱਲੇ ਬੰਦਾ ਆਇਆ ਨਈਂ..... ਆਖਦੇ ਦੇ ਉਸ ਦੇ ਭੁਰਭੁਰੇ ਬੋਲ ਕੁਝ ਚਿਰ ਲਈ ਜਿਵੇਂ ਸੁੰਨ  ਹੋ ਗਏ ਹੋਣ । ਪਰ ,ਛੇਤੀ ਹੀ ਉਹ ਅਪਣੇ ਅਮੋੜ ਵੇਗ ਅੰਦਰ ਤਾਰੀਆਂ ਮਾਰਦਾ , ਟੈਕਸੀ ਸਟੈਂਡ ਦੀਆਂ ਸਾਰੀਆਂ ਗੱਡੀਆਂ ਦੀ ਇਉਂ ਵਾਕਫ਼ੀ ਕਰਾਉਂਦਾ ਹੈ , ਜਿਵੇਂ ਰਾਮੀਂ ਉਸ ਦਾ ਚਿਰਾਂ ਤੋਂ ਵਾਕਫ਼ ਹੋਵੇ ।

- ਆਪਣੀ ਬੱਕੀ ਨੇ ਬੀ ਭਾਅ, ਦੋ ਬਾਰ ਕਰੈਂਕ ਤੋੜੀ ਆ .........ਪਹਿਲੇ ਹੱਲੇ ਹਵੇਲੀ ਰੱਖੀ ਗਈ , ਦੂਜੀ ਬਾਰ ਘਰ .......- ਆਖਦਿਆਂ , ਉਸ ਦੀਆਂ ਰੁੱਖੀਆਂ ਅੱਖਾਂ ਦੀ ਮੱਧਮ ਜੋਤੀ , ਸੜਕ ਉਤੇ ਦੂਰ ਤੱਕ ਖਿਲਰੀ ਡੱਬ-ਖੜੱਬੀ ਧੁਪ-ਛਾਂ ਅੰਦਰ ਗੁਆਚ ਗਈ ਹੈ ਅਤੇ ਹੁਣੇ-ਹੁਣੇ ਕੈਂਚੀ ਵਾਂਗ ਲੀਰਾਂ ਕੱਟਦੀ ਉਸਦੀ ਜੀਭ , ਜ਼ਰਦਾ ਲਿਬੜੇ ਦੰਦਾਂ ਉਹਲੇ ਲੁਕੀ , ਸੁੱਸਰੀ ਵਾਂਗ ਸੌਂ ਗਈ ਹੈ ।ਉਸਦੇ ਰੋੜ੍ਹ ਅੰਦਰ ਰੁੜ੍ਹਿਆ ਰਾਮੀਂ , ਟੈਕਸੀ ਦੀ ਪਿਛਲੀ ਸੀਟ ਉਤੇ ਢੇਰੀ ਹੋਈ ਨਾਨੀ ਨੂੰ ਜਿਵੇਂ ਭੁੱਲ ਹੀ ਗਿਆ ਹੋਵੇ , ਜਿਸ ਦਾ ਅੱਧਾ ਸਰੀਰ ਹੇਠਾਂ ਵਲ ਨੂੰ ਲੁੜਕ ਗਿਆ ਹੈ । ਪੂਰਾ ਯਤਨ ਕਰਨ ਤੇ ਵੀ ਉਸ ਦੀ ਲਮਕਦੀ ਬਾਂਹ ਤੇ ਲੱਤ ਨੂੰ ਰਾਮੀਂ ਸੀਟ ਉੱਪਰ ਕਰਨੋਂ ਅਸਮਰੱਥ ਰਹਿੰਦਾ ਹੈ । ਆਖਿਰ , ਹੌਂਕਦੇ ਸਾਹਾਂ ਨੂੰ ਟਿਕਾਣੇ ਕਰਨ ਲਈ , ਉਹ ਮੁੜ ਆਪਣੀ ਸੀਟ ਤੇ ਸਿੱਧਾ ਹੋ ਕੇ ਬੈਠਾ ਜਾਂਦਾ ਹੈ । ਗੱਦੇ-ਦਾਰ ਢੋਅ ਦੇ ਉੱਖੜੇ ਫੁੰਦਿਆਂ ਤੇ ਸਿਰ ਟਿਕਾਈ , ਉਹ ਟੈਕਸੀ ਚਾਲਕ ਦੇ ਉੱਖੜੇ ਚਿਹਰੇ ਤੇ ਲਿਖੇ ਹਰਫ਼ਾਂ ਨੂੰ ਪੜ੍ਹਨ ਦਾ ਯਤਨ ਕਰਦਾ ਹੈ । ਉਸਦੇ ਟਿੱਬੇ-ਟੋਏ ਨਕਸ਼ਾਂ ਤੇ ਖਿੱਲਰੀ ਪਲੱਤਣ ਰਾਮੀਂ ਨੂੰ ਆਪਣੇ ਮਾਮੇਂ ਦੇ ਚਿਹਰੇ ਦੀ ਦਗ-ਦਗ ਕਰਦੀ ਲਾਲੀ ਨੂੰ ਜਿਵੇਂ ਫਿਟਕਾਰਦੀ ਜਾਪੀ ਹੈ । ਉਸ ਦੀ ਅੱਧ ਕੁਤਰੀ ਦਾਅੜ੍ਹੀ ਅੰਦਰ ਉੱਗਿਆ ਟਾਵਾਂ-ਟਾਵਾਂ ਚਿੱਟਾ ਵਾਲ , ਤਿੱਖੀਆਂ ਕਿੱਲਾਂ ਵਾਂਗ ਖੜਾ ਨਾਨੀ ਦੇ ਚਿੱਟੇ ਧੌਲਿਆਂ ਦਾ ਹਮਸਾਇਆ ਜਾਪਿਆ ਹੈ ।

ਅਗਲੇ ਹੀ ਛਿੰਨ ਰਾਮੀਂ ਨੂੰ ਆਪਣੇ , ਅਲੜ੍ਹ ਵਰੇਸ ਦੀ ਹਾਣ ਦੇ ਅਲੂਏਂ-ਕੱਕੇ ਸਿਰ ਦੇ ਵਾਲਾਂ ਤੇ ਵੀ ਘਸਮੈਲੀ ਜਿਹੀ ਸਫੈਦੀ ਫਿਰ ਗਈ ਲੱਗੀ ਹੈ । ਪਲ ਦੀ ਪਲ ਉਸ ਨੂੰ ਇਹ ਨਿਰਨਾ ਕਰਨਾ ਅਤਿ ਮੁਸ਼ਕਲ ਹੋ ਗਿਆ ਹੈ ਕਿ ਉਸਦੇ ਮਾਮੇਂ ਦੀ ਰਾਜਧਾਨੀ ਤੋਂ ਚੱਲੀ , ਪਿੰਡ ਵਲ੍ਹ ਨੂੰ ਤੇਜ਼ ਦੌੜਦੀ ਆਉਂਦੀ ਟੈਕਸੀ ਅੰਦਰ ਲਾਸ਼ ਇੱਕ ਹੈ ! ਦੋ ਹਨ !! ਜਾਂ ਕਿ ਤਿੰਨ !!!

----------------------------------

ਕਬਰਸਤਾਨ ਚੁੱਪ ਨਹੀਂ ਹੈ (ਕਹਾਣੀ)

ਲਾਲ ਸਿੰਘ ਦਸੂਹਾ

------------------------------

..............ਜਦ ਸੁਆਂਤੀ ਬੂੰਦਾਂ ਸਾਂਭਣ ਵਾਲੀਆਂ ਕੁੱਖਾਂ ਦਾ ਨਾਂ ਜੀਜਾ ਬਾਈ-ਗੁਜਰੀ ਰੱਖਣਾ ਪੈਂਦਾ ਹੈ ਜਾਂ ਲਕਸ਼ਮੀ ਬਾਈ ਵਿਦਿਆਵਤੀ ਜਿਹੜੀਆਂ ਕਦੀ ਵੀ ਆਪਣੀਆਂ ਕੁੱਖਾਂ ਨੂੰ ਕਬਰਸਤਾਨ ਦੀ ਫ਼ਸਲ ਖ਼ਾਤਰ ਕਲੰਕਤ ਨਹੀਂ ਕਰਦੀਆਂ । ਉਹ ਕੁੱਖਾਂ ਹਿਮਾਲਿਆ ਜਿੱਡੀਆਂ ਉੱਚੀਆਂ ਆਪਣੀਆਂ ਛਾਤੀਆਂ ਚੋਂ ਵਗਦੇ ਸ਼ੀਰ ਨਾਲ ਗੋਬਿੰਦਰਾਏ ਸਿੰਘ ਪਾਲਦੀਆਂ ਹਨ ਜਾਂ ਸ਼ਿਵ ਰਾਣੇ ਪ੍ਰਤਾਪ ਭਗਤ-ਰਾਜਗੁਰੂ-ਸੁਖਦੇਵ ਧਾਲਦੀਆਂ ਜਾਂ ਰਾਮ-ਮਹੁੰਮਦ-ਡੇਨੀਅਲ ਤੁਹਾਡੀ ਤਰ੍ਹਾਂ ਹਿੰਦੋਸਤਾਨ, ਪਾਕਿਸਤਾਨ , ਖਾਲਿਸ.......ਤਾਨ ਜਾਂ ਕਬਰਸਤਾਨ ਨਹੀਂ ।....(ਇਸੇ ਕਹਾਣੀ ਵਿੱਚੋਂ )

------------------------------

ਠਹਿਰੋ , ਰੁੱਕ ਜਾਓ ! ਅੱਗੇ ਸ਼ਮਸ਼ਾਨ ਘਾਟ ਹੈ – ਮੋਏ ਬੰਦਿਆਂ ਦੀ ਰਿਹਾਇਸ਼-ਗਾਹ । ਜਿਸ ਨੂੰ ਤੁਸੀਂ ਕਬਰਸਤਾਨ ਆਖਦੇ ਹੋ । ਇਥੇ ਸਿਰਫ਼ ਲਾਸ਼ਾਂ ਹੀ ਹੀ ਆ ਸਕਦੀਆਂ ਨੇ , ਕਬਰਾਂ ਸੌਂ ਸਕਦੀਆਂ ਨੇ । ਤੁਸੀਂ ਤਾਂ ਜੀਉਂਦੇ ਜਾਗਦੇ ,ਫਿਰਦੇ-ਤੁਰਦੇ ਮਨੁੱਖ ਜਾਪਦੇ ਹੋ ।ਤੁਸੀਂ ਅੰਦਰ ਜਾਣ ਲਈ ਕਿਉਂ ਆਏ ਹੋ ? ਕੌਣ ਹੋ ਤੁਸੀ ?

... ਵਿਗਿਆਨੀ ! ਖੋਜੀ !! ਰੀਸਰਚ ਸਕਾਲਰ !!! ਕਿੱਸ ਕਿਸਮ ਦੀ ਰੀਸਰਚ ਕਰਦੋ ਹੋ ?

....ਕਬਰਾਂ ਦੀ ! ਕਬਰਾਂ ਦੀ ਉਮਰ ਦੀ !! ਕਿਉਂ ? ਤੁਹਾਨੂੰ ਬੀਜੀ ਫ਼ਸਲ ਦੀ ਪਹਿਲੋਂ ਜਾਣਕਾਰੀ ਨਈਂ ? ਜ਼ਰੂਰ ਹੋਵੇਗੀ । ਹੁਣ ਤਾਂ ਸਗੋਂ ਉਸ ਦਾ ਸਰਵੇਖਣ ਕਰਨ ਆਏ ਹੋਵੋਗੇ  । ਨਵੇਂ ਬੀਜ ਲਿਆਏ ਹੋਵੋਗੇ , ਆਉਂਦੀ ਰੁੱਤ ਲਈ । ਚੰਗੀ ਭਰਵੀਂ ਫ਼ਸਲ ਲੈਣ ਲਈ । ਤੁਸੀ ਖੋਜੀ ਹੌ ਨਾ ,ਆਪਣੇ ਲਈ ਯੋਗ ਤੇ ਅਨੁਕੂਲ ਤਾਪਮਾਨ ਪੈਦਾ ਕਰ ਸਕਦੇ ਹੋ  । ਉਂਝ ਕੁਦਰਤੀ ਤਾਪਮਾਨ ਵੀ ਤੁਹਾਡੀ ਫ਼ਸਲ ਲਈ ਕਾਰਗਰ ਸਿੱਧ ਹੋ ਸਕਦਾ ਹੈ , ਪਰ ਤੁਸੀਂ – ਮੁਆਫ਼ ਕਰਨ ਵਿਗਿਆਨੀ ਵਾਤਾ-ਅਨੁਕੂਲਣ ਜੰਤਰ ਵਰਤ ਕੇ ਵੀ ਤਾਪਮਾਨ ਢੁਕਵਾ ਕਰ ਲੈਂਦੇ ਹੋ ਆਪਣੀ ਫ਼ਸਲ ਲਈ । ਪਰ , ਜੇ ਕਿਧਰੇ ਕੋਈ ਜੰਤਰ ਗੜਬੜ ਕਰਦਾ ਹੈ ਜਾਂ ਜਲਵਾਯੂ ਅੜੀ ਕਰਦਾ ਦਿਸੇ ਤਾਂ ਵੱਖਰੀ ਗੱਲ ਹੋਵੇਗੀ । ਉਂਝ ਪੂਰੀ ਉਮੀਦ ਹੈ , ਇੰਝ ਨਹੀਂ ਹੋਵੇਗਾ । ਵਿਗਿਆਨ ਦੀ ਉੱਨਤੀ ਹੈ ਨਾ , ਕੰਮਪਿਊਟਰ ਦਾ ਯੁੱਗ ਹੈ ਨਾ । ਇਨਸੈਟ ਤੁਹਾਡੀ ਸਹਾਇਤਾ ਲਈ ਆਨਸੈਟ ਹੈ । ਤੁਹਾਡੀਆਂ ਉਮੀਦਾਂ ਤੋਂ ਕਈ ਗੁਣਾਂ ਵੱਧ ਢੁਕਵੇਂ ਨਤੀਜੇ ਕੱਢੇਗਾ । ਮੌਸਮ ਦੀ ਕੀ ਮਜਾਲ , ਕੋਈ ਉਜ਼ਰ ਕਰ ਜਾਏ ਇਹਨਾਂ ਸਾਹਮਣੇ , ਇਨ੍ਹਾਂ ਸਾਹਮਣੇ ਨਈਂ ਤੁਹਾਡੇ ਸਾਹਮਣੇ । ਤੁਹਾਡੀ ਖੋਜ ਨਾ ਨਾਲ ਕਮਪਿਊਟੇਰਾਈਜ਼ ਕੀਤੇ ਜੰਤਰਾਂ ਸਾਹਮਣੇ, ਜਿਨ੍ਹਾਂ ਯੋਗ ਤੇ ਢੁਕਵਾਂ ਵਾਤਾਵਰਨ ਘੜਨਾ ਹੈ – ਤੁਹਾਡੀ ਉਪਜ ਲਈ , ਭਾਵ ਕਬਰਾਂ ਲਈ , ਕਬਰਾਂ ਬੀਜਣ ਵਾਲੇ ਫਾਰਮਾਂ ਲਈ , ਜਿਸ ਦੀ ਲੰਬਾਈ-ਚੌੜਾਈ ਇਸ ਧਰਤੀ ਤੋਂ ਕਈ ਗੁਣਾਂ ਵੱਧ ਗਈ ਹੈ । ਸਾਗਰ ਤੱਕ ਫੈਲ ਗਈ ਹੈ । ਪੁਲਾੜ ਤੱਕ ਪੱਸਰ ਗਈ ਹੈ ।

-ਔਹ ਸਾਹਮਣੇ ਦੇਖੋ , ਸਾਂਚੀ –ਸਤੁਪ ਵਰਗੀ ਉੱਚੀ ਗੁੰਬਦ । ਦਿਸਦੀ ਹੈ ਨਾ ? ਇਹ ਤੁਹਾਡੀ ਕਿਰਤ ਦੀ ਉਪਜ ਦਾ ਪਹਿਲਾ ਨਮੂਨਾ ਤਾਂ ਭਾਵੇਂ ਨਈਂ , ਪਰ ਆਧੁਨਿਕ ਬੀਜਾਂ ਤੋਂ ਮਿਲਣ ਵਾਲੇ ਭਰਵੇਂ ਝਾੜ ਦਾ ਖਾਸ ਨਮੂਨਾ ਜ਼ਰੂਰ ਹੈ । ...........ਹੀਰੋਸ਼ੀਮਾ ਇਸ ਦਾ ਨਾਂ ਰੱਖ ਸਕਦੇ ਹੋ ਤੁਸੀ । ਨਾਗਾ-ਸਾਕੀ ਵੀ ਠੀਕ ਢੁੱਕਦਾ ਹੈ । ਇਸ ਨੂੰ ਕਰਬਲਾ ਵੀ  ਆਖ ਸਕਦੇ ਹੋ ਤੁਸੀਂ ਤੇ ਕਾਲਿੰਗਾ ਵੀ ,ਪਰ ਪਾਣੀਪਤ ਦਾ ਯੁੱਧ-ਖੇਤਰ ਨਈਂ । ਤੁਸੀ ਵਿਗਿਆਨੀ ਹੋ ਨਾ ! ਜ਼ਰੂਰ ਖੋਜ ਕਰੋਗੇ ਕਿ ਪਾਣੀਪਤ ਦੇ ਯੁੱਗ-ਖੇਤਰ ਵਿੱਚ ਕਾਲਿੰਗਾ-ਕਰਬਲਾ ਦੇ ਯੁੱਧ-ਖੰਡਰਾਂ ਨਾਲੋਂ ਕਿਹੜੇ-ਕਿਹੜੇ ਰਸਾਇਣਕ ਤੱਤਾਂ ਦੀ ਘਾਟ ਸੀ । ਤੁਹਾਡੀ ਖਰਖ਼-ਨਲੀ ਅੰਦਰਲਾ ਸੰਵਾਦ , ਇਕ ਤਾਂ ਤੁਹਾਨੂੰ ਲੋੜੀਂਦੇ ਤੱਤਾਂ ਦੀ ਘਾਟ ਪੂਰੀ ਕਰਨ ਲਈ ਬੈਚੇਨ ਕਰ ਦੇਵੇਗਾ ਅਤੇ ਦੂਜੇ ਵੱਧ ਤੋਂ ਵੱਧ ਭਰਵੀਂ ਫ਼ਸਲ ਲੈਣ ਦੇ ਢੰਗ ਤਰੀਕੇ ਸਮਝਾਏਗਾ । ਤਾਂ ਕਿ ਤੁਸੀਂ......ਭਾਵ ਖੋਜੀ , ਆਪਣੇ ਕਿੱਤੇ ਦੇ ਮਾਹਿਰ ਡਾਕਟਰ , ਹਰ ਸੰਭਵ-ਅਸੰਭਵ ਸਾਧਨਾਂ ਰਾਹੀਂ ਅਪਨੀ ਜਨਮ ਭੂਮੀ ਦੀ ਸ਼ਾਨ ਨੂੰ ਚਾਰ-ਚੰਦ ਲਾਉਂਦੇ ਹੋਏ ਅੰਬਾਰਾਂ ਦੇ ਅੰਬਾਰ ਖੜੇ ਕਰ ਸਕੋ-ਕੁਤਬੁ-ਮੀਨਾਰ ਜਿੰਨੇ ਉੱਚੇ ।ਉਂਝ ਕਬਰਸਤਾਨ ਅੰਦਰ ਇਸ ਦਾ ਨਾਂ ਮੀਨਾਰ ਨਹੀਂ ਮਕਬਰਾ ਹੁੰਦਾ ਹੈ ,ਜਿਸ ਦੇ ਮੱਥੇ ਤੇ ਲਿਖਿਆ ਦੋ-ਹਰਫੀ ਇਤਿਹਾਸ ਕਾਲਿੰਗਾ-ਕਰਬਲਾ ਦੇ ਸੁਭਾ ਦੀ ਹੀ ਗੱਲ ਤੋਰਦਾ ਹੈ , ਹੋਰ ਕੁਝ ਨਈਂ । ਇਹ ਬਿਲਕੁਲ ਠੀਕ ਦਸਦਾ ਹੈ ਕਿ ਸਿਆੜਾਂ ਅੰਦਰ ਉੱਗੀ ਫ਼ਸਲ ਦੇ ਪਿੰਡੇ ਤੇ ਕੀ ਅਤੇ ਕਿੱਦਾਂ ਬੀਤਦੀ ਹੈ । ਕਿੰਨੀਆਂ ਸਰਦ ਰਾਤਾਂ ਇਸ ਦੀਆਂ ਕਰੂੰਬਲਾਂ ਕੋਂਹਦੀਆਂ ਹਨ, ਕਿੰਨੇ ਤਿੱਖੜ ਦਿਨ ਇਸਦੇ ਪੱਤੇ ਛੇਕਦੇ ਹਨ । ਉਹ ਤਾਂ ਬੱਸ ਉੱਗਦੀ ਹੈ ,ਪੱਕਦੀ ਹੈ , ਤੇ ਵੱਢ ਹੁੰਦੀ ਹੈ – ਵਿਚਾਰੀ ਫ਼ਸਲ ਕਬਰਾਂ ਦੀ ਫ਼ਸਲ ।

ਤੇ ਜਦ ਫ਼ਸਲ ਨਿਰਮਾਤਾ ਅਪਣੀ ਪੈਲੀ-ਬੰਨੇ ਫੇਰਾ ਮਾਰਦਾ ਹੈ , ਘੋੜੀ ਤੇ ਚੜ੍ਹ ਕੇ ਰੱਥ ਤੇ ਬੈਠ ਕੇ ਜਾਂ ਉੱਡਣ-ਤਸ਼ੱਤਰੀ ਤੇ ਉੱਡ ਕੇ ਤਾਂ ਉਸ ਦਾ ਗੌਰਵ ਅਲਾਹੀ-ਸੰਦੇਸ਼ ਬਣ ਕੇ ਗੂੰਜ ਉਠਦਾ  ਹੈ ਈਥਰ ਅੰਦਰ , ਹਵਾ ਬਣ ਕੇ ਛਾਂ ਜਾਂਦਾ ਹੈ ਸਾਰੇ ਦੇ ਸਾਰੇ ਆਕਾਸ਼ ਤੇ – ਭਾਈਓ ਔਰ ਬਹਿਨੋ , ਹਮ ਕੋ ਅਪਨੇ ਪਰਾਨੋਂ ਸੇ ਪਿਆਰੇ ਦੇਸ਼ ਕੇ ਉਨ ਸਾਠ-ਸੱਤਰ ਪ੍ਰਤੀਸ਼ਤ ਲੋਗੋਂ ਕੀ ਬੇਹੱਦ ਫਿਕਰ ਹੈ ,ਜਿਨ ਕੋ ਦਿਨ ਮੇਂ ਏਕ ਬਾਰ ਭੀ ਪੇਟ ਭਰ ਖਾਨਾ ਨਹੀਂ ਮਿਲਤਾ । ਉਨ ਕੀ ਗਰੀਬੀ ਦੂਰ ਕਰਨੇ ਕੇ ਲੀਏ ਹਮ ਨੇ ਤੀਨ ਪੁਸ਼ਤੋਂ ਸੇ ਜੋ ਅਭਿਯਾਨ ਚਲਾ ਰਖਾ ਹੈ , ਕੁੱਛ ਬੇਸਮਝ ਕਿਸਮ ਦੇ ਲੋਕ ,ਖਾਹਮਖਾਹ ਉਸ ਮੇਂ ਬਾਧਾ ਡਾਲਨੇ ਕਾ ਪ੍ਰਯਾਸ ਕਰਤੇ ਹੈਂ । ਉਨ ਕੀ ਇਸ ਗੜਬੜੀ ਕੇ ਪੀਛੇ ਵਿਦੇਸ਼ੀ ਹਾਥ ਹੋਨੇ ਕਾ ਭੀ ਹਮੇਂ ਪੂਰਾ ਪੂਰਾ ਸ਼ੱਕ ਹੈ .........ਹਮ ਐਸੀ ਕਿਸੀ ਭੀ ਕਾਰਵਾਈ ਕੋ ਸਹਿਨ ਨਹੀਂ ਕਰੇਂਗੇ ਜੋ ਹਮਾਰੇ ਰਾਸ਼ਟਰ ਕੀ ਅਖੰਡਤਾ ਮੇਂ ਰੋਕ ਡਾਲੇ । ਹਮਾਰਾ ਆਪ ਸੇ ਨਿਵੇਦਨ ਹੈ ਕਿ ਯਦੀ ਆਪ ਉੱਨਤੀ ਕੇ ਰਾਸਤੇ ਪਰ ਔਰ ਆਗੇ ਬੜ੍ਹਨਾ ਚਾਹਤੇ ਹੈਂ , ਤੋ ਹਮਾਰੇ ਹਾਥ ਔਰ ਭੀ ਮਜ਼ਬੂਤ ਕਰੇਂ .....। ਜੈ ਹਿੰਦ.......ਜੈ......ਐ ਹਿੰਦ......ਜੈ ਐ.......।

-ਓਏ ਭਲੇ ਲੋਕੋ , ਤੁਸੀ ਇਹ ਕੀ ਕੀਤਾ । ਕੌਮੀ ਨਾਅਰੇ ਦਾ ਅਪਮਾਨ ਕੀਤਾ ਹੈ , ਸਾਵਧਾਨ ਨਹੀਂ ਹੋਏ ।ਨਾਅਰੇ ਦਾ ਜਵਾਬ ਨਹੀ ਦਿੱਤਾ । ....ਚਲੋ ਛੱਡੋ , ਤੁਸੀਂ ਤਾਂ ਖੋਜੀ ਹੋ , ਗੰਭੀਰ ਸੋਚਵਾਨ, ਰੀਸਰਚ-ਸਕਾਲਰ । ਘੱਟ ਬੋਲਦੇ ਹੋ ,ਸ਼ਾਇਰ , ਅਧਿਆਪਕ ਜਾਂ ਵਕੀਲ ਨਹੀ ਹੋ  । ਭਾਵੁਕ ਨਹੀਂ ਹੁੰਦੇ । ਉਂਝ ਭਾਵੁਕਤਾ ਨਿਰਾ ਮੂਡ ਨਹੀਂ ਹੁੰਦੀ । ਪਿਆਰ ਹੁੰਦੀ ਹੈ , ਹਮਦਰਦੀ ਬਣਦੀ ਹੈ । ਇਤਿਹਾਸ ਘੜਦੀ ਹੈ ਇਹ ਲੋਕਾਈ ਦਾ ਯੁੱਗ ਹੈ ਰਾਜੇ-ਰਾਣਿਆਂ ਦਾ ਨਈਂ । ਉਨ੍ਹਾਂ ਨਾਲ ਇਸ ਕਿਸਮ ਦਾ ਸਰੋਕਾਰ ਨਹੀਂ । ਉਹ ਤਾਂ ਸਗੋਂ ਇਸ ਦੀ ਊਰਜਾ ਭਟਕਾ ਕੇ ਲਾਂਬੂ ਲਾਉਂਦੇ ਨੇ ਹਰ ਯੁੱਗ ਨੂੰ । ਤੇ ਤੁਸੀ ਵਿਗਿਆਨੀ , ਖੋਜ ਕਾਰਜ ਅੰਦਰ ਗ੍ਰਸਥ , ਭਾਵੁਕਤਾ-ਉਪਭਾਵੁਕਤਾ ਤੋਂ ਮੁਕਤ ਹੋਣ ਦੀ ਪ੍ਰਦਰਸ਼ਨੀ ਕਰਦੇ ਹੋ । ਕਵੀ-ਅਧਿਆਪਕ ਇੰਝ ਨਹੀਂ ਕਰਦੇ , ਆਲੋਚਕ-ਵਕੀਲ ਇੰਝ ਨਹੀਂ ਸੋਚਦੇ । ਉਹ ਤਾਂ ਸਗੋਂ ਵਿਆਕੁਲ ਹੁੰਦੇ ਨੇ , ਸੰਤਾਪ ਹੰਢਾਉਂਦੇ ਨੇ ਅਤੇ ਚੇਤੰਨ ਕਰਦੇ ਨੇ ਕਿ ਹਵਾ ਤੇ ਉਡਦਾ ਐਲਾਨ ਕੋਈ ਨਵੀਂ ਪ੍ਰਥਾ ਨਹੀਂ , ਪੁਰਾਣਾ ਦਾਅ ਪੇਚ ਹੈ ।ਇਹ ਐਲਾਨ ਕਦੀ ਡਮ.....ਡਮ......ਡਮ ਪਿਛੋਂ ਮੁਨਾਦੀ ਬਣਿਆ ਕਰਦਾ ਸੀ । ........ਡਮ.......ਡਮ.........ਡਮ , ਬਾ-ਅਦਬ ਬਾ-ਮੁਲਾਹਜ਼ਾ ,ਹੋਸ਼ਿਆਰ-ਖ਼ਬਰਦਾਰ-ਤਮਾਮ ਪਰਜਾ ਪੇ ਯੇਹ ਹੁਕਮ ਨਾਜ਼ਲ ਹੋਤਾ ਹੈ ਕਿ ਸ਼ਾਹਿਨਸ਼ਾਨੇ-ਆਲਮ,ਰੁਸਤਮੇਂ-ਦਰਬਾਰ, ਬਾਦਸ਼ਾਹੇ-ਸਲਾਮਤ ਸ਼ਾਮ ਕੋ ਸ਼ਹਿਰ ਕੇ ਬੜੇ ਦਰਵਾਜ਼ੇ ਸੇ ਹੋਤੇ ਹੂਏ , ਹਰਮ ਕੀ ਤਰਫ਼ ਜਾਏਂਗੇ ......ਏ.........ਏ....।ਡਮ....ਡਮ.....ਡਮ, ਇਸ ਦੌਰਾਨ ਕੋਈ ਲੰਗੜਾ-ਲੂਲਾ,ਭੂਕਾ-ਪਿਆਸਾ ,ਬੂਢਾ-ਬੀਮਾਰ, ਖਲੀਫ਼ਾ_ਏ-ਜ਼ਮਾਨ ਕੇ ਰਾਸਤੇ ਸੇ ਲੇ ਗੁਜ਼ਰੇ ......ਏ......ਏ........।

ਤੇ ਹਾਂ , ਵਿਗਿਆਨੀ ਸਾਹਿਬ ਜੀ , ਜੇ ਕੋਈ ਭੁੱਖਾ-ਪਿਆਸਾ , ਬੁੱਢਾ-ਬਿਮਾਰ ਮਨਾਦੀ-ਹੁਕਮ ਦੀ ਉਲੰਘਣਾ ਕਰਨ ਦੀ ਗੁਸਤਾਖ਼ੀ ਕਰਦਾ ਤਾਂ ਕਬਰਾਂ ਦੇ ਬੀਜ ਰੁਸਤਮੇਂ-ਹਰਮ ਦੇ ਰਾਹਾਂ ਦੇ ਇਸ ਢੰਗ ਨਾਲ ਖ਼ਿਲਾਰ ਦਿੱਤੇ ਜਾਂਦੇ ਸਨ ਕਿ ਮਹਾ-ਰਾਜ ਦੀ ਸਵਾਰੀ ਲਈ ਜਾਂਦਾ , ਹਾਥੀਆਂ ਦਾ ਕਾਫ਼ਲਾ ,ਉਨ੍ਹਾਂ ਬੀਜਾਂ ਨੂੰ ਦਰੜ ਕੇ ਨਕਾਰਾ ਨਾ ਕਰ ਦੇਵੇ , ਜਿਨ੍ਹਾਂ ਤੋਂ ਹਾਜੀਆਂ-ਕਾਜ਼ੀਆਂ ਤੇ ਅਹਿਲਕਾਰਾਂ ਨੂੰ ਆਉਂਦੀ ਰੁੱਤ ਲਈ ਲਾ-ਮਿਸਾਲ ਉਪਜ ਹੋਣ ਦੀ ਬੇ-ਮਿਸਾਲ ਉਮੀਦ ਨਜ਼ਰ ਆਉਂਦੀ ਸੀ ।

ਕੀ ਤੁਸੀਂ ਆਪਦੇ ਖੋਜ-ਕਾਰਜ ਦੀਆਂ ਲਭਤਾਂ ਦੇ ਆਧਾਰ ਤੇ ਇਹ ਦੱਸੋਗੇ ਕਿ ਬੰਜਰ ਬੀਆਬਾਨ ਖੇਤਾਂ-ਖੇਤਰਾਂ ਅੰਦਰ ਉਗਾਏ ਜਾਂਦੇ ਬੀਜਾਂ ਤੋਂ ਭਰਵੀਂ ਫ਼ਸਲ ਲੈਣ ਲਈ , ਪੁਰਾਣੇ ਅਜ਼ਮਾਇਸ਼ੀ ਅਭਿਆਸ ਨੂੰ ਤਿਆਗ ਕੇ ਤੁਹਾਨੂੰ ਆਧੁਨਿਕ ਜੰਤਰਾਂ ਅਤੇ ਰਸਾਣਿਕ ਖਾਦਾਂ ਦੀ ਵਰਤੋਂ ਕਰਨ ਦੀ ਕਿਉਂ ਲੋੜ ਪਈ । ਨਹੀਂ, ਤੁਸੀਂ ਨਹੀਂ ਦੱਸ ਸਕੋਗੇ । ਕਿਉਂ ਜੋ ਤੁਹਾਡਾ ਕਾਰਜ-ਖੇਤਰ ਖੋਜ ਹੈ , ਸਾਹਿਤ-ਕਾਰਤਾ ਨਹੀਂ  । ਇਤਿਹਾਸਕਾਰੀ ਵੀ ਨਹੀਂ । ਸਮਾਜਕ-ਸ਼ਾਸ਼ਤਰ ਦੀ ਵਾਕਫ਼ੀ ਵੀ ਤੁਹਾਡੇ ਸੋਚ-ਵਿਸ਼ੇ ਨੂੰ ਉਲਝਾ ਸਕਦੀ ਹੈ ।ਤੁਸੀਂ ਉਪ-ਭਾਵਕ ਹੋ ਸਕਦੇ ਹੋ ਤੇ ਉਪਭਾਵੁਕਤਾ ਤਰਕ-ਵਿਗਿਆਨ ਦੀ ਦਸ਼ਮਣ ਹੈ , ਸਾਰੇ ਤਰਕ-ਵਿਸ਼ਿਆਂ ਦੀ ਨਈਂ , ਕੇਵਲ ਤੁਹਾਡੇ ਵਿਸ਼ੇ ਦੀ , ਭਾਵ ਕਬਰਾਂ ਦੇ ਬੀਜਾਂ ਤੋਂ ਵੱਧ ਤੋਂ ਵੱਧ ਮਮਟੀ-ਝਾੜ ਲੈਣ ਦੇ ਵਿਸ਼ੇ ਦੀ ।

ਔਹ ਜਿਹੜੀ ਮੱਮਟੀ ਤੁਸੀਂ ਮਕਬਰੇ ਦੇ ਐਨ ਬਰਾਬਰ ਖੜੀ ਦੇਖ ਰਹੇ ਹੋ ਨਾ , ਉਸ ਉੱਤੇ ਉੱਕਰੀ ਤਸਵੀਰ ਕਿਸੇ ਨਾਚੀ ਦੀ ਨਈਂ , ਇਕ ਬੇਗਮ ਦੀ ਹੈ , ਜਿਹਦੀ ਖ਼ਾਤਰ ਇਹੋ ਜਿਹੇ ਕਈ ਕਬਰਸਤਾਨ ਬੀਜੇ ਗਏ । ਇਕ-ਦੋ-ਚਾਰ ਵਾਰ ਨਹੀਂ ਅਨੇਕਾਂ ਵਾਰ ਬੀਜੇ ਗਏ । ਤੁਸੀਂ ਉਸ ਤਸਵੀਰ ਨੂੰ ਪਦਮਨੀ ,ਰਜ਼ੀਆ ਜਾਂ ਕੀਲਰ ਵਰਗਾ ਕੋਈ ਨਾਂ ਦੇ ਸਕਦੇ ਹੋ ਕਿ ਜਿਹਦੇ ਨੈਣ-ਨਕਸ਼ਾਂ ਦੇ ਖੇਤਰਫਲ ਅੰਦਰ ਉੱਗੀ ਫਸਲ ਸਪੂਤਨਿਕ ਯੁੱਗ ਦੀ ਕਿਸੇ ਵੀ ਪ੍ਰਾਪਤੀ ਤੋਂ ਘੱਟ ਨਹੀਂ ।

- ਕੀ ਤੁਹਾਨੂੰ ਇਹ ਪਤਾ ਐ ਕਿ ਉਹ ਮੱਮਟੀ ਹੇਠ ਸਾਂਭੀ ਅਪਸਰਾ ਦਾ ਕੀ ਬਣਿਆ । ਹਾਂ .........ਹਾਂ, ਇਹ ਤਾਂ ਜ਼ਰੂਰ ਪਤਾ ਹੋਵੇਗਾ , ਕਿਉਂ ਜੋ ਇਹ ਵਿਗਿਆਨ ਦਾ ਖੇਤਰ ਨਈਂ ,ਦਿਮਾਗ ਦਾ ਬੋਝ ਨਈਂ ,ਦਿਲ ਦਾ ਰੋਗ ਹੈ । ਇਸ ਦੇ ਕਿਟਾਣੂ ਤਾਂ ਪਸ਼ੂ-ਪੰਛੀਆਂ ਅੰਦਰ ਵੀ ਜੀਉਂਦੇ-ਜਾਗਦੇ , ਰਸਦੇ-ਵਸਦੇ ਰਹਿੰਦੇ ਨੇ । ਫਿਰ ਤੁਸੀਂ ਤਾਂ ਹੋ ਈ ਪੰਜ-ਭੂਤਿਕ ਮਨੁੱਖੀ ਸਰੀਰ , ਜਿਨ੍ਹਾਂ ਅੰਦਰ ਵਿਗਸਦਾ ਭੂਤ-ਪ੍ਰਵਾਹ,ਸਮਾਂ-ਸੂਚੀ,ਥਾਂ-ਕੁਥਾਂ,ਯੋਗ-ਅਯੋਗ ਵੀ ਕਦੀ ਨਹੀਂ ਵਿਚਾਰਦਾ । ਅਤੇ ਜਿਸ ਨੂੰ ਸਿਰਫ਼ ਅਪਸਰਾ ਦੀ ਲੋੜ ਹੁੰਦੀ ਹੈ , ਪਦਮਨੀ ਦੀ ਲੋੜ ਹੁੰਦੀ ਹੈ , ਰਜ਼ੀਆ ਦੀ ਲੋੜ ਹੁੰਦੀ ਹੈ ਜਾਂ ਕ੍ਰਿਸਟਰ ਕੀਲਰ ਦੀ । ਇਸਤਰੀ ਦੀ ਨਈਂ , ਘਰ ਗ੍ਰਹਿਣੀ ਦੀ ਨਈਂ ।

ਤੁਸੀਂ ਭਲਾ ਦਸੋਗੇ ਕਿ ਕਿਉਂ ਤੁਹਾਡੇ ਕਸਟਮ ਅਫ਼ਸਰ ਮਿੱਤਰ ਨੇ ਆਪਣੀ ਘਰ-ਗ੍ਰਹਿਣੀ ਨੂੰ ਗੋਲੀ ਮਾਰ ਕੇ ਹਸਪਤਾਲ ਪੁਜਦਾ ਕਰ ਦਿੱਤਾ ਸੀ ? ਸਿਰਫ਼ ਇਸ ਲਈ ਨਾ ਕਿ ਉਹ ਬੇਚਾਰੀ  ਅਪਣੇ ਮਾਲਕ ਦੇ ਪ੍ਰਾਈਵੇਟ ਕਮਰੇ ਅੰਦਰ ਬਿਨ-ਬੁਲਾਏ ਹੀ ਲੰਘ ਆਈ ਸੀ । ਨਹੀਂ......ਤੁਸੀਂ ਤਾਂ ਇਸ ਗੱਲ ਦਾ ਧੂੰਆਂ ਵੀ ਸੰਘੋਂ ਬਾਹਰ ਨਹੀਂ ਕਢੋਗੇ । ਤੁਸੀਂ ਤਾਂ ਇਸ ਨੂੰ ਆਪਣੀ ਸੁਪਰਮੇਸੀ ਦੀ ਹੱਤਕ ਗਿਣੋਗੇ ਜਾਂ ਅੰਦਰ ਬੈਠੀ ਅਪਸਰਾ ਦਾ ਅਪਮਾਨ । ਕਿਉਂਕਿ ਤੁਹਾਡੇ ਵਿਗਿਆਨ ਦੀਆਂ ਹੇਠਲੀਆਂ ਤੈਹਾਂ ਅੰਦਰ ਵੀ ਗਰਲ-ਫਰੈਂਡਜ਼ ਲਈ ਉਨ੍ਹਾਂ ਹੀ ਸਨੇਹ ਹੈ ਜਿੰਨਾ ਤੁਹਾਡੇ ਸਿਵਲ ਸਰਜਨ ਮਿੱਤਰ ਨੂੰ , ਜਿਸ ਨੇ ਲਹੂ ਨਾਲ ਲੱਥ-ਪੱਥ ਹੋਈ ਸਾੜ੍ਹੀ ਤੇ ਗਨ-ਫ਼ਾਇਰ ਦੀ ਥਾਂ ਅਕਸੈਸ ਯੂਟਰਸ ਫਲੋ ਦੇ ਹਮਲੇ ਦਾ ਸਰਟੀਫੀਕੇਟ ਚਿਪਕਾ ਕੇ ਕਬਰਸਤਾਨ ਦੀ ਜੂਹ ਨੂੰ ਜ਼ਰਖੇਜ਼ ਕਰਨ ਵਿੱਚ ਭਰਵਾਂ ਯੋਗਦਾਨ ਪਾਇਆ ਹੈ ।

ਉਂਝ ਤਾਂ ਤੁਹਾਡੇ ਕਾਫ਼ਲੇ ਨਾਲ ਤੁਰੇ ਕਈ ਕਿਸਮਾਂ ਦੇ ਖੋਜ-ਵਿਗਿਆਨੀਆਂ ਨੇ ਭੁਖ-ਮਰੀ ਦੀ ਰੇਖਾ ਤੋਂ ਹੇਠਲੀ ਪੱਧਰ ਤੇ ਸੱਠ-ਸੱਤਰ ਪ੍ਰਤੀਸ਼ਤ ਦੇਸ਼ ਵਾਸੀਆਂ ਖ਼ਾਤਰ ਐਫ.ਸੀ.ਆਈ. ਦੇ ਬਫ਼ਰ-ਸਟਾਕਾਂ ਤੋਂ ਵੀ ਉੱਚੇ-ਉੱਚੇ ਕਬਰ-ਸਟਾਕ ਉਸਾਰਨ ਲਈ ਲਗਾਤਾਰ ਸੰਘਰਸ਼ ਕੀਤਾ ਹੈ , ਪਰ ਚਕਿਤਸਾ ਵਿਗਿਆਨ ਦੇ ਕਨਡੀਸ਼ਨਡ ਅਮਲੇ ਨੇ ਆਪਣੇ ਖੇਤਰ ਵਿਚ ਕਮਾਲ ਦੀਆਂ ਟੀਸੀਆਂ ਸਰ ਕਰ ਦਿਖਾਇਆਂ ਹਨ ।......ਔਹ ਜਿਹੜਾ ਘੁਣ ਖਾਧਾ ਲਕੜ ਦਾ ਪੰਗੂੜਾ ਤੁਸੀਂ ਉੱਚੀ ਮਮਟੀ ਦੇ ਐਨ ਲਾਗੇ ਬੇਹਰਕਤ ਝੂਲਦਾ ਦੇਖ ਰਹੇ ਹੋ ਨਾ , ਉਸ ਮਿਸਤਰੀ ਫ਼ਜ਼ਲ ਮੁਹੰਮਦ ਦੀ ਵਿਧਵਾ ਨੂੰ ਮਿਲੇ ਮੌਰਨੀਆਂ-ਚੀਰਨੀਆਂ ਵਾਲੇ ਰਾਗਲੇ ਚਰਖੇ ਨਾਲ ਖਹਿੰਦਾ , ਦੋ ਊਠਾਂ ਦੀ ਘੁਨੇੜੀ ਚੜ੍ਹ ਕੇ , ਉਸ ਦੀ ਅਮੀਂ-ਘਰੋਂ ਆਇਆ ਸੀ । ਪੰਜਾਂ-ਪੀਰਾਂ ਲਈ ਖੀਰਾਂ , ਸਾਈਂ ਬੁੱਢਣ ਸ਼ਾਹ ਲਈ ਰੋਟ, ਕੰਬਲੀ-ਵਾਲੇ ਫੱਕਰਾਂ ਦੇ ਧਾਗੇ-ਤਬੀਤ ,ਦੇਸੀ-ਦਸੌਰੀ ਜੜੀਆਂ-ਬੂਟੀਆਂ ਤੇ ਅੰਗਰੇਜ਼ੀ-ਵਲੈਤੀ ਕੈਪਸੂਲ-ਗੋਲੀਆਂ ਦੀ ਜ਼ੋਰ ਅਜ਼ਮਾਈ ਵੀ ਉਸ ਦੇ ਇਕਲੌਤੇ ਬੇਟੇ ਦੇ ਚੌਥੇ ਬੱਚੇ ਨੂੰ ਵੀ ਕਬਰਾਂ ਦੇ ਰੂ-ਬ-ਰੂ ਖੜਾ ਕਰਨ ਤੋਂ ਨਹੀਂ ਸੀ ਬਚਾ ਸਕੀ । ਤੇ ਹੁਣ, ਜਦ ਅਸਲਮ-ਅੱਮੀਂ ਅਤੇ ਉਸਦੀ ਅਲਕਾ ਨੌਂਹ-ਬੇਟੀ ਦੀਆਂ , ਚਾਰ ਬੰਜਰ ਦੁੱਧੀਆਂ ਵਰਗੀਆਂ ਚਾਰ ਨਿੱਕਿਆਂ-ਨਿੱਕਿਆਂ ਕਬਰਾਂ ਇਕ ਪੂਰੀ ਆਇਤਕਾਰ ਵਾਂਗ ਬਰਾਬਰ-ਬਰਾਬਰ ਉਂਗਰ ਆਈਆਂ ਹਨ ਤਾਂ ਬੜੀ-ਅਮਾਂ ਨੇ , ਬਚਦੇ ਪਲਾਂ ਦੀ ਉਮਰ ਦਾ ਸਾਰਾ ਜ਼ਖੀਰਾ ਕਬਰਸਤਾਨ ਦੀ ਭੇਟ ਕਰ ਦਿੱਤਾ ਸੀ । ਕਈਆਂ ਪਹਿਰਾਂ ਤੋਂ ਲਗਾਤਾਰ ਉਹ ਪੰਘੂੜੇ ਦਾ ਝੂਲਣਾ ਫੜੀ ਅਪਣੇ ਮੁਰਦਾ ਅੰਗਾਂ ਨੂੰ ਹਰਕਤ ਦੇਂਦੀ, ਕੁਝ ਪਲਾਂ ਅੰਦਰ ਹੀ ਇਕ ਹੋਰ ਕਬਰ ਬਣ ਜਾਏਗੀ । ਪਰ ,ਤੁਸੀਂ ਉਸ ਮੋਈ ਦੀ ਸ਼ਨਾਖ਼ਤ ਕਰਨ ਲੱਗੇ , ਆਤਮ-ਘਾਤ ਵਰਗਾ ਕੋਈ ਲੇਬਲ ਚਿਪਕਾ ਕੇ ਆਪਣੇ ਜ਼ਿਲਾ ਕੁਲੈਕਟਰ ਦੋਸਤ ਤੋਂ ਕਾਕਟੇਲ ਵਸੂਲਣ ਲਈ ਅਪੀਲ ਦਾਇਰ ਕਰੋਗੇ, ਜਿਸ ਨੇ ਇਸ ਵਰ੍ਹੇ ਦੇ ਨਵੇਂ ਕੋਟੇ ਅੰਦਰ ਕਈਆਂ ਰਸ਼ੀਦ-ਭਾਈਆਂ ਦੀ ਨਸਬੰਦੀ ਕਰਵਾ ਕੇ ਨਵੀਂ ਤਰੱਕੀ ਪ੍ਰਾਪਤ ਕੀਤੀ ਹੈ ।

ਤੇ.....ਹਾਂ , ਖੋਜ ਵਿਗਿਆਨੀ ਜੀ , ਕਬਰਾਂ ਦੀ ਉਮਰ ਦਾ ਕੈਲੰਡਰ ਬਣਾਉਣ ਲਈ ਭਰੇ ਮਿੱਟੀ ਦੇ ਸੈਂਮਪਲਾਂ ਦੀ ਨਿਰਖ-ਪਰਖ ਕਰਕੇ , ਤੁਸੀਂ ਇਹ ਤਾਂ ਦਸ ਹੀ ਸਕੋਗੇ ਕਿ ਸਦੀ ਭਰ ਦੇ ਹਉਕਿਆਂ ਨਾਲ ਗੋਈ ਅਸਲੱਮ ਅੱਮਾਂ ਦੀ ਜੀਉਂਦੀ ਕਬਰ ਅੰਦਰ ਬਹੁਤਾ ਹਨੇਰਾ ਹੈ ਜਾਂ ਚਾਰ ਮਾਸੂਮ ਬਾਲਾਂ ਦੀਆਂ ਨੰਨ੍ਹੀਆਂ-ਨੰਨ੍ਹੀਆਂ ਕਬਰਾਂ ਉੱਪਰ ਟਿਕਾਏ ਸਾਲਮ-ਸਬੂਤੇ ਖਾਲੀ ਪੰਗੂੜੇ ਅੰਦਰ ! ਨਹੀਂ , ਤੁਸੀਂ ਇਹ ਵੀ ਨਹੀਂ ਦਸ ਸਕਦੇ । ਤੁਹਾਡਾ ਸੰਬੰਧ ਤਾਂ ਸਿਰਫ਼ ਕਬਰਾਂ ਵਿਛਾਉਣ ਨਾਲ ਹੈ ,ਉਹਨਾਂ ਅੰਦਰਲੇ ਹਨੇਰੇ ਦੀ ਘਣਤਾ ਨੂੰ ਨਾਪਣਾ ਨਹੀਂ । ਕਾਸ਼, ਕਿ ਤੁਹਾਡੀ ਪ੍ਰਯੋਗਸ਼ਾਲਾ ਦੀ ਕਿਸੇ ਨੁਕਰੇ ਕੋਈ ਅਜਿਹਾ ਜੰਤਰ ਵੀ ਹੁੰਦਾ । ਜਿਹੜਾ ਜੀਉਂਦੀਆਂ ਕਬਰਾਂ ਦੀਆਂ ਅੱਖਾਂ ਚੋਂ ਵਹਿੰਦੀ ਆਬਸ਼ਾਰ ਦੇ ਕਿਊਸਿਕਸ ਨਾਪ ਸਕਦਾ ।

ਉਂਝ ਜੇ ਤੁਹਾਥੋਂ ਅਜਿਹੀਆਂ ਬੇ-ਸ਼ੁਮਾਰ ਅੱਖਾਂ ਦੀਆਂ ਖੱਡਾਂ ਵਿਚੋਂ ਨਿਕਲਦੇ ਛੋਟੇ-ਮੋਟੇ ਨਦੀ-ਨਾਲ੍ਹਿਆਂ ਅਤੇ ਵੱਡੇ-ਛੋਟੇ ਹੰਝੂ-ਦਰਿਆਵਾਂ ਦੇ ਵਹਿਣ ਦਾ ਕਾਰਨ ਪੁੱਛਿਆ ਜਾਵੇ ਤਾਂ ਤੁਸੀਂ ਭੂਮੀ-ਵਿਗਿਆਨ ਦੀਆਂ ਧਾਰਨਾਵਾਂ ਦਾ ਵਾਸਤਾ ਪਾ ਕੇ ਆਖੋਗੇ ਕਿ ਭੂ-ਮੱਧ ਰੇਖਾ ਵਰਗੇ ਦਿਲੋ-ਦਿਮਾਗ਼ ਉੱਤੇ ਪੈਂਦੀ ਗਮੇਂ-ਜਿਗਰ ਦੀ ਗਰਮੀ ਨਾਲ ਸਾਗਰ-ਸੀਨੇ ਚੋਂ ਉਬਲਦਾ ਪਾਣੀ ਤਲਖ਼-ਹਉਕਿਆਂ ਦੀ ਘੁਨੇੜੀ ਚੜ੍ਹ ਕੇ ਆਲਮੇ-ਬੇਬਸੀ ਦੀ ਸਰਦ ਟੀਸੀ ਨਾਲ ਜਾ ਟਕਰਾਉਂਦਾ ਹੈ ਤੇ ਆਪਣੇ ਹੀ ਭਾਰ ਤੋਂ ਅੱਕਿਆ-ਥੱਕਿਆ , ਡਿਗਦਾ ਢਹਿੰਦਾ , ਲੁੜਕਦਾ-ਤੁਰਦਾ ਮੁੜ ਆਪਣੇ ਖ਼ਾਰੇ ਸੋਮੇ ਕੋਲ ਜਾ ਪਹੁੰਚਦਾ ਹੈ ।

ਪਰ ਸ੍ਰੀਮਾਨ ਜੀ , ਖ਼ਾਰੇ ਸੋਮੇਂ ਅਤੇ ਤਿੱਖੇ-ਵਹਿਣਾਂ ਦੀ ਤਾਸੀਰ ਵਿਚਲੇ ਅੰਤਰ ਨੂੰ ਨਾਪਣ ਲਈ ਜਿਸ ਜੰਤਰ ਦੀ ਲੋੜ ਹੁੰਦੀ ਹੈ ਉਹ ਕਿਸੇ ਵੀ ਟੈਸਟ-ਕਿੱਟ ਦਾ ਸ਼ਿੰਗਾਰ ਨਹੀਂ ਬਣ ਸਕਦਾ । ਉਹ ਤਾਂ ਧੌਲ ਦੇ ਸਿੰਙਾਂ ਤੇ ਧਰੀ ਧਰਤੀ ਜਿੱਡੀ ਛਾਤੀ ਅੰਦਰਲਾ ਸਿਸਮੋਗਰਾਫ਼ ਹੁੰਦਾ ਹੈ , ਜਿਸ ਉੱਪਰ ਚੜ੍ਹੇ ਡੱਬੀਦਾਰ ਕਾਗ਼ਜ਼ ਉੱਤੇ ਝਰੀਟ ਹੁੰਦੀਆਂ ਲੀਕਾਂ ਏਨੀਆਂ ਗੁੰਝਲਦਾਰ ਓਦੋਂ ਹੁੰਦੀਆਂ ਹਨ , ਜਦੋਂ ਹਰ ਮੱਮਤਾ ਦੀਆਂ ਦੋ-ਦੋ ਨੱਕੋ-ਨੱਕ ਭਰੀਆਂ ਨਦੀਆਂ ਚੁੰਘਦੇ ਬਲੂਰ ਬਾਲ ਚੁਣ-ਚੁਣ ਕੇ , ਗੋਦੀਓਂ ਖੋਹ ਕੇ ਸੰਗੀਨ ਉੱਤੇ ਟੰਗ ਦਿੱਤੇ ਜਾਂਦੇ ਹਨ , ਜਾਂ ਮੰਨ-ਭਾਉਂਦੀਆਂ ਕੁਆਰ-ਕੰਜਕਾਂ ਦੀਆਂ ਸ਼ੀਰ ਨਦੀਆਂ ਕੋਂਹਦੀ ਬੰਦੂਕਾਂ ਦੀ ਪੈੜ-ਚਾਲ, ਬੂਟਾਂ ਦੀ ਦਗੜ-ਦਗੜ ਸਮੇਤ , ਦੂਜੇ ਧਰਮ ਦੇ ਸਰੀਰ-ਅਸਥਾਨਾਂ ਤੇ ਜਾ ਚੜ੍ਹਦੀ ਹੈ ਜਾਂ ਜੋਤ-ਰਹਿਤ ਬਿਰਧ ਹਿਕੜੀਆਂ ਅੰਦਰੋਂ ਨਿਕਲਣ ਵਾਲੀਆਂ ਮਿੱਠੀਆਂ ਅਸੀਸਾਂ, ਟੈਂਕਾਂ ਦੇ ਪਟਿਆਂ ਹੇਠ ਕਿਰਚ-ਕਿਰਚ ਟੁੱਟਦੀਆਂ ਸੰਗਮਰਮਰੀ ਹੱਡੀਆਂ ਵਾਂਗ ਚੂਰਾ-ਚੂਰਾ ਹੋ ਕੇ ਕਬਰਸਤਾਨ ਪਹੁੰਚ ਜਾਂਦੀਆਂ ਹਨ ।

ਵਿਗਿਆਨੀ ਜੀ , ਲੱਖ ਯਤਨ ਕਰੋ ਤੁਸੀਂ ਉਹਨਾਂ ਮਾਸੂਮ ਚੀਕਾਂ ਨੂੰ ਸ਼ਮਸ਼ਾਨ ਘਾਟ ਦੇ ਵਾਯੂ ਮੰਡਲ ਚੋਂ ਕਿਸੇ ਵੀ ਐਨਟੀਨਾ ਤੇ ਕੈਚ ਨਹੀਂ ਕਰ ਸਕਦੇ , ਕਿਉਂਕਿ ਉਹਨਾਂ ਆਵੇਗ ਨਦੀਆਂ ਦਾ ਮੁੱਖ ਸੋਮਾ ਵੀ ਖ਼ਾਰਾ ਸਮੁੰਦਰ ਹੀ ਹੈ, ਜਿਥੋਂ ਉੱਠਣ ਵਾਲੀਆਂ ਝੱਖੜੀ ਪੌਣਾਂ ਨੂੰ ਕਦੀ ਤਾਂ ਆਪਣੇ ਭਾਰ ਤੋਂ ਭੌਝਲ ਹੋ ਕੇ ਹੀ ਵਰਖਾ ਕਰਨੀ ਪੈਂਦੀ ਹੈ , ਪਰ ਕਦੀ ਕਦੀ , ਜੱਖ-ਠੰਡੇ ਪਹਾੜਾਂ ਤੇ ਜੰਮੀ ਚਿੱਟੀ ਉੱਲੀ ਛਿੱਲਣ ਲਈ ਮਜਬੂਰ ਵੀ ਹੋਣਾ ਪੈਂਦਾ ਹੈ । ਤੇ ਇਉਂ ਠੰਢੇ-ਸੀਤ ਕੋਹਸਤਾਨ ਵਰਗੇ ਬੁਰਜਾਂ ਦ ਮੁਹੰਮਦੀ-ਇਸ਼ਨਾਨ ਕਰਾਕੇ ਇਹ ਸ਼ਾਂਤ-ਚਿੱਤ ਹਵਾਵਾਂ, ਜਦ ਮੁੜ ਆਪਣੇ ਘਰੀਂ ਪਰਤਣ ਲਗਦੀਆਂ ਹਨ ਤਾਂ ਬਾਹਰਲੇ ਵਿਹੜੇ ਅੰਦਰ ਉੱਗੇ ਸਿੱਪੀਆਂ ਘੋਗੇ,ਕਈ ਸਾਰੀਆਂ ਸੁਆਂਤੀ ਬੂੰਦਾਂ ਆਪਣੀਆਂ ਕੁੱਖਾਂ ਅੰਦਰ ਸਾਂਭ ਕੇ ਹੀਰੇ-ਮੋਤੀਆਂ ਦੇ ਹਾਰਾਂ ਦੇ ਹਾਰ ਜਣ ਲੈਂਦੇ ਹਨ, ਜਿਹੜੇ ਸਮਾਂ ਪਾ ਕੇ ਕਿਸੇ ਗੜਬੜ-ਐਲਾਨੇ ਇਲਾਕੇ ਅੰਦਰੋਂ ਚੁਕ ਕੇ ਕਾਲ-ਕੋਠੜੀਆਂ ਵਿਚ ਡੱਕੇ ਹੋਏ ਵੀ ਅਤਿ-ਖ਼ਤਰਨਾਕ ਕਿਸਮ ਦੀਆਂ ਤਲਵਾਰਾਂ ਜਾਪਦੇ ਹਨ ।

.........ਹਾਂ ਸੱਚ, ਆਪਣੇ ਥੀਸਿਸ ਦੇ ਕਿਸੇ ਨਾ ਕਿਸੇ ਫੁੱਟ ਨੋਟ ਅੰਦਰ , ਇਕ ਗੱਲ ਵਿਸ਼ੇਸ਼ ਕਰਕੇ ਲਿਖਣਾ ਨਾ ਭੁਲਣਾ ਕਿ ਕਈ ਵਾਰ ਉਹ ਖ਼ਤਰਨਾਕ ਕਿਸਮ ਦੀਆਂ ਤਲਵਾਰਾਂ ਖ਼ਾਰੇ ਸਾਗਰ ਦੀਆਂ ਨਹੀਂ ਸਗੋਂ ਕਿਸੇ ਸਾਫ-ਸੁਥਰੇ ਸਰੋਵਰ ਦੀ ਪੈਦਾਵਾਰ ਹੁੰਦੀਆਂ ਹਨ ,ਜਿਥੋਂ ਚੂਲੀ ਲੈਣ ਆਉਂਦੇ , ਹਰ ਆਦਮ ਤੇ ਹਵਾ ਨੇ ਵਿਵਰਜਤ ਫਲ ਹਰ ਹੀਲੇ ਖਾਣਾ-ਹੀ-ਖਾਣਾ ਹੁੰਦਾ ਹੈ , ਭਾਵੇਂ ਉਹਨਾਂ ਦੇ ਲਹੂ-ਮਾਸ ਨੂੰ ਆਰਿਆਂ ਦੇ ਤੇਜ਼ਧਾਰ ਦੰਦਿਆਂ ਹੇਠ ਬੰਨ੍ਹ ਕੇ ਚੀਰ ਵੀ ਕਿਉਂ ਨਾ ਦਿੱਤਾ ਜਾਵੇ ।

ਕਿਉਂ ਸਾਬ੍ਹ, ਘਬਰਾ ਗਏ ....ਡਰੋ ਨਹੀਂ , ਸਹਿਮ ਨਾ ਖਾਓ । ਤੁਹਾਨੂੰ ਤਾਂ ਸਗੋਂ ਇਹੋ ਜਿਹੀ ਸਮਾਚਾਰੀ ਸੂਚਨਾ ਸੁਣ ਕੇ ਪ੍ਰਸੰਨ ਹੋਣਾ ਚਾਹੀਦਾ ਹੈ , ਕਿਉਂਕਿ ਸੀਰ ਨਦੀਆਂ ਨੂੰ ਜਨਮ ਦੇਣ ਵਾਲੇ ਵਿਸ਼ਾਲ ਸਾਗਰ ਵਾਂਗ ਸਰੋਵਰ ਇਕ ਨਹੀਂ ਹੁੰਦਾ ਅਨੇਕ ਹੁੰਦੇ ਹਨ ਅਤੇ ਉਹਨਾਂ ਦਾ ਰੰਗ-ਬਰੰਗਾ ਖ਼ਾਰਾਪਨ ਵੀ ਵੱਖ-ਵੱਖ ਕਿਸਮਾਂ ਦੀਆਂ ਮੱਛੀਆਂ ਪਾਲ ਕੇ ਦੂਰ ਕਰ ਦਿੱਤਾ ਜਾਂਦਾ ਹੈ ।

ਪਰੰਤੂ , ਇਸ ਦਾ ਅਰਥ ਇਹ ਬਿਲਕੁਲ ਨਹੀਂ ਕਿ ਸਾਗਰ ਅਤੇ ਸਰੋਵਰ ਵਿਚਲੀ ਸਮੱਗਰੀ ਨੂੰ ਤਿਆਰ ਕਰਨ ਵਾਲੀਆਂ ਗੈਸਾਂ ਦੇ ਅਨੁਪਾਤ ਅੰਦਰ ਕਿਸੇ ਕਿਸਮ ਦੀ ਗੜ-ਬੜੀ ਹੁੰਦੀ ਹੈ । ਫ਼ਰਕ ਸਿਰਫ਼ ਇਹ ਹੈ ਕਿ ਨਿੱਕੇ-ਵੱਡੇ ਨਦੀ-ਨਾਲ੍ਹਿਆਂ ਦੇ ਤਿਖੇ-ਧੀਮੇਂ ਵਹਿਣਾਂ ਨੂੰ ਭੁਰਭਰੀ ਤੇ ਖ਼ਚਰੀ ਕਿਸਮ ਦੇ ਸਿੱਲ-ਪੱਥਰਾਂ ਨਾਲ ਦੋ-ਚਾਰ ਹੁੰਦਿਆਂ ,ਆਪਣੇ ਛੈਲ-ਛਬੀਲੇ ਸੁਭਾ ਅੰਦਰ ਜਿਹੜੀ ਤਬਦੀਲੀ ਲਿਆੳਣੀ ਪੈਂਦੀ ਹੈ ਉਸ ਕਿਸੇ ਸਰੋਵਰ ਜਾਂ ਬੋਲੀ ਦੇ ਸੰਗਮਰਮਰੀ ਕੰਢਿਆਂ ਨੂੰ ਕਦੇ ਨਸੀਬ ਨਹੀਂ ਹੁੰਦੀ । ......ਔਹ ਤੁਹਾਡੀ ਪਿੱਠ ਪਿੱਛੇ ਉੱਗਿਆ ਦਰਬਾਨ , ਨਿੱਕੀ ਇੱਟ ਦਾ ਪੁਰਾਣਾ ਖੂਹ, ਉਹਨਾਂ ਕੁੰਭਾਂ-ਛੱਪੜਾਂ ਦੀ ਸ਼ਾਖਸਾਤ ਉਦਾਹਰਣ ਬਣ ਸਕਦਾ ਹੈ ਜਿਸ ਦੀ ਤਿਲਕਣੀ ਮੌਣ ਕੋਲੋਂ ਦੀ ਲੰਘਦਾ ਹਰ ਬਸ਼ਰ ਕਬਰ ਬਣਦਾ ਹੈ ਜਾਂ ਕੈਦੀ , ਮੈਡਲ ਬਣਦਾ ਹੈ ਜਾਂ ਸਰਕਾਰੀ ਐਲਾਨ , ਜਿੱਸ ਨੂੰ ਸੁਣਦਿਆਂ ਸਾਰ ਤੁਸੀਂ ਉਸ ਨੂੰ ਆਪਣੀ ਛਾਤੀ ਤੇ ਚਿਪਕਾ ਕੇ ਨਵੇਂ ਕਾਰਜ-ਖੇਤਰ ਲਈ ਬੇਚੈਨ ਹੋ ਉਠਦੇ ਹੋ ।

ਸਤਿਕਾਰ ਯੋਗ ਖੋਜੀ ਜੀਓ , ਆਪਣੀ ਕਾਰਜਸ਼ੀਲਤਾ ਦੀ ਰੌਂਅ ਅੰਦਰ ਰੁੜ੍ਹਦੇ-ਰੁੜ੍ਹਦੇ ਤੁਸੀਂ ਇਹ ਹਰਗਿਜ਼ ਨਾ ਭੁਲ ਬੈਠਣਾ ਕਿ ਜੱਦ ਕਦੀ ਖ਼ਾਰੇ ਸਮੁੰਦਰ ਨੂੰ ਸਖੇਪ ਹੋ ਕੇ ਇਕ ਸਰਵਲੋਹ ਦੇ ਬਾਟੇ ਦਾ ਆਕਾਰ ਧਾਰਨ ਕਰਨਾ ਪੈਂਦਾ ਹੈ , ਤਾਂ ਸੁਆਂਤੀ ਬੂੰਦਾਂ ਸਾਂਭਣ ਵਾਲੀਆਂ ਕੁੱਖਾਂ ਦਾ ਨਾਂ ਜੀਜਾ ਬਾਈ-ਗੁਜਰੀ ਰੱਖਣਾ ਪੈਂਦਾ ਹੈ ਜਾਂ ਲਕਸ਼ਮੀ ਬਾਈ ਵਿਦਿਆਵਤੀ ਜਿਹੜੀਆਂ ਕਦੀ ਵੀ ਆਪਣੀਆਂ ਕੁੱਖਾਂ ਨੂੰ ਕਬਰਸਤਾਨ ਦੀ ਫ਼ਸਲ ਖ਼ਾਤਰ ਕਲੰਕਤ ਨਹੀਂ ਕਰਦੀਆਂ । ਉਹ ਕੁੱਖਾਂ ਹਿਮਾਲਿਆ ਜਿੱਡੀਆਂ ਉੱਚੀਆਂ ਆਪਣੀਆਂ ਛਾਤੀਆਂ ਚੋਂ ਵਗਦੇ ਸ਼ੀਰ ਨਾਲ ਗੋਬਿੰਦਰਾਏ ਸਿੰਘ ਪਾਲਦੀਆਂ ਹਨ ਜਾਂ ਸ਼ਿਵ ਰਾਣੇ ਪ੍ਰਤਾਪ ਭਗਤ-ਰਾਜਗੁਰੂ-ਸੁਖਦੇਵ ਪਾਲਦੀਆਂ ਜਾਂ ਰਾਮ-ਮਹੁੰਮਦ-ਡੇਨੀਅਲ ਤੁਹਾਡੀ ਤਰ੍ਹਾਂ ਹਿੰਦੋਸਤਾਨ, ਪਾਕਿਸਤਾਨ , ਖਾਲਿਸ.......ਤਾਨ ਜਾਂ ਕਬਰਸਤਾਨ ਨਹੀਂ । ਤੁਸੀਂ ਆਖੋਗੇ ਕਿ ਉਹ ਤੁਹਾਡੀ ਜਿਣਸ ਦੇ ਰੀਸਰਚ ਸਕਾਲਰ ਨਹੀਂ ਹੁੰਦੇ , ਆਧੁਨਿਕ ਤੇ ਨਵੀਨਤਮ ਖੋਜਾਂ ਤੋਂ ਵਾਕਿਫ਼ ਨਹੀਂ ਹੁੰਦੇ । ਪਰ , ਆਧੁਨਿਕਵਾਦੀ ਜੀ , ਤੁਹਾਡੇ ਅੰਦਰ ਉਗਰੀ ਨਵੀਨਤਾ ਜਾਂ ਤਾਂ ਹੀਰੋਸ਼ੀਮੇਂ ਪੈਦਾ ਕਰਦੀ ਹੈ ਜਾ ਕਾਲਿੰਗੇ । ਉਹਨਾਂ ਵਾਂਗ ਖਿਦਰਾਣੇ ਨਹੀਂ ਜੰਮਦੀ ਨਾ ਹੁਸੈਨੀਵਾਲੇ, ਜਿਹਨਾਂ ਅੰਦਰਲੀ ਪੁਰਾਤਨਤਾ ਕਦੀ ਕਬਰਾਂ ਨਹੀਂ ਬੀਜਦੀ । ਉਹ ਤਾਂ ਬਸ ਸਤੰਭ ਜਣਦੀ ਹੈ ਜਾਂ ਸਮਾਧਾਂ , ਜਿਹੜੀਆਂ ਕਬਰਸਤਾਨ ਦੇ ਖੇਤਰਫ਼ਲ ਅੰਦਰ ਬਿਲਕੁਲ ਨਹੀਂ ਸਮਾ ਸਕਦੀਆਂ । ਉਹਨਾਂ ਸਮਾਧਾਂ-ਸਤੰਭਾਂ ਦੇ ਕਿਰਮਚੀ ਕਲਸਾਂ ਤੋਂ ਉਠਦੀ ਕਿਰਮਚੀ ਕਿਰਨ ਤਾਂ ਧੁਰ ਆਕਾਸ਼ ਦਾ ਸੀਨਾ ਛੇਕਦੀ ਹੈ , ਸਤਰੰਗੀ ਪੀਂਘ ਦੇ ਫੈਲਾ ਵਾਂਗ ਖਿੱਲਰਦੀ ਹੈ । ਉਹ ਕਦੀ ਵੀ ਧਰਤੀ ਦੀ ਹਿੱਕ ਨਹੀਂ ਸਾੜਦੀ, ਸੁਆਹ ਦੀ ਢੇਰੀ ਨਹੀਂ ਬਣਦੀ । ਨਾ ਮਿੱਟੀ ਹੇਠ ਦੱਬ ਹੋ ਕੇ ਅਪਣੀ ਹੋਂਦਾ ਤੋਂ ਰੁਖਸਤ ਹੁੰਦੀ ਹੈ ਨਾ ਦਰਿਆ ਬੁਰਦ ਹੋ ਕੇ । ਉਹ ਤਾ ਬਸ ਜਾਗਦੀ ਹੈ ਜਾਗਦੇ ਸਿਵੇ ਵਾਂਗ । ਮੌਲਵੀ ਚਰਾਗਦੀਨ ਦੀ ਪੱਕੀ ਕਬਰ ਸਰਹਾਣੇ ਗੱਡੀ ਹਰੀ ਝੰਡੀ ਵਾਂਗ । ਹਕੀਮ ਫ਼ਜ਼ਲ-ਮੁਹੰਮਦ ਦੀ ਕੱਚੀ ਕਬਰ ਤੇ ਉੱਗੇ ਹਰੇ-ਕਰੂਚ ਜੰਡ ਵਾਂਗ । ਜੰਡ ਉੱਪਰ ਬੰਨੇ ਚਿੱਟੇ-ਦੂਧੀਆ ਪਰਚਮ ਵਾਂਗ, ਜਿੱਸ ਦਾ ਉੱਚਾ-ਲੰਮਾ ਕੱਦ ਚਿੱਟੇ ਉਕਾਬ ਦੀ ਉਡਾਨ ਨਾਲ ਮਿਣਿਆ ਜਾਂਦਾ ਹੈ ।

ਪਿਆਰੋ ਖੋਜੀ ਜੀ , ਤੁਸੀਂ ਹੱਡਾ-ਰੋੜੀ ਦੀਆਂ ਵੋਟਾਂ ਗਿਣਦੇ ਕਿਸੇ ਇੱਲ ਨੂੰ ਉਕਾਬ ਸਮਝ ਕੇ ਅਪਣੇ ਖੋਜ-ਕਾਰਜ ਨੂੰ ਦੂਸ਼ਿਤ ਨਾ ਕਰ ਬੈਠਣਾ , ਕਿਉਂ ਜੋ ਉਕਾਬ ਤਾਂ ਜੰਡ ਦੇ ਪਰਚਮ ਨੂੰ ਛਾਂ ਕਰਨ ਨਿਕਲਿਆ ਹਰ ਤਰ੍ਹਾਂ ਦੀ ਵਾਦੀਏ-ਮੁਖਾਲਿਫ਼ ਸਾਹਮਣੇ ਸੀਨਾ ਤਾਣ ਕੇ ਉਡਦਾ ਹੈ ਅਤੇ ਆਕਾਸ਼ਬਾਣੀ ਤੋਂ ਉਠਦੇ ਹਰ ਤਾਜ਼ਾ ਬਿਆਨ ਦੇ ਬਿਲ-ਮੁਕਾਬਿਲ ਖੜਾ ਹੋ ਕੇ ਐਲਾਨ ਕਰਦਾ ਹੈ ਕਿ ਆਕਾਸ਼ ਉੱਤੇ ਛਾਈ ਧੂੜ ਦਾ ਰੰਗ ਕਾਲ-ਕੋਠੜੀਆਂ ਅੰਦਰ ਦੜੇ ਮਾਸੂਸ ਬਾਲਾਂ ਦੀਆਂ ਨਰਮ-ਨਾਜ਼ਕ ਖਾਖਾਂ ਤੇ ਪਸੱਰੀ ਆਪ-ਮੁਹਾਰੀ ਲਾਲੀ ਵਰਗਾ ਹੈ , ਅਤੇ ਜੰਗਲ ਨੂੰ ਲਾਈ ਅੱਗ ਦਾ ਰੰਗ ਤਪਦੀ ਭੱਠੀ ਚੋਂ ਨਿਕਲਦੀ ਲਾਟ ਦੇ ਸੇਕ ਵਰਗਾ । ਇਸ ਲਈ ਇਲੈਕਸ਼ਨ ਵਾਇਦਿਆਂ ਤੋਂ ਅੱਕੇ-ਥੱਕੇ, ਤਪਦੇ ਸੜਦੇ ਖੇਤਾਂ ਚੋਂ ਲੰਘਦੇ ਨੰਗੇ ਪੈਰਾਂ ਦੇ ਸਫ਼ਰ ਨੂੰ ਇਹ ਵਿਸ਼ਵਾਸ਼ ਕਰਨ ਵਿੱਚ ਕੋਈ ਹਿਚਕਚਾਹਟ ਨਹੀਂ ਹੋਣੀ ਚਾਹੀਦੀ ਕਿ ਦੂਰ ਖੜੀਆਂ ਦਿਸਦੀਆਂ ਦੋ ਧਿਰਾਂ ਦਾ ਤਾਪਮਾਨ ਇਕ ਦੂਜੀ ਨਾਲ ਘਿਓ ਖਿਚੜੀ ਹੋਇਆ , ਭੂ-ਮੱਧ ਰੇਖਾ ਉੱਤੇ ਕਹਿਰਵਾਨ ਹੋਣ ਲਈ ਕਮਰ-ਕੱਸੇ ਕੀਤੀ ਖੜਾ ਹੈ , ਕਿਉਂਕਿ ਕਬਰਸਤਾਨ ਉੱਤੇ ਜੰਮੀ ਨੀਲੀ-ਚਿੱਟੀ ਝਿੱਲੀ ਖਰੋਚਣ ਵਾਲੀਆਂ ਲਾਲ-ਕਿਰਮਚੀ ਪੌਣਾਂ , ਹੁਣ ਇਨਸੈਟ ਦੀ ਬਜਾਏ ਆਫਸੈਟ ਦੀ ਅਗਵਾਈ ਕਬੂਲਣ ਲੱਗ ਪਈਆਂ ਹਨ ।

----------------------------------

ਆਪਣੀ ਧਿਰ–ਪਰਾਈ ਧਿਰ (ਕਹਾਣੀ)

ਲਾਲ ਸਿੰਘ ਦਸੂਹਾ

------------------------------------------------------------------------

............ ਨਹੀਂ ਸ਼ਾਹ ਜੀ  ,ਮਾਤ –ਭਾਸ਼ਾ ਤੋਂ ਮਤਲਬ ਮਾਂ ਦਾ ਦੁੱਧ ਪੀਂਦਿਆਂ ਆਪ ਮੁਹਾਰੇ ਮਿਲੀ ਉਹ ਸਿਖਸ਼ਾ ਜਿਸ ਰਾਹੀਂ ਅਸੀਂ ਆਪਣੀ ਗੱਲ ਦੂਜਿਆਂ ਨੂੰ ਸਮਝਾਉਂਦੇ ਹਾਂ ....ਅਸੀਂ ਬ੍ਰਾਹਮਣ ਆਂ, ਸਾਡੇ ਘਰ ਦਾ ਰੰਗ-ਢੰਗ ,ਰਹਿਣੀ-ਬਹਿਣੀ ਹਿੰਦੂ ਮੱਤ ਅਨੁਸਾਰ ਚਲਦੀ ਐ ,ਪਰ ਘਰ ਅੰਦਰ ਅਸੀਂ ਸਾਰੇ ਪੰਜਾਬੀ ਬੋਲਦੇ ਆਂ , ਇਸ ਲਈ ਮੇਰੀ ਤੇ ਮੇਰੇ ਪ੍ਰੀਵਾਰ ਦੀ ਬੋਲੀ ਪੰਜਾਬੀ ਬਣੀ ਐ .............।       (ਇਸੇ ਕਹਾਣੀ ਵਿੱਚੋਂ)

------------------------------------------------------------------------

 

........ਤੇ ਰੋਜ਼ ਵਾਂਗ ਉਸ ਨੇ ਛੋਟੀ ਗਲ੍ਹੀ ਵਲ ਨੂੰ ਖੁਲ੍ਹਦੇ ਬੰਦ ਕੀਤੇ ਦਰਵਾਜ਼ੇ ਦੀ ਹੇਠਲੀ ਵਿਰਲ ਰਾਹੀਂ ਅੰਦਰ ਨੂੰ ਸਰਕੀ ਅਖ਼ਬਾਰ ਚੁੱਕ ਲਈ । ਮੁੱਖ ਪੰਨੇ ਤੇ ਨਜ਼ਰ ਪੈਂਦਿਆਂ ਸਾਰ ਉਸ ਦੀਆਂ ਲੱਤਾਂ ਮਿਆਦੀ ਬੁਖਾਰ ਨਾਲ ਆਈ ਸਿਥੱਲਤਾ ਵਾਂਗ ਕੰਬ ਗਈਆਂ । ਭਰ ਸਿਆਲ ਦੀ ਸੱਜਰੀ ਸਵੇਰ ਉਸ ਦ ਮੱਥੇ ਤੇ ਪਸੀਨੇ ਦਾ ਛੱਟਾ ਮਾਰ ਗਈ । ਪਸ਼ਮੀਨੇ ਦੀ ਸ਼ਾਲ ਅੰਦਰ ਲਿਪਟੇ ਨੂੰ ਵੀ ਕੱਚੀ-ਠੰਡੀ ਤਰੇਲੀ ਆਉਣ ਲੱਗੀ ਤੇ ਨਿਢਾਲ ਜਿਹਾ ਹੋਇਆ , ਉਹ ਸਵਿਤਰੀ ਤੋਂ ਵੱਡੀ ਸੁਰਖੀ ਹੇਠਲੀ ਖ਼ਬਰ ਸੁਨਣ ਲਈ ਸੋਫੇ ਤੇ ਢੇਰੀ ਹੋ ਗਿਆ ।

.....ਇਹ ਕਿਵੇਂ ਹੋ ਗਿਆ ! ਉਸ ਨੇ ਕਿਸੇ ਅਣਪਛਾਤੇ ਦਾ ਕੀ ਵਿਗਾੜਿਆ ਸੀ ? ਉਹ ਤਾਂ ਕਦੀ ਕਿਸੇ ਨਾਲ ਉਚੀ ਕੂਇਆ ਵੀ ਨਹੀਂ ਸੀ । ਉਹ ਤਾਂ ਸਗੋਂ ਹੋਰਨਾਂ ਲਈ ਲੜਦਾ-ਭਿੜਦਾ ਕਈਆਂ ਮਹਿਕਮਿਆਂ ਦੇ ਅਫ਼ਸਰਾਂ ਦੀਆਂ ਅੱਖਾਂ ਅੰਦਰ ਰੜਕਣ ਲੱਗ ਪਿਆ ਸੀ । .......ਕਿਤੇ ਉਨ੍ਹਾਂ ਨੇ ਈ ਮਿਲ ਮਿਲਾ ਕੇ ਏਸ ਝਖੜ-ਝਾਂਸੇ ਅੰਦਰ ਉਸ ਦਾ ਕੰਢਾ ਨਾ ਕਢਵਾ ਤਾ ਹੋਵੇ, ਕਿਤੇ ਅਲਾਟੀਆਂ ਨੇ ਈ ਨਾ ਕੋਈ  ਨਵਾਂ ਚੰਦ ਚੜ੍ਹਾ ਦਿੱਤਾ ਹੋਵੇ , ਜਿਨ੍ਹਾਂ ਪਿਛਲੇ ਵਰ੍ਹੇ ਇਕ ਭਈਆ ਊਈਉਂ ਵਿੰਨ ਦਿੱਤਾ ਸੀ – ਅਖੇ , ਉਹ ਕਣਕ ਦੀ ਵਾਢੀ ਵਿਚਕਾਹੇ ਛੱਡਕੇ ਆਪਣੇ ਹਰੀ-ਪੁਰ ਪਿੰਡ ਉਤੇ ਕੀਤੇ ਡਾਕੂਆਂ ਦੇ ਵੱਡੇ ਧਾਵੇ ਦੀ ਖ਼ਬਰ ਸੁਣ ਕੇ , ਪਿਛਲੇ ਦਿਨੀਂ ਵੱਟੇ-ਸੱਟੇ ਅੰਦਰ ਲਿਆਂਦੀ ਪਕੇਰੀ ਉਮਰ ਦੀ ਮਹਿਰੂਆਂ ਦਾ ਥਹੁ ਪਤਾ ਲੈਣ ਲਈ ਉਤਾਵਲਾ ਹੋ ਗਿਆ ਸੀ , ਪਰ ਅਲਾਟੀਆਂ ਨੇ ਤਾਂ ਉਸ ਦੇ ਪੂਰੇ ਸੀਜ਼ਨ ਲਈ ਢਾਈ ਸੈਂਕੜੇ ਅਗਾਊਂ ਭਾਰੇ ਹੋਏ ਸਨ । ਉਂਝ ਤਾਂ ਉਨ੍ਹਾਂ ਨੂੰ ਕਈਆਂ ਚਿਰਾਂ ਤੋਂ ਹਰ ਸੀਜ਼ਨ ਤੇ ਠੇਕੇਦਾਰ ਰਾਮਧਨ ਕੋਲੋਂ ਦਸ-ਵੀਹ ਭਈਏ ਸੌ ਸਵਾ ਸੌ ਅੰਦਰ ਈ ਮਿਲਦੇ ਰਹੇ ਸਨ,ਪਰ ਪਿਛਲੇ ਢਾਈ ਤਿੰਨ ਸਾਲ ਤੋਂ ਰਾਮਧਨ ਦੇ ਕਹਿਣ ਮੂਜਬ ਭਈਆਂ ਨੂੰ ਵੀ ਅਕਲ ਆ ਗਈ ਸੀ । ਬੜੀ ਠੋਕ-ਬਜਾ ਕੇ ਜਵਾਬ ਦੇਣ ਵਰਗੀ ਹਾਂ ਕਰਦੇ ਅਰੇ ਸਰਦਾਰ ਸੈਬ , ਪੂਰੇ ਚਾਰ ਮਾਹ ਲਗੈਂ ਧਾਨ ਕੀ ਬੁਆਈ ਕਟਾਈ ਮਾਂ, ਅਰ ਟਕੇ ਮਿਲੈਂ ਸੁਸਰੇ ਸੂ ਅਰ ਆਧ ; ਨਾਹੀਂ ਸੈਬ ਹਮਾਰ ਨਾਹੋਂ ਗੁਜਾਰ ਚਲਵੈ,ਹਮਾਰ ਮਾਈ ਬਾਪ , ਮਹਿਰੂਆ-ਬਾਲ ਬਚਾ ਭਾਈ-ਭੈਹਨ ਕਾ ਧਾਨ-ਰੋਟੀ ਕੈਸੇ ਚਲਵੈ.......ਪੂਰਾ ਤੀਨ ਸੈ ਧਾਨ ਅਰ ਚਾਰ ਸੈ ਕਣਕ ਕੇ ਲੇਂਗੇ ਹਮਾਰ ਤੋ । ਫਿਰ ਕਹਿ ਸੁਣੇ ਕੇ ਹੋਏ ਢਾਈ ਸੌ ਦੇ ਸੌਦੇ ਤੋਂ ਕੰਨੀ ਖਿਸਕਾਉਣ ਲਈ ਚਤਰ-ਫੁਰਤੀਆਂ ਮਾਰਨ ਦੇ ਯਤਨ ਕਰਦਾ ਰਾਜਾ ਰਾਮ ਰਾਤ ਵੀ ਮੰਜੇ ਦੇ ਪਾਵੇ ਨਾਲ ਸੰਗਲੀ ਪਾਈ ਬਝਾ ਰਹਿੰਦਾ ਤੇ ਦਿਨ ਵੇਲੇ ਖੇਤਾਂ ਅੰਦਰ ਔਖੇ ਭਾਰੇ ਕੰਮੀਂ ਜੁੜਿਆ ਰਹਿੰਦਾ । ਖੁਲ੍ਹੇ ਮੋਕਲੇ ਬੇਲਿਆਂ ਅੰਦਰ ਡੰਗਰ ਚਾਰਦਾ ਇਕ ਦਿਨ ਉਹ ਅਲਾਟੀਆਂ ਦੀ ਕੈਦ ਤੋਂ ਮੁਕਤ ਹੋਣ ਦਾ ਹੀਲਾ ਕਰਦਾ ,ਕਿਤੇ ਛੋਟੇ ਸਰਦਾਰ ਦੀ ਨਜ਼ਰੀਂ ਪੈ ਗਿਆ । ਦਿਨ-ਦੁਪੈਰੇ ਧੁੱਤ ਹੋਏ ਟਿੱਕਾ ਵਿਜੈ ਬਹਾਦਰ ਸਿੰਘ ਨੇ ਦੁਨਾਲੀ ਸੇਧੇ ਬਿਨਾਂ ਹੀ ਕਈ ਸਾਰੇ ਫ਼ਾਇਰ ਕਰ ਕੇ ਨੱਠੇ ਜਾਂਦੇ ਰਾਜਾ ਰਾਮ ਨੂੰ ਸੁੱਟ ਲਿਆ ਸੀ ।

..........ਪਰ, ਪ੍ਰੇਮ ਨਾਲ ਉਨ੍ਹਾਂ ਦਾ ਕਿਹੜਾ ਬੰਨੇ-ਚੰਨੇ ਦਾ ਵੈਰ ਸੀ ? ਨਹੀਂ , ਇਹ ਕੰਮ ਉਨ੍ਹਾਂ ਨਹੀਂ ਕੀਤਾ ਹੋਣਾ, ਕਿਸੇ ਹੋਰ ਦਾ ! ਹਰ ਰੋਜ਼ ਤਾਂ ਕੁਝ ਨਾ ਕੁਝ ਹੋ ਰਿਹਾ ਸੀ , ........ਕਿਧਰੇ ਦੋ,ਕਿਧਰੇ ਚਾਰ , ਕਿਧਰੇ ਦਸ .......ਕਿਧਰੇ ਧੂਹ-ਘਸੀਟੀ ,ਸਾੜ-ਫੂਕ,ਲੁੱਟ-ਮਾਰ ........ਹੋ ਸਕਦੈ , ਪਹਿਲੀ ਤਾਰੀਖ਼ ਨੂੰ ਤਨਖ਼ਾਹ ਖੋਹਣ ਦੇ ਲਾਲਚ ਨਾਲ ਹੀ ਕਿਸੇ ਨੇ ਉਸ ਨੂੰ ਪਾਰ ਬੁਲਾ ਦਿੱਤਾ ਹੋਵੇ । ਨਹੀਂ,ਇਹ ਕਿਸੇ ਓਪਰੇ ਦਾ ਕੰਮ ਨਹੀਂ ਹੋ ਸਕਦਾ, ਉਨ੍ਹਾਂ ਦੀ ਛਹਿ ਤੋਂ ਬਿਨਾਂ ਕੋਈ ਕਿਵੇਂ ਕਰ ਸਕਦਾ ........।

ਛਾਉਣੀ ਅੰਦਰਲੇ ਵੱਡੇ ਮਾਡਲ ਸਕੂਲੇ ਪੜ੍ਹਦੀ ਸਵਿਤਰੀ ਤਾਂ ਮੋਟੀ ਸੁਰਖੀ ਹੇਠਲੀ ਸਾਰੀ ਅਬਾਰਤ ਮੁਕਾ ਕੇ , ਆਜ ਕਾ ਦਿਨ ਕਲ੍ਹ ਕੇ ਭਾਓ , ਸਾਰਾਫ਼ਾ ਬਾਜ਼ਾਰ ,ਸਟਾਕ ਐਕਸਚੇਂਜ ਵਰਗੇ ਸਾਰੇ ਕਾਲਮ ਰੋਜ਼ ਵਾਂਗ ਉਸ ਨੂੰ ਸੁਣਾ ਕੇ ਉਥੋਂ ਚਲੀ ਵੀ ਗਈ ਸੀ, ਪਰ ਉਸ ਦੀ ਨਿਗਾਹ ਮੂੰਧੜੇ-ਮੂੰਹ ਢੱਠੇ ਪ੍ਰੇਮ ਲਾਲ ਦੀ ਲਾਸ਼ ਤੇ ਇਕ-ਟੱਕ ਗੱਡੀ ਪਈ ਸੀ । ਪ੍ਰੇਮ ਜਿਹੜਾ ਉਸ ਦੇ ਵਿਚਕਾਰਲੇ ਪੁੱਤਰ ਦਾ ਹਾਣੀ ਸੀ , ਜਿਸ ਨੂੰ ਉਹ ਬੱਚੂ ਜਾਂ ਪੁੱਤਰਾ ਆਖ ਕੇ ਬੁਲਾਇਆ ਕਰਦਾ ,ਦੋਨਾਂ ਦੀਆਂ ਉਮਰਾਂ ਅੰਦਰਲਾ ਲੱਗ-ਭੱਗ ਤਿੰਨਾਂ ਦਹਾਕਿਆਂ ਦਾ ਪਾੜਾ , ਉਨ੍ਹਾਂ ਵਿਚਕਾਰ ਚਲਦੀ ਨੰਗੀ-ਚਿੱਟੀ ਟਿੱਚਰ ਟਕੋਰ ਦੇ ਰਾਹ ਅੰਦਰ ਕਦੀ ਰੋੜ-ਕੰਕਰ ਨਹੀਂ ਸੀ ਬਣਿਆ ।

........ਉਸ ਨੂੰ ਲੱਗਾ ਜਿਵੇਂ ਕਿਸੇ ਨੇ ਉਸ ਦਾ ਕਲੇਜਾ ਧੂਹ ਕੇ ਬਾਹਰ ਕੱਢ ਦਿੱਤਾ ਹੋਵੇ । ਆਪਣੀਆਂ ਪੰਜਾਂ ਧੀਆਂ ਤੇ ਚੌਂਹ ਪੁੱਤਰਾਂ ਨੂੰ ਘਰੋਂ ਤੋਰਨ ਲੱਗਿਆਂ ਉਸ ਨੇ ਕਦੀ ਦਿਲ ਭਾਰਾ ਨਹੀਂ ਕੀਤਾ , ਪਰ ਪ੍ਰੇਮ ਲਾਲ ਦੀ ਅਣਹੋਂਦ ਉਸ ਨੂੰ ਅਪਣੇ ਉੱਪਰ ਹੋਏ ਸੱਜਰੇ ਵਾਰ ਵਾਂਗ ਜਾਪੀ । ਪੰਚੀ-ਸਰਪੰਚੀ ਜਾਂ ਸੁਸੈਟੀ ਦੀਆਂ ਵੋਟਾਂ ਵੇਲੇ ਅਲਾਟੀਆਂ ਨਾਲ ਘਿਓ-ਖਿਚੜੀ ਹੋਇਆ ਉਹ ਹਰ ਵਾਰ ਪ੍ਰੇਮ ਲਾਲ ਹੋਰਾਂ ਵਿਰੁਧ ਹੀ ਭੁਗਤਿਆ ਸੀ । ਦੋਨਾਂ ਧਿਰਾਂ ਅੰਦਰ ਲੱਗੀ ਦੌੜ , ਬੱਸ ਇੱਕ ਦੂਜੇ ਨੂੰ ਠਿੱਬੀ ਮਾਰਨ ਤੱਕ ਹੀ ਸੀਮਤ ਸੀ । ਦੋਨਾਂ ਅੰਦਰ ਪਲਦਾ ਵਿਰੋਧ ਕਦੀ ਵੀ ਵੈਰ ਬਣ ਕੇ ਨਹੀਂ ਪੁੰਗਰਿਆ ।

ਸੈਂਕੜੇ ਮੁਰੱਬਿਆਂ ਵਾਲੇ ਬਾਰੀਏ ਸਰਦਾਰ , ਪਨਾਹਗੀਰ ਬਣ ਕੇ ਪਹਿਲਾਂ ਕਿਧਰੇ ਹੋਰ ਥਾਂ ਜਾ ਟਿਕੇ ਸਨ , ਫਿਰ ਅਲਾਟੀਏ ਬਣ ਕੇ ਉਸ ਦੇ ਪਿਓ ਦੇ ਗਰਾਈਂ ਬਣ ਗਏ । ਲੂਣ-ਤੇਲ ਦੀ ਹੱਟੀ ਕਰਦੇ ਮਨੀ ਰਾਮ ਨੇ ਵੀ ਅਲਾਟੀਆਂ ਲਈ ਮੁਰੱਬੇ ਕੱਛਦੀ ਜ਼ਰੀਬ ਰਾਹੀਂ ਅਪਣੇ ਅੱਠ ਕਿੱਲੇ ਇਕ ਪਾਸੇ ਕਰਵਾ ਲਏ । ਉਸ ਦੇ ਮਰਨ ਪਿੱਛੋਂ ਲੂਣ-ਤੇਲ ਤੋਂ ਲੈ ਕੇ ਕਪੜਾ-ਲੱਤਾ , ਖਾਦ ਡੀਜ਼ਲ ਤੱਕ ਉਧਾਰ-ਸੁਧਾਰਾ ਕਰਦੀ ਸਿਰੀ ਰਾਮ ਦੀ ਡੇੜ-ਦੋ ਮਰਲੇ ਦੀ ਦੁਕਾਨ ,ਦੋ-ਦੋ, ਚਾਰ-ਚਾਰ ਮੁਰੱਬਿਆਂ ਦੇ ਮਾਲਕਾਂ ਦੀਆਂ ਗੋਟਣੀਆਂ ਲੁਆਈ ਤੁਰੀ ਆਉਂਣੀ ਸੀ । ਤੇ ਨਾਲ ਦੀ ਨਾਲ ਪਿੰਡੋਂ ਲਹਿੰਦੇ ਪਾਸੇ ਪੰਦਰਾਂ-ਵੀਹ ਖੇਤਾਂ ਦੀ ਵਿੱਥ ਤੋਂ ਲੰਘਦੀ ਜਰਨੈਲੀ ਸੜਕੋਂ ਪਾਰ, ਅੱਠਾਂ ਕਿੱਲਿਆਂ ਦੇ ਅੰਬਾਂ ਦੇ ਬਾਗ ਦੀ ਜੱਦੀ-ਪੁਸ਼ਤੀ ਮਾਲਕੀ ਦੀ ਕਥਾ ਅਨੇਕਾਂ ਵਾਰ ਸੁਣਾ ਕੇ ਉਸ ਨੇ ਵੀ ਅਲਾਟੀਆਂ ਤੋਂ ਉੱਤਮ ਹੋਣ ਦਾ ਉਵੇਂ ਹੀ ਚੰਗਾ ਚੋਖਾ ਭਰਮ-ਭੈਅ ਖੜਾ ਕਰ ਲਿਆ , ਜਿਵੇਂ ਹਮਲਿਆਂ ਵੇਲੇ ਉਜੜ ਕੇ ਗਏ ਮੁਸਲਮਾਨ ਰਾਜਪੂਤਾਂ ਨੂੰ ਉਸ ਦੇ ਪਿਓ ਨੇ ਲੱਤਾਂ ਹੇਠੋਂ ਦੀ ਲੰਘਾ ਰੱਖਿਆ ਹੋਇਆ ਸੀ ।

ਮਨੀ ਰਾਮ ਦੀ ਰੰਗੜਾਂ ਨਾਲ ਹੁੱਕੇ ਪਾਣੀ ਦੀ ਸਾਂਝ ਭਾਵੇਂ ਨਹੀਂ ਸੀ ਬਣ ਸਕੀ , ਪਰ ਸਵੇਰੇ ਸ਼ਾਮ ਮਾਲਸ਼ਾਂ ਕਰਦੇ , ਡੰਡ-ਬੈਠਕਾਂ ਮਾਰਦੇ , ਅਖਾੜੇ ਦੇ ਜੋਟੀਦਾਰਾਂ ਨੂੰ ਨਿਸ਼ੰਗ ਹੋ ਕੇ ਉਹ ਕਈ ਵਾਰ ਆਖ ਦਿਆ ਕਰਦਾ ਸੀ ਓਏ , ਕੁਲਗਦਿਓ  ਅੱਲਾ-ਮੀਆਂ ਕਿਓ , ਥੁਆਡਾ ਬੀ ਕੋਈ ਜੀਣ ਆ .....ਏ ਗੱਲ ਆ , ਪਈ ਥੁਆੜਾ ਬੱਡਾ-ਬਡੇਰਾ ਅਰੰਗੇ ਤੋਂ ਡਰਦਾ , ਆਹ ਬਾਈਆਂ ਪਿੰਡਾਂ ਬਦਲੇ ਸਰਦਾਰ ਫਤੇ ਸੂੰ ਤੋਂ ਰਾਅ ਫਤੇ ਖਾਂ ਬਣ ਗਿਆ ਤੀ ...ਏ ਗੱਲ ਆ ,ਪਈ ਏਹ ਅਹੀਂ ਈ ਆਂ ਖੱਤਰੀ ਪੁੱਤ , ਜਿਨ੍ਹਾਂ ਕਲਗੀਆਂ ਆਲੇ ਦੀ ਫੌਜ ਲਈ ਪੰਜਾਬੋਂ ਇਕੋ-ਇਕ ਪੰਜ ਪਿਆਰਾ ,ਦਿੱਤਾ ਤੇ ਉਹ ਬੀ ਪਹਿਲੇ ਨੰਬਰ ਤੇ ....ਏ ਗੱਲ ਆ । ਤੇ ਉਸ ਦੇ ਪਿਓ ਨੇ ਆਪਣੇ ਵੱਡੇ-ਵਡੇਰਿਆਂਦੇ ਧਰਮ-ਹੱਠ ਬਦਲੇ ਰਾਏ ਫਤੇ ਖਾਨ ਤੋਂ ਲਈ ਅੱਠਾਂ ਘੁਮਾਂ ਦੀ ਬਖਸ਼ੀਸ਼ ਦੀ ਕਹਾਣੀ ਮਰਦੇ ਦਮ ਤੱਕ ਅਨੇਕਾਂ ਵਾਰ ਸੁਣਾਈ ਸੀ ।

ਏ ਗੱਲ ਆ ,ਪਈ , ਗੁਜਰਾਤ ਜ਼ਿਲੇ ਦੇ ਪਿੰਡ ਜਲਾਲਪੁਰ ਸੋਬਤੀਆਂ ਤੋਂ ਆ ਸਾਡੇ ਪਿਤਾ-ਪਤਾਮੇਂ । ਲ੍ਹੋਰ ਦਾ ਅਮੀਰ ਵਪਾਰੀ ਲਖਪੱਤ ਗੁਰੂ ਮ੍ਹਰਾਜ ਦਾ ਬਓਤ ਸਰਧਾਲੂ ਤੀ ਪਰ ਸੀ ਬਿਰਧ ...ਇਕ ਬਸਾਖੀ ਨੂੰ ਆਂਹਦੇ ਆ ਕਲਗੀਆਂ ਆਲੇ ਨੇ ਸਾਰੇ ਈ ਸੇਵਕ ਸੱਦ ਲਏ ਨੰਦਪੁਰ...ਲੱਖਪਤ ਨੇ ਜੁਆਨ-ਜਹਾਨ ਦਯਾ-ਰਾਮ ਨੂੰ ਭੇਜ ਦਿੱਤਾ....ਓਸ ਸ਼ੇਰ ਦੇ ਪੁੱਤ ਨੇ ਪੰਜਾਬ ਦੀ ਲਾਜ ਰੱਖ ਲੀ ...ਪਹਿਲੇ ਨੰਬਰ ਤੇ ਜਾ ਹਾਜ਼ਰ ਹੋਇਆ , ਗੁਰੂ ਕਿਆਂ ਮੂਹਰੇ ..ਏ ਗੱਲ ਆ । ਓਧਰ ਏ ਗੱਲ ਆ , ਪਈ ਲ੍ਰੋਰ ਦੇ ਸੂਬੇਦਾਰ ਨੇ ਟੱਬਰ ਦੇ ਜੀਆਂ ਨੂੰ ਤੰਗ ਮਾਰਿਆ । ਕਹੇ – ਦੱਸੋ ਦਯਾ ਕੁੱਥੇ ਆ , ਥੁਹਾਡੀ ਮਰਜ਼ੀ ਨਾਲ ਈ ਗਿਆ ਹਊ । ....ਏ ਗੱਲ ਆ ਪਈ ਬਾਪ ਉਨ੍ਹਾਂ ਦਾ ਪਹਿਲੋਂ ਈ ਸੁਰਗਪੁਰੀ ਸੁਧਾਰ ਚੁੱਕਾ ਤੀ , ਮਾਂ ਬਚਾਰੀ ਫਸ ਗੀ  ਛਕੰਜੇ ਚ ...ਤੰਗ ਆ ਕੇ ਤੁਰ ਪਈ ਉਹ ਬੀਨੰਦਪੁਰ ਨੂੰ । ....ਏ ਗੱਲ ਆ , ਪਈ ਜਦ ਪੁੱਜੀ ਜਲੰਧਰ ਤਾਂ ਪਤਾ ਚੱਲਿਆ ਕਿ ਗੁਰੂ ਸੈਬ ਨੰਦਪੁਰੌਂ ਚਲੇ ਗਏ ਕਿਧਰੇ ਹੋਰਥੇ । ਬਿਪਤਾ ਮਾਰੀ ਉਹ ਬੀ ਤੁਰ ਪਈ ਸ਼ਾਮਲ ਵੰਨੀ ਬੈਸਨੋ ਦੇਵੀ ,ਜੁਆਲਾ ਦੇਵੀ , ਨੈਣਾਂ ਦੇਵੀ ਮਨਸਾ ਦੇਵੀ ਕਿਧਰੇ ਬੀ ਦਿਨ ਕੱਟ ਲਊਂ , ਉਨ੍ਹੇ ਸੋਚਿਆ ਹੋਣਾ , ਏ ਗੱਲ ਆ । ਪਰ , ਆਂਹਦੇ ਆ ਦੁਖ-ਮਸੀਬਤ ਕੱਲੀ ਨਈਂ ਆਉਂਦੀ । ...ਉਸ ਬਚਾਰੀ ਤੇ ਇੱਕ ਆਫ਼ਤ ਹੋਰ ਆ ਪਈ । ਸਭ ਤੋਂ ਨਿੱਕਾ ਏਨਾ ਡਗਾਰ ਹੋ ਗਿਆ ਕਿ ਅੱਗੇ ਤੁਰਿਆ ਨ ਜਾਏ । ਮੁਕੇਰੀਆਂ ਦਸੂਏ ਪਾਡਵਾਂ ਦੇ ਤਲਾਅ ਬੰਨੇ ਬਣੀ ਨਿੱਕੀ ਮੰਦਰੀ ਅੰਦਰ ਜਾ ਲੁਕੀ । ਏ ਗੱਲ ਆ ਪਈ ਉਧਰ ਬੰਨੀ ਸ਼ਿਕਾਰ ਖੇਲਣ ਨਿਕਲੇ ਰਾਅ ਸਾਹਿਬ ਦਾ ਉਸ ਨਾਲ ਟਾਕਰਾ ਹੋ ਗਿਆ । ਮੁਸੀਬਤ ਮਾਰੀ ਬਿਧਵਾ ਨੇ ਆਪਣੀ ਦੁੱਖ-ਭਰੀ ਕਹਾਣੀ ਨਿਧੜਕ ਹੋ ਕਿ ਕਹਿ ਸੁਣਾਈ । ਰਾਅ ਫ਼ਤੇ ਖਾਂ ਸ਼ਰਮ ਦਾ ਮਾਰਿਆ ਪਾਣੀਓਂ-ਪਾਣੀ ਹੁੰਦਾ ਫਿਰੇ , ਜਾਇਦਾਦ ਖਾਤਰ ਕੀਤੀ ਧਰਮ ਬਦਲੀ ਕਰਕੇ ਸਿਰ ਤਾਂਹ ਨਾ ਕਰੇ । ....ਏ ਗੱਲ ਆ ਪਈ ਉਹ ਸਾਰੇ ਟੱਬਰ ਨੁੰ ਨਾਲ ਲੈ ਗਿਆ ਤੇ ਆਪਣੇ ਛਪੰਜਾਂ ਸੈ ਘੁਮਾਂ ਦੇ ਮਾਰੂਸ ਚੋਂ ਅੱਠ ਘੁਮਾਂ ਕੰਨਿਆਂ ਰਾਮ ਦੇ ਨਾਂ ਲੁਆ ਕੇ , ਉਸ ਨੂੰ ਬੀ ਆਪਣੇ ਅਰਗਾ ਮਾਲਕ ਬਣ ਲਿਆ ਤੀ ...ਏ ਗੱਲ ਆ ।

ਬੀਤੇ ਢਾਈ ਤਿੰਨ ਸੌ ਵਰਿਆਂ ਅੰਦਰ ਕੰਨਿਆਂ ਰਾਮ ਦਾ ਪ੍ਰਵਾਰ ਕਿੰਨਾ ਵਧਿਆ ਸੀ ? ਇਹ ਅੱਠੇ ਕਿੱਲੇ ਉਨ੍ਹਾਂ ਕੋਲ ਹੀ ਕਿਉਂ ਰਹੇ ਸਨ ? ਉਸ ਦੇ ਕਿੱਸ ਵੱਡੇ-ਵਡੇਰੇ ਨੇ ਇਸ ਰਕਬੇ ਅੰਦਰ ਅੰਬਾਂ ਦੇ ਬੂਟੇ ਲਗਵਾਏ ਸਨ ?ਇਸ ਬਾਰੇ ਸਿਰੀ ਰਾਮ ਨੂੰ ਉਸ ਦੇ ਪਿਓ ਨੇ ਕੁਝ ਨਹੀਂ ਸੀ ਦੱਸਿਆ ...ਨਾ ਹੀ ਉਸ ਦੇ ਪਿਓ ਨੂੰ ਉਸ ਦੇ ਬਾਪ ਨੇ । ਉਸ ਨੂੰ ਬੱਸ ਤਿੰਨ ਚੀਜ਼ਾਂ ਹੀ ਵਰਾਸਤ ਵਿੱਚ ਮਿਲੀਆਂ ਸਨ – ਇਹ ਕਹਾਣੀ , ਅੱਠ ਕਿੱਲੇ ਦਾ ਬਾਗ ਤੇ ਇਕ ਕੱਚੀ ਹੱਟੀ ।

ਹੱਟੀ ਨਾਲ ਲਗਦੇ ਖੇਮੇਂ ਅਮਲੀ ਦੀ ਸਾਰੀ ਹਵੇਲੀ ਖਰੀਦ ਕੇ ਬਣਾਈ ਖੁਲ੍ਹੀ-ਮੋਕਲੀ ਕੋਠੀ ਨਾਲ ਜੁੜਵੀਂ ਵੱਡੀ ਪੱਕੀ ਦੁਕਾਨ ਕਈਆਂ ਵਰ੍ਹਿਆਂ ਪਿਛੋਂ ਹਾਲੀਂ ਵੀ ਉਵੇਂ ਦੀ ਉਵੇਂ ਨਵੀਂ ਨਿਕੋਰ ਜਾਪਦੀ ਸੀ , ਜਿਸ  ਦੇ ਸਾਹਮਣੇ ਵੱਡੇ ਚੁਰਾਹੇ ਦੇ ਐਨ ਵਿਚਕਾਰ , ਸਿਰ ਦੇ ਆਕਾਸ਼ ਥੱਮੀਂ ਖੜੇ ਪਿੱਪਲ ਹੇਠ ਤਖਤਪੋਸ਼ ਡਾਹੀ,ਉਹ ਹਰ ਲੰਘੜੇ-ਵੜਦੇ ਨੂੰ ਹੁਜਤਬਾਜ਼ੀ ਕਰਦਾ ਰਹਿੰਦਾ ਸੀ ।

ਪਰ ,ਪਿਛਲੇ ਕਈਆਂ ਦਿਨਾਂ ਤੋਂ ਨਾ ਤਾਂ ਉਸ ਨੇ ਗਲੀ ਵਲ ਦੀ ਬੈਠਕ ਦਾ ਦਰਵਾਜ਼ਾ ਹੀ ਕਦੀ ਖੋਲ੍ਹਿਆਂ ਸੀ ਤੇ ਨਾ ਹੀ ਅਵੇਰੇ-ਸਵੇਰੇ ਪਿੱਪਲ ਹੇਠ ਆ ਜੁੜਦੀ ਢਾਣੀ ਦੇ ਢਿੱਡੀਂ ਪੀੜਾਂ ਪੁਆਈਆਂ ਸਨ। ਛੋਟੀ-ਵੱਡੀ ਉਮਰ ਦਾ ਖਿਆਲ ਕੀਤੇ ਬਿਨ੍ਹਾਂ ਸਾਰੇ ਪਿੰਡ ਵਾਸੀਆਂ ਨਾਲ ਚਲਦਾ ਹਰ ਵੇਲੇ ਦਾ ਮਖੌਲ ਇਕ ਤਾਂ ਉਸ ਦਾ ਬਹੀ-ਖਾਤਾ ਹੋਰ ਭਾਰਾ ਕਰਦਾ ਗਿਆ ਸੀ , ਦੂਜੇ ਆਲੇ-ਦੁਆਲੇ ਵਾਪਰਦੀਆਂ ਨਿੱਕੀਆਂ ਮੋਟੀਆਂ ਘਟਨਾਵਾਂ ਰਾਹੀਂ ਅਲਾਟੀਆਂ ਦੇ ਪੋਲ ਤੇ ਪ੍ਰੇਮ ਦੀਆਂ ਕਾਰਗੁਜ਼ਾਰੀਆਂ ਦੀ ਸੂਹ ਉਸ ਨੂੰ ਰੋਜ਼ ਮਿਲਦੀ ਰਹਿੰਦੀ ਸੀ ।

ਬ੍ਰਹਮਾ ਦੇ ਸਿਰ ਤੋਂ ਉਤਪਨ ਹੋਈ ਬ੍ਰਾਹਮਣ ਉੱਚੀ ਜਾਤ ਦੇ ਪ੍ਰੇਮ ਦਾ ਸ਼ੂਦਰਾਂ ਆਦਿ-ਧਰਮੀਆਂ ,ਮਜ਼ਬ੍ਹੀਆਂ ਘਰੀਂ ਬੈਠ ਕਿੰਨਾਂ-ਕਿੰਨਾਂ ਚਿਰ ਹੋਰੂ-ਹੋਰੂ ਜਿਹੀਆਂ ਗੱਲਾਂ ਕਰਨਾ ਭਾਵੇਂ ਉਸ ਨੁੰ ਫੁੱਟੀ ਅੱਖ ਨਹੀਂ ਸੀ ਭਾਉਂਦਾ , ਪਰ ਆਏ ਸਾਲ ਅਲਾਟੀਆਂ ਤੋਂ ਵੱਧ ਦਿਹਾੜੀ ਲੈਣ ਲਈ ਸਾਰੇ ਵਿਹੜੇ ਨੂੰ ਦਿੱਤੀ ਹੱਲਾ ਸ਼ੇਰੀ ,ਉਸ ਨੂੰ ਚੰਗੀ-ਚੰਗੀ ਲਗਦੀ ਸੀ । ਸਕੂਲੋਂ ਆਉਂਦੇ ਜਦੇ ਪ੍ਰੇਮ ਨੁੰ ਆਨੇ-ਬਹਾਨੇ ਰੋਕ ਕੇ ਆਖਦਾ – ਜੀਂਦਾ ਰੈਹ ਬੱਚੂ , ਜੀਂਦਾ ਰੈਹ .....ਆਹ ਤੇਰੇ ਉੱਦਮ ਨਾਲ ਚਮਾੜ੍ਹਲੀ ਸੁਹਰੀ ਅੱਗੇ ਨਾਲੋਂ ਸੌਖੀ ਆ ,ਨਾ ਫੇ .....। ਮੇਰਾ ਭੁਗਤਾਨ ਹੁਣ ਸੁਖ ਨਾ .....। ਪਰ ਐਨ੍ਹਾਂ , ਲਾਟੀਆਂ ਖਾਤਰ ਜਿੜ੍ਹਾ ਤੂੰ ਹੱਡ-ਗੋਡੇ ਤੜਵਾਉਨਾ ,ਏਹ ਗੱਲ ਮੇਰੀ ਸਮਝੋਂ ਬਾਅਰ ਆ ਨਾ ਫੇ ....। ਤੂੰ ਆਪੂੰ ਈ ਦਸ ਪਈ ,ਉਨ੍ਹਾ ਨੂੰ ਕਿੜ੍ਹੀ ਸ਼ੈਅ ਦਾ ਘਾਟਾ ਆ- ਘਰ , ਹਵੇਲੀਆਂ , ਜਿਮੀਂ ,ਜੈਦਾਤ,ਟਰੱਕ-ਮੋਟਰਾਂ ,ਟਰੈਕਟਰ । ਪੂਰੇ ਪੂਰੇ ਸੈਂਕੜਾ ਬਟੋਰਦੇ ਆ ਬੋਰੀ ਪਿੱਛੇ ,ਨਾ ਫੇ .....। ਹੋਰ ਦੱਸ,ਵੰਝ ਲੈਣਾ ਉਨ੍ਹਾਂ ...ਨਾਲੇ ਫੇ ...ਨਾ ਫੇ ......।

-ਓਏ ਬਾਬਿਓ ,ਦੂਜੇ ਘਰ ਲੱਗੀ ਬਸੰਤਰ ਈ ਦਿਸਦੀ ਹੁੰਦੀ ਆ , ਕਦੀ ਉਨ੍ਹਾਂ ਤੋਂ ਵੀ ਪੁੱਛਿਆ , ਜਿਨ੍ਹਾਂ ਦਾ ਪੱਲਾ ਵੀ ਪੂਰਾ ਨਹੀਂ ਹੁੰਦਾ .....ਐਦਾਂ ਈ ਥੋੜਾ ਚਿਰ ਹੋਰ ਸਾਰੇ ਕਿਸਾਨ ਵਰ੍ਹੇ-ਛਿਮਾਹੀ ਪਿੱਛੋਂ ਹੱਥ ਝਾੜਦੇ ਘਰੀਂ ਮੁੜਦੇ ਰਹੇ ਤਾਂ ਤੁਹਾਡੀਆਂ ਆਹ ਥੱਲ-ਥੱਲ ਕਰਦੀਆਂ ਗੋਗੜਾਂ ਨੁੰ ਸੋਕੜਾ ਪੈ ਜਾਊ ਦਿਨਾਂ ਅੰਦਰ ਈ ......।

ਹਈ ਛਾਬਾਸ਼ੇ , ਨਈਂ ਰੀਸਾਂ ....ਬੱਚੂ ਇਹ ਤੰਦੂਰ ਐਓਂ ਨਈਂ ਹਲਕਾ ਹੋਣਾ ਨੇ ਫੇ .....। ਤੈਨੂੰ ਸੈਂਕੜੇ ਬਾਰ ਫਰਮੈਸ਼ ਪਾਈ ਆ , ਡੱਬੀ ਬੰਦ ਮੇਮ ਦੀ , ਤੂੰ ਨੰਨਾ ਈ ਨਈਂ ਧਰਦਾ ...ਮੇਰਾ ਛਿੰਦ ਐਤਕੀਂ ਜ਼ਰੂਰ-ਬਰ-ਜ਼ਰੂਰ ਲਿਖ ਦਈਂ ਭਾਅਆਪਣੇ ਨੂੰ ਕਨੇਡੇ ......।

-      ਉਏ ਖੌਂਸੜਾ , ਉਹ ਭੜੇਲੇ ਜਿੱਡੀ ਸ਼ਾਹਣੀ ਕਿੱਥੇ ਸੁੱਟਣੀ ਐਂ ....ਤੂੰ ।

-      ਤੂੰ ਮਾਸਾ ਫਿਕਰ ਨਾ ਕਰ , ਆਪਾਂ ਉਨੂੰ ਛੋਟੀ ਬੈਠਕ ਅੰਦਰ ਹੂੜ ਕੇ ਬਾਅਰੋਂ ਜਿੰਦਾ ਮਾਰ ਦਿਆਂਗੇ ,ਨਾ ਫੇ ....।

.....ਠੱਠੇ ਮਖੌਲ ਅੰਦਰ ਸ਼ਾਹਣੀ ਨੂੰ ਬੰਦ ਕਰਨ ਲਈ ਰਖੇ ਕਮਰੇ ਅੰਦਰ ਤਾਂ ਉਹ ਆਪ ਸਵੇਰੇ ਤੋਂ ਦੜਿਆ ਪਿਆ ਸੀ । ਖ਼ਬਰਾਂ ਪੜ੍ਹ ਕੇ ਉੱਠਣ ਲੱਗੀ ਸਵਿਤਰੀ ਨੁੰ ਉਸ ਨੇ ਸਕੂਲ ਜਾਣੋਂ ਰੋਕ ਦਿੱਤਾ । ਕਈ ਦਿਨਾਂ ਤੋਂ ਅੱਧਾ ਬੰਦ ਰਹਿੰਦਾ ਦੁਕਾਨ ਦਾ ਸ਼ੱਟਰ ਪੂਰੇ ਦਾ ਪੂਰਾ ਬੰਦ ਪਿਆ ਰਿਹਾ । ਇਕੜ-ਦੁਕੜ ਆਏ ਗਾਹਕ ਸੁੰਨ-ਮਸਾਨ ਪਈ ਦੇਖ ਕੇ ਤਾਂ ਬਾਹਰੋਂ –ਬਾਹਰ ਹੀ ਮੁੜਦੇ ਗਏ  , ਪਰ ਸਿਰੀ ਰਾਮ ਦੇ ਅੰਦਰੋਂ ਉਠਿਆ ਤੂਫਾਨ ਹੋਰ ਅਗਾਂਹ ਵਧਦਾ ਆਇਆ । ਪੋਲੇ ਪੈਰੀਂ ਤੁਰਿਆ ਕਦੀ ਉਹ ਸਟੋਰ ਅੰਦਰਲੀ ਸੇਫ ਦੀਆਂ ਚਾਬੀਆਂ ਸਾਂਭਣ ਲੱਗ ਪੈਂਦਾ ਕਦੀ ਵੱਡੇ ਆਲ੍ਹੇ ਅੰਦਰ ਟਿਕਾਈ ਸ਼ਿਵਾਂ ਦੀ ਮੂਰਤੀ ਉਹਲੇ ਸਾਂਭੇ ਗਿਰਵੀ ਪਏ ਥੱਬਾ ਕੁ ਗਹਿਣਿਆਂ ਨੂੰ ਪਲੋਸਣ ਲੱਗ ਪੈਂਦਾ ।

ਬਾਹਰ ਵਿਹੜੇ ਅੰਦਰ ਡਾਹੇ ਮੰਜੇ ਤੇ ਚੁਫਾਲ ਪਈ ਸ਼ਾਹਣੀ ਨੇ ,ਉਸ ਤੋਂ ਇਕ ਅੱਧ ਵਾਰ ਇਓਂ ਡੌਰ-ਭੌਰ ਘੁਮੀਂ ਜਾਣ ਦਾ ਕਾਰਨ ਪੁਛਣਾ ਚਾਹਿਆ,ਪਰ ਉਹ ਨਜ਼ਰ ਬਚਾ ਕੇ ਫਿਰ ਛੋਟੀ ਬੈਠਕ ਦੇ ਓਸੇ ਸੋਫੇ ਤੇ ਆ ਢੱਠਾ, ਜਿਸ ਦੇ ਸਾਹਮਣੇ ਪਈ ਸਨਮਾਈਕਾ ਦੇ ਟੇਬਲ ਤੇ ਖਿਲਰਿਆ ਅਖ਼ਬਾਰ ਦਾ ਮੁੱਖ ਪੰਨਾ ਮੁੜ ਸਵੇਰੇ ਦਿੱਤੀ ਸੂਚਨਾ ਦੇ ਰਿਹਾ ਸੀ । ਉਸ ਨੂੰ ਜਾਪਿਆ ਜਿਵੇਂ ਪ੍ਰੇਮ ਲਾਲ ਦੀ ਛਾਤੀ ਚੋਂ ਨਿਕਲਦੇ ਖੂਨ ਨਾਲ ਪਹਿਲਾਂ ਤਾਂ ਸਾਰੀ ਅਖ਼ਬਾਰ ਲਿੱਬੜ ਗਈ ਹੋਵੇ, ਫਿਰ ਉਹੀ ਲਹੂ ਮੋਟੇ ਅੱਖਰਾਂ ਵਾਲੀ ਸੁਰਖੀ ਬਣਿਆ ਉਹਦੀ ਵਲ ਨੂੰ ਵਧਿਆ ਆ ਰਿਹਾ ਹੋਵੇ । ਉਸ ਨੇ ਘਬਰਾਏ ਜਿਹੇ ਨੇ ਅਖ਼ਬਾਰ ਝਬੂਟੀ ਮਾਰ ਕੇ ਚੁੱਕੀ , ਉਸ ਦੀਆਂ ਤਿੰਨ ਚਾਰ ਤੈਹਾਂ ਕੀਤੀਆਂ ਤੇ ਖਿਝ ਕੇ ਪਰਾਂ ਵਗਾਹ ਮਾਰੀ  । ਸਾਹਮਣਲੀ ਕੰਧ ਨਾਲ ਵੱਜ ਕੇ ਹੇਠ ਡਿਗੀ , ਉਹ ਕੁੱਲੀ ਜਿਹੀ ਬਣੀ ਨਾਲ ਡਿੱਠੇ ਦੀਵਾਨ ਉਤੇ ਜਾ ਟਿਕੀ , ਜਿਸ ਨੂੰ ਦੇਖਦਿਆਂ ਸਾਰ ਉਸ ਨੂੰ ਆਪਣੇ ਬਾਗ਼ ਅੰਦਰ ਅੰਬਾਂ ਦੀ ਹਰ ਰੁੱਤੇ ਪੈਂਦੀ ਕੱਖਾਂ-ਕਾਨਿਆਂ ਦੀ ਕੁੱਲੀ ਯਾਦ ਆ ਗਈ ਜਿਸ ਦੇ ਉਹਲੇ ਕਿਸ਼ੋਰ ਉਮਰੇ ਉਹਨੇ ਮਜ਼ਬ੍ਹੀਆਂ ਦੀ ਹਰ ਜੁਆਨ ਹੁੰਦੀ ਧੀ-ਭੈਣ ਦਾਗੀ ਕੀਤੀ ਸੀ , ਕਈ ਵਾਰ ਫੜੇ ਜਾਣ ਤੇ । ਉਸ ਦੇ ਪਿਓ ਨੇ ਪਿੰਡ ਦੀ ਪਰ੍ਹੇ ਸਾਹਮਣੇ ਤਾਂ ਓਪਰਾ ਓਪਰਾ ਦਬਕ-ਝਿੜਕ ਕੇ ਛਡਵਾ ਲਿਆ ਸੀ , ਪਰ ਪਾਰਲੇ ਪਿੰਡੋਂ ਆਏ ਭਰਥੂ-ਝੀਰ ਨਾਲ ਕੀਤਾ ਅੰਬਾਂ ਦਾ ਸੌਦਾ ਉਸ ਨੂੰ ਇੱਕ ਵਾਰ ਬਹੁਤ ਮਹਿੰਗਾ ਪਿਆ। ਛੁੱਟੀ ਕੱਟਣ ਆਏ ਭਰਥੂ ਦੇ ਫੌਜੀ ਪੁੱਤਰ ਨੇ ਜੁਆਨ ਜਹਾਨ ਭੈਣ ਤੇ ਪੈਂਦੀ ਸਿਰੀਏ ਦੀ ਟੇਡੀ ਨਜ਼ਰ ਤਾੜ ਲਈ । ਮਿੱਠੀਆਂ-ਮਿੱਠੀਆਂ ਗੱਲਾਂ ਕਰਦਾ ਪਹਿਲੋਂ ਉਹ ਉਸ ਨੁੰ ਪੱਕੇ ਅੰਬਾਂ ਦੀ ਢੇਰੀ ਤੱਕ ਲੈ ਆਇਆ । ਕੁਲੀ ਅੰਦਰੋਂ ਗਲਾਸੀ ਲੈਣ ਦੇ ਬਹਾਨੇ ਗਿਆ , ਉਹ ਝੱਟ ਦੇਣੀ ਰੱਸਾ ਤੇ ਡਾਂਗ ਲੈ ਕੇ ਉਸ ਦੇ ਸਾਹਮਣੇ ਭਬਕ ਮਾਰ ਕੇ ਆ ਖੜਾ ਹੋਇਆ । ਸਿਰੀ ਰਾਮ ਨੇ ਉਸ ਦੀਆਂ ਲੱਖ ਮਿਨਤਾਂ ਕੀਤੀਆਂ, ਪਰ ਉਸ ਦੇ ਫੌਜੀ ਗੁੱਸੇ ਨੇ , ਅੰਬ ਨਾਲ ਬੰਨ੍ਹ ਕੇ ਪਹਿਲਾਂ ਸਿਰੀ ਰਾਮ ਦੀ ਰੱਜ ਕੇ ਸੇਵਾ ਕੀਤੀ ਤੇ ਫਿਰ ਤਿੱਖੜ-ਧੁੱਪੇ ਅਲਫ਼ ਨੰਗਾ ਕਰ ਕੇ ਪਿੰਡ ਦੀ ਰਾਹੇ ਤੋਰ ਦਿੱਤਾ ਸੀ ।

...ਆਪਣੇ ਨੰਗੇਜ਼ ਨੂੰ ਦੇਖਣ ਤੋਂ ਸੰਕੋਚ ਕਰਦਿਆਂ ਸਿਰੀ ਰਾਮ ਨੇ ਆਪਣੀਆਂ ਅੱਖਾਂ ਘੁੱਟ ਕੇ ਮੀਟ ਲਈਆਂ ਪਰ ਪਾਰਦਰਸ਼ੀ ਪਲਕਾਂ ਵਿਚੋਂ ਦੀ ਲੰਘਦੀ ਉਸ ਦੀ ਨਿਗਾਹ ਨੂੰ ਭਾਸਿਆ ਕਿ ਸਾਹਮਣੇ ਪਏ ਦੀਵਾਨ ਤੇ ਕੁੱਲੀ ਨਹੀਂ, ਸਗੋਂ ਪ੍ਰੇਮ ਲਾਲ ਕੰਧ ਦੀ ਢੋਅ ਲਾਈ ਬੈਠਾ, ਘੋਖਵੀਆਂ ਨਜ਼ਰਾਂ ਨਾਲ ਉਸ ਵੱਲ ਦੇਖਦਾ ਮਰਦਮ-ਸ਼ੁਮਾਰੀ ਕਰਨ ਆਇਆ ਕਈ ਸਾਰੀਆਂ ਗੱਲਾਂ ਪੁੱਛ ਰਿਹਾ ਹੈ .....। ਮਹਿਕਮੇਂ ਵੱਲੋਂ ਲੱਗੀ ਡਿਊਟੀ ਕਾਰਨ ਕਾਗਜ਼ ਪੱਤਰ ਸੰਭਾਲੀ ਇਕ ਦਿਨ ਦੁਪਹਿਰਾਂ ਵੇਲੇ ਪ੍ਰੇਮ ਲਾਲ ਛੋਟੀ ਬੈਠਕ ਅੰਦਰ ਸੋਫੇ ਤੇ ਅੱਧ-ਲੇਟੇ ਸਿਰੀ ਰਾਮ ਕੋਲ ਆ ਧਮਕਿਆ ਸੀ ।

-      ਨਮਸਤੇ , ਸ਼ਾਹ ਜੀ !

-      ਆ ਕਾਕਾ ਜੀ ਓਏ , ਆ ਬੱਚੂ ਸੁੱਖ ਹੋਵੇ , ਅੱਜ ਤਾਂ ਨਮਸਤੇ ਬਗਾਹਮੀ ਮਾਰੀ ਆ , ਮੇਰੇ ਪੁੱਤ ਨੇ , ਨਾ ਫੇ ...। ਮੇਰੀ ਫਰਮੈਸ਼ ਪੂਰੀ ਹੋ ਗਈ ਲਗਦੀ ਆ ਸੁੱਖ ਨਾ .....।

-ਕਿਹੜੀ ਫਰਮਾਇਸ਼...?

-      ਓਹੀ , ਮੜੀ ਮੇਮ ਦੀ ....।

-      ਓਏ ਸ਼ਾਹਾ,ਅੱਧਾ ਤੂੰ ਕਬਰ ਚ ਲੱਥਾ ਹੋਇਐਂ,ਤੇਰਾ ਹਾਲੀਂ ਰੱਜ ਈ ਨਹੀਂ ਹੋਇਆ, ਬੁੱਢਿਆ ....।

-      ਨਾ ਪੁੱਤਰਾ , ਬੰਦਾ ਤੇ ਬਕਰੀ ਕਦੇ ਨਈਂ ਰੱਜਦੇ ਤੇ ਨਾ ਈ ਘੋੜਾ ਕਦੀ ਬੱਢਾ ਹੁੰਦਾ ਆ । ਤੂੰ ਆਪ ਈ ਦੱਸ ਪਈ ਮੇਰਾ ਕੁਛ ਬਿਗੜਿਆ ਅਜੇ , ਘੋੜੇ ਅਰਗਾ ਨੌ ਬਰ ਨੌ ਆਂ, ਨਾ ਫੇ ....। ਜੇ ਨਈਂ ਕੋਈ ਗੱਲ ਬਣਦੀ ਤਾਂ ਹਾਲ ਦੀ ਘੜੀ ਆਪਣੇ ਨਾਲ ਦੀ ਪਟੋਲਾ ਜਿਹੀ ਮਾਹਟਰਨੀ ....।

-      ਅੱਛਾ,ਅੱਛਾ ਕਰਦੇ ਆਂ ਕੋਈ ਨਾ ਕੋਈ ਬੰਦੋਬਸਤ ਤੇਰਾ, ਓਨਾ ਚਿਰ ਆਹ ਜਨ-ਗਨਣਾ ਦੀਆਂ ਪਰਚੀਆਂ ਭਰਵਾ ਦੇ ।

-      ਉਹ ਕੀ ਹੁੰਦੀ ਆ , ਜਨ ਜਨ....?

-      ਮਰਦੱਮ ਸ਼ੁਮਾਰੀ ।

-      ਐਓਂ ਆਖ ਨਾ ਬੱਚੂ ,ਮੈਂ ਤਾਂ ਡਰ ਈ  ਗਿਆ ਸੀ । ਮੈਂ ਜਾਤਾ ਕਿਤੇ ਬੇਹੀ ਖਾਤਾ ਈ ਨਾ ਖੋਲ੍ਹਣਾ ਪੈ ਜਏ ,ਨਾ ਫੇ....।ਸੱਚ ਤੁਆਡਾ ਤਾਂ ਸੰਨਬੰਧ ਈ ਨਹੀਂ ਓਸ ਮੈਹਕਮੇਂ ਨਾਲ ....ਬੜਾ ਨਾਜ਼ਕ ਟੈਮ ਆ, ਪੁੱਤਰਾ ...ਆਪਣੇ ਪਰਾਏ ਦੀ ਪਛਾਣ ਈ ਨਈ ਰਈ , ਹੁਣ ਤਾਂ ਬੰਦਾ ਬੰਦੇ ਨੂੰ ਖਾਂਦਾ ...ਕਲ੍ਹਜੁਗ ਆ ਨਿਰਾ ਈ ਕਲ੍ਹਜੁਗ ...।

ਸਿਰੀ ਰਾਮ ਨੂੰ ਵਿਚਕਾਰੋਂ ਟੋਕਦਿਆਂ ਪ੍ਰੇਮ ਨੇ ਆਖਿਆ – ਪਹਿਲੇ ਖਾਨੇ ਅੰਦਰ ਭਰਨਾ ਏ ,ਤੁਹਾਡਾ ਨਾਂ , ...ਅਪਣਾ ਨਾਂ ਲਿਖਵਾਓ ।

-‘ਹੀ....ਈ.....ਹੀ.....ਹੀ ,ਮਖੌਲਾਂ ਕਰਦੇ ਆ ਮਾਹਟਰ ਹੁਣੀਂ,ਨਾ ਫੇ ....।ਠਾਰਾਂ –ਬੀਹ ਸਾਲ ਹੋ ਚੱਲੇ ਆ ,ਬਿਹਾਰ ਚਲਦਿਆਂ ਸਾਡਾ ਤੁਆਡਾ । ਤੇਰੇ ਬਿਆਹ ਦੀ ਬਰੀ ਲੈਣ ਗਿਆ ਸੀ ਮੈਂ ਬਾਪ ਤੇਰੇ ਨਾਲ ਅੰਬਰਸਰੋਂ । ਥੋੜੇ ਜਿੰਨੇ ਟੈਰੀਕੱਟ ਦੇ ਪੀਸ ਮੈਂ ਬੀ ਲਿਆ , ਰੱਖੇ ਹੱਟੀ ਤੇ , ਬੱਸ ਫੇਰ ਤਾਂ ਪੁੱਛੋ ਈ ਕੁਸ਼ ਨਾ , ਮਮੀਰੇ ਦੀ ਗੰਢੀ ਹੱਥ ਆ ਗਈ ਜੀਕਣ....ਕਿੰਨੇ ਭਾਗਾਂ ਆਲਾ ਸੀ ਬਾਪ ਤੇਰਾ , ਬੜਾ ਜੱਸ ਖੱਟਿਆ ਉਹਨੇ ਜੀਂਦੇ ਜੀਅ....ਫਸਲ-ਬਾੜੀ ਸਾਂਭਦਿਆਂ ਸਾਰ ਆ ਸਾਬ੍ਹ ਕਰਦਾ ...ਐਹੋ ਜੇਹੇ ਬੰਦਿਆਂ ਆਸਰੇ ਈ ਡੰਗ ਟਪਾਈ ਹੁੰਦੀ ਆ ਮਾਤੜ੍ਹਾਂ ਦੀ ਨਾ ਫੇ ...। ਕਿੱਥੇ ਉਹ ਡੱਬੀ ਜੇਹੀ ਹੱਟੀ, ਕਿੱਥੇ ਆਹ ਆਲੀਸ਼ਾਨ ਦੋ-ਹੱਟਾਂ , ਸੋਬਤੀ ਜਰਨਲ ਮਿਰਚੈਂਟ ...ਕਈਆਂ ਨੂੰ ਤਾਂ ਪੁੱਤਰ ਐਹੋ ਜਿਹੀ ਢੀਠ ਮਿੱਟੀ ਲੱਗੀ ਹੁੰਦੀ ਆ , ਨਾ ਮੂਲ ਮੋੜਦੇ ਆ ਨਾ ਬਿਆਜ...। ਉਸ ਦੀ ਲੜੀ ਟੁੱਟਣ ਤੋਂ ਪਹਿਲਾਂ , ਪ੍ਰੇਮ ਲਾਲ ਨੇ ਪਹਿਲੋਂ ਪ੍ਰਾਪਤ ਜਾਣਕਾਰੀ ਅਨੁਸਾਰ ਬਹੁਤ ਸਾਰੇ ਖਾਨੇ ਆਪ ਹੀ ਭਰਨ ਪਿੱਛੋ ਪੁੱਛਿਆ ਸੀ –ਕਿੰਨੇ ਬੱਚੇ ਨੇ ਤੁਹਾਡੇ ਕੁੱਲ ....?

-ਰੱਬ ਦੀ ਦਾਤ ਐ , ਪੁੱਤਰਾ ...ਆਪਾਂ ਕੇੜ੍ਹੇ ਦੁਨੀਆਂ ਤੋਂ ਬਾਅਰ੍ਹੇ ਆਂ । ਜੇੜ੍ਹੇ ਜੀਅ ਨੇ ਜ੍ਹਾਨ ਤੇ ਆਉਣਾ ਉਨ੍ਹੇ ਹਰ ਹੀਲੇ ਆਉਣਾ ਈ ਆਉਣਾ ਨਾ ਫੇ ....। ਨਾਲੇ ਮਰਨ ਜੰਮਣ ਤਾਂ ਈਸ਼ਵਰ ਨੇ ਆਪਣੇ ਹੱਥ ਰੱਖਿਆ ਹੋਇਆ । ਜਿੰਨੂ ਵੀ ਉਹ ਧਰਤੀ ਤੇ ਭੇਜਦਾ ਉਦ੍ਹੀ ਪਰਾਲਭਦ ਉਹਤੋਂ ਪਹਿਲਾਂ ਈ ਐਥੇ ਪਹੁੰਚ ਜਾਂਦੀ ਆ ...ਓਦਾਂ ,ਗਿਆਰਾਂ ਜੀਅ ਆਏ ਮੇਰੇ ਘਰ –ਛੇ ਕੁੜੀਆਂ, ਪੰਜ ਮੁੰਡੇ ....।

-‘ ਬਹੁਤ ਹਿੰਮਤ ਮਾਰੀ ਤੁਸੀਂ , ਪਰ ਜੇ ਦਰਜਨ ਪੂਰੀ ਹੋ ਜਾਂਦੀ, ਤਾਂ ਮੁਰੱਬਾ ਮਿਲਣਾ ਸੀ , ਸਾਲਮ ,ਵੱਡੀ ਕੱਛ ਦਾ....।

ਦੋਨਾਂ ਵਿਚਕਾਰ ਚਲਦੀ ਇਸ ਤਰ੍ਹਾਂ ਦੀ ਟਿਚਰ ਟਕੋਰ ਦੇ ਨਾਲ ਨਾਲ ਸਿਰੀ ਰਾਮ, ਟੱਬਰ ਦੇ ਸਾਰੇ ਜੀਆਂ ਦੇ ਨਾਂ,ਪੜ੍ਹਾਈ , ਵਿਆਹ –ਸ਼ਾਦੀਆਂ ਤੇ ਕੀਤਾ ਲੱਖਾਂ ਦਾ ਖਰਚ ਸ਼ਹਿਰੀਂ ਤੇ ਦੂਜੇ ਪਿੰਡੀਂ ਚਲਦੀਆਂ ਦੁਕਾਨਾਂ,ਠੇਕੇਦਾਰ ਖੁਸ਼ਹਾਲ ਸਿੰਘ ਦੀ ਕਿਰਪਾ ਨਾਲ ਉਸਰੀਆਂ ਕਈ ਸਾਰੀਆਂ ਕੋਠੀਆਂ ਦਾ ਲੋੜੋਂ ਵੱਧ ਵੇਰਵਾ ਦਸਦਾ , ਇਕ ਦੱਮ ਸੰਜੀਦਾ ਹੋ ਗਿਆ ਸੀ , ਜਦ ਪ੍ਰੇਮ ਲਾਲ ਨੇ ਅਖੀਰਲਾ ਖਾਨਾ ਭਰਨ ਲਈ ਉਸ ਤੋਂ ਪੁੱਛਿਆ ਸੀ – ਸ਼ਾਹ ਜੀ , ਤੁਹਾਡੀ ਮਾਤ-ਭਾਸ਼ਾ ਕਿਹੜੀ ਐ ? ਭਾਵ ਤੁਹਾਡੇ ਪ੍ਰੀਵਾਰ ਦੇ ਜੀਆਂ ਦੀ ਬੋਲੀ ।

-ਲੈ ਖਾਂ, ਇਹ ਬੀ ਕੋਈ ਪੁੱਛਣ ਆਲੀ ਗੱਲ ਆ, ਮੈਂ ਸਿਰੀ ਰਾਮ, ਮੇਰਾ ਬਾਪ ਮਨੀ ਰਾਮ, ਦਾਦਾ ਕਾਂਸ਼ੀ ਰਾਮ,ਪੜਦਾਦ ਮਯਿਆ ਰਾਮ, ਲਕੜਦਾਦ ਕੰਨਿਆ ਰਾਮ, ਸਭ ਦੇ ਨਾਂ , ਧਰਮ-ਕਰਮ,ਰੀਤੀ –ਰਵਾਜ,ਬਿਆਹ –ਸ਼ਾਦੀਆਂ ਮਰਨੇ-ਪਰਨੇ ਸਭੋਈ ਹਿੰਦੂ ਧਰਮ ਮੂਜਬ ਹੁੰਦੇ ਆਏ ਆ  ਸਾਡੇ ਦੇਵੀ-ਦੇਵਤੇ,ਰਿਸ਼ੀ-ਮੁਨੀ,ਸੰਤ-ਮ੍ਹਾਤਮਾ ਸਾਰੇ ਹਿੰਦੂ ਈ ਸੀ ਤੇ ਹਿੰਦੀ ਈ ਬੋਲਦੇ ਸੀ , ਏਸ ਲਈ ਬੋਲੀ ਤਾਂ ਸਾਡੀ ਬੀ ਹਿੰਦੀ ਈ ਬਣਦੀ ਆ ...।

-‘ਨਹੀਂ ਸ਼ਾਹ ਜੀ  ,ਮਾਤ –ਭਾਸ਼ਾ ਤੋਂ ਮਤਲਬ ਮਾਂ ਦਾ ਦੁੱਧ ਪੀਂਦਿਆਂ ਆਪ ਮੁਹਾਰੇ ਮਿਲੀ ਉਹ ਸਿਖਸ਼ਾ ਜਿਸ ਰਾਹੀਂ ਅਸੀਂ ਆਪਣੀ ਗੱਲ ਦੂਜਿਆਂ ਨੂੰ ਸਮਝਾਉਂਦੇ ਹਾਂ ....ਅਸੀਂ ਬ੍ਰਾਹਮਣ ਆਂ, ਸਾਡੇ ਘਰ ਦਾ ਰੰਗ-ਢੰਗ ,ਰਹਿਣੀ-ਬਹਿਣੀ ਹਿੰਦੂ ਮੱਤ ਅਨੁਸਾਰ ਚਲਦੀ ਐ ,ਪਰ ਘਰ ਅੰਦਰ ਅਸੀਂ ਸਾਰੇ ਪੰਜਾਬੀ ਬੋਲਦੇ ਆਂ , ਇਸ ਲਈ ਮੇਰੀ ਤੇ ਮੇਰੇ ਪ੍ਰੀਵਾਰ ਦੀ ਬੋਲੀ ਪੰਜਾਬੀ ਬਣੀ ਐ .....।

-‘ਤੂੰ ਜੋ ਮਰਜ਼ੀ ਬਣਾ ਆਪਣੀ ਬੋਲੀ, ਪਰ ਸਾਡੀ ਬੋਲੀ ਤਾਂ ਹਿੰਦੀ ਆ ਤੇ ਹਿੰਦੀ ਈ ਲਿਖ ।

-‘ਲਿਖਵਾਉਣ ਨਾਲ ਬੋਲੀ ਬਦਲ ਤਾਂ ਨਹੀਂ ਜਾਂਦੀ ਜਿਵੇਂ ਮਾਂ ....।

-‘ਬਦਲੇ ਭਾਮੇਂ ਨਾ ਬਦਲੇ , ਅਸੀਂ ਤਾਂ ਓਦਾਂ ਈ ਕਰਾਂਗੇ ,ਜਿੱਦਾਂ ਸਾਡਾ ਭਾਈਚਾਰਾ ਆਖੂ ....।

-‘ਤੁਹਾਡੇ ਭਾਈਚਾਰੇ ਨੂੰ ਕਿਧਰੇ ਹੱਥਾਂ ਨਾਲ ਦਿੱਤੀਆਂ ,ਦੰਦਾਂ ਨਾਲ ਖੋਲ੍ਹਣੀਆਂ ਨਾ ਪੈਣ ...!

-‘ਨਈਂ ਪੈਂਦੀਆਂ ਸਾਨੂੰ ਸਭ ਪਤੇ ਆ , ਅਸੀਂ ਕੋਈ ਨਿਆਣੇ ਨਈਂ,ਉਮਰਾਂ ਗਾਲ੍ਹ ਦਿੱਤੀਆਂ ਬੰਦੇ ਚਾਰਦਿਆਂ ...ਤੂੰ ਅਜੇ ਜੰਮ ਤਾਂ ਲੈ , ਪਹਿਲੋਂ ਈ ਮਤਾਂ ਦੇਣ ਆ ਬੈਠਾ ...ਕਲ੍ਹ ਦੀ ਭੂਤਨੀ ਤੇ ਸਿਵਿਆਂ ਦਾ ਅੱਧ ..ਕੰਮ ਆਪਣਾ ਮੁਕਾ ਤੇ ਉੱਠ ਕੇ ਤੁਰਦਾ ਬਣ ।

....ਆਪਣੇ ਗਲ੍ਹ ਆਪ ਬੱਧੀ ਗੋਲ ਗੰਢ, ਪੀਡੀ ਹੁੰਦੀ ਹੁੰਦੀ ਸ਼ਾਹ ਰਗ ਤੱਕ ਸਰਕਦੀ , ਜਦੋਂ ਉਸ ਨੂੰ ਆਪਣਾ ਸਾਹ ਘੁੱਟਦੀ ਜਾਪੀ ਤਾਂ ਗੁਸੇ ਤੇ ਪਛਤਾਵੇ ਨਾਲ ਕੰਬਦਾ ਸੋਫੇ ਤੋਂ ਉੱਠ ਕੇ ਦਰਵਾਜ਼ੇ ਵਲ੍ਹ ਨੂੰ ਬਾਹਾਂ ਖਿਲਾਰੀ  ਇਉਂ ਵਧਿਆ ਜਿਵੇਂ ਬਾਹਰ ਨਿਕਲਦੇ ਪ੍ਰੇਮ ਨੁੰ ਅਗਲਵਾਂਡੀ ਰੋਕ ਕੇ, ਸਾਰਾ ਆਪਾ ਉਹ ਅੱਗੇ ਢੇਰੀ ਕਰ ਦੇਣਾ ਚਾਹੁੰਦਾ ਹੋਵੇ । ਪਰ ਕੁਝ ਹੀ ਪਲਾਂ ਅੰਦਰ ਉਸ ਨੂੰ ਇਸ ਤਲਖ ਸੱਚ ਦਾ ਅਹਿਸਾਸ ਹੋ ਗਿਆ , ਕਿ ਪਿੰਡ ਦੇ ਹਰ ਘਰ ਨੂੰ ਜਾਂਦੀ ਛੋਟੀ ਗਲ੍ਹੀ ਵਲ ਨੁੰ ਖੁਲ੍ਹਦਾ ਦਰਵਾਜ਼ਾ ਤਾਂ ਉਸ ਨੇ ਕਈਆਂ ਦਿਨਾਂ ਤੋਂ ਆਪ ਬੰਦ ਕੀਤਾ ਹੋਇਆ ਹੈ ਅਤੇ ਭਾਂ-ਭਾਂ ਕਰਦੀ ਬੈਠਕ ਅੰਦਰ ਉਹ ਜਾਂ ਉਸ ਦੇ ਉੱਚੇ-ਲੰਮੇ ਘੜਕਦੇ ਸਾਹਾਂ ਤੋਂ ਬਿਨਾਂ ਕੋਈ ਵੀ  ਨਹੀਂ ਹੈ ।

ਅੱਧ-ਸਿਆਲ ਦੀ ਰੁੱਤੇ ਵੀ ਉਸ ਦੇ ਚੌੜੇ ਗੰਜੇ ਮੱਥੇ ਤੇ ਪਸੀਨੇ ਦੀਆਂ ਬੂੰਦਾ ਉਸ ਦੇ ਕੰਨੀ ਪਈਆਂ ਸੋਨੇ ਦੀਆਂ ਮੁਰਕੀਆਂ ਵਾਂਗ ਚਮਕਣ ਲੱਗ ਪਈਆਂ । ਦਰਵਾਜ਼ੇ ਦੇ ਬੰਦ ਪੱਲਿਆਂ ਪਿਛਵਾੜੇ ਲਮਕਦੇ ਮੋਟੇ ਪਰਦੇ ਨੂੰ ਆਕਾਰਨ ਤਰੋੜਦਾ-ਮਰੋੜਦਾ ,ਉਹ ਕਮਰੇ ਅੰਦਰਲੀਆਂ ਸਾਰੀਆਂ ਵਸਤਾਂ ਨੂੰ ਇਓਂ ਤਾੜਦਾ ਰਿਹਾ , ਜਿਵੇਂ ਕੋਈ ਵੱਡਾ ਗੁਨਾਹ ਕਰ ਕੇ ਉਹ ਵੀ ਉਸ ਵਾਂਗ ਕੰਧਾਂ ਉਹਲੇ ਆ ਲੁਕੀਆਂ ਹੋਣ । ਨਿੱਕੀ ਮੋਟੀ ਹਰ ਸ਼ੈਅ ਤੋਂ ਤਿਲਕਦੀ ਉਸ ਦੀ ਨਿਗਾਹ ਕੁਝ ਪਿਛੋਂ ਮੁੜ ਦੀਵਾਨ ਤੇ ਕੁੱਬੀ ਪਈ ਓਸੇ ਅਖ਼ਬਾਰ ਤੇ ਟਿੱਕੀ ,ਜਿਸ ਦੀ ਇਕੋ ਇਕ ਸੁਰਖੀ ਨੇ ਉਸ ਨੂੰ ਸਵੇਰ ਤੋਂ ਸੂਲੀ ਟੰਗਿਆ ਹੋਇਆ ਸੀ ।

-ਆਖਿਰ ਕਿਹੜੀ ਪਰਲੋ ਆ ਗਈ ਐ ਇਕ ਪ੍ਰੇਮ ਦੇ ਨਾ ਰਹਿਣ ਨਾਲ - ਉਸ ਨੇ ਚਿੱਤ ਕਰੜਾ ਕਰਕੇ ਆਪਣੇ ਆਪ ਨਾਲ ਸੰਬਾਦ ਕਰਨ ਲਈ ਕੁਝ ਸ਼ਬਦ ਆਖੇ ।

-‘ਹੋਰ ਹੈ ਵੀ ਕੌਣ ਸੀ ਤੇਰਾ ਸਾਰੇ ਪਿੰਡ ਅੰਦਰ ਅੰਦਰੋਂ ਕਿਸੇ ਨੇ ਉੱਤਰ ਦਿੱਤਾ ।

-ਲੈ ਮੇਰਾ ਉਹ ਕਿਹੜਾ ਢਿਡੋਂ ਕੱਢਿਆ ਹੋਇਆ ਸੀ , ਐਹੋ ਜਿਹੇ ਸੈਂਕੜੇ ਮਿਲ ਜਾਂਦੇ ਆ, ਬੱਸ ਉਧਾਰ-ਸੁਧਾਰ ਲਈ ਹੱਥ ਢਿੱਲਾ ਹੋਣਾ ਚਾਹੀਦਾ ਜਰਾ-ਮਾਸਾ ਉਸ ਨੇ ਫਿਰ ਤੜੀ ਦਿੱਤੀ ।

-ਓਹੋ ਜਿਹੇ ਸਭ ਅਲਾਟੀਆਂ ਹੱਥੀ ਚੜ੍ਹੇ ਫਿਰਦੇ ਆ, ਜਿੱਥੇ ਕਿਸੇ ਨੂੰ ਦਾਰੂ-ਸਿੱਕਾ ਮਿਲਦਾ,ਅਗਲਾ ਓਥੇ ਈ ਪੂਛ ਹਿਲਾਉਂਦਾ । ...ਤੂੰ ਤਾਂ ਮੋਈ ਮੱਖੀ ਨਈਂ ਛੱਡਦਾ ਹੱਥੋਂ ।....ਇਹ ਪ੍ਰੇਮ ਹੀ ਸੀ ਜਿਹੜਾ ਬਿਨਾਂ ਕਿਸੇ ਲਾਲਚੋਂ ਤੇਰੇ ਲਾਗੇ-ਚਾਗੇ ਰਹਿੰਦਾ ਸੀ - ਅੰਦਰੋਂ ਆਇਆ ਉੱਤਰ ਫਿਰ ਸੱਚ ਵਰਗਾ ਕੌੜਾ ਸੀ ।

-ਮੇਰਾ ਉਹ ਕੀ ਸੁਆਰਦਾ ਸੀ ...ਸਾਰੀ ਉਮਰ ਐਹਨਾਂ ਚੂਹੜੇ-ਚਮਾਰਾਂ ਖਾਤਰ ਈ ਤੁਰਦਾ-ਫਿਰਦਾ ਰਿਹਾਂ,ਜਾਂ ਕਿਧਰੇ ਲਾਟੀਆਂ ਪਿੱਛੇ ਰਗੜੇ ਖਾਂਦਾ ਰਿਹਾ ਹਊ...।

ਫੇਰ ਉਦ੍ਹੀ ਖਾਤਰ ਭੁੰਜੇ ਕਿਉਂ ਲੱਥਾ ਫਿਰਦੈਂ...?

-‘ਕੌਣ ਕਹਿੰਦਾ...ਸਰਾ-ਸਰ ਝੂਠ; ਮੇਰੀ ਜਾਣੇ ਜੁੱਤੀ ; ਉਹ ਪਏ ਢੱਠੇ ਖੂਹ ਚ , ਸਗੋਂ ਚੰਗਾ ਹੋਇਆ ਗੰਦ ਨਿਕਲਿਆ ਵਿਚੋਂ ,ਰੋਜ਼ ਕੋਈ ਨਾ ਕੋਈ ਪੁੱਠੀ-ਸਿੱਧੀ ਖ਼ਬਰ ਲਿਆ ਸੁਣਾਉਂਦਾ ਸੀ – ਅਖੇ ,ਲੋਕਾਂ ਨੇ ਕੱਠੇ ਹੋ ਕੇ ਆਹ ਕਰ ਇਤਾ ,ਓਹ ਕਰਇਤਾ,..ਇਨ੍ਹਾਂ ਪੁੱਠੇ ਸਿਰਾਂ ਆਲਿਆਂ ਦਾ ਲਾਜ ਈ ਗੋਲੀ ਐ  , ਜਿਹੜੇ ਮਾਤ੍ਹੜਾਂ ਨੂੰ ਰੋਟੀ ਖਾਂਦਿਆਂ ਨਹੀਂ ਦੇਖ ਸਕਦੇ...ਚੰਗਾ ਈ ਹੋਇਆ , ਬਹੁਤ ਈ ਖ਼ਰਾ ਹੋਇਆ .....!

-‘ਖ਼ਰਾ ਹੋਇਆ ਜਾਂ ਮਾੜਾ , ਤੂੰ ਆਪਣੀ ਸੁੱਖ ਮੰਗ.....,ਅੰਦਰੋਂ ਫਿਰ ਕਿਸੇ ਨੇ ਚੂੰਡੀ ਵੱਡੀ ।

-ਲੈ, ਮੇਰਾ ਉਨ੍ਹਾਂ ਦਾ ਕਾਹਦਾ ਵੈਰ , ਉਹ ਗੁਰੂ ਮ੍ਹਾਰਾਜ ਦੇ ਸੇਵਕ ,ਮੈਂ...ਮੈਂ ਉਨ੍ਹਾਂ ਦੀ ਲਾਡਲੀ ਫੌਜ ਦੇ ਖਾਨਦਾਨ ਚੋਂ ...ਹੋਰ ਇਸ ਤੋਂ ਵੱਡੀ ਸਾਂਝ ਕੀ ਹੋ ਸਕਦੀ ਐ ...ਕੀ ਹੋਇਆ ਜੇ ਉਨ੍ਹਾਂ ਕੋਲ ਮੇਰੇ ਨਾਲੋਂ ਚਾਰ ਸਿਆੜ ਵਾਧੂ ਐ , ਪਰ ਆਪਾਂ ਸਾਰੇਈ ਨੱਪ ਕੇ ਰਖਿਓ ਆ; ਨੱਕ ਨਾਲ ਲਕੀਰਾਂ ਕੱਢਦੇ ਆ...ਇਹ ਤਾਂ ਐਸ ਛੋਕਰੇ ਜਿਹੇ ਨੇ ਸਾਡੇ ਵਿਚਕਾਰ ਤੇਰ-ਮੇਰ ਪਾਈ ....ਚੰਗਾ ਹੋਇਆ ਲਾਂਭੇ ਕੀਤਾ ਸੂ ਰਾਹ ਚੋਂ । ਕਦੀ ਉਹ ਸਾਨੂੰ ਵਿਹਲੜ ਆਖਦਾ ਸੀ ਕਦੀ ਲੁਟੇਰੇ; ਕਦੀ ਉਹਨੂੰ ਸਾਡੀ ਬੋਲੀ ਚੱਕ ਮਾਰਦੀ ਸੀ ਕਦੀ ਵਿਆਜ...ਦੇਣ ਆਲਾ ਕੋਈ , ਲੈਣ ਆਲਾ ਕੋਈ , ਉਹ ਵਿੱਚ ਖਾਹ-ਮੁਖਾਹ ...ਅਖੇ-ਸੂਏ ਮੈਂਹ ਕੱਟੇ ਦੀ ....।

ਇੱਕਾ-ਦਿਕ ਦਰਵਾਜ਼ੇ ਵਲੋਂ ਹਟ ਕੇ ਉਸ ਨੇ ਦੀਵਾਨ ਤੇ ਪਈ ਅਖ਼ਬਾਰ ਚੱਕੀ । ਉਸ ਦੀਆਂ ਤੈਹਾਂ ਖੋਲ੍ਹ ਕੇ ਮੂੰਹਦੜੇ-ਮੂੰਹ ਪਏ ਪ੍ਰੇਮ ਨੂੰ ਇੱਕ ਵਾਰ ਫਿਰ ਤਾੜਵੀਆਂ ਨਜ਼ਰਾਂ ਨਾਲ ਨਿਹਾਰਿਆ । ਉਸ ਦਾ ਜੀਅ ਕੀਤਾ ਕਿ ਪ੍ਰੇਮ ਸਮੇਤ ਸਾਰੀਆਂ ਤਸਵੀਰਾਂ ਨੂੰ ਪੁਰਜਾ-ਪੁਰਜਾ ਕਰ ਕੇ ਫਰਸ਼ ਤੇ ਵਗਾਹ ਮਾਰੇ ਅਤੇ ਪਾਟੇ ਖਿਲਰੇ ਵਰਕਿਆਂ ਨੂੰ ਭਾਰੇ ਪੈਰਾਂ ਹੇਠ ਲਿਤਾੜਦਾ ਕਮਰਿਓਂ ਬਾਹਰ ਚਲਾ ਜਾਵੇ । ਉਸ ਦੀ ਛਾਤੀ ਅੰਦਰ ਉੱਠਿਆ ਜਵਾਰਭਾਟਾ ਪਲ-ਛਿੰਨ ਅੰਦਰ ਹੀ ਉਸ ਦੇ ਹੱਥਾਂ ਪੈਰਾਂ ਦੇ ਕੰਢਿਆਂ ਤੱਕ ਪਹੁੰਚ ਗਿਆ ।ਨਫ਼ਤਰ.....ਨਫ਼ਤਰ ਤੇ ਗੁੱਸੇ ਦੇ ਹੜ ਅੰਦਰ ਰੁੜ੍ਹਦੇ ਸਿਰੀ ਰਾਮ ਨੇ ਦੁਵੱਲਿਓਂ ਖਿੱਚੀ ਅਖ਼ਬਾਰ ਇਕੋ ਝੱਟਕੇ ਨਾਲ ਸਿੱਧੀ ਚੀਰ ਮਾਰੀ । ਮੁੱਖ ਪੰਨੇ ਤੇ ਛਪੀਆਂ ਕਈ ਸਾਰੀਆਂ ਲੋਥਾਂ,ਦੋ ਟੁੱਕ ਹੋ ਕੇ ਉਸ ਦੇ ਦੋਨਾਂ ਹੱਥਾਂ ਅੰਦਰ ਲਟਕ ਗਈਆਂ । ਪ੍ਰਸੰਨ-ਚਿੱਤ ਹੁੰਦਾ, ਉਹ ਕੁਝ ਚਿਰ ਲਈ  ਧੜਾਂ ਤੋਂ ਅਲੱਗ ਕੀਤੇ ਬੇਪਛਾਣ ਚਿਹਰਿਆਂ ਨੂੰ ਓਪਰੀ ਨਜ਼ਰੇ ਦੇਖਦਾ ਰਿਹਾ,ਜਿਨ੍ਹਾਂ ਦੀ ਨੁਹਾਰ ਉਸ ਨੂੰ ਇਕ-ਦੱਮ ਪ੍ਰੇਮ ਦੇ ਚਿਹਰੇ ਨਾਲ ਰਲਦੀ-ਮਿਲਦੀ ਜਾਪੀ,ਪਰ ਪ੍ਰੇਮ ਦੀਆਂ ਮੁੰਦ ਹੋਈਆਂ ਅੱਖਾਂ ਤੇ ਨਜ਼ਰ ਪੈਂਦਿਆਂ ਸਾਰ,ਉਸ ਦੀ ਮਜ਼ਬੂਤ ਪਕੜ,ਅੰਦਰਲੀ ਹਿਲਜੁਲ ਕਾਰਨ ,ਇਕ ਵਾਰ ਫਿਰ ਢਿੱਲੀ ਪੈ ਗਈ । ਉਸ ਨੂੰ ਜਾਪਿਆ ਕਿ ਪ੍ਰੇਮ ਦੇ ਬੇਜਾਨ ਚੌੜੇ ਮੱਥੇ ਤੇ ਖਿਲਰੀ ਆਪ-ਮੁਹਾਰੀ  ਅਪਣਤ,ਜਿਵੇਂ ਸ਼ਰਾਰਤ ਨਾਲ ਉਸ ਨੁੰ ਆਖ ਰਹੀ ਹੋਵੇ –ਆ ਜਾਊ...ਆ ਜਾਊ , ਛੇਤੀ ਪਹੁੰਚ ਜਾਊ ਤੇਰੀ ਡੱਬੀ ਬੰਦ ਮੇਮ...ਓਨਾਂ ਚਿਰ ਤੂੰ ਏਸੇ ਈ ਲਾਲੀ ਨਾਲ ਗੁਜ਼ਾਰਾ ਕਰੀ ਚਲ.... ਪਰੰਤੂ ਉਸ ਦੀ ਛਾਤੀ ਅੰਦਰੋਂ ਵੱਗਿਆ ਧਰਤੀ ਰੰਗਦਾ ਲਹੂ ,ਘੂਰ-ਘੂਰ ਕੇ ਸਿਰੀ ਰਾਮ ਨੂੰ ਨਿਹਾਰਦਾ ਜਿਵੇਂ ਉੱਚੀ ਉੱਚੀ ਕੂਕ ਰਿਹਾ ਹੋਵੇ –ਓਏ ਲਾਲ,ਇਹ ਸਭ ਤੇਰੀ ਈ ਲੂੰਬੜਬਾਜ਼ੀ ਐ ...ਆਪਣੀ ਦੁਕਾਨਦਾਰੀ ਖਾਤਰ ਤੂੰ ਪਿੰਡ ਦੇ ਸਾਰੇ ਲੋਕਾਂ ਨੁੰ ਗਧੀ-ਗੇੜ ਪਾਇਆ ਹੋਇਆ ...ਕਿਸੇ ਨੁੰ ਉਧਾਰ ਦੇ ਕੇ ਨਰੜਿਆ ਹੋਇਆ ਕਿਸੇ ਨੂੰ ਵਿਆਜ ਨਾਲ ...ਆਪਣਾ ਉੱਲੂ ਸਿੱਧਾ ਕਰਨ ਲਈ , ਕਿਸੇ ਹੱਥ ਲਾਠੀ ਫੜਾ ਰੱਖੀ ਐ ਕਿਸੇ ਹੱਥ ਗੋਲੀ...ਜਾਤਾਂ-ਗੋਤਾਂ,ਮਜ਼੍ਹਬਾਂ,ਧਰਮਾਂ ਦੀ ਆੜ ਹੇਠ ਕਦੀ ਕਿਸੇ ਦੀ ਪੂਛੀ ਹੱਥ ਲਾਉਂਦੈਂ , ਕਦੀ ਕਿਸੇ ਦੀ ...ਤੇਰਾ ਗੁਰੂ-ਪੀਰ,ਧਰਮ-ਈਮਾਨ ਸਿਰਫ ਪੈਸਾ ਈ ਪੈਸਾ, ਜਿਹਦੀ ਖਾਤਰ ਤੂੰ ਆਪਣੀ ਅਜ਼ਮਤ-ਇੱਜ਼ਤ,ਧੀਆਂ ਪੁੱਤਰਾਂ ਦੇ ਸੌਦੇ ਕਰਨ ਤੋਂ ਗੁਰੇਜ਼ ਨਹੀਂ ਕਰਦਾ...ਅਪਣੇ ਸ਼ਰੀਕ ਤੈਂ ਨਿਹੱਥੇ ਕਰ ਕੇ ਸਾਰੇ ਈ ਪਿੰਡੋਂ ਭਜਾ ਤੇ ..ਤੇ ਆਹ ਜਿਹੜਾ ਅਲਾਟੀਆਂ ਨਾਲ ਚਲਦਾ ਇੱਟ-ਖੜਿਕਾ ਤੂੰ ਜਾਣ-ਬੁੱਝ ਕੇ ਲਮਕਾਈ ਤੁਰਿਆ ਆਊਨੈਂ,ਇਹ ਸਿਰਫ਼ ਮੇਰੇ ਵਰਗੇ ਮਾਸਟਰਾਂ ਦਾ ਜੀਆ-ਘਾਤ ਕਰਨ ਲਈ ਅਡੰਬਰ ਰਚਿਆ ਹੋਇਆ ਹੈ ,ਹੋਰ ਕੁਝ ਨਹੀਂ ...ਓਏ ਚੌਰਿਆ, ਤੂੰ  ਆਪਣੀ ਛਾਤੀ ਤੇ ਹੱਥ ਰੱਖ ਕੇ ਦੱਸ ਖਾਂ , ਤੇਰਾ ਉਨ੍ਹਾਂ ਨਾਲ ਕੀ ਵੰਡਿਆ ਹੋਇਐ ? ਦੋਨੋਂ ਧਿਰਾਂ ਤੁਸੀਂ ਇਕੇ ਘੜੇ ਦੇ ਢੱਕਣ ਓ ...ਤੁਹਾਡੀ ਗੱਲ-ਬਾਤ,ਮੇਲ-ਮਿਲਾਪ ,ਰਹਿਣੀ-ਬਹਿਣੀ ਨਾ ਪਿੰਡ ਦੇ ਲੋਕਾਂ ਨਾਲ ਰਲਦੀ ਐ , ਨਾ ਇਸ ਦੀ ਮਿੱਟੀ ਨਾਲ ਮੇਲ ਖਾਂਦੀ ਐ ...ਤੁਸੀ ਜਿਸ ਥਾਲੀ ਅੰਦਰ ਖਾਂਦੇ ਓ ਓਸੇ ਅੰਦਰ ਹੀ ਹੱਗ....

....ਇਓਂ ਤੇ ਜਾਹ ਫੇਰ ਇਓਂ ਹੀ ਸਹੀ ,ਨਾ ਫੇ.... ਦੂਜੇ , ਤੀਜੇ ਤੇ ਫਿਰ ਚੌਥੇ ਝਟਕੇ ਨਾਲ ਕਈ ਟੋਟੇ ਕਰ ਕੇ ਫਰਸ਼ ਤੇ ਸੁੱਟੀ ਅਖਬਾਰ ਪੈਰਾਂ ਹੇਠ ਲਿਤਾੜਦੇ ਸਿਰੀ ਰਾਮ ਨੇ  ਮੋਢੇ ਤੋਂ ਤਿਲਕੀ ਸ਼ਾਲ ਦੀ ਬੁੱਕਲ ਘੁੱਟ ਕੇ ਕੱਸੀ ਤੇ ਵਿਚਕਾਰਲੇ ਦਰਵਾਜ਼ੇ ਰਾਹੀਂ ਲੰਘ ਕੇ ਦੁਕਾਨ ਦਾ ਬੰਦ ਪਿਆ ਸ਼ੱਟਰ ਜਾ ਖੋਲ੍ਹਿਆ , ਅਤੇ ਸ਼ਿਵਾਂ ਦੀ ਗੱਦੀ ਤੇ ਕਈਆਂ ਦਿਨ੍ਹਾਂ ਦਾ ਚੜ੍ਹਿਆ ਘੱਟਾ ਹੱਥ ਝਾੜੂ ਨਾਲ ਝਾੜਨ ਲੱਗ ਪਿਆ ।

-----------------------------

ਛਿੰਝ(ਕਹਾਣੀ)

ਲਾਲ ਸਿੰਘ ਦਸੂਹਾ

-------------------------------

-:” ਹਿੰਮਤ ਰੱਖ ਬੀਬਾ ਹਿੰਮਤ ,ਐਂ ਢੇਰੀ ਢਾਇਆਂ ਕੁਸ਼ ਨਹੀਂ ਬਣਦਾ  ।......ਜਦ ਤਾਈਂ ਏਹ ਜੱਗ ਵਰਤਾਰਾ ਕੈਮ ਆਂ , ਇਹ ਖ਼ਸਮਾਂ-ਖਾਣੇ ਦਿੱਤੂ ਜੰਮਣੋਂ ਨਈਂ ਹਟਣੇ । ਤੂੰ ...ਤੂੰ ਅਪਣੀ ਕੁੱਲ ਦੀ ਲਾਜ ਬਚਾ, ਹਿੰਮਤ ਕਰਕੇ । ਬਾਹਲੀ ਚਿੰਤਾ ਨਾ ਕਰਿਆ ਕਰ ਏਨਾਂ ਨਿਗੁਰਿਆਂ ਦੀ ...ਏਨਾਂ ਦੇ ਧੀਆਂ-ਪੁੱਤਾਂ , ਸੱਚ-ਝੂਠ ਦਾ ਨਿਤਾਰਾ ਆਪੇ ਈ ਕਰ ਲੈਣਾ,ਸਿਰ –ਖੁਦ ਹੋ ਕੇ ....।

-------------------------------


ਬਾਪੂ ਜੀ ਦੇ ਤੁਰ-ਜਾਣ ਪਿੱਛੋਂ ਮਾਂ ਜੀ ਦੀ ਹਾਲਤ ਬਹੁਤ ਈ ਵਿਗੜ ਗਈ ।

ਪਹਿਲਾਂ ਜਦ ਵੀ ਉਹ ਉਦਾਸ ਹੁੰਦੀ , ਉਸ ਦਾ ਲਾਲ-ਲਾਲ ਚਿਹਰਾ ਥੋੜ੍ਹਾ ਕੁ ਮੰਦਾ ਪੈ ਜਾਂਦਾ । ਗਹਿਰ-ਗੰਭੀਰ ਅੱਖਾਂ ਥੋੜ੍ਹਾ ਹੋਰ ਡੂੰਘੀਆਂ ਦਿੱਸਣ ਲੱਗਦੀਆਂ । ਤਣੀਆਂ ਰਹਿੰਦੀਆਂ ਭਵਾਂ ਰਤਾ-ਮਾਸਾ ਢਿਲਕ ਜਾਂਦੀਆਂ । ਪਰ , ਹੁਣ...ਹੁਣ ਤਾਂ ਉਸ ਦਾ ਸਦਾ-ਬਹਾਰ ਚਿਹਰਾ ਮਾਤਮ ਦੀ ਮੂਰਤੀ ਈ ਬਣ ਗਿਆ । ਦਗ-ਦਗ ਕਰਦਾ ਮੱਥਾ ਪੀਲਾ-ਫੂਕ ਨਿਕਲ ਆਇਆ । ਗੋਰਾ-ਚਿੱਟਾ ਰੰਗ ਇਕ-ਦਮ ਧੁਆਂਖਿਆ ਗਿਆ ।

ਚਲਦੀ ਫਿਰਦੀ ਕਬਰ ਜਿਹੀ ਬਣ ਗਈ ਸੀ ਮਾਂ ਜੀ ।

ਮਾਂ ਜੀ ਨੂੰ ਸਮਝ ਨਹੀਂ ਸੀ ਆਉਂਦੀ , ਉਹ ਕੀ ਕਰੇ , ਕੀ ਨਾ ਕਰੇ , ਏਸ ਨੌਨਿਹਾਲ ਦਾ ...!

ਨੌਨਿਹਾਲ ਮਾਂ ਕੀ ਦਾ ਤੀਜਾ ਪੁੱਤਰ ਸੀ ਹੋਣਹਾਰ , ਪਰ ਸਿਰੜੀ ।

ਉਂਝ ਕੁਲ-ਮਿਲਾ ਕੇ ਤਿੰਨ ਪੁੱਤਰ ਸਨ ਮਾਂ ਜੀ ਦੇ ਸੋਹਣੇ-ਸੁਨੱਖੇ ਹੱਡਾਂ ਪੈਰਾਂ ਤੋਂ ਮੋਕਲ੍ਹੇ । ਰੰਗ-ਰੂਪ ਗੋਰੀ ਚਿੱਟੀ ਮਾਂ ਵਰਗਾ । ਡੀਲ-ਡੌਲ ਪਹਿਲਵਾਨ ਪਿਓ ਵਰਗੀ । ਤਿੰਨਾਂ ਦੀ ਉਸਾਰੀ ਪਿੱਛੇ ਮਾਂ ਦੇ ਨਰਮ-ਨਿੱਘੇ ਮੋਹ ਦਾ ਵੀ ਹੱਥ ਸੀ ਤੇ ਬਾਪੂ ਜੀ ਦੀ ਕੌੜੀ-ਤਿੱਖੀ ਝਿੜਕ ਦਾ ਵੀ । ਬਾਪੂ ਜੀ ਨੇ ਵਾਰੀ ਸਿਰ ਸੱਭ ਦੀਆਂ ਹੱਥੀਂ ਮਾਲਸ਼ਾਂ ਕੀਤੀਆਂ । ਅਖਾੜਿਆਂ ਚ ਆਪ ਜੁੱਟ ਲੜੇ । ਜਦ ਦੇਖਿਆ , ਮੁੰਡਾ ਉਹਨਾਂ ਦੀ ਪਕੜ ਛੁਡਾਉਣ ਜੋਗਾ ਹੋ ਗਿਆ , ਉਹਨੂੰ ਥਾਪੀ ਦਿੱਤੀ ਤੇ ਉਹਦਾ ਘਰ ਵਸਦਾ ਕਰਕੇ ਆਖਿਆ ਲੈ ਬੱਲਿਆ , ਹੁਣ ਖਾ ਕਮਾ ! ਤੇਰਾ ਚਿੱਤ ਆਵੇ ਘਰ ਦੀ ਜੋਗ ਸਾਂਭ ਲੈ, ਚਿੱਤ ਆਵੇ ਟਰੈਕਟਰ ਲੈ ਲੈ .......!

ਵੱਡਾ ਗੁਰਬਖ਼ਸ਼ਾ ਸਾਊ ਬੰਦਾ ਸੀ । ਪੂਰਾ ਸਾਧ-ਬਿਰਤੀ । ਨਾ ਕਿਸੇ ਦੀ ਮਾੜੀ , ਨਾ ਕਿਸੇ ਦੀ ਚੰਗੀ ਚ । ਚੱਤੇ ਪਹਿਰ ਆਪਣੇ ਕੰਮ ਨਾਲ ਕੰਮ । ਆਖਣ ਲੱਗਾ ਮੈਂ ਤਾਂ ਜੋਗ ਈ ਵ੍ਹਾਊਂ । ਮੈਂ ਨਈਂ ਬਣਦਾ ਹੱਡ-ਰੱਖ । ਨਾ ਈ ਮੈਤੋਂ ਤਕਾਬੀਆਂ ਪਿੱਛੇ ਮੁੱਚ-ਮੁੱਚ ਹੁੰਦੀ ਆਂ .........!

ਉਸ ਦਾ ਸਹਿਜ ਵਰਤਾਓ ਦੇਖ ਕੇ ਬਾਪੂ ਜੀ ਬੇ-ਹੱਦ ਪ੍ਰਸੰਨ ਹੋਏ । ਪਰ ਮਾਂ ਜੀ .......ਮਾਂ ਜੀ ਦੀ ਤਾਂ ਜਿਵੇਂ ਆਂਦਰ ਈ ਕੱਟੀ ਗਈ ਹੋਵੇ , ਐਨ ਵਿਚਕਾਰੋਂ ਕਰ ਕੇ । ਉਹ ਫਿਰ ਮੁਰਝਾ ਗਈ । ਜੜੋਂ ਉੱਖੜੇ ਰੁੱਖ ਵਾਂਗ ਕੁਮਲਾ ਗਈ । ਗਹਿਰ-ਗੰਭੀਰ ਅੱਖਾਂ ਹੋਰ ਡੂੰਘੀਆਂ-ਡੂੰਘੀਆਂ ਦਿਸਣ ਲੱਗੀਆਂ ।

ਫਿਰ .....ਸਹਿੰਦੀ ਸਹਿੰਦੀ ਮਾਂ ਜੀ ਥੋੜ੍ਹੇ ਕੁ ਚਿਰੀਂ ਸਭ ਕੁਝ ਸਹਾਰ ਗਈ ....ਉਹ ਜਾਣੈ , ਹੈਅ ਤਾ ਮਾਂ ਦੀਆਂ ਅੱਖਾਂ ਸਾਹਮਣੇ ਈ ਨਾ ....ਮੇਰਾ ਸਾਂਈ ਪੁੱਤ , ਮੇਰੀ ਸੁੱਖਾਂ-ਲੱਧੀ ਨੋਹ .... ਵਿਆਹੇ ਵਰੇ ਬਖਸ਼ੇ ਨੂੰ ਅਜੇ ਉਹ ਨੰਨ੍ਹਾਂ-ਮੁੰਨਾ ਬਾਲ ਹੀ ਸਮਝਦੀ ਸੀ । ....ਮਾਵਾਂ ਦਾ ਪੱਛੀ ਲੱਗਣਾ ਚਿੱਤ ਈ ਐਹੋ ਜਿਆ ਹੰਦਆ ....., ਉਹ ਅਕਸਰ ਆਖਦੀ ।

ਆਉਂਦੀ ਹਾੜੀ ਨੂੰ ਜੇਠੀ ਨੋਂਹ ਦੀ ਭਾਰੀ ਪਿੱਠ ਤੇ ਹੱਥ ਰੱਖ ਕੇ ਮਾਂ ਜੀ ਨੇ ਫਿਰ ਆਖਿਆ ਬਓਤੇ ਔਖੇ ਭਾਰੇ ਕੰਮ ਨਾ ਕਰਿਆ ਕਰ ਬੀਬੀ ਰਾਣੀ ...ਮੈਨੁੰ ਆਖ ਦਿਆ ਕਰ , ਮੈਂ ਜੁ ਹੈਗੀ ਆਂ ਲਾਗੇ ਮਾਂ-ਸਦਕੇ .....!

  ਕੋਈ ਗੱਲ ਨਈਂ ਮਾਂ ਜੀਈ ,ਮੈਂ ....ਮੈਂ ਕੋਈ ਸ਼ੈਰ੍ਹਨ ਥੋੜ੍ਹੀ ਆਂ ...ਸਿੰਘੋਆਲੀਏ ਜੱਟਾਂ ਦੀਆਂ ਧੀਆਂ ਤਾਂ ਦੂਜੇ ਦਿਨ ਹੀ ਗੋਹਾ ਕੂੜਾ ਕਰਨ ਲੱਗ ਪੈਂਦੀਈਆਂ ...ਆਂ...!

ਨੌਂਹ ਦੀ ਹਿੰਮਤ ਦੇਖ ਕੇ ਮਾਂ ਜੀ ਦੀ ਟਹਿਕ-ਮਹਿਕ ਫਿਰ ਪਰਤ ਆਈ । ਕੁਮਾਲਾਇਆ-ਮੁਰਝਾਇਆ ਚਿਹਰਾ ਮੁੜ ਪਹਿਲੀਆਂ ਵਾਂਗ ਚਮਕਣ ਲੱਗਾ । ਘਰ-ਬਾਹਰ,ਚੌਂਕਾ-ਵਿਹੜਾ,ਹਾੜ੍ਹੀ-ਸੌਣੀ , ਮਾਲ-ਡੰਗਰ ਸਭ ਮੂਹਰਲੀ ਕੀਲੀ ਹੋ ਤੁਰੇ ।

ਦੋ ਕੁ ਵਰ੍ਹੇ ਬੀਤ ਜਾਣ ਤੇ ਦੋ ਸਾਲ ਪਹਿਲਾਂ ਵਾਲਾ ਘਟਨਾ ਚੱਕਰ ਫਿਰ ਚੱਲ ਗਿਆ ।

ਬਾਹਰਲੀ ਬੈਠਕੋਂ ਸੁਣਦਾ ਬੋਲ-ਬੁਲਾਰਾ ਕੁਝ ਓਪਰਾ-ਓਪਰਾ ਜਿਹਾ ਲੱਗਾ ਮਾਂ ਜੀ ਨੂੰ ....!

ਪਹਿਲੋਂ ਕਦੀ ਕਿਸੇ ਗੱਲ ਦਾ ਓਹਲਾ ਨਹੀਂ ਸੀ ਰੱਖਿਆ , ਘਰ ਦੇ ਕਿਸੇ ਜੀਅ ਨੇ , ਉਸ ਤੋਂ । ...ਖਿੜਕੀ ਦੀ ਓਟ ਲੈ ਕੇ ਮਾਂ ਜੀ ਸਾਰਾ ਕੁਝ ਸੁਣਦੀ ਰਹੀ । ਵਿਚਕਾਰਲਾ ਬੰਸਾ ਹਿਰਖਿਆ ਬੈਠਾ ਸੀ ਬਾਪੂ ਜੀ ਅੱਗੇ ਸੁਭਾਅ ਅਨੁਸਾਰ ਬਾਪੂ ਜੀ ਦਬਕੇ ਤੇ ਦਬਕਾ ਮਾਰ ਰਹੇ ਸਨ , ਉਸ ਨੂੰ  । ....ਜਦ ਕੋਈ ਵਾਹ-ਪੇਸ਼ ਨਾ ਗਈ ਤਾਂ ਉੱਠ ਕੇ ਬਾਹਰ ਚਲੇ ਗਏ ।ਹਫੇ-ਹਫੇ , ਹਾਰੇ ਹਾਰੇ ।

ਪਹਿਲੋਂ ਜਦ ਵੀ ਘਰ ਚ ਕੋਈ ਐਹੋ-ਜਿਹਾ ਰਗੜਾ-ਝਗੜਾ ਚਲਦਾ , ਬਾਪੂ ਜੀ ਕਦੀ ਮੈਦਾਨ ਨਾ ਛੱਡਦੇ । ਪਾਰਾ , ਪੂਰਾ ਸੌ ਡਿਗਰੀ ਤੇ ਰੱਖਦੇ । ਪਰ ਹੁਣ ...ਹੁਣ ਤਾਂ ਅਣਹੋਣੀ ਜਿਹੀ ਹੀ ਵਾਪਰ ਗਈ ਸੀ ਬਾਪੂ ਜੀ ਹੋਰਾਂ ਨਾਲ .....!

ਬੱਸ ਏਨੀ ਕੁ ਗੱਲ ਨਾਲ ਮਾਂ ਜੀ ਮੁੜ ਉਦਾਸ ਹੋ ਗਈ , ਚੁੱਪ-ਚੁੱਪ ਜਿਹੀ । ਰੋਣ-ਹਾਕੀ ।

ਜਦ ਅਸਲ ਮਸਲੇ ਦਾ ਪਤਾ ਲੱਗਾ,ਪਾਸਾ ਫਿਰ ਪਰਤ ਗਿਆ ਬਾਬਕੀਆ ਪਟਵਾਰੀ ਆਪਣੀ ਭਾਣਜੀ ਨਾਲ ਰਿਸ਼ਤਾ ਕਰਨਾ ਚਾਹੁੰਦਾ ਸੀ , ਬੰਸੇ ਦਾ ,ਕਨੇਡੇ .....। ਬਾਪੂ ਜੀ ਹਾਂ ਕਾਰ ਆਏ ਸਨ , ਬਾਹਰੋ-ਬਾਹਰ । ਕਿਸੇ ਭਾਨੀ-ਮਾਰ ਤੋਂ ਲੁਕਾ-ਛੁਪਾ ਰੱਖਣ ਲਈ , ਐਹੋ ਜਿਹਾ ਕੀਮਤੀ ਰਿਸ਼ਤਾ । ਏਥੋਂ ਤੱਕ ਕਿ ਉਹਨਾਂ ਮਾਂ ਜੀ ਤੱਕ ਵੀ ਧੂੰਅ ਨਾ ਕੱਢੀ । ਮਤੇ , ਇਸਤਰੀ ਮੱਤ ਸਹਿ-ਸੁਭਾ ਈ ਕਿਧਰੇ , ਦੱਸ ਬੈਠੇ । ਪਰ ,ਬੰਸਾ ਪੈਰਾਂ ਤੇ ਪਾਣੀ ਨਹੀਂ ਸੀ ਪੈਣ ਦਿੰਦਾ । ਆਖੇ-ਦੱਸੇ ਵੀ ਕੁਝ ਨਾ । ਮਨੂਰ ਜਿਹਾ ਬਣਿਆ , ਸਿਰ ਜਿਹਾ ਮਾਰੀ ਗਿਆ । ਨਾਂਹ-ਨਾਂਹ ਕਰੀ ਗਿਆ । ਜੇ ਕੁਝ ਬੋਲਦਾ ਈ ਬੋਲਦਾ ਤਾਂ ਆਖਦਾ ਮੈਂ ਅਜੇ ਪੜ੍ਹਨਆਂ ....ਬੀ.ਐਸ.ਸੀ. ਕਰਨੀ ਆਂ ਖੇਤੀਬਾੜੀ ਦੀ , ਲੁਧਿਆਣਿਓਂ । ਬਾਰਾਂ ਜਮਾਤਾਂ ਵੀ ਕੋਈ ਪੜ੍ਹਾਈ ਹੁੰਦੀ ਆ ! ਬਾਪੂ ਜੀ ਅੱਗੋਂ ਝਈ ਲੈ ਕੇ ਪੈਂਦੇ ਉਹਨੂੰ- ਬੀ.ਸੀ. ਕਰਕੇ ਤੂੰ ਜਣ ਖੇਤੀ ਕਰੇਂਗਾ । ਦੀਹਦੇ ਨਹੀਂ ਪਾੜ੍ਹੇ ,ਥਾਂ ਪੁਰ ਥਾਂ ਘੁੰਮਦੇ । ਮਟਰ-ਗਸ਼ਤੀਆਂ ਕਰਕੇ । ਲੱਤਾਂ ਚ ਚੂਹੇ-ਹੁੜਨੀਆਂ ਜਿਹੀਆਂ ਫਸ ਕੇ ਸਾਰਾ-ਸਾਰਾ ਦਿਨ ਹਿੜ-ਹਿੜ ਕਰਦੇ । ਨਾ ਘਰ ਕੁਸ਼ ਸੁਆਰਦੇ ਆ ,ਨਾ ਬਾਹਰ ਦਾਅ....!

ਡਾਂਵਾਂ-ਡੋਲ ਹੋਇਆ ਬੰਸਾ, ਬਾਪੂ ਜੀ ਤੋਂ ਪਰੇ-ਪਰੇ ਰਹਿਣ ਲੱਗਾ ।

ਬਾਪੂ ਜੀ ਚਿੱਤ ਹੋਇਆ ਜਾਚ ਕੇ ,ਮਾਂ ਜੀ ਨੇ ਪਿੜ ਸਾਂਭ ਲਿਆ । ਆਖਣ ਲੱਗੀ ਏਹ ਮਰਦਾਂ ਦਾ ਕੰਮ ਨਈਂ ਮਾਂਮਾਂ ਦਾ ਕੰਮ ਆਂ ..ਐ ਥੋੜਾ ਮੰਨਦੇ ਆ ਮੁੰਡੇ ,ਜਿੱਦਾਂ ਤੂੰ ਕਰਦਆਂ ...!

ਉਸੇ ਸ਼ਾਮ ਦੁੱਧ-ਵਾਲਾ ਗਲਾਸ ਬੰਸੇ ਹੱਥ ਧਮਾ ਕੇ ਮਾਂ ਜੀ ਉਹਦੇ ਲਾਗੇ ਜਿਹੇ ਹੋ ਕੇ ਬੈਠ ਗਈ । .....ਕੀਈ ਪੜ੍ਹਦਾ ਆ ਮੇਰਾ ਛਿੰਦਾ ...?”!”...ਬਓਤਾ ਪੜ੍ਹ ਕੇ ਵੀ ਐਹੀ ਕੁਸ਼ ਟੋਲਣਾ ਮੇਰੇ ਪੁੱਤ ਨੇ ਚੰਗੀ ਨੌਕਰੀ , ਸੋਹਣੀ ਬਹੂ , ਕਾਰ ,ਕੋਠੀ ਠੀਅਕ  ਆ ਨਾ .... ਬੰਸਾ ਆਪਣੇ ਧਿਆਨ ਪੜ੍ਹਦਾ ਰਿਹਾ । ਘੁੱਟੇ-ਵੱਟੀ ਦੁੱਧ ਪੀਂਦਾ ਰਿਹਾ । ਖਾਲੀ ਗਲਾਸ ਫੜਨ ਲੱਗੀ ਮਾਂ ਜੀ ਨੇ ਫਿਰ ਆਖਿਆ ਭਲਾ ਜੇ ...! ਇਸ ਵਾਰ ਮਾਂ ਜੀ ਨੇ ਸਾਰੀ ਗੱਲ ਵਿਸਥਾਰ ਨਾਲ ਆਖ ਸਮਝਾਈ । ਤੁਰਨ ਲੱਗੀ ਨੇ ਇਕ ਵਾਰ ਫਿਰ ਬੰਸੇ ਦੀ ਕੰਡ ਪਿਆਰ ਨਾਲ ਪਲੋਸੀ ਦੱਸ ਫਏ ਹਾਂ ਕਰ ਦਈਏ ਉਨ੍ਹਾਂ ਨੂੰ .....?

ਬੰਸੇ ਦੀ ਨੀਵੀਂ ਪਾਈ ਨਿਗਾਹ ਥੋੜਾ ਕੁ ਉੱਪਰ ਵੱਲ ਨੂੰ ਸਰਕੀ । ਮਾਂ ਜੀ ਦੀਆਂ ਚਮਕਦਾਰ ਅੱਖਾਂ ਅੰਦਰ ਨੀਝ ਲਾ ਕੇ ਝਾਕਿਆ । ਮੋਹ-ਪਿਆਰ,ਗਿਲਾ-ਸ਼ਿਕਵਾ,ਖੁਸ਼ੀ-ਉਦਾਸੀ ਇਕੋ ਥਾਂ ਮਿਲਗੋਭਾ ਹੋਏ ਦੇਖ , ਬੰਸੇ ਨੇ ਫਿਰ ਨੀਵੀਂ ਪਾ ਲਈ ।

ਮਾਂ ਜੀ ਦੀ ਫਿਕਰਮੰਦ ਆਸ ਪੂਰੀ ਤਰ੍ਹਾਂ ਪੱਕੀ ਹੋ ਗਈ । ਲਾਲ-ਲਾਲ ਚਿਹਰਾ ਹੋਰ ਸੁਰਖ ਹੋ ਗਿਆ ।

ਫਿਰ ਇਹ ਸੁਰਖੀ ਕਈ ਸਾਲ ਮਘ੍ਹਦੀ  ਰਹੀ । ਲਗਾਤਾਰ , ਨਿਰਵਿਘਨ । ਕਈਆਂ ਕਾਰਨਾਂ ਕਰਕੇ-ਬੰਸੇ ਦੇ ਕਨੇਡੇ ਚਲੇ ਜਾਣ ਕਰਕੇ ; ਚੁਲਬਲੀ ਜਿਹੀ ਨਾਰ ਨਾਲ ਵਿਆਹਿਆ ਜਾਣ ਕਰਕੇ ; ਸਾਕ-ਸਕੀਰੀ ਚ ਮਾਂ ਜੀ ਦੀ ਪੈਂਠ ਪੈ ਜਾਣ ਕਰਕੇ ; ਅਤੇ ...ਅਤੇ...ਡਾਲਰਾਂ ਡਰਾਫਟਾਂ ਦੀ ਝੜੀ ਜਿਹੀ ਲੱਗੀ ਰਹਿਣ ਕਰਕੇ । ਤੇ ਬਾਪੂ ਜੀ ਦਾ ਤਾਂ ਜਿਵੇਂ ਧਰਤੀ ਤੇ ਪੱਬ ਹੀ ਲੱਗਣੋਂ ਜਾਂਦਾ ਰਿਹਾ !

ਬੰਸਾ ਜਦ ਕਨੇਡੇ ਗਿਆ , ਸਭ ਤੋਂ ਛੋਟਾ ਨਿਹਾਲਾ ਅੱਠਵੀਂ ਕਰਦਾ ਸੀ , ਓਦੋਂ । ਦਸਵੀਂ ਉਸ ਤੋਂ ਪਾਸ ਨਾ ਹੋਈ । ਇਕ ਵਾਰ ਹੋਰ ਹਿੰਮਤ ਮਾਰੀ , ਫਿਰ ਰਹਿ ਗਿਆ । ਕਿਸੇ ਮਾਡਲ ਅਕਾਡਮੀ ਨਾਲ ਗਾਂਢਾ-ਸਾਂਢਾ ਕੀਤਾ , ਰਹਿੰਦੀ ਗਿੱਲ-ਸੁੱਕ ਵੀ ਜਾਂਦੀ ਰਹੀ । ਹਾਰ ਕੇ ਘਰ ਬੈਠ ਗਿਆ । ਹਲ-ਵਾਹੀ ਤੋਂ ਸਿਵਾ ਹੋਰ ਕਰ ਵੀ ਕੀ ਸਕਦਾ ਸੀ ,ਉਹ ਟਰੈਕਟਰ ਈ ਵਾਹੂੰ...! ਬਾਪੂ ਜੀ ਨੇ ਟਰੈਕਟਰ ਲੈ ਦਿੱਤਾ । ਉਹਨੇ ਮਾਂ ਜੀ ਨੂੰ ਫਰਮਾਇਸ਼ ਪਾਈ ਕੇੜ੍ਹਾ ਲੱਤਾਂ ਮਾਰਦਾ ਜਾਏ ਘੜੀ ਮੁੜੀ ਸ਼ੇਅਰ ਨੂੰ ਸੈਕਲ ਤੇ ...ਸਕੂਟਰ ਚਾਹੀਦਾ ਜ਼ਰੂਰੀ .... ਮਾਂ ਜੀ ਪੱਕੀ ਹਾਮੀ ਭਰ ਦਿੱਤੀ । ਨਾਂਹ-ਨੁੱਕਰ ਤਾਂ , ਤਾਂ ਹੁੰਦੀ ਜੇ ਕੋਈ ਕਮੀਂ-ਪੇਸ਼ੀ ਹੁੰਦੀ ,ਕਿਸੇ ਗੱਲ਼ ! ਜਿਵੇਂ ਉਹ ਕਹਿੰਦਾ ਗਿਆ , ਉਵੇਂ ਉਹ ਕਰਦੇ ਗਏ ਦੋ ਬੰਬੀਆਂ ਹੋਰ ਲੱਗ ਗਈਆਂ; ਚਾਰ ਹੋ ਗਈਆਂ , ਹੁਣ । ਵਾੜੇ ਦੀ ਜੂਨ ਸੁਧਰ ਗਈ , ਕੋਠੀ-ਨੁਮਾ ਡੇਰਾ ਬਣ ਗਿਆ । ਰਾਹ ਜਾਂਦਾ ਰਾਹੀ ਸੌ ਵਲ ਪਾ ਕੇ ਲੰਘਦਾ । ਨੌਨਿਹਾਲ ਘਰ ਵੀ ਗੇੜਾ ਰੱਖਦਾ , ਡੇਰੇ ਦਾ ਵੀ ਧਿਆਨ ਰੱਖਦਾ । .....ਮੁੰਡਾ ਆਰ੍ਹੇ ਲੱਗਿਆ ਵਿਆ ....ਬੁਰੀ ਸੰਗਤ ਤੋਂ ਬਚਿਆ ਵਿਆ....ਏਨਾ ਥੋੜਾ ਸੀ ਬਾਪੂ ਜੀ ਲਈ !

ਮਾਂ ਜੀ ਬੇ-ਫਿਕਰ ਸਨ , ਘਰ ਵੱਲੋਂ ਵੀ , ਬਾਹਰ ਵੱਲੋਂ ਵੀ 

ਪਰ,ਬਾਪੂ ਜੀ ਦੀ ਇੱਛਾ-ਮਨਸ਼ਾ ਅਜੇ ਉਵੇਂ ਦੀ ਉਵੇਂ ਕਾਇਮ ਸੀ । ਪੂਰੀ ਤਰ੍ਹਾਂ ਤਰਲੋ-ਮੱਛੀ ਸਨ ਉਹ । ਉਂਝ ਸੱਭੋ ਕੁਝ ਸੀ ਉਹਨਾਂ ਪਾਸ ਚੰਗੀ ਸਿਹਤ , ਭਲਵਾਨੀ ਜੁੱਸਾ , ਚੋਖੀ ਸਾਰੀ ਪੈਲੀ , ਪਿੰਡ ਦੀ ਚੌਧਰ ਜਿਹੜੀ ਮੋਟੇ ਘਰਾਂ ਕੋਲ ਆਮ ਹੁੰਦੀ ਆ ।....ਏਨੇ ਕੁ ਨਾਲ ਤਾਂ ਬਾਪੂ ਜੀ ਦੀ ਲਾਲਸਾ ਸਗੋਂ ਭੜਕ ਪਈ , ਉਹ ਪਿਤਾ-ਪੁਰਖੀ ਸ਼ੁਹਰਤ ਨੂੰ ਹੋਰ ਅਗਾਂਹ ਤੋਰਦੇ ਤਾਂ ਪੈਰ ਰੱਖਣ ਨੂੰ ਥਾਂ ਨਾ ਲੱਭਦਾ । ......ਥਾਂ ਥਾਂ ਤੇ ਸਰਦਾਰੀਆਂ ,ਪੈਰ ਪੈਰ ਤੇ ਲੀਡਰੀਆਂ । ਕੋਈ ਤੱਤੀਆਂ ,ਕੋਈ ਠੰਡੀਆਂ ।ਕਿੰਨਾ ਹੀ ਚਿਰ ਉਹਨਾਂ ਦੀ ਕਿਧਰੇ ਵਾਹ-ਪੇਸ਼ ਨਾ ਗਈ  । ਆਖ਼ਰ ਇਕ ਰਸਤਾ ਉਹਨਾਂ ਲੱਭ ਹੀ ਲਿਆ । ਜਾਂ ਇਊਂ ਆਖੋ , ਰਸਤਾ ਆਪ ਚੱਲ ਕੇ ਉਹਨਾਂ ਪਾਸ ਆ ਅੱਪੜਿਆ । ...ਨੌਨਿਹਾਲ ਉਸ ਦਿਨ ਮੰਡੀ ਗਿਆ ਹੋਇਆ ਸੀ , ਢੇਰੀ ਲਾਗੇ । ਬਾਪੂ ਜੀ ਬਾਹਰ ਸਨ ਡੇਰੇ , ਨੌਕਰਾਂ ਕੋਲ । ਸ਼ਾਮ ਦੇ ਝੁਸਮੁਸੇ ਚ ਕੋਈ ਜਣਾ ਬੰਨੇ-ਬੰਨੇ ਆਉਂਦਾ ਦਿਸਿਆ ਉਹਨਾਂ ਨੂੰ ਦੂਰੋਂ ।ਝੁੰਗਲ-ਬਾਟਾ ਕੀਤਾ ਹੋਇਆ ਸੀ ਆਉਣ ਵਾਲੇ ਨੇ । ਲਾਗੇ ਪਹੁੰਚ ਕੇ ਉਹਨਾਂ ਨਿਹਾਲੇ ਨੂੰ ਵਾਜ਼ ਮਾਰੀ । ਪਹਿਲੀ ,ਹੌਲੀ ਦੇਣੀ ; ਦੂਜੀ ਜ਼ਰਾ ਉੱਚੀ । ਬਾਪੂ ਜੀ ਥੋੜ੍ਹਾ ਅਛੋਪਲ ਜਿਹੇ ਹੋ ਕੇ ਖੜੋ ਗਏ । ਆਉਣ ਵਾਲੇ ਨੂੰ ਧਿਆਨ ਨਾਲ ਜਾਚਦੇ ਰਹੇ । ਪਰ ,ਪਛਾਣ ਨਾ ਹੋਈ । ਉਹ ਬਿਨਾਂ ਝਿਜਕ ਬਰਾਂਡਾ ਲੰਘ ਕੇ ਬੈਠਕ ਅੰਦਰ ਚਲਾ ਗਿਆ । ਝੁੰਗਲ-ਬਾਟਾ ਉਤਾਰ ਕੇ ਪਲੰਘ ਤੇ ਲੇਟ ਗਿਆ । ਬਾਪੂ ਜੀ ਉਹ ਕੋਈ ਪਹਿਲੀ ਵਾਰ ਆਇਆ ਨਾ ਲੱਗਾ । ਖੁਰਲੀ ਲਾਗਿਉਂ ਟਹਿਲਦੇ ਉਹ ਬਰਾਂਡੇ ਚ ਆ ਖੜੇ ਹੋਏ । ਕੌਣ ਗਿਣਿਆ ਬਈ ? ਬਾਪੂ ਜੀ ਦੀ ਆਵਾਜ਼ ਚ ਠੱਰਮਾਂ ਵੀ ਸੀ ਦੇ ਸ਼ੱਕ ਵੀ ।.......ਮੈਂ ਆਂ ਬਾਪੂ ਜੀਈ , ਸਿੰਘ , ਉੱਤਰ ਵਜੋਂ ਆਈ ਆਵਾਜ਼ ਵਿੱਚ ਠਰੰਮਾਂ ਈ ਠਰੰਮਾਂ ਸੀ  , ਸ਼ੱਕ-ਸੁਭਾ ਕਿਧਰੇ ਵੀ ਨਹੀਂ ਸੀ । ਬਾਪੂ ਜੀ ਨੂੰ ਲੱਗਾ ਕਿ ਆਉਣ ਵਾਲਾ ਉਹਨਾਂ ਨੂੰ ਪਹਿਲੇ ਤੋਂ ਈ ਜਾਣਦਾ । “”.....ਤੈਨੂੰ ਸਿੰਘਾ ਪਹਿਲੋਂ ਤਾਂ ਕਦੀ ਡਿੱਠਾ ਨਈਂ ...! :”” ਕੋਈ ਨਈਂ ਬਜ਼ੁਰਗਾਂ ਹੁਣ ਦੇਖ ਲਾਆ ...., ਬੈਠਕ ਅੰਦਰੋਂ ਆਈ ਆਵਾਜ਼ ਥੋੜੀ ਕੁ ਤਲਖ ਹੋਈ । ਆਹ ਕੇੜ੍ਹਾ ਵੇਲਾ ਆਉਣ ਦਾਆ ? ” ਬਾਪੂ ਜੀ ਦੀ ਭਲਵਾਨੀ ਰੌਅ ਨੇ ਕਰਵਟ ਲਈ । ਲੰਗਰ ਛੱਕਣਾ ਪਹਿਲਾਂ ,ਬਾਕੀ ਗੱਲਾਂ ਫੇਅਰ ....,ਅੰਦਰਲੀ ਆਵਾਜ਼ ਹੁਕਮ ਦੇ ਕੇ ਚੁੱਪ ਹੋ ਗਈ ।

ਬਾਪੂ ਜੀ ਨੇ ਝੱਟ ਨੌਕਰ ਭੇਜਿਆ । ਰੋਟੀ ਮੰਗਵਾ ਲਈ ਘਰੋਂ  ਇਕ ਨਈਂ ਚੌਹੁੰ ਬੰਦਿਆਂ ਲਈ ।ਲੰਗਰ ਛੱਕ ਕੇ ਉਹਨਾਂ ਬਾਪੂ ਜੀ ਕੇ  ਗੋਡੀਂ ਹੱਥ ਲਾਇਆ ਤੇ ਵਾਪਸ ਚਲੇ ਗਏ । ਪਰ, ਬਾਪੂ ਜੀ ਘਰ ਨਾ ਗਏ । ਨੌਨਿਹਾਲ ਨੂੰ ਉਡੀਕਦੇ ਰਹੇ ,ਡੇਰੇ । ਅੱਧੀਂ ਕੁ ਰਾਤੀਂ ਜਦ ਉਹ ਮੁੜਿਆ , ਬਾਪੂ ਜੀ ਨੇ ਸਪਾਟ ਪੁੱਛ ਲਿਆ ਕੌਣ ਸੀ ਉਹ -- ?

ਪਹਿਲਾਂ ਤਾਂ ਨੌਨਿਹਾਲ ਨੇ ਪੈਰਾਂ ਤੇ ਪਾਣੀ ਈ ਨਾ ਪੈਣ ਦਿੱਤਾ ਅਖੇ , ਮੈਂ ਕਿਸੇ ਸਿੰਘ-ਸੁੰਘ ਨੂੰ ਨਈਂ ਜਾਣਦਾ । ....ਮੇਰੇ ਕੋਲ ਕਿਸੇ ਦਾ ਆਉਣ-ਜਾਣ ਲਈਂ । ....ਐਂ ਤਾਂ ਲੰਗਰ-ਪਾਣੀ ਕੋਈ ਨਾ ਕੋਈ ਹਰੋਜ਼ ਈ ਆ ਛਕਦਆ ...ਆਖਿਰ ਬਾਰ-ਬਾਹਰ ਡੇਰਾ ਐ ਸਾਡਾ .....।

ਪਰ ,ਬਾਪੂ ਜੀ ਦੀ ਤਲਖੀ ਤੋਂ ਜਾਣੂ ਸੀ ਉਹ ! ਉਹਨਾਂ ਦੀ ਪਹਿਲੀ ਘੂਰੀ ਤੇ ਈ ਸਫਾ-ਚੱਟ ਮੰਨ ਗਿਆ ...ਕਦ ਆਉਣੇ ਸ਼ੁਰੂ ਹੋਏ ਸੀ ...ਕੌਣ ਕੌਣ ਹੁਣ ਆਉਂਦਾ ...ਕਿੰਨਾ ਕੁਝ ਲਿਆ-ਦਿੱਤਾ ਹੁਣ ਤਾਈਂ ...ਉਨ੍ਹਾਂ ਕੀ ਕੁਝ ਰੱਖਿਆ ਸਾਂਭਿਆ ਐਥੇ ....!

ਗੱਲ ਬਹੁਤ ਈ ਅੱਗੇ ਵਧੀ ਜਾਚ ਕੇ ਬਾਪੂ ਜੀ ਅੱਗ-ਭਬੂਕਾ ਹੋ ਉੱਠੇ ਤੈਨੂੰ ਕੇੜ੍ਹੇ ਕੰਜਰ ਨੇ ਕਿਹਾ ਸੀ , ਐਨਾ ਮੂੰਹ ਲਾਅ ਉਹਨਾਂ ਨੂੰ । ਚੱਲ ਜੇ ਮਾੜਾ-ਪਤਲਾ ਕੂਣ-ਬੋਲਣ ਬਣ ਈ ਗਿਆ ਸੀ , ਤਾਂ ਆਖਿਰ ਕੀ ਆ ਗਈ ਸੀ । ਚੁਸਤੀ-ਚਲਾਕੀ ਤੋਂ ਕੰਮ ਲੈਦਆ । ਉਨ੍ਹਾਂ ਨੂੰ ਕਰਦਾ ਮੂਹਰੇ , ਘਰੋਂ ਬਾਹਰੋਂ ਨੰਗ-ਤੁਰੇ ਫਿਰਦੇ ਆ ਜੇੜ੍ਹੇ ....।

ਮੈਂ ਕੇਹੜਾ ਘਰੋਂ ਸੱਦਣ ਗਿਆ ਸੀ ਕਿਸੇ ਨੂੰ ...ਅਗਲੇ ਧੱਕੇ ਨਾ ਆ ਚੜ੍ਹੇ ਉੱਪਰ ; ਮੈਂ ...ਮੈਂ ਕੀ ਕਰਦਾ ਫੇਏ ...। ਆਪਣੀ ਥਾਂ ਸੱਚਾ ਨਿਹਾਲਾ ਵਲ੍ਹ ਜਿਹਾ ਖਾ ਕੇ ਬੋਲਿਆ ।

ਦੋ...ਟੁੱਕ ਜੁਆਬ ਦਿੰਦਾ ਤੂੰ , ਪੈਂਦੀ ਸੱਟੇ । ਕ੍ਹੈਂਦਾ, ਮੇਰਾ ਨਈਂ ਬਈ ਸਰਦਾਅ ਐਂ ਹੋਰ ਕੀਈ ਕਰਨਾ ਸੀਈ ਤੂੰ ...।

ਏਦਾਂ ਜਵਾਰ ਦੇਂਦਾ ਤਾਂ , ਕੀਰਤਨ-ਸੋਹਲਾ ਪੜ੍ਹਿਆ ਜਾਣਾ ਸੀ ਓਸੇਲੇ , ਸਾਰੇ ਟੱਬਰ ਦਾਅ....ਅਗਲੇ ਕਹਿੰਦੇ ਆ ਮੁਖ਼ਬਰੀ ਕਰੂ ਹੁਣ ....।

ਨਿਹਾਲੇ ਦੀ “  ਮਜਬੂਰੀ  ” ਸੁਣ ਕੇ ਬਾਪੂ ਜੀ  ਵਿਚਕਾਰ ਜਿਹੇ ਫਸ ਗਏ  । ਜੇ ਉਹ ਬਿਲਕੁਲ ਮੈਦਾਨ ਛੱਡਦੇ ਸੀ ,ਤਾਂ ਹੱਥੋਂ ਜਾਂਦਾ ਸੀ ਨਿਹਾਲਾ । ਜੇ ਉਹਦੀ ਹੋਰ ਲਾਹ-ਪਾਹ ਕਰਦੇ ਤਾਂ ਸਗੋਂ ਵ੍ਹੇਰਨਾ ਸੀ ਉਹਨੇ । ਨੱਪੀ-ਘੁੱਟੀ ਗੱਲ ਲੋਕਾਂ ਕੰਨੀਂ ਵੱਖ ਪੈਣੀ ਸੀ । ਡੌਂਡੀ ਪਿੱਟੀ ਜਾਣੀ ਸੀ , ਚਾਰੇ ਬੰਨੇ । ਸੋ , ਹੋਇਆ ਬੀਤਿਆ ਹਊ-ਪਰੇ ਕਰਕੇ ਬਾਪੂ ਜੀ ਚੁੱਪ ਕੀਤੇ ਰਹੇ । ਕਿੰਨਾ ਹੀ ਚਿਰ ਅਲੋਕਾਰ ਜਿਹੀਆਂ ਗਿਣਤੀਆਂ ਮਿਣਤੀਆਂ ਅੰਦਰ ਖੁੱਭੇ ਰਹੇ । ਆਪ ਚੱਲ ਕੇ ਆਏ ਰਾਹ ਨੂੰ ਮੋਕਲਾ-ਪੱਧਰਾ ਕਰਦੇ ਰਹੇ । ਫਿਰ , ਕਿੰਨਾ-ਕੁਝ ਸੋਚ-ਵਿਚਾਰ ਕੇ ਉਹਨਾਂ ਬੜੇ ਸਹਿਜ-ਭਾਅ ਨਾਲ ਨਿਹਾਲੇ ਨੂੰ ਥਾਪੀ ਦੇਣ ਵਾਂਗ ਆਖਿਆ ਅੱਛਿਆ ਗੁਰੂ ਫਤਿਹ ਬਸ਼ਖੂ । ਪਰ , ਵੱਡੇ ਘੋਲ ਜਿੱਤਣ ਲਈ ਵੱਡੇ ਦਾਅ ਲਾਉਂਣੇ ਪੈਂਦੇ ਆ । ....ਅਗਲਾ ਜੁੱਟ ਵੀ ਜਾਚਦਾ ਪੈਂਦਆ ਤੇ ਆਪਣਾ ਜੁੱਸਾ ਈ । .....ਐਮੇਂ ਅੰਨੇਵਾਹ ਢੁੱਠ ਮਾਰਿਆਂ ਆਪਣਾ ਮੱਥਾ ਪਹਿਲਾਂ ਖੱਖੜੀਆਂ ਹੁੰਦਆ .....।

ਬਾਪੂ ਜੀ ਨੇ ਇਹ ਬਚਨ ਆਪਣੇ ਕੋਲੋਂ ਨਹੀਂ ਸਨ , ਆਖੇ ਉਹਨਾਂ ਦੇ ਉਸਤਾਦ ਪੀਰ ਆਲਮ-ਸ਼ਾਹ ਨੇ ਆਖੇ ਸਨ , ਉਹਨਾਂ ਨੂੰ ਪਹਿਲੀ ਵਾਰ ਤਕੀਏ ਗਿਆਂ ਨੂੰ । ....ਓਦੋਂ ਉਹ ਅੱਜੇ ਮੁੱਸ ਫੁੱਟ ਗੱਭਰੂ ਈ ਸਨ । ਹੱਡਾਂ-ਪੈਰਾਂ ਤੋਂ ਮੋਕਲ੍ਹੇ,ਆਪਣੇ ਬਾਪੂ ਵਾਂਗ ਬਾਪੂ ਜੀ ਦੇ ਬਾਪੂ ਜੀ ਨੇ ਉਹਨਾਂ ਨੂੰ ਇਕ ਗੱਲ ਬੜੀ ਠੋਕ-ਬਜਾ ਕੇ ਸਮਝਾ ਰੱਖੀ ਸੀ , ਨਿੱਕੇ ਹੁੰਦੇ ਨੂੰ ਈ ਦੇਖ ਭੱਗਿਆ , ਬਾਹੂ ਬਲ ਬੜੀ ਸ਼ੈਅ ਹੁੰਦਆ । ਛਾਤੀ ਚ ਤਾਣ ਹੋਵੇ ਤਾਂ ਸਰੀਕਾ ਭਾਈਚਾਰਾ ਵੀ ਗੋਡੀਂ ਹੱਥ ਲਾਉਂਦਾ ਤੇ ਵੈਰੀ-ਦੁਸ਼ਮਣ ਵੀ ਪਰ੍ਹੇ ਰਹਿੰਦੇ ਆਂ ...“”ਸੱਤ ਬਚਨ, ਆਖ ਭੱਗਾ ਸਵੇਰ-ਸ਼ਾਮੀ ਜ਼ੋਰ ਕਰਦਾ । ਡੰਡ-ਬੈਠਕਾਂ ਮਾਰਦਾ । ਛੰਨਾ-ਛੰਨਾ ਘਿਓ ਪੀਂਦਾ ਤੇ ਬਾਲਟੀ-ਬਾਲਟੀ ਦੁੱਧ । ਜੇ ਕਿਧਰੇ ਖਾਣੋ-ਪੀਣੋ ਨੱਕ-ਮੂੰਹ ਵਟਦਾ ਤਾਂ ਧੈਹ ਕਰਦੀ ਪਰੈਣੀ ਉਹਦੇ ਮੌਰਾਂ ਚ ਆ ਵੱਜਦੀ ।

ਗੇਲੀ ਵਰਗਾ ਜੁਆਨ ਬਣਾ ਕੇ ਕਿਰਪਾ ਸੂੰਹ ਨੇ ਭੱਗੇ ਨੂੰ ਤਕੀਏ ਵਾਲੇ ਅਖਾੜੇ ਚਾੜ੍ਹਦਿਆਂ ਕਿਹਾ ਲਓ ਪੀਰ ਜੀ ਐਹੋ ਜਿਹਾ ਚੰਡੋ ਮੁੰਡਾ , ਪਈ ਕਿੱਕਰ ਸੂੰਹ ਬਣ ਜਏ ਇਹ , ਮੋਢਾ ਨਾ ਲੁਆਏ ਕਿਸੇ ਤੋਂ , ਕਿਸੇ ਵੀ ਛਿੰਝੇ ।

ਪੀਰ ਜੀ ਨੇ ਅਖਾੜੇ ਦੀ ਭੁੱਬਲ ਹਰੀ ਟਾਕੀ ਚ ਲਪੇਟ ਜੀ ਦੇ ਡੌਲੇ ਨਾਲ ਬੰਨ੍ਹਦਿਆਂ ਅਸ਼ੀਰਵਾਦ ਦਿੱਤੀ ਲੈ ਸ਼ੇਰਾ , ਅੱਲਾ-ਮੀਆਂ ਕਾਮਯਾਬੀ ਦੇਊ ... । ਪਰ , ਵੱਡੇ ਘੋਲ੍ਹ ਜਿੱਤਣ ਲਈ ਵੱਡੇ ਦਾਅ ਸਿੱਖਣੇ ਪੈਂਦੇ ਆ । ਆਪਣਾ ਜੁੱਸਾ ਵੀ ਜਾਚਣਾ ਪੈਂਦਾ ਤੇ ਅਗਲੇ ਜੁੱਟ ਦਾ ਵੀ । ...ਐਮੇਂ ਅੰਨੇ ਵਾਹ ਢੁੱਠ ਮਾਰਿਆਂ ਆਪਣਾ ਮੱਥਾ ਪਹਿਲਾਂ ਖੱਖੜੀਆਂ ਹੁੰਦਆ ....।

ਬਾਪੂ ਜੀ ਨੇ ਨਿਹਾਲੇ ਨੂੰ ਪੀਰ ਆਲਮ-ਸ਼ਾਹ ਵਾਲੀ ਗੱਲ ਐਵੇਂ ਆਖਣ ਨੂੰ ਈ ਆਖੀ ਸੀ । ਉਹਨਾਂ ਆਪ ਜ਼ਿੰਦਗੀ ਭਰ ਇਸ ਉੱਤੇ ਅਮਲ ਨਹੀਂ ਸੀ ਕੀਤਾ । ਉਹ ਤਾਂ ਸਗੋਂ ਜਾਣ-ਬੁੱਝ ਕੇ ਐਹੋ ਜਿਹੇ ਜੋੜ ਨਾਲ ਟੱਕਰ ਲੈਂਦੇ ਜਿਹੜਾ ਉਹਨਾਂ ਤੋਂ ਕਈ-ਗੁਣਾਂ ਭਾਰਾ ਹੁੰਦਾ । ਉਹਨਾਂ ਅੰਦਰ ਇੱਕ ਗੱਲ ਪੂਰੀ ਤਰ੍ਹਾਂ ਘਰ ਕਰ ਗਈ ਸੀ ਕਿ ਕਿਸੇ ਨਾਮੀਂ ਭਲਵਾਨ ਨਾਲ ਦਸਤ ਪੰਜਾ ਲਏ ਬਿਨਾਂ ਕੋਈ ਵੀ ਭਲਵਾਨ ਨਾਮੀਂ ਭਲਵਾਨ ਨਹੀਂ ਬਣਦਾ ....!

.....ਬਾਪੂ ਜੀ ਦੀ ਨਸੀਅਤ ਸੁਣ ਕੇ ਨੌਨਿਹਾਲ ਪਲ-ਛਿੰਨ ਲਈ ਸੋਚੀਂ ਪੈ ਗਿਆ । ਫਿਰ ਪੂਰੀ ਸਿਦਕ-ਦਿਲੀ ਨਾਲ ਬੋਲਿਆ ਸ਼ਪਾਈ ਦਾ ਕੰਮ ਐ ਲੜਨਾ ਜਾਂ ਮਰਨਾ...ਹੈਨਾਂ ਘੁੰਡੀਆਂ ਦਾ ਸਾਡੇ ਉੱਪਰ ਆਲਿਆਂ ਨੂੰ ਈ ਪਤਾ ਪਊ ....।

ਚੰਗਾ ਫੇਏ ....ਆਪਣੇ ਕਿਸੇ ਉੱਪਰ ਆਲੇ ਨਾਲ ਮਿਲਾਈਂ ਮੈਨੂੰ ...ਕਿਸੇ ਵੱਡੇ ਜੋੜ ਨਾਲ ।

ਤੇ ਜਿਸ ਦਿਨ ਬਾਪੂ ਜੀ ਉਹਨਾਂ ਦੇ ਕਿਸੇ ਵੱਡੇ ਜੋੜ ਨੂੰ ਮਿਲੇ , ਉਹ ਹੈਰਾਨ ਈ ਰਹਿ ਗਏ । ਉਹ ਤਾਂ ਪਹਿਲਾਂ ਈ ਕਈਆਂ ਚਿਰਾਂ ਤੋਂ ਵਾਕਫ਼ ਸਨ ,ਚੰਗੀ ਤਰ੍ਹਾਂ ਇਕ ਦੂਜੇ ਦੇ । ਸਭਾ-ਸੁਸੈਟੀ ਚ ਵੀ ਉਹ ਅਕਸਰ ਬਗਲਗੀਰ ਹੁੰਦੇ ਈ ਰਹਿੰਦੇ । ਨੌਨਿਹਾਲ ਦੇ ਰਿਸ਼ਤੇ ਦੀ ਗੱਲ ਵੀ ਚੱਲੀ ਸੀ ਉਸ ਵੰਨੀ । ਮਾਂ ਜੀ ਤਾਂ ਕੁੜੀ ਨੂੰ ਝਾਤੀ ਮਾਰ ਕੇ ਹਾਂ ਵੀ ਕਰ ਬੈਠੇ ਸਨ । ਪਰ ਬਾਪੂ ਜੀ ਅੜੇ ਰਹੇ ਅਖੇ ,ਨੰਗ ਜੱਟਾਂ ਨਾ ਮੇਰਾ ਕੀ ਜੋੜ ...ਦੋ ਮੰਜੀਆਂ ਡਾਹੁਣ ਦੀ ਥਾਂ ਨਈਂ ਸੌਹਰੀ-ਦਿਆਂ ਕੋਲ,...ਛੰਨਾਂ-ਛੱਪਰਿਆਂ ਚ ਤਾਂ ਕੰਮੀ-ਕਮੀਣ ਵੀ ਨਹੀਂ ਰਹਿੰਦੇ....

ਚਰਨ ਸੂੰਹ ਦੀ ਨਿਹਾਲੇ ਨਾਲ ਸੁਰ-ਸਾਂਝ ਦੇਖ ਕੇ ਬਾਪੂ ਜੀ ਇਕ ਦਮ ਦੂਜੇ ਰੁਖ਼ ਹੋ ਤੁਰੇ ਐਮੇਂ ਸੌਹਰਾ ਪਰਦਾ ਜਿਆ ਈ ਪਿਆ ਰਿਆ ਅੱਖਾਂ ਤੇ ।.....ਸਰਦਾਰ ਚਰਨ ਸੂੰਹ ਅਰਗਾ ਬੰਦਾ ਤਾਂ ਲੱਭਿਆ ਨਹੀਂ ਲੱਭਦਆ। ਸਾਰਾ ਲਾਕਾ ਉਦ੍ਹੇ ਦੰਮ ਚ ਦਮ ਭਰਦਆ । ਜਿੱਥੇ ਵੀ ਜਾਏ ਖੁਰਸੀ ਮਿਲਦੀ ਆ ਅੱਗੋਂ । ਨਿੱਕੇ ਮੋਟੇ ਅਫਸਰ ਉਈਂ ਨਈਂ ਸਾਹ ਭਰਦੇ ਉਦ੍ਹੇ ਮੂਹਰੇ ! ਧੁਰ ਉੱਪਰ ਤੱਕ ਸਿੱਧੀ ਪਹੁੰਚ ਆ ਉਦ੍ਹੀ । ਬੰਦਾ ਕੱਲੇ ਸਿਆੜਾਂ ਨਾਲ ਈ ਥੋੜੀ ਗਿਣਿਆਂ ਜਾਂਦਾ ਵੱਡਾ । ਡਾਲਰ-ਨੋਟ ਤਾਂ ਸੁਹਰੇ ਕੰਜਰਾਂ ਕੋਲ ਵੀ ਬਥੇਰੇ ਹੁੰਦੇ ਆ । ਪਰ , ਮਾਣ-ਤਾਣ , ...ਮਾਣ-ਤਾਣ ਤਾਂ ਬੰਦੇ ਲਈ ਰੋਟੀ-ਪਾਣੀ ਨਾਲੋਂ ਈ ਬਹੁਤਾ ਜਰੂਰੀ ਆ । ...ਕਿਸੇ ਨੂੰ ਫੜਨਾ ਹੋਵੇ ; ਕਿਸੇ ਨੂੰ ਛੱਡਣਾ ਹੋਵੇ ; ਕਿਸੇ ਨੂੰ ਕਰਜ਼ਾ ਦੇਣਾ ਹੋਵੇ , ਕਿਸੇ ਤੋਂ ਲੈਣਾ ਹੋਵੇ, ਚਰਨੇ ਦੀ ਗੁਵ੍ਹਾਈ,ਜੱਸੂ ਬਾਜਵੇ ਨਾਲੋਂ ਵੀ ਉੱਪਰਦੀ ਭੁਗਤਦੀ ਆ । ਅਗਲੇ ਐਂ ਥੋੜਾ ਦੇਖਦੇ , ਪਈ ਚਰਨਾ ਢਾਰੇ ਚ ਰਹਿੰਦਾ ਕਿ ਕੋਠੀ ਚ ....

ਉਂਝ ਭਲਵਾਨੀ ਦਿਨਾਂ ਚ ਬਾਪੂ ਜੀ ਨੇ ਇਉਂ ਕਦੀ ਨਹੀਂ ਸੀ ਸੋਚਿਆ ਓਦੋਂ ਬੱਸ ,ਇਕੋ ਗੱਲ ਦੀ ਚਿੰਤਾ ਹੁੰਦੀ ਸੀ ਉਹਨਾਂ ਨੂੰ । ਪਈ ਕੋਈ ਛਿੰਝ ਖਾਲੀ ਨਾ ਜਾਏ । ਕੋਈ ਰੁਮਾਲੀ ਹੱਥੋਂ ਨਾ ਖੁਸੇ । ਪੂਰੀ ਜੁਆਨੀ ਵੇਲੇ ਉਹਨਾਂ ਪੂਰਾ ਹੱਠ ਰੱਖਿਆ ! ਪਰ , ਦੁਨੀਆਂ ਪਰ੍ਹੇ ਤੋਂ ਪਰ੍ਹੇ ! ਭਲਵਾਨ ਚੜ੍ਹਦੇ ਤੋਂ ਚੜ੍ਹਦਾ । ਦਾਅ-ਪੇਚ ਨਵੇਂ ਤੋਂ ਨਵਾਂ । ਉਹਨਾਂ ਦੀ ਕਮਾਈ ਬਹੁਤਾ ਚਿਰ ਨਾ ਅਟਕੀ । ਉਮਰ ਪੱਕਦੀ ਗਈ , ਜਾਨ-ਜੁੱਸਾ ਮੰਦੇ ਪੈਂਦੇ ਗਏ । ਸੋ ,ਪੂਰੀ ਕੰਡ ਲੱਗਣੋਂ ਪਹਿਲਾਂ ਈ ਬਾਪੂ ਜੀ ਨੇ ਪਿੜ ਬਦਲ ਲਿਆ । ਘਰ-ਪਰਿਵਾਰ ਉੱਪਰਲੇ ਜੋੜੀਂ ਤੋਰ ਲਿਆ । ਗੁਰਬਖ਼ਸ਼ਾ ਤਾਂ ਖੈਰ ਵੱਖਰਾ ਈ ਖਾਂਦਾ-ਕਮਾਉਂਦਾ ਸੀ । ਨਿਹਾਲਾ ਨਾਲ ਸੀ । ਬੰਸਾ ਬਾਹਰ ਭੇਜ ਦਿੱਤਾ ਕਨੇਡੇ । ਪੂਰੀਆਂ ਲਹਿਰਾਂ-ਬਹਿਰਾਂ ਸਨ । ਮਾਇਆ ਪੱਖੋਂ ਵੀ ,ਮੁਰੱਖਿਆਂ ਵੱਲੋਂ ਵੀ । ਕੋਈ ਫਿਕਰ ਨਈਂ ,ਕੋਈ ਫਾਕਾ ਨਈ । ਫਿਰ ਵੀ , ਇਕੋ-ਇਕ ਝੋਰਾ ਉਹਨਾਂ ਨੂੰ ਚੈਨ ਨਹੀਂ ਸੀ ਲੈਣ ਦਿੰਦਾ ਕਿ ਉਹਨਾਂ ਦੀ ਪੱਛ-ਪੜਤਾਲ ਦੂਜਿਆਂ ਵਰਗੀ ਕਿਉਂ ਨਈਂ ! ਚਰਨੇ ਵਰਗੀ ਨਾ ਸਹੀ ,ਘੱਟੋ-ਘੱਟ ਬਾਜਵੇ ਵਰਗੀ ਈ ਸਹੀ ! ...ਜੱਸੂ ਲੀਡਰ ਤਾਂ ਭਲਾ ਚੀਜ਼ ਈ ਹੋਰ ਐ ...... ਗੱਲ ਗੱਲ ਤੇ ਬਾਪੂ ਜੀ ਜੱਸੂ ਦੀ ਉਸਤੱਤ ਵੀ ਕਰਦੇ ਤੇ ਭੰਡੀ ਵੀ ।

...ਜੱਦੀ-ਪੁਸ਼ਤੀ ਸਰਦਾਰੀ ਐ ਉਦ੍ਹੀ । ਪੀੜ੍ਹੀਆਂ ਤੋਂ ਗੱਠਿਆਂ ਪਿਆ । ਗਰੇਜ਼ਾ ਵੇਲੇ ਦੀ ਜਾਗੀਰ ਐ ਉਦ੍ਹੇ ਕੋਅਲ । ...ਉਦ੍ਹੇ ਕਿਸੇ ਬਾਬੇ-ਦਾਦੇ ਨੇ ਖਬਰੇ ਕਿੱਦਾਂ ਮਾਰ-ਮਾਰ ਲਈ ਰਿਆਸਤ ਚ ਵੱਖਰੀ । ਆਹ ਪਿੰਡ ਆਲੀ ਵੱਖਰੀ । ਐਥੋਂ ਆਲੀ ਤਾਂ  ਚਲੋ ਮੰਨਿਆ , ਕਿਸੇ ਹਓਦੇ ਕਰਕੇ ਈ ਮਿਲੀ ਹਊ ਉਨੂੰ ,ਪਰ ਰਿਆਸਤ ਅਲੀ ਦੀਆਂ ਬੜੀਆਂ ਹੋਰ ਈ ਤਰ੍ਹਾਂ ਦੀਆਂ ਘਾਣੀਆਂ ਸੁਣੀ ਦੀਆ , ਲੋਕਾਂ ਤੋਂ ਖ਼ਬਨੀ ਸੱਚ ਆ ਕਿ ਝੂਠ ! ਕੋਈ ਕੈਂਦ੍ਹਾ ਮਾਂਰਾਜਾ ਭਿੰਦਰ ਸੂੰਹ ਇਨ੍ਹਾਂ ਦੀ ਕਿਸੇ ਧੀ-ਭੈਣ ਨੂੰ ਐਥੋਂ ਆ ਕੇ ਲੈ ਗਿਆ । ਕੋਈ ਕੈਂਦਾ-ਇਹ ਆਪ ਚਾੜ ਕੇ ਆਏ ਸੀ ਕੁਆਰ-ਕੰਜਰ ,ਉਦ੍ਹੀ ਬਾਰਾਂਦਰੀ ਤੇ । ...ਚਲੋ ਛੱਡੋ ਅਸੀਂ ਕੀ ਲੈਣਾ-ਦੇਣਾ ਵਿਚੋਂ ! ਉਹ ਜਾਨਣ ਜਾਂ ਉਨ੍ਹਾਂ ਦਾ ਗੁਰੂ-ਅੱਲਾ ...! ਬੇਚਾਰੀ ਅੱਲੜ-ਜਾਨ ਨਾਲ ਤਾਂ ਜੋ ਬੀਤੀ ਹੋਊ,ਉਹੀ ਬੀਤੀ ਹਊ ! ਇਨ੍ਹਾਂ ਦੇ ਚਿੱਠੇ ਤਾਰ ਗਿਈ ਕੇਰਾਂ ।....ਡੱਕਰੇ ਅਰਗੀ ਧਰਤੀ ਦੇ ਪੰਜੱਤਰ ਕਿੱਲੇ ਮੂੰਹ ਨਾਲ ਕਹਿਣ ਨੂੰ ਈ ਸੌਖੇ ਆ ...ਪਤਾ ਓਦੋਂ ਲਗਦਾ , ਜਦ ਲੈਣੇ ਪੈਣ ਜੇਬ ਖਰਚ ਕੇ । ਹੁਣ ਆਹ ਈ ਦੇਖ ਲਓ , ਰੁੱਗਾਂ ਦੇ ਰੁੱਗ ਲਾਈਦੇ ਆ ਆਈ ਵਾਰ ।  ਤਾਂ ਕਿਤੇ ਜਾ ਕੇ ਜੁੜਦੇ ਆ ਸਾਲ ਦੀ ਸਾਲ ਦੋ-ਚਾਰ ਖੇਤ ।....ਮੇਰਾ ਉਦ੍ਹੇ ਨਾਲ ਕਾਦ੍ਹਾ ਜੁੱਟ ਭਾਆਈ ....!ਜੱਸੂ ਲੀਡਰ ਨਾਲੋਂ ਆਪਣਾ ਕੱਦ ਬਹੁਤਾ ਨੀਵਾਂ ਜਾਚ ਕੇ ਬਾਪੂ ਜੀ ਬਾਜਵੇ ਲਾਗੇ ਖੜੋਕੇ ਆਪਣਾ ਆਪ ਨਾਪਦੇ ।

ਬਾਜਵਾ ਵੀ ਉੱਚੇ ਜੋੜਾਂ ਦਾ ਬੰਦਾ ਭਾਅਈ ! ਅਸਰ-ਰਸੂਖ ਆਲਾ । ਉੱਪਰਲੀ ਸਿਆਸਤ ਚ ਸਿੱਧਾ ਪੈਰ ਰੱਖਦਆ । ਆਇਆ ਗਿਆ ਛੋਟਾ-ਵੱਡਾ ਹਰ ਕੋਈ ਰੋਟੀ-ਪਾਣੀ ਉਦ੍ਹੇ ਕੋਅਲ ਛੱਕਦਆ । ਚਾਰ ਪੈਹੇ ਖਰਚੇ ਵੀ ਜਾਣ ਤਾਂ ਵੀ ਮਰੂੰ-ਮਰੂੰ ਨਈਂ ਕਰਦਾ । ...ਊਂ ਵੀ ਕਮਾਈ ਕੀਤੀ ਐ ਉਨ੍ਹੇ , ਰੱਜ ਕੇ । ਐਨ ਅੱਡੇ ਤੇ ਪੈਲੀ ਆ । ਮੁੱਢ ਮੰਡੀ ਆ । ਸਬਜ਼ੀ-ਭਾਜੀ ਗੱਡਾ ਲਹਿੰਦੀ ਆ । ਕੁੱਕੜ-ਛਿੱਕੜ ਵੱਖ ਰੱਖੇ ਵੇ ਆ । ਮਾਰ ਫੜ ਕੇ ਕੁਆਂ-ਕੁਆਂ ਹੁੰਦੀ ਆ ਚਾਰੇ ਬੰਨੇ । ਦਾਣਾ-ਫੱਕਾ,ਦੁੱਧ-ਘੇਏ,ਆਂਡਾ-ਟੀਂਡਾ,ਸਭ ਨਗਦੋ-ਨਗਦ । ਊਂ-ਊਂ ਤਾਂ ਕੱਲਾ ਪਟੋਲ-ਪੰਪ ਈ ਮਾਣ ਨਈਂ ,ਉਪਰੋਂ ਐਨਾ ਕੁਸ਼ ਹੋਅਰ ਆ ਰਲਦਾ ਆ ,ਹਰੋਜ਼ਊਂ ਭਾਅਈ ਹੱਕ-ਹਲਾਲ ਦੀ ਕਮਾਈ ਨਾ ਐਨਾ ਕੁਛ ਬਣ ਤਾਂ ਨਈਂ ਸਕਦਾ । ਫੇਅਰ ਵੀ ਬੜਾ ਫ਼ਰਕ ਹੁੰਦਾਆ ਬੰਦੇ-ਬੰਦੇ ਚ । .....ਹੋਰ ਨਹੀਂ ਕਰਦੇ ! ਸਾਰੇ ਕਰਦੇ ਆ ....। ਉਨ੍ਹੇ ਜੇ ਮਾੜਾ-ਪਤਲਾ ਕਰ ਈ ਲਿਆ ਹੇਠਾਂ-ਉੱਤਾ ਪਟੋਲ-ਡੀਜ਼ਲ ਚ ਤਾਂ ਕੀ ਆਖ਼ਰ ਆ ਗਈ ....ਜੱਟ ਭਰਾ ਆ , ਸਾਡਾ ! ਲਾਲੇ-ਬਾਣੀਏ ਤਾਂ ਸੌਹਰੀ ਦੇ ਅੱਧੋ-ਸ਼ੁੱਧ ਕਰਦੇ ਆ, ਉਨ੍ਹਾਂ ਅੱਲ ਮਜਾਲ ਈ ਕਿਸੇ ਦੀ ਉਂਗਲ ਉੱਠੇ ....।

ਬਾਜਵੇ ਦਾ ਪੱਖ ਪੂਰਦੇ ਬਾਪੂ ਜੀ ਕਈ ਵਾਰ ਲੋੜੋਂ ਵੱਧ ਉਲਾਰ ਹੋ ਜਾਂਦੇ ।

ਬਾਜਵਾ ਸੀ ਵੀ ਬਾਪੂ ਜੀ ਦਾ ਹਮ-ਜਮਾਤੀ । ਪੜ੍ਹਾਈ ਲਿਖਾਈ ਚ ਦੋਨੋਂ ਬੱਸ ਪੱਕੇ-ਠੱਕੇ ਲੰਬੜ-ਬਾਪੂ ਜੀ ਕੌਡੀ-ਘੋਲਾਂ ਦੀ ਕਪਤਾਨੀ ਕਰਕੇ ਤੇ ਬਾਜਵਾ , ਇਸ਼ਕ-ਮੁਸ਼ਕ ਦੀ ਇੱਲਤ ਕਰਕੇ । ਦੋਨਾਂ ਚ ਕਿਸੇ ਤੋਂ ਵੀ ਹਾਈ ਸਕੂਲ ਪਾਰ ਨਾ ਹੋਇਆ । ਪੜ੍ਹਾਈ ਛੱਡ ਕੇ ਬਾਪੂ ਜੀ ਛਿੰਜਾਂ ਘੁਲਣ ਲੱਗ ਪਏ ਤੇ ਬਾਜਵਾ ਉਸੇ ਆਰ੍ਹੇ ਲੱਗਾ , ਐਨ ਸਿਰੇ ਦੀ ਮਾਰ ਮਾਰ ਗਿਆ ।

ਸੜਕਾਂ-ਮੋੜਾਂ ਤੇ ਘੁਮਦਿਆਂ ਉਹਨੇ ਐਹੋ ਜਿਹੀ ਮੁਰਗੀ ਫਸਾਈ ਕਿ ਆਂਡੇ ਈ ਆਂਡੇ ਖਿੱਲਰ ਗਏ , ਉਹਦੇ ਚਾਰੇ ਬੰਨੇ । ਤੇ ਉਹ ਵੀ ਸੋਨੇ ਦੇ । ਉਹਦੀ ਮਸ਼ੂਕਾ ਦਾ ਪਿਤਾ ਫਰੀਡਮ ਫਾਈਟਰ ਸੀ । ਕਈ ਵਾਰ ਕੈਦ ਕੱਟ ਆਇਆ ਸੀ ਉਹ ਸੰਤਾਲੀ ਤੋਂ ਪਹਿਲਾਂ ਹੁਣ ਵੀ ਉਹ,ਚੈਨ ਨਹੀਂ ਸੀ ਕਰਦਾ ਘਰ । ਧਰਨੇ-ਮਜ਼ਾਹਰੇ ਨਿੱਤ ਦਾ ਸ਼ੁਗਲ ਸੀ , ਉਸ ਦਾ । ਉਹਦੀ ਸੱਜੀ ਬਾਂਹ ਸੁਣਿਆ ਕਿਧਰੇ ਬੰਬ ਬਣਾਉਂਦਿਆਂ ਈ ਉੱਡ ਗਈ । ਫਿਰ ਖੱਬੀ ਨਾਲ ਈ ਚੱਲ ਸੋ ਚੱਲ ।ਘਰ ਇੱਕ ਧੀ ਸੀ । ਪਹਿਲਾਂ ਉਹ ਮਾਂ-ਬਾਹਰੀ ਹੋ ਗਈ  , ਫਿਰ ਆਖਿਓਂ ਬਾਹਰ । ਉਸ ਦਾ ਸੂਝਵਾਨ ਪਿਓ ਉਸ ਨੂੰ ਸੌ ਟਿਟਕ ਹਟਿਆ-ਦੇਖ ਪੁੱਤਰ , ਮੈਂ ਸਾਰੀ ਉਮਰ ਈ ਦੇਸ਼ ਲੇਖੇ ਲਾਈ ਐ । ਗੱਭਰੂ ਪੀੜ੍ਹੀਆਂ ਲਈ ਅਰਪਨ ਕੀਤੀ ਐ , ਪਈ ਆਉਂਦਿਆਂ ਪੁਸ਼ਤਾਂ ਸਿਰ ਉੱਚਾ ਕਰਕੇ ਜੀਅ ਸਕਣ । ਆਪਣੀ ਹੋਣੀ ਆਪ ਘੜ ਸਕਣ । ਪਰ, ਏਸ ਆਜ਼ਾਦੀ ਦਾ ਇਹ ਅਰਥ ਨਈਂ, ਪਈ ਤੂੰ ਆਪ-ਹੁਦਰੀ ਤੁਰੀ ਫਿਰੇਂ । ਮਾਂ-ਬਾਪ ਦੀ ਇੱਜ਼ਤ ਖੇਹ-ਕੌਡੀਆਂ ਰੋਲ ਛੱਡੇਂ.........!

ਕੁੜੀ ਸੀ ਕਿ ਨਿਰੀ ਆਫ਼ਤ । ਇਕ ਕੰਨੋਂ ਸੁਣਦੀ ਦੂਜੇ ਕੱਢ ਛੱਡਦੀ ।

ਆਖਿਰ ਕਾਮਰੇਡ ਨੇ ਅਣਚਾਹਿਆ ਅੱਕ ਚੱਬ ਈ ਲਿਆ । ਕੁੜੀ ਬਾਜਵੇ ਨਾਲ ਤੁਰਦੀ ਕਰਕੇ ਆਪ ਪਾਰਟੀ ਦਫ਼ਤਰ ਜਾ ਬੈਠਾ । ਪੰਮੀ ਦੇ ਨਾਂ ਚੜ੍ਹੋ ਤੀਹ ਖੇਤ ਬਾਜਵੇ ਨੂੰ ਧੁਰ ਅਸਮਾਨੇ ਲੈ ਚੜ੍ਹੇ ।

ਦਸ ਖੇਤ ਤਾਂ ਸੌਹਰੇ ਤੇੜ ਦਾ ਨੰਗ ਵੀ ਪੂਰਾ ਨਹੀਂ ਢੱਕਦੇ ..... ਬਾਪੂ ਜੀ ਝੋਰਾ ਕਰਦੇ ,....ਤੇ ਹੁਣ ਕੁਲ ਮਿਲਾ ਕੇ ਚਾਲੀ , ਦਸ ਜਮਾਂ ਤੀਹ । ਦਿਆਲਪੂਰੀਏ ਪਹਿਲਵਾਨ ਸਰਦਾਰ ਭਗਵਾਨ ਸਿਉਂ ਨਾਲੋਂ ਅੱਧਿਓਂ ਵੀ ਘੱਟ ! ਕਿੱਥੇ ਸੋ ! ਕੱਥ ਚਾਲੀ ...! ਪਰ ਇੱਜ਼ਤ-ਛੋਹਰਤ ਮਾਣ-ਤਾਣ,ਸਰਕਾਰੇ ਦਰਬਾਰੇ ਪਹੁੰਚ , ਪੂਰੇ ਲਾਕੇ ਚ ਪੁੱਛ-ਗਿੱਛ ਸਾਰਿਆਂ ਨਾਲੋਂ ਉੱਪਰ..., ਬਾਪੂ ਜੀ ਦਾ ਤੌਖਲਾ ਛੂਤ ਦੀ ਬਿਮਾਰੀ ਵਾਗ ਵੱਧਦਾ ਗਿਆ , ਉਹਨਾਂ ਕਈ ਇਲਾਜ ਕੀਤੇ , ਕੋਈ ਖਾਸ ਆਰਾਮ ਨਾ ਆਇਆ । ਫਿਰ , ਪਿੰਡ ਦੀ ਸਰਪੰਚੀ ਹਥਿਆ ਲਈ । ਰੁਪਈਏ ਦੋਂ ਦੋ ਕੁ ਪੈਸੇ ਫ਼ਰਕ ਪਿਆ । ਬਲਾਕ-ਸੰਮਤੀਆਂ ,ਜ਼ਿਲ੍ਹਾਂ ਕਮੇਟੀਆਂ ਵੱਲ ਨਿਗਾਹ ਦੁੜਾਈ , ਉਹ ਉਈਂ ਟੁੱਟੀਆਂ ਪਈਆਂ ਸਨ , ਚਿਰਾਂ ਤੋਂ । ਅਸੰਬਲੀ ,ਤੱਕ ਪਹੁੰਚਣ ਦੇ ਵੀ ਸਾਰੇ ਰਸਤੇ ਬੰਦ ਪਏ ਸਨ, ਅਜੇ ।

ਨੌਨਿਹਾਲ ਦੇ ਵੱਡੇ ਜੋੜ ਨੂੰ ਮਿਲਾ ਕੇ ਬਾਪੂ ਜੀ ਅੰਦਰ ਉੱਗਿਆ ਰੁੱਖ , ਇਕ ਦੰਮ ਪੁਗਾਰੇ ਮਾਰਨ ਲੱਗਾ । ਹੇਠਲੇ ਉੱਤਲੇ ਕੰਮ ਕਰਦੇ ਉਹ ਚਰਨੇ ਨੂੰ ਸੌ ਵਲ੍ਹ ਪਾ ਕੇ ਮਿਲਦੇ । ਉਸਦੀਆਂ ਡੂੰਘੀਆਂ-ਗਹਿਰੀਆਂ ਗੱਲਾਂ ਧਿਆਨ ਨਾਲ ਸੁਣਦੇ । ਜਦ ਕਹੇ , ਜਿਥੇ ਕਹੇ , ਨਿਹਾਲੇ ਨੂੰ ਉਸ ਦੇ ਆਖੇ ਆਪ ਭੇਜਦੇ ! ....ਚਰਨੇ ਦੀ ਕੱਲ-ਓ-ਕੱਲੀ ਕੁੜੀ ਨਾਲ ਨਿਹਾਲੇ ਦਾ ਰਿਸ਼ਤਾ ਪੱਕਾ ਕਰਨ ਦੀ ਵੀ ਉਹਨਾਂ ਪੱਕੀ ਹਾਂ ਕਰ ਦਿੱਤੀ ।

ਰਿਸ਼ਤੇਦਾਰੀ ਦੋਹਰੀ ਪੀਡੀ ਹੋਈ ਦੇਖ, ਚਰਨੇ ਨੇ ਵੀ ਆਪਣੇ ਹਿੱਸੇ ਦੀ ਵੱਡੀ ਜੁੰਮਵਾਰੀ ਬਾਪੂ ਜੀ ਦੇ ਹਵਾਲੇ ਕਰ ਦਿੱਤੀ । ਆਪਣੀ ਫੋਰਸ ਦਾ ਖਾਸ-ਉਲ-ਖਾਸ ਆਹੁਦਾ ਉਹਨਾਂ ਨੂੰ ਸੌਂਪ , ਆਪ ਉਹ ਕਿਸੇ ਹੋਰ ਪਾਸੇ ਜੁਟ ਗਿਆ ।

ਚਰਨਾਂ ਹੁਣ ਪਹਿਲੀਆਂ ਵਾਂਗ ਬਾਪੂ ਜੀ ਨੂੰ ਖੁੱਲੇਆਮ ਬਿਲਕੁਲ ਨਹੀਂ ਸੀ ਮਿਲਦਾ । ਹੁਣ ਉਹ,ਵੇਲੇ-ਕੁਵੇਲੇ , ਰਾਤ-ਬਰਾਤੇ ਡੇਰੇ ਆਉਂਦਾ । ਨਾਲ ਲਿਆਂਦੇ ਗੱਫੇ ਬਾਪੂ ਜੀ ਕੋਲ ਸੰਭਾਲ ਜਾਂਦਾ । ਜਾਂ ਫਿਰ ਬਾਪੂ ਜੀ ਕੋਲ ਇਕੱਠੀਆਂ ਕੀਤੀਆਂ ਚੀਜ਼ਾਂ-ਵਸਤਾਂ ਆਪਣੇ ਨਾਲ ਚੁੱਕਵਾਂ ਖੜਦਾ ।

ਕਦੀ ਹਜ਼ਾਂਰਾ, ਕਦੀ ਲੱਖਾਂ ਦਾ ਆਦਾਨ ਪ੍ਰਦਾਨ ਕਰਦੇ ਬਾਪੂ ਜੀ ਦੇ ਪੈਰ ਆਪਣੀ ਥਾਂ ਤੋਂ ਹੋਰ ਚੁੱਕੇ ਗਏ ਜੱਸੂ ਬਾਜਵੇ ਸਮੇਤ ਸਾਰੇ ਲੀਡਰ ਉਹਨਾਂ ਨੂੰ ਆਪਣੇ ਸਾਹਮਣੇ ਬੋਨੇ-ਬੋਨੇ ਲੱਗਣ ਲੱਗੇ !...ਉਹਨਾਂ ਨੂੰ ਸਾਫ਼ ਸਪੱਸ਼ਟ ਜਾਪਣ ਲੱਗ ਪਿਆ ਕਿ ਚਿਰਾਂ ਤੋਂ ਅੱਧੋਰਾਣੀ ਪਈ ਉਹਨਾਂ ਦੀ ਇੱਛਾਂ-ਮੰਨਸ਼ਾ ਅੱਜ ਪੂਰੀ ਹੋਈ ਜਾ ਕੱਲ੍ਹ....।

ਚਰਨੇ ਨਾਲ ਬਾਹਰ-ਅੰਦਰ ਗਿਆ ਨਿਹਾਲਾ ਵੀ ਕਈ ਕਈ ਦਿਨ ਘਰ ਨਾ ਮੁੜਦਾ ।

ਮਾਂ ਜੀ ਨੂੰ ਜਦ ਸਾਰੀ ਗੱਲ ਦਾ ਪਤਾ ਲੱਗਾ , ਉਹ ਫਿਰ ਨਿਮੋਝੂਣ ਹੋ ਗਈ । ਨਿਮੋਝੂਣ ਈ ਨਹੀਂ ਬਹੁਤ ਈ ਮੁਰਝਾ ਗਈ । ਚਿਹਰੇ ਦੀ ਟਹਿਕ-ਮਹਿਕ ਪਰ ਲਾ ਕੇ ਉੱਡ ਗਈ । ਜਦ ਵੀ ਕੋਈ ਗੱਲ ਕਰਦੀ ,ਜੀਭ ਥਿੜਕ ਜਾਂਦੀ । ਘਰੋਂ-ਬਾਹਰ ਨਿਕਲਦੀ ਤਾਂ ਹੱਡ-ਗੋਡੇ ਲੜਖੜਾਉਂਦੇ । ਰਾਤ ਪੁਰ ਦਿਨ ਇਕੋ-ਇਕ ਤੌਖ਼ਲਾ ਸੂਲੀ ਟੰਗੀ ਰੱਖਦਾ ਕਮਾਊ-ਪੁੱਤ ਨਿਹਾਲਾ ਅੱਜ ਵੀ ਹੈ ਨਈਂ ਕਲ੍ਹ ਵੀ ਹੈ ਨਈਂ ....। ਲਾਚਾਰ ਹੋਈ ਮਾਂ ਜੀ ਨੇ ਸਾਰੀ ਦਰਦ-ਕਥਾ,ਮੁੱਛਲਾਂ ਦੇ ਜਥੇਦਾਰ ਨੂੰ ਜਾ ਸੁਣਾਈ ।

.........ਜਥੇਦਾਰੀ ,ਮੁਕੰਦੀ ਦੇ ਨਾਂ ਨਾਲ ਨਿੱਕੇ ਹੁੰਦਿਆਂ ਤੋਂ ਈ ਜੁੜ ਗਈ । ਐਗਲੋ ਸਕੂਲੇ ਪੜ੍ਹਦਾ, ਉਹ ਅਕਾਲੀ ਮੋਰਚਿਆਂ ਦੀ ਸੂਹ ਰੱਖਣ ਲੱਗ ਪਿਆ । ਚਾਬੀਆਂ ਦਾ ਮੋਰਚਾ,ਜੈਤੋ ਦਾ ਮੋਰਚਾ ,ਹਰਸਾ-ਛੀਨਾਂ ਮੋਰਚਾ-ਜਿਵੇਂ ਉਸ ਦੇ ਨੌਂਹਾ-ਪੌਟਿਆਂ ਤੇ ਉੱਕਰੇ ਗਏ ।ਨਨਕਾਣਾ-ਸਾਬ੍ਹ ਦੇ ਮੋਰਚੇ ਨੇ ਤਾਂ ਉਸਦੀ ਹਲਕੀ-ਫੁਲਕੀ ਰੂਹ,ਲਹੂ-ਲੁਹਾਣ ਹੀ ਕਰ ਦਿੱਤੀ । ............ਵਿਹੜੇ ਚੋਂ ਉਸ ਦਾ ਚਾਚਾ ਲਗਦਾ ਦਿੱਤੂ ਨਰੈਣੇ-ਸਾਧ ਦੇ ਪਤਾ ਨਈਂ ਕਿੱਦਾਂ ਡੇਹੇ ਚੜ੍ਹ ਗਿਆ ! ਉਹਦੇ ਭਾੜੇ ਤੇ ਲਿਆਂਦੇ ਪਠਾਣਾਂ ਤੋਂ ਮੂਹਰੇ ਹੋ ਕੇ ਕੀਰਤਨ ਕਰਦੇ ਸਿੰਘਾਂ ਦੇ  ਆਹੂ ਲਾਹੇ । ਦਿਆਲਪੁਰੀਏ ਜੱਟਾਂ ਨੂੰ ਲਾਜ ਲੁਆ ਦਿੱਤੀ । ਦੁਆਬੇ ਦਾ ਇਤਿਹਾਸ ਕਲੰਕੀ ਕਰ ਮਾਰਿਆ । ਮੁੰਕਦੀ ਉਦੋਂ ਲਾਹੌਰ ਪੜ੍ਹਦਾ ਸੀ ਸੱਤਵੀਂ,ਅੱਠਵੀਂ ਉਹਨੂੰ ਐਨੀ ਠੋਕਰ ਲੱਗੀ ,ਐਨਾ ਵੱਟ ਚੜ੍ਹਿਆ , ਸਾਰਾ ਕੁਝ ਛੱਡ-ਛਡਾ ਕੇ ਪਿੰਡ ਪਰਤ ਆਇਆ । ਟਾਹਲੀ ਸਾਬ੍ਹ ਗੁਰਦੁਆਰੇ ਅਰਦਾਸਾ ਸੋਧ ਕੇ , ਕਮਰ-ਕੱਸਾ ਕਰ ਲਿਆ ਪਈ ਜਿੰਨਾਂ ਚਿਰ ਵੱਡੇ-ਬੁੜ੍ਹੇ ਦੀ ਲਾਈ ਕਾਲਖ ਨਈਂ ਧੋਤੀ ਜਾਂਦੀ , ਓਨਾ ਚਿਰ ਟਿਕ ਕੇ ਨਈਂ ਬੈਠਣਾ । ਘਰ-ਗ੍ਰਿਸਤੀ ਅਲ੍ਹ ਮੂੰਹ ਨਈਂ ਕਰਨਾ ....। ਲੈ , ਉਹ ਦਿਨ ਜਾਏ ਤੇ ਅੱਜ ਦਾ ਦਿਨ ਆਏ ,