ਰੂਬਰੂ

ਚੰਗੀ ਰਚਨਾ ਕਲਾਤਮਕ ਉਚਿਆਈ ਦੀ ਮੰਗ ਕਰਦੀ ਹੈ-ਕਹਾਣੀਕਾਰ ਲਾਲ ਸਿੰਘ

ਹੁਸ਼ਿਆਰਪੁਰ ਦੇ ਪਿੰਡ ਝੱਜਾਂ ਵਿੱਚ ਮਾਤਾ ਸੁਅਰਗੀ ਮਹਿੰਦਰ ਕੌਰ ਅਤੇ ਪਿਤਾ ਸੁਅਰਗੀ ਸਰੈਣ ਸਿੰਘ ਦੇ ਘਰ            ਜਨਮੇ ਪੇਸ਼ੇ ਵੱਜੋਂ ਐਸ.ਐਸ.ਮਾਸਟਰ ਕਹਾਣੀਕਾਰ ਲ਼ਾਲ ਸਿੰਘ ਆਧੁਨਿਕ ਪੰਜਾਬੀ ਕਹਾਣੀ ਦਾ ਸਮਰੱਥ ਹਸਤਾਖਰ ਹੈ । ਕਿਰਤੀਆਂ ਕਾਮਿਆਂ ਦਾ ਪਿਛੋਕੜ ਰੱਖਣ ਵਾਲੇ ਰਾਮਗੜ੍ਹੀਆ ਪਰਿਵਾਰ ਨਾਲ ਸੰਬੰਧਤ ਕਹਾਣੀਕਾਰ ਲ਼ਾਲ ਸਿੰਘ ਨੇ ਵਿਰਾਸਤੀ ਹੁਨਰ ਨਾਲ ਪੰਜਾਬੀ ਕਹਾਣੀ ਦਾ ਮੂੰਹ ਮੱਥਾ ਸੰਵਾਰਨ ਵਿੱਚ ਕੋਈ ਕੋਰ ਕਸਰ ਨਹੀਂ ਛੱਡੀ ਹੈ। ਸਰਕਾਰੀ ਸਕੂਲ ਬਡਾਲਾ ਤੋਂ ਪ੍ਰਾਇਮਰੀ , ਖਾਲਸਾ ਹਾਈ ਸਕੂਲ ,ਸਮਾਲਾ ਮੁੰਡੀਆਂ ਤੋਂ1955 ਵਿੱਚ ਦਸਵੀਂ ਅਤੇ ਸਰਕਾਰੀ ਕਾਲਜ  ਟਾਂਡਾ ਤੋਂ 1957 ਐਫ.ਏ. ਪਾਸ ਕਰਨ ਮਗਰੋਂ ਅੱਤ ਦੀ ਆਰਥਿਕ ਤੰਗਹਾਲੀ ਕਰਕੇ ਪੜ੍ਹਾਈ ਵਿਚਾਲੇ ਹੀ ਛੱਡ ਕੇ ਆਪਣੇ ਮਾਮੇ ਦੀ ਮਦਦ ਨਾਲ ਭਾਖੜਾ ਡੈਮ ਵਿਖੇ ਅਸਿਸਟੈਂਟ ਫੋਰਮੈਨੀ ਕੀਤੀ ਅਤੇ ਨਾਲੋਂ ਨਾਲ ਪੜ੍ਹਾਈ ਦਾ ਸ਼ੌਕ ਵੀ ਪੂਰਾ ਕੀਤਾ । ਗਿਆਨੀ ,ਬੀ.ਏ. (1967) ਮਗਰੋਂ 1975  ਵਿੱਚ ਐਮ.ਏ.(ਪੰਜਾਬੀ) ,ਬੀ. ਐਡ.( 1970) ਕਰਨ ੳਪਰੰਤ ਪਬਲਿਕ ਹਾਇਰ ਸੈਕੇੰਡਰੀ ਸਕੂਲ,ਭੰਗਾਲਾ ( ਹੁਸ਼ਿਆਰਪੁਰ) ਵਿੱਖੇ ਬਤੌਰ ਐਸ.ਐਸ. ਮਾਸਟਰ  ਨੌਕਰੀ ਸ਼ੂਰੂ ਕੀਤੀ। ਪੀ.ਐਚ.ਡੀ. ਦਾ ਸਾਰਾ ਕਾਰਜ ਸੰਪੂਰਨ ਹੋਣ ਉਪਰੰਤ ਛਪਾਈ ਲਈ ਦੇਣ ਜਾਣ ਸਮੇਂ ਚੋਰੀ ਹੋਣ ਕਰਕੇ ਸਿਰਫ ਡਾ. ਦਾ ਖਿਤਾਬ ਹੀ ਲਾਲ ਸਿੰਘ ਦੇ ਹਿੱਸੇ ਨਹੀ ਆਇਆ , ਭਾਵੇਂ ਕਾਰਜ ਪੂਰਨ ਸੰਪੂਰਨਾਂ ਤੋਂ ਕਿਤਾ ਜਿਆਦਾ ਸੀ । ਹੁਣ ਤੱਕ ਸੱਤ ਕਹਾਣੀ ਸੰਗ੍ਰਹਿ ਲਿਖਣ ਮਗਰੋਂ ਅਤੇ ਕਈ ਮਾਨ ਸਨਮਾਨ ਹਾਸਿਲ ਕਰਕੇ ਲਾਲ ਸਿੰਘ ਪੰਜਾਬੀ ਕਹਾਣੀ ਦਾ ਸਿਰਕੱਢ ਲੇਖਕ ਹੋ ਨਿਬੜਿਆ ਹੈ। ਅਧੁਨਿਕ ਪੰਜਾਬੀ ਕਹਾਣੀ ਦਾ ਜ਼ਿਕਰ ਕਹਾਣੀਕਾਰ ਲ਼ਾਲ ਸਿੰਘ ਦੇ ਨਾਂ ਤੋਂ ਬਿਨਾ ਅਧੂਰਾ ਜਾਪਦਾ ਹੈ । ਅੰਤਰਮੁਖੀ ਸੁਭਾਅ ਅਤੇ ਪੰਜਾਬੀ ਸਾਹਿਤ  ਲਈ ਸਮਰਪਤ ਕਹਾਣੀਕਾਰ ਲਾਲ ਸਿੰਘ ਰਿਟਾਇਰਮੈੰਟ ਦੇ 20 ਸਾਲ ਮਗਰੋਂ ਵੀ ਸਾਹਿਤ ਸਿਰਜਣਾ ਅਤੇ ਜੱਥੇਬੰਧਕ ਗਤੀਵਿਧੀਆਂ ਵਿੱਚ ਪੂਰੀ ਤਰਾਂ ਸਰਗਰਮ ਹੈ । ਕਹਾਣੀਕਾਰ ਲ਼ਾਲ ਸਿੰਘ ਨਾਲ ਮੁਲਾਕਾਤ ਦੇ ਕੁਝ ਅੰਸ਼ ਪਾਠਕਾਂ ਲਈ ਪੇਸ਼ ਹਨ।

*  ਮਾਸਟਰ ਜੀ, ਤੁਸੀ ਸਾਹਿਤ ਨਾਲ ਕਿਂਵੇ ਜੁੜੇ  ?

-ਮੈਨੂੰ ਸਾਹਿਤ ਪੜ੍ਹਣ ਦਾ ਸ਼ੌਕ ਮੁੱਢ ਤੋਂ ਹੀ ਸੀ। ਐਫ. ਏ. ਦੀ ਪੜ੍ਹਾਈ ਦੌਰਾਨ ਮੈਨੂੰ ਹਰੀ ਸਿੰਘ ਦਿਲਬਰ ਦੀਆਂ ਕਹਾਣੀਆਂ ਬਹੁਤ ਪਸੰਦ ਸਨ। ਫਿਰ ਗਿਆਨੀ ਕਰਦਿਆਂ ਬਾਵਾ ਬਲਵੰਤ ਸਿੰਘ ਦੀਆਂ ਕਵਿਤਾਵਾਂ ਨੇ ਟੁੰਬਿਆ।1962 ਵਿੱਚ ਹਾਕੀ ਖੇਡਦਿਆਂ ਮੇਰੇ ਸੱਟ ਲੱਗ ਗਈ। ਮੈਂ ਨੰਗਲ ਟਾਉਨਸ਼ਿਪ ਦੇ ਹਸਪਤਾਲ ਵਿੱਚ ਦਾਖਿਲ ਰਿਹਾ। ਇਸ ਦੌਰਾਨ ਨੰਗਲ ਦੇ ਵੱਡੇ ਗੁਰੂਦੁਆਰੇ ਦੀ ਲਾਇਬ੍ਰੇਰੀ ਵਿੱਚ ਪਏ ਨਾਨਕ ਸਿੰਘ ਦੇ ਕਈ ਨਾਵਲ ਪੜ੍ਹ ਲਏ। ਅਸਲ ਵਿੱਚ ਸਾਹਿਤ ਨਾਲ ਜਿਹੜੀ ਮੱਸ ਮੈਨੂੰ ਇਹ ਨਾਵਲ ਪੜ੍ਹਦਿਆਂ ਪਈ , ੳਹ ਅਜ੍ਹੇ ਤੱਕ ਜਾਰੀ ਹੈ ।

* ਫਿਰ ਲਿਖਣ ਦੀ ਸ਼ੂਰੂਆਤ ਕਦੋਂ ਤੇ ਕਿਂਵੇ ਹੋਈ ?

-1960-62 ਦੀ ਗੱਲ ਹੈ। ਭਾਖੜਾ ਨੰਗਲ ਦੀ ਇੱਕ ਲੇਬਰ ਕਲੋਨੀ ਵਿੱਚ ਗੁਰੁ ਗੋਵਿੰਦ ਸਿੰਘ ਦੇ ਅਵਤਾਰ ਪੂਰਬ ਸੰਬੰਧੀ ਰਾਤ ਦਾ ਕਵੀ ਦਰਬਾਰ ਸੀ। ਮੇਰੇ ਸੋਹਰੇ ਪਿੰਡ ਬੋਦਲਾਂ ਦੇ ਪ੍ਰਸਿੱਧ ਕਵੀ  ਚਰਨ ਸਿੰਘ ਸਫਰੀ ਤੋਂ ਇਲਾਵਾ ਹੋਰ ਵੀ ਚੋਟੀ ਦੇ ਕਵੀ ੳੱਥੇ ਆਏ ਹੋਏ ਸਨ। ਕਰਤਾਰ ਸਿੰਘ ਵਲੱਗਣ ,ਵਿਧਾਤਾ ਸਿੰਘ ਤੀਰ ,ਮਹਿਰਮ ਆਦਿ ਸਭ ਇੱਕ ਤੋਂ ਇੱਕ ਚੜ੍ਹਦੇ ਸਨ। ਮੈਂ ਉਹਨਾਂ ਦੇ ਗੀਤ ਸੁਣੇ ਤਾਂ ਮੇਰੇ ਅੰਦਰ ਇੱਕ ਅਜੀਬ ਜਿਹੀ ਹਲਚਲ ਮਹਿਸੂਸ ਹੋਈ। ਕੁਆਟਰ ਵੱਲ ਮੁੜਦਿਆਂ ਮੈਂ ਵੀ ਦੋ ਤਿੰਨ ਬੰਦ ਜੋੜ ਲਏ। ਇਹ ਬੰਦ ਗੂਰੂ ਗੋਬਿੰਦ ਸਿੰਘ ਜੀ ਬਾਰੇ ਸਨ। ਅਗਲੇ ਵਰੇ ਮੈਂ ਵੀ ਉਸ ਕਵੀ ਦਰਬਾਰ ਵਿੱਚ ਹਾਜ਼ਿਰ ਸੀ। ਵੱਡੇ ਕਵੀਆਂ ਵਿੱਚ ਇੱਕ ਨਿੱਕਾ ਜਿਹਾ ਮੁੰਡਾ।

- ਗੀਤਕਾਰੀ ਤੋਂ ਫਿਰ ਕਹਾਣੀ ਵੱਲ ਕਿਂਵੇ ਮੁੜੇ ?

  • ਕਹਾਣੀ ਵੱਲ ਰੁਚੀ ਤਾਂ ਕਾਫੀ ਦੇਰ ਮਗਰੋਂ ਜਾਗੀ। ਮੈਨੂੰ ਲੇਖਕਾਂ ਦੇ ਦਰਸ਼ਨ ਪਰਸ਼ਨ ਕਰਨ ਤੇ ਦੂਜਿਆਂ ਦੀਆਂ ਲਿਖਤਾਂ ਪੜ੍ਹਣ-ਸੁਣਨ ਵਿੱਚ ਵਧੇਰੇ ਦਿਲਚਸਪੀ ਸੀ। ਮੈਂ ਜੱਥੇਬੰਧਕ ਕਾਰਜਾਂ ਵਿੱਚ ਵੀ ਵੱਧ ਧਿਆਨ ਦਿੰਦਾ ਸੀ। ਸਾਹਿਤ ਸਭਾਵਾਂ ਖੜ੍ਹੀਆਂ ਕਰਨ ਤੇ ਲੇਖਕਾਂ ਨੂੰ ਜੋੜਣ ਦਾ ਵੀ ਸ਼ੌਕ ਰਿਹਾ। ਸਾਹਿਤ ਸਭਾ ਮੁਕੇਰੀਆਂ , ਤਲਵਾੜਾ , ਦਸੂਹਾ- ਗੜ੍ਹਦੀਵਾਲਾ , ਬੁਲੋਵਾਲ , ਟਾਂਡਾ ਆਦਿ ਸਥਾਪਤ ਕਰਕੇ ਸਾਹਿਤਕਾਰਾਂ ਅਤੇ ਸਾਹਿਤ ਪ੍ਰੇਮੀਆਂ ਨੂੰ ਇੱਕਠੇ ਕਰਦਾ ਰਿਹਾ। ਮੈਨੂੰ ਸਾਹਿਤ ਸਭਾ ਮੁਕੇਰੀਆਂ ਨੇ ਇੱਕ ਬਾਰ 1970-80 ਦਹਾਕੇ ਦੀ ਪੰਜਾਬੀ ਕਹਾਣੀ ਤੇ ਪਰਚਾ ਲਿਖਣ ਲਈ ਕਿਹਾ। ਤੁਸੀ ਹੈਰਾਨ ਹੋਵੋਗੇ ਕਿ ੳਦੋਂ ਤੱਕ ਮੈਨੂੰ ਨਾਨਕ ਸਿੰਘ ,ਨਵਤੇਜ ਸਿੰਘ,ਸੁਜਾਨ ਸਿੰਘ,ਸੰਤ ਸਿੰਘ ਸੇਖੋਂ,ਤੇ ਸੰਤੋਖ ਸਿੰਘ ਧੀਰ ਤੋਂ ਬਾਅਦ ਕਿਸੇ ਵੀ ਕਹਾਣੀਕਾਰ ਦਾ ਨਾਂ ਨਹੀਂ ਸੀ ਪਤਾ। ਪਰਚਾ ਲਿਖਣ ਦੇ ਬਹਾਨੇ ਮੈਨੂੰ ਇਸ ਦਹਾਕੇ ਦੀ ਪੂਰੀ ਕਹਾਣੀ ਪੜ੍ਹਣੀ ਪਈ। ਇਸ ਖੇਤਰ ਵਿੱਚ ਵਿਚਰਨ ਤੇ ਮੈਂ ਮਹਿਸੂਸ ਕੀਤਾ ਕਿ ਮੈਂ ਵੀ ਕਹਾਣੀ ਲਿਖ ਸਕਦਾ ਹਾਂ। ਦਸੰਬਰ 1980 ਵਿੱਚ ਮੈਂ ਇੱਕ ਮਿੰਨੀ ਕਹਾਣੀ ਇਡੀਅਟਲਿਖ ਕੇ ਆਪਣੇ ਕਹਾਣੀ ਸਫਰ ਦਾ ਸ਼੍ਰੀ-ਗਣੇਸ਼ ਕੀਤਾ।

* ਆਪਣੀ ਕਹਾਣੀ ਰਚਨਾ ਪ੍ਰਕ੍ਰਿਆ ਬਾਰੇ ਵੀ ਦੱਸੋ ?

  • ਬੇਸ਼ੱਕ ਮੈਂ ਪਰਚਾ ਲਿਖਣ ਲਈ ਬਹੁਤ ਸਾਰੀਆਂ ਕਹਾਣੀਆਂ ਪੜ੍ਹੀਆਂ ,ਪਰ ਉਹਨਾਂ ਵਿੱਚੋਂ ਨਾ ਤਾਂ ਕੋਈ ਵਿਸ਼ੇਸ਼ ਕਹਾਣੀ ਤੇ ਨਾ ਹੀ ਕਿਸੇ ਕਹਾਣੀਕਾਰ ਨੇ ਮੈਨੂੰ ਇੰਨਾ ਪ੍ਰਭਾਵਿਤ ਕੀਤਾ ਕਿ ਮੈਂ ਉਸ ਨੂੰ ਆਪਣਾ ਮਾਡਲ ਚੁਣਦਾ । ਸਗੋਂ ਇਹਨਾਂ ਤੋਂ ਪਹਿਲੋਂ ਪੜ੍ਹੀਆਂ ਸੁਜਾਨ ਸਿੰਘ ਦੀ ਕੁਲਫੀ , ਧੀਰ ਦੀ ਕੋਈ ਇੱਕ ਸਵਾਰ ,ਨਾਨਕ ਸਿੰਘ ਦੀ ਭੁਆ ,ਸੇਖੋਂ ਦੀ ਪੰਮੀ ਦੇ ਨਿਆਣੇ, ਮੇਰੇ ਅੰਦਰ ਇੰਨੀਆਂ ਡੂੰਘੀਆਂ ਧਸੀਆਂ ਹੋਈਆਂ ਸਨ ਕਿ ਮੇਰਾ ਪਰਚਾ ਇਸ ਦਹਾਕੇ ਦੀ ਕਹਾਣੀ ਪ੍ਰਤੀ ੳਦਾਸੀਨ ਹੀ ਰਿਹਾ। ਬੇਸ਼ੱਕ ਮੇਰਾ ਇਹ ਵਿਚਾਰ ਪਿੱਛੋਂ ਜਾ ਕੇ ਡਾ. ਰਘੁਵੀਰ ਸਿੰਘ ਸਿਰਜਣਾ ਹੋਰਾਂ ਨੇ ਬਦਲ ਦਿੱਤਾ ਸੀ। ਮੈਂ ਇਹ ਕਹਿ ਸਕਦਾਂ ਹਾਂ ਕਿ ਸ਼ੁਰੂ ਦਾ ਕਥਾ ਪ੍ਰਵਾਹ ਮੇਰਾ ਰੋਲ ਮਾਡਲ ਬਣਿਆ। ਕੋਈ ਵਿਅਕਤੀ ਵਿਸ਼ੇਸ਼ ਨਹੀਂ। ਕੋਈ ਇਕਹਰੇ ਪਿੰਡੇ ਵਾਲੀ ਕਹਾਣੀ ਲਿਖਣ ਦੇ ਸਮਰੱਥ ਹੈ ਤੇ ਕੋਈ ਭਰਵੈਂ ਗੁੰਦਵੇਂ ਜੁੱਸੇ ਵਾਲੀ ਕਹਾਣੀ। ਜਿਸ ਤਕਨੀਕ ਤੇ ਮੇਰਾ ਹੱਥ ਪੈਂਦਾ ਹੈ , ਮੈਂ ਵੀ ਅਜਮਾਈ ਜਾ ਰਿਹਾ ਹਾਂ।

*ਤੁਹਾਡੀਆਂ ਕਹਾਣੀਆਂ ਅਕਸਰ ਲੰਮੀਆਂ ਹੁੰਦੀਆਂ ਹਨ ਯਾਨੀ ਵਧੇਰੇ ਵਿਸਥਾਰ ਵਾਲੀਆ ਅਜਿਹਾ ਕਿੳਂ ?

  • ਮੈਨੂੰ ਇੱਕ ਵਾਕਿਆ ਯਾਦ ਆੳਂਦਾ ਹੈ । ਸਾਡੇ ਪਿੰਡ ਦੇ ਗੁਰੂਦੁਆਰੇ ਦਾ ਗ੍ਰੰਥੀ ਸਵੇਰੇ ਸਵੇਰੇ ਸ਼ਬਦ ਕੀਰਤਨ ਕਰਿਆ ਕਰਦਾ ਸੀ। ਸਿੱਧੇ ਸਾਦੇ ਸ਼ਬਦ, ਨਾ ਸਾਜ ਨਾ ਕੁਝ ਹੋਰ,ੳਹ ਵਖਿਆਨ ਕਰਦਾ ਤਾਂ ਬਹੁਤ ਸਾਰੇ ਸ਼ਬਦਾਂ ਦੀਆਂ ਤੁਕਾਂ , ਅਨੇਕਾਂ ਹਵਾਲੇ ਵਿੱਚ ਲੈ ਆਉਂਦਾ। ਇਹਨਾਂ ਤੁਕਾਂ ਹਵਾਲਿਆਂ ਦੇ ਭਾਵ ਗਾਏ ਜਾ ਰਹੇ ਸ਼ਬਦ ਦੇ ਅਰਥਾਂ ਨੂੰ ਹੋਰ ਸੰਘਣਾ ਕਰ ਦਿੰਦਾ ਹੋਰ ਪ੍ਰਭਾਵੀ ਬਣਾਉਂਦੇ । ਮੈਂ ਵੀ ਕਹਾਣੀ ਵਿੱਚ ਪੇਸ਼ ਵਿਸ਼ੇ ਨੂੰ ਹੋਰ ਪ੍ਰਭਾਵੀ ਬਣਾਉਣ ਦੀ ਲੋਚਾ ਕਾਰਣ ਕਈ ਨਿੱਕੀਆਂ ਘਟਨਾਵਾਂ ਤੇ ਹੋਰ ਵੇਰਵੇ ਨੱਥੀ ਕਰਦਾ ਜਾਂਦਾਂ ਹਾਂ। ਇਉਂ ਕਰਦਿਆਂ ਮੇਰੀ ਕਹਾਣੀ ਦਾ ਅਕਾਰ ਕੁਝ ਵੱਧ ਹੀ ਜਾਂਦਾ ਹੈ ।

*ਤੁਸੀ ਇਸ ਸਮਰਥਾ ਕਾਰਣ ਨਾਵਲ ਲਿਖਣ ਵੱਲ ਰੁਚਿਤ ਕਿੳਂ ਨਹੀਂ ਹੋਏ ?

  • ਨਾਵਲ ਲਿਖਣਾ ਕਾਫੀ ਵੱਡੇ ਜਿਗਰੇ ਦਾ ਕੰਮ ਹੈ। ਨਾਵਲ ਲਿਖਣ ਲਈ ਵੱਡੀ ਸਾਹਿਤਕ ਪ੍ਰਤਿਭਾ ਦੀ ਲੋੜ ਹੈ। ਮੈਂ ਹਾਲੇ ਆਪਣੇ ਆਪ ਨੂੰ ਏਨਾ ਸਮਰਥ ਨਹੀਂ ਸਮਝਦਾ।

*ਤੁਹਾਡੇ ਹੁਣ ਤੱਕ ਕਿਹੜੇ - ਕਿਹੜੇ ਕਹਾਣੀ ਸੰਗ੍ਰਹਿ ਪ੍ਰਕਾਸ਼ਿਤ ਹੋਏ ਹਨ ?

  • ਮੇਰੇ ਹੁਣ ਤੱਕ ਸੱਤ ਕਹਾਣੀ ਸੰਗ੍ਰਹਿ ਛਪੇ ਹਨ। ਮਾਰਖੋਰੇ (1984),ਬਲੌਰ (1986),ਧੁੱਪ ਛਾਂ (1990),ਕਾਲੀ ਮਿੱਟੀ (1996), ਅੱਧੇ ਅਧੂਰੇ (2003),ਗੜ੍ਹੀ ਬਖਸ਼ਾ ਸਿੰਘ (2009) ਅਤੇ ਸੰਸਾਰ ( 2017) । ਇਸ ਤੋਂ ਇਲਾਵਾ ਸੱਤ ਕਿਤਾਬਾਂ ਦਾ ਉਲਥਾ ਕੀਤਾ ਹੈ। ਨਵ ਸਾਖਰਾਂ ਲਈ ਪੁਸਤਕਾਂ,ਬਾਲ ਕਹਾਣੀਆਂ,ਅਲੋਚਨਾਤਮਕ ਲੇਖ ਅਤੇ ਮੁਲਾਕਾਤਾਂ ਆਦਿ ਵਿਧਾਵਾਂ ਤੇ ਕਲਮ ਆਜਮਾਈਸ ਕੀਤੀ ਹੈ।

* ਕਲਾ ਤੇ ਵਿਸ਼ੇ ਪੱਖ ਤੋਂ ਤੁਹਾਡੀਆਂ ਕਹਾਣੀਆਂ ਦਾ ਨਜ਼ਰੀਆ ਕੀ ਹੈ ?

  • ਵਿਸ਼ਾ ਅਤੇ ਕਲਾ ਪੱਖ ਦੋਵੇਂ ਇੱਕ ਦੂਸਰੇ ਦੇ ਪੂਰਕ ਹਨ। ਪਹਿਲਾ ਦੂਜੇ ਤੋਂ ਬਗੈਰ ਅਧੂਰਾ ਹੈ ਤੇ ਦੂਜਾ ਪਹਿਲੇ ਤੋਂ ਬਿਨਾ। ਕਲਾ ,ਕਲਾ ਲਈ ਦਾ ਯੁਗ ਬਹੁਤ ਪਿੱਛੇ ਰਹਿ ਗਿਆ ਹੈ। ਇਕੱਲਾ ਵਿਸ਼ਾ ਵੀ ਉੱਨੇ ਚਿਰ ਸਾਹਿਤ ਦਾ ਰੂਪ ਅਖਤਿਆਰ ਨਹੀਂ ਕਰ ਸਕਦਾ , ਜਿੰਨਾ ਚਿਰ ਉਸ ਨੂੰ ਕਲਾ ਦੀ ਪੁੱਠ ਨਹੀਂ ਚੜ੍ਹਦੀ। ਚੰਗੀ ਰਚਨਾ ਕਿਸੇ ਕਲਾਤਮਕ ਉਚਿਆਈ ਦੀ ਮੰਗ ਕਰਦੀ ਹੈ। ਉੱਥੇ ਠੋਸ ਵਿਸ਼ੇ ਦਾ ਆਧਾਰ ਵੀ ਲੋੜੀਂਦਾ ਹੈ। ਅਸਲ ਵਿੱਚ ਇੱਕ ਵਧੀਆ ਰਚਨਾ ਇੱਕ ਵਿਸ਼ੇ ਨੂੰ ਕਲਾਤਮਕ ਢੰਗ ਨਾਲ ਪੇਸ਼ ਕਰਨ ਦਾ ਹੀ ਨਾਂ ਹੈ।

*ਕੀ ਸਾਹਿਤ ਵਿੱਚ ਵੀ ਕਿਸੇ ਤਰਾਂ ਦੀ ਗੁੱਟਬੰਦੀ ਹੈ। ਇੱਥੇ ਵੀ ਇੱਕ ਦੂਜੇ ਨੂੰ ਉਚਿਆਉਣ ਜਾਂ ਛੁਟਿਆੳਣ ਦਾ   ਪ੍ਰਪੰਚ ਚਲਦਾ ਹੈ ?

  • ਧੜੇਬੰਦੀ ਤਾਂ ਵਿਸ਼ਵ ਵਿਆਪੀ ਵਰਤਾਰਾ ਹੈ। ਅਜੋਕੀ ਰਾਜਨੀਤੀ ਇਸ ਸਮਾਜ ਦੇ ਹਰੇਕ ਪਹਿਲੂ ਤੇ ਅਸਰ ਅੰਦਾਜ ਹੋਈ ਪਈ ਹੈ। ਸਾਹਿਤਕਾਰ ਜਿਸ ਨੂੰ ਰਾਜਨੀਤੀ ਦੀਆਂ ਕੁਟਲ ਨੀਤੀਆਂ ਦੇ ਖਿਲਾਫ ਖਲੋਣਾ ਚਾਹੀਦਾ ਹੈ। ਖੁੱਦ ਇਸ ਦੇ ਪ੍ਰਭਾਵਾਂ ਦਾ ਸ਼ਿਕਾਰ ਹੋਇਆ ਪਿਆ ਹੈ । ਇਸ ਦੇ ਸਿੱਟੇ ਵਜੋਂ ਪੰਜਾਬੀ ਕਹਾਣੀਕਾਰਾਂ ,ਸਾਹਿਤਕਾਰਾਂ ਅੰਦਰ ਧੜੇਬੰਦੀ ਦਾ ਆ ਜਾਣਾ , ਕੋਈ ਗ਼ੈਰਮਾਮੂਲੀ ਵਰਤਾਰਾ ਨਹੀਂ ਹੈ। ਇੰਜ ਹੋਣਾ ਹੀ ਸੀ ਤੇ ਹੋਇਆ ਵੀ। ਗੁੱਟਾਂ ਜੁੱਟਾਂ ਨੇ ਤਾਂ ਇੱਕ ਦੂਸਰੇ ਦੇ ਖੰਭ ਖੋਹਣੇ ਹੁੰਦੇ ਹੀ ਹਨ । ਇਸ ਵਿੱਚ ਡਰ ਵਾਲੀ ਕੋਈ ਗੱਲ ਨਹੀਂ ਹੈ। ਦੁੱਖ ਦੀ ਗੱਲ ਤਾਂ ਇਹ ਹੈ ਕਿ ਪੰਜਾਬੀ ਕਹਾਣੀਕਾਰ ਰਾਜਨੀਤੀ ਤੋਂ ਵੀ ਬਦਤਰ ਕਿਸਮ ਦੇ ਖਿੱਤਿਆਂ, ਜਾਤਾਂ ਪਾਤਾਂ,ਤੇ ਗੁੱਟਾਂ ਜੁੱਟਾਂ ਵਿੱਚ ਵੰਡੇ ਹੋਏ ਨੇ। ਆਪਣੀ ਧਿਰ ਦੀ ਬੜੀ ਬੇਸ਼ਰਮੀ ਨਾਲ ਕੰਡ ਥਾਪੜਦੇ ਹਨ ਤੇ ਦੂਜੀ ਧਿਰ ਦੀ ਬੜੀ ਬੇਰਹਿਮੀ ਨਾਲ ਨਿਖੇਧੀ ਕਰਦੇ ਹਨ। ਇਸ ਨਾਲ ਸਾਹਿਤਕ ਪ੍ਰਤਿਭਾ ਦਾ ਨੁਕਸਾਨ ਹੁੰਦਾ ਹੈ। ਮੈਂ ਅਜਿਹੀ ਧੜੇਬੰਦੀ ਤੋਂ ਦੂਰ ਰਹਿਣ ਦੇ ਕੁਝ ਸੁਚੇਤ ਯਤਨਾਂ ਕਰਕੇ ,ਚਰਚਾ ਮੰਡਲ ਦੇ ਘੇਰੇ ਤੋਂ ਬਾਹਰ ਰਹਿਣ ਦਾ ਖੁਦ ਕਸੂਰਵਾਰ ਹਾਂ।

*ਸਾਹਿਤ ਵਿੱਚ ਪ੍ਰਤੀਬਧੱਤਾ ਕਿੰਨੀ ਕੁ ਜਰੂਰੀ ਹੈ ?

  • ਸਾਹਿਤ ਵਿੱਚ ਪ੍ਰਤੀਬੱਧਤਾ ਨਾਲੋਂ ਸਾਹਿਤਕਾਰ ਦੇ ਪ੍ਰਤੀਬੱਧ ਹੋਣ ਦਾ ਸੁਆਲ ਵਧੇਰੇ ਅਹਿਮ ਹੈ। ਸਾਹਿਤਕਾਰ ਹੋਣਾ ਹੀ ਆਪਣੇ ਆਪ ਵਿੱਚ ਪ੍ਰਤੀਬੱਧਤਾ ਹੈ। ਕਿਸੇ ਦੀ ਨਿੱਜ ਪ੍ਰਤੀਬੱਧਤਾ ਹੈ। ਕਿਸੇ ਦੀ ਸਥਾਪਤੀ ਪ੍ਰਤੀ ਤੇ ਕਿਸੇ ਦੀ ਲੋਕਾਂ ਪ੍ਰਤੀ। ਨਿਜਵਾਦੀ ਸਾਹਿਤਕਾਰ ਆਪਣੇ ਆਪ ਤੋਂ ਨਾ ਅਗਾਂਹ ਸੋਚਦਾ ਹੈ.. ਨਾ ਲਿਖਦਾ ਹੈ। ਵਿਕਦਾ ਬਹੁਤ ਹੈ। ਅੱਡਿਆਂ ਬੁੱਕ ਸਟਾਲਾਂ ਤੇ ਸਥਾਪਤੀ ਦੇ ਪੈਰੋਕਾਰਾਂ ਨੂੰ ਸਰਕਾਰੇ ਦਰਬਾਰੇ ਵਾਹਵਾ ਮਾਨ ਸਨਮਾਨ ਹਾਸਿਲ ਹੋ ਜਾਂਦੇ । ਮੀਡੀਆ ਵਾਲੇ ਵੀ ਚੰਗਾ ਨਵਾਜਦੇ ਨੇ। ਲੋਕਾਂ ਪ੍ਰਤੀ ਪ੍ਰਤੀਬੱਧ ਸਾਹਿਤਕਾਰਾਂ ਦੀ ਭੂਮਿਕਾ ਅਤੇ ਸਥਿਤੀ ਬਾਰੇ ਕਿਸੇ ਨੂੰ ਕੀ ਭੁਲੇਖਾ ਹੈ? ਉਜ ਸਾਡੇ ਪੰਜਾਬੀ ਦੇ ਸਾਹਿਤਕਾਰਾਂ ਵਿੱਚ ਇੱਕ ਅਜੀਬ ਵਿਡੰਬਨਾ ਹੈ ਕਿ ਲੋਕਾਂ ਨਾਲ ਪ੍ਰਤੀਬੱਧ ਹੋਣ ਦੀਆਂ ਫੜਾਂ ਮਾਰਦੇ ਹਨ ਤੇ ਸਰਕਾਰੇ ਦਰਬਾਰੇ ਵੀ ਚੰਗਾ ਮਾਨ ਸਨਮਾਨ ਹਾਸਿਲ ਕਰ ਲੈਂਦੇ ਹਨ। ਇਹ ਪ੍ਰਤੀਬੱਧਤਾ ਦੀ ਕੋਈ ਹੋਰ ਸ਼੍ਰੇਣੀ ਹੋ ਸਕਦੀ ਹੈ। ਪਰ ਮੈਨੂੰ ਹਾਲੇ ਤੱਕ ਇਸ ਦੀ ਸਮਝ ਨਹੀਂ ਆਈ। ਰਹੀ ਗੱਲ ਮੇਰੇ ਪ੍ਰਤੀਬੱਧ ਹੋਣ ਦੀ,ਇਹ ਤੁਸੀ ਮੇਰੀਆਂ ਕਹਾਣੀਆ ਅਤੇ ਮੇਰੇ ਸਥਾਨ ਤੋਂ ਅੰਦਾਜਾ ਲਾ ਸਕਦੇ ਹੋ ।

*ਤੁਹਾਨੂੰ ਹੁਣ ਤੱਕ ਕਿਹੜੇ ਸਰਕਾਰੀ ਅਤੇ ਗ਼ੈਰਸਰਕਾਰੀ ਇਨਾਮ ਮਿਲ ਚੁੱਕੇ ਹਨ ?

  • ਸਰਕਾਰੀ ਸਨਮਾਨ ਬਾਰੇ ਤਾਂ ਮੈਂ ਕਦੇਂ ਸੋਚਿਆ ਹੀ ਨਹੀਂ। ਗ਼ੈਰਸਰਕਾਰੀ ਸਨਮਾਨਾਂ ਦਾ ਜਿੱਥੋਂ ਤਾਈਂ ਸੁਆਲ ਹੈ , ਗੁਰਦਾਸਪੁਰ ਸਾਹਿਤ ਸਭਾ ਵੱਲੋਂ ਪ੍ਰਿੰ.ਸੁਜਾਨ ਸਿੰਘ ਯਾਦਗਾਰੀ ਪੁਰਸਕਾਰ,ਪੰਜਾਬੀ ਲੋਕ ਲਿਖਾਰੀ ਮੰਚ ਬਟਾਲਾ ਵਲੋਂ ਸਨਮਾਨ,ਪੰਜਾਬੀ ਸਾਹਿਤ ਸਭਾ ਭੋਗਪੁਰ,ਪੰਜਾਬੀ ਸਾਹਿਤ ਸਭਾ ਹੁਸ਼ਿਆਰਪੁਰ, ਪੰਜਾਬੀ ਸਾਹਿਤ ਸਭਾ ਤਲਵਾੜਾ, ਪੰਜਾਬੀ ਸਾਹਿਤ ਸਭਾ ਭੰਗਾਲਾ-ਮੁਕੇਰੀਆਂ,ਸਾਹਿਤ ਆਸ਼ਰਮ ਟਾਂਡਾ, ਸਫਦਰ ਹਾਸ਼ਮੀ ਪੁਰਸਕਾਰ ,ਪੰਜਾਬੀ ਸਾਹਿਤ ਅਕੈਡਮੀ ਬਿਜਲੀ ਬੋਰਡ,,ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ,ਚਰਨ ਦਾਸ ਜੈਨ ਯਾਦਗਾਰੀ , ਪੁਲਸ ਮੰਚ ਪੰਜਾਬ ਸਿਰਜਣਾ ਅਵਾਰਡ ਆਦਿ ਵੱਲੋਂ ਮਿਲੇ ਮੋਮੈਂਟੋ ਤੇ ਸ਼ਾਲਾਂ ਮੇਰੇ ਗ਼ੈਰਸਰਕਾਰੀ ਸਨਮਾਨਾਂ ਦੇ ਖਾਤੇ ਵਿੱਚ ਪਾ ਸਕਦੇ ਹੋ ।

*ਤੁਹਾਡੀਆਂ ਪੁਸਤਕਾਂ ਤੇ ਖੋਜ ਕਾਰਜ ਵੀ ਹੋਏ ਹਨ ?

  • ਮੇਰੀਆਂ ਕਹਾਣੀਆ ਤੇ ਪੰਜਾਬੀ ਯੂਨੀਵਰਸਿਟੀ,ਪੰਜਾਬ ਯੂਨੀਵਰਸਿਟੀ ਅਤੇ ਕੁਰੂਕਸ਼ੇਤਰ ਯੂਨੀਵਰਸਿਟੀ,ਆਦਿ ਵੱਲੋਂ ਮੇਰੀ ਕਹਾਣੀ ਰਚਨਾ ਤੇ ਕਈ ਐਮ.ਫਿਲ. ਅਤੇ ਪੀ .ਐਚ. ਡੀ .ਦੇ ਖੋਜ ਕਾਰਜ ਕਰਵਾਏ ਗਏ ਹਨ ।

                                        ********                 

                                                               ਮੁਲਾਕਾਤੀ-ਪ੍ਰਿੰਸੀਪਲ ਡਾ. ਧਰਮਪਾਲ ਸਾਹਿਲ ,

                                                              ਪੰਚਵਟੀ,ਏਕਤਾ ਇਨਕਲੇਵ,ਲੇਨ ਨੰਬਰ-2,

                                                              (ਬੂਲਾਂਬਾੜੀ),ਹੁਸ਼ਿਆਰਪੁਰ -146001

                                                                ਫੋਨ-9876156964

 

Make a free website with Yola