ਲਾਲ ਸਿੰਘ ਦੇ ਸੱਤਵੇ ਕਹਾਣੀ ਸੰਗ੍ਰਹਿ “ਸੰਸਾਰ ” ਦਾ ਲੋਕ ਅਰਪਣ

ਪੰਜਾਬੀ ਸਾਹਿਤ ਸਭਾ ਹੁਸ਼ਿਆਰਪੁਰ ਦੀ ਇੱਕ ਵਿਸ਼ੇਸ਼ ਮੀਟਿੰਗ ਡਾ ਕਰਮਜੀਤ ਸਿੰਘ ਅਤੇ ਪ੍ਰਿੰਸੀਪਲ ਡਾ ਪਰਮਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ । ਜਿਸ ਵਿੱਚ ਪ੍ਰੋ. ਬਲਦੇਵ ਸਿੰਘ ਬੱਲੀ ੳਚੇਚੇ ਤੌਰ ਤੇ ਸ਼ਾਮਿਲ ਹੋਏ । ਮੀਟਿੰਗ ਵਿੱਚ ਕਹਾਣੀਕਾਰ ਲਾਲ ਸਿੰਘ ਦਾ ਸੱਤਵਾਂ ਕਹਾਣੀ ਸੰਗ੍ਰਹਿ ‘ਸੰਸਾਰ ’ ਦਾ ਲੋਕ ਅਰਪਣ ਕੀਤਾ ਗਿਆ । ਕਹਾਣੀਕਾਰ ਦੀ ਕਹਾਣੀ ਬਾਰੇ ਗੱਲ ਕਰਦਿਆਂ ਡਾ. ਕਰਮਜੀਤ ਸਿੰਘ ਨੇ ਕਿਹਾ ਕਿ ਲਾਲ ਸਿੰਘ ਆਪਦੀ ਕਹਾਣੀ ਵਿੱਚ ਮਾਨਵਵਾਦੀ ਚੇਤਨਾ ਨੂੰ ਦੁਆਬੀ ਭਾਸ਼ਾ ਵਿੱਚ ਗੁੰਨ ਕੇ ਪੇਸ਼ ਕਰਨ ਵਾਲਾ , ਜੁਗਾੜਬੰਦੀ ਤੋਂ ਕੋਹਾਂ ਦੂਰੀ ਤੇ ਰਹਿਣ ਵਾਲਾ ਕਹਾਣੀਕਾਰ ਹੈ । ਉਹਨਾਂ ਕਿਹਾ ਕਿ ਕਹਾਣੀਕਾਰ ਅਤੇ ਚਿੰਤਕ ਮਾਸਟਰ ਲਾਲ  ਸਿੰਘ  ਮਾਰਕਸਵਾਦੀ ਵਿਚਾਰਧਾਰਾ ਨਾਲ ਜੁੜਿਆ ਹੋਣ ਕਰਕੇ ਬੁਨਿਆਦੀ ਤੌਰ ਉਤੇ ਵਿਚਾਰਧਾਰਕ ਪ੍ਰਤੀਬੱਧਤਾ ਵਾਲਾ ਕਥਾਕਾਰ ਹੈ ।ਡਾ. ਪਰਮਜੀਤ ਸਿੰਘ ਨੇ ਉਸਨੂੰ  ਮਾਰਕਸਵਾਦੀ  ਵਿਚਾਰਧਾਰਾ ਨਾਲ ਜੁੜਿਆ ਤੇ ਬੁਨਿਆਦੀ ਤੌਰ ਤੇ ਵਿਚਾਰਧਾਰਾ ਪ੍ਰਤੀਬੱਧਤਾ ਵਾਲਾ ਕਥਾਕਾਰ ਕਿਹਾ । ਜਿਹੜਾ ਕਹਾਣੀ ਦੀ ਵਿਧਾ ਨੂੰ ਗਣਿਤ ਸ਼ਾਸ਼ਤਰੀ ਵਾਂਗ ਸਮਝਣ ਦਾ ਨਿਵੇਕਲਾ ਸੁਹਜ ਸ਼ਾਸ਼ਤਰ ਘੜਦਾ ਹੈ । ਉਸ ਨੇ  ਕਹਾਣੀ  ਲਿਖਣ  ਲਈ  ਅਤੇ  ਇਸਦੇ  ਸੁਹਜ ਤੇ ਪ੍ਰਭਾਵ ਨੂੰ ਤਿਮੇਰਾ ਕਰਨ ਲਈ ਸਮਾਜੀ ਸ਼ਬਦਾਂ ਦੀ ਭਰਪੂਰ ਵਰਤੋਂ ਕੀਤੀ ਹੈ ।  ਉਸ ਦੀ ਕਹਾਣੀ ਦੀ ਬਣਤਰ ਨੂੰ ਸਮਝਣਾ ਉਨ੍ਹਾਂ ਸਥਿਤੀਆਂ ਨੂੰ ਵੀ ਸਮਝਣਾ ਹੈ , ਜਿਨ੍ਹਾਂ  ਕਾਰਨ ਇਹ ਪੈਦਾ ਹੋਈ ਹੈ । ਪ੍ਰੋ ਬਲਦੇਵ ਸਿੰਘ ਬੱਲੀ ਅਤੇ ਮਦਨ ਵੀਰਾ ਨੇ ਲਾਲ ਸਿੰਘ ਨੂੰ ਪੰਜਾਬ ਨੂੰ ਪੰਜਾਬ ਦੇ ਸੱਭਿਆਚਾਰਕ ਵਰਤਾਰੇ ਵਿੱਚੋਂ ਆਮ ਲੋਕਾਂ ਦੇ ਆਰਥਿਕ , ਰਾਜਨੀਤਕ , ਸਮਾਜਿਕ , ਵਿੱਦਿਅਕ , ਸਾਹਿਤਕ ,ਮਨੋਵਿਗਆਨਕ ਸਮੱਸਿਆ  ਗ੍ਰਸਤ ਪਹਿਲੂਆਂ ਨੂੰ ਦਰਸਾਉਣ ਵਾਲਾ ਅਤੇ ਇਨ੍ਹਾਂ ਨਾਲ ਸਬੰਧਤ ਢਾਚਿਆਂ ਉੱਤੇ ਵਿਅੰਗਆਤਮਕ ਸੱਟ ਮਾਰਨ ਵਾਲਾ ਕਹਾਣੀਕਾਰ ਕਿਹਾ । ਡਾ. ਮਨਮੋਹਨ ਸਿੰਘ ਤੀਰ ਨੇ ਲਾਲ ਸਿੰਘ ਦੀ ਕਹਾਣੀ ਨੂੰ ਸਮਕਾਲੀ ਪੰਜਾਬੀ ਕਹਾਣੀ ਦੀ ਨਿਵੇਕਲੀ  ਪਛਾਣ ਕਿਹਾ । ਸਮਾਗਮ ਦੌਰਾਨ ਸਟੇਜ ਦੀ ਕਾਰਵਾਈ ਡਾ.ਜਸਵੰਤ ਰਾਏ ਨੇ ਨਿਭਾਈ । ਇਸ ਮੌਕੇ ਸ਼ਾਇਰ ਜਸਬੀਰ ਸਿੰਘ ਧੀਮਾਨ, ਤ੍ਰਿਪਤਾ ਕੇ ਸਿੰਘ , ਪ੍ਰਿੰ ਸਤਵੰਤ ਕਲੋਟੀ , ਸਤੀਸ਼ ਕੁਮਾਰ, ਅਮਰਜੀਤ ਸਿੰਘ , ਆਯੂਸ਼ ਸ਼ਰਮਾ , ਸੰਦੀਪ ਕੁਮਾਰ , ਗੁਰਪ੍ਰੀਤ ਕੌਰ, ਸੁਰਿੰਦਰ ਕੰਗਵੀ ,ਲਖਵਿੰਦਰ ਰਾਮ, ਡਾ. ਪਰਮਜੀਤ ਕੌਰ ,ਡਾ. ਲਖਵਿੰਦਰ ਰਾਮ, ਡਾ. ਰਵਿੰਦਰ ਕੌਰ, ਡਾ. ਧਰਮਪਾਲ ਸਾਹਿਲ, ਪ੍ਰੀਤ ਨੀਤ ਪੁਰ, ਕਰਨੈਲ ਸਿੰਘ ਨੇਮਨਾਮਾ, ਸੁਰਿੰਦਰ ਸਿੰਘ ਨੇਕੀ , ਡਾ. ਭੁਪਿੰਦਰ ਕੌਰ, ਹਰਵਿੰਦਰ ਸਾਹਬੀ , ਸੋਮਦੱਤ ਦਿਲਗੀਰ , ਗੌਰਵ ਕਾਲੀਆ ਅਤੇ ਸਾਹਿਤ ਪ੍ਰੇਮੀ ਹਾਜ਼ਿਰ ਸਨ ।

ਸਮਕਾਲੀ ਯਥਾਰਥ  ਦੀਆਂ ਬੇਤਰਤੀਬੀਆਂ ਦੇ ਖਰ੍ਹਵਾ ਕਥਾ ਬਿੰਥ – ਸੰਸਾਰ

ਡਾ. ਜੇ.ਬੀ. ਸੇਖੋਂ

(ਜਲੰਧਰ ਦੇਸ਼ ਭਗਤ ਯਾਦਗਾਰੀ ਹਾਲ ਵਿੱਚ ਹੋਈ ਗੋਸ਼ਟੀ)


ਲਾਲ ਸਿੰਘ ਸਮਕਾਲੀ ਪੰਜਾਬੀ ਕਹਾਣੀ ਦਾ ਵਿਸ਼ੇਸ਼ ਨਾਮ ਹੈ । ਉਹ ਚੌਥੇ ਪੜਾਅ  ਦੀ ਪੰਜਾਬੀ ਕਹਾਣੀ  ਦੇ ਵੱਖਰੇ ਰੁਝਾਨਾਂ ਵਿੱਚ ਪ੍ਰਤੀਨਿਧੀ ਭੂਮਿਕਾ ਨਿਭਾ ਰਿਹਾ ਹੈ । ਚੌਥੇ ਪੜਾਅ ਦੀ ਕਹਾਣੀ ਨੂੰ ਵਸਤੂ , ਰੂਪ ਅਤੇ ਦ੍ਰਿਸ਼ਟੀ ਪੱਖੋਂ ਨਵਾਂਪਨ ਦੇਣ ਵਿੱਚ ਕਹਾਣੀ ਦੇ ਆਲੋਚਕਾਂ ਵੱਲੋਂ ਕਥਾਕਾਰਾਂ ਦੀ ਭੂਮਿਕਾ ਅਹਿਮ ਮੰਨੀ ਜਾ ਰਹੀ  ਹੈ। ਲਾਲ ਸਿੰਘ ਪ੍ਰੋੜ ਉਮਰ ਦਾ ਕਥਾਕਾਰ ਹੈ,ਪਰ ੳਬਸਦੀ ਕਥਾ ਚੇਤਨਾ ਵਿੱਚ ਉਹ ਸਭ ਕੁਝ ਹੈ ਜੋ ਚੌਥੇ ਪੜਾਅ ਦੀ ਕਹਾਣੀ ਦੀ ਵੱਖਰਤਾ ਵਿੱਚ ਮੌਜੂਦ ਹੈ । ਲਾਲ ਸਿੰਘ ਦੀ ਕਥਾਕਾਰੀ ਜਟਿਲ ਬਿਰਤਾਂਤ ਬਣਤਰ ਵਾਲੀ ਹੈ ਜਿਸ ਵਿੱਚੋਂ ਸਮਾਜਿਕ ਯਥਾਰਥ ਦੀਆਂ ਬਹੁਪਾਸਾਰੀ ਵਿਸਫੋਟਕ ਹੋ ਰਹੀਆਂ ਹਨ। ਚੌਥੇ ਪੜਾਅ ਦੀ ਕਹਾਣੀ ਜਿਸ ਕਿਸਮ ਦੇ ਟਾਕਰਵੇਂ ਵਿਚਾਰਾਂ , ਪਾਤਰਾਂ ਦੇ ਵਿਸਫੋਟਕ ਉਚਾਰ ਅਤੇ  ਲੁਕੇ ਸਮਾਜਿਕ ਯਥਾਰਥ ਨੂੰ ਆਪਣੇ ਨਿਵੇਕਲੇ ਸ਼ਿਲਪ ਵਿਧਾਨ ਵਿੱਚ ਪ੍ਰਸਤੁਤ ਕਰ ਰਹੀ ਹੈ ਲਾਲ ਸਿੰਘ ਦੀ ਕਹਾਣੀ ਇਸਦਾ ਪ੍ਰਮਾਣ ਹੈ। ਉਸਦੀ ਬਿਰਤਾਂਤ ਦ੍ਰਿਸ਼ਟੀ ਮਾਰਕਸੀ ਵਿਚਾਰਧਾਰਾ ਦੇ ਰਚਨਾਤਮਿਕ ਰੂਪ ਵਾਲੀ ਹੈ।ਉਹ ਮਾਰਕਸੀ ਪ੍ਰਗਤੀਵਾਦੀ ਸਿਧਾਂਤ ਦੀ ਮੌਖਿਕ ਅਤੇ ਕੱਟੜਤਾ ਵਾਲੀ ਗਲਪੀ ਦ੍ਰਿਸ਼ਟੀ ਦਾ ਪੂਜਕ ਨਹੀ ਸਗੋਂ ਕਾਰਪੋਰੇਟ ਸੈਕਟਰ ਦੀ ਸੱਤਾ ਨਾਲ ਸਾਂਝ ਭਿਆਲੀ ਦੇ ਯੁੱਗ ਵਿੱਚ ਲੋਕ ਹਿਤੂ ਸਿਧਾਂਤਾਂ ਦੀ ਪ੍ਰਸੰਗਿਕਤਾ ਨੂੰ ਸੰਵਾਦ ਦੇ ਨਜ਼ਰੀਏ ਤੋਂ ਪ੍ਰਸਤੁਤ ਕਰਨ ਵਾਲਾ ਲੇਖਕ ਹੈ। ਹੁਣ ਦੀ ਕਹਾਣੀ ਵਿਚਾਰਧਾਰਾ ਦੀ ਫੋਰਸ ਨਾਲ ਨਹੀਂ ਤੁਰਦੀ ਸਗੋਂ ਟਾਕਰਵੇਂ ਹਾਲਾਤ ਦੀ ਉਪਜ ਵਿਚੋਂ ਪੈਦਾ ਹੁੰਦੇ ਸਾਪੇਖ ਸੱਚ ਨੂੰ ਕਈ ਕੋਣਾਂ ਤੋਂ ਉਭਾਰ ਕੇ ਪੇਸ਼ ਕਰ ਰਹੀ ਹੈ ।ਇਹ ਕਹਾਣੀ ਵਿਸ਼ਵੀਕਰਨ ਦੇ ਗੜਬੜੀਆਂ ਵਾਲੇ ਸਮਿਆਂ ਦੀ ਸੰਵੇਦਨਾ ਨੂੰ ਰਜਿਸਟਰ ਕਰ ਰਹੀ ਹੈ ਅਤੇ ਵਸਤੂ ਵਿਧਾਨ ਪੱਖੋਂ ਹੀ ਨਹੀਂ ਸਗੋਂ ਸ਼ਿਲਪ ਵਿਧਾਨ ਪੱਖੋਂ ਵੀ ਵਿਲੱਖਣ ਗਲਪੀ ਪ੍ਰਬੰਧ ਉਸਾਰ ਰਹੀ ਹੈ । ਲਾਲ ਸਿੰਘ ਦੀ ਕਥਾ ਵਾਰਤਾ ਵੀ ਇਸੇ ਪਰੰਪਰਾ ਨੂੰ ਹੋਰ ਵਿਸਥਾਰ ਦਿੰਦੀ ਹੈ । ਲਾਲ ਸਿੰਘ ਪੂੰਜੀਵਾਦੀ ਵਿਸ਼ਵੀਕਰਨ ਦੀਆਂ ਤਿੱਖੀਆਂ  ਅਲਾਮਤਾਂ ਦਾ ਜਾਣਕਾਰ ਹੀ ਨਹੀਂ ਸਗੋਂ ਭੇਤੀ ਵੀ ਹੈ । ਪੂੰਜੀਵਾਦੀ ਵਿਸ਼ਵੀਕਰਨ ਜਿਸ ਕਿਸਮ ਦੇ ਸੰਕਟ ਲੈ ਕੇ ਪੰਜਾਬੀ ਸਭਿਆਚਾਰ ਵਿੱਚ ਦਾਖਿਲ ਹੁੰਦਾ ਹੈ ਇਸ ਵਰਤਾਰੇ ਨੂੰ ਸਮਕਾਲੀ ਦੀ ਕਹਾਣੀ ਵਿੱਚ ਲਾਲ ਸਿੰਘ ਵਰਗੇ ਕਥਾਕਾਰ ਚਿੰਤਨ ਦੀ ਪੱਧਰ ਉੱਤੇ ਜਾ ਕੇ ਪ੍ਰਸਤੁਤ ਕਰਦੇ ਹਨ। ਵਰਤਮਾਨ ਦੀ ਕਹਾਣੀ ਪੰਜਾਬ ਦੇ ਇਸੇ ਯਥਾਰਥ ਦੇ ਰੂ-ਬ-ਰੂ ਹੈ ਜਿਸ ਵਿੱਚ ਕਾਰਪੋਰੇਟ ਸੈਕਟਰ ਦੇ ਖਪਤਵਾਦੀ ਰੁਝਾਨਾਂ ਨੇ ਪੰਜਾਬੀ ਲੋਕਾਂ ਨੂੰ ਸੱਭਿਆਚਾਰ ਦੇ ਉਸਾਰੂ ਜੀਵਨ ਮੁੱਲਾਂ ਤੋਂ ਵਿਛੁੰਨ ਕੇ ਪਦਾਰਥਵਾਦੀ ,ਉਪਭੋਗੀ ਅਤੇ ਵਿਅਕਤੀਵਾਦੀ ਅਲਾਮਤਾਂ ਨਾਲ ਜੋੜ ਦਿੱਤਾ ਹੈ। ਲਾਲ ਸਿੰਘ ਦਾ ਪਹਿਲਾ ਕਹਾਣੀ ਸੰਗ੍ਰਹਿ “ ਮਾਰਖੋਰੇ ” 1984 ਵਿੱਚ ਛਪਦਾ ਹੈ ਇਸ ਪਿੱਛੋਂ 1986 ਵਿੱਚ “ਬਲੌਰ ”, 1990 ਵਿੱਚ “ ਧੁੱਪ-ਛਾਂ “ ,1996 ਵਿੱਚ ਕਾਲੀ ਮਿੱਟੀ , 2003 ਵਿੱਚ “ਅੱਧੇ ਅਧੂਰੇ ” ਅਤੇ 2009 ਵਿੱਚ “ ਗੜ੍ਹੀ ਬਖ਼ਸ਼ਾ ਸਿੰਘ ” ਨਾਮਕ ਕਥਾ ਸੰਗ੍ਰਿਹ ਛਪਦੇ ਹਨ । ਲੇਖਣੀ ਦੀ ਇਹ ਵਿਰਾਸਤ ਲਾਲ ਸਿੰਘ ਨੂੰ ਉਸ ਕਹਾਣੀ ਦੇ ਵੀ ਸਮਾਨ ਅੰਤਰ ਰੱਖਦੀ ਹੈ ਜਿਸਦੀ ਪੰਜਾਬੀ ਕਹਾਣੀ ਦੇ ਤੀਜੇ ਪੜਾਅ ਦੇ ਪਿਛਲੇ ਸਮਿਆਂ ਦੌਰਾਨ ਦੇਹ ਦੇ ਜਸ਼ਨੀ ਸਰੋਕਾਰਾਂ ਅਤੇ ਵਰਜਿਤ ਰਿਸ਼ਤਿਆਂ ਨੂੰ ਕਹਾਣੀ ਦਾ ਇਕੋ ਇੱਕ ਕੇਂਦਰ ਬਣਾ ਕੇ ਪ੍ਰਸਤੁਤ ਕਰਦੀ ਰਹੀ ਹੈ।ਇਹ ਦੌਰ ਵਰਜਿਤ ਰਿਸ਼ਤਿਆਂ ਅਤੇ ਕਾਮੁਕ ਮਨੋਂ ਗੁੰਝਲਾਂ ਦੁਆਲੇ ਭਿਣਭਿਣਾਉਂਦੀ ਕਥਾਕਾਰੀ ਦਾ ਦੌਰ ਹੈ । ਲਾਲ ਸਿੰਘ ਅਜਿਹਾ ਪ੍ਰਭਾਵ ਲੈਣ ਦੀ ਥਾਂ ਮਾਰਖੋਰੇ, ਧੁੱਪ-ਛਾਂ, ਨਾਈਟ ਸਰਵਿਸ , ਬਲੌਰ ਵਰਗੀਆਂ ਕਹਾਣੀਆਂ ਲਿਖ ਕੇ ਉਸ ਸਮੇਂ ਦਹਿਸ਼ਤਗਰਦਾਂ ਅਤੇ ਸਟੇਟ ਦੇ ਜ਼ਬਰ ਵਿੱਚ ਪਿਸਦੀ ਲੋਕਾਈ ਦੇ ਦਰਦ ਨੂੰ ਪ੍ਰਗਤੀਵਾਦੀ ਨਜ਼ਰੀਏ ਤੋਂ ਪੇਸ਼ ਕਰਦਾ ਹੈ। ਇਸਦੇ ਨਾਲ ਉਸਦੀ ਕਹਾਣੀ ਪੰਜਾਬੀ ਸਮਾਜ ਦੇ ਜਾਤੀ ਜਮਾਤੀ ਪ੍ਰਸੰਗਾਂ ਨੂੰ ਪ੍ਰਸਤਤ ਕਰਦੀ ਪੰਜਾਬੀ ਦੇ ਰਾਜਨੀਤਕ, ਆਰਥਿਕ ਅਤੇ ਸਮਾਜਿਕ ਢਾਂਚੇ ਉੱਤੇ ਕਾਬਜ਼ ਧਿਰਾਂ ਵੱਲੋਂ ਮਿਹਨਤਕਸ਼ ਵਰਗਾਂ ਦੀ ਕੀਤੀ ਜਾਂਦੀ ਲੁੱਟ ਖਸੁੱਟ ਪ੍ਰਤੀ ਤਿੱਖੇ ਪ੍ਰਵਚਨ ਉਚਾਰਦੀ ਹੈ।ਉਸਦੀਆਂ ਸਮੁੱਚੀਆਂ ਕਹਾਣੀਆਂ ਦਾ ਕੇਂਦਰੀ ਨੁਕਤਾ ਸਾਮਰਾਜੀ ਤਾਕਤਾਂ ਦੇ ਵਿਦੇਸ਼ੀ ਅਤੇ ਦੇਸੀ ਰੂਪਾਂ ਦੁਆਰਾ ਹਾਸ਼ੀਅਤ ਵਰਗਾਂ ਨਾਲ ਕੀਤੇ ਜਾਂਦੇ ਸਮਾਜਿਕ ਅਨਿਆਂ ਵਿਰੁੱਧ ਉਗਰ ,ਖਰ੍ਹਵੇਂ ਅਤੇ ਬੜਬੋਲੇ ਉਚਾਰਾਂ ਵਾਲੇ ਕਥਾ ਸ਼ਿਲਪ ਦਾ ਪ੍ਰਸਾਰ ਕਰਨਾ ਹੈ । ਇਸ ਪੱਖੋਂ ਉਹ ਵਕਤ ਦੀ ਚਾਲ ਨੂੰ ਪਛਾਣ ਕੇ ਆਪਣੀ ਕਹਾਣੀ ਨੂੰ ਚਿੰਤਨ ਪ੍ਰਧਾਨ ਬਣਾਉਣ ਵਾਲਾ ਸੁਚੇਤ ਕਥਾਕਾਰ ਹੈ। 1990 ਤੋਂ ਬਾਅਦ ਸਮਾਜਵਾਦੀ ਬਲਾਕ ਦੇ ਟੁੱਟਣ ਅਤ ਵਿਸ਼ਵੀਕਰਨ ਦੀਆਂ ਨੀਤੀਆਂ ਦੇ ਫੈਲਾਅ ,ਸੂਚਨਾ ਸੰਚਾਰ ਸਾਧਨਾਂ ਦੀ ਬਹੁਤਾਂਤ ਅਤੇ ਉਪਭੋਗੀ ਸੱਭਿਆਚਾਰ ਦੇ ਪ੍ਰਚਲਨ ਨਾਲ ਜਿਸ ਤਰ੍ਹਾਂ ਸੰਘਰਸ਼ ਦੀ ਰੂੜ੍ਹੀ ਅਤੇ ਨਾਇਕ ਕੇਂਦਰਿਤ ਕਥਾਕਾਰੀ ਕਹਾਣੀ ਦੇ ਦ੍ਰਿਸ਼ ਵਿੱਚੋਂ ਲੋਪ ਹੁੰਦੀ ਹੈ ਉਸਦਾ ਪ੍ਰਗਟਾਵਾ ਲਾਲ ਸਿੰਘ ਦੀਆਂ ਕਹਾਣੀਆਂ ਅੰਦਰ ਦਰਜ ਹੈ ।ਇਸ ਕਹਾਣੀ ਵਿੱਚ ਇਕਹਿਰੇ ਯਥਾਰਥ ਦੀ ਥਾਂ ਬਹੁਪਰਤੀ ਯਥਾਰਥ ,ਨਿਰਪੇਖ ਸੱਚ ਦੀ ਥਾਂ ਸਾਪੇਖ ਸੱਚ ,ਜਿੱਤ ਦੀ ਥਾਂ ਹਾਰ ਦਾ ਬਿਰਤਾਂਤ ,ਨਾਇਕ ਦੀ ਸੂਰਮਗਤੀ ਦੀ ਥਾਂ ਵਿਗਠਨਕਾਰੀ ,ਰਾਹ ਦੀ ਥਾਂ ਤਣਾਓ ,ਲੇਖਣੀ ਦੇ ਸਰਬਗਿਆਨ ਦੀ ਥਾਂ ਅਰਥਾਂ ਦਾ ਭੇੜ ,ਚੇਤਨ ਦੀ ਥਾਂ ਅਵਚੇਤਨ ,ਵਿਅੰਗ ਦੀ ਥਾਂ ਵਿਡੰਬਨਾ ,ਕਹਾਣੀ ਸੁਣਾਉਣ ਦੀ ਥਾਂ ਦਿਖਾਉਣ ,ਦਿਸਦੇ ਸੱਚ ਦੀ ਥਾਂ ਅਣਦਿਸਦੇ ਸੱਚ ਨਾਲ ਜੁੜੇ ਕਥਾ ਸਰੋਕਾਰ ਪ੍ਰਵੇਸ਼ ਕਰਦੇ ਹਨ। ਕਹਾਣੀ ਦਾ ਇਹ ਨਵਾਂ ਸੁਹਜ ਅਤੇ ਸ਼ਿਲਪ ਵਿਧਾਨ ਵਿਸ਼ਵੀਕਰਨ ਦੀਆਂ ਨੀਤੀਆਂ ਤੋਂ ਕਾਰਪੋਰੇਟ ਸੈਕਟਰ ਦੀ ਚੜਤ ਦੌਰਾਨ ਬਦਲਦੇ ਪੰਜਾਬੀ ਸਮਾਜ ਦੀ ਕਠੋਰਤਾ ਵਿੱਚੋਂ ਰੂਪਮਾਨ ਹੋ ਰਿਹਾ ਹੈ। ਲਾਲ ਸਿੰਘ ਦੀ ਕਹਾਣੀ ਵੀ ਇਸੇ ਸਮਾਜੀ ਕਠੋਰਤਾ ਤੋਂ ਉੱਪਜੀਆਂ ਕਥਾ ਸਥਿਤੀਆਂ ਉੱਤੇ ਆਪਣੀ ਬੁਣਤੀ ਬੁਣਦੀ ਹੈ। ਜਿਸ ਵਿੱਚ ਸਮਕਾਲੀ ਸਮਾਜਿਕ ਯਥਾਰਥ ਦੀ ਕਰੂਰਤਾ ਦਾ ਭਰਪੂਰ ਪ੍ਰਗਟਾਵਾ ਮਿਲਦਾ ਹੈ। ਲੇਖਕ ਕਾਰਪੋਰੇਟ ਸੈਕਟਰ ਦੀ ਅੰਨ੍ਹੀ ਚੜਤ ਤੋਂ ਪੈਦਾ ਹੋ ਰਹੇ ਸਮਾਜਿਕ ਦੁਖਾਂਤ ਪ੍ਰਤੀ ਚਿੰਤਾਤੁਰ ਹੀ ਨਹੀਂ ਸਗੋਂ ਚੇਤੰਨ ਵੀ ਹੈ ਇਸੇ ਕਰਕੇ ਉਹ ਕਾਰਪੋਰੇਟ ਵਰਤਾਰਿਆਂ ਦੇ ਰਾਜਨੀਤੀ ਅਤੇ ਸਰਮਾਏਦਾਰੀ ਨਾਲ ਹੁੰਦੇ ਨਾਪਾਕ ਗਠਜੋੜ ਦੀ ਸਿਆਸਤ ਦਾ ਭੇਤੀ ਹੈ । ਉਸਦੀਆਂ ਵਰਤਮਾਨ ਕਹਾਣੀਆਂ ਪੰਜਾਬ ਦੇ ਮੌਜੂਦ ਸੰਕਟਾਂ ਦਾ ਇਕਹਿਰਾ ਪਰਿਪੇਖ ਪੇਸ਼ ਕਰਨ ਨਾਲੋਂ ਇਨ੍ਹਾਂ ਦਾ ਬਹੁਪਾਸਾਰੀ ਚਿਹਰਾ ਰੂਪਮਾਨ ਕਰਦੀਆਂ ਹਨ। ਬਾਕੀ ਕਥਾਕਾਰਾਂ ਤੋਂ ਉਸਦੀ ਭਿੰਨਤਾ ਹੈ ਕਿ ਉਹ ਪੰਜਾਬ ਦੇ ਜੁਝਾਰੂ ਮਾਦੇ ਵਾਲੇ ਸੱਭਿਆਚਰਕ ਅਤੇ ਇਤਿਹਾਸਿਕ ਪਿਛੋਕੜ ਦੀ ਸਮਝ ਰੱਖਦਾ ਇਸਦੀ ਸਦੀਵੀ ਪ੍ਰਸੰਗਿਕਤਾ ਦਾ ਅਹਿਸਾਸ ਵੀ ਕਰਵਾਉਂਦਾ ਹੈ ।ਇਸੇ ਕਰਕੇ ਉਹ ਆਪਣੀ ਮਾਰਕਸੀ ਕਥਾ ਦ੍ਰਿਸ਼ਟੀ ਨੂੰ ਕਿਸੇ ਮਕੈਨੀਕਲ ਸਿਧਾਂਤਵਾਦੀ ਦੀ ਜਕੜ ਨਾਲੋਂ ਇਸਦੀ ਲੋਕ ਪੱਖੀ ਭੂਮਿਕਾ ਨੂੰ ਆਪਣੇ ਇਤਿਹਾਸ ਦੇ ਪ੍ਰੇਰਨਾਦਇਕ ਨਾਇਕਾਂ, ਘਟਨਾਵਾਂ ਅਤੇ ਵਰਤਾਰਿਆਂ ਨਾਲ ਮੇਲ ਜੋੜ ਕੇ ਪ੍ਰਸਾਰਦਾ ਹੈ । ਲਾਲ ਸਿੰਘ ਦੀਆਂ ਕਹਾਣੀਆਂ ਦਾ ਇਕ ਸਰੋਕਾਰ ਕਮਿਊਨਿਸਟ ਲਹਿਰ ਦੇ ਚਿੰਤਨ ਨਾਲ ਜੁੜਿਆ ਹੈ । ਕਮਿਊਨਿਸਟ ਲਹਿਰ ਗਲਪੀ ਮੁਲਾਂਕਣ ਕਰਦਿਆਂ ਉਹ ਲਹਿਰ ਦੀ ਕਥਿਤ ਅਸਫ਼ਲਤਾ ਤੇ ਕੱਛ ਵਜਾਉਣ ਵਾਲੀ ਗਲਪੀ ਸਿਆਸਤ ਨਹੀਂ ਖੇਡਦਾ ਸਗੋਂ ਲਹਿਰ ਦੇ ਮਨਸੂਬਿਆਂ ਦੀ ਅਪ੍ਰਾਪਤੀ ‘ਤੇ ਮੰਥਨ ਕਰਦਾ ਦੱਬੀਆਂ ਘੁੱਟੀਆਂ ਰਗਾਂ ‘ਤੇ ਹੱਥ ਧਰਦਾ ਹੈ ।ਇਸਦੇ ਨਾਲ ਨਾਲ ਖੁਦਕੁਸ਼ੀਆਂ ਦੇ ਰਾਹ ਪਈ ਪੰਜਾਬ ਦੀ ਕਿਸਾਨੀ , ਨੌਜਵਾਨਾਂ ਦੀ ਦਿਸ਼ਾਹੀਣਤਾ, ਦਿਹਾਤੀ ਖੇਤਰ ਵਿੱਚ ਉਪਭੋਗਤਾਵਾਦੀ ਰੁਚੀਆਂ ਦੇ ਦਖ਼ਲ , ਗਲੋਬਲ ਪਿੰਡ ਦੇ ਵਿਕਾਸ ਮਾਡਲ ਵੱਲੋਂ ਮੰਡੀ ਅਤੇ ਬਾਜ਼ਾਰ ਦੇ ਖੜ੍ਹੇ ਕੀਤੇ ਤਲਿੱਸਮ ਵਿੱਚ ਉਲਝੀ ਪੰਜਾਬੀ ਬੰਦਿਆਈ ਨੂੰ ਆਏ ਸੰਕਟਾਂ ‘ਤੇ ਰੁਦਨ ਕਰਨਾ ਵੀ ਉਸ ਦੇ ਕਥਾ ਮਰਕਜ਼ ਦਾ ਹਿੱਸਾ ਰਿਹਾ ਹੈ । ਲਾਲ ਸਿੰਘ ਦੇ ਕਥਾ ਪਾਤਰ ਬੇਚੈਨ ਕਿਸਮ ਦੇ ਅਤੇ ਆਪਣੇ ਅਸਲੇ ਤੋਂ ਉਖੜੇ ਹੋਏ ਹਨ। ਇਨ੍ਹਾਂ ਦੀ ਅਸਹਿਜ , ਅਸ਼ਾਂਤ ਅਤੇ ਅਸਥਿਰ ਮਾਨਸਿਕਤਾ ਲਈ ਜਿਸ ਕਿਸਮ ਦੀ ਗੁੰਝਲਦਾਰ ਕਥਾ ਭਾਸ਼ਾ ਦੀ ਲੋੜ ਹੈ ਲਾਲ ਸਿੰਘ ਦੀ ਭਾਸ਼ਾ ਦੀ ਲੋੜ ਨੂੰ ਪੂਰਾ ਕਰਦਾ ਹੈ । ਕਈ ਵਾਰ ਗੁੰਝਲਦਾਰ ਕਥਾ ਜੁਗਤਾਂ ਦੀ ਸ਼ਿਕਾਰ ਹੋ ਕੇ ਉਸਦੀ ਕਹਾਣੀ ਰਵਾਨੀ ਰਹਿਤ ਅਤੇ ਕਥਾ ਰਸ ਤੋਂ ਵਿਰਵੀ ਹੁੰਦੀ ਜਾਂਦੀ ਹੈ । ਪਰ ਲੇਖਕ ਦੀ ਪ੍ਰਗਤੀਵਾਦੀ ਅਤੇ ਮਾਨਵਵਾਦ ਲਈ ਪ੍ਰਤੀਬੱਧਤਾ ਪਾਠਕਾਂ ਨੂੰ ਜ਼ਿੰਦਗੀ ਜੀਉਣ ਦਾ ਕੋਈ ਨਾਲ ਕੋਈ ਰਸਤਾ ਪ੍ਰਦਾਨ ਕਰਦੀ ਨਵੀਆਂ ਚਿੰਤਨੀ ਦਿਸ਼ਾਵਾਂ ਨਾਲ ਜੋੜਦੀ ਹੈ । ਉਪਰੋਤਕ ਚਰਚਾ ਦੇ ਪ੍ਰਸੰਗ ਵਿੱਚ  ਲਾਲ ਸਿੰਘ ਦੀ ਵਿਚਾਰ ਅਧੀਨ ਪੁਸਤਕ “ਸੰਸਾਰ ” ਦੇ ਕੇਂਦਰੀ ਥੀਮ ਵੀ ਸਮਕਾਲ ਦੇ ਸੰਸਾਰੀਕਰਨ ਦੇ ਵਰਤਾਰੇ ਦੀ ਗ੍ਰਿਫਤ ਵਿੱਚ ਆਏ ਪੰਜਾਬੀ ਜਨ ਜੀਵਨ, ਸੂਚਨਾ ਸੰਚਾਰ ਸਾਧਨਾਂ ਦੇ ਵਹਿਣ ਵਿੱਚ ਰੁੜੀ ਜਾਂਦੀ ਨੌਜਵਾਨ ਪੀੜ੍ਹੀ ਦੇ ਦੁਖਾਂਤ , ਨਵ ਪੂੰਜੀਵਾਦ ਤੋਂ ਪੈਦਾ ਉਪਭੋਗਤਾਵਾਦੀ ਰੁਝਾਨਾਂ ਅਤੇ ਲੋਕ ਪੱਖੀ ਲਹਿਰਾਂ ਦੀ ਸਿਧਾਂਤਕ ਵਿਹਾਰਕ ਵਿੱਥ ਤੋਂ ਉਪਜੇ ਸੰਤਾਪ ਅਤੇ ਸੱਤਾ ਦੇ ਸ਼ੋਸ਼ਣ ਵਿੱਚ ਪਿਸਦੇ ਪੰਜਾਬੀ ਬੰਦੇ ਦੇ ਸਹਿਜ ਜੀਵਨ ਵਿੱਚ ਆਈ ਅਸਹਿਜਤਾ ਦੇ ਵਿਖਿਆਨ ਪੇਸ਼ ਕਰਨਾ ਹੈ । ਪੁਸਤਕ ਵਿੱਚ ਲਾਲ ਸਿੰਘ ਆਪਣੇ ਪਾਤਰਾਂ ਦੀ ਸਿਰਜਣ ਪ੍ਰਕਿਰਿਆ ਬਾਰੇ ਲਿਖਦਾ ਹੈ –“ ਸਮਾਜ ਦੇ ਵਿਸ਼ਵੀਕਰਨ ਦੇ ਵਰਤਾਰੇ ਨੇ, ਸੂਚਨਾ ਤਕਨਾਲੋਜੀ ਦੇ ਤੇਜ਼ਤਰਾਰ ਯੁੱਗ ਵਿੱਚ ਨਵ-ਪੂੰਜੀਵਾਦ ਦੇ ਕਰੂਰ ਪਰਪੰਚ ਨੇ,ਮਨੁੱਖ ਦੀ ਬੌਧਿਕਤਾ ,ਮਾਨਸਿਕਤਾ ਤੇ ਭਾਵੁਕਤਾ ਦੇ ਸਮੀਕਰਨ ਨਿਘਾਰ ਦੀ ਸਭ ਤੋਂ ਹੇਠਲੀ ਹੱਦ ਤੱਥ ਉਥਲ ਪੁਥਲ ਕਰ ਦਿੱਤੇ ਹਨ । “ ਲਾਲ ਸਿੰਘ ਦੀ ਕਹਾਣੀ ਦੀ ਵੱਖਰਤਾ ਨੇ ਸੰਸਾਰੀਕਰਨ ਤੋਂ  ਪੈਦਾ ਹੋਈ ਪਿਛਲੇ ਦੋ ਦਹਾਕਿਆਂ ਦੀ ਉਥਲ ਪੁਥਲ ਦਾ ਮਾਰਮਿਕ ਅਤੇ ਚਿੰਤਨੀ ਬਿਰਤਾਂਤ ਪੇਸ਼ ਕੀਤਾ ਹੈ । ਉਸਦੇ ਕਥਾ ਸੰਸਾਰ ਵਿੱਚ ਭੂਤਕਾਲ ਨੂੰ ਨਮਸਕਾਰ ਅਤੇ ਵਰਤਮਾਨ ਨੂੰ ਤ੍ਰਿਸਕਾਰਨ ਦੀ ਰੂੜੀ ਮੌਜੂਦ ਹੈ ।ਇਸੇ  ਤਹਿਤ ਉਹ ਦੇਸ਼ ਦੀ ਆਜ਼ਾਦੀ ਅਤੇ ਸਮਾਰਾਜੀ ਕੈਦ ਤੋਂ ਮੁਕਤੀ ਲਈ ਜੂਝਦੀਆਂ ਰਹੀਆਂ ਗ਼ਦਰ ਲਹਿਰ, ਕਿਰਤੀ ਕਿਸਾਨ ਲਹਿਰ ਅਤੇ ਹੋਰ ਲੋਕ ਪੱਖੀ ਤਹਿਰੀਕਾਂ ਦੀ ਸਿਮਰਤੀ ਕਰਦਾ ਹੈ ਅਤੇ ਸਮਕਾਲ ਦੇ ਵਿਸ਼ਵੀਕਰਨ ਵਾਲੇ ਵਰਤਾਰਿਆਂ ਵਿੱਚ ਮਨੁੱਖ ਦੀ ਹੋਂਦ ਨੂੰ ਦਰਪੇਸ਼ ਸੰਕਟਾਂ ‘ਤੇ ਰੁਦਨ ਕਰਦਾ ਹੈ । ‘ਗ਼ਦਰ ’ ਕਹਾਣੀ ਵਿੱਚ ਉਹ ‘ ਗ਼ਦਰ ’ ਸ਼ਬਦ ਦੇ ਅਰਥਾਂ ਉੱਤੇ ਸਵਾਲੀਆਂ ਚਿੰਨ੍ਹ ਲਗਾਉਂਦਾ ਹੈ । ਪੰਜਾਬ ਦੇ ਬਸਤੀਵਾਦੀ ਇਤਿਹਾਸ ਵਿੱਚ ਗ਼ਦਰ ਲਹਿਰ ਦੀ ਵਡੇਰੀ ਭੂਮਿਕਾ ਦੇ ਬਾਵਜੂਦ ਲੋਕ ਮਨਾਂ ਵਿੱਚ ਗ਼ਦਰ ਸ਼ਬਦ ਦੀ ਨਕਾਰਤਮਿਕ ਭੂਮਿਕਾ ਉਸਦੇ ਕਥਾ ਚਿੰਤਨ ਦਾ ਅਹਿਮ ਸਰੋਕਾਰ ਹੈ ।ਆਜ਼ਾਦੀ ਦੀ ਲਹਿਰ ਵਿੱਚ ਗ਼ਦਰੀ ਬਾਬਿਆਂ ਦੇ ਇਨਕਲਾਬੀ ਯੋਗਦਾਨ ਦੇ ਬਾਵਜੂਦ ਇਹ ਲਹਿਰ ਭਾਰਤ ਦੇ ਆਜ਼ਾਦੀ ਸੰਗਰਾਮ ਦੀ ਇਤਿਹਾਸਕਾਰੀ ਵਿੱਚ ਇਕ ਹਾਸ਼ੀਆ ਹੰਢਾਉਂਦੀ ਰਹੀ ਹੈ । ਲਾਲ ਸਿੰਘ ਹਾਸ਼ੀਏ ਦੇ ਕਾਰਨ ਤਲਾਸ਼ਣ ਦੀ ਥਾਂ ਸਮਕਾਲ ਦੀ ਨਿਆਂ ਪਾਲਿਕਾ , ਕਾਰਜ ਪਾਲਿਕਾ ਅਤੇ ਵਿਧਾਨ ਪਾਲਿਕਾ ਦੀ ਕਾਰਗੁਜ਼ਾਰੀ ‘ਤੇ ਪ੍ਰਸ਼ਨ ਚਿੰਨ ਉਠਾਉੱਦਾ ਹੈ । ਉਹ ਗ਼ਦਰੀ ਬਾਬਿਆਂ ਨੂੰ ਗ਼ਦਰ ਸ਼ਬਦ ਦੇ ਰਵਾਇਤੀ ਅਰਥ ਤਬਦੀਲ ਕਰਕੇ ਬਸਤੀਵਾਦੀ ਸੱਤਾ ਦੇ ਸ਼ੋਸ਼ਨ ਤੋਂ ਲੋਕਾਂ ਨੂੰ ਆਜ਼ਾਦ ਕਰਾਉਣ ਪੱਖੋਂ ਸਿਮਰਦਾ ਹੈ ਪਰ ਸਮਕਾਲ ਦੇ ਭ੍ਰਿਸ਼ਟ ਤੰਤਰ ਦੌਰਾਨ ਲੋਕਤੰਤਰ ਵਿੱਚ ‘ਗ਼ਦਰ ’ ਪਾਉਣ ਵਾਲੇ ਸਰਕਾਰੀ ਅਫ਼ਸਰਾਂ , ਅਧਿਆਪਕਾਂ ਅਤੇ ਅਖੌਤੀ ਆਗੂਆਂ ਦੇ ਕਿਰਦਾਰ ਦੀ ਨਿੰਦਾ ਕਰਦਾ ਹੈ । ਕਹਾਣੀ ਵਿਚਲਾ ਉੱਤਮ ਪੁਰਖੀ ਪਾਤਰ ਇਕ ਪਰਵਾਸੀ ਲੇਖਕ ਹੈ ਜੋ ਕਿ ਪੰਜਾਬ ਵਿੱਚ ਆ ਕੇ ਯੂਨੀਵਰਸਿਟੀਆਂ ਵਿਚ ਫੈਲੇ ਅਕਾਦਮਿਕ ਭ੍ਰਿਸ਼ਟਾਚਾਰ, ਪਰਵਾਸੀਆਂ ਦੀਆਂ ਜ਼ਮੀਨਾਂ ਦੱਬੀ ਬੈਠੇ ਮਾਫੀਏ ਸਰਮਾਏਦਾਰਾਂ , ਪੁਲੀਸ ਅਤੇ ਨਿਆਂ ਪਾਲਿਕਾ  ਦੀ ਰਿਸ਼ਵਤਖੋਰੀ ਦੇਖ ਕੇ ਸੁੰਨ ਹੋ ਜਾਂਦਾ ਹੈ ।ਕਹਾਣੀ ਦਾ ਗ਼ਦਰੀ ਬਜ਼ੁਰਗ ਪਾਤਰ ਉਧੋ ਸਮਕਾਲ ਦੀ ਇਸੇ ਆਪਾਧਾਪੀ ਨੂੰ ਦੇਖ ਕੇ ਗੁੰਮਨਾਮੀ ਮੌਤ ਮਰ ਜਾਂਦਾ ਹੈ ਅਤੇ ਕਹਾਣੀ ਦੇ ਮੁੱਖ ਪਾਤਰ ਦੀ ਮਨਬਚਨੀ ਵਰਤਮਾਨ ਦੇ ਸਮਾਜਿਕ ਯਥਾਰਥ ਦੀ ਇਸ ਕਰੂਰਤਾ ਅੱਗੇ ਕਹਾਣੀ ਦੇ ਅੰਤ ਵਿਚ ਇੱਕ ਵਿਸਫੋਟ ਬਣ ਕੈ ਉਭਰਦੀ ਹੈ । ,” ਗਦਰੀ ਤੁਸੀ ਨਹੀਂ, ਆਹ ਹੁਣ ਦਾ ਅਮਲਾ ਫੈਲਾ....ਹੁਣ ਦਾ ਲਾਣਾ ਐ ਪੂਰਾ ਗੰਦ ਗਦਰੀ । ਇਹਨਾਂ ਤਾਂ ਤੁਹਾਡੇ ਮਿਸ਼ਨ ਤੁਹਾਡੀ ਲਹਿਰ ਨੂੰ ਪੂਰੀ ਤਰ੍ਹਾਂ ਕਲੰਕਤ ਹੀ ਕਰ ਛੱਡਿਆ । ਤੁਸੀਂ .....ਤਾਂ ਅਠਾਰਾਂ ਸਤਵੰਜਾਂ ਦੀ ਜੰਗ ਨੂੰ ਸਲਾਮ ਕੀਤੀ ਸੀ ਇਕ ਤਰ੍ਹਾਂ ਨਾਲ । ਅਧਵਾਟੇ ਰੁਕੇ ਕਾਰਜ ਨੂੰ ਅੱਗੇ ਤੋਰਿਆ ਸੀ ਗਹਿ ਗੱਚ ਖੁੱਭ ਕੇ । ਤੁਸੀਂ....ਤੁਸੀਂ ਤਾਂ ਗ਼ਦਰ ਸ਼ਬਦ ਦੇ ਨਾਂਹ ਵਾਚੀ ਅਰਥ ਹੀ ਤਬਦੀਲ ਕਰ ਦਿੱਤੇ ਸਨ ਮੁੱਢੋਂ ਸੁੱਢੋਂ । ਪਰ ਅਸੀਂ ਪਤਾ ਨੀਂ ਕਿਦੀ ਰੀਸੇ ਤੁਹਾਨੂੰ ਮੁਕਤੀ ਕਾਮਿਆਂ ਨੂੰ , ਬੇ-ਦਾਗ, ਬੇਲਾਗ ਯੋਧਿਆਂ , ਸੂਰਬੀਰਾਂ ਨੂੰ ਗ਼ਦਰੀ ਆਖਦੇ ਰਹੇ ਐਨਾ ਚਿਰ  । ਹੱਦ ਹੋਈ ਪਈ ਆ ਸਾਡੇ ਆਲੀ । “ ਲਾਲ ਸਿੰਘ ਦੀ ਇਕ ਕਹਾਣੀ ‘ਆਪੋ ਆਪਣੇ ਮੁਹਾਜ਼ ’ ਵੀ ਇਸੇ ਵਿਚਾਰਧਾਰਾ ਆਧਾਰ ਵਾਲੀ ਹੈ ਜਿਸ ਵਿੱਚ ਸੀਮਤ ਸਾਧਨਾਂ ਨਾਲ ਆਜ਼ਾਦੀ ਦੇ ਅਸੀਮਤ ਸੁਪਨੇ ਨੂੰ ਦੇਖਣ ਅਤੇ ਪੂਰਾ ਕਰਨ ਲਈ ਉੱਠੀਆਂ ਪੰਜਾਬ ਦੀਆਂ ਜੁਝਾਰੂ ਇਨਕਲਾਬੀ ਲਹਿਰਾਂ ਦੀ ਵਿਚਾਰਧਾਰਾ ਨੂੰ ਸਮਕਾਲੀ ਸਮਿਆਂ ਦੇ ਪ੍ਰਸੰਗ ਵਿੱਚ ਸੰਵਾਦੀ ਬਣਾਇਆ ਮਿਲਦਾ ਹੈ । ‘ਆਪੋ ਆਪਣੇ ਮੁਹਾਜ਼ ’ ਕਹਾਣੀ ਵਿਚ ਮੌਜੂਦਾ ਸਮੇਂ ਅੰਦਰ ਰਾਜਨੀਤੀ ਵਿੱਚ ਪਰਿਵਾਰਵਾਦ, ਭ੍ਰਿਸ਼ਟ ਤੰਤਰ ਅਤੇ ਬੇਰੁਜ਼ਗਾਰੀ ਕਾਰਨ ਦਿਸ਼ਾਹੀਣਤਾ ਭੋਗਦੀ ਨੌਜਵਾਨ ਪੀੜ੍ਹੀ ਦੀ ਸੰਵੇਦਨਾ ਦਾ ਵਰਨਣ ਹੈ ।ਕਹਾਣੀ ਦਾ ਅਨਯ ਪੁਰਖੀ ਪਾਤਰ ਬਿੰਦਰ ਇਕ ਬੇਰੁਜ਼ਗਾਰ ਨੌਜਵਾਨ ਹੈ ਜਿਹੜਾ ਬੇਰੁਜ਼ਗਾਰੀ ਭੋਗਦਾ ਆਪਣੀ ਪਛਾਣ ਦੇ ਸੰਕਟਾਂ ਨਾਲ ਜੂਝਦਾ ਹੈ । ਇਨ੍ਹਾਂ ਸੰਕਟਾਂ ਦੇ ਮੋਚਨ ਲਈ ਆਖਿਰ ਉਹ ਬਾਬਾ ਸੋਹਨ ਸਿੰਘ ਭਕਨਾ , ਬੀਬੀ ਗੁਲਾਬ ਕੌਰ ਅਤੇ ਹੋਰ ਆਗੂਆਂ ਦੀ ਕੁਰਬਾਨੀ ਤੋਂ ਸੇਧ ਲੈਂਦਾ ਇਨ੍ਹਾਂ ਨਾਲ ਇਕ ਰਿਸ਼ਤਾ ਦੀ ਗੰਢ ਵਾਲੇ ਅਹਿਸਾਸ ਵਿੱਚੋਂ ਗੁਜ਼ਰਦਾ ਹੈ । ਇਨ੍ਹਾਂ ਕਹਾਣੀਆਂ ਵਿਚ ਲਾਲ ਸਿੰਘ ਇਕ ਪਾਸੇ ਇਨਕਲਾਬੀ ਚੇਤਨਾ ਵਾਲੇ ਪੰਜਾਬੀ ਬੰਦੇ ਦੀ ਜੁਝਾਰੂ ਤਾਸੀਰ ਨੂੰ ਪੇਸ਼ ਕਰਦਾ ਹੈ ਦੂਜੇ ਪਾਸੇ ਉਨ੍ਹਾਂ ਹਾਲਾਤ ‘ਤੇ ਕਟਾਖ਼ਸ਼ ਕਰਦਾ ਹੈ ਜਿਨ੍ਹਾਂ ਕਰਕੇ ਉੱਚੇ ਆਦਰਸ਼ਾਂ ਲਈ  ਉੱਠਦੀਆਂ ਲਹਿਰਾਂ ਦੇ ਅਖੌਤੀ ਆਗੂ ਸੱਤਾ ਦੇ ‘ਲੂਣ ਦੇ ਪਹਾੜ ’ ਵਿੱਚ ਰਚ ਮਿਚ ਜਾਂਦੇ ਰਹੇ ਜਦ ਕਿ ਕੁਰਬਾਨੀਆਂ ਦੇਣ ਵਾਲੇ ਆਗੂਆਂ ਨੂੰ ਗੁੰਮਨਾਮੀ ਤੋਂ ਵੱਧ ਕੁਝ ਨਹੀ ਮਿਲਿਆ । ਲੇਖਕ ਦੀਆਂ ਕਹਾਣੀਆਂ ਨੇ ਵਰਤਮਾਨ ਦੇ ਨਵ ਪੂੰਜੀਵਾਦੀ ਸਮਾਜ ਵਿਚ ਸ਼ਹਿਰਾਂ ਅਤੇ ਕਸਬਿਆਂ ਵਿਚ ਉਸਰਦੀ ਖਪਤਵਾਦੀ ਜੀਵਨ ਜਾਂਚ ਨੂੰ ਵੀ ਆਪਣੀ ਕਥਾ ਚੇਤਨਾ ਦਾ ਹਿੱਸਾ ਬਣਾਇਆ ਹੈ । ਖ਼ਪਤਵਾਦੀ ਸਭਿਆਚਾਰ ਨੇ ਪੰਜਾਬੀਆਂ ਦੀ ਜ਼ਿੰਦਗੀ ਵਿੱਚ ਮੇਲੇ ਮਾਨਣ ਆਏ ਹੋਣ ਦੀ ਸੰਸਕ੍ਰਿਤਕ ਰੂੜ੍ਹੀ ਨੂੰ ਉਪਭੋਗਤਾਵਾਦ ਦੀ ਨਵੀਂ ਹਵਾ ਦਿੱਤੀ ਹੈ । ਲਾਲ ਸਿੰਘ ਕਿਰਤੀ ਸਭਿਆਚਾਰ ਵਾਲੇ ਪੰਜਾਬੀਆਂ ਦੀ ਨਵੀਂ ਉਪਭੋਗੀ ਜੀਵਨ ਜਾਂਚ ਪਿੱਛੇ ਕਾਰਪੋਰੇਟੀ ਪ੍ਰਬੰਧ ਦਾ ਜਾਣਕਾਰ ਹੈ । ਉਸਦੀਆਂ ਕਹਾਣੀਆਂ ਵਿਚ ਕਾਰਪੋਰੇਟ ਸੈਕਟਰ ਦਾ ਬਿੰਬ ਜੁਬਾੜ੍ਹੇ ਕਹਾਣੀ ਵਿੱਚ ‘ਜੁਬਾੜ੍ਹੇ ’ ਦੇ ਰੂਪਕ ਨਾਲ ਪੇਸ਼ ਹੋਇਆ ਹੈ । ਸੱਤਾ ਦਾ ਧਰਮ ਅਤੇ ਕਾਰਪੋਰੇਟ ਸੈਕਟਰ ਨਾਲ ਨਾਪਾਕ ਗਠਜੋੜ ਸਮੁੱਚੀ ਲੋਕਾਈ ਲਈ ਕਿੰਨਾ ਖਤਰਨਾਕ ਹੈ ਇਸਦੇ ਕਥਾ ਵੇਰਵੇ ਜੁਬਾੜੇ ਕਹਾਣੀ ਵਿਚ ਦਰਜ ਹਨ । ਕਾਰਪੋਰੇਟ ਸੈਕਟਰ ਨੇ ਕਿਸਾਨਾਂ ਦੀਆਂ ਉਪਜਾਊ ਜ਼ਮੀਨਾਂ ਵਿਚ ਮੈਰਿਜ ਪੈਲਸ , ਰਿਜ਼ੋਰਟ , ਮਾਲਜ਼ ਅਤੇ ਹਾਬੜ ਉਸਾਰੀ ਨੇ ਅਖੌਤੀ ਵਿਕਾਸ ਮਾਡਲ ਦਾ ਮਾਰੂ ਅਧਿਆਇ ਸ਼ੁਰੂ ਕਰ ਦਿੱਤਾ ਹੈ । ਕਹਾਣੀ ਵਿੱਚ ਜ਼ਮੀਨਾਂ ਦੇ ਉਜਾੜੇ, ਖੇਤੀ ਦੀ ਮੰਦਹਾਲੀ ਅਤੇ ਸਰਕਾਰਾਂ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਕਰਕੇ ਰਾਮਗੋਪਾਲ ਅਤੇ ਮਹਿੰਗਾ ਰਾਮ ਵਰਗੇ ਪਾਤਰ ਆਪਣੇ ਦੇਸ਼ ਵਿੱਚ ਇਕ ਬੇਗਾਨਗੀ ਦੇ ਅਹਿਸਾਸ ਵਿੱਚੋਂ ਗੁਜ਼ਰਦੇ ਹਨ ।ਕਹਾਣੀ ਵਿਚ ਕਾਰਪੋਰੇਟ ਸੈਕਟਰ ਦਾ ਵਰਤਾਰਾ ਕਸਬਿਆਂ ਅੰਦਰ ਛੋਟੇ ਵਪਾਰੀ , ਮਧਲੇ ਕਿਸਾਨ ਅਤੇ ਮਿਹਨਤਕਸ਼ ਵਰਗਾਂ  ਨੂੰ ਨਿਗਲਦਾ ਦਿਖਾਇਆ ਗਿਆ ਹੈ ਜਿਸ ਨਾਲ ਲੋਕਾਂ ਦੀ ਆਪਸੀ ਸਾਂਝ , ਮਿਲਵਰਤਨ ਅਤੇ ਸਹਿਹੋਂਦ ਦੀ ਭਾਵਨਾ ਖਤਮ ਹੁੰਦੀ ਦਿਸਦੀ ਹੈ । ਪੂੰਜੀਵਾਦੀ ਵਿਸ਼ਵੀਕਰਨ ਦਾ ਇਕ ਚਿਹਰਾ ਸਮਾਜਿਕ ਵਿਵਸਥਾ ਨੂੰ ਜੋੜਨ ਦੀ ਥਾਂ ਤੋੜਨ ਦੀ ਭੂਮਿਕਾ ਨਿਭਾਉੱਦਾ ਪੇਸ਼ ਕਰਕੇ ਲੇਖਕ ਨੇ ‘ਤੀਸਰਾ ਸ਼ਬਦ ’ ਕਹਾਣੀ ਵਿਚ ਜਾਤੀ ਵਿਵਸਥਾ ਨਾਲ ਉਪਜਦੇ ਮਾਨਸਿਕ ਸੰਤਾਪ ਦੀਆਂ ਤੰਦਾ ਫੜਨ ਦਾ ਯਤਨ ਕਰਕਾ ਹੈ । ਸਮਕਾਲ ਅੰਦਰ ਦਲਿਤ ਸੰਘਰਸ਼ ਜਿਸ ਕਿਸਮ ਦੇ ਜਾਤੀਗਤ ਟਕਰਾਅ ਅਤੇ ਧਾਰਮਿਕ ਘੁੰਮਣਘੇਰੀ, ਬੌਧਿਕ ਕੰਗਾਲੀ ਵਿਚਾਰਧਾਰਕ ਧੁੰਦਵਾਦ ਵਿੱਚੋ ਗੁਜ਼ਰ ਰਿਹਾ ਹੈ ਉਸਦਾ ਇਕ ਪੱਖ ‘ਤੀਸਰਾ ਸ਼ਬਦ ’ ਕਹਾਣੀ ਵਿਚ ਦਰਜ਼ ਹੈ । ਲੇਖਕ ਦਾ ਦਲਿਤ ਪਾਤਰ ਨੌਕਰੀਪੇਸ਼ਾ ਮੱਧਸ਼੍ਰੇਣੀ ਵਿੱਚੋਂ ਹੈ ਜਿਹੜਾ ਕਿ ਅਗਲੀ ਪੀੜ੍ਹੀ ਨੂੰ ਜਾਤੀ ਚੇਤਨਾ ਨਾਲੋਂ ਜਮਾਤੀ ਚੇਤਨਾ ਦੇ ਵੱਡੇ ਸੰਕਲਪ ਨਾਲ ਜੋੜ ਕੇ ਉਨ੍ਹਾਂ ਦਾ ਮੁਕਤੀ ਮਾਰਗ ਬਣਨ ਦਾ ਯਤਨ ਕਰਦਾ ਹੈ ।ਸਾਰੀ ਉਮਰ ਜਾਤੀਗਤ ਪਛਾਣ ਦੇ ਲੇਬਲ ਹੇਠਾਂ ਉਮਰ ਕੱਟ ਕੇ ਉਹ ਗੁੰਮਨਾਮੀ ਜ਼ਰੂਰ ਹੰਢਾਉਂਦਾ ਹੈ ਪਰ ਵਿਚਾਰਧਾਰਾ ਪੱਖੋਂ ਉਹ ਸਮਕਾਲੀ ਦੀ ਦਲਿਤ ਲਹਿਰ ਨੂੰ ਜਾਤਵਾਦੀ ਸਿਆਸਤ ਤੱਕ ਸਿਮਟਾ ਕੇ ਰੱਖਣ ਵਾਲੀ ਸੱਤਾਧਾਰੀ ਨੀਤੀ ਦਾ ਵੀ ਜਾਣੂੰ ਹੈ । ਲਾਲ ਸਿੰਘ ਦੀ ਇਸ ਕਹਾਣੀ ਦਾ ਕੇਂਦਰੀ ਪਾਤਰ ਬੇਸ਼ੱਕ ਸਮਕਾਲੀ ਦਲਿਤ ਕਹਾਣੀ ਦੇ ਚਰਚਿਤ ਪਾਤਰ ਵਾਂਗ ਸ਼ਹਿਰੀ ਮੱਧਵਰਗੀ ਸ਼੍ਰੇਣੀ ਵਿੱਚੋਂ ਹੈ ਪਰ ਇਹ ਪਾਤਰ ਦਲਿਤ ਕਹਾਣੀ ਦੇ ਰਵਾਇਤੀ ਪਾਤਰ ਵਾਂਗ ਰੈਡੀਕਲ ਵਿਰੋਧ ਵਾਲਾ ਨਹੀਂ ਸਗੋਂ ਚਿੰਤਨ ਕਰਦਾ ਹੋਇਆ ਧਰਮ ਅਤੇ ਰਾਜਨੀਤੀ ਦੀ ਸੱਤਾ ਵੱਲੋਂ ਲੋਕਾਂ ਨੂੰ ਇਕ ਦੂਜੇ ਤੋਂ ਤੋੜ ਕੇ ਰੱਖਣ ਵਾਲੀ ਵਿਚਾਰਧਾਰਾ ਦਾ ਜਾਣੂੰ ਹੈ ਦੂਜੇ ਪਾਸੇ ਦਲਿਤ ਲਹਿਰ ਵਿਚ ਪੈਦਾ ਹੋ ਰਹੇ ਬ੍ਰਾਹਮਣਵਾਦ ਦਾ ਵੀ ਨਿੰਦਕ ਹੈ । “....ਸਭ ਕੁਝ ਜਾਣਦਿਆਂ ਬੁਝਦਿਆਂ ਵੀ ਆਪਾਂ ਸਾਧਾਂ ਦੀ ਸਿਆਸਤ ਨੂੰ ਇਲਾਹੀ ਹੁਕਮ ਮੰਨ ਲਿਆ । ਇਕ ਪਾਸੇ ਤਾਂ ਆਪਾਂ ਆਪਣੇ ਉਪਰ ਥੋਪੇ ਗਏ ਜਾਤ ਪ੍ਰਬੰਧ ਤੋਂ ਬਾਗੀ ਹੋਣ ਲਈ ਤਰਲੋਮੱਛੀ ਹੋਈ ਬੈਠੇ ਆ , ਦੂਜੇ ਪਾਸੇ ਉਹਨਾਂ ਵਰਗਾ ਹੀ ਜਾਤ ਅਭਿਆਨ ਸਿਰ ‘ਤੇ ਚੁੱਕੀ ਫਿਰਦੇ ਆ । ....ਬੱਸ ਐਸੇ ਗੱਲੋਂ ਮਾਰ ਖਾਨੇ ਆਂ ਅਸੀਂ ਲੋਕੀਂ । “  ਲਾਲ ਸਿੰਘ ਇਸ ਕਹਾਣੀ ਦਾ ਕੇਂਦਰੀ ਪਾਤਰ ਸਿਰਜਦਿਆ ਉਹ ਕਹਾਣੀਕਾਰ ਅਤੇ ਪਾਤਰ ਦੀ ਵਿੱਥ ਵੀ ਮਿਟਾ ਗਿਆ ਹੈ ।ਇਸ ਤੋਂ ਇਲਾਵਾ ਵੀ ਉਹ ਬਿਰਤਾਂਤਕਾਰੀ ਵਿਚ ਹੋਰ ਵੀ ਕਈ ਥਾਂ ਸਿੱਧਾ ਦਖ਼ਲ ਦਿੰਦਾ ਹੈ ਅਤੇ ਉਸਦੀ ਕਹਾਣੀ ਸਹਿਜਤਾ ਤੋਂ ਟੁੱਟ ਕੇ ਭਾਸ਼ਣੀ ਸੁਰ ਅਖ਼ਤਿਆਰ ਕਰ ਜਾਂਦੀ ਹੈ ।ਉਸਦੇ ਹੋਰ ਕਲਾ ਦੋਸ਼ਾਂ ਵਿੱਚ ਉਸਦੀ ਕਹਾਣੀ ਦਾ ਪਾਠਕ ਨਿਰੋਲ ਪਾੜਾ ਬਣ ਕੇ ਰਹਿ ਜਾਂਦਾ ਹੈ ਅਤੇ ਕਹਾਣੀ ਦੀਆਂ ਸਥਿਤੀਆਂ ਇੰਨੀਆਂ ਜਟਿਲ ਅਤੇ ਪੀਡੀਆਂ  ਹੋ ਜਾਂਦੀਆਂ ਹਨ ਕਿ ਪਾਠਕ ਦੀ ਆਪਣੀ ਕਲਪਨਾ ਸ਼ਕਤੀ ਮੌਨ ਹੋ ਜਾਂਦੀ ਹੈ । ਲਾਲ ਸਿੰਘ ਵਾਂਗ ਚੌਥੇ ਪੜਾਅ ਦੇ ਹੋਰ ਵੀ ਕਈ ਕਹਾਣੀਕਾਰ ਪਾਠਕਾਂ ਨੂੰ ਕਹਾਣੀ ਵਿਚ ਉਭਰਨ ਦਾ ਮੌਕਾ ਨਹੀ ਦਿੰਦੇ ਅਤੇ ਉੱਤਮ ਪੁਰਖੀ ਪ੍ਰਵਚਨ ਦੀਆਂ ਭਾਰੂ ਇਕਪਾਸੜੀ ਸੁਰਾਂ ਪੈਦਾ ਕਰਦੇ ਹਨ। ਘੜਮੱਸ ਅਤੇ ਗੜਬੜੀ ਦੇ ਦੌਰ ਵਿਚ ਸਮਕਾਲੀ ਵਸਤੂ ਵਰਤਾਰਿਆਂ ਦੀ ਪੇਸ਼ਕਾਰੀ ਕਰਦਿਆਂ ਲਾਲ ਸਿੰਘ ਜਿਸ ਕਥਾ ਭਾਸ਼ਾ ਦੀ ਸਹਾਇਤਾ ਲੈਂਦਾ ਹੈ ਉਹ ਦੁਆਬੀ ਆਂਚਲਿਕਤਾ ਵਾਲੀ ਅਤੇ ਵਿਆਕਰਣ ਪੱਖੋਂ ਸਥਾਪਿਤ ਪ੍ਰਤਿਮਾਨਾਂ ਨੂੰ ਉਲੰਘਦੀ ਹੈ । ਸਮਾਸੀ ਸ਼ਬਦਾਂ ਦੀ ਵਰਤੋਂ ਕਰਕੇ ਉਹ ਗਲਪ ਦੀ ਭਾਸ਼ਾ ਦੇ ਨਵੇਂ ਪ੍ਰਯੋਗ ਕਰਦਾ ਹੈ । ਪਾਤਰਾਂ ਦੇ ਮੌਲਿਕ ਉਚਾਰ ਫੜਨ ਲਈ ਲੇਖਕ ਪਾਤਰਾਂ ਦੀ ਸਮਾਜਿਕ ਮਾਨਸਿਕ ਸਥਿਤੀ ਦੇ ਅਨੁਸਾਰ ਭਾਸ਼ਾ ਦੀ ਵਰਤੋਂ ਕਰਦਾ ਹੈ । ਲਾਲ ਸਿੰਘ ਦੇ ਕਥਾ ਪਾਤਰ ਟਾਕਰਵੇਂ ਬੋਲਾਂ ਨਾਲ ਭਰੇ ਪਏ ਹਨ , ਉਨ੍ਹਾਂ ਅੰਦਰ ਇਕੋ ਵਾਰ ਕਈ ਕਈ ਆਵਾਜ਼ਾਂ ਨਿਰੰਤਰ ਚੱਲਦੀਆਂ ਹਨ , ਇਹ ਸਮਕਾਲੀ ਬੰਦੇ ਦੀ ਹੋਣੀ ਹੈ ਜਿੱਥੇ ਪੰਜਾਬੀ ਬੰਦਾ ਸਾਲਮ ਸੂਰਤ ਸ਼ਖਸ਼ੀਅਤ ਦੀ ਥਾਂ ਖੰਡ ਖੰਡ ਹੋ ਕੇ ਵਿਚਰ ਰਿਹਾ ਹੈ । ਲਾਲ ਸਿੰਘ ਦੇ ਕਥਾ ਪਾਤਰ ਇਕ ਗੈਲਰੀ ਸਿਰਜਦੇ ਹਨ ਉਹ ਵਰਤਮਾਨ ਦੀਆਂ ਗੜਬੜੀਆਂ  ਵਿਚ ਗੁੰਮਨਾਮੀ , ਮੰਦਹਾਲੀ ਅਤੇ ਬੇਗਾਨਗੀ ਭਰੇ ਅਹਿਸਾਸਾਂ ਵਿੱਚੋਂ ਗੁਜ਼ਰਦੇ ਹਨ ਪਰ ਆਖਿਰ ਸਮਾਜਿਕ ਯਥਾਰਥ ਨੂੰ ਭੇਦਣ ਲਈ ਉੱਠ ਖੜੋਂਤੇ ਹਨ । ਇਸਦਾ ਕਾਰਨ ਲੇਖਕ ਦਾ ਮਾਰਕਸੀ ਚਿੰਤਨ ਵਿਚ ਵਿਸ਼ਵਾਸ਼ ਹੈ ਜਿਹੜਾ ਕਿ ਪ੍ਰਗਤੀਵਾਦ ਦੇ ਵਡੇਰੇ ਸੰਕਲਪ ਨੂੰ ਪ੍ਰਣਾਈ ਹੈ ਜਿਸ ਵਿਚ ਕਮਿਉਨਿਸਟ ਵਿਚਾਰਧਾਰਾ ਦਾ ਸੰਵਾਦ ਕਈ ਕੋਣਾਂ ਤੋਂ ਪੇਸ਼ ਹੈ ਇਸੇ ਲਈ ਉਸਦੀ ਕਹਾਣੀ ਟਾਕਰਵੇਂ ਬੋਲਾਂ, ਉਤੇਜ਼ਕ ਸੰਵਾਦਾਂ, ਪਾਤਰਾਂ ਦੀਆਂ ਮਨੋਬਚਨੀਆਂ ਅਤੇ ਇਤਿਹਾਸ ਦੇ ਇਨਕਲਾਬੀ ਕਾਂਡਾਂ ਤੋਂ ਪ੍ਰੇਰਨਾ ਲੈ ਕੇ ਇਤਿਹਾਸ ਅਤੇ ਵਰਤਮਾਨ ਵਿਚ ਸਾਹ ਲੈਂਦੀ ਪ੍ਰਤੀਤ ਹੁੰਦੀ ਹੈ ।ਲਾਲ ਸਿੰਘ ਦੀ ਕਹਾਣੀ  ਦੇ ਟੂਲ ਬਾਕਸ ਵਿਚ ਪੰਜਾਬੀ ਦੀ ਜੁਝਾਰੂ ਇਤਿਹਾਸਕਾਰੀ ਸਾਹ ਲੈਂਦੀ ਹੈ ।ਉਹ ਸਿੱਖ ਇਤਿਹਾਸ ਦੇ ਪ੍ਰਸੰਗਾਂ, 1857 ਦੇ ਗ਼ਦਰ , ਗ਼ਦਰੀ ਬਾਬਿਆਂ, ਬੱਬਰ ਅਕਾਲੀਆਂ ਅਤੇ ਆਜ਼ਾਦੀ ਦੇ ਹੋਰ ਪਰਵਾਨਿਆਂ ਦੀ ਮਨੁੱਖ ਨੂੰ ਗੁਲਾਮੀ ਤੋਂ ਮੁਕਤ ਕਰਨ ਦੀ ਭਾਵਨਾ ਦਾ ਸਿੱਧਾ ਬੁਲਾਰਾ ਹੈ । ਸੱਤਾ ਦੇ ਗਲਿਆਰਿਆਂ ਵਿਚ ਕਾਬਜ਼ ਆਗੂਆਂ , ਸਰਮਾਏਦਾਰੀ ਦਲਾਲਾਂ , ਅਖੌਤੀ ਧਾਰਮਿਕ ਰਹਿਬਰਾਂ ਦੀ ਤਿੱਕੜੀ ਦੇ ਗਠਜੋੜ ਨੂੰ ਉਹ ਵੰਗਾਰਦਾ ਹੈ ਅਤੇ ਵਿਕਾਸ ਮਾਡਲ ਦੀ ਥਾਂ ਕਾਰਪੋਰੇਟ ਘਰਾਣਿਆਂ ਵੱਲੋਂ ਦੇਸ਼ ਦੇ ਵਿਨਾਸ਼ ਮਾਡਲ ਦੀ ਬਣਾਈ ਜਾ ਰਹੀ ਰੂਪ ਰੇਖਾ ਪ੍ਰਤੀ ਪੂਰਨ ਸੁਚੇਤ ਹੈ । ਲਾਲ ਸਿੰਘ ਸਚਮੁੱਚ ਸਮਕਾਲੀ ਕਹਾਣੀ ਦਾ ਲਾਲ ਹੈ ਜਿਸਦਾ ਲਗਾਤਾਰ ਲਿਖਦੇ ਰਹਿਣਾ ਅਤ ਵਰਤਮਾਨ ਦੇ ਵਰਤਾਰਿਆਂ ਨਾਲ ਅਪਡੇਟ ਰਹਿ ਕੇ ਮਨੁੱਖ ਮਾਰੂ ਪ੍ਰਬੰਧ ਨੂੰ ਵੰਗਾਰਨਾ ਇਸ ਕਿਤਾਬ ਦੀ ਵੱਡੀ ਸਾਰਥਿਕਤਾ ਹੈ ।  ਸੰਪਰਕ – 9417586028


------------------

ਹਾਸ਼ੀਏ ਤੇ ਬੈਠੇ ਲੋਕਾਂ ਦੀ ਬਾਤ ਹੈ ਕਹਾਣੀਕਾਰ ਲਾਲ ਸਿੰਘ ਸੱਤਵਾਂ ਕਹਾਣੀ ਸੰਗ੍ਰਹਿ ਸੰਸਾਰ

ਡਾ.ਹਰਜਿੰਦਰ ਸਿੰਘ ਅਟਵਾਲ

ਲਾਲ ਸਿੰਘ ਪੰਜਾਬੀ ਕਾਹਣੀ ਦੇ ਖੇਤਰ ਵਿੱਚ ਇੱਕ ਮਹੱਤਵਪੂਰਨ ਨਾਂਅ ਹੈ ।ਉਹ ਪਿਛਲੇ ਤੇਤੀ ਸਾਲਾਂ ਤੋ ਲਾਗਤਾਰ ਅਤੇ ਨਿੱਠ ਕੇ ਕਹਾਣੀ ਲਿਖ ਰਿਹਾ ਹੈ । ਉਸ ਦਾ ਪਹਿਲਾ ਕਹਾਣੀ ਸੰਗ੍ਰਹਿ 1984 ਵਿੱਚ ਪ੍ਰਕਾਸ਼ਿਤ ਹੋਇਆ ਸੀ ਅਤੇ ਇਹ ਸੰਸਾਰ ਕਹਾਣੀ ਸੰਗ੍ਰਹਿ 2017 ਵਿੱਚ ਪ੍ਰਕਾਸ਼ਿਤ ਹੁੰਦਾ ਹੈ , ਇਹ ਉਸ ਦਾ ਸੱਤਵਾਂ ਕਹਾਣੀ ਸੰਗ੍ਰਹਿ ਹੈ । ਆਪਣੇ 33 ਸਾਲਾਂ ਦੇ ਸਿਜਣਾਤਮਕ  ਕਾਰਜ ਦੌਰਾਨ ਉਸ ਨੇ ਲੱਗਭੱਗ ਏਨੀਆਂ  ਕੁ ਹੀ ਕਹਾਣੀਆਂ ਲਿਖਿਆ ਹਨ , ਜਿਸ ਤੋਂ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉਹ ਸਹਿਜਤਾ ਨਾਲ ਕਹਾਣੀ ਲਿਖਦਾ ਆ ਰਿਹਾ ਹੈ । ਲਾਲ ਸਿੰਘ ਨੇ ਆਪਣੇ ਕਹਾਣੀ ਸਿਰਜਣਾ ਦੇ ਆਰੰਭਲੇ ਦੌਰ ਤੋਂ ਹੀ ਵਿਰਕ ਦੀ ਇਕਹਿਰੇ   ਬਿਰਤਾਂਤ ਵਾਲੀ ਕਹਾਣੀ ਤੋ  ਉਲਟ ਸੰਘਣੇ ਬਿਰਤਾਂਤ ਵਾਲੀ ਕਹਾਣੀ ਲਿਖੀ । ਪੰਜਾਬੀ  ਕਹਾਣੀ ਸਿਰਜਣਾ ਦੇ ਇਤਿਹਾਸ ਵਿੱਚ ਇਹ ਇੱਕ ਅਜਿਹਾ ਦੌਰ ਆਉਂਦਾ ਹੈ ,ਜਦੋਂ ਕਹਾਣੀਕਾਰ ਸੁਚੇਤ ਰੂਪ ਵਿੱਚਸਮਕਾਲੀ ਪ੍ਰਚਲਿਤ ਬਿਰਤਾਂਤ ਜੁਗਤ ਨੂੰ ਨਾ ਆਪਣਾਕੇ ਇੱਕ ਨਵੇਂ ਬਿਰਤਾਂਤ ਵਾਲੀ ਕਹਾਣੀ ਸਿਰਜਦੇ ਹਨ । ਲਾਲ ਸਿੰਘ ਉਸ ਵਰਗ ਵਿੱਚ ਸ਼ਾਮਲ ਹੈ ਅਤੇ ਮਹੱਤਵਪੂਰਨ ਹਸਤਾਖਰ ਹੈ । ਲਾਲ ਸਿੰਘ ਦੀ ਕਹਾਣੀ ਦਾ ਕੇਂਦਰ ਆਰੰਭਲੇ ਦੌਰ ਤੋਂ ਹੀ ਥੁੜਾਂ ਮਾਰੇ ਲੋਕਾਂ ਦੀਆਂ ਤੰਗੀਆਂ-ਤੁਰਸ਼ੀਆਂ , ਉਹਨਾਂ ਦੀਆਂ ਪੀੜ੍ਹਾਂ ਆਦਿ ਹੀ ਰਿਹਾ ਹੈ ।ਇਸ ਤੱਥ ਦੀ ਤਸਦੀਕ ਉਹ ਇਸ ਪੁਸਤਕ ਵਿਚਲੇ ਆਪਣੇ ਲੇਖ....”ਇਨ ਹੀ ਕੀ ਕਿਰਪਾ ਸੇਏ......”.... ਵਿੱਚ ਕਰਦਾ ਕਹਿੰਦਾ ਹੈ : “ ....ਮੈਂ ਇਹ ਕਹਿਣ ਦੀ ਖੁੱਲ ਲਵਾਂਗਾ ਕਿ ਲੇਖਕ ਦੀ ਪਹਿਲੀ ਪ੍ਰਤੀਬੱਧਤਾ ਸੱਤਾਹੀਣ, ਲੁੱਟੇ-ਪੁੱਟੇ ਜਾ ਰਹੇ ਲੋਕਾਂ ਨਾਲ ਹੋਣੀ ਚਾਹੀਦੀ ਹੈ । ” ਲਾਲ ਸਿੰਘ ਦੀ ਕਹਾਣੀ ਵਿਚਲੇ ਇਸੇ ਕੇਂਦਰੀ ਥੀਮ ਦੀ ਪਛਾਣ ਕਰਦਿਆਂ ਤਾਂ ਰਘਬੀਰ ਸਿੰਘ ਸਿਰਜਣਾ ਇਸ ਪੁਸਤਕ ਦੇ ਸਰਵਰਕ ‘ਤੇ ਲਾਲ ਸਿੰਘ ਬਾਰੇ ਲਿਖਦਾ ਹੈ ਕਿ ਉਸ ਨੇ ਆਪਣੇ ਆਪ ਨੂੰ ਸਿਰਜਣਾ ਤੱਕ ਹੀ ਮਹਿਦੂਦ ਰੱਖਿਆ ਹੈ । ਕਹਾਣੀਕਾਰ ਦਾ ਸਵੈਕਥਨ ਅਤੇ ਉੱਘੇ ਗਲਪ ਆਲੋਚਕ ਦੀ ਰਾਇ ਲਾਲ ਸਿੰਘ ਦੀ ਕਹਾਣੀ ਵਿਚਲੇ ਤੱਥ ਅਤੇ ਕਹਾਣੀ ਕਲਾ ਨੂੰ ਸਮਝਣ ਵਿੱਚ ਸਹਾਈ ਹੋ ਸਕਦੀ ਹੈ , ਬੇਸ਼ੱਕ ਕਈ ਵਿਦਵਾਨ ਇਸ ਤੱਤ ਨਾਲ ਸਹਿਮਤ ਨਾ ਵੀ ਹੋਣ । ਇਸ ‘ਸੰਸਾਰ ’ ਕਹਾਣੀ ਸੰਗ੍ਰਹਿ ਵਿੱਚ ਲਾਲ ਸਿੰਘ ਦੀਆਂ ਛੇ ਕਹਾਣੀਆਂ ਸ਼ਾਮਲ ਕੀਤੀਆਂ ਗਈਆਂ ਹਨ । ਇਹਨਾਂ ਸਾਰੀਆਂ ਹੀ ਕਹਾਣੀਆਂ  ਵਿੱਚ ਸਮਕਾਲੀ ਸਮਾਜਿਕ ਸਰੋਕਾਰ , ਸਮਾਜਿਕ ਵਿਵਸਥਾ,ਸਮਾਜਿਕ ਤਬਦੀਲੀ ਦੀ ਇੱਛਾ ਕਰਕੇ ਲੋਕ ਤਬਦੀਲੀ ਲਈ ਜੂਝਦੇ ਲੋਕ ਆਦਿ ਦਾ ਕਹਾਣੀਕਾਰ ਨੇ ਚਿੱਤਰਨ ਕੀਤਾ ਹੈ ।ਇਹ ਪੇਸ਼ਕਾਰੀ ਇੱਕ ਮੁਕੰਮਲ ਤਸਵੀਰ ਵੀ ਪੇਸ਼ ਕਰਦੀ ਹੈ ਅਤੇ ਸਮਕਾਲੀ ਕੁਰੀਤੀਆਂ ਨੂੰ ਵੰਗਾਰਦੇ ਲੋਕ ਨਾਇਕ ਵੀ ਪੇਸ਼ ਹੋਏ ਹਨ । ‘ਸੰਸਾਰ’ ਨਾਮੀ ਕਹਾਣੀ ਵਿੱਚ ਇੱਕ ਪਰਤ ਸੰਸਾਰ ਸਿੰਘ ਜ਼ੈਲਦਾਰ ਦੀ ਪੇਸ਼ ਹੋਈ ਹੈ । ਉਸ ਨੇ ਸਮਾਂਤਰ ਉਸ ਦੀ ਮੌਤ ਉਪਰੰਤ ਦਰਿਆ ਵਿੱਚ ਉਪਜੇ ਸੰਸਾਰ ਦੀ ਪਰਤ ਹੈ ਜੋ ਜੱਗੂ ਦੀ ਭੈਣ ਪੂਜਾ ਨੂੰ ਨਿਗਲ ਜਾਂਦੀ ਹੈ । ਇਸ ਕਹਾਣੀ ਦਾ ਫੌਜੀ ਗੱਜਣ ਇਸ ਸਾਰੀ ਖੇਡ ਨੂੰ ਸਮਝਦਾ ਵੀ ਹੈ ਅਤੇ ਭੀਮੇ ਤੇ ਜੱਗੂ ਨੂੰ ਸੁਚੇਤ ਕਰਨ ਦਾ ਯਤਨ ਵੀ ਕਰਦਾ ਹੈ । ਪਰ ਭੀਮੇ ਅਤੇ ਜੱਗੂ ਸੰਸਾਰ ਸਿੰਘ ਜ਼ੈਲਦਾ ਦੇ ਅਜਿਹੇ ਵਫਾਦਾਰ ਬਣਦੇ ਚੱਲਦੇ ਹਨ ਕਿ ਉਹ ਆਪਣੀਆਂ ਅੱਖਾਂ ਅਤੇ ਸੋਚ ਉਸ ਕੋਲ ਗਿਰਵੀ ਕਰੀ ਬੈਠੇ ਹਨ । ਜਦੋਂ ਗੱਜਣ ਫੌਜੀ ਵੱਲੋਂ ਸੰਸਾਰ ਦੇ ਖਤਰਨਾਕ ਸਮੁੰਦਰੀ ਜੀਵ ਹੋਣ ਦੀ ਗੱਲ ਕੀਤੀ ਜਾਂਦੀ ਹੈ ਕਿ ਉਹ ਸਬੂਤੇ ਬੰਦੇ ਨੂੰ ਹੀ ਨਿਗਲ ਜਾਂਦਾ ਹੈ ਜਾਂ ਜੱਗੂ ਹੋਰ ਯਕੀਨ ਕਰਦੇ ਹਨ ਪਰ ਉਂਦੋ ਤਾਂ ਜੱਗੂ ਧਾਅ ਕੇ ਗੱਜਣ ਫੌਜੀ ਨਾਲ ਜਾ ਚਿੰਬੜਦਾ , ਜਦੋਂ ਉਸ ਨੂੰ ਦੁਨਿਆਵੀ ਸੰਸਾਰ ਅਤੇ ਸਮੁੰਦਰੀ ਸੰਸਾਰ ਦਾ ਭੇਤ ਸਮਝ ਆ ਜਾਂਦਾ ਹੈ । ਇਸ ਕਹਾਣੀ ਵਿੱਚ ਲਾਲ ਸਿੰਘ ਆਪਣੀਆਂ ਹੋਰ ਕਹਾਣੀਆਂ ਵਾਂਗ ਆਪਣਾ ਫਲਸਫਾ ਪੇਸ਼ ਕਰਦਾ ਹੈ , ਕਦੇ ਬਿਰਤਾਂਤ ਦਾ ਜ਼ਾਹਰਾ ਤੌਰ ‘ਤੇ ਹਿੱਸਾ ਬਣਾ ਕੇ , ਕਦੇਂ ਲੁਕਵੇਂ ਰੂਪ ਵਿੱਚ । ਪੂੰਜੀਵਾਦੀ ਵਿਕਾਸ ਬਾਰੇ ਉਸ ਦੀ ਰਾਇ ਹੈ ਕਿ “ਆਹ ਗੰਨਾ ਮਿੱਲ, ਆਹ ਪੁੱਲ ਦਾ ਨੀਂਹ ਪੱਥਰ, ਆਹ ਘੱਲੂਕਾਰਾ ਯਾਦਗਾਰ ....ਇਸ ਅਮਲ (ਲੁੱਟ) ਦੀ ਸ਼ੁਰੂਆਤ ਹੈ । ” ਇਸ ਕਹਾਣੀ ਦੇ ਲੁਕਵੇਂ ਬਿਰਤਾਂਤ ਵਿੱਚ ਧਰਮ ਦਾ ਉਹ ਰੁਪ ਪੇਸ਼ ਹੋਇਆ ਹੇ , ਜੋ ਲੋਕਾਂ ਨੂੰ ਗੁਮਰਾਹ ਕਰਨ ਦੀ ਵਸੀਲਾ ਬਣਦਾ ਹੈ । ਭਾਵੇਂ ਉਹ ਕਿਸੇ ਵੀ ਯਾਦਗਾਰ ਦੇ ਰੂਪ ਵਿੱਚ ਹੋਵੇ ।ਉਹ ਕਿਸੇ ਹੋਰ ਥਾਂ ਲਿਖਦਾ ਹੈ ਕਿ ਧਰਮ ਹਾਕਮਾਂ ਦੀ ਨਜ਼ਰ ਵਿੱਚ ਇੱਕ ਲਾਭਕਾਰੀ ਚੀਜ਼ ਹੈ । ਇੱਥੇ ਕਈ ਵਾਰ ਅਜਿਹਾ ਲੱਗਦਾ ਹੈ ਕਿ ਗੱਜਣ ਫੌਜੀ ਰਾਹੀਂ ਕਹਾਣੀਕਾਰ ਆਪਣੀ ਗੱਲ ਕਹਿ ਰਿਹਾ ਹੈ । “ਗ਼ਦਰ ” ਇਸ ਸੰਗ੍ਰਹਿ ਦੀ ਇੱਕ ਮਹੱਤਵਪੂਰਨ ਕਹਾਣੀ ਹੈ । ਇਹ ਵਿਚਲੇ ਊਧੋ ਮਾਮਾ ਅਤੇ ਵਿਰਕ ਚਾਚਾ ਦੋ ਅਜਿਹੇ ਵਿਅਕਤੀ ਪੇਸ਼ ਹੋਏ ਹਨ, ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਆਪਣੇ ਨਿੱਜੀ ਲਾਭ ਤਿਆਗ ਦਿੱਤੇ ,ਪਰ ਉਹ ਆਪਣੀ ਸਰਕਾਰ ਵਿਚਲੇ ਆਪਣਿਆਂ ਹੱਥੋਂ ਹੀ ਜ਼ਲੀਲ ਹੋ ਰਹੇ ਹਨ । ਇਹ ਵੀ ਸੰਘਣੇ ਅਤੇ ਜਟਿਲ ਬਿਰਤਾਂਤ ਵਾਲੀ ਕਹਾਣੀ ਹੈ ।ਵਰਤਮਾਨ ਸਥਿਤੀ ਦੀ ਪੇਸ਼ਕਾਰੀ ਕਰਦਿਆਂ ਉਸ ਦੀ ਪੂਸ਼ਟੀ ਲਈ ਪਿਛਲਝਾਤ ਦੀ ਖੁੱਲ੍ਹ ਕੇ ਵਰਤੋਂ ਕੀਤੀ ਗਈ ਹੈ ।ਵਰਤਮਾਨ ਸਮਾਜਿਕ ਵਿਵਸਥਾ ਦਾ ਜੋ ਰੂਪ ਪੇਸ਼ ਕੀਤਾ ਗਿਆ ਹੈ , ਉਹ ਆਮ ਵਿਅਕਤੀ ਲਈ ਤਾਂ ਡਰਾਉਣਾ ਹੈ , ਪਰ ਉਹ ਲੋਕ ਜਿਨ੍ਹਾਂ ਦੇਸ਼ ਦੀ ਆਜ਼ਾਦੀ ਲਈ ਆਪਣੇ ਸੁੱਖ ਆਰਾਮ ਤਿਆਗ ਕੇ ਜੇਲ੍ਹਾਂ ਕੱਟੀਆਂ ਉਹਨਾਂ ਲਈ ਬੇਹੱਦ ਤਕਲੀਫਦੇਹ ਹੈ ।ਦੇਸ਼ ਦੀ ਆਜ਼ਾਦੀ ਤੋ ਬਾਅਦ ਵਿਕਸਤ ਹੋ ਰਹੇ ਪੂੰਜੀਵਾਦ ਨੇ ਗੁਲਬਾਗ, ਜਾਂਚ ਅਫਸਰ , ਵਕੀਲ , ਜੱਜ ,ਯੂਨੀਵਰਸਿਟੀ ਦੇ ਪ੍ਰੋਫੈਸਰ, ਰਾਜਨੇਤਾ ਆਦਿ ਲੋਕਾਂ ਦੀ ਇੱਕ ਅਜਿਹੀ ਟੀਮ ਤਿਆਰ ਕਰ ਦਿੱਤੀ ਹੈ ਜੋ ਊਦੋ ਮਾਮਾ, ਵਿਰਕ ਚਾਚਾ ਅਤੇ ਬਲਕਾਰ ਸਿੰਘ ਘੁੰਮਣ ਉਸ ਟੀਮ ਦੀਆਂ ਚਾਲਾਂ ਨੂੰ ਸਮਝਦਿਆਂ ਹੋਇਆ ਵੀ ਕੁਝ ਨਹੀ ਕਰ ਸਕਦੇ , ਸਗੋਂ ਆਪਣੇ ਆਪ ਨੂੰ ਬੇਵੱਸ ਮਹਿਸੂਸ ਕਰਦੇ ਹਨ । ਇਸ ਕਥਾ ਬਿਰਤਾਂਤ ਵਿੱਚ ਸਾਡੇ ਸਿੱਖਿਆ ਅਦਾਰੇ ਖਾਸ ਕਰਕੇ ਯੂਨੀਵਰਸਿਟੀਆਂ ਦੇ ਸਿਲੇਬਸਾਂ ਵਿੱਚ ਆਪਣੀ ਪੁਸਤਕ ਸ਼ਾਮਲ ਕਰਨ ਦੇ ਅਮਲ ਵਿੱਚ ਫੈਲੇ ਹੋਏ ਭ੍ਰਿਸ਼ਟਾਚਾਰ ਨੂੰ ਉਘੜਵੇਂ ਰੂਪ ਵਿੱਚ ਪੇਸ਼ ਕੀਤਾ ਹੈ । ਪ੍ਰੋਫੈਸਰ ਐਨ.ਐਸ. ਪੁਰੇਵਾਲ ਦਾ ਇੱਕ ਮਹੱਤਵਪੂਰਨ ਹਿੱਸਾ ਬਣ ਚੁੱਕਾ ਹੈ ਜੋ ਵਿਵਸਥਾ ਨੂੰ ਘੁਣ ਵਾਂਗ ਲੱਗ ਚੁੱਕਾ ਹੈ ।ਲੋਕਾਂ ਨੂੰ ਨਿਆਂ ਦਿਵਾਉਣ ਵਾਲੀਆਂ ਸੰਸਥਾਵਾਂ , ਹਸਪਤਾਲ , ਮਾਲ ਮਹਿਕਮਾ ਆਦਿ ਇਸ ਭ੍ਰਿਸ਼ਟਾਚਾਰ ਦਲਦਲ ਵਿੱਚ ਇਸ ਤਰ੍ਹਾਂ ਲਿਪਤ ਹਨ ਕਿ ਬਲਕਾਰ ਸਿੰਘ ਘੁੰਮਣ ਨੂੰ ਇਨਸਾਫ ਦੀ ਕੋਈ ਕਿਰਨ ਹੀ ਨਜ਼ਰ ਨਹੀਂ ਆਉਂਦੀ । ਤੀਜੀ ਕਹਾਣੀ “ਜੁਬਾੜੇ ” ਵਿੱਚ ਸਮਾਜ ਦੇ ਅਖੌਤੀ ਵਿਕਾਸ ਨੇ ਆਮ ਲੋਕਾਂ ਨੂੰ ਕਿਵੇਂ ਨਿਗਲ ਲਿਆ ਹੈ । ਇਸ ਦਾ ਭਰਪੂਰ ਵਰਨਣ ਕਹਾਣੀਕਾਰ ਨੇ ਕੀਤਾ ਹੈ । ਸਮਾਜ ਵਿਚਲੇ ਹੋ ਰਹੇ ਆਰਥਿਕ ਵਿਕਾਸ ਨੇ ਕਿਵੇਂ ਛੋਟੇ-ਛੋਟੇ ਕਾਰੋਬਾਰ ਕਰਨ ਵਾਲਿਆਂ ਦਾ ਰੁਜ਼ਗਾਰ ਖੋਹ ਲਿਆ ਹੈ ਅਤੇ ਪੈਸਾ ਇਕੱਠਾ ਹੋ ਕੇ ਕੁਝ ਕੁ ਲੋਕਾਂ ਦੀ ਝੋਲੀ ਵਿੱਚ ਜਾ ਰਿਹਾ ਹੈ । ਪੂੰਜੀਵਾਦ ਦੇ ਇਸ ਸੁਭਾਅ ਨੂੰ ਕਹਾਣੀਕਾਰ ਨੇ ਬਾਖੂਬੀ ਪੇਸ਼ ਕੀਤਾ ਹੈ । ਸੇਠ ਰਾਮ ਗੋਪਾਲ ਪੁਰਾਣੀ ਸੋਚ ਅਨੁਸਾਰ ਮੰਡੀ ਵਿੱਚ ਵਿਚਰਨਾ ਚਾਹੁੰਦਾ ਹੈ , ਪਰ ਉਹ ਸਮੇਂ ਦੀ ਦੌੜ ਵਿੱਚ ਪੱਛੜ ਜਾਂਦਾ ਹੈ ਪਰ ਉਸ ਦੇ ਦੋਵੇਂ ਪੁੱਤਰ ਬਨਵਾਰੀ ਅਤੇ ਮਨਮੋਹਨ ਹਰ ਹੀਲਾ-ਵਸੀਲਾ ਵਰਤ ਕੇ ਆਪਣੀ ਪੂੰਜੀ ਨੂੰ ਕਈ ਗੁਣਾ ਵਧਾਈ ਜਾ ਰਹੇ ਹਨ । ਬੀਬੀ ਮੰਤਰੀ ਰਾਹੀਂ ਰਾਜਨੀਤੀ ਵਿਚਲਾ ਭ੍ਰਿਸ਼ਟਾਚਾਰ ਅਤੇ ਪਰਿਵਾਰਵਾਦ ਕਿਵੇਂ ਪਨਪ ਰਿਹਾ ਹੈ , ਇਸ ਦੀ ਮਿਸਾਲ ਵੀ ਬੜੀ ਨੇੜਿਓਂ ਹੋ ਕੇ ਪੇਸ਼ ਹੋਈ ਹੈ ।ਇਸ ਸਾਰੀ ਦੌੜ ਵਿੱਚ ਰਾਮ ਗੋਪਾਲ,ਮਹਿੰਗਾ ਸਿੰਘ, ਬਚਨ ਕੌਰ ਆਦਿ ਪਾਤਰ ਫਿੱਟ ਨਹੀ ਬੈਠਦੇ ਅਤੇ ਉਹ ਇਹ ਦੌੜ ਵਿੱਚੋਂ ਲਾਂਭੇ ਹੋ ਜਾਂਦੇ ਹਨ, ਜਦ ਕਿ ਇਸੇ ਸਦਮੇ ਨੂੰ ਨਾ ਸਹਾਰਦਾ ਹੋਇਆ ਸੇਠ ਗੋਪਾਲ ਜਿੰਦਗੀ ਦੀ ਦੌੜ ਵਿੱਚ ਹਾਰ ਜਾਂਦਾ ਹੈ । ਅੰਤ ਨੂੰ ਚਾਹ ਵਾਲੇ ਖੋਖੇ ਦੇ ਮਾਲਕ ਧਰਮੇ ਦੇ ਕਹੇ ਹੋਏ ਇਹ ਸ਼ਬਦ ਚੈਨ ਨਾਲ ਜੀਣ ਨਹੀਂ ਦਿੰਦੇ, “ਕਿਉਂ ਸਾਡੀ ਰੋਜ਼ੀ –ਰੋਟੀ ਖੋਹਣ ਲੱਗੇ ਓ ਸ਼ਾਹ ਜੀ ? ਤੁਹਾਡੇ ਇਹ ਮੈਡਲੇ ਨੇ ਸੌ ਪੰਜਾਹ ਟੱਬਰ ਭੁੱਖਾ ਮਾਰ ਦੇਣਾ ਸਾਡਾ ਹਲਵਾਈਆਂ ਢਾਬੇ ਆਲਿਆਂ ਦਾ , ਵਿਕਾਸ ਦਾ ਜਿਹੜਾ ਮਾਡਲ ਦੇਸ਼ ਵਿੱਚ ਪ੍ਰਚੱਲਤ ਹੋ ਰਿਹਾ ਹੈ ਉਹ ਅਜਿਹੇ ਮਗਰਮੱਛ ਵਰਗਾ ਹੈ ।ਜਿਸ ਦੇ ਜੁਬਾੜ੍ਹਿਆਂ ਵਿੱਚ ਆਮ ਆਦਮੀ ਅਤੇ ਛੋਟੇ ਕਾਰੋਬਾਰੀ ਫਸੇ ਪਏ ਹਨ । ਉਹ ਮਗਰ ਇਹਨਾਂ ਨੂੰ ਲਗਾਤਾਰ ਨਿਗਲ ਰਿਹਾ ਹੈ । ” ਕਹਾਣੀਕਾਰ ਦੀ ਪ੍ਰਤੀਬੱਧਤਾ ਇਸ ਪੀੜਤ ਧਿਰ ਨਾਲ ਸਪੱਸ਼ਟ ਰੂਪ ਵਿੱਚ ਸਾਹਮਣੇ ਆਉਂਦੀ ਹੈ ।ਮਗਰ ਦਿਆਂ ਇਹਨਾਂ ਜੁਬਾੜ੍ਹਿਆਂ ਵਿੱਚੋਂ ਬਾਹਰ ਕਿਵੇਂ ਨਿਕਲਣਾ ਹੈ, ਬਚਣਾ ਕਿਵੇਂ ਹੈ ,ਇਸ ਕਹਾਣੀ ਵਿੱਚ ਇਹ ਪੱਖ ਪੇਸ਼ ਹੋਣ ਦੀ ਥਾਂ ਬੇਵੱਸੀ ਵਾਲਾ ਆਲਮ ਪੇਸ਼ ਹੋਇਆ ਹੈ । ਰਾਜਨੀਤੀ ਅਤੇ ਵਪਾਰ ਦੀ ਨਵੀਂ ਬਣੀ ਸਾਂਝ ਇਸ ਸਥਿਤੀ ਨੂੰ ਹੋਰ ਵੀ ਗੰਭੀਰ ਕਰ ਰਹੀ ਹੈ । ਬਹੁਤ ਦੇਰ ਪਹਿਲਾਂ ਸਾਡੇ ਇੱਕ ਹੋਰ ਪ੍ਰਤੀਬੱਧ ਅਤੇ ਕੁਲਵਕਤੀ ਕਹਾਣੀਕਾਰ ਸੰਤੋਖ ਸਿੰਘ ਧੀਰ ਨੇ “ਇੱਕ ਸਧਾਰਨ ਆਦਮੀ ” ਕਹਾਣੀ ਲਿਖੀ ਸੀ । ਜਿਸ ਬਾਰੇ ਕਿਹਾ ਜਾਂਦਾ ਸੀ ਕਿ ਉਸ ਨੇ ਕਹਾਣੀ ਦੀ ਪ੍ਰੰਪਰਕ ਤਕਨੀਕ ਤੋਂ ਹਟ ਕੇ ਕਹਾਣੀ ਦੇ ਆਰੰਭ ਵਿੱਚ ਹੀ ਕਹਾਣੀ ਦੇ ਅੰਤ ਦੀ ਸੂਚਨਾ ਦੇ ਦਿੱਤੀ ਹੈ , ਪਰ ਧੀਰ ਨੇ ਉਹ ਕਹਾਣੀ ਏਨੀ ਖੂਬਸੂਰਤ ਅਤੇ ਭਾਵਪੂਰਤ ਤਕਨੀਕ ਨਾਲ ਪੇਸ਼ ਕੀਤੀ ਸੀ ਕਿ ਉਹ ਧੀਰ ਦੀਆਂ ਬੇਹਤਰੀਨ ਕਹਾਣੀਆਂ ਵਿੱਚ ਸ਼ਾਮਿਲ ਹੋ ਗਈ । ਇਸੇ ਤਰ੍ਹਾਂ ਇਸ ਸੰਗ੍ਰਹਿ ਵਿੱਚ ਲਾਲ ਸਿੰਘ ਦੀ ਕਹਾਣੀ “ਤੀਸਰਾ ਸ਼ਬਦ ” ਵੀ ਇਸੇ ਤਕਨੀਕ ਰਾਹੀ ਉਸਰੀ ਕਹਾਣੀ ਹੈ ।ਕਹਾਣੀ ਦਾ ਪਹਿਲਾ ਵਾਕ ਇੱਕ ਤਰ੍ਹਾਂ ਉਸ ਕਹਾਣੀ ਦਾ ਅੰਤਲਾ ਵਾਕ ਹੈ । “ਆਪਣੇ ਨਾਂਅ ਨਾਲ ਤੀਸਰਾ ਸ਼ਬਦ ਜੋੜਨ ਦਾ ਫੈਸਲਾ ਆਖਰ ਕਰ ਹੀ ਲਿਆ ਮੋਹਨ ਨੇ , ਮਜਬੂਰਨ ।” ਭਾਰਤੀ ਸਮਾਜ ਦਾ ਇੱਕ ਹਿੱਸਾ ਜਿਸ ਨੂੰ ਇੱਕ ਸੋਚੀ-ਸਮਝੀ ਚਾਲ ਅਧੀਨ ਸਮਾਜਿਕ ਤੌਰ ‘ਤੇ ਵਿਕਾਸ ਤੋਂ ਲਾਂਭੇ ਕੀਤਾ ਗਿਆ ਸੀ । ਹੌਲੀ-ਹੌਲੀ ਦੇਸ਼ ਦੀ ਆਜ਼ਾਦੀ ਉਪਰੰਤ,ਵਿੱਦਿਆ ਦੇ ਪਾਸਾਰ ਨਾਲ ਉਹ ਵਰਗ ਸਮਾਜਿਕ ਪਛਾਣ ਬਣਾਉਣ ਦੇ ਆਹਰ ਵਿੱਚ ਲੱਗਾ ਹੋਇਆ ਹੈ । ਪਹਿਲਾ ਇਸ ਵਰਗ ਨੂੰ ਇਸ ਹੱਦ ਤੱਕ ਅਣਗੌਲਿਆ ਕੀਤਾ ਗਿਆ ਸੀ ਕਿ ਉਹ ਇਹ ਵੀ ਮਹਿਸੂਸ ਕਰਨ ਦੀ ਹਿੰਮਤ ਨਹੀਂ ਸੀ ਕਰ ਸਕਦਾ ਕਿ ਉਹ ਵੀ ਦੂਜਿਆਂ ਵਾਂਗ ਇਨਸਾਨ ਹੈ । ਮੋਹਨ ਲਾਲ ਇਸ ਕਹਾਣੀ ਵਿੱਚ ਆਪਣੀ ਪਛਾਣ ਨੂੰ ਤਲਾਸ਼ ਕਰਦਾ ਨਜ਼ਰ ਆਉਂਦਾ ਹੈ । ਇਸ ਸਾਰੇ ਅਮਲ ਵਿੱਚ ਉਸ ਦੀ ਪਤਨੀ,ਧੀ ਅਤੇ ਪੁੱਤਰ ਦੀ ਸੋਚ ਦੀ ਇੱਕ ਅਹਿਮ ਭੂਮਿਕਾ ਹੈ । ਲਾਲ ਸਿੰਘ ਇਹ ਮੰਨਦਾ ਹੈ ਕਿ ਸਾਡੇ ਕਹਾਣੀ ਲੇਖਕਾਂ ਨੇ ਆਮ ਕਰਕੇ ਦਲਿਤ ਗਿਣ ਹੁੰਦੇ ਵਰਗਾਂ ਦੀਆਂ ਲੋੜਾਂ-ਔਕੜਾਂ ਦੇ ਉਪ ਭਾਵੁਕ ਵਰਨਣ ਦੁਆਲੇ ਹੀ ਪਰਿਕਰਮਾ ਕੀਤੀ ਹੈ । ਇੱਥੇ ਲਾਲ ਸਿੰਘ ਮੋਹਣ ਲਾਲ ਵੱਲੋਂ ਆਪਣੀ ਪਛਾਣ ਲੱਭਣ ਦੇ ਉਪਰਾਲੇ ਵਿੱਚ ਚਿੰਤਨ ਰਾਹੀਂ ਆਈ ਚੇਤਨਾ ਵੱਲ ਸੰਕੇਤ ਕਰਨਾ ਹੈ ।ਭਾਵੇਂ ਖੰਡਾ ਧਿਰ ਅਤੇ ਹਰਿ ਧਿਰ ਦਾ ਸੰਕੇਤਕ ਜ਼ਿਕਰ ਤਾਂ ਹੋਇਆ ਹੈ ਪਰ ਸਮਾਜ ਵਿਚਲੇ ਇਸ ਮੌਜੂਦ ਟਕਰਾਅ ਨੂੰ ਕਹਾਣੀਕਾਰ ਨੇ ਆਪਣੇ ਬਿਰਤਾਂਤ ਦਾ ਹਿੱਸਾ ਨਹੀ ਬਣਾਇਆ । “ਆਪਣੇ ਆਪਣੇ ਮੁਹਾਜ਼ ” ਕਹਾਣੀ ਦੇਸ਼ ਦੇ ਉਸ ਇਤਿਹਾਸ ਨੂੰ ਫਲੋਰਦੀ ਹੈ , ਜੋ ਗੌਰਵਮਈ ਵੀ ਹੈ ਅਤੇ ਜਿਸ ਦੀ ਕਾਜਸ਼ੀਲਤਾ ਦੇ ਫਲਸਰੂਪ ਅਸੀਂ ਅੱਜ ਆਜ਼ਾਦੀ  (ਜਿਹੋ ਜਿਹੀ ਹੈ ) ਦਾ ਨਿੱਘ ਮਾਣ ਰਹੇ ਹਾਂ । ਇਸ ਕਹਾਣੀ ਵਿੱਚ ਬਿੰਦਰ ਅਜਿਹੇ ਪਾਤਰ ਵੱਜੋਂ ਪੇਸ਼ ਹੋਇਆ ਹੈ , ਜੋ ਇਤਿਹਾਸ ਨੂੰ ਆਪਣੀ ਜੀਵਨ ਦੀ ਗੌਰਵ ਗਾਥਾ ਲਿਖਣ ਲਈ ਵਰਤਦਾ ਹੈ । ਉਹ ਭਾਵੇਂ ਸਧਾਰਨ ਘਰ ਦਾ ਜੀਅ ਹੈ ,ਪਰ ਉਸ ਨੂੰ ਆਪਣੀ ਮਾਂ ਦੀ ਸ਼ਕਲ ਗਦਰੀ ਗੁਲਾਬ ਕੌਰ ਨਾਲ ਮਿਲਦੀ-ਜੁਲਦੀ ਲੱਗਦੀ ਹੈ । ਇਸ ਸਾਰੇ ਇਤਿਹਾਸ ਨੂੰ ਉਹ ਘੋਖਦਾ ਹੈ ਅਤੇ ਫਿਰ ਆਪਣੇ ਆਪ ਨੂੰ ਉਸ ਇਤਿਹਾਸ ਦਾ ਹਾਣੀ ਬਣਾਉਣ ਦਾ ਯਤਨ ਕਰਦਾ ਹੈ । ਲਾਲ ਸਿੰਘ ਮੰਨਦਾ ਹੈ ਕਿ ਪ੍ਰਗਤੀਸ਼ੀਲਤਾ ਅਤੇ ਪ੍ਰਗਤੀਵਾਦ ਅੱਜ ਵੀ ਅਜਿਹੇ ਸੰਕਲਪ ਹਨ , ਜੋ ਪੂਰੀ ਮਨੁੱਖਤਾ ਲਈ ਕਲਿਆਣਕਾਰੀ ਵਿਵਸਥਾ ਉਸਾਰ ਸਕਣ ਦੀ ਸ਼ਕਤੀ ਰੱਖਦੇ ਹਨ । ਭਾਵੇਂ ਕਈ ਉਦਾਹਰਣਾਂ ਅਜਿਹੀਆਂ ਵੀ ਇਤਿਹਾਸ ਦਾ ਹਿੱਸਾ ਬਣ ਚੁੱਕੀਆਂ ਹਨ ਕਿ ਇਸ ਸਿਧਾਂਤ ਦੇ ਪੈਰੋਕਾਰਾਂ ਦਾ ਹੌਸਲਾ ਢਾਹ ਰਹੀਆਂ ਹਨ , ਪਰ ਫਿਰ ਵੀ ਹੋਚੀ ਮਿੰਨ ਦੀ ਸਾਦਗੀ ਅਤੇ ਵਚਨਬੱਧਤਾ ਇਹਨਾਂ ਕਾਮਿਆਂ ਅੰਦਰੋਂ ਖਿਸਕ ਚੁੱਕੀ ਦ੍ਰਿੜਤਾ ਨੂੰ ਮੁੜ ਪੈਰਾਂ ਸਿਰ ਕਰ ਸਕਦੀ ਹੈ । ਆਪਣੇ ਇਸ ਕਥਨ ਦੀ ਪੁਸ਼ਟੀ ਲਈ ਉਹ ਇਸ ਕਹਾਣੀ ਦੇ ਕੇਂਦਰੀ ਪਾਤਰ ਬਿੰਦਰ ਦੀ ਉਦਾਹਰਨ ਦਿੰਦਾ ਹੈ ।ਕਹਾਣੀ ਦਾ ਬਿਰਤਾਂਤ ਅਤੇ ਕਹਾਣੀਕਾਰ ਦੇ ਸਵੈਕਥਨ ਨੂੰ ਇਕੱਠੇ ਰੱਖ ਕ ਦੇਖਦੇ ਹਾਂ ਤਾਂ ਇਹ ਜਾਪਦਾ ਹੈ ਕਿ ਲਾਲ ਸਿੰਘ ਕਹਾਣੀ ਬਾਹਰੇ ਆਪਣੇ ਕਥਨ ਦੀ ਪੁਸ਼ਟੀ ਲਈ ਕਹਾਣੀ ਦੇ ਬਿਰਤਾਂਤ ਨੂੰ ਸਹਿਜ ਨਹੀ ਰਹਿਣ ਦਿੰਦਾ । ਬਿੰਦਰ ਦੀ ਪਤਨੀ ਦਲਬੀਰ ਹੌਲੀ-ਹੌਲੀ ਪੂੰਜੀਪਤੀਆਂ ਦੀ ਕਤਾਰ ਦਾ ਹਿੱਸਾ ਬਣੀ ਜਾ ਰਹੀ ਹੈ, ਬਿੰਦਰ ਇਸ  ਦਾ ਕਿਤੇ ਵਿਰੋਧ ਕਰਦਾ ਨਜ਼ਰ ਨਹੀਂ ਆਉਂਦਾ , ਪਰ ਅਚਾਨਕ ਕਹਾਣੀ ਦੇ ਅੰਤਲੇ ਪੰਨੇ ‘ਤੇ ਉਹ ਹਾਕਮਾਂ ਵਾਂਗ ਪਤਨੀ  ਨੂੰ  ਹੁਕਮ ਕਰਦਾ ਹੈ ਅਤੇ ਗਦਰੀ ਗੁਲਾਬ ਕੌਰ ਅਤੇ ਬਾਬੇ ਭਕਨੇ ਦੇ ਚਿੱਤਰ ਆਪਣੇ ਗੁਰੂ ਨੂੰ ਬਣਾਉਣ ਲਈ ਕਹਿ ਰਿਹਾ ਹੈ । ਇਹ ਪ੍ਰਸੰਗ ਕਹਾਣੀ ਦੇ ਬਿਰਤਾਂਤ ਦਾ ਸਹਿਜ ਰੂਪ ਨਹੀਂ ਰਿਹਾ , ਸਗੋਂ ਸਾਡੀ ਮੁੱਢਲੀ ਪ੍ਰਗਤੀਵਾਦੀ ਕਹਾਣੀ ਦੇ ਨਾਲ ਜਾ ਜੁੜਦਾ ਹੈ ।ਇੱਥੇ ਪੁਸਤਕ ਦੇ ਸਰਵਰਕ ‘ਤੇ  ਡਾ. ਰਘਬੀਰ ਸਿੰਘ ਸਿਰਜਣਾ ਵੱਲੋਂ ਕੀਤੀ ਟਿੱਪਟੀ ਸਾਰਥਿਕ ਜਾਪਦੀ ਹੈ ਕਿ ਲਾਲ ਸਿੰਘ ਕੋਲ ਉਹ ਲੁਕਵੀਂ ਜੁਗਤ ਨਹੀ, ਜੋ ਆਪਣੀ ਸਿਰਜਣਤਮਕਤਾ ਦੇ ਨਾਲ-ਨਾਲ ਉਸ ਨੂੰ ਚਮਕਾ ਕੇ ਪੇਸ਼ ਕਰਨ ਲਈ ਲੇਖਕਾਂ ਵੱਲੋਂ ਅਕਸਰ ਵਰਤੋਂ ਵਿੱਚ ਲਿਆਂਦੀ ਜਾਂਦੀ ਹੈ ।ਬੇਸ਼ੱਕ ਇਹ ਸੰਭਵ ਹੈ ਕਿ ਗੌਰਵਮਈ ਇਤਿਹਾਸ ਜਾਂ ਚਿੰਤਕ ਬਿੰਦਰ ਨੂੰ ਚੇਤੰਨ ਕਰਦਾ ਹੈ । ਉਤਸ਼ਾਹੀ ਪਾਠਕਾਂ ਨੂੰ ਇਹ ਪ੍ਰਸੰਗ ਬਹੁਤ ਪਸੰਦ ਆਵੇਗਾ , ਪਰ ਕਹਾਣੀ ਦੀ ਸਹਿਜ ਤੋ ਵਿੱਚ ਇਹ ਝਟਕਾ ਮਹਿਸੂਸ ਹੁੰਦਾ ਹੈ ਕਿ ਬਿੰਦਰ ਵਿੱਚ ਲਾਲ ਸਿੰਘ ਪੂਰੀ ਤਰ੍ਹਾਂ ਪ੍ਰਵੇਸ਼ ਕਰ ਗਿਆ ਹੈ । ਇਸ ਸੰਗ੍ਰਹਿ ਦੀ “ਅੱਗੇ ਸਾਖੀ ਹੋਰ ਚੱਲੀ ” ਆਖਰੀ ਕਹਾਣੀ ਹੈ ।ਨਵੇਂ ਉਸਰ ਰਹੇ ਸਮਾਜ ਪ੍ਰਬੰਧ ਵਿੱਚ ਪੁਰਾਣੀਆਂ ਕਦਰਾਂ-ਕੀਮਤਾਂ ਕਿਵੇਂ ਤਹਿਸ-ਨਹਿਸ ਹੋ ਰਹੀਆਂ ਹਨ ਅਤੇ ਉਹਨਾਂ  ਦੀ ਥਾਂ ਉਹ ਕਦਰਾਂ-ਕੀਮਤਾਂ ਪ੍ਰਚੱਲਤ ਹੋ ਰਹੀਆਂ ਹਨ , ਜੋ ਸਿੱਧੇ ਰੂਪ ਵਿੱਚ  ਪੂੰਜੀਵਾਦ ਦੀ ਦੇਣ ਹਨ । ਮੈਂ ( ਕਰਮਜੀਤ ) ਪਾਤਰ  ਸਾਰੀ ਗਾਥਾ ਬਿਆਨੀਆਂ ਰੂਪ  ਵਿੱਚ ਪੇਸ਼  ਕਰਦੀ ਹੈ । ਘਰ ਜਾਂ ਸਿਰਾਂ ਤੇ ਛੱਤ ਹੋਣ ਦਾ  ਸੰਕਲਪ ਬਦਲਦਾ ਜਾ ਰਿਹਾ ਹੈ ।ਕਰਮਜੀਤ ਦੇ  ਦੋਨੋਂ ਪੁੱਤਰ ਜੋ  ਡਾਕਟਰ ਹਨ ਤੇ ਡਾਕਟਰ  ਬੀਵੀਆਂ ਨਾਲ ਨਵੇਂ  ਜ਼ਮਾਨੇ ਵਿੱਚ ਨਵੀਂ ਤਰਜ਼ ਦੀ ਜਿੰਦਗੀ  ਜੀਊਣਾ ਲੋਚਦੇ  ਹਨ, ਪਰ ਕਰਮਜੀਤ  ਦਾ ਪਤੀ ਕੰਵਲਜੀਤ ਇੱਕ ਵੱਖਰੀ ਤਰ੍ਹਾਂ ਦੀ ਜਿੰਦਗੀ ਜੀਅ ਰਹੇ ਹਨ, ਜਿਸ  ਕਰਕੇ  ਦੋਵੇਂ ਬੱਚੇ ਆਪਦੀ ਮਾਂ ਨੂੰ ਇੰਜ ਮੁਖਾਤਬ ਹੁੰਦੇ ਹਨ ,”ਕੀ ਖੱਟਿਆ ਡੈਡੀ ਨੇ ਇਮਾਨਦਾਰੀ ‘ਚੋਂ ਮੰਮੀ । ” ਬੱਚੇ ਅਸਲ ਵਿੱਚ ਇਸ ਸੋਚ ਦੇ ਬਣ ਗਏ ਸਨ ਕਿ ਜੇ ਸੇਵਾ ਭਾਵਨਾ ਵਾਲੇ ਰਵਾਇਤੀ ਰੁਜ਼ਗਾਰੀ ਕਿੱਤੇ ਨੂੰ  ਜੇ  ਮੁਨਾਫੇਦਾਰ ਵਪਾਰਕ ਧੰਦੇ ਵਿੱਚ ਬਦਲ ਲਿਆ ਜਾਵੇ ਤਾਂ  ਉਹ  ਵੀ ਆਸੇ-ਪਾਸੇ ਫੈਲੇ ਨਵੇਂ ਬਾਜ਼ਾਰ ਵਿੱਚ ਰਲ  ਮਿਲ ਜਾਣਗੇ ।ਇਹ ਕਹਾਣੀ ਇੱਕ ਸੰਘਣੇ ਬਿਰਤਾਂਤ ਵਾਲੀ  ਕਹਾਣੀ ਹੈ,ਜਿਸ  ਵਿੱਚੋਂ ਕਈ ਪ੍ਰਸ਼ਨ  ਵੀ ਉੱਠਦੇ ਹਨ  ।ਇਸ ਕਥਾ ਵਿੱਚ  ਮੈਂ (ਕਰਮਜੀਤ) ਪਾਤਰ ਸੂਬੇਦਾਰ ਠਾਕੁਰ ਦਲੀਪ ਸਿੰਘ ਦੇ ਘਰ  ਰਹਿੰਦੀ ਹੈ ਕਿਰਾਏਦਾਰ ਵੱਜੋ, ਉਸ ਦੇ ਪੁੱਤਰ ਦਿਲਾਵਰ ਦਾ ਜ਼ਿਕਰ ਸੰਕੇਤਕ ਰੂਪ ਵਿੱਚ ਇੱਕ ਦੋ ਥਾਵਾਂ ‘ਤੇ ਹੋਇਆ ਮਿਲਦਾ ਹੈ ,  ਪਰ ਕਥਾ ਪ੍ਰਸੰਗ ਵਿੱਚ ਇਹ ਕਥਨ ਦੀ ਭੂਮਿਕਾ ਹੈ ,ਇਸ ਬਾਰੇ ਪਾਠਕ ਭੰਬਲਭੂਸੇ ਵਿੱਚ ਪਿਆ ਰਹਿੰਦਾ ਹੈ ।ਪਤਾ ਨਹੀਂ ਲੱਗਦਾ ਕਿ ਕਹਾਣੀਕਾਰ ਇਸ ਪ੍ਰਸੰਗ ਰਾਹੀ ਕੀ ਕਹਿ ਰਿਹਾ ਹੈ । ਕਹਾਣੀ ਦੀ ਤਕਨੀਕ ਦੀ ਗੱਲ ਕਰਦਿਆਂ ਲਾਲ ਸਿੰਘ ਅਨਯ ਪੁਰਖ ਦੀ ਵਿਧੀ ਵਾਲੀ ਕਹਾਣੀ ਨੂੰ ਵਧੇਰੇ ਪ੍ਰਭਾਵਸ਼ਾਲੀ ਮੰਨਦਾ ਹੈ । ਉਪਰੋਤਕ ਕਹਾਣੀ ਕਿਉਂ ਜੋ ਉਸ ਨੇ ਉਤਮ ਪੁਰਖੀ ਤਕਨੀਕ ਰਾਹੀ ਉਸਾਰੀ ਹੈ । ਸ਼ਾਇਦ ਇਸ ਕਰਕੇ ਅਸਪੱਸ਼ਟਤਾ ਆ ਗਈ ਹੈ ।ਇਸ ਪੁਸਤਕ ਵਿੱਚ ਵੀ ਲਾਲ ਸਿੰਘ ਸਿਰਜਣਾ ਵੱਲ ਵਧੇਰੇ ਧਿਆਨ ਦਿੰਦਾ ਹੈ।  ਉਹ ਫਲਸਲੇ  ਦਾ ਕਹਾਣੀਕਾਰ ਹੈ ।ਕਹਾਣੀ ਦੇ  ਆਰੰਭ  ਤੋਂ ਲੈ ਕੇ ਅੰਤਮ ਪੜਾਅ ਤੱਕ  ਉਹ ਅਤਿ ਸੁਚੇਤ ਰੂਪ ਵਿੱਚ ਆਪਣੇ ਫਲਸਫੇ  ਨੂੰ ਪੇਸ਼  ਕਰਨ ਦੀ ਤਾਕ  ਵਿੱਚ ਰਹਿੰਦਾ ਹੈ ।ਅਜਿਹਾ  ਕਰਦਿਆਂ  ਕਈ ਵਾਰ ਕਹਾਣੀ  ਦੇ ਬਿਰਤਾਂਤ ਸਿਰਜਣ ਦੀ ਪ੍ਰਕਿਰਿਆ ਸਹਿਜ ਨਹੀਂ ਰਹਿੰਦੀ । ਫਿਰ ਵੀ ਉਹ  ਜਿਸ ਵਚਨਬੱਧਤਾ ਨਾਲ  ਇੱਕ ਉਸਾਰੂ ਜੀਵਨ ਸਿਧਾਂਤ ਨਾਲ ਜੁੜ ਕੇ ਕਹਾਣੀ ਲਿਖਦਾ ਆ ਰਿਹਾ ਹੈ , ਉਹ ਕੋਈ ਛੋਟੀ ਪ੍ਰਾਪਤੀ ਨਹੀ ।  

----

ਜਸਦੇਵ ਸਿੰਘ ਲਲਤੋਂ

ਪੁਸਤਕ ਪੜਚੋਲ

ਪ੍ਰਗਤੀਵਾਦੀ ਕਹਾਣੀਆਂ ਦਾ ਸੰਸਾਰ


ਪ੍ਰਸਿੱਧ ਕਹਾਣੀਕਾਰ ਲਾਲ ਸਿੰਘ ਵੱਲੋਂ ਰਚਿਆ ਕਹਾਣੀ-ਸੰਗ੍ਰਹਿ ‘ਸੰਸਾਰ’ (ਕੀਮਤ: 250 ਰੁਪਏ; ਲੋਕ ਗੀਤ ਪ੍ਰਕਾਸ਼ਨ, ਮੁਹਾਲੀ) ਸਮਕਾਲੀ ਪੰਜਾਬੀ ਸਮਾਜ ਦੇ ਯਥਾਰਥ ਦੀ ਪ੍ਰਗਤੀਵਾਦੀ ਲੀਹਾਂ ’ਤੇ ਖੜ੍ਹੀ ਇੱਕ ਉੱਚ ਪਾਏ ਦੀ ਵਿਲੱਖਣ, ਨਰੋਈ ਤੇ ਗਹਿਰ-ਗੰਭੀਰ ਰਚਨਾ ਹੈ। ਇਸ ਵਿੱਚ ਸਮਾਜਿਕ, ਆਰਥਿਕ, ਰਾਜਸੀ, ਸੱਭਿਆਚਾਰਕ ਤੇ ਮਨੋਵਿਗਿਆਨਕ ਪਹਿਲੂਆਂ ਨੂੰ ਸੰਬੋਧਿਤ ਹੋਇਆ ਹੈ। ਕਹਾਣੀ ‘ਗਦਰ’ ਵਿੱਚ ਰੁਜ਼ਗਾਰ ਤੇ ਚੰਗੀ ਜ਼ਿੰਦਗੀ ਦੀ ਭਾਲ ’ਚ ਵਿਦੇਸ਼ ਗਏ ਚੰਗੇ ਸੱਭਿਆਚਾਰਕ ਵਿਰਸੇ ਦੇ ਧਾਰਨੀ ਸਾਹਿਤਕਾਰ ਨਾਲ ਮੌਜੂਦਾ ਰਾਜ ਪ੍ਰਬੰਧ ਪੈਰ-ਪੈਰ ’ਤੇ ਜਿੰਨੀ ਧੱਕੇਸ਼ਾਹੀ, ਜ਼ਲਾਲਤ ਤੇ ਬੇਨਿਆਈਂ ਕਰਦਾ ਹੈ, ਉਹ ਬਹੁਤ ਹੀ ਦਰਦਨਾਕ ਗਾਥਾ ਹੈ। ਮਨੁੱਖੀ ਕਦਰਾਂ-ਕੀਮਤਾਂ ਤੋਂ ਗਰਕਿਆ ਉਸ ਦਾ ਸਕਾ ਭਰਾ ਜ਼ਮੀਨ ’ਤੇ ਕਬਜ਼ੇ ਦੀ ਅੰਨ੍ਹੀ ਦੌੜ ’ਚੋਂ ਉਸ ਦੇ ਬਾਪ ਦਾ ਕਤਲ ਕਰਵਾ ਕੇ, ਰਿਸ਼ਵਤਖੋਰੀ ਰਾਹੀਂ ਪੁਲੀਸ ਤੇ ਜੱਜ ਤਕ ਨੂੰ ਖਰੀਦ ਕੇ ਸਜ਼ਾ ਤੋਂ ਸੁੱਕਾ ਬਚ ਨਿਕਲਦਾ ਹੈ। ਸਿਆਸਤਦਾਨਾਂ ਦੀ ਮਿਲੀਭੁਗਤ ਨਾਲ ਕਬਜ਼ਾ ਮਾਫੀਆ ਉਸ ਦੀ ਸ਼ਹਿਰੀ ਕੋਠੀ ਦੱਬ ਲੈਂਦਾ ਹੈ। ਮਹਾਨ ਗਦਰੀ ਯੋਧੇ (ਉਸ ਦੇ ਮਾਮੇ) ਦਾ ਪਰਿਵਾਰ ਜਿਵੇਂ ਰੁਲਦਾ ਹੈ ਤੇ ਬੁਢਾਪੇ ’ਚ ਮਾਮੇ ਦੀ ਦੁਰਦਸ਼ਾ, ਸਰਕਾਰੀ ਹਸਪਤਾਲ ਵੱਲੋਂ ਕੀਤਾ ਜਾਂਦਾ ਇਲਾਜ ਆਦਿ ਬਹੁਤ ਹੀ ਦੁਖਦਾਈ ਪਹਿਲੂ ਪੇਸ਼ ਕੀਤੇ ਹਨ। ਯੂਨੀਵਰਸਿਟੀਆਂ ’ਚ ਸਿਲੇਬਸ ਲਈ ਕਿਤਾਬਾਂ ਦੀ ਚੋਣ ਵਾਲੇ ਵਿਕਾਊ ਅਧਿਕਾਰੀ ਕਿਵੇਂ ਕਿਤਾਬਾਂ ਦੀ ਚੋਣ ਕਰਦੇ ਹਨ, ਇਹ ਵੀ ਬੇਪਰਦ ਕੀਤਾ ਗਿਆ ਹੈ। ‘ਸੰਸਾਰ’ ਕਹਾਣੀ ਵਿੱਚ ਤਰ੍ਹਾਂ-ਤਰ੍ਹਾਂ ਦੇ ਸਬਜ਼ਬਾਗ ਦਿਖਾ ਕੇ ਗੁੰਮਰਾਹ ਕਰਦੇ ਦੰਭੀ ਸਿਆਸਤਦਾਨਾਂ, ਵਾਰ-ਵਾਰ ਕੁਰਾਹੇ ਪੈਂਦੇ ਆਮ ਲੋਕਾਂ, ਰਾਜਨੀਤੀ ਵੱਲੋਂ ਧਰਮ ਦੀ ਰੱਜ ਕੇ ਦੁਰਵਰਤੋਂ, ਲੋਕਾਂ ਦੀਆਂ ਧੀਆਂ, ਜ਼ਮੀਨਾਂ ’ਤੇ ਹੋ ਰਹੇ ਹਮਲੇ, ਹੋਰ ਵੱਡੇ ਕਾਰਪੋਰੇਟੀ ਹਮਲਿਆਂ ਤੋਂ ਸੁਚੇਤ ਕਰਦੇ ਫ਼ੌਜੀ ਵਰਗੇ ਚੇਤੰਨ ਬੰਦੇ ਵੱਲੋਂ ਹੱਕ-ਸੱਚ ਦਾ ਹੋਕਾ ਆਦਿ ਅਹਿਮ ਪਹਿਲੂ ਪੇਸ਼ ਕੀਤੇ ਗਏ ਹਨ। ‘ਜਬਾੜ੍ਹੇ’ ਵਿੱਚ ਕਾਰਪੋਰੇਟਾਂ ਵੱਲੋਂ ਧੜਾਧੜ ਬਣਾਏ ਜਾ ਰਹੇ ਸ਼ਾਪਿੰਗ ਮਾਲ, ਉਜਾੜੇ ਜਾਂਦੇ ਛੋਟੇ ਦੁਕਾਨਦਾਰ, ਕਾਰੋਬਾਰੀ, ਰੇੜ੍ਹੀ-ਫੜ੍ਹੀ ਵਾਲਿਆਂ ਦੀ ਬਰਬਾਦੀ, ਰਾਜਨੀਤਿਕਾਂ ਦੀ ਮਿਲੀਭੁਗਤ, ਲੋਕਾਂ ਨਾਲ ਧੋਖਾਧੜੀ ਅਤੇ ਉਨ੍ਹਾਂ ਦੀ ਜੀਵਨ ਜਾਚ ’ਚ ਵੱਡੀ ਉਥਲ-ਪੁਥਲ ਦੀ ਹਕੀਕੀ ਤਸਵੀਰ ਖਿੱਚੀ ਗਈ ਹੈ। ‘ਤੀਸਰਾ ਸ਼ਬਦ’ ਵਿੱਚ ਦਰਸਾਇਆ ਹੈ ਕਿ ਕੋਠੇ-ਢਾਰੇ ਪਾਈ ਬੈਠੇ ਦਲਿਤਾਂ ਦੀਆਂ ਬਸਤੀਆਂ ਦੀਆਂ ਜ਼ਮੀਨਾਂ ਦੇ ਦੋ-ਦੋ, ਚਾਰ-ਚਾਰ ਮਰਲੇ ਵੀ ਅੱਜ ਤਕ ਉਨ੍ਹਾਂ ਦੇ ਨਾਂ ਨਹੀਂ ਚੜ੍ਹੇ, ਵੱਡੇ ਜ਼ਮੀਨ ਮਾਲਕਾਂ ਦੇ ਨਾਂ ਹੀ ਬੋਲਦੇ ਹਨ। ਆਰਥਿਕ ਖੇਤਰ ਵਿੱਚ ਆਪਣੀ ਆਜ਼ਾਦ ਮਾਲਕੀ ਵਾਲੀ ਹਸਤੀ ਨਾ ਹੋਣ ਕਰਕੇ ਉਨ੍ਹਾਂ ਦੀ ਸਮਾਜਿਕ ਪਛਾਣ ਵੀ ਬੁਰੀ ਤਰ੍ਹਾਂ ਰੁਲੀ ਪਈ ਹੈ। ‘ਆਪੋ ਆਪਣੇ ਮੁਹਾਜ਼’ ਮਹਾਨ ਦੇਸ਼ਭਗਤ ਨਾਇਕਾਂ ਦੀਆਂ ਜੀਵਨੀਆਂ ’ਤੇ ਝਾਤ ਪੁਆਉਂਦੀ ਹੈ ਅਤੇ ਕਿਰਤ ਦੇ ਖੇਤਰ ਵਿੱਚ ਜੂਝ ਰਹੇ ਨਾਇਕਾਂ ਦੀ ਤਰਜ਼ੇ ਜਿੰਦਗੀ ਨੂੰ ਵੀ ਨਾਲੋ-ਨਾਲ ਪੇਸ਼ ਕਰਦੀ ਹੈ। ‘ਅੱਗੇ ਸਾਖੀ ਹੋਰ ਚੱਲੀ…’ ਵਿੱਚ ਪੜ੍ਹੀ ਲਿਖੀ ਔਰਤ ’ਤੇ ਹੋਏ ਸ਼ਰੇਆਮ ਬਲਾਤਕਾਰੀ ਹਮਲੇ ਦੀ ਕਿਤੇ ਸੁਣਵਾਈ ਵੀ ਨਹੀਂ ਹੋਈ, ਇਸ ਦਾ ਦਰਦ ਸਦਾ ਲਈ ਅੰਦਰ ਹੀ ਦੱਬਿਆ ਜਾਂਦਾ ਹੈ। ਇਸ ਦੇ ਬਾਵਜੂਦ ਉਹ ਲੱਕ ਬੰਨ੍ਹ ਕੇ ਜ਼ਿੰਦਗੀ ਜਿਉਂਦੀ ਹੋਈ ਅੱਗੇ ਵਧਦੀ ਹੈ। ਉਸ ਦੇ ਦਰਦ ਦੇ ਸਾਂਝੀ ਇਮਾਨਦਾਰ ਮੁਲਾਜ਼ਮ ਪਤੀ ਨੂੰ ਮੌਜੂਦਾ ਬੇਈਮਾਨ ਲੋਟੂ ਪ੍ਰਬੰਧ, ਆਖਿਰ ਕਮਲਾ ਹੋਣ ਤੇ ਲਾਪਤਾ ਹੋਣ ਦੀ ਸਥਿਤੀ ਵਿੱਚ ਧੱਕ ਕੇ ਉਸ ਲਈ ਨਵਾਂ ਦੁਖਾਂਤ ਆਰੰਭ ਦਿੰਦਾ ਹੈ। ਇਮਾਨਦਾਰੀ ਵਾਲੇ ਰਾਹ ਤੋਂ ਹਟ ਕੇ ਚੱਲਣ ਵਾਲੇ ਉਸ ਦੇ ਪੁੱਤਰਾਂ ਦੀ ਬਦਲੀ ਜੀਵਨ ਜਾਚ ਉਸ ਲਈ ਦੁੱਖਾਂ ਵਿੱਚ ਹੋਰ ਵਾਧਾ ਕਰਦੀ ਹੈ। ਉਸ ਦੀ ਇਕੱਲਤਾ ਦੀ ਪੀੜਾ ਨੂੰ ਡੂੰਘੀ ਤਰ੍ਹਾਂ ਚਿਤਰਿਆ ਗਿਆ ਹੈ।ਮੌਜੂਦਾ ਸਮਾਜੀ ਯਥਾਰਥ ਨੂੰ ਬਦਲਣ ਲਈ ਚੱਲ ਰਹੀ ਛੋਟੀਆਂ/ਵੱਡੀਆਂ ਹੱਕੀ ਲੋਕ ਲਹਿਰਾਂ ਦਾ ਵਰਨਣ ਕਰਨ ਨਾਲ ਲੇਖਕ ਦੀਆਂ ਭਵਿੱਖੀ ਕਹਾਣੀਆਂ ਹੋਰ ਆਸ਼ਾਵਾਦੀ ਰੰਗ ਭਰਨਗੀਆਂ ਤੇ ਹੋਰ ਵੱਧ ਤਰੱਕੀ ਕਰਨਗੀਆਂ। ਸੰਪਰਕ: 0161-2805677

Make a free website with Yola