~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~

ਕਹਾਣੀਕਾਰ ਲਾਲ ਸਿੰਘ ਦੀ ਕਹਾਣੀ ਕਲਾ ਅਤੇ ਸ਼ੈਲੀ ਸੰਬੰਧੀ ਕਹਾਣੀਕਾਰ ਨਾਲ ਮੁਲਾਕਾਤਾਂ

                                                                            1 ) ਡਾ. ਜੋਗਿੰਦਰ ਸਿੰਘ ਨਿਰਾਲਾ                                                                                            2 ) ਡਾ. ਭੁਪਿੰਦਰ ਕੌਰ ਕਪਰੂਥਲਾ

                                                                              3) ਡਾ ਤਲਵਿੰਦਰ ਸਿੰਘ ਅਮਿ੍ੰਤਸਰ

                                                                              4) ਡਾ. ਧਰਮਪਾਲ ਸਾਹਿਲ ਹੁਸ਼ਿਅਾਰਪੁਰ
~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~

ਜੋ ਕਹਾਂਗਾ-ਸੱਚ ਕਹਾਂਗਾ ..ਪਰ !!!’’ --ਕਹਾਣੀਕਾਰ ਲਾਲ ਸਿੰਘ

                            ਡਾ ਜੋਗਿੰਦਰ ਸਿੰਘ ਨਿਰਾਲਾ

        "ਸਾਹਿਤ ਨੇ ਮਨੋਰੰਜਨ ਤੇ ਮਨੇਵਿਰੇਚਨ ਵਰਗੇ ਉਦੇਸ਼ਾਂ ਤੋਂ ਇਕ ਭਰਵਾਂ ਕਦਮ ਅਗਾਂਹ ਪੁੱਟ ਕੇ ਸਮਾਜਿਕ ਤਬਦੀਲੀ ਲਈ ਆਪਣੀ ਅਹਿਮ ਭੂਮਿਕਾ ਦਰਜ ਕਰਵਾਈ "

ਡਾ. ਜੋਗਿੰਦਰ ਸਿੰਘ ਨਿਰਾਲਾ :  ਤੁਸੀਂ ਕਹਾਣੀ ਲਿਖਣ ਦਾ ਆਰੰਭ ਕਿਨ੍ਹਾਂ ਮੰਤਵਾਂ ਨਾਲ ਕੀਤਾ ?

ਕਹਾਣੀਕਾਰ ਲਾਲ ਸਿੰਘ :  ਸਾਹਿਤ ਚੂੰਕਿ ਇਕ ਸਮਾਜਿਕ ਵਸਤੂ ਹੈ ਅਤੇ ਸਮਾਜ ਦਾ ਇਤਿਹਾਸਿਕ ਬਦਲਾਵ ਰਾਜਨੀਤੀ ਅਤੇ ਇਸ ਤੇ ਭਿੰਨ-ਭਿੰਨ ਪਹਿਲੂਆਂ ਨਾਲ ਪਿੱਠ-ਜੁੜਵਾਂ ਹੈ । ਇਸ ਲਈ ਸਾਹਿਤ ਦੀ ਭੂਮਿਕਾ ਬਦਲਦੇ ਪਰਿਪੇਖ ਨਾਲ ਬਦਲਦੀ ਰਹੀ ਹੈ । ਰਜਵਾੜਾ – ਸ਼ਾਹੀ ਯੁੱਗ ਤੱਕ ਸਾਹਿਤ ਕੇਵਲ ਮਨੋਰੰਜਨ ਦਾ ਵਸੀਲਾ ਸੀ । ਸਾਮੰਤਵਾਦੀ ਵਰਤਾਰੇ ਦੇ ਦੋਹਰੇ – ਤੀਹਰੇ ਦਬਾਅ ਨੇ  ਸਾਹਿਤ ਤੋਂ ਹੋਰ ਵਡੇਰੀ ਭੂਮਿਕਾ ਦੀ ਮੰਗ ਕੀਤੀ । ਇਸ ਮੰਗ- ਪੂਰਤੀ ਵਜੋਂ ਸਾਹਿਤ ਨੇ ਮਨੋਰੰਜਨ ਦੇ ਨਾਲ-ਨਾਲ ਪਾਠਕ ਦੇ ਮਨੋਵਿਰੇਚਨ ਵੀ ਕਰਨਾ ਸੀ ਅਤੇ ਕੀਤਾ ਵੀ । ਸਾਹਿਤ ਦੀਆਂ ਇਹਨਾਂ ਦੋਨਾਂ ਭੂਮਿਕਾਵਾਂ ਵਿਚੋਂ ਪਹਿਲੀ ਨੇ ਮਨੁੱਖ ਨੂੰ ਸਮਕਾਲ ਦੇ ਵਰਤਾਰੇ ਦਾ ਸ਼ਰਧਾਲੂ ਬਣਾਈ ਰੱਖਿਆ ਤੇ ਵਰਤਾਰੇ ਦੀਆਂ ਕਈ ਸਾਰੀਆਂ ਵਿਸੰਗਤੀਆਂ ਵੱਲ ਉਸ ਦਾ ਧਿਆਨ ਹੀ ਨਹੀਂ ਜਾਣ ਦਿੱਤਾ । ਅਤੇ ਦੂਰੀ ਭੂਮਿਕਾ ਭਾਵ ਮਨੋਵਿਜੇਚਨ ਨੇ , ਵਿਸੰਗਤੀਆਂ ਅਤੇ ਅੰਤਰ-ਵਿਰੋਧਾਂ ਕਾਰਨ ਮਨੁੱਖ ਮਾਤਰ ਅੰਦਰ ਪੈਦਾ ਹੋਈ ਰੰਜਸ਼ ਜਾਂ ਥੋੜ੍ਹੀ ਕੁ ਜਿੰਨੀ ਖਿੱਝ ਜਾਂ ਵਿਰੋਧ ਦੀ ਤੀਬਰਤਾ ਨੂੰ ਘੱਟ ਕਰ ਦਿੱਤਾ ਜਾਂ ਉੱਕਾ ਹੀ ਇਸ ਤਰ੍ਹਾਂ ਦੇ ਭਾਵਾਂ ਦਾ ਵਿਸਰਜਨ ਕਰ ਮਾਰਿਆ । ਭਗਤੀ ਲਹਿਰ ਦਾ ਬਹੁਤਾ ਸਾਹਿਤ ਅਤੇ ਮੁੱਢਲਾ ਆਦਰਸ਼ਵਾਦੀ ਪਹੁੰਚ ਵਾਲਾ ਸਾਹਿਤ ਇਸ ਤੱਥ ਦੀਆਂ ਉੱਘੜਵੀਆਂ ਉਦਾਰਹਣਾਂ ਹਨ ।

ਇਹਨਾਂ ਪੜਾਵਾਂ ਤੋਂ ਅਗਾਂਹ ਚੱਲ ਕੇ ਸਮਾਜਿਕ ਵਿਕਾਸ  ਦੇ ਤੀਸਰੇ ਪੜਾਅ ਭਾਵ ਸਰਮਾਏ ਦੀ ਪ੍ਰਧਾਨਤਾ ਵਾਲੇ ਦੌਰ ਅੰਦਰ ,ਸਾਹਿਤ ਨੇ ਮਨੋਵਿਰੇਚਨ ਵਰਗੇ ਉਦੇਸ਼ਾਂ ਤੋਂ , ਇਕ ਦੀ ਪ੍ਰਧਾਨਤਾ ਵਾਲੇ ਦੌਰ ਅੰਦਰ, ਸਾਹਿਤ ਨੇ ਮਨੋਰੰਜਨ ਤੇ ਮਨੇਵਿਰੇਚਨ ਵਰਗੇ ਉਦੇਸ਼ਾਂ ਤੋਂ , ਇਕ ਭਰਵਾਂ ਕਦਮ ਅਗਾਂਹ ਪੁੱਟ ਕੇ ਸਮਾਜਿਕ ਤਬਦੀਲੀ ਲਈ ਇਕ ਕਾਰਗਰ ਹਥਿਆਰ ਵਜੋਂ ਵੀ ਆਪਣੀ ਭੂਮਿਕਾ ਦਰਜ ਕਰਵਾਈ । ਮੇਰੀ ਕਹਾਣੀ ਲਿਖਤ ਸਾਹਿਤ ਦੇ ਇਸ ਉਦੇਸ਼ ਦੀ ਸਾਰਥਿਕਤਾ ਨੂੰ ਵਧੇਰੇ ਪ੍ਰਵਾਨ ਕਰਨ ਦੇ ਪਰਤੌ ਵਜੋਂ ਹੀ ਹੋਂਦ ਵਿਚ ਆਈ ਹੈ । ਇਸ ਉਦੇਸ਼ ਵਿਚ ਸੱਭਿਆਚਾਰਕ ਚੇਤਨਾ ਦਾ ਪ੍ਰਚੰਡ ਹੋ ਜਾਣਾ ਵਧੇਰੇ ਕਰਕੇ ਸ਼ਾਮਿਲ ਹੁੰਦਾ ।

 

" ਮਾਰਕਸਵਾਦ ਇਕ ਵਿਗਿਆਨ ਹੈ "

ਡਾ. ਜੋਗਿੰਦਰ ਸਿੰਘ ਨਿਰਾਲਾ :  ਅਜਿਹਾ ਅਕਸਰ ਸੁਨਣ ਨੂੰ ਮਿਲਦਾ ਹੈ ਕਿ ਹੁਣ ਮਾਰਕਸਵਾਦ ਨਿਘਾਰ ਵੱਲ ਚਲੇ ਗਿਆ ਹੈ , ਜਿਸ ਕਾਰਨ ਸਾਹਿਤ ਦੇ ਪ੍ਰਗਤੀਵਾਦੀ ਦੌਰ ਦਾ ਅੰਤ ਹੋ ਗਿਆ ਹੈ । ਤੁਸੀਂ ਫਿਰ ਵੀ ਪ੍ਰਗਤੀਵਾਦੀ ਧਾਰਨਾ ਵਾਲੀਆਂ ਲਿਖਤਾਂ ਨਾਲ ਮੋਹ ਪਾਲ ਰਹੇ ਹੋ ?

ਕਹਾਣੀਕਾਰ ਲਾਲ ਸਿੰਘ : ਜਿੱਥੋਂ ਤੱਕ ਮਾਰਕਸਵਾਦ ਦੇ ਨਿਘਾਰ ਵੱਲ ਚਲੇ ਜਾਣ ਦਾ ਸੰਬੰਧ ਹੈ , ਇਸ ਨਾਲ ਮੇਰਾ ਸਹਿਮਤ ਹੋਣਾ ਔਖਾ ਹੀ ਨਹੀਂ , ਨਾ-ਮੁਮਕਿਨ ਵੀ ਹੈ । ਮਾਰਕਸਵਾਦ ਇਕ ਵਿਗਿਆਨ ਹੈ । ਕਿਸੇ ਵੀ ਯੁੱਗ ਦੀ ਸਮਾਜਿਕ ਚੌਖਟ ਦਾ ਸਫ਼ਲ ਵਿਸ਼ਲੇਸ਼ਕ । ਸਮਕਾਲ ਦੀ ਰਾਜਨੀਤੀ , ਆਰਥਿਕਤਾ , ਸੱਭਿਆਚਾਰ ਨੂੰ ਸਮਝਣ-ਪਰਖਣ ਦੀ ਡਾਇਲੈਕਟਿਕਸ । ਤੇ ਡਾਇਲੈਕਟਿਕਸ ਵੀ ਇਤਿਹਾਸ-ਮੁਖੀ ,ਯਥਾਰਥ-ਮੁਖੀ ਨਾ ਕਿ ਹਵਾਈ । ਭਾਰਤੀ , ਪੰਜਾਬੀ ਸਮਾਜ ਇਕੋ ਵੇਲੇ ਕਬੀਲਦਾਰੀ, ਸਾਮੰਤੀ ,ਪੂੰਜੀਕਾਰੀ ਸਮਾਜਵਾਦੀ-ਪ੍ਰਬੰਧੀ ਚੇਸ਼ਟਾ ਦਾ ਮਿਲਭੋਗਾ ਜਿਹਾ ਬਣਿਆ ਪਿਆ । ਪਿਛਲੀ ਸਦੀ ਅੰਦਰ ਸਾਮੰਤਸ਼ਾਹੀ ਦੇ ਇਕ ਹੱਦ ਤੱਕ ਹੋਏ  ਵਿਸਰਜਣ ਅਤੇ ਪੂੰਜੀਵਾਦ ਦੀ ਚੜ੍ਹਤ ਅੰਦਰ ਮਾਨਵੀ ਕਦਰਾਂ-ਕੀਮਤਾਂ ਦੀ ਜੇ ਕਿਸੇ ਸਿਧਾਂਤ ਨੇ ਰਾਖੀ ਕੀਤੀ ਹੈ ਤਾਂ ਉਹ ਮਾਰਕਸਵਾਦ ਨੂੰ ਪ੍ਰਣਾਏ ਸਮਾਜਵਾਦੀ ਸਮਾਜਿਕ ਪ੍ਰਬੰਧਕ ਅਤੇ ਇਸ ਦੇ ਸਾਹਿਤਕ ਬਿੰਬ ਪ੍ਰਗਤੀਵਾਦ ਨੇ ਹੀ ਕੀਤੀ , ਪਰ ਵੀਹਵੀਂ ਸਦੀ ਦੇ ਦਸਵੇਂ ਦਹਾਕੇ ਦੇ ਸ਼ੁਰੂ ਵਿਚ ਮਾਰਕਸਵਾਦੀ ਪ੍ਰਣਾਲੀ ਦੇ ਰਾਜਨੀਤਕ ਸੰਗਠਨ ਦੇ ਵਿਸਰ ਜਾਣ ਨੂੰ ਮਾਰਕਸਵਾਦ ਦੇ ਨਿਘਾਰ ਦੀ ਸੰਗਿਆ ਬਿਲਕੁਲ ਨਹੀਂ ਦਿੱਤੀ ਜਾ ਸਕਦੀ । ਇਸ ਸਬੰਧੀ ਮਾਰਕਸਵਾਦੀ ਚਿੰਤਕ ਪ੍ਰੋ ਰਣਧੀਰ ਸਿੰਘ ਦੀ ਟਿੱਪਣੀ ‘’ ਪ੍ਰਗਤੀਵਾਦੀ ਦੌਰ ਦੇ ਅੰਤ ’’ ਹੋ ਜਾਣ ਦੀ ਖੁਸ਼-ਫਹਿਮੀ ਵਿਚ ਵਿਚਰਦੇ ਸ਼ਰਧਾਹੀਣ ਬੁੱਧੀਵਾਦੀਆਂ ਨੂੰ ਭਰਵਾਂ ਹਲੂਣਾ ਦੇਣ ਦੇ ਸਮਰੱਥ ਹੈ । ਉਹਨਾਂ ਅਨੁਸਾਰ ’ ’ ਅੱਜ ਦੀ ਤ੍ਰਾਸਦੀ ਇਹ ਹੈ ਕ ਇਸ ਸਮੇਂ ਪੂਰੀ ਦੁਨਿਆਂ ਸਭ ਤੋਂ ਵੱਧ ਮਾਰਕਸਵਾਦੀ ਢੰਗ ਨਾਲ ਵਿਚਰ ਰਹੀ ਹੈ , ਪਰ ਸਭ ਤਰ੍ਹਾਂ ਦੇ ਸਿਆਣੇ ਬੰਦੇ ਮਾਰਕਸ ਨੂੰ ਬੀਤੇ ਦੀ ਗੱਲ ਕਹਿ ਰਹੇ ਹਨ । ’’

 

ਪ੍ਰਗਤੀਵਾਦੀ ਲਹਿਰ ਸਾਹਮਣੇ ਸਮਾਜਿਕ ਬਦਲਾਅ ਇੱਕੋ ਇਕ ਟੀਚਾ ਹੈ

ਡਾ. ਜੋਗਿੰਦਰ ਸਿੰਘ ਨਿਰਾਲਾ :  ਰਾਜਨੀਤਕ-ਸਮਾਜਿਕ ਲਹਿਰਾਂ ਤੇ ਪ੍ਰਭਾਵ ਤੋਂ ਉਪਜੀ ਕਹਾਣੀ ਦਾ ਸਾਹਿਤ ਵਿੱਚ ਕੀ ਸਥਾਨ ਬਣਦਾ ?

ਕਹਾਣੀਕਾਰ ਲਾਲ ਸਿੰਘ : ਲਹਿਰਾਂ ਜ਼ਿੰਦਗੀ ਦੇ ਵਿਸ਼ਾਲ ਤਜਰਬੇ ਦਾ ਨਿਚੋੜ ਹੁੰਦੀਆਂ ਹਨ । ਇਹਨਾਂ ਦਾ ਪ੍ਰਭਾਵ ਸਾਹਿਤ ਤੇ ਪੈਣਾ ਹੀ ਪੈਣਾ ਹੈ । ਇਸ ਵਿਚ ਸ਼ਰਮਿੰਦੇ ਹੋਣ ਵਾਲੀ ਕੋਈ ਗੱਲ ਨਹੀਂ ।

ਭਗਤੀ  ਲਹਿਰ ਦਾ ਪ੍ਰਭਾਵ ਮਾਨਵਵਾਦੀ ਹੈ । ਇਹ ਮਨੁੱਖ ਅੰਦਰ  ਗਹਿਰੀ ਕੋਮਲਤਾ ਪੈਦਾ ਕਰਦੀ ਹੈ । ਸਮਾਜ-ਸੁਧਾਰਕ ਲਹਿਰਾਂ, ਰਾਜਨੀਤਕ ਲਹਿਰਾਂ ਦੇ ਆਪਣੇ ਉਦੇਸ਼ ਹਨ । ਪ੍ਰਗਤੀਵਾਦੀ ਲਹਿਰ ਸਾਹਮਣੇ , ਸਮਾਜਿਕ ਬਦਲਾਅ ਇੱਕੋ ਇਕ ਟੀਚਾ ਹੈ । ਇਸ ਟੀਚੇ ਨੂੰ ਮੁੱਖ ਰੱਖਦਿਆਂ ਰਚੀ ਗਈ ਜਾਂ ਰਚੀ ਜਾ ਰਹੀ ਕਹਾਣੀ ਦਾ ਕਹਾਣੀ-ਇਤਿਹਾਸ ਇਕ ਅਹਿਮ ਪ੍ਰਾਪਤੀ ਵਜੋਂ ਅੰਕਿਤ ਹੋਇਆ ਹੈ । ਪਰ , ਕਈ ਵਾਰ ਕਹਾਣੀਕਾਰ , ਸਾਹਿਤਕਾਰ ਲਹਿਰ ਦੀ ਰਾਜਸੀ ਗ਼ਲਾਮੀ ਕਰਦਾ , ਲਹਿਰ ਨੂੰ ਅਮਲ ਤੇ ਚੇਤਨਾ ਦੇ ਚਮਤਕਾਰੀ ਰੂਪ ਵਿਚ ਨਹੀਂ ਢਾਲ ਸਕਿਆ ਹੁੰਦਾ । ਇਸ ਕਰਕੇ ਉਸ ਦੀ ਕਿਰਤ ਦਾ ਕੱਦ-ਬੁੱਤ ਕਾਫੀ ਛੋਟਾ ਰਹਿ ਗਿਆ ਹੈ । ਨਕਸਲਵਾੜੀ ਲਹਿਰ ਦੇ ਪ੍ਰਭਾਵ ਹੇਠ ਲਿਖੀ ਗਈ ਕਾਫੀ ਸਾਰੀ ਕਹਾਣੀ ਵੀ ਇਸ ਦੋਸ਼ ਦਾ ਭਾਗੀਦਾਰ ਬਣੀ ਹੈ ।

ਉਂਜ ਲਹਿਰਾਂ ਮਨੁੱਖੀ ਜ਼ਿੰਦਗੀ ਦੇ ਪ੍ਰਵਾਹ ਦਾ ਵਿਰਸਾ ਹਨ  । ਇਹਨਾਂ ਨਾਲ ਜੁੜਦਿਆਂ ਵਿਰਸੇ ਦੇ ਸੋਹਜ ਨੂੰ ਬਿਲਕੁਲ ਨਹੀਂ ਭੁੱਲਣਾ ਚਾਹੀਦਾ । ਸਾਹਿਤਕ ਪ੍ਰਤਿਭਾ ਮੌਲਿਕ ਹੁੰਦੀ ਹੈ । ਲਹਿਰਾਂ ਇਸ ਨੂੰ ਵਧਣ-ਮੌਲਣ ਲਈ ਯੋਗ ਵਾਤਾਵਰਣ ਮੁਹੱਈਆ ਕਰਦੀਆਂ ਹਨ । ਪਰ ਕਿਹੜੇ ਵਿਅਕਤੀ ਦੀ ਸ਼ਖਸ਼ੀਅਤ ਨੇ ਕਿਹੜੀ ਦਿਸ਼ਾ ਵਿੱਚ ਪ੍ਰਫੁੱਲਤਾ ਹੋਣਾ , ਇਹ ਕਹਿਣਾ ਬਹੁਤ ਔਖਾ । ਉਦਾਹਰਣ ਹਿਤ ਸ :  ਮਹਿਤਾਬ ਸਿੰਘ ਹੋਰੀ ਧਾਰਮਿਕ ਵਿਅਕਤੀ ਸਨ । ਉਹਨਾਂ ਦਾ ਇਕ ਪੁੱਤਰ ਪ੍ਰੀਤਮ ਸਿੰਘ ਸਫੀਰ ਦਾਰਸ਼ਨਿਕ ਕਵਿਤਾ ਲਿਖਦਾ , ਦੂਜਾ ਪੁੱਤਰ ਜਗਜੀਤ ਸਿੰਘ ਆਨੰਦ ਪੂਰੇ ਦਾ ਪੂਰਾ ਮਾਰਕਸਵਾਦੀ । ਇਹ ਅੰਤਰ ਲਹਿਰਾਂ ਦੇ ਪ੍ਰਭਾਵ ਕਾਰਨ ਵਾਪਰਿਆ । ਇਕ ਨੇ ਧਾਰਮਿਕ ਲਹਿਰ ਨਾਲ ਮੋਹ ਪਾਲਿਆ , ਦੂਜੇ ਨੇ ਰਾਜਨੀਤਕ – ਸਮਾਜਿਕ – ਸੱਭਿਆਚਾਰਕ ਲਹਿਰ ਨਾਲ ।

 

ਸਿਧਾਂਤਕ ਪ੍ਰਤੀਬੱਧਤਾ ਦਾ ਕਲਾਤਮਿਕ ਉਸਾਰ ਹੀ ਲੇਖਕ ਦੀ ਪ੍ਰਤੀਭਾ ਦੀ ਪਛਾਣ ਬਣਦਾ ਹੈ

ਡਾ. ਜੋਗਿੰਦਰ ਸਿੰਘ ਨਿਰਾਲਾ :  ਤੁਸੀ ਪ੍ਰਤੀਬੱਧ ਕਹਾਣੀਕਾਰ ਵਜੋਂ ਜਾਣੇ ਜਾਂਦੇ ਹੋ ? ਸਿਧਾਂਤਕ ਪ੍ਰਤੀਬੱਧਤਾ ਤੁਹਾਡੀ ਕਹਾਣੀ ਦੀ ਸਿਰਜਨਾ ਵਿਚ ਰੁਕਾਵਟ ਤਾਂ ਨਹੀਂ ਬਣਦੀ ? ਕੀ ਇਹ ਕਹਾਣੀ ਸਿਰਜਨ ਵਿਚ ਸਹਾਈ ਹੁੰਦੀ ਹੈ ? ਕੀ ਇਹ ਕਹਾਣੀ ਸਿਰਜਨ ਵਿੱਚ ਸਹਾਈ ਹੁੰਦੀ ਹੈ ? ਭਾਵ ਵਿਸ਼ੇ ਦੀ ਚੋਣ , ਉਸਦੇ ਵਿਸ਼ਲੇਸ਼ਣ , ਪਾਤਰਾਂ ਦੀ ਸਿਰਜਨਾ ਅਤੇ ਕਲਾਤਮਕਤਾ ਦੀ ਉਸਾਰੀ ਵਿਚ ਇਸ ਦਾ ਕੋਈ ਰੋਲ ਹੈ ?

ਕਹਾਣੀਕਾਰ ਲਾਲ ਸਿੰਘ : ਸਿਧਾਂਤਕ ਪ੍ਰਤੀਬੱਧਤਾ , ਮੇਰੀ ਕਹਾਣੀ ਦੀ ਸਿਰਜਨਾ ਵਿਚ ਰੁਕਾਵਟ ਬਣਦੀ ਵੀ ਹੈ ਅਤੇ ਨਹੀਂ ਵੀ । ਬਣਦੀ ਉਦੋਂ ਹੈ ਜਦੋਂ ਸਥਿਤੀ ਘਟਨਾ ਜਾਂ ਪਾਤਰ ਕਹਿਣ-ਗੋਚਰੀ ਗੱਲ ਦੇ ਹਾਣ ਦਾ ਪੇਸ਼ ਨਾ ਕੀਤਾ ਜਾ ਸਕੇ । ਪਰ ਜੇ , ਸਥਿਤੀ , ਘਟਨਾ ਜਾਂ ਪਾਤਰ ਕਹਿਣ ਗੋਚਰੀ ਗੱਲ ਦੇ ਹਾਣ ਦਾ ਉੱਸਰ ਜਾਂਦਾ ਹੈ , ਤਾਂ ਸਿਧਾਂਤ , ਪ੍ਰਤੀਬੱਧ ਕਹਾਣੀ ਸਿਰਜਨ ਵਿਚ ਸਹਾਈ ਹੀ ਨਹੀਂ ਬਹੁਤ ਸਹਾਈ ਹੁੰਦਾ ਹੈ । ਮੇਰੀਆਂ ਜਿਹੜੀਆਂ ਕਹਾਣੀਆਂ ਸਿਧਾਂਤਕ ਟੀਚੇ ਨੂੰ ਪੂਰਵ-ਨਿਰਧਾਰਤ ਕਰਦੇ ਹੋਂਦ ਵਿਚ ਆਈਆਂ ਉਹ ਕਲਾਤਮਿਕਤਾ ਪੱਖੋਂ ਕਮਜ਼ੋਰ ਕਹੀਆਂ ਜਾਂ ਸਕਦੀਆਂ ਹਨ । ਪਰ ਜਿਹੜੀਆਂ ਕਹਾਣੀਆਂ ਜੀਵਨ ਵਰਤਾਰੇ ਦੀ ਜਟਿਲਤਾ ਨੂੰ ਬੇ-ਹੱਦ ਸਹਿਜ ਢੰਗ ਨਾਲ ਬਿਆਨ ਕਰਦੀਆਂ ,ਮੇਰੀਆਂ ਪ੍ਰਤੀਬੱਧਤਾ ਨੂੰ ਅਛੋਪਲੇ ਜਿਹੇ ਹੀ ਆਪਣੇ ਅੰਦਰ ਸਮੋ ਗਈਆਂ ਹਨ , ਸ਼ਾਇਦ ਉਹਨਾਂ ਕਰਕੇ ਹੀ ਤੁਸੀ ਮੈਨੂੰ ਪ੍ਰਤੀਬੱਧ ਕਹਾਣੀ ਲੇਖਕਾਂ ਦੀ ਸੂਚੀ ਵਿਚ ਸ਼ਾਮਿਲ ਕਰਦੇ ਹੋ । ਉਂਜ ਮੇਰਾ ਵਿਚਾਰ ਹੈ ਕਿ ਨਿਰੋਲ ਕਲਾਤਮ੍ਰਿਕਤਾ ਓਨੀ ਦੇਰ ਤੱਕ ਕੋਈ ਅਰਥ ਨਹੀਂ ਰੱਖਦੀ , ਜਿੰਨੀ ਦੇਰ ਲੇਖਕ ਦੀ ਸਮਾਜਿਕ-ਸਿਧਾਂਤਕ ਪ੍ਰਤੀਬੱਧਤਾ ਉਸ ਦੀਆਂ ਲਿਖਤਾਂ ਵਿਚ ਸਿਧਾਂਤਕ ਪ੍ਰਤੀਬੱਧਤਾ ਦਾ ਕਲਾਤਮਿਕ ਉਸਾਰ ਹੀ ਲੇਖਕ ਦੀ ਪ੍ਰਤੀਭਾ ਦੀ ਪਛਾਣ ਬਣਦਾ ਹੈ ।ਉਭਰਵੀਂ ਨਹੀਂ ਰੜਕਦੀ । ਇਸ

ਇੱਥੇ ਇਹ ਤੱਥ ਵੀ ਵਰਣਨ ਕਰਨਾ ਕਰਨਾ ਬਹੁਤ ਜ਼ਰੂਰੀ ਹੈ ਕਿ ਮੇਰੀਆਂ ਕਹਾਣੀਆਂ ਸਾਹਮਣੇ ਕੋਈ ਰਾਜਸੀ ਟੀਚਾ ਨਹੀਂ ਹੈ । ਇਹ ਟੀਚਾ ਲੋਕ-ਸ਼ਕਤੀ ਨੇ ਪ੍ਰਾਪਤ ਕਰਨਾ ਹੁੰਦਾ । ਕੇ ਇਹ ਕਹਾਣੀਆਂ ਉਸ ਸ਼ਕਤੀ ਦੀ ਚੇਤਨਾ ਨੂੰ ਚੇਤਨ ਕਰਨ ਵਿਚ ਥੋੜ੍ਹਾ ਕੁ ਜਿੰਨਾ ਵੀ ਹਿੱਸਾ ਪਾ ਸਕਣ  , ਤਾਂ ਮੈਨੂੰ ਇਹਨਾਂ ਤੇ ਮਾਣ ਬਣਿਆ ਰਹੇਗਾ ।

 ਪ੍ਰਗਤੀਵਾਦੀ ਸਾਹਿਤ ਸਮਾਜ ਸੰਘਰਸ਼ ਅਤੇ ਦਲਿਤ ਸਾਹਿਤ ਜਾਤੀ ਸੰਘਰਸ਼ ਨੂੰ ਪਹਿਲ ਦੇ ਆਧਾਰ ਤੇ ਚਿਤਰਦਾ ਹੈ

ਡਾ. ਜੋਗਿੰਦਰ ਸਿੰਘ ਨਿਰਾਲਾ :  ਤੁਹਾਡੀ ਕਹਾਣੀ ਲੇਖਕ ਵਜੋਂ ਬਣੀ ਪ੍ਰਗਤੀਵਾਦੀ, ਪ੍ਰਤੀਬੱਧ ਕਹਾਣੀਕਾਰ ਦੀ ਪਛਾਣ ਅੱਧੇ ਅਧੂਰੇ ਕਹਾਣੀ ਸੰਗ੍ਰਹਿ ਨਾਲ ਦਲਿਤ ਸਾਹਿਤ ਲੇਖਣੀ ਵੱਲ ਵਧੇਰੇ ਝੁਕਾਅ ਰੱਖਦੀ ਜਾਪਦੀ ਹੈ । ਇਸ ਦਾ ਕੀ ਕਾਰਨ ਸਮਝਿਆ ਜਾਏ ?

ਕਹਾਣੀਕਾਰ ਲਾਲ ਸਿੰਘ :  ਅੱਧੇ ਅਧੂਰੇ ਕਹਾਣੀ – ਸੰਗ੍ਰਹਿ ਦੀਆਂ ਕਹਾਣੀਆਂ ਦਲਿਤ ਸਾਹਿਤ ਲੇਖਣੀ ਦੇ ਵੱਧ ਨੇੜੇ ਹਨ, ਇਸ ਵਿਚ ਕੋਈ ਸ਼ੱਕ ਦੀ ਗੁੰਜਾਇਸ਼ ਨਹੀਂ । ਪਰ , ਇਹਨਾਂ ਕਹਾਣੀਆਂ ਨੂੰ ਦਲਿਤ-ਕਹਾਣੀਆਂ ਨਾ ਹੀ ਕਿਹਾ ਜਾਏ ਤਾਂ ਚੰਗਾ  ਇਸ ਤੱਥ ਨੂੰ ਸਪੱਸ਼ਟ ਕਰਨ ਲਈ ਮੈਂ ਇਹ ਕਹਿਣ ਦੀ ਖੁੱਲ੍ਹ ਲਵਾਂਗਾ ਕਿ ਦਲਿਤ ਸਾਹਿਤ ਦੇ ਸੰਕਲਪ ਨੂੰ ਇਸ ਦੇ ਵਿਚਾਰਵਾਨਾਂ ਨੇ ਇਸ ਨੂੰ ਸੌੜੀ ਪਰਿਭਾਸ਼ਾ ਅੰਦਰ ਜਕੜ ਦਿੱਤਾ ਹੈ , ਜਦਕਿ ਉਸ ਵਰਗ ਵਰਗੀ ਆਰਥਿਕ-ਸਮਾਜਿਕ ਉਤਪੀੜਨ ਸਮਾਜ ਦੇ ਹੋਰਨਾਂ ਨਾਮ-ਨਿਹਾਦ ਉੱਚੇ ਵਰਗਾਂ ਵਿਚ ਵੀ ਦੇਖੀ ਜਾ ਸਕਦੀ ਹੈ । ਇਹ ਉਤਪੀੜਨ ਸਮਾਜਵਾਦੀ ਰਾਜਾਂ ਦਾ ਪਤਨ ਹੋ ਜਾਣ ਤੇ ਅਤੇ ਸਾਡੇ ਆਪਣੇ ਦੇਸ਼ ਅੰਦਰ ਇਨਕਲਾਬੀ ਲਹਿਰ ਦੀ ਹੋਈ ਖ਼ਸਤਾ ਹਾਲਤ ਕਾਰਨ ਹੋਰ ਵੀ ਵਧ ਗਈ ਹੈ , ਤਾਂ ਵੀ ਉਤਪੀੜਨ ਖਿਲਾਫ਼ ਅਨੇਕਾਂ ਰੂਪਾਂ ਵਿਚ ਸੰਘਰਸ਼ ਜਾਰੀ ਹਨ ।

ਅਸਲ ਵਿਚ ਭਾਰਤੀ ਸਮਾਜ ਜਮਾਤੀ ਵੰਡ ਦੇ ਨਾਲ-ਨਾਲ ਸਦੀਆਂ ਤੋਂ ਚੱਲ ਆ ਰਹੇ ਜਾਤ-ਆਧਾਰਤ ਸਮਾਜਿਕ – ਸੱਭਿਆਚਰਕ ਵਖਰੇਵੇਂ ਦਾ ਵੀ ਸ਼ਿਕਾਰ ਰਿਹਾ ਹੈ । ਪ੍ਰਗਤੀਵਾਦੀ ਸਾਹਿਤ ਜੇ ਸਮਾਜ ਸੰਘਰਸ਼ ਨੂੰ ਪਹਿਲ ਦਿੰਦਾ ਸੀ ਤਾਂ ਹੁਣ ਦਲਿਤ ਸਾਹਿਤ ਵੀ ਇਵੇਂ ਦੀ ਦ੍ਰਿਸ਼ਟੀ ਅਪਣਾ ਕੇ ਕੇਵਲ ਤੇ ਕੇਵਲ ਜਾਤੀ ਸੰਘਰਸ਼ ਨੂੰ ਪਹਿਲ ਦੇ ਆਧਾਰ ਤੇ  ਚਿਤਰਦਾ ਆ ਰਿਹਾ ਹੈ ।ਇਸ ਵੰਨਗੀ ਦੀ ਜਿਸ ਕਹਾਣੀ ਅੰਦਰ ਦਲਿਤ ਗਿਣੀ ਜਾਂਦੀ ਉੱਪਰ ਉੱਚ ਜਾਤੀ ਵਲੋਂ ਢਾਹੇ ਗਏ ਜ਼ੋਰ-ਜ਼ੁਲਮ, ਤ੍ਰਿਸਕਾਰ , ਅਪਮਾਨ ਦੇ ਬਿਰਤਾਂਤ ਰਾਹੀਂ ਜਿੰਨੇ ਕੁ ਕਰਨ੍ਹਾ , ਕ੍ਰੋਧ, ਨਫ਼ਰਤ , ਵਿਰੋਧ ਜਾਂ ਵਿਦਰੋਹ ਦੇ ਭਾਵ ਪੈਦਾ ਹੁੰਦੇ ਹਨ , ਓਨਾ ਹੀ ਉਸ ਕਿਰਤ ਨੂੰ ਸਲਾਹਿਆ ਤੇ ਸਵੀਕਾਰਿਆ ਗਿਆ ਹੈ ।

ਮੇਰੀਆਂ ਕਹਾਣੀਆਂ ਕੇ ਭਾਰਤ ਅੰਦਰ ਉਹਨਾਂ ਜਾਤਾਂ ਵਲੋਂ ਆਰੰਭੇ ਸੱਭਿਆਚਾਰਕ ਐਕਸ਼ਨ ਦੇ ਨੇੜੇ-ਤੇੜੇ ਜਾਪਦੀਆਂ ਆਪ ਜੀ ਨੂੰ ਦਲਿਤ ਸਾਹਿਤ ਲੇਖਣੀ ਵੱਲ ਵਧੇਰੇ ਝੁਕੀਆਂ ਜਾਪਦੀਆਂ ਹਨ ਤਾਂ ਇਹ ਫ਼ਤਵਾ ਮੰਨ ਲੈਣ ਵਿੱਚ ਮੈਨੂੰ ਕੋਈ ਇਤਰਾਜ਼ ਨਹੀਂ ।

 

 

ਦਲਿਤ ਸਾਹਿਤ ਭਾਰਤੀ ਸਮਾਜ ਦੇ ਇਕ ਵਡੇਰੇ ਹਿੱਸੇ ਦੇ ਯਥਾਰਥ ਨੂੰ ਪੇਸ਼ ਕਰਦਾ ਹੋਣ ਕਰਦੇ ਯਥਾਰਥਵਾਦੀ ਆਧਾਰ ਵਾਲਾ ਸਾਹਿਤ ਹੀ ਹੈ

ਡਾ. ਜੋਗਿੰਦਰ ਸਿੰਘ ਨਿਰਾਲਾ :   ਪੰਜਾਬੀ ਦਲਿਤ ਕਹਾਣੀ ਦੀ ਦਸ਼ਾ ਅਤੇ ਦਿਸ਼ਾ ਬਾਰੇ ਤੁਹਾਡੇ ਕੀ ਵਿਚਾਰ ਹਨ ?

ਕਹਾਣੀਕਾਰ ਲਾਲ ਸਿੰਘ : ਇਸ ਪ੍ਰੂਸ਼ਨ ਦੇ ਉੱਤਰ ਵਿਚ ਕੋਈ ਹੂੰਝਾ-ਫੈਰੂ ਸਟੇਟਮੈੱਟ ਦੇਣ ਦੀ ਬਜਾਏ ਇਸ ਨੂੰ ਜ਼ਰਾ ਘੋਖਵੇਂ ਢੰਗ ਨਾਲ ਵਿਚਾਰ ਲਿਆ ਜਾਵੇ ਤਾਂ ਚੰਗਾ ਰਹੇਗਾ ।

ਐਉਂ ਜਾਪਦਾ ਕਿ ਉੱਤਰ – ਪ੍ਰਗਤੀਵਾਦੀ ਲਹਿਰ ਨੇ ਹੋਰਨਾਂ ਸਾਹਤਿਕਰ ਧਾਰਾਵਾਂ ਲਈ ਵੀ ਕਾਫੀ ਖੁੱਲ੍ਹੀ ਸਪੇਸ ਛੱਡ ਦਿੱਤੀ । ਜਿਹਨਾਂ ਵਿਚ ਦਲਿਤਵਾਦੀ ਸਾਹਿਤ , ਨਾਰੀਵਾਦੀ ਸਾਹਿਤ ,ਉੱਤਰ-ਆਧੁਨਿਕਤਾਵਾਦੀ ਲੇਖਣੀ ਆਦਿ ਸ਼ਾਮਿਲ ਹੋ ਸਕਦੇ ਹਨ । ਇਹਨਾਂ ਵਿਚੋਂ ਨਾਰੀਵਾਦੀ ਤੇ ਉੱਤਰ-ਆਧੁਨਿਕਤਾਵਾਦੀ ਲਿਖਤਾਂ ਪ੍ਰਭਾਵ ਬਹੁਤ ਉਘੜਵਾਂ ਨਹੀਂ , ਦਲਿਤ ਸਾਹਿਤ ਨੇ ਆਪਣੀਆਂ ਜੜ੍ਹਾਂ ਖੂਬ ਜੰਮਦੀਆਂ ਕਰ ਲਈਆਂ । ਇਸ ਦੇ ਹੋਰਨਾਂ ਕਾਰਨਾਂ ਵਿਚੋਂ ਇਕ ਕਾਰਨ ਇਹ ਵੀ ਹੈ ਕਿ ਇਸ ਦਾ ਸਿਧਾਂਤਕ ਅਮਲ ਭਾਰਤੀ ਸਮਾਜ ਦੇ ਇਕ ਬਹੁਤ ਵੱਡੇ ਹਿੱਸੇ ਲਈ , ਕਲਿਆਣਕਾਰੀ ਵਿਵਸਥਾ ਦੀ ਅਕਾਂਖਿਆ ਕਰਦਾ ਹੈ । ਉਸ ਵਿਵਸਥਾ ਨਾਲ ਰਲਦੇ – ਮਿਲਦੇ ਆਦਰਸ਼ਵਾਦੀ ਰਾਜ ਦੀ ਇਕ ਤਸਵੀਰ-ਸੰਸਾਰ ਪ੍ਰਸਿੱਧ ਦਾਰਸ਼ਨਿਕ ਪਲੈਟੋ ਨੇ ਆਪਣੀ ਪ੍ਰਸਿੱਧ ਰਚਨਾ ਰੀਪਬਲਿਕ ਵਿਚ ਵੀ ਪ੍ਰਸਤੁਤ ਕੀਤੀ ਹੈ । ਪਲੈਟੋ ਤੋਂ ਬਾਅਦ ਅਜਿਹੇ ਹੀ ਕਲਪਿਤ ਰਾਜ ਦੀ ਗੱਲ ਥਾਮਸ ਮੋਰ ਨੇ ਯੂਟੋਪੀਆ ਨਾਂ ਦੀ ਪੁਸਤਕ ਵਿਚ ਵੀ ਕੀਤੀ । ਉਸੇ ਹੀ ਸਮੇਂ ਅਜਿਹੇ ਹੀ ਰਾਜ-ਸਮਾਜ ਦੀ ਤਸਵੀਰ ਭਗਤ ਰਵਿਦਾਸ ਨੇ ਬੇਗਮਪੁਰਾ ਨਾਮੀ ਸੰਕਲਪ ਵਿਚ ਪ੍ਰਗਟਾਈ । ਥਾਮਸ ਮੋਰ ਦੇ ਭਗਤ ਰਵਿਦਾਸ ਸਮਕਾਲੀ ਸਨ।

ਭਾਰਤੀ ਦਲਿਤ ਸਮਾਜ ਦੇ ਵੱਡੇ ਹਿੱਸਿਆਂ , ਮਜ਼ਹਬੀ ਅਤੇ ਚਮਾਰ ਜੋ ਕਿ ਕੁਲ ਦਲਿਤ ਵਸੋਂ ਦਾ 80% ਤੋਂ ਵੱਧ ਬਣਦੇ ਹਨ , ਵਿਚੋਂ ਚਮਾਰ ਰਵਿਦਾਸ ਦੇ ਬੇਗਮਪੁਰੇ ਦੇ ਸੰਕਲਪ ਨੂੰ ਆਦਰਸ਼ ਹੀ ਨਹੀਂ ਮੰਨਦੇ ਸਗੋਂ ਇਸ ਲਈ ਹਰ ਤਰ੍ਹਾਂ ਦੀ ਜੱਦੋਂ – ਜਹਿਦ ਕਰਨ ਲਈ ਤਿਆਰ ਹਨ । ਜਯੋਤਿਬਾ ਫੂਲੇ ਅਤੇ ਡਾ : ਅੰਬੇਦਕਰ ਦੀ ਆਮਦ ਨਾਲ ਇਹ ਸੰਕਲਪ , ਇਹ ਲਹਿਰ ਇਕ ਅੰਦੋਲਨ ਦਾ ਰੂਪ ਧਾਰ ਗਈ । ਦਾਰਸ਼ਨਿਕ ਪੱਧਰ ਤੇ ਵੀ ਅਤੇ ਸਮਾਜਿਕ-ਰਾਜਨੀਤਰ-ਸੱਭਿਆਚਾਰਕ ਪੱਧਰ ਤੇ ਵੀ ।

ਦਲਿਤ ਸਾਹਿਤ/ਕਹਾਣੀ ਨੂੰ ਵੱਧ ਪ੍ਰਵਾਨਗੀ ਮਿਲਣ ਦਾ ਦੂਜਾ ਵੱਡਾ ਕਾਰਨ ਡਾ : ਚਮਨ ਲਾਲ ਵਲੋਂ ਪ੍ਰਗਟਾਈ ਧਾਰਨਾ ਵਿਚ ਅੰਕਿਤ ਹੋਇਆ ਮਿਲਦਾ ਹੈ  । ਉਨ੍ਹਾਂ ਅਨੁਸਾਰ “ 1936 ਵਿੱਚ ਪ੍ਰਗਤੀਵੀ ਲੇਖਕ ਸੰਮੇਲਨ ਵਿਚ ਮੁਨਸ਼ੀ ਪ੍ਰੇਮ ਚੰਦ ਦੇ ਭਾਸ਼ਨ ਅਤੇ ਮਰਾਠੀ ਦਲਿਤ ਲੇਖਕ ਬਾਬੂ ਬਾਗੁਲ ਦੇ ਲੇਖ ‘’ ਦਲਿਤ ਸਾਹਿਤ ਮਾਨਵਵਾਦੀ ਸਾਹਿਤ ਹੀ ਹੈ ‘’ ਵਿਚ ਇਕੋ ਆਤਮਾ ਦੀ ਧੁਨੀ ਨਜ਼ਰ ਆਉਦੀ ਹੈ । ਦੂਜੇ ਸ਼ਬਦਾਂ ਵਿਚ ਦਲਿਤ ਸਾਹਿਤ ਭਾਰਤੀ ਸਮਾਜ ਦੇ ਇਕ ਵਡੇਰੇ  ਹਿੱਸੇ ਦੇ ਯਥਾਰਥ ਨੂੰ ਪੇਸ਼ ਕਰਦਾ ਹੋਣ ਕਰਦੇ ਯਥਾਰਥਵਾਦੀ ਆਧਾਰ ਵਾਲਾ ਸਾਹਿਤ ਹੀ ਹੈ । ‘’

ਉਪਰੋਤਕ ਧਾਰਨਾਵਾਂ ਦੇ ਆਧਾਰ ਤੇ ਸਹਿਜੇ ਹੀ ਇਹ ਨਿਰਣਾ ਵੀ ਲਿਆ ਜਾ ਸਕਦਾ ਹੈ ਕਿ ਪੰਜਾਬੀ ਵਿਚ ਲਿਖੀ ਜਾ ਰਹੀ ਦਲਿਤ ਕਹਾਣੀ ਅੱਜ ਦੇ ਦੌਰ ਦੀ ਇਕ ਅਹਿਮ ਕਹਾਣੀ ਵੰਗਣੀ ਹੈ ਅਤੇ ਇਸ ਦੇ ਭਵਿੱਖ ਤੇ ਵੀ ਕਿਸੇ ਤਰ੍ਹਾਂ ਦਾ ਕਿੰਤੂ-ਪ੍ਰੰਤੂ ਕਰਨਾ ਵਾਜਿਬ ਨਹੀਂ ।

 

ਕੀ ਆਪਣੇ ਨਿੱਜ ਤੇ ਹੰਢਾਏ ਸੰਤਾਪ ਦੀ ਸਹੀ ਪੇਸ਼ਕਾਰੀ ਸਿਰਫ਼ ਦਲਿਤ ਲੇਖਕ ਹੀ ਕਰ ਸਕਦੇ ਹਨ ??? “

ਡਾ. ਜੋਗਿੰਦਰ ਸਿੰਘ ਨਿਰਾਲਾ :  ਦਲਿਤ ਕਹਾਣੀ ਬਾਰੇ ਅਗਲਾ ਸਵਾਲ ਇਹ ਹੈ ਕਿ ਸਿਰਫ਼ ਦਲਿਤ ਹੀ ਦਲਿਤ ਰਚਨਾ ਕਰ ਸਕਦਾ ਹੈ ? ਇਸ ਪ੍ਰਸੰਗ ਵਿਚ ਜੇ ਗੈਰ-ਦਲਿਤਾਂ ਦੀਆਂ ਕਹਾਣੀਆਂ ਦੀਆਂ ਉਦਾਹਰਨਾਂ ਨਾਲ ਚਰਚਾ ਕਰੋ ਤਾਂ ਚੰਗਾ ਰਹੇਗਾ ?

ਕਹਾਣੀਕਾਰ ਲਾਲ ਸਿੰਘ : ਇਸ ਪ੍ਰਸੰਗ ਵਿਚ ਵੀ ਦੋ ਰਾਵਾਂ ਆਹਮਣੇ-ਸਾਹਮਣੇ ਹਨ । ਇਕ ਦੀ ਰਾਏ ਹੈ ਕਿ ਆਪਣੇ ਨਿੱਜ  ਤੇ  ਹੰਢਾਏ ਸੰਤਾਪ ਦੀ ਸਹੀ ਪੇਸ਼ਕਾਰੀ ਸਿਰਫ਼ ਦਲਿਤ ਲੇਖਕ ਹੀ ਕਰ ਸਕਦੇ ਹਨ । ਦੂਜੀ ਰਾਏ ਜਿਸ ਵਿਚ ਅਨੁਭੂਤੀ , ਸੰਵੇਦਨਾ , ਕਾਲਤਮਿਕਤਾ ਨੂੰ ਸਾਹਿਤਕਾਰੀ ਦੇ ਪ੍ਰਮੁੱਖ ਅੰਸ਼ ਮੰਨਿਆ ਜਾਂਦਾ ਹੈ ।ਉਸ ਅਨੁਸਾਰ ਗੈਰ-ਦਲਿਤ ਲੇਖਕ ਵੀ ਦਲਿਤਾਂ ਦੀ ਹੋਣੀ ਦਾ ਮਾਰਮਿੱਕ ਪ੍ਰਗਟਾਵਾ ਕਰ ਸਕਦੇ ਹਨ । ਦੋਵਾਂ ਦੇ ਆਪਣੇ ਆਪਣੇ ਤਰਕ ਹਨ ।

ਮਰਾਠੀ ਅਤੇ ਹਿੰਦੀ ਲੇਖਕ ਉਸ ਸਾਹਿਤ ਨੂੰ ਹੀ ਦਲਿਤ ਸਾਹਿਤ ਜਾਂ ਦਲਿਤ – ਚੇਤਨਾ ਦਾ ਸਾਹਿਤ ਮੰਨਦੇ ਹਨ ਜਿਸ ਦਾ ਰਚਨਾਕਾਰ ਵੀ ਦਲਿਤ ਮੰਨੀ ਜਾਂਦੀ ਵਿੱਚ ਜੰਮਿਆ ਹੋਵੇ । ਉਹਨਾਂ ਦਾ ਮੱਤ ਹੈ ਕਿ ਬ੍ਰਾਹਮਣਵਾਦੀ ਵਰਣ-ਵੰਡ ਦੇ ਸ਼ਿਕਾਰ ਭਾਰਤੀ ਸਮਾਜ ਅੰਦਰਲੀ ਸਭ ਤੋਂ ਹੇਠਲੀ ਪਰਤ ਜਿਹੜੀ ਸੁਭਾਵਿਕ ਹੀ ਕਿਸੇ ਅਨੁਸੂਚਿਤ ਜਾਤ, ਕਬੀਲੇ ਜਾਂ ਪਛੜੇ ਵਰਗ ਨਾਲ ਜੁੜ ਗਈ ਹੈ , ਅੰਦਰ ਜਨਮੇ-ਵਿਗਸੇ ਲੇਖਕ ਨੇ ,ਹੱਡੀਂ-ਹੰਢਾਏ ਸਮਾਜਿਕ ਅਪਮਾਨ ਦੇ ਡੰਗ ਦੀ ਜੋ ਪੀੜ ਆਪਣੇ ਪਿੰਡੇ , ਆਪਣੀ ਰੂਹ ਤੇ ਝੱਲੀ-ਸਹਾਰੀ ਹੁੰਦੀ ਹੈ , ਉਸਦਾ ਕੋਈ ਬਦਲ ਨਹੀਂ ਹੋ ਸਕਦਾ । ਦੂਜੀ ਧਿਰ ਦੀ ਇਹ ਧਾਰਨਾ ਵੀ ਸੁੱਟ ਪਾਉਣ ਵਾਲੀ ਨਹੀਂ । ਉਹਨਾਂ ਵਲੋਂ ਇਹ ਮੰਨਦਿਆਂ ਹੋਇਆ ਵੀ ਕਿ ਸਵੈ-ਅਨੁਭੂਤੀ , ਆਪ-ਬੀਤੀ ਦਾ , ਭੋਗੇ ਹੋਏ ਦਾ ਭਾਵੇਂ ਕੋਈ ਵਿਕਲੀ ਹੋਣਾ ਸੰਭਵ ਨਹੀਂ ਤਾਂ ਵੀ ਸ਼ਕਤੀਸ਼ਾਲੀ ਮਾਨਵੀ-ਸੰਵੇਦਨਾ ਦਾ ਧਨੀ , ਦਲਿਤਾਂ ਦੇ ਕਸ਼ਟਾਂ ਤੇ ਅਪਮਾਨ ਭਰੇ ਜੀਵਨ ਨੂੰ ਪ੍ਰਭਾਵੀ ਜ਼ੁਬਾਨ ਦੇ ਸਕਦਾ ਹੈ ਅਤੇ ਦਿੰਦਾ ਵੀ ਰਿਹਾ ਹੈ । ਉਹਨਾਂ ਅਨੁਸਾਰ ਦਲਿਤ ਗਿਣੇ ਜਾਂਦੇ ਬਹੁ-ਗਿਣਤੀ ਲੇਖਕਾਂ ਅੰਦਰ ਦਲਿਤ-ਚੇਤਨਾ ਦੀ ਥਾਂ ਜਾਤੀ-ਚੇਤਨਾ ਵਧੇਰੇ ਉਘੜਵੇਂ ਰੂਪ ਵਿਚ ਦ੍ਰਿਸ਼ਟੀਮਾਨ ਹੋਈ ਹੈ । ਇਹ ਜਾਤ-ਮੁਖੀ ਚੇਤਨਾ ਮਰ ਰਹੇ ਬ੍ਰਾਹਮਣਵਾਦ ਅੰਦਰ ਨਵੇਂ ਸਿਰਿਉਂ ਜਾਨ ਪਾ ਰਹੀ ਹੈ । ਮੌਕਾ –ਪ੍ਰਸਤ ਵੋਟ-ਰਾਜਨੀਤੀ ਇਸ ਚੇਤਨਾ ਨੂੰ ਹੋਰ ਗੁੰਮਰਾਹ ਕਰਦੀ ਹੈ । ਇਹ ਧਿਰ ਆਪਣੇ ਕਥਨ ਦੇ ਸਮਰਥਨ ਲਈ ਸੋਲਾਂ ਸੌ ਏਕੜ ਦੇ ਮਾਲਕ ਕੁਲੀਨ ਵਰਗ ਚੋਂ ਆਏ ਰੂਸੀ ਲੇਖਕ ਟਾਲਸਟਾਏ ਦੀ ਉਦਾਹਰਨ ਵੀ ਨਿੱਠ ਕੇ ਦਿੰਦੀ ਹੈ , ਜਿਸ ਨੇ ਨਰਕੀ ਜੀਵਨ ਭੋਗਣ ਵਾਲੇ ਰੂਸ ਦੇ ਕਿਸਾਨਾਂ ਅਤੇ ਪਿੰਡਾਂ ਦ ਨਿਹਾਇਤ ਯਥਾਰਥਕ ਤੇ ਪਰਦਰਸ਼ੀ ਚਿਤਰਨ ਪੇਸ਼ ਕੀਤਾ । ਭਾਰਤੀ ਪੱਧਰ ਤੇ ਇਹ ਧਿਰ ਮੁਨਸ਼ੀ ਪ੍ਰੇਮ ਚੰਦ, ਜਗਦੀਸ਼ ਚੰਦਰ ਵੈਦਿਆ , ਰਮਣਿਕਾ ਗੁਪਤਾ ,  ਬੀ ਐਲ ਨਈਅਰ ਤੇ ਕਈਆਂ ਹੋਰਨਾਂ ਨੂੰ ਸ਼ਾਮਿਲ ਕਰਦੀ ਹੈ । ਪੰਜਾਬੀ ਕਹਾਣੀ ਲਿਖਤਾਂ ਵਿਚੋਂ ਮੋਹਨ ਭੰਡਾਰੀ ਦੀ  ਗੰਗਾ ਜਨ , ਕਜ਼ਾਕ ਦੀ ਹੁੰਮਸ , ਮੁਖਤਿਆਰ ਸਿੰਘ ਦੀ ਬੋ , ਬਲਦੇਵ ਸਿੰਘ ਦੀ ਜਿਸ ਤਨ ਲਾਗੇ , ਮਨਮੋਹਣ ਬਾਵਾ ਦੀ ਰਿਜਵ , ਉਬਾਂਦਰਾ , ਦਲਵੀਰ ਚੇਤਨ ਦੀ ਇਕਬਾਲੀਆ ਬਿਆਨ , ਜੋਗਿੰਦਰ ਸਿੰਘ ਨਿਰਾਲਾ ਦੀ ਤਨਾਓ , ਜਿੰਦਰ ਦੀ ਨਹੀਂ ਮੈਂ ਦਲਿਤ ਨਹੀਂ , ਜਸਵਿੰਦਰ ਦੀ ਜ਼ੈਲਦਾਰ ਦਾ ਪੋਤਾ , ਬਲਜਿੰਦਰ ਨਸਰਾਲੀ ਦੀ ਹੱਡਾ ਰੋਡੀ , ਤਲਵਿੰਦਰ ਦੀ ਪੈਂਡਾ , ਸੁਰੇਵਾਲੀਆ ਦੀ ਪਾਪਾ ਆਪਾਂ ਬਰਾੜ ਹੁੰਨੇ ਆਂ , ਮਨਿੰਦਰ ਕਾਂਗ ਦੀ ਕੁੱਤੀ ਵਿਹੜਾ , ਸਮੇਤ ਪ੍ਰਿੰਸੀਪਲ ਸੁਜਾਨ ਘ ਵਰਗੇ ਦੂਜੀ ਪੀੜ੍ਹੀ ਦੇ ਲੇਖਕਾਂ ਦੀਆਂ ਕਈ ਸਾਰੀਆਂ ਕਹਾਣੀਆਂ ਨੂੰ ਗੈਰ-ਦਲਿਤ ਲੇਖਕਾਂ ਵਲੋਂ ਸਵੀਕਾਰਤ ਕਹਾਣੀਆਂ ਵਿਚ ਸ਼ਾਮਲ ਕਰਨ ਲੱਗਿਆਂ ਕਿਸੇ ਤਰ੍ਹਾਂ ਦੀ ਕੋਈ ਅੜਚਨ ਨਹੀਂ ਆਉਦੀ । ਮੈਨੂੰ ਵੀ ਜੇ ਤੁਸੀਂ ਅੱਧੇ-ਅਧੂਰੇ , ਪੌੜੀ , ਥਰਸਟੀ ਕਰੋਅ , ਆਦਿ ਕਹਾਣੀਆਂ ਕਾਰਨ ਉਸੇ ਵਰਗ ਵਿਚ ਸ਼ਾਮਿਲ ਕਰ ਲੈਦੇਂ ਹੋ ਤਾਂ ਮੈਨੂੰ ਵੀ ਚੰਗਾ – ਚੰਗਾ ਲਗਦਾ ਹੈ ।

 

ਲੇਖਕ ਲਈ ਚੰਗਾ ਇਨਸਾਨ ਹੋਣਾ ਓਨਾ ਹੀ ਜ਼ਰੂਰੀ ਹੈ ਜਿੰਨਾ ਉਸਦਾ ਲੇਖਕ ਹੋਣਾ

ਡਾ. ਜੋਗਿੰਦਰ ਸਿੰਘ ਨਿਰਾਲਾ :  ਕੀ ਇਕ ਚੰਗੇ ਲੇਖਕ ਲਈ ਚੰਗਾ ਇਨਸਾਨ ਹੋਣਾ ਵੀ ਜਰੂਰੀ ਹੈ ?

ਕਹਾਣੀਕਾਰ ਲਾਲ ਸਿੰਘ : ਇਸ ਪ੍ਰਸ਼ਨ ਦਾ ਉੱਤਰ ਵਿੱਚ ਮੇਰਾ , ਇੱਟ ਵਰਗਾ ਪੱਕਾ ਤੇ ਕੋਰਾ ਜਵਾਬ ਇਹੋ ਹੈ ਕਿ ਲੇਖਕ ਲਈ ਚੰਗਾ ਇਨਸਾਨ ਹੋਣਾ ਓਨਾ ਹੀ ਜ਼ਰੂਰੀ ਹੈ ਜਿੰਨਾ ਉਸਦਾ ਲੇਖਕ ਹੋਣਾ । ਜੇ ਇਵੇਂ ਨਹੀ ਹੁੰਦਾ ਤਾਂ ਸਾਹਿੱਤਕਾਰਤਾ ਨਿਰੀ ਵਿਖਾਵਾ ਬਣ ਕੇ ਰਹਿ ਜਾਵੇਗੀ ।

ਉਜ ਇਸ ਮੁੱਦੇ ਤੇ ਵੀ ਖੁਣਸੀ ਕਿਸਮ ਦੇ ਲੋਕ ਬਦਲਵੀਂ ਧਾਰਨਾ ਦੀ ਪੈਰਵੀ ਕਰਨ ਲਈ ਆਪਦੀ ਹੀ  ਕਿਸਮ ਦੇ ਤਰਕ ਦਾ ਸਹਾਰਾ ਲੈ ਲੈਦੇਂ ਹਨ । ਉਹਨਾਂ ਅਨੁਸਾਰ , ਚਿੰਰਜੀਵੀ ਲੇਖਕ ਦੀ ਲਿਖਤ ਹੁੰਦੀ ਹੈ ਨਾ ਕਿ ਲੇਖਕ । ਲੇਖਕ ਦੇ ਅੰਦਰਲੇ – ਬਾਹਰਲੇ ਔਗੁਣ ਉਸਦੇ ਰੁਖ਼ਸਤ ਹੋਣ ਨਾਲ ਖ਼ਤਮ ਹੋ ਜਾਂਦੇ ਹਨ ਜਦਕਿ ਉਸਦੀ ਲਿਖਤ ਭਵਿੱਖ ਦੇ ਇਤਿਹਾਸ ਦਾ ਅਧਿਆਇ  ਬਣ ਕੇ , ਉਸਦੀ ਸ਼ਖ਼ਸ਼ੀਅਤ ਦੇ ਪਰਛਾਵੇਂ ਤੋਂ ਬਚੀ ਰਹਿੰਦੀ ਹੈ । ਉਹ ਲੋਕੀਂ ਟਾਲਸਟਾਏ ਦੀ ਕਹਾਣੀ ਫਾਦਰ ਸਰਗੀਅਸ਼ ਦੀ ਉਦਾਹਰਨ ਜਿਸ ਦਾ ਮੁੱਖ ਪਾਤਰ ਉਹ ਆਪ ਹੀ ਹੈ , ਰਾਹੀਂ ਉਸਦੀ ਸੈਕਸ ਦੀ ਕਮਜੋਰੀ ਨੂੰ ਵੀ ਉਭਾਰਦੇ ਹਨ। ਉਹ ਦੋਸਤੋਵਸਕੀ ਦੀ ਜੂਆ ਖੇਡਣ ਦੀ ਇੱਲਤ ਨੂੰ ਵੀ ਆਪਣੀ ਧਾਰਨਾ ਦੇ ਹਿੱਤ ਵਿੱਚ ਵਰਤਦੇ ਹਨ । ਉਹ ਲੋਕੀਂ ਮੰਟੋ ਨੂੰ , ਇੱਥੋਂ ਤੱਕ ਕਿ ਮੁਨਸ਼ੀ ਪ੍ਰੇਮ ਚੰਦ ਦੇ ਦਾਗੀ ਤੇ ਕਰੂਰ ਨਿੱਜ ਨੂੰ ਵੀ ਉਘੀ ਉਦਾਹਰਨ ਬਣਾ ਕੇ ਪੇਸ਼ ਕਰ ਲੈਦੇ ਹਨ। ਇਵੇਂ ਹੀ ਪੰਜਾਬੀ ਕਹਾਣੀ ਲੇਖਣੀ ਸਮੇਤ ਸਮੁੱਚਾ ਪੰਜਾਬੀ ਸਾਹਿਤ ਇਹੋ ਜਿਹੀਆਂ ਟਾਕਰਵੀਆਂ ਉਦਾਹਰਨਾਂ ਨਾਲ ਭਰਿਆ ਪਿਆ । ਇਕ ਪਾਸੇ ਭਾਈ ਵੀਰ ਸਿੰਘ , ਕਰਤਾਰ ਸਿੰਘ ਦੁੱਗਲ , ਪ੍ਰਿੰਸੀਪਲ ਸੁਜਾਨ ਸਿੰਘ ਸਮੇਤ ਕਈਆਂ ਹੋਰਨਾਂ ਦੀਆਂ ਲਿਖਤਾਂ ਤੇ ਨਿੱਜ ਦੇ ਸੁਮੇਲ ਦੀਆਂ ਜੀਵੰਤ ਉਦਾਹਰਨਾਂ ,ਦੂਜੇ ਪਾਸੇ ਸ਼ਿਵ ਕੁਮਾਰ , ਨਰਿੰਦਰਪਾਲ ਸਿੰਘ ਤੋਂ ਲੈ ਕੇ ਚਰਨ ਸਿੰਘ ਸਫਰੀ ਤੱਕ ਦੇ ਕਈ ਸਾਰੇ ਸ਼ਬਾਬੀ ਜਾਂ ਸ਼ਰਾਬੀ ਕਲਮਕਾਰਾਂ ਦਾ ਸੰਸਾਰ ਪ੍ਰਸਿੱਧੀ ਵਾਲਾ ਕਲਾਮ ।

ਮੇਰੇ ਲਈ ਇਹਨਾਂ ਦੋਨਾਂ ਤਰ੍ਹਾਂ ਦੇ ਲੇਖਕਾਂ ਨੂੰ ਬਰਾਬਰ ਦੀ ਮਾਨਤਾ ਦੇਣਾ ਇਕ ਤਰ੍ਹਾਂ ਨਾਲ ਮਾਓ-ਜੇ-ਤੁੰਗ ਦੀ ਪਤਨੀ ਚਾਂਗ ਜਿੰਗ ਅਤੇ ਫੂਲਨ ਦੇਵੀ ਦੇ ਲੜਾਈ ਦੇ ਸੰਘਰਸ਼ ਇਕੋ ਛਾਬੇ ਵਿਚ ਤੋਲਣ ਬਰਾਬਰ ਹੈ ।

 

ਮੱਠ-ਧਾਰੀਆਂ ਅਤੇ ਜੁੱਲੀਕਾਰ ਆਲੋਚਕਾਂ ਦੀ ਅਦਬੀ ਸੰਗਤ ਨੇ ਮੇਰੀ ਕਹਾਣੀ ਲਿਖਤ ਨੂੰ

ਕਦੀ ਸਿੱਧੇ ਮੂੰਹ ਨਹੀਂ ਕਬੂਲਿਆਂ

ਡਾ. ਜੋਗਿੰਦਰ ਸਿੰਘ ਨਿਰਾਲਾ :  ਤੁਸੀਂ ਲਗਭਗ ਚਾਰ ਕੁ ਦਹਾਕਿਆਂ ਤੋਂ ਕਹਾਣੀ ਨਾਲ ਜੁੜੇ ਹੋ । ਮਾਰਖੋਰੋ ਤੋਂ ਲੈ ਕੇ ਗੜ੍ਹੀ ਬ਼ਖ਼ਸ਼ਾ ਸਿੰਘ ਤੱਕ ਦਾ ਸਫ਼ਰ ਕਿਹੋ ਜਿਹਾ ਰਿਹਾ ?

ਕਹਾਣੀਕਾਰ ਲਾਲ ਸਿੰਘ : ਆਪਾਂ ਐਦਾਂ ਕਰਦੇ ਹਾਂ , ਚਾਰ ਦਹਾਕਿਆਂ ਦੇ ਸਮੇਂ ਨੂੰ ਚੌਥਾ ਕੁ ਹਿੱਸਾ ਘਟਾ ਕੇ ਤਿੰਨ ਕਹਾਕਿਆਂ ਦਾ ਕਰ ਲੈਨੇ ਆਂ । ਉਸਦਾ ਕਾਰਨ ਇਹ ਹੈ ਕਿ ਮੈਨੂੰ 1980 ਤੱਕ ਬਿਲਕੁਲ ਨਹੀਂ ਸੀ ਪਤਾ ਕਿ ਕਹਾਣੀ ਕਿਸ ਬਲਾ ਦਾ ਨਾਮ ਹੈ । ਇਸ ਤੋਂ ਪਹਿਲਾਂ ਮੈਂ ਕਵਿਤਾ ਨੂੰ ਕਿਧਰੇ-ਕਿਧਰੇ ਮੂੰਹ ਜ਼ਰੂਰ ਮਾਰ ਲਿਆ ਕਰਦਾ ਸੀ ਉਹ ਕਵਿਤਾ ਹੁੰਦੀ ਵੀ ਨਹੀਂ ਸੀ । ਇਹ ਇਕ ਤਰ੍ਹਾਂ ਨਾਲ ਐਵੇਂ ਸਭਾ ਦੀ ਇੱਕਤਰਤਾ ਵਿਚ ਹਾਜ਼ਰ ਹੋ ਕੇ ਆਪਣਾ ਨਾਂ ਦਰਜ ਕਰਵਾਉਣ ਦਾ ਉਪਰਾਲਾ ਜਿਹਾ ਹੁੰਦਾ ਸੀ । ਇਹ ਲਿਖਤ-ਲਿਖਾਈ , ਮੇਰੇ ਆਸ-ਪਾਸ ਵਿਚਰਦੇ ਸਾਹਿਤਕਾਰਾਂ ਨੂੰ ਜੋੜ-ਗੰਢ ਕੇ ਇਕ ਸਭਾ-ਸਸਾਇਟੀ ਵਿਚ ਪਰੋ ਕੇ ਉਹਨਾਂ ਦੀਆਂ ਖਿਲਤਾਂ-ਕਿਰਤਾਂ ਸੁਣਨ ਤੇ ਵੀ ਭਾਰੂ ਨਹੀਂ ਸੀ ਹੁੰਦੀ । ਮੇਰੀ ਸੰਤੁਸ਼ਟੀ ਸਿਰਫ਼ ਏਨੇ ਨਾਲ ਹੀ ਹੋ ਜਾਂਦੀ ਸੀ ਕਿ ਮੈਂ ਇਕੱਲੇ ਬੈਠ ਮਗਜ਼-ਪੱਚੀ ਕਰਦੇ ਲਿਖਣ-ਪੂੰਝਣ ਵਾਲਿਆਂ ਦਾ ਸਕੱਤਰ ਹੁੰਦਾ ਸੀ । 1975 ਤੋਂ ਲੱਗੀ ਐਮਰਜੈਂਸੀ 1977 ਦੇ ਖਾਤਮੇ ਉਪਰੰਤ ਮੈਂ ਆਪਣੇ ਪੁਰਾਣੇ ਹੀਰੋ ਸਾਇਕਲ ਦੀ ਸਹਾਇਤਾ ਨਾਲ ਮੁਕੇਰੀਆਂ ਇਲਾਕੇ ਦੇ ਸਾਹਿਤਕ ਰੁਚੀਆਂ ਰੱਖਣ ਵਾਲੇ ਸੱਠ  ਦੇ ਕਰੀਬ ਮੈਂਬਰ ਸੂਚੀਬੱਧ ਕਰ ਲਏ । 20 ਜੂਨ 1977 ਨੂੰ ਇਹਨਾਂ ਵਿਚੋਂ 38 ਜਣੇ ਖਾਲਸਾ ਸਕੂਲ ਮੁਕੇਰੀਆਂ ਵਿਖੇ ਹੋਈ ਪਹਿਲੀ ਇਕੱਤਰਤਾ ਵਿਚ ਹਾਜ਼ਰ ਸਨ । ਸਭਾਵਾਂ ਦੇ ਅਜਿਹੇ ਗਠਨ ਦ ਸਿਲਸਿਲਾ ਅਗਾਂਹ ਚਲਦਾ ਰਿਹਾ । ਪਹਿਲਾਂ ਗੁਰਮੀਤ ਹੇਅਰ ,ਸੁਦਰਸ਼ਨ ਮੱਤ ਦੀ ਸਹਾਇਤਾ ਨਾਲ ਤਲਵਾੜੇ  , ਫਿਰ ਪੰਮੀ ਦਿਵੇਦੀ ਤੇ ਮਦਨ ਵੀਰਾ ਦੀ ਅਗਵਾਈ ਟਾਂਡੇ , ਜੈ ਦੇਵ ਦਿਲਵਰ ਦੀ ਨੁਮਾਇੰਦਗੀ ਨਾਲ ਬੁਲ੍ਹੋਵਾਲ ਤੇ ਮੇਰੇ ਆਪਣੇ ਯਤਨਾਂ ਨਾਲ 1980  ਦੀ ਜੁਲਾਈ ਨੂੰ ਦਸੂਹਾ ਸਾਹਿਤ ਸਭਾਵਾਂ ਦਾ ਗਠਨ ਹੋਇਆ , ਮੁਕੇਰੀਆਂ ਸਭਾ ਦੇ ਨਾਲ ਨਾਲ ਮੈਨੂੰ ਦਸੂਹਾ ਸਾਹਿਤ ਸਭਾ ਦੀ ਸਕੱਤਰੀ ਵੀ ਕਈ ਵਰ੍ਹੇ ਕਰਨੀ ਪਈ ।

ਮੇਰੀ ਮੁੱਢਲੀ ਸਭਾ ਹਰ ਵਰ੍ਹੇ ਸਾਲਾਨਾ ਸਮਾਗਮ ਸਮੇਂ ਕਿਸੇ ਨਾਮਵਰ ਵਿਦਵਾਨ ਤੋਂ ਪਰਚਾ ਲਿਖਵਾ ਕੇ ਗੋਸ਼ਟੀ ਕਰਦੀ ਸੀ । ਦੂਜਾ ਪਰਚਾ ਸਭਾ ਦੇ ਕਿਸੇ ਮੈਂਬਰ ਦਾ ਹੁੰਦਾ ਸੀ । ਤਿੰਨ ਕੁ ਸਾਲ ਸਭਾ ਦਾ ਆਲੋਚਨਾ ਰੁਚੀਆਂ ਵਾਲਾ ਮੈਂਬਰ ਬਲਬੀਰ ਮੁਕੇਰੀਆਂ ਪਰਚੇ ਲਿਖਦਾ ਰਿਹਾ । ਅਗਲੇ ਵਰ੍ਹੇ ਮੈਨੂੰ ਸਮਕਾਲ ਕਹਾਣੀ ਤੇ ਪਰਚਾ ਲਿਖਣ ਲਈ ਆਖ ਦਿੱਤਾ ।ਮੈਨੂੰ ਪੰਗਾ ਪੈ ਗਿਆ । ਮੈਂ ਉਦੋਂ ਤੱਕ ਕਵਿਤਾ , ਪ੍ਰੀਤਲੜੀ , ਸੇਧ , ਸਰਦਲ , ਸਮਤਾ , ਸਿਰਜਨਾ , ਪੰਜਾਬੀ ਦੁਨੀਆਂ , ਹੇਮ ਜਯੋਤੀ , ਸਿਆੜ ਆਦਿ ਪੰਜਾਬੀ ਪਰਚਿਆਂ ਅੰਦਰ ਛਪੀ ਕਵਿਤਾ ਦਾ ਹੀ ਪਾਠਕ ਰਿਹਾਂ ਸਾਂ । ਉੱਜ ਇਹ ਸਾਰੇ ਪਰਚੇ ਵਰ੍ਹਿਆਂ ਤੋਂ ਮੇਰੇ ਪਾਸ ਸਾਂਭੇ ਪਏ ਸਨ । ਮੈਂ ਇਕ ਵਢਿਓਂ ਉਹਨਾਂ ਸਾਰਿਆਂ ਅੰਦਰ ਛਪੀਆਂ ਕਹਾਣੀਆਂ ਦਾ ਆਖੰਡ ਪਾਠ ਕਰ ਮਾਰਿਆ । ਬੱਸ ਬਾਈ ਜੀ ਉਸ ਆਖੰਡ ਪਾਠ ਨੇ ਮੇਰੇ ਅੰਦਰ ਕਿਧਰੇ ਕਹਾਣੀ ਦਾ ਬੀਜ ਸੁੱਟ ਦਿੱਤਾ । ਗੋਸ਼ਟੀ ਦਾ ਆਟਾ-ਦਲੀਆਂ ਕਰਕੇ ਮੈਥੋਂ ਵੀ ਥੋੜੇ ਕੁ ਦਿਨੀਂ ਇਕ ਮਿੰਨੀ ਕਹਾਣੀ ਲਿਖ ਹੋ ਗਈ , ਈਡੀਇੱਟ ਇਹ ਸੰਨ 80 , 81 ਦੇ ਏੜ- ਗੇੜ ਦੀ ਗੱਲ ਐ । ਫਿਰ ਅਜਿਹੀਆਂ ਕਈ ਹੋਰ ਵੀ ਲਿਖੀਆਂ । ਇਹ ਮਿੰਨੀ ਕਹਾਣੀਆਂ ਪਹਿਲੀ ਪੁਸਤਕ ਮਾਰਖੋਰੇ ਦੇ ਅੰਤਲੇ ਪੰਨਿਆਂ ਤੇ ਦਰਜ ਹਨ ।

ਬੱਸ ਬਾਈ ਨਿਰਾਲਾ ਜੀ ਉਸ ਬੀਜ ਨੇ ਅੱਗੇ ਚੱਲ ਕੇ ਚੰਗਾ ਖਿਲਾਰ ਪਾਇਆ । ਪਹਿਲਾਂ 1984 ਵਿਚ ਮਾਰਖੋਰੋ ਦੀਆਂ 12 ਟਾਹਣੀਆਂ ਉੱਕਰੀਆਂ ,ਫਿਰ ਨਾਲ ਲਗਦੇ ਹੀ 1996 ਵਿਚ ਬਲੌਰ ਪੁਸਤਕ ਦੀਆਂ ਅੱਠ ਕੁ ਕਹਾਣੀਆਂ । ਪਹਿਲੀ ਪੁਸਤਕ ਮਾਰਖੋਰੇ ਨੇ ਕਾਫੀ ਸਾਰੀ ਪਛਾਣ ਵੀ ਬਣਾ ਦਿੱਤੀ । ਡਾ ਮੋਹਨਜੀਤ ਨੇ ਉਸੇ ਵਰ੍ਹੇ ਦੀਆਂ ਪੰਜ ਸਰਾਹਣਯੋਗ ਪੁਸਤਕਾਂ ਜਿਹਨਾਂ ਵਿਚ ਮਹਾਂਸ਼ਵੇਤਾ ਦੇਵੀ ਦੀਆਂ ਕਹਾਣੀਆਂ ਦੀ ਪੁਸਤਕ ਵੀ ਸ਼ਾਮਿਲ ਸੀ , ਮਾਰਖੋਰੋ ਵੀ ਨਾਲ ਹੀ ਜੋੜੀ ਸੀ । ਉਪਰੋਤਕ ਦੋਨਾਂ ਪੁਸਤਕਾਂ ਅਤੇ ਤੀਜੀ ਪੁਸਤਕ ਕਾਲੀ ਮਿੱਟੀ ਨੇ ਪਹਿਲੋਂ ਬਣੀ ਪਛਾਣ ਮਸਾਂ ਹੀ ਸੰਭਾਲੀ । ਪਰ ਧੁੱਪ-ਛਾਂ ਦੀ ਆਮਦ ਨਾਲ ਮੈਨੂੰ ਲੱਗਾ ਕਿ ਚਾਰ ਕੁ ਕਦਮ ਹੋਰ ਅਗਾਂਹ  ਤੁਰਿਆ ਹਾਂ । ਫਿਰ ਅੱਧੇ ਅਧੂਰੇ ਦੀਆਂ ਕਹਾਣੀਆਂ ਨੇ ਸਚਮੁੱਚ ਹੀ ਮੈਨੂੰ ਸਰਦੇ ਪੁੱਜਦੇ ਕਹਾਣੀ ਲੇਖਕਾਂ ਵਿਚ ਸ਼ਾਮਿਲ ਕਰ ਲਿਆ । ਇਸ ਪੁਸਤਕ ਦੀ ਪਹਿਲੀ ਕਹਾਣੀ ਸੌਰੀ ਜਗਨ ਹਿੰਦੀ ਚ ਅਨੁਵਾਦ ਹੋ ਕੇ ਵਰਤਮਾਨ ਸਾਹਿਤਯ ਵਿਚ ਛਪੀ । ਅੱਧੇ ਅਧੂਰੇ ਕਹਾਣੀ ਨੂੰ ਕਈ ਸਾਰੇ ਗਾਹਕ ਟੱਕਰੇ , ਚੋਣਵੇਂ ਸੰਗ੍ਰਿਹਾਂ ਵਿਚ ਸ਼ਾਮਿਲ ਕਰਨ ਲਈ । ਮੈਡਮ ਜਸਵਿੰਦਰ ਬਿੰਦਰਾ ਨੇ ਆਪਣੀ ਮੂਲ ਹਿੰਦੀ ਪੁਸਤਕ ਬੀਸਵੀਂ ਸਦੀ ਕੀ ਸ੍ਰੇਸ਼ਟ ਪੰਜਾਬੀ ਕਹਾਣੀ ਵਿਚ ਸ਼ਾਮਿਲ ਕਰਕੇ ਇਸ ਨੂੰ ਹੋਰ ਗੌਲਣ-ਯੋਗ ਬਣਾ ਦਿੱਤਾ । ਇਸ ਪੁਸਤਕ ਦੀ ਕਹਾਣੀ ਪੌੜੀ ਨੂੰ ਘਨੀਸ਼ਾਮ ਦਾਸ ਰੰਜਨ ਵਲੋਂ ਲਖਨਊ ਹਿੰਦੀ ਸਾਹਿਤਯ ਪ੍ਰੀਸ਼ਦ ਲਈ ਛਾਪੀ ਪੁਸਤਕ ਵਿਚ ਸ਼ਾਮਿਲ ਕੀਤਾ । ਐਨਕ ਕਹਾਣੀ ਇਲਿਆਸ ਘੁੰਮਣ ਨੇ ਸ਼ਾਹਮੁੱਖੀ ਪਰਚੇ ਵਰ੍ਹੇ ਵਾਰ ਸਾਹਿਤ ਵਿਚ ਛਾਪੀ ।

ਇਹਨਾਂ ਪੰਜਾਂ ਕਹਾਣੀ – ਪੁਸਤਕਾਂ ਦਾ ਵੇਰਵਾ ਦੱਸਣ ਦਾ ਮੇਰਾ ਇਹ ਅਰਥ ਬਿਲਕੁਲ ਨਹੀਂ ਕਿ ਮੈਂ ਬਹੁਤ ਵੱਡਾ , ਹਿਮਾਲੀਆ ਪਰਬਤ ਤੋਂ ਵੀ ਕਈ ਯੋਜਕ ਉੱਚਾ ਘਾਣੀਕਾਰ ਬਣ ਗਿਆਂ , ਪਰ ਏਨਾ ਜਰੂਰ ਹੋਇਆਂ ਕਿ ਮੇਰਾ ਆਪਦੇ ਸਿਰ-ਖੁਦ ਹੋ ਕੇ ਕਹਾਣੀ – ਪਟ ਤੇ ਪ੍ਰਵੇਸ਼ ਕਰਨਾ ਚੁੱਭਿਆ ਜ਼ਰੂਰ ਮੱਠਧਾਰੀਆਂ ਨੂੰ , ਖਾਸ ਕਰਕੇ ਮੱਠ-ਧਾਰੀਆਂ ਦੇ ਜੁੱਲੀਕਾਰ ਆਲੋਚਕਾਂ ਨੂੰ । ਇਹ ਮੈਂ ਇਸ ਤੱਥ ਨੂੰ ਆਧਾਰ ਬਣਾ ਕੇ ਕਹਿ ਰਿਹਾਂ ਕਿ ਉਹਨਾਂ ਦੀ  ਅਦਬੀ ਸੰਗਤ ਨੇ ਮੇਰੀ ਕਹਾਣੀ ਲਿਖਤ ਨੂੰ ਨਾ ਕਦੀ ਸਿੱਧੇ ਮੂੰਹ ਪਹਿਲਾਂ ਕਬੂਲਿਆਂ , ਨਾ ਹੁਣ ਹੀ , ਇਹ ਉਹਨਾਂ ਦੇ ਨੱਥ ਹੇਠ ਆਉਂਦੀ ਹੈ।

ਪਰ ਦੂਰੇ ਪਾਸੇ , ਭਾਅ ਜੀ ਇਹਨਾਂ ਕਹਾਣੀਆਂ ਨੂੰ , ਜਿਨ੍ਹਾਂ ਦੀਆਂ ਇਹ ਹਨ, ਜਿਨ੍ਹਾਂ ਦੀ ਰੂਹ-ਜਾਨ ਇਹਨਾਂ ਦੀ ਤੰਦ-ਤੰਤਰ ਦਾ ਹਿੱਸਾ ਹੈ , ਉਹਨਾਂ ਪਾਤਰਾਂ ਉਹਨਾਂ ਪਾਠਕਾਂ ਨੇ ਇਹਨਾਂ ਨੂੰ ਕਬੂਲਿਆਂ ਹੀ ਨਹੀਂ ਸਗੋਂ ਨਵਾਂ ਜ਼ਮਾਨਾ ਜਾਂ ਕਹਾਣੀ-ਧਾਰਾ ਵਲੋਂ ਕਰਵਾਏ ਵਰ੍ਹੇ –ਵਾਰ ਸਰਵੇਖਣਾਂ ਲਈ ਚੁਣੇ ਜਾਣ ਲਈ ਆਪਣੇ ਵੋਟ-ਹੁੰਗਾਰੇ ਦਾ ਭਰਪੂਰ ਇਸਤੇਮਾਲ ਵੀ ਕੀਤਾ ਹੈ । ਗੜ੍ਹੀ ਬਖ਼ਸ਼ਾ ਸਿੰਘ ਨਾਮੀ ਛੇਵੀ ਪੁਸਤਕ ਦੀਆਂ ਛੇਆਂ ਕਹਾਣੀਆਂ ਵਿਚੋਂ ਪੰਜ ਇਸ ਮਾਣ ਦੀਆਂ ਭਾਗੀਦਾਰ ਹਨ ।

ਕੁੱਲ ਮਿਲਾ ਕੇ ਇਹ ਕਿਹਾ ਜਾ ਸਕਦਾ ਹੈ ਕਿ ਮਾਰਖੋਰੇ ਤੋਂ ਗੜੀ ਬਖ਼ਸ਼ਾ ਸਿੰਘ ਦਾ ਕਹਾਣੀ ਸਫ਼ਰ ਠੀਕ-ਠਾਕ ਹੀ ਰਿਹਾ ਹੈ ।

 

ਕੇਦਰੀ ਲੇਖਕ ਸਭਾਵਾਂ ਦੇ ਦੋ-ਫਾੜ ਹੋਣ ਬਾਰੇ ਮੇਰੇ ਵਿਚਾਰ ਹਨ ਕਿ .....!!!

ਡਾ. ਜੋਗਿੰਦਰ ਸਿੰਘ ਨਿਰਾਲਾ :  ਸਾਹਿਤ ਸਭਾ ਦੇ ਰੋਲ ਬਾਰੇ ਵਿਸ਼ੇਸ਼ ਤੌਰ ਤੇ ਤੇ ਕੇਦਰੀ ਸਭਾਵਾਂ ਦੇ ਦੋ-ਫਾੜ ਹੋਣ ਬਾਰੇ ਤੁਹਾਡੇ ਕੀ ਵਿਚਾਰ ਹਨ ?

ਕਹਾਣੀਕਾਰ ਲਾਲ ਸਿੰਘ : ਸਾਹਿਤ ਸਭਾਵਾਂ ਦੇ ਰੋਲ ਬਾਰੇ ਮੈਂ ਹੁਣੇ-ਹੁਣੇ ਦਿੱਤੇ ਉੱਤਰ ਨੂੰ ਮੁੜ ਦੁਹਰਾਉਣ ਤੋਂ ਬਚਦਾ ਕਰਕੇ ਕਹਿ ਸਕਦਾ ਹਾਂ ਕਿ ਮੈਨੂੰ , ਜਿਸ ਨੂੰ ਸਿਰਫ਼ ਸ਼ਾਇਰੀ ਸੁਣਨ ਜਾਂ ਕਿਧਰੇ ਕਿਧਰੇ ਤੁਕ-ਬੰਦੀ ਕਰਨ ਦੀ ਹੀ ਇੱਲਤ ਸੀ , ਉਸਨੂੰ ਇਕ ਸਭਾ ਲਈ ਪਰਚਾ ਲਿਖਣ ਦੀ ਜ਼ਹਿਮਤ ਨੇ ਕਹਾਣੀ ਲਿਖਣ-ਰਸਤੇ  ਤੋਰ ਦਿੱਤਾ ਹੈ ਤਾਂ ਮੇਰੇ ਵਰਗੇ ਹੋਰ ਵੀ ਅਨੇਕਾਂ ਸੱਜਣ ਸਭਾਵਾਂ ਦੀ ਸਾਰਥਕਤਾ ਦੀ ਹਾਮੀ ਭਰ ਸਕਦੇ ਹਲ ਤੇ ਭਰਦੇ ਵੀ ਹਨ  । ਆਸ ਪਾਸ ਖਿੰਡੇ – ਲਿਖਰੇ ਸੰਵੇਦਨਸ਼ੀਲ ਵਿਅਕਤੀ , ਕਿਸੇ ਵੀ ਸਿਨਫ਼ ਦੇ ਕਲਮਕਾਰ ਜਦ ਇਕ ਮੰਚ , ਇਕ ਸਭਾ ਅੰਦਰ ਜੁੜ ਬੈਠਦੇ ਹਨ ਤਾਂ ਉਹਨਾਂ ਦੀ ਕਾਲਪਨਿਕਤਾ ਅਤੇ ਕਲਾਤਮਿਕਤਾ ਇਕਾਂਤ ਵੱਸ ਹੋਏ ਬੈਠੇ ਲੇਖਕਾਂ ਨਾਲੋਂ ਵੱਧ ਤੀਬਰਤਾ ਵਿਚ ਉਘਾਸਕਦੀ ਹੈ । ਇਹ ਮੇਰਾ ਵਿਸ਼ਵਾਸ਼ ਹੈ ।

ਜਿੱਥੋਂ ਤੱਕ ਕੇਂਦਰੀ ਸਭਾਵਾਂ ਜਾਂ ਹੋਰਨਾਂ ਸ਼ਹਿਰਾਂ-ਕਸਬਿਆਂ ਵਿਚ ਵਿਚਰਦੀਆਂ ਸਭਾਵਾਂ ਦੇ ਦੋਫਾੜ ਹੋਣ ਦੀ ਗੱਲ ਐ ,ਇਸ ਦੇ ਇਕ ਤੋਂ ਵੱਧ ਕਾਰਨ ਹਨ । ਪਹਿਲਾ ਕਾਰਨ ਤਾ ਅਹੁਦਿਆਂ ਦੀ ਲਾਲਸਾ  ਹੋ ਸਕਦੀ ਹੈ । ਦੂਜਾ ਵਿਚਾਰਧਾਰਾ ਮੱਤਭੇਦ ਵੀ । ਸਾਹਿਤ ਨੂੰ ਮਨੋਰੰਜਨ ਜਾਂ ਮਨੋ-ਵਿਚੇਰਨ ਦੀ ਸੀਮਾ ਤੱਕ ਮਾਨਤਾ ਦੇਣ ਵਾਲੇ ਲੇਖਕ  , ਸਾਹਿਤ ਨੂੰ ਸਮਾਜਿਕ ਕਾਰਜ ਲਈ ਦਖ਼ਲ-ਅੰਦਾਜ਼ ਕਰਨ ਵਾਲੇ , ਇਸ ਨੂੰ ਚੇਤਨਾ ਪ੍ਰਚੰਡ ਕਰਨ ਦਾ ਇਕ ਕਾਰਗਰ ਸਾਧਨ ਸਮਝਣ ਵਾਲੇ ਕਲਮਕਾਰਾਂ ਨਾਲ ਇਕੱਲਿਆਂ ਸ਼ਾਇਕ ਨਹੀਂ ਤੁਰ ਸਕਦੇ । ਇਸ ਦੁਫੇੜ ਕਰਨ ਸਭਾਵਾਂ ਦੋ-ਫਾੜ ਹੋ ਜਾਂਦੀਆਂ ਹਨ। ਤੀਜਾ ਕਾਰਨ , ਇਨਾਮਾਂ-ਕਨਾਮਾਂ ਲਈ ਲਾਲ੍ਹਾਂ ਸੁੱਟਣ ਵਾਲੇ , ਸਥਾਪਤੀ ਦੇ ਜੀ-ਹਜ਼ੂਰੀਏ ਬਣ ਕੇ ਵਿਚਰਨ ਵਾਲੇ ਸੱਜਣਾ ਦੀ ਵੀ , ਲੋਕ-ਲਹਿਰਾਂ ਦੇ ਹਮਾਇਤੀ ਲੇਖਕਾਂ ਨਾਲ ਨਹੀਂ ਬਣ ਸਕਦੀ ।  ਸਭਾ-ਸੁਸਾਇਟੀ ਫਿਰ ਦੋ-ਫਾੜ ਹੋ ਜਾਂਦੀ ਹੈ । ਅਗਲਾ ਕਾਰਨ ਸਿਆਸੀ ਪਾਰਟੀਆਂ ਦੇ ਮੈਨੀਫੈਸਟੋ ਵੀ ਬਹੁਤ ਸਾਰੇ ਖੁਦ-ਦਾਰ ਕਲਮਕਾਰਾਂ ਨੂੰ ਵੱਖਰੇ ਰਾਹ ਤੁਰਨ ਲਈ ਮਜਬੂਰ ਕਰਦੇ ਹਨ । ਹੋਰ ਵੀ ਇਵੇਂ ਦੇ ਕਈ ਬਿੰਦੂ ਹਨ । ਪਰ ਹੈਰਾਨੀ ਤਾਂ ਕੇਂਦਰੀਸਭਾ ਦੀ ਦੋ-ਫਾੜ ਦੀ ਦੁਰਘਟਨਾ ਕਾਰਨ ਹੋਰ ਵੀ ਵੱਧ ਹੋਈ ਸੀ , ਜਦ ਗਾਡੀ ਰਾਹ ਤੁਰਦਾ ਇਕੋ ਰੰਗ ਦਾ ਕਾਫਲਾ ਝੱਟਪੱਟ ਲੀਹਾਂ ਪਾੜ ਕੇ ਦੋ ਪਾਸਿਆਂ ਵੱਲ ਨੂੰ ਘੁੰਮ ਗਿਆ । ਇਸ ਦੁਫੇੜ ਦਾ ਵੱਡਾ ਤੇ ਮਿਲਭੋਗਾ ਜਿਹਾ ਕਾਰਨ ਜਰਨਲ-ਸਕੱਤਰ ਲਈ ਨਵੀਂ ਕੁਰਸੀ ਦੀ ਸਥਾਪਨਾ ਕਰਨਾ ਵੀ ਸੀ ਤੇ ਪਾਰਟੀ ਹੁਕਮਾਂ ਤੇ ਅਮਲ-ਦਰਾਮਦ ਕਰਦਿਆਂ ਲੇਖਕ ਜਥੇਬੰਦੀ ਨੂੰ ਆਪਣੇ ਕਾਬੂ ਰੱਖਣ ਦੀ ਲੋੜ ਵੀ ।

ਕਾਰਪੋਰੇਟ ਲੌਬੀ ਨੇ ਸਾਡੀ ਬੋਲੀ,ਭਾਸ਼ਾ,ਸੱਭਿਆਚਾਰ, ਸਾਡੇ ਵਿਰਸੇ ਦੀ ਰਹਿਤਲ ਸਮੇਤ ਸਾਡੇ ਪੰਜਾਬੀ ਸਾਹਿਤ ਨੂੰ ਖੇਹ-ਕੌਡੀਆਂ ਰੋਲਿਆ

ਡਾ. ਜੋਗਿੰਦਰ ਸਿੰਘ ਨਿਰਾਲਾ :    ਨਵਾਂ ਜ਼ਮਾਨਾ ਵਾਲੇ ਹਰ ਸਾਲ ਸਰਵੇਖਣ ਕਰਵਾਉਂਦੇ ਹਨ । ਇਸ ਵਾਰ ਕਹਾਣੀ –ਧਾਰਾ ਵਾਲਿਆਂ ਵੀ ਅਜਿਹਾ ਉੱਦਮ ਕੀਤਾ । ਅਜਿਹੇ ਉੱਦਮ ਸਾਹਿਤ ਦਾ ਕੀ ਸੁਆਰਦੇ ਹਨ ?

 

ਕਹਾਣੀਕਾਰ ਲਾਲ ਸਿੰਘ : ਮੇਰਾ ਇਸ ਤਰ੍ਹਾਂ ਦਾ ਵਿਸ਼ਵਾਸ਼ ਹੈ , ਕਿ ਸਾਹਿਤ ਸਮੇਤ ਕਿਸੇ ਵੀ ਸਮਾਜਿਕ ਕਾਰਜ ਲਈ ਕਿਸੇ ਵੀ ਤਰ੍ਹਾਂ ਦਾ ਕੋਈ ਉੱਦਮ ਨਕਾਰਾਤਮਿਕ ਨਹੀਂ ਗਿਣਨਾ ਚਾਹੀਦਾ । ਭਾਵੇਂ ਉਹ ਜਿੰਨਾ ਵੀ ਮਰਜ਼ੀ ਪੇਤਲਾ ਜਾਂ ਸੰਘਣਾ , ਸੁਭਾਵਿਕ ਜਾਂ ਯੋਜਨਾਬੱਧ , ਪਰੋ-ਪੀਪਲ ਜਾਂ ਐਟੀ-ਪੀਪਲ ਵੀ ਕਿਉਂ ਨਾ ਹੋਵੇ । ਉਦਾਹਰਣ ਹਿੱਤ ਉਦਾਰੀਕਰਨ ,ਨਿੱਜੀਕਰਨ ,ਵਪਾਰੀਕਰਨ ਦੀ ਸੰਚਾਲਨ ਕਾਰਪੋਰੇਟ ਲੌਬੀ ਨੇ ਆਪਣੇ ਕਈ ਸਾਰੇ ਅਮਲਾਂ ਸਮੇਤ ਸਾਡੀ ਬੋਲੀ , ਭਾਸ਼ਾ , ਸੱਭਿਆਚਾਰ , ਸਾਡੇ ਵਿਰਸੇ ਦੀ ਰਹਿਤਲ ਸਮੇਤ ਸਾਡੇ ਪੰਜਾਬੀ ਸਾਹਿਤ ਨੂੰ ਖੇਹ-ਕੌਡੀਆਂ ਰੋਲਣ ਲਈ ਹੱਲਾ ਬੋਲ ਦਿੱਤਾ ਹੋਇਆ । ਉਸਦੀ ਚਕਾਚੌਂਧ ਕਰਨ ਵਰਗੀ ਖਿੱਚ ਅਤੇ ਨੰਗੇਜ ਨੇ ਸਾਡੇ ਲਈ ਕਹਿੰਦੇ – ਕਹਾਉਦੇ ਸਾਹਿਤਕਾਰਾਂ/ਕਹਾਣੀਕਾਰਾਂ ਨੂੰ ਆਪਣੀ ਬੇ-ਪਰਦਾ ਬੁੱਕਲ ਵਿਚ ਲਪੇਟ ਲਿਆ ਹੈ । ਸਾਡੇ ਉਹ ਮਾਣ-ਮੱਤੇ ਕਹਾਣੀਕਾਰ , ਅਰਬ-ਸਵਾ ਅਰਬ ਵਾਲੇ ਇਸ ਦੇਸ਼ ਨੂੰ ਦਰਵੇਸ਼ ਹਜ਼ਾਰ-ਹਾ ਮੁਸ਼ਕਲਾਂ ਨੂੰ ਉੱਕਾ ਹੀ ਭੁੱਲ-ਭੁੱਲਾ ਕੇ , ਜਾਂ ਹਊਂ-ਪਰੇ ਕਰਕੇ ਬੱਸ ਥੋੜ੍ਹੀ ਕੁ ਜਿੰਨੀ ਰੱਜ-ਫਿੱਟੀ ਸ਼੍ਰੇਣੀ ਦੀਆਂ ਮਾਈਆਂ-ਬੀਬੀਆਂ , ਬੁੱਢੇ-ਬੁੱਢੀਆਂ ਦੀਆਂ ਅਤ੍ਰਿਪਤ ਰਹੀਆਂ ਗਈਆਂ ਕਾਮੁਕ ਭਾਵਨਾਵਾਂ ਦੀ ਤ੍ਰਿਪਤੀ ਦੇ ਰਾਹ-ਦਸੇਰੇ ਬਣ ਬੈਠੇ ਹਨ । ਉਹਨਾਂ ਦੀ ਦੇਖਾ-ਦੇਖੀ ਸਾਡੀ ਨੌਜਵਾਨ ਕਹਾਣੀਕਾਰ ਪੀੜ੍ਹੀ ਦੇ ਕਈ ਅਹਿਮ ਹਸਤਾਖਰ ਵੀ ਉਸੇ ਦਿਸ਼ਾ ਵੱਲ ਨੂੰ ਨਿੱਕਲ ਤੁਰੇ । ਉਸ ਨੌਜਵਾਨ ਪੀੜ੍ਹੀ ਨੂੰ ਇਹ ਤਾਂ ਸ਼ਾਇਦ ਪਤਾ ਹੀ ਨਾ ਲੱਗਾ ਹੋਵੇ ਕਿ ਹਮਲਾ ਕਿਸ ਧਿਰ ਵਲੋਂ ਹੋਇਆ ਹੈ ਤੇ ਕਿਸ ਕਾਰਨ ਕੀਤਾ ਗਿਆ  ਹੈ , ਉਹਨਾਂ ਨੌਜਵਾਨਾਂ ਨੂੰ ਤਾਂ ਬੱਸ ਹੱਥੋ – ਹੱਥ ਮਿਲੀ ਪ੍ਰਸਿਧੀ ਹੀ ਉਹਨਾਂ ਦੀ ਕਹਾਣੀ ਸਿਨਫ਼ ਲਈ ਪ੍ਰਾਪਤੀ ਲਗਦੀ ਹੈ ।

ਇਹ ਮੰਨਦਿਆਂ ਹੋਇਆਂ ਵੀ ਕਿ ਕਾਰਪੋਰੇਟ ਦਾ ਉੱਦਮ ਨਕਾਰਾਤਮਿਕ ਹੈ ਤੇ ਇਸ ਦੇ ਸਿੱਟੇ ਵੀ ਕਾਫੀ ਸਾਰੇ ਅਸਰਅੰਦਾਜ਼ ਹੋਏ ਹਨ । ਪਰ ,ਕਹਾਣੀ ਸਰਵੇਖਣਾਂ ਲਈ ਉਸ ਦੇ ਪ੍ਰਭਾਵ ਵਾਲੀਆਂ ਕਹਾਣੀਆਂ ਨੂੰ , ਜਨ-ਪਾਠਕਾਂ ਨੇ  ਬਹੁਤ ਘੱਟ ਪ੍ਰਵਾਨ ਕੀਤਾ ਹੈ । ਕੇਵਲ ਤੇ ਕੇਵਲ ਉਹ ਹੀ ਕਹਾਣੀਆਂ ਨਵਾਂ-ਜ਼ਮਾਨਾ ਜਾਂ ਕਹਾਣੀ –ਧਾਰਾ ਦੇ ਸਰਵੇਖਣੀ-ਟੈਸਟਾਂ ਵਿਚ ਸ਼ਾਮਿਲ ਹੋ ਸਕੀਆਂ ਹਨ , ਜਿਨ੍ਹਾਂ ਦਾ ਸਰੋਕਾਰ ਪੰਜਾਬੀ ਰਹਿਤਲ ਦੇ ਸਮਤਲ ਹੈ । ਜਿਹੜੀਆਂ ਪੱਛਮ ਦੇ ਨਗਨਵਾਦ ਤੇ ਦੇਹੀਵਾਦ ਨੂੰ ਨਕਾਦੀਆਂ , ਮਨੁੱਖ ਦੀ ਸਿਰਫ਼ ਤੇ ਸਿਰਫ਼ ਦੇਹੀ ਦੇ ਜਸ਼ਨ ਦੀ ਤ੍ਰਿਪਤੀ ਤੋਂ ਅਗਾਂਹ ਲੰਘ ਕੇ ਉਸ ਦੀਆਂ ਅਕਾਂਖਿਆਵਾਂ ਦੀ ਵੀ ਤ੍ਰਿਪਤੀ ਕਰਦੀਆਂ ਹਨ । ਇਸ ਬਿਨਾ ਤੇ ਸਰਵੇਖਣੀ ਉੱਤਮਾਂ ਨੂੰ ਸਾਰਥਕ ਹੀ ਕਿਹਾ ਜਾ ਸਕਦਾ ਹੈ । ਭਾਵੇਂ ਕਿ ਰਿਆਤੀ ਜਾਂ ਸਫਾਰਸ਼ੀ ਵੋਟਾਂ ਪ੍ਰਾਪਤ ਕਰਕੇ ਇਹਨਾਂ ਵਿਚ ਸ਼ਾਮਿਲ ਹੋਣ ਦੀ ਮਨੁੱਖ-ਮਾਤਰ ਦੀ ਮੁਢਲੀ ਕਮਜ਼ੋਰੀ ਤੋਂ ਵੀ ਨਹੀਂ ਬਚਿਆ ਜਾ ਸਕਿਆ ।

 

ਦੁਨੀਆਂ ਦੀ ਉੱਪਰਲੀ 2 % ਅਮੀਰ ਸ਼੍ਰੇਣੀ ਪਾਸ ਸਾਰੀ ਧਰਤੀ ਦੀ ਕੁੱਲ ਆਮਦਨ ਦੇ 50 % ਹਿੱਸੇ ਤੇ ਕਬਜ਼ਾ

ਡਾ. ਜੋਗਿੰਦਰ ਸਿੰਘ ਨਿਰਾਲਾ :  ਤੁਹਾਡੀ ਪਛਾਣ ਸਮਾਜਮੁਖੀ ਕਹਾਣੀ ਲੇਖਕ ਵਜੋਂ ਹੋਈ ਹੈ । ਭਾਵੇਂ ਕਿ ਤੁਸੀ ਕਦੇ-ਕਦਾਈਂ ਰੀਵਿਊ ਵੀ ਕਰ ਲੈਂਦੇ ਹੋ ?

ਕਹਾਣੀਕਾਰ ਲਾਲ ਸਿੰਘ : ਮੇਰਾ ਸਮਾਜਮੁਖੀ ਕਹਾਣੀ ਨਾਲ ਬਣੇ ਮੋਹ ਦਾ ਪੱਕਾ ਕਾਰਨ ਇਹ ਹੈ ਕਿ ਕਹਾਣੀ ਨਾਲ ਮਗਜ਼-ਪਚੀ ਕਰਨ ਤੋਂ ਪਹਿਲਾਂ ਮੇਰੇ ਅੰਦਰ ਇਕ ਅਜਿਹੇ ਫ਼ਲਸਫੇ , ਅਜਿਹੀ ਵਿਚਾਰਧਾਰਾ ਘਰ ਬਣਾ ਕੇ ਬੈਠ ਗਈ ਸੀ ਜਿਹੜੀ ਮੁਲਕ ਦੀ ਬਹੁ-ਗਿਣਤੀ ਵਸੋਂ ਸਿਰ ਐਵੇ ਨਿਗੁਣੀ ਜਿਹੀ ਗਿਣਤੀ ਵਲੋਂ ਥੋਪੇ ਗ਼ਏ ਆਰਥਿਕ-ਸਮਾਜਿਕ-ਮਨਾਸਿਕ-ਰਾਜਨੀਤਕ-ਸੱਭਿਆਚਾਰਕ ਵਿਸੰਗਤੀਆਂ ਦੇ ਦਬਾਅ ਤੋਂ ਬਹੁ-ਗਿਣਤੀ ਨੂੰ ਨਿਜਾਤ ਦਿਵਾਉਣ ਲਈ ਅਗ੍ਰਸਰ ਰਹੀ ਸੀ । ਮੈਂ ਕਿਧਰੋਂ ਪੜ੍ਹ-ਸੁਣ ਲਿਆ ਸੀ ਕਿ ਕੁਲ ਦੁਨੀਆਂ ਦੀ ਉੱਪਰਲੀ 2 % , ਅਮੀਰ ਸ਼੍ਰਣੀ ਪਾਸ ਸਾਰੀ ਧਰਤੀ ਦੀ ਕੁੱਲ ਆਮਦਨ ਦੇ 50 % ਹਿੱਸੇ ਤੇ ਕਬਜ਼ਾ ਹੈ , ਉਸ ਤੋਂ ਹੇਠਲੀ 8 % ਸ਼੍ਰੇਣੀ ਪਾਸ ਕੁੱਲ ਆਮਦਨ ਦਾ 35 % ਭਾਗ ਤੇ ਦਾਬਾ ਹੈਬਾਕੀ ਦੀ 80 % ਆਬਾਦੀ ਦੇ ਹਿੱਸਿਆਂ ਵਿਚੋਂ ਕਿਸੇ ਪਾਸ 5 % , ਕਿਸੇ ਪਾਸ 3 % , ਕਿਸੇ ਪਾਸ 2 % , ਅਤੇ ਸਭ ਤੋਂ ਹੇਠਲੇ 20 % ਹਿੱਸੇ ਪਾਸ ਕੇਵਲ ਤੇ ਕੇਵਲ ਧਰਤੀ ਦੀ ਕੁੱਲ ਆਮਦਨ ਦਾ 1 % ਹਿੱਸਾ ਹੀ ਹੈ । ਇਹੋ ਜਿਹਾ ਅਨੁਪਾਤ , ਮੇਰੇ ਮਹਾਨ ਦੇਸ਼ ਭਾਰਤ ਦਾ ਵੀ ਹੈ । ਇਕ ਪਾਸੇ ਪੋਟਿਆਂ ਤੇ ਗਿਣੇ ਜਾਣ ਵਾਲੇ ਟੱਬਰ , ਦੁਨੀਆਂ ਦੇ ਸਭ ਤੋਂ ਅਮੀਰ ਧਨਾਡਾਂ ਵਿਚ ਸ਼ਾਮਿਲ ਹਨ । ਉਹ ਆਪਣੀਆਂ ਪਤਨੀਆਂ ਨੂੰ ਜਨਮ-ਦਿਨਾਂ ਉੱਤੇ ਹੈਲੀਕਾਪਟਰ ਤੱਕ ਦੇ ਤੋਹਫੇ ਵੀ ਦਿੰਦੇ ਹਨ ਤੇ ਦੂਜੇ ਪਾਸੇ ਮੇਰੇ ਉਸੇ ਦੇਸ਼ ਦੀ ਦੋ-ਦਿਹਾਈ ਆਬਾਦੀ ਸਿਰਫ਼ 20 ਰੁਪਏ ਹਰ ਰੋਜ਼ ਤੇ ਗੁਜ਼ਾਰਾ ਕਰਨ ਲਈ ਮਜਬੂਰ ਹੈ ।

ਇਸ ਅਨੁਪਾਤ ਦੀ ਦਹਿਸ਼ਤ ਤੋਂ ਡਰਦੀ ਮੇਰੀ ਕਲਮ ਉਸ ਪਾਸੇ ਵੱਲ ਨੂੰ ਤੁਰ ਹੀ ਨਾ ਸਕੀ , ਜਿਸ ਪਾਸ ਸਾਡੇ ਕਿੰਨੇ ਸਾਰੇ ਬੀਬੇ-ਰਾਣੇ ਤੁਰ ਰਹੇ ਹਨ । ਮੈਨੂੰ ਹੈਰਾਨੀ ਹੁੰਦੀ ਹੈ ਕਿ ਆਪਣੇ-ਆਪ ਨੂੰ ਸਮਾਜਮੁੱਖੀ ਲੇਖਕ ਗਰਦਾਨਦੇ ਹੋਏ ਵੀ ਕਈ ਸਾਰੇ ਸਾਡੇ ਮਹਾਂ-ਕਹਾਣੀਕਾਰ ਸਰਕਾਰੇ-ਦਰਬਾਰੇ ਵੀ ਬਰਾਬਰ ਦੀ ਹੀ ਆਪਣੀ ਭੱਲ ਬਣਾਈ ਬੈਠੇ ਹਨ । ਇਹ ਜਾਂ ਤਾਂ ਉਹਨਾਂ ਦੀ ਹੱਥ ਦੀ ਸਫਾਈ ਦਾ ਹੀ ਕੋਈ ਕਾਰਨਾਮਾ ਹੋਵੇਗਾ ਜਾਂ ਮੇਰੀਆਂ ਹੀ ਨਜ਼ਰਾਂ ਦੀ ਕਾਣ । ਮੈਂ ਤਾਂ ਬੱਸ ਲਾਲਾ ਹਰਦਿਆਲ ਦੇ ਜਿਸ ਕਥਨ ਨੂੰ ਪੱਲੇ ਬੰਨ੍ਹ ਕੇ ਆਪਣੇ ਕਹਾਣੀ ਅਭਿਆਸ ਨਾਲ ਜੁੜਿਆ ਰਿਹਾਂ ਹਾਂ , ਉਹ ਇਹ ਹੈ – ‘’ ਜੇ ਤੁਸੀਂ ਲੱਖਾਂ ਲੋਕਾਂ ਦਾ ਧਿਆਨ ਕਰੋ ਜਿਹੜੇ ਭੁੱਖੇ ਸੌਦੇਂ ਹਨ ਤਾਂ ਤੁਹਾਨੂੰ ਰੋਟੀ ਤੋਂ ਹੀ ਨਹੀਂ , ਆਪਣੇ ਆਪ ਤੋਂ ਵੀ ਨਫ਼ਰਤ ਹੋਣ ਲੱਗੇਗੀ । ‘’

 ਇਸ ਪ੍ਰਸ਼ਨ ਦਾ ਦੂਜਾ ਹਿੱਸਾ ਮੇਰੀ ਰੀਵਿਊਕਾਰੀ ਸੰਬੰਧੀ ਹੈ । ਇਹ ਚਸਕਾ ਇਉਂ ਪਿਆ – ਮੈਂ 80ਵਿਆਂ ਵਿਚ ਪੀ ਐਚ ਡੀ ਕਰਨ ਲਈ ਸਿਰ ਚੁੱਕ ਲਿਆ , ਡਾ ਅਤਰ ਸਿੰਘ ਪਾਸ  । ਇਨਰੋਨਮੈਂਟ ਹੋ ਗਈ , ਗਾਈਡ ਸਨ ਡਾ ਰਘਬੀਰ ਸਿੰਘ ਸਿਰਜਨਾ ਵਾਲੇ  । ਕੰਮ ਹੱਥੋਂ-ਹੱਥ ਨਿਕਲਦਾ ਲਗਦਾ ਸੀ । ਉਦੋਂ ਮੁਢਲੇ ਟੈਸਟਾਂ ਦੀ ਥਾਂ ਸਿਰਫ਼ ਸਾਹਿਤਕ ਜਾਣ-ਪਛਾਣ ਹੀ ਕੰਮ ਸਾਰ ਦਿੰਦੀ ਸੀ । ਅਗਾਂਹ ਰਜਿਸਟਰੇਸ਼ਨ ਨਹੀ ਤੁਰਨਾ ਸੀ । ਮੈਂ ਬਿਬਲੋਗ੍ਰਾਫੀ ਤਿਆਰ ਵੀ ਕਰ ਲਈ । ਪੰਜਾਬੀ ਟਾਈਪ ਦਾ ਕੰਮ ਦਸੂਹੇ ਤਸਲੀਬਖ਼ਸ਼ ਨਾ ਹੋਇਆ ,ਮੁਕੇਰੀਆਂ ਜਾਣਾ ਸੀ ਅਗਲੇ ਦਿਨ । ਉਸੇ ਦਿਨ ਸ਼ਾਮ ਸਾਹਿਤ ਸਭਾ ਦੀ ਮੀਟਿੰਗ ਰੱਖੀ ਹੋਈ ਸੀ ਦਸੂਹੇ ਪਾਂਡਵ ਤਲਾਅ ਤੇ । ਅਸੀਂ ਸਭਾ ਵਾਲੇ ਤਲਾਅ ਦੀਆਂ ਪੌੜੀਆਂ ਤੇ ਥੋੜਾ ਕੁ ਹੇਠਾਂ ਜਿਹੇ ਨੂੰ ਬੈਠ ਗਏ । ਸਾਇਕਲ ਉੱਪਰ ਖੜ੍ਹੇ ਰਹੇ । ਵੱਡੇ ਗੇਟ ਲਾਗੇ । ਬਿਬਲੋਗ੍ਰਾਫੀ ਪਲੰਦਾ ਸਾਈਕਲ ਦੇ ਹੈਂਡਲ ਨਾਲ ਲਟਕਦਾ ਰਹਿਣ ਦਿੱਤਾ । ਦੋ ਕੁ ਘੰਟੇ ਬਾਅਦ ਪੌੜੀਆਂ ਚੜ੍ਹ ਕੇ ਉੱਪਰ ਆਏ ਤਾਂ ਕਾਗਜਾਂ-ਪੱਤਰਾਂ ਵਾਲਾ ਥੈਲਾ ਗਾਇਬ ਸੀ ।ਇਹ ਸ਼ਾਇਦ ਕੂੜ-ਕੁਆੜ ਵਾਲੇ ਕਿਸੇ ਮੁੰਡੂ ਨੇ ਲਾਹ ਲਿਆ ਹੋਵੇਗਾ । ਹੋਰ ਕਿਸੇ ਦੇ ਕੀ ਕੰਮ ਆ ਸਕਦਾ ਸੀ ਇਹ । ਫਿਰ ,ਮੈਥੋਂ ਦੋਬਾਰਾ ਉਹ ਪੁਸਤਕ-ਸੂਚੀ ਬਣਾਉਣ ਦੀ ਦਲੇਰੀ ਹੋ ਹੀ ਨਾ ਸਕੀ ।

ਲਓ ਸਾਬ੍ਹ ਜੀ  , ਆਪਾਂ ਡਾਕਟਰ ਬਣਨ ਲਈ ਤੁਰਨ ਲੱਗੇ ਪਹਿਲੇ ਕਦਮ ਤੇ ਹੀ ਲੁੜਕ ਗਏ । ਇਓ ਮੇਰਾ ਪੀ . ਐਚ . ਡੀ ਨਾਮੀ ਬਲਾਅ ਤੋਂ ਤਾਂ ਬਚਾ ਗਿਆ , ਪਰ ਰੀਵਿਊਕਾਰੀ , ਪਰਚੇਬਾਜ਼ੀ , ਚੂੰਡੀਬਾਜ਼ੀ ਦਾ ਚਸਕਾ ਅਜੇ ਤੱਕ ਮੇਰੇ ਨਾਲ ਚਿਮੜਿਆ ਪਿਆ ।

ਇਸ ਨਾਤੇ , ਹੁਣ ਵੀ ਕਦੀ-ਕਦੀ ਕਿਤਾਬਾਂ ਦੇ ਰੀਵਿਊ ਕਰਨ ਨੂੰ ਮੂੰਹ ਮਾਰਦਾ ਰਹਿਨਾ ।

 

“ ‘ ਸਿਰਜਨਾ ਸਮਾਜਮੁਖੀ ਵਿਚਾਰਧਾਰਾ ਵਾਲਾ ਪ੍ਰਮੁੱਖ ਪਰਚਾ ਹੈ

ਡਾ. ਜੋਗਿੰਦਰ ਸਿੰਘ ਨਿਰਾਲਾ :  ਤੁਹਾਡੀਆਂ ਕਹਾਣੀਆਂ ਹਮੇਸ਼ਾਂ ਸਿਰਜਨਾ  ਵਿਚ ਹੀ ਛਪਦੀਆਂ  ਹਨ । ਕੀ ਇਸ ਨਾਲ ਪਾਠਕਾਂ ਦਾ ਘੇਰਾ ਸੀਮਿਤ ਨਹੀਂ ਹੋ ਜਾਂਦਾ ?

ਕਹਾਣੀਕਾਰ ਲਾਲ ਸਿੰਘ : ਇਸ ਗੱਲ ਵੀ ਮੰਨਣਯੋਗ ਹੈ ਕਿ ਜਦ ਸਿਰਜਨਾ ਦੇ ਲੇਖਕਾਂ ਦੀ ਗੱਲ ਤੁਰਦੀ ਹੈ ਤਾਂ ਮੇਰਾ ਨਾਮ ਵੀ ਉਨ੍ਹਾਂ ਵਿਚ ਸ਼ਾਮਿਲ ਹੁੰਦਾ ਹੈ । ਇਸ ਦਾ ਵੱਡਾ ਕਾਰਨ ਇਹ ਸਮਝਿਆ ਜਾਏ ਕਿ ਸਿਰਜਨਾ ਸਮਾਜਮੁਖੀ ਵਿਚਾਰਧਾਰਾ ਵਾਲਾ ਪ੍ਰਮੁੱਖ ਪਰਚਾ ਹੈ । ਉਂਜ ਸੌਹ ਤਾਂ ਨਹੀਂ ਖਾਧੀ ਜਾ ਸਕਦੀ ਪਰ ਇਸ ਨੇ ਸ਼ਾਇਦ ਕਦੇ ਵੀ ਐਹੋ ਜਿਹੀ ਕਹਾਣੀ ਜਾਂ ਹੋਰ ਕੋਈ ਕਿਰਤ ਨਹੀਂ ਛਾਪੀ ਜਿਹੜੀ ਲੋਕ-ਸਮੂਹੀ ਹਿੱਤਾਂ ਦੇ ਵਿਪਰੀਤ ਜਾਂਦੀ ਹੋਵੇ । ਇਸ ਲਈ ਮੇਰੇ ਰੰਗ ਦੀਆਂ ਕਹਾਣੀਆਂ ਵੀ ਇਸ ਵਿਚ ਅਮ ਕਰਕੇ ਛਪਦੀਆਂ ਹਨ । ਦੂਜੇ , ਮੇਰੀਆਂ ਪਿਛਲੇ ਦੌਰ ਦੀਆਂ ਕਹਾਣੀਆਂ ਦੀ ਲੰਬਾਈ ਵੀ ਥੋੜਾ ਵਧਦੀ ਗਈ । ਮੈਨੂੰ ਇਉ ਲਗਦਾ ਰਿਹਾ ਕਿ ਇਹ ਟੈਰਾਲੀਨ ਦੀ ਵੇਸ਼-ਭੂਸ਼ਾ ਵਾਲੇ ਹੋਰਨਾਂ ਪਰਚਿਆਂ ਦੇ ਪੰਨਿਆਂ ਨਾਲ ਧੱਕਾ ਵੀ ਕਰ ਸਕਦੀਆਂ ਹਨ । ਉਹਨਾਂ ਦੀ ਕਿੰਨੀ ਸਾਰੀ ਥਾਂ ਮੱਲ ਕੇ । ਖੈਰ ! ਜਿਵੇਂ ਵੀ ਹੋਵੇ ਮੇਰੀ ਆਖਰੀ ਤੇ ਪਹਿਲੀ ਸ਼ਰਨ ਸਿਰਜਨਾ ਹੀ ਰਹੀ । ਉਂਜ  ਆਰਸੀ ਵਿਚ ਰਮਾਲੀ , ਸਮਦਰਸ਼ੀ ਵਿੱਚ  ਝਾਂਜਰ , ਸਮਤਾ ਵਿੱਚ ਉਹ ਵੀ ਕੀ ਕਰਦਾ , ਸਾਹਿਤ ਧਾਰਾ ਵਿੱਚ ਛਿੰਝ ਤੇ ਧੂਆਂ , ਕਹਾਣੀ ਪੰਜਾਬ ਵਿਚ ਸੌਰੀ ਜਗਨ , ਚਿਰਾਗ ਵਿਚ ਪੌੜੀ ਤੇ ਐਨਕ , ਸ਼ਬਦ ਵਿੱਚ ਥਰਸਟੀ ਕਰੋਅ, ਪ੍ਰਵਚਨ ਵਿਚ ਐਚਕਨ ਤੇ ਹੁਣੇ ਹੁਣੇ ਹੁਣ ਵਿਚ ਜੁਬਾੜੇ ਦਾ ਛਪਣਾ ਤੁਹਾਡੀ ਮਨੌਤ ਨੂੰ ਥੋੜਾ ਕੁ ਤੋੜਦਾ ਵੀ ਹੈ । ਇੱਥੇ ਮੈਂ ਇਹ ਗੱਲ ਫ਼ਕਰ ਨਾਲ ਕਹਿ ਸਕਦਾ ਹਾਂ ਕਿ ਮੈ ਪਹਿਲੋਂ ਵਾਲੀ ਲਕੀਰ ਵਿਚ ਕਦੀ ਨਹੀਂ ਛਪਿਆ ।

ਪਾਠਕਾਂ ਦੇ ਘੇਰੇ ਦੀ ਸੀਮਤ ਹੋਣਾ , ਨਾ ਹੋਣਾ ਇਕ ਵੱਖਰਾ ਵਿਸ਼ਾ ਹੈ । ਇਸ ਦਾ ਸੰਬੰਧ ਪੰਜਾਬੀ ਪੱਤਰਕਾਵਾਂ ਨਾਲ ਬਹੁਤਾ ਨਹੀਂ ਜੁੜਦਾ । ਕਹਾਣੀ ਪਾਠਕ ਜੇ ਸਿਰਜਣਾ ਪੜ੍ਹਦਾ ਹੈ ਤਾਂ ਉਹ ਕਹਾਣੀ ਸਿਨਫ਼ ਨਾਲ ਸੰਬੰਧਤ ਕਰੀਬ ਸਾਰੀਆਂ ਪੱਤਰਕਾਵਾਂ ਵੀ ਪੜ੍ਹਦੈ ।ਛਪਣ-ਗਿਣਤੀ ਸਭ ਦੀ ਇਕੋ ਜਿੰਨੀ ਹੀ ਹੈ ਕਰੀਬ ਕਰੀਬ । ਭਾਵ ਸਭ ਦਾ ਪਾਠਕੀ ਦਾ ਆਧਾਰ ਬਰਾਬਰ ਹੀ ਹੈ  

 

ਖੱਬੀ ਪਾਰਟੀਆਂ ਦੀ ਕਾਰਗੁਜ਼ਾਰੀ ਤੋਂ ਸਮੇਂ-ਸਮੇਂ ਮਿਲਦੀ ਰਹੀ ਨਿਰਾਸ਼ਾ ਕਾਰਨ ਬਣੀ ਮੇਰੀਬਲੌਰ ਕਹਾਣੀ ਲਿਖਣ ਪਿੱਛੇ

ਡਾ. ਜੋਗਿੰਦਰ ਸਿੰਘ ਨਿਰਾਲਾ :  ਉਹ ਕਿਹੜੇ ਪਲ ਸਨ , ਜਦੋਂ ਤੁਸੀ ਬਲੌਰ ਕਹਾਣੀ ਦੀ ਸਿਰਜਨਾ ਲਈ ਪ੍ਰੇਰਿਤ ਹੋਏ ?

ਕਹਾਣੀਕਾਰ ਲਾਲ ਸਿੰਘ :  ਬਲੌਰ ਕਹਾਣੀ ਦੇ ਲਿਖੇ ਜਾਣ ਪਿੱਛੇ ਮੇਰੀ ਖੱਬੀ ਪਾਰਟੀਆਂ ਦੀ ਕਾਰਗੁਜ਼ਾਰੀ ਤੋਂ ਸਮੇਂ-ਸਮੇਂ ਮਿਲਦੀ ਰਹੀ ਨਿਰਾਸ਼ਾ ਕਾਰਜਸ਼ੀਲ ਰਹੀ । ਸਭ ਨੂੰ ਪਤੈ ਕਿ ਭਾਰਤੀ ਸਮਾਜ ਦਾ ਮੌਜੂਦਾ ਸਿਸਟਮ ਲੋਕ-ਮੁਖੀ ਨਹੀਂ ਹੈ । ਇਸ ਦੀ ਕਾਰਜਸ਼ੈਲੀ ਇਸ ਸੰਵਿਧਾਨਕ ਨਾਂ ਨੂੰ ਮਜ਼ਾਕ ਕਰਦੀ ਲਗਦੀ ਹੈ । ਹੁਣ ਹੀ ਨਹੀਂ , ਨਾਮ-ਨਿਹਾਦ ਆਜ਼ਾਦੀ ਪ੍ਰਾਪਤੀ ਵੇਲੇ ਤੋਂ ਹੀ ਹੋ ਰਿਹਾ । ਸੰਨ ‘ 47 ਤੋਂ ਪਹਿਲਾਂ ਦੀ ਖੱਬੀ ਸੋਚ ਦੀ ਇਕਮੁਠਤਾ ਨੇ ਸੰਤਾਲੀ ਤੋਂ ਪਿੱਛੋਂ ਵੀ ਥੋੜ੍ਹਾ ਕੁ ਚਿਰ ਪਰਚਮ ਨੂੰ ਉੱਚਾ ਚੁੱਕੀ ਰੱਖਿਆ । ਨਿੱਕੇ-ਮੋਟੇ ਵੈਰ-ਵਿਰੋਧ, ਫ਼ਰਕ-ਤੋਫ਼ਰਕੇ ਹਊਪਰੇ ਕੀਤੀ ਰੱਖੇ । ਅੱਗੋਂ ਇਸ ਨੇ , ਗਾਂਧੀ-ਨਹਿਰੂ-ਪਟੇਲ ਮਾਰਕਾ ਰਾਜਪ੍ਰਬੰਧ ਦਾ ਜੇ ਬਦਲ ਨਹੀਂ ਤਾਂ ਘੱਟੋ-ਘੱਟ ਇਸ ਦੇ ਅੰਤਰ-ਬਾਹਰ ਅੱਛੀ ਸਿਹਤਮੰਦ ਭੂਮਿਕਾ ਜ਼ਰੂਰ ਨਿਭਾਊਣੀ ਸੀ , ਪਰ ਹੋਇਆ ਇਸਦੇ ਉਲਟ ।ਖੱਬੇ ਭਾਈ ਕਦੀ ਚੀਨੀ ਝਗੜੇ ਕਾਰਨ ਵੱਖ-ਵੱਖ ਮੰਜੀਆਂ ਡਾਹ ਬੈਠੇ ਕਦੀ ਨਕਸਲਬਾੜੀ ਪਿੰਡ ਵਿਚ ਵਾਪਰੀ ਘਟਨਾ ਕਾਰਨ । ਇਹ ਦੋ-ਫਾੜ , ਤਿੰਨ-ਫਾੜ ਇੱਥੋਂ ਤੱਕ ਵੀ ਨਾ ਰੁਕੀ । ਸੰਨ 1975 ਦੀ ਐਮਰਜ਼ੈਸੀ ਲਾਗੂ ਹੋਣ ਤੇ ਬੈਨ ਹੋਏ ਇਕੱਲੇ ਨਕਸਲਵਾੜੀਆਂ ਦੇ ਹੀ 27 ਗਰੁੱਪ ਬਣ  ਗਏ ਸਨ । ਅਗਲੀ ਤ੍ਰਾਸਦੀ ਇਹ ਰਹੀ , ਕਿ ਹਰ ਇਕ ਟੋਲਾ ਹੋਰਨਾਂ ਦੂਜਿਆਂ ਤੋਂ ਆਪਣੇ ਆਪ ਨੂੰ ਵੱਡਾ ਤੇ ਉੱਦਮ ਇਨਕਲਾਬੀ ਗਿਣਦਾ ਰਿਹਾ । ਦੂਜਿਆਂ ਦਾ ਘਿਨੌਣੇ ਦਰਜੇ ਤੱਕ ਦਾ ਭੰਡੀ ਪਚਾਰ ਕਰਦਾ ਰਿਹਾ । ਇਉ ਖੱਬੀ  ਧਿਰ ਪ੍ਰਭਾਵਹੀਣ ਹੁੰਦੀ ਗਈ । ਜਿਹੜਾ ਕੰਮ ਸਟੇਟ ਨੇ ਕਰਨਾ ਸੀ ,ਕੇਦਰੀ ਜਾਂ ਪ੍ਰਾਂਤਕ ਸਰਕਾਰਾਂ ਨੇ ਕਰਨਾ ਸੀ ਇਹਨਾਂ ਉਹ ਕੰਮ ਆਪਣੇ ਜੰਮੇ ਲੈ ਕੇ ਆਪਣਾ ਭੱਠਾ ਆਪ ਹੀ ਬੈਠਦਾ ਕਰ ਲਿਆ ।ਇਸ ਦੇ ਉਲਟ ਸਾਡੇ ਮੁਲਕ ਦੀ ਦੂਜੀ ਕਾਡਰ-ਆਧਾਰ ਪਾਰਟੀ ਜਨ –ਸੰਘ ਖੱਬੀ ਧਿਰ ਨਾਲੋਂ ਵੀ ਵੱਧ ਦੁਸ਼ਵਾਰੀਆਂ ਅਬੂਰ ਕਰਦੀ , ਬਿਨਾਂ ਟੋਟੇ ਹੋਇਆਂ ਹੁਣ ਕਿੱਡੀ ਵੱਡੀ ਬੀ . ਜੇ . ਪੀ . ਵਜੋਂ ਉਭਰੀ ਹੈ ਤੇ ਸਾਡੇ ਮਹਾਨ ਤਪੱਸਵੀ , ਮਹਾਨ ਸਿਧਾਂਤਕਾਰ , ਜਨ-ਆਧਾਰ ਚ ਹੁਣ ਕਿਧਰੇ ਲੱਭਿਆਂ  । ਹੋਰ ਤੇ ਹੋਰ ਏਨੇ ਵੱਢ-ਟੁੱਕ ਹੋ ਕੇ ਵੀ ਇਹ ਇਕ ਦੂਜੇ ਦਾ ਮਾਂ ਦੀ , ਧੀ ਦੀ ਕਰਨ ਵਿਚ ਅਜੇ ਵੀ ਕੋਈ ਵੇਲਾ ਹੱਥੋਂ  ਨਹੀ ਗਵਾਉਂਦੇ ।

ਅੱਸੀਵਿਆ ਦੇ ਮੁਢਲੇ  ਵਰ੍ਹਿਆਂ ਵਿਚ ਬਲੌਰ ਕਹਾਣੀ ਦੇ ਲਿਖ ਹੋਣ ਸਮੇਂ ਵੀ ਆਪਸੀ ਭੰਡੀ ਪ੍ਰਚਾਰ ਜ਼ੋਰਾਂ ਤੇ ਸੀ । ਉਸ ਹਾਲਤ ਵਿਚ ਮੇਰੀ ਰੂਸੀ ਨਾਵਲਕਾਰਾਂ ਦੀਆਂ ਲਿਖਤਾਂ ਦੀ ਅਹਿਮੀਅਤ ਦੇ ਅਹਿਸਾਸ ਨਾਲ ਦੱਬ ਹੋਈ , ਕਹਾਣੀ ਪਿਤਾਮਾ  ਪ੍ਰਿ : ਸੁਜਾਨ ਸਿੰਘ ਦੀ ਕਹਾਣੀ ਕੁਲਫੀ ਅਤੇ ਉਹਨਾਂ ਦੀ ਲਿਖਤ ਅਤੇ ਨਿੱਜ ਦੇ ਅਮਲ ਦੇ ਸੁਮੇਲ ਤੋਂ ਪ੍ਰਭਾਵਤ ਹੋਈ , ਸਾਹਿਤ ਦੀ ਭੂਮਿਕਾ ਅਤੇ ਸਾਹਿਤਕਾਰ ਦੇ ਰੋਲ ਨੂੰ ਉਜਾਗਰ ਕਰਨ ਵੱਲ ਨੂੰ ਪ੍ਰੇਰਿਤ ਹੋ ਗਈ , ਬਸ ਇਹੋ ਹੈ ਇਸ ਕਹਾਣੀ ਦੇ ਲਿਖੇ ਜਾਣ ਦਾ ਆਧਾਰ ।

 

ਆਜ਼ਾਦੀ ਸੰਗਰਾਮ ਵਿੱਚ ਗੁੰਮਨਾਮ ਰਹਿ ਕੇ ਪੂਰਾ ਯੋਗਦਾਨ ਪਾਉਣ ਵਾਲੇ ਜਿਆਦਤਰ ਸੁਤੰਤਰਤਾ ਸੈਨਾਨੀ ਅਣਗੋਲੇ ਗਏ

ਡਾ. ਜੋਗਿੰਦਰ ਸਿੰਘ ਨਿਰਾਲਾ : ਗੜ੍ਹੀ ਬਖ਼ਸ਼ਾ ਸਿੰਘ ਦੀ ਸਿਰਜਣ-ਪ੍ਰਕਿਰਿਆ ਬਾਰੇ ਦੱਸੋ ?

ਕਹਾਣੀਕਾਰ ਲਾਲ ਸਿੰਘ : ਮੇਰੇ ਪਿੰਡ ਦਾ ਨਾਮ ਪਹਿਲਾਂ ਝੱਜ ਬ੍ਰਾਹਮਣਾਂ ਸੀ , ਹੁਣ ਝੱਜਾਂ ਹੈ । ਇਸ ਪਿੰਡ ਦਾ ਕੋਈ ਰੋਲ ਕਿਸੇ ਵੀ ਤਰ੍ਹਾਂ ਦੇ ਸੰਗਰਾਮ,ਮੋਰਚੇ , ਲਹਿਰ ਜਾਂ ਹੋਰ ਕਿਸੇ ਹਾਂ-ਪੱਖੀ ਦੀ ਕਾਰਕਰਦਗੀ ਨਾਲ ਨਹੀਂ ਜੁੜਦਾ । ਇਹ ਨਾਂਹ-ਪੱਖ ਨਾਲ ਜ਼ਰੂਰ ਜੁੜ ਜਾਂਦਾ । ਕਿਸਾਨੀ ਘਰਾਂ ਵਿਚ ਇਕ ਨਰਾਇਣ ਸਿੰਘ ਨਾਮੀ ਛੜੇ ਜੱਟ ਦੇ ਨਨਕਾਣਾ ਸਾਹਿਰ ਦੇ ਨਰੈਣੇ ਸਾਧ ਦੇ ਸਮਰਥਕ ਵਜੋਂ । ਪਰ ਮੇਰੇ ਪਿੰਡ ਦੇ ਆਸ-ਪਾਸ ਮੁਗਦਪੁਰ-ਕਰਿਆਲ ਦੇ ਬਾਬਾ ਮੇਵਾ ਸਿੰਘ ,ਲਿੱਤਰਾਂ ਪਿੰਡ ਦੇ ਪ੍ਰੀਤਮ ਸਿੰਘ  ,ਮੂੰਨਕਾਂ ਦੇ ਕਾ. ਗੁਰਬਖ਼ਸ਼ ਸਿੰਘ ਜਥੇਦਾਰ , ਗੰਭੋਵਾਲ ਦੇ ਕਾ . ਯੋਗਰਾਜ , ਸੱਗਲਾਂ ਦੇ ਜੋਗਿੰਦਰ ਸੱਗਲ, ਰੰਧਾਵਿਆ ਤੋਂ ਗੁਰਚਰਨ ਸਿੰਘ ਤੇ ਸਭ ਤੋਂ ਭਰਵਾਂ , ਜ਼ਿਲ੍ਹੇ ਹੁਸ਼ਿਆਰਪੁਰ ਦਾ ਮਾਸਕੋ ਗਿਣਿਆ ਜਾਂਦਾ ਪਿੰਡ ਧੂਤਾਂ ਦੇ ਕਈ ਯੋਧਿਆਂ ਦੀ ਗੁਰਦੁਆਰਾ ਸੁਧਾਰ ਲਹਿਰ ਤੋਂ ਲੈ ਕੇ ਆਜ਼ਾਦੀ ਸੰਗਰਾਮ ਤੱਕ ਸਭ ਤਰ੍ਹਾਂ ਦੇ ਮੋਰਚਿਆਂ ਅੰਦਰਲੀ ਨੁਮਾਇੰਦਗੀ ਅਤੇ ਦਿਓਲੀ ਜੇਲ੍ਹ-ਕੈਂਪ ਵਿਚ ਬਣੀ ਖੱਬੀ ਇਕਮੁੱਠਤਾ ਮੈਨੂੰ ਇਸ ਪੱਖੋਂ ਦੁਖੀ ਕਰਦੀ ਰਹੀ ਕਿ ਇਹਨਾਂ ਪਿੰਡਾਂ ਦੇ ਜਿਨ੍ਹਾਂ ਵਿਅਕਤੀਆਂ ਨੇ ਆਪਣੀ ਸਮਰੱਥਾ ਤੋਂ ਵੀ ਵੱਧ ਵੱਖ-ਵੱਖ ਖੇਤਰਾਂ ਅੰਦਰ ਯੋਗਦਾਨ ਪਾਇਆ ਹੈ , ਉਹਨਾਂ ਵਿਚੋਂ ਬਹੁਤੇ ਕਾਮਿਆਂ ਦਾ ਇਤਿਹਾਸ ਵਿਚ ਨਾਮ ਤੱਕ ਵੀ ਦਰਜ ਨਹੀਂ ਹੋਇਆ । ਇਸ ਪੱਖ ਨੂੰ ਧਿਆਨ ਵਿਚ ਰੱਖਦਿਆਂ ਮੈਂ ਗੁੰਮਨਾਮ ਰਹਿ ਗਏ ਇਹਨਾਂ ਵਿਅਕਤੀਆਂ ਦੇ ਇੰਟਰਵਿਊ ਕੀਤੇ । ਉਹਨਾਂ ਵਿਚੋਂ ਬਹੁਤੇ ਨਵਾਂ ਜ਼ਮਾਨਾਂ ਵਿਚ ਛਪੇ ਵੀ ।

ਕਹਾਣੀਗੜ੍ਹੀ ਬਖ਼ਸ਼ਾ ਸਿੰਘ   , ਕਾ : ਗੁਰਬਖ਼ਸ਼ ਸਿੰਘ ਪਿੰਡ ਬੋਦਲਾਂ , ਜੋ ਉਪਰੋਤਕ ਸਾਰੇ ਵਿਅਕਤੀਆਂ ਦੀਆਂ ਗਤੀਵਿਧੀਆਂ ਦਾ ਕੇਂਦਰ ਬਿੰਦੂ ਰਿਹਾ , ਦੀ ਨਿਵੇਕਲੀ ਜਿਹੀ ਤਿੰਨ ਕੁ ਖਾਨੇ ਦੀ ਬੈਠਕ ਨੂੰ ਆਧਾਰ ਮੰਨ ਕੇ ਲਿਖ ਹੋਈ ਹੈ । ਇਸ ਅੰਦਰ ਛੋਹੇ ਵਿਸ਼ੇ ਨੂੰ ਬਹੁਤ ਸਾਰੇ ਕਹਾਣੀ ਪ੍ਰੇਮੀਆਂ ਨੇ ਥੋੜ੍ਹਾ ਜਾਂ ਬਹੁਤਾ ਸਰਾਹਿਆ ਵੀ ਹੈ ।

 

ਤੇਜ਼ੀ ਨਾਲ ਬਦਲਦੇ ਸਮੇਂ ਨੇ ਮਨੁੱਖ ਦਾ ਸਰੀਰ , ਆਤਮਾ , ਦਿਲ , ਦਿਮਾਗ , ਸਭ ਕੁਝ ਗਿਰਵੀ ਕਰ ਲਿਆ

ਡਾ. ਜੋਗਿੰਦਰ ਸਿੰਘ ਨਿਰਾਲਾ :  ਤੀਜੀ ਪੀੜੀ ਦੇ ਬਹੁਤੇ ਕਹਾਣੀਕਾਰ ਜਾਂ ਤਾਂ ਚੁੱਪ ਹੋ ਗਏ ਹਨ ਜਾਂ ਫਿਰ ਦੁਹਰਾਉ ਦੀ ਸਥਿਤੀ ਵਿਚ ਹਨ । ਇਸ ਬਾਰੇ ਕੀ ਕਹੋਗੇ ?

ਕਹਾਣੀਕਾਰ ਲਾਲ ਸਿੰਘ : ਇਹ ਠੀਕ ਹੈ ਕਿ ਤੀਜੀ ਪੀੜ੍ਹੀ ਦੇ ਬਹੁਤੇ ਕਹਾਣੀਕਾਰ ਲਿਖਣੋਂ ਗੁਰੇਜ਼ ਕਰ ਗਏ ਹਨ । ਪਰ , ਇਸ ਕਰਮ ਨੂੰ ਦਾਣੇ ਮੁੱਕ ਜਾਣ ਵਰਗੀ ਸੰਗਿਆ ਨਹੀਂ ਦੇਣੀ ਚਾਹੀਦੀ । ਤੀਜੀ ਪੀੜ੍ਹੀ ਦੇ ਆਪਣੇ ਸਰੋਕਾਰ ਸਨ । ਆਪਣੀ ਸੰਵੇਦਨਾ ਸੀ । ਸਮਾਂ ਜਿੰਨੀ ਤੇਜ਼ੀ ਨਾਲ ਪਿਛਲੇ ਪੰਦਰਾਂ ਵੀਹਾਂ ਵਰ੍ਹਿਆਂ ਵਿਚ ਬਦਲਿਆ , ਓਨੀ ਤੇਜ਼ੀ ਨਾਲ ਪਹਿਲੋਂ ਸ਼ਾਇਦ ਕਦੀ ਨਹੀਂ ਬਦਲਿਆ । ਸਾਰੀ ਦੁਨੀਆਂ ਇਕ ਪਿੰਡ ਜਿਹਾ ਬਣ ਗਈ ਹੈ  । ਸਾਰੀ ਦੁਨੀਆਂ ਦਾ ਇਕ ਪਿੰਡ ਵਿੱਚ ਬਦਲਣਾ , ਇਹ ਸਰਮਾਏਦਾਰੀ ਦੀ ਲੋੜ ਬਣ ਗਈ ਸੀ । ਇਸ ਲੋੜ ਦੀ ਪੂਰਤੀ ਲਈ ਸਭ ਤਰ੍ਹਾਂ ਦੇ ਸਮਾਜਿਕ ਨਿਯਮ ਛਿੱਕੇ ਟੰਗੇ ਗਏ । ਮਨੁੱਖ ਦਾ ਸਰੀਰ , ਆਤਮਾ , ਦਿਲ , ਦਿਮਾਗ , ਸਭ ਕੁਝ ਗਿਰਵੀ ਕਰ ਲਿਆ ਗਿਆ । ਪੰਜਾਬੀ ਕਹਾਣੀ ਸਾਹਮਣੇ ਇਕ ਵੱਖਰੀ ਤਰ੍ਹਾਂ ਦਾ ਚੈਲੰਜ ਆ ਖੜੋਇਆ । ਤੀਜੀ ਪੀੜ੍ਹੀ ਸਮੇਂ ਦੇ ਇਸ ਵਿਰਾਟ ਰੂਪ ਨੂੰ ਉਸ ਸੰਵੇਦਨਾ ਨਾਲ ਨਹੀਂ ਪਕੜ ਸਕੀ ,ਜਿੰਨੀ ਬਾਰੀਕਬੀਨੀ ਨਾਲ ਇਸ ਨੂੰ ਚੌਥੀ ਪੀੜ੍ਹੀ ਨੇ ਪਕੜਿਆ ਹੈ । ਇਸ ਸਥਿਤੀ ਵਿਚ ਉਸ ਦਾ ਚੁੱਪ ਰਹਿਣਾ ਹੀ ਵਾਜਿਬ ਸੀ , ਉਂਜ ਕਿਧਰੇ ਕਿਧਰੇ ਕੇ ਕੋਈ ਲਿਖਤ ਹਾਜ਼ਰੀ ਭਰਦੀ ਹੈ ਤਾਂ ਸਚਮੁੱਚ ਹੀ ਦੁਹਰਾਓ ਲਗਦੀ ਹੈ । ਜਿੱਥੇ ਤੱਕ ਚੌਥੀ ਕੁਟੀਆ  ਦਾ ਸਵਾਲ ਹੈ । ਉਹਨਾਂ ਦੇ ਤਾਂ ਸਗੋਂ ਹੋਰ ਰੰਗ ਲੱਗ ਗਏ । ਉਹ ਧੂੜ ਚ ਟੱਟੂ ਪਹਿਲੋਂ ਵੀ ਨਠਾਈ ਜਾਂਦੇ ਸੀ ਹੁਣ ਵੀ ਓਹੋ ਕੁਝ ਕਰੀ ਜਾਂਦੇ ਆ । ਉਸ ਵੰਨਗੀ ਨੂੰ , ਬੇ-ਹਿੱਸ ਹੋਈ ਲੋਕਾਈ ਦੀ ਚਿੰਤਾ ਨਾ ਪਹਿਲੇ ਸੀ , ਨਾ ਹੁਣ ਹੀ ਹੈ ।

 

 

ਅਵੈਧ ਰਿਸ਼ਤਿਆਂ ਦੀਆਂ ਕਹਾਣੀਆਂ ਲਿਖਦੇ ਲੇਖਕ ਪਾਠਕੀ ਮਨਾਂ ਅੰਦਰ ਸਿਸਟਮ ਲਈ ਨਫ਼ਤਰ ਵੀ ਭਰਦੇ ਹਨ

ਡਾ. ਜੋਗਿੰਦਰ ਸਿੰਘ ਨਿਰਾਲਾ :  ਕੁਝ ਨਵੇਂ ਲੇਖਕ ਇਹ ਸਮਝਦੇ ਨੇ ਕਿ ਔਰਤ-ਮਰਦ ਦੇ ਵੈਧ-ਅਵੈਧ ਰਿਸ਼ਤਿਆਂ ਬਾਰੇ ਲਿਖ ਕੇ ਛੇਤੀ ਪ੍ਰਸਿੱਧ ਹੋਇਆ ਜਾ ਸਕਦਾ ਹੈ , ਕੀ ਇਹ ਠੀਕ ਹੈ ?

ਕਹਾਣੀਕਾਰ ਲਾਲ ਸਿੰਘ : ਜੇ ਇਹ ਠੀਕ ਮੰਨ ਲਿਆ ਜਾਵੇ ਕਿ ਔਰਤ ਮਰਦ ਦੇ ਵੈਧ-ਅਵੈਧ ,ਯੋਗ-ਅਯੋਗ ਰਿਸ਼ਤਿਆਂ ਬਾਰੇ ਲਿਖ ਕੇ ਛੇਤੀ ਪ੍ਰਸਿੱਧ ਹੋਇਆ ਜਾ ਸਕਦਾ ਹੈ , ਤਾਂ ਇਸ ਦਾ ਦੂਜਾ ਪੱਖ ਇਹ ਇਹ ਵੀ ਹੈ ਕਿ ਇਹੋ ਜਿਹੇ ਰਿਸ਼ਤਿਆਂ ਬਾਰੇ ਬੇ-ਤੁਕੀਆਂ ਫਾਰਸ਼ ਦੀਆਂ ਲਿਖਤਾਂ ਲਿਖ ਕੇ ਓਨੀ ਹੀ ਛੇਤੀ ਬਦਨਾਮ ਵੀ ਹੋਇਆ ਜਾ ਸਕਦਾ ਹੈ । ਮੈਨੂੰ ਲਗਦਾ ਇੰਜ ਹੋਇਆ ਵੀ ਹੈ । ਕਈ ਸਾਰੇ ਭਾਈ ਆਤਿਸ਼ਬਾਜੀ ਵਾਂਗ ਸਿੱਧੇ ਉੱਪਰ ਨੂੰ ਚੜ ਵੀ  ਗਏ ਤੇ ਝੱਟ ਹੀ ਸੁਆਹ ਹੋਏ ਬਾਰੂਦ ਵਾਂਗ ਹੇਠ ਵੀ ਆ ਕਿਰੇ । ਇਸ ਤਰ੍ਹਾਂ ਦੀ ਉਡਾਨ ਕਰਦੇ ਬਚੇ ਉਹ ਰਹੇ , ਜਿਹੜੇ ਵਾਜਿਬ-ਗੈਂਰ ਬਾਜਿਬ ਰਿਸ਼ਤਿਆਂ ਦੇ ਚਲਣ-ਪ੍ਰਚਲਣ ਪਿੱਤੇ ਕਾਰਜ਼ਸ਼ੀਲ ਮਾਨਸਿਕਤਾ  ਨਿਸ਼ਾਨਦੇਹੀ ਕਰ ਸਕਦੇ ਸਨ । ਜਿਹਨਾਂ ਨੇ ਕਾਰਪੋਰੇਟ ਦੇ ਸੱਭਿਆਜਾਰਕ ਹਮਲਿਆਂ ਦੇ ਕਾਰਨਾਂ , ਕਾਰਜ਼ਾਂ ਤੇ ਸਿੱਟਿਆਂ ਦਾ ਪਤਾ ਲੱਗਾ ਗਿਆ ਸੀਜਿਹਨਾਂ ਨੇ ਇਸਤਰੀ ਜਾਤੀ ਨੂੰ , ਉਸਦੇ ਜਿਸਮ ਨੂੰ ਨੁਮਾਇਸ਼ ਵਸਤੂ ਬਣਾ ਕੇ ਪੇਸ਼ ਕਰਨ ਵਾਲੇ ਉਪਭੋਗਤਾਵਾਦ ਦੇ ਲੱਛਣਾਂ ਦੀ ਪਛਾਣ ਕਰ ਲਈ ਸੀ । ਉਹ ਅਵੈਧ ਰਿਸ਼ਤਿਆਂ ਦੀਆਂ ਕਹਾਣੀਆਂ ਲਿਖਦੇ  , ਪਾਠਕੀ ਮਨਾਂ ਅੰਦਰ ਸਿਸਟਮ ਲਈ ਨਫ਼ਤਰ ਵੀ ਭਰਦੇ ਰਹੇ ਤੇ ਚਿਰ-ਸਥਾਈ ਪ੍ਰਸਿਧੀ ਵੀ ਖੱਟਦੇ ਰਹੇ । ਪਰ ਜਿਹੜੇ ਸੱਜਣ ਲੰਮੀ ਨਹੀਂ ਹੋਈ ਤੇ ਨਾ ਹੀ ਹੋਣ ਵਾਲੀ ਹੈ । ਉਹਨਾਂ ਨੂੰ ਇਕ ਖਾਸ ਧਿਰ ਵਲੋਂ ਮਿਲਦੀ ਰਹੀ ਤੇ ਮਿਲ ਰਹੀ ਮਾਨਤਾ ਨੂੰ ਉਹਨਾਂ ਦੁਆਲੇ ਲਟ-ਲਟ ਮਘਦੀ –ਬਲਦੀ ਦਾਵਾਨਲ ਦਾ ਜਦ ਥੋੜ੍ਹਾ ਕੁ ਜਿੰਨਾ ਸੇਕ ਲੱਗਾ ਤਾਂ ਸੱਚ ਜਾਣਿਓਂ ਉਹ  ਸਿੱਧੇ ਮੁਹਾਦਰਾਂ ਦੀ ਸ਼ਰਨ ਆ ਡਿੱਗਣਗੇ ਤੇ ਦੋਨੋਂ ਹੱਥ ਜੋੜ ਕੇ ਸਾਹਿਤ ਤੇ ਸਾਹਿਤਕਾਰਾ ਦੇ ਅਸਲ ਉਦੇਸ਼ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਹਾਡੇ ਅੱਗੇ ਅਰਦਾਸਾਂ ਕਰਨਗੇ ।

ਇਹ ਤਾਂ ਨਹੀਂ ਕਿਹਾ ਜਾ ਸਕਦਾ ਕਿ ਇਹਨਾਂ ਭਾਈਆਂ ਨੂੰ ਇਸ ਧਾਰਨਾ ਦੀ ਸਮਝ ਨਹੀਂ ਕਿ ‘’ ਆਦਿ ਕਾਲ ਤੋਂ ਸਭ ਸੱਭਿਆਚਾਰਕ , ਸਭੇ ਸਾਹਿਤ , ਖਾਸ ਜਮਾਤਾਂ ਨਾਲ ਸੰਬੰਧਤ ਰਹੀਆਂ ਹਨ ।  ਖਾਸ ਰਾਜਸੀ ਲੀਹਾਂ ਨਾਲ ਜੁੜੀਆ ਆਈਆਂ ਹਨ । ‘’ ਫਿਰ ਵੀ ਸਾਡੇ ਸਮਿਆਂ ਵਿਚ ਲਿਖੀ ਗਈ ਜਾਂ ਲਿਖੀ ਜਾ ਰਹੀ ਚਸਕਾ-ਮਾਰਕਾ ਕਹਾਣੀ ਨੂੰ ਜੇ ਕਿਸੇ ਵੀ ਕੋਣ ਤੋਂ ਸਮਾਜਿਕ-ਯਥਾਰਥ ਦੇ ਉਸ ਪਹਿਲੂ ਦੀ ਕੋਈ ਸਮਝ ਨਹੀਂ ਜਿਹੜਾ ਹਵਸ-ਪੂਰਤੀ  ਦੇ ਮੋਹ ਦੀ ਬਜਾਏ ਸਾਹਿਤ ਨੂੰ ਸਮਾਜਿਕ ਕਾਰਜ ਵਜੋਂ ਮਾਨਤਾ ਦਿੰਦਾ ਹੈ , ਤਾਂ ਸਮਝੋ ਉਹਨਾਂ ਦਾ ਭੜਾਕਾ ਕੱਲ੍ਹ ਨੂੰ ਪਿਆ ਜਾਂ ਪਰਸੋਂ ਨੂੰ ।

 

ਕਹਾਣੀ ਦੀ ਲੰਬਾਈ , ਕਾਰਜ ਦੇ ਫੈਲਾਓ ਉੱਪਰ ਨਿਰਭਰ ਕਰਦੀ ਹੈ

ਡਾ. ਜੋਗਿੰਦਰ ਸਿੰਘ ਨਿਰਾਲਾ : ਪ੍ਰੇਮ ਪ੍ਰਕਾਸ਼ , ਵਰਿਆਮ ਸੰਧੂ ,  ਲਾਲ ਸਿੰਘ ਤੇ  ਹੋਰਨਾਂ ਨੇ ਲੰਮੀ ਕਹਾਣੀ ਦੀ ਪਿਰਤ ਪਾਉਣ ਦੀ ਕੋਸ਼ਿਸ਼ ਕੀਤੀ , ਪਰ ਇਹ ਬਹੁਤੀ ਕਾਮਯਾਬ ਨਾ ਹੋ ਸਕੀ । ਕੀ ਵਿਚਾਰ ਹੈ ?

ਕਹਾਣੀਕਾਰ ਲਾਲ ਸਿੰਘ : ਕਿਸੇ ਸਿਆਣੇ ਵਕਤਾ ਦਾ ਕਥਨ ਹੈ ਕਿ ਵੱਡੀ ਤੋਂ ਵੱਡੀ ਗੱਲ ਵੀ ਤਿੰਨ , ਸਾਢੇ ਤਿੰਨ ਮਿੰਟਾਂ ਵਿਚ ਕਹੀ ਜਾ ਸਕਦੀ ਹੈ । ਬਾਕੀ ਦਾ ਵਰਨਣ ਇਸ ਕਥਨ ਦੀ ਵਿਸਥਾਰ-ਵਿਆਖਿਆ ਹੀ ਹੁੰਦੀ ਹੈ । ਇਸ ਦਾ ਅਰਥ ਇਹ ਬਣਦਾ ਕਿ ਕੋਈ ਵੀ ਸਾਹਿਤਕ ਵਿਸ਼ਾ ਮਿੰਨੀ ਕਹਾਣੀ ਵਿਚ ਸਮੇਟਿਆ ਜਾ ਸਕਦਾ ਹੈ । ਜਿਸ ਦਾ ਆਕਾਰੀ ਫੈਲਾਅ ਕੁਝ ਸਤਰਾਂ ਤੋਂ ਲੈ ਕੇ ਇਕ-ਅੱਧ ਪੰਨੇ ਤੱਕ ਮਸਾਂ ਹੋਵੇਗਾ । ਦੂਜਾ ਵਿਚਾਰ ਡਾ : ਗੁਰਲਾਲ ਸਿੰਘ ਦਾ ਹੈ ਕਿ ਕਹਾਣੀ ਦੀ ਲੰਬਾਈ , ਕਾਰਜ ਦੇ ਫੈਲਾਓ ਉੱਪਰ ਨਿਰਭਰ ਕਰਦੀ ਹੈ ਅਤੇ ਕਾਰਜ ਦਾ ਵੱਡਾ ਛੋਟਾ ਹੋਣਾ ਇਸ ਵਿਚ ਪੇਸ਼ ਹੋਏ ਸਮੇਂ ਦੀ ਲੰਬਾਈ – ਚੌੜਾਈ ਉੱਪਰ ਨਿਰਭਰ ਨਹੀਂ ਕਰਦਾ । ਸਟਿਲ ਕਾਰਜ ਦੀ ਬਜਾਏ ਗਤੀਸ਼ੀਲ ਕਾਰਜ ਵਧੇਰੇ ਆਕਾਰ ਬਣਾਵੇਗਾ । ਇਹਨਾਂ ਦੋਨਾਂ ਕਥਨਾਂ ਨੂੰ ਧਿਆਨ ਗੋਚਰੇ ਰੱਖਦਿਆਂ ਇਹ ਕਹਿਣ ਵਿਚ ਕੋਈ ਕਠਿਨਾਈ ਨਹੀਂ ਕਿ ਕਹਿਣ ਗੋਚਰੀ ਗੱਲ ਦੇ ਕਾਰਜੀ-ਅਮਲ  ਦੀ ਮੰਗ ਅਤੇ ਕਿੱਡੀ ਕੁ ਹੈ , ਅਤੇ ਨਾਲ ਦੀ ਨਾਲ ਅਮਲ ਨੂੰ ਕਲਮੀ ਜੁਬਾਨ ਦੇਣ ਵਾਲੇ ਹਸਤਾਖਰ ਦੀ ਕੀ ਤੇ ਕਿੱਡੀ ਕੁ ਸਮਰਥਾ ਹੈ । ਖ਼ਲੀਲੀ ਜਿਰਬਾਨ ਦੀਆਂ ਮਿੰਨੀ ਕਹਾਣੀਆਂ ਮਾਰਕਾ ਲਿਖਤਾਂ ਦ ਮੁੱਲ ਰੂਸੀ ਲੇਖਕਾਂ ਦੀਆਂ ਲੰਮੀਆਂ-ਲੰਮੇਰੀਆਂ ਕਹਾਣੀਆਂ ਨਾਲੋਂ ਵੱਧ ਗਿਣਿਆ ਜਾਂਦੈ ।

ਪੰਜਾਬੀ ਵਿੱਚ ਲੰਮੀ ਕਹਾਣੀ ਤੇ ਤਜਰਬਾ ਕਰਨ ਵਾਲੇ ਕਲਮਕਾਰਾਂ ਨੂੰ ਮਿਲੀ ਸਫਲਤਾ-ਅਸਫ਼ਲਤਾ ਵੀ ਸੰਬੰਧਤ ਲੇਖਕ ਦੀ ਲਿਖਣ-ਸਮਰੱਥਾ ਤੇ ਨਿਰਭਰ ਹੋਈ ਹੈ । ਉਂਜ ਸਾਡੇ ਕਹਾਣੀ ਹਸਤਾਖਰ ਮੈਂ-ਪਹਿਲਾਂ, ਮੈਂ-ਪਹਿਲਾਂ ਦਾ ਰੋਣਾ ਰੋਂਦੇ ਸਚਮੁੱਚ ਹੀ ਇਸ ਲਤੀਫੇ ਦੇ ਉਸ ਪਾਤਰ ਵਰਗੇ ਜਾਪਣ ਲੱਗ ਪੈਂਦੇ ਹਨ ਜਿਹੜਾ ਇਕ ਸਵੇਰ ਸਾਰ ਦਰਜ਼ੀ ਦੀ ਦੁਕਾਨ ਮੂਹਰੇ ਖੜ੍ਹੇ ਕਈ ਸਾਜੇ ਹੋਰਨਾਂ ਖੜ੍ਹਿਆਂ ਨਾਲੋਂ ਵੱਧ ਉੱਚੀ ਉੱਚੀ ਵਿਕਲ ਰਿਹਾ ਸੀ । ਦਰਜ਼ੀ ਦੀ ਉਹ ਦੁਕਾਨ ਬੀਤੀ ਰਾਤ ਚੋਰਾਂ ਲੁੱਟ ਲਈ । ਉਹਨਾਂ ਵਿਚਕਾਰ ਖੜ੍ਹੇ ਸਭ ਤੋਂ ਜਿਆਦਾ ਵਿਰਲਾਪ ਕਰਦੇ ਬੰਦੇ ਨੂੰ ਕਿਸੇ ਨੇ ਪੁੱਛਿਆ – ‘’ ਭਾਈ ਤੇਰਾ ਕੀ ਲੁੱਟਿਆ ਗਿਆ , ਤੂੰ ਬਹੁਤ ਹੀ ….‘’ ਉਸ ਨੇ ਅੱਗੋਂ ਹੋਰ ਵੀ ਰੋਦੂ ਜਿਹਾ ਬਣ ਕੇ ਹੋਰ ਵੀ ਉੱਚੀ ਸੁਰ ਵਿਚ ਉੱਤਰ ਦਿੱਤਾ – ‘’ ਮੇਰਾ ਤਾਂ ਬਾਈ ਵਾਅਲਾ ਈ ਨੁਕਸਾਨ ਹੋ ਗਿਆ । ਮੈ ਤਾਂ ਅਜੇ ਕੱਲ ਹੀ ਦੇ ਕੇ ਗਿਆ ਸੀ , ਮੇਰਾ ਤਾਂ ਮੇਚਾ ਹੀ ਚੋਰ ਚੋਰੀ ਕਰਕੇ ਲੈ ਗਏ ‘’

ਇਹੋ ਹਾਲ ਸਾਡੇ ਲੰਮੀ ਕਹਾਣੀ ਲੇਖਕਾਂ ਦਾ । ਇਕ ਕਹਿੰਦਾ , ਦੂਜਾ ਨੇ ਮੇਰੀ ਨਕਲ ਮਾਰੀ , ਦੂਜਾ ਕਹਿੰਦਾ ਤੀਜੇ ਨੇ , ਤੀਜਾ ਕਹਿੰਦਾ ਪਹਿਲੇ ਨੇ । ਇਹ ਮੈਂ ਪਹਿਲੀ ਲਿਖੀ ਸੀ ।

 

ਮਿੰਨੀ ਕਹਾਣੀ ਕਿਸੇ ਵੀ ਗੰਭੀਰ,ਹਲਕੇ ਫੁਲਕੇ ਜਾਂ ਛੋਟੇ-ਵੱਡੇ ਵਿਸ਼ੇ ਨੂੰ ਆਪਣੇ ਕਲੇਵਰ ਵਿਚ ਸਮੇਟਣ ਦੀ ਸਮਰੱਥਾ ਰੱਖਦੀ ਹੈ

ਡਾ. ਜੋਗਿੰਦਰ ਸਿੰਘ ਨਿਰਾਲਾ :  ਪੰਜਾਬੀ ਵਿੱਚ ਮਿੰਨੀ ਕਹਾਣੀ ਦੀਆਂ ਸੀਮਾਵਾਂ ਤੇ ਸੰਭਾਵਨਾਵਾਂ ਬਾਰੇ ਤੁਹਾਡੇ ਕੀ ਵਿਚਾਰ ਹਨ ?

ਕਹਾਣੀਕਾਰ ਲਾਲ ਸਿੰਘ : ਮੇਰੇ ਵਿਚਾਰ ਵਿਚ ਸਾਹਿਤ ਦੀ ਕਿਸੇ ਵੀ ਸਿਨਫ਼ ਦੀ ਅਹਿਮੀਅਤ ਨੂੰ ਦੂਜੀ ਦੇ ਬਰਾਬਰ ਰੱਖ ਕੇ ਨਹੀਂ ਤੋਲਣਾ ਚਾਹੀਦਾ । ਹਰ ਇਕ ਦਾ ਆਪਣਾ ਖੇਤਰ ਹੈ , ਕਾਰਜ ਹੈ , ਸਮਰੱਥਾ ਹੈ । ਮਿੰਨੀ ਕਹਾਣੀ ਕਿਸੇ ਵੀ ਗੰਭੀਰ , ਹਲਕੇ –ਫੁਲਕੇ ਜਾਂ ਛੋਟੇ-ਵੱਡੇ ਵਿਸ਼ੇ ਨੂੰ , ਮਿੰਨੀ ਹੁੰਦੀ ਹੋਈ ਵੀ ਆਪਣੇ ਕਲੇਵਰ ਵਿਚ ਸਮੇਟਣ ਦੀ  ਸਮਰੱਥਾ ਰੱਖਦੀ ਹੈ । ਪਰ ਇਸ ਦੀ ਕਾਰਜ –ਕੁਸ਼ਲਤਾ ਇਸ ਦੇ ਲਿਖਣ ਹਸਤਾਖਰ ਦੀ ਸਾਹਿਤਕ ਸੰਵੇਦਨਾ , ਉਸਦੀ ਕਲਮ-ਸਮਰੱਥਾ ਤੇ  ਨਿਰਭਰ ਹੋਵੇਗੀ । ਇਸ ਸਿਨ਼ਫ ਦੇ ਆਕਾਰ ਨੂੰ ਅਣਗੌਲਿਆ  ਭਾਵੇਂ ਨਹੀਂ ਕੀਤਾ ਜਾ ਸਕਦਾ , ਤਾਂ ਵੀ ਇਸ ਦੀ ਸਾਹਿਤਕ ਭਾਵਨਾ ਵੀ ਉਸ ਕਾਟੋ ਦੀ ਸੁੱਚੀ ਭਾਵਨਾ ਨਾਲ ਤੁਲਣਾ ਸਹਿਜੇ ਕੀ ਕੀਤੀ ਜਾ ਸਕਦੀ ਹੈ ।  ਜਿਹੜੀ ਰਾਮ ਚੰਦਰ ਦੇ ਲੰਕਾ ਚੜ੍ਹਾਈ ਸਮੇਂ , ਦੋਨਾਂ ਧਰਤੀਆਂ ਵਿਚਕਾਰ ਪੈਦੇਂ ਸਮੁੰਦਰ ਤੇ ਸੇਤੂ-ਪੁਲ ਬਣਾਉਣ ਵਾਲੇ ਹਨੂੰਮਾਨ ਵਰਗੇ ਮਹਾਂ-ਬਾਨਰਾਂ ਵਲੋਂ ਢੋਏ ਜਾ ਰਹੇ ਪਹਾੜਾਂ-ਪੱਥਰਾਂ ਵਾਂਗ ਆਪਣੇ ਮੂੰਹ ਵਿਚ ਛੋਟਾ ਜਿਹਾ ਤੀਲਾ ਫੜੀ ਰਾਮ ਚੰਦਰ ਦੀ ਸਹਾਇਤਾ ਲਈ ਹਾਜ਼ਰ ਹੋਈ ਸੀ ।

 

ਜੇ ਸਾਹਿਤਕ ਪਰਚਾ ਸਾਹਿਤ ਦੇ ਪ੍ਰਚਾਰ-ਪ੍ਰਸਾਰ ਦਾ ਅਹਿਮ ਸਮਾਜਿਕ ਕਾਰਜ ਕਰੇ ਤਾਂ ਲੇਖਕ ਵੀ ਉਸ ਵਿਚਾਰਧਾਰਾ ਦੇ ਅਨੁਸਾਰੀ ਹੋਣਗੇ

ਡਾ. ਜੋਗਿੰਦਰ ਸਿੰਘ ਨਿਰਾਲਾ :  ਪੰਜਾਬੀ ਵਿਚ ਜਦੋਂ ਸਾਹਿਤਕ ਪਰਚਾ ਨਿਕਲਦਾ ਹੈ ਤਾਂ ਉਸ ਦੁਆਲੇ ਲੇਖਕ ਇਕੱਠੇ ਹੋਣ ਲਗਦੇ ਹਨ  , ਪਰ , ਹੌਲੀ-ਹੌਲੀ ਉਹ ਪਰਚਾ ਕੁਝ ਕੁ ਲੇਖਕਾਂ ਤੱਕ ਹੀ ਸੀਮਿਤ ਹੋ ਕੇ ਰਹਿ ਜਾਂਦਾ ਹੈ ?

ਕਹਾਣੀਕਾਰ ਲਾਲ ਸਿੰਘ : ਨਿਰਾਲਾ ਜੀ , ਮੈਨੂੰ ਇਸ ਖੇਤਰ ਦਾ ਕੋਈ ਤਜਰਬਾ ਹੈ ਹੀ ਨਹੀਂ , ਨਾ ਮੈਂ ਕਦੀ ਪਰਚਾ ਕੱਢਿਆ , ਨਾ ਕੱਢਣ ਵਾਲਿਆਂ ਦੇ ਲਾਗੇ-ਚਾਗੇ ਜਾਂ ਉਹਨਾਂ ਤੋਂ ਦੂਰ ਰਿਹਾਂ ਹਾਂ । ਮੈਨੂੰ ਉਹ ਸਾਰੇ ਇਸ ਲਈ ਚੰਗੇ ਲਗਦੇ ਨੇ ਕਿ ਉਹ ਕੁਝ ਨਾ ਕੁਝ ਤਾਂ ਕਰਦੇ ਹੀ ਨੇ । ਸਾਹਿਤਕ ਗਤੀਵਿਧੀਆਂ ਵਿਚ ਵਧੀਆ ਤੇ ਸ਼ਾਨਦਾਰ ਢੰਗ ਨਾਲ ਹਾਜ਼ਰ-ਨਾਜ਼ਰ ਨੇ । ਹਾਂ ਜੇ ਕੋਈ ਤੁਹਾਨੂੰ ਇਸ ਸੰਬੰਧੀ ਫਿਕਰਮੰਦੀ ਹੈ  ਤਾਂ ਮੈਂ ਤੁਹਾਡੇ ਫਿਕਰ ਵਿਚ ਸ਼ਾਮਿਲ ਹੁੰਦਾ ਇਹ ਕਹਾਂਗਾ ਕਿ ਸਾਹਿਤਕ ਪਰਚਾ ਕੱਢਣਾ ਪਰ ਫੂਕ ਕੇ ਤਮਾਸ਼ਾ ਦੇ ਦੇਖਣ ਵਾਲੀ ਬਾਤ ਜਾਪਦੀ ਹੈ । ਜਿਹੜੇ ਜਿਸ ਪਰਚੇ ਵਿਚ ਜਿੰਨੀ ਦੁ ਆਹੂਤੀ ਪਾ ਸਕਦੇ ਹਨ ਜਾਂ ਪਾਉਣ ਦੀ ਇੱਛਕ ਨੇ , ਉਹ ਉਸਦੇ ਲਾਗੇ-ਚਾਹੇ ਰਹਿਣਗੇ ਹੀ ਰਹਿਣਗੇ । ਬਾਕੀ ਦੇ ਚਮੜੀ ਬਚਾਉ ਯਾਰ ਕੋਈ ਹੋਰ ਘਰ ਤਲਾਸ਼ਣ ਵੱਲ ਤੁਰ ਪੈਣਗੇ । ਤੁਹਾਡੀ ਇਸ ਫਿਕਰਮੰਦੀ ਵਿਚ ਦੂਜੀ  ਧਾਰਨਾ ਇਹ ਵੀ ਜੁੜ ਸਕਦੀ ਹੈ ਕਿ ਹਰ ਇਕ ਪਰਚੇ ਦੀ ਆਪਣੀ ਆਪਣੀ ਵਚਨਬੱਧਤਾ ਹੈ । ਜੇ ਕੋਈ ਪਰਚਾ  ਸਚਮੁੱਚ ਹੀ ਸਾਹਿਤ ਦੇ ਪ੍ਰਚਾਰ-ਪ੍ਰਸਾਰ ਨੂੰ ਇਕ ਅਹਿਮ ਸਮਾਜਿਕ ਕਾਰਜ ਵਜੋਂ ਮਾਨਤਾ ਦਿੰਦਾ ਹੈ ਤਾਂ ਉਸ ਨਾਲ ਜੁੜਨ ਵਾਲੇ ਲੇਖਕ ਵੀ ਉਸ ਵਿਚਾਰਧਾਰਾ ਦੇ ਅਨੁਸਾਰੀ ਹੋਣਗੇ ਤੇ ਅਨੁਸਾਰੀ ਹੋ ਕੇ ਚੱਲਣਗੇ ਵੀ । ਉਹ ਗਿਣਤੀ ਚ ਭਾਵੇਂ ਥੋੜ੍ਹੇ ਹੀ ਕਿਉਂ ਨਾ ਰਹਿ ਜਾਣ  । ਪਰ ਜੇ ਕੋਈ ਪਰਚਾ ਜੋ ਜੀਅ ਆਵੈ ਰਾਜ਼ੀ ਜਾਵੈ  ਦੀ ਨੀਤੀ ਤੇ ਚੱਲੇਗਾ ਤਾਂ ਉਸ ਦੁਆਲੇ ਜੁੜੀ ਜਨਸੰਖਿਆ ਪਹਿਲੀ ਵੰਨਗੀ ਦੇ ਪਰਚੇ ਨਾਲੋਂ ਨਿਸਚੈ ਹੀ ਵੱਧ ਹੋਵੇਗੀ । ਅਤੇ …. ਅਤੇ ਜੇ ਕੋਈ ਪਰਚਾ ਮੁਸ਼ਕ-ਮਾਰਦੀ ਲਿਖਤ ਵੰਨਗੀ ਦਾ ਪ੍ਰਚਾਰਕ ਹੋਵੇਗਾ ਤਾਂ ਉਸ ਦੁਆਲੇ ਜੁੜਨ ਵਾਲੀ ਭੀੜ ਇਕੱਠੀ ਵੀ ਝੱਟ ਹੋ ਜਾਵੇਗੀ ਤੇ ਸ਼ਾਇਕ ਖਿੰਡਣ ਲੱਗੀ ਵੀ ਕਿਸੇ  ਦੀ ਉਡੀਕ ਨਾ ਕਰੇ ।

ਤੁਸੀ ਉਪਰੋਤਕ ਵੰਨਗੀਆਂ ਵਿਚੋਂ ਕਿਸ ਕਿਸਮ ਦੇ ਪਰਚੇ ਬਾਰੇ ਪ੍ਰਸ਼ਨ ਕੀਤਾ । ਮੈਂ ਇਸ ਲੂੰ ਚੰਗੀ ਤਰਾਂ ਸਮਝ ਨਹੀਂ ਸਕਿਆ । ਖੈਰ ਜੋ ਵੀ ਹੈ  , ਤੁਹਾਡੇ ਸਾਹਮਣੇ ਹੀ ਹੈ ।

 

ਛਪੀ ਪੁਸਤਕ ਤੇ ਵਿਚਾਰ ਚਰਚਾ ਹੋਣੀ ਜਾਂ ਕਰਵਾਉਣੀ , ਲੇਖਕ ਦੀ ਅਤ੍ਰਿਪਤ ਰਹਿ ਗਈ ਲਿਖਣ-ਬਿਰਤੀ ਦਾ ਹੀ ਹਿੱਸਾ ਬਣਦਾ ਹੈ

ਡਾ. ਜੋਗਿੰਦਰ ਸਿੰਘ ਨਿਰਾਲਾ :  ਪਿਛਲੇ  ਕੁਝ ਸਮੇਂ ਤੋਂ ਹਿੱਲ ਸਟੇਸ਼ਨਾਂ ਉੱਪਰ ਜਾ ਕੇ ਵਿਸ਼ੇਸ਼ ਵਰਗ ਦੇ ਲੇਖਕਾਂ ਨੂੰ ਬੁਲਾ ਕੇ ਕਹਾਣੀ-ਗੋਸ਼ਟੀਆਂ ਕਰਵਾਈਆਂ ਜਾ ਰਹੀਆਂ ਹਨ ਅਤੇ ਫਿਰ ਆਪਣੇ ਪਰਚਿਆਂ ਵਿਚ ਵਿਚਾਰ – ਚਰਚਾ ਛਾਪੀ ਜਾਂਦੀ ਹੈ । ਇਹਨਾਂ ਦੀ ਕਿੰਨੀ ਕੁ ਸਾਰਥਿਕਤਾ ਹੈ ?

ਕਹਾਣੀਕਾਰ ਲਾਲ ਸਿੰਘ : ਛਪੀ ਪੁਸਤਕ ਤੇ ਵਿਚਾਰ ਚਰਚਾ ਹੋਣੀ ਜਾਂ ਕਰਵਾਉਣੀ ਲੇਖਕ ਦੀ ਅਤ੍ਰਿਪਤ ਰਹਿ ਗਈ ਲਿਖਣ-ਬਿਰਤੀ ਦਾ ਹੀ ਹਿੱਸਾ ਸਮਝੋ । ਉਂਜ ਵੀ ਵਿਗਿਅਅਪਨਾਂ ਰਾਹੀਂ ਮਾਲ ਵਿਕਰੀ ਹੁੰਦਾ ਹੋਣ ਦੇ ਅਜੋਕੇ ਦੌਰ ਵਿਚ ਕਿਸੇ ਨੂੰ ਪਤਾ ਵੀ ਕਿਵੇਂ ਲੱਗੇ ਕਿ ਕਿਹੜੇ ਘਾਣੀਕਾਰ ਨੇ ਕੀ ਕੜ੍ਹੀ ਘੋਲੀ ਐ । ਇਹ ਜਾਣਕਾਰੀ ਜਾਂ ਰੀਲੀਜ਼ ਸਮਾਰੋਹਾਂ ਰਾਹੀਂ ਪ੍ਰਸਾਰਤ ਕੀਤੀ ਜਾਂਦੀ ਐ  ਜਾਂ ਗੋਸ਼ਟੀਆਂ ਰਾਹੀਂ । ਗੋਸ਼ਟੀਆਂ ਸਥਾਨਕ ਸਭਾਵਾਂ ਵੀ ਜੰਮ ਕੇ ਕਰਦੀਆਂ ਹਨ ਛਪੀਆਂ ਪੁਸਤਕਾਂ ਤੇ । ਪਰ , ਜੋ ਮਾਲ ਅਜੇ ਛਪਣ ਭੱਠੀ    ਨਹੀਂ ਪਿਆ , ਉਹ ਅੱਲਾ ਹੈ ਜਾਂ ਕੱਚਾ-ਪੱਕਾ । ਉਸ ਦੀ ਨਿਰਖ-ਪਰਖ ਕਰਨ ਲਈ ਪਹਿਲਾਂ ਪ੍ਰੇਮ ਗੋਰਖੀ ਨੇ ਦੀਵਾ ਬਲੇ ਸਾਰੀ ਰਾਤ ਨਾਮੀ ਪ੍ਰੋਗਰਾਮਾਂ ਵਿਚ ਵਿਚਾਰ ਅਧੀਨ ਲਿਆਉਣ ਦੇ ਉਪਰਾਲੇ  ਕੀਤੇ , ਪਿੱਛੋਂ ਰਾਮ ਸਰੂਪ ਅਣਖੀ ਨੇ ਪਹਾੜੀ ਸਥਾਨਾਂ ਤੇ ਪਹੁੰਚ ਕੇ ਅਣਛਪੀਆਂ ਕਹਾਣੀਆਂ ਦੇ ਪੱਧਰ ਨੂੰ ਟੋਹਿਆ-ਪਰਖਿਆ । ਇਸੇ ਹੀ ਯਤਨ ਦੇ ਅਗਲੇ ਪੜਾਅ  ਤੇ ਪ੍ਰਵਚਨਵਾਲੇ ਨਿੱਤਰ ਆਏ । ਹੁਣ ਭਾਈ ਜੀ ਤੁਸੀ ਆਪ ਹੀ ਦੱਸੋ ਕਿ ਦਾਣਾ-ਪਾਣੀ   ਪ੍ਰਵਚਨ , ਕਹਾਣੀ ਪੰਜਾਬ ਵਾਲਿਆਂ ਦਾ ਟਹਿਲ-ਸੇਵਾ ਮੇਹਰ ਹੋਟਲ ਦੀ , ਫਿਰ ਕਿਹੜਾ ਭੜੂਆ ਪਿੱਛੇ ਰਹੁ ਮੁਫਤੋ-ਮੁਫ਼ਤ ਹੁੰਦੇ ਗੋਸ਼ਟੀ ਕਾਰਜ ਤੋਂ । ਮੇਰੀ ਜਾਚੋ ਅਜਿਹੀਆਂ ਗੋਸ਼ਟੀਆਂ ਸਥਾਨਕ ਸਭਾਵਾਂ ਵਲੋਂ ਆਯੋਜਿਤ ਸਾਰੇ ਇਕ ਦੂਜੇ ਦੇ ਰੂ-ਬ-ਰੂ ਹੋ ਕੇ ਬੈਠਦੇ ਹਨ। ਕਿਸੇ ਦਾ ਧਿਆਨ ਸਭਾਵਾਂ ਦੋ ਇਕੱਠਾਂ ਵਾਂਗ ਕਮਰਿਉਂ ਬਾਹਰ ਤਲ ਹੁੰਦੇ ਪਕੌੜਿਆਂ ਵੱਲ ਨਹੀਂ ਜਾਦਾ ।

ਤੇ ਭਾਈ ਜੀ ਜਿਸ ਪਰਚੇ ਤੇ ਇਕ ਪੂਰੇ ਇਸ਼ੂ ਨੂੰ ਪੰਜ-ਛੇ ਕੁਆਰ-ਕੰਜਰ ਕਹਾਣੀਆਂ ਸਮੇਤ ਵਿਚਾਰ-ਚਰਚਾ ਦੇ ਮਿਲਦੀਆਂ ਹੋਣ ਉਹ ਛਾਪੇਗਾ ਕਿਉ ਨਹੀਂ । ਜਿੱਥੋਂ ਤੱਕ ਵਿਸ਼ੇਸ਼ ਵਰਗੇ ਦੇ ਲੇਖਕਾਂ ਦਾ ਸੰਬੰਧ ਹੈ । ਇਹ ਅਧਿਕਾਰ ਤਾਂ ਪ੍ਰਬੰਧ ਕਰਤਾਵਾਂ ਪਾਸ ਹੀ ਹੋਣਾ ਚਾਹਿਦਾ ਹੈ ।

 

ਪ੍ਰਕਾਸ਼ਕਾਂ ਦੇ ਆਖੇ ਨੂੰ ਸਾਰਾ ਸੱਚ ਮੰਨ ਕੇ ਫਜੂਲ ਦੀ ਚਿੰਤਾ ਕਿਉਂ ਸਹੇੜੀਏ ! ਸਾਹਿਤਕਾਰ ਤਾਂ ਕਾਇਮ ਨੇ

ਡਾ. ਜੋਗਿੰਦਰ ਸਿੰਘ ਨਿਰਾਲਾ :  ਪ੍ਰਕਾਸ਼ਕ ਕਹਿੰਦੇ ਹਨ ਨੇ ਕਿਤਾਬਾਂ ਨਹੀਂ ਵਿਕਦੀਆਂ । ਕਵਿਤਾਂ ਦੀਆਂ ਤਾ ਉੱਕਾ ਹੀ ਨਹੀਂ ਵਿਕਦੀਆਂ । ਪਰ ਫਿਰ ਵੀ ਧੜਾ-ਧੜ ਕਿਤਾਬਾਂ ਛਾਪੀ ਜਾ ਰਹੇ ਹਨ । ਇਹਨਾਂ ਵਿਚ ਕਵਿਤਾ ਦੀਆਂ ਸਭ ਤੋਂ ਵੱਧ ਹੁੰਦੀਆਂ ਨੇ ......!

ਕਹਾਣੀਕਾਰ ਲਾਲ ਸਿੰਘ : ਪ੍ਰਕਾਸ਼ਕ ਦੀ ਇਸ ਸ਼ਿਕਾਇਤ ਨੂੰ ਦੋ ਕੋਨਾਂ ਤੋਂ ਵੇਖਿਆ ਜਾ ਸਕਦਾ ਹੈ । ਪਹਿਲਾ ਇਹ ਕਿ ਕਵੀਆਂ ਦੀ ਗਿਣਤੀ ਧੜਾ-ਧੜ ਵਧ ਰਹੀ ਹੈ । ਦੂਜੇ ਪਾਸੇ ਪਾਠਕਾਂ ਦੀ ਗਿਣਤੀ ਧੜਾ-ਧੜ ਘੱਟ ਰਹੀ ਹੈ । ਪਾਠਕਾਂ ਦੀ ਗਿਣਤੀ ਦਾ ਘਟਣਾ ਇਕ ਵੱਖਰਾ ਇਸ਼ੂ ਹੈ । ਇਸ ਲਈ ਇਕ ਲੰਮੀ ਚੌੜੀ ਬਹਿਸ ਦੀ ਲੋੜ ਹੈ । ਪਰ ਕਵੀਆਂ ਦੀ ਗਿਣਤੀ ਚ ਵਾਧਾ ਹੋਣਾ ਤਾਂ ਕੋਈ ਮਾੜੀ ਗੱਲ ਨਹੀਂ ਤੇ ਕਾਵਿ-ਪੁਸਤਕਾਂ ਤੇ ਹੋਰਨਾਂ ਵੰਨਗੀਆਂ ਦੀਆਂ ਪੁਸਤਕਾਂ ਦਾ ਵੱਧ ਤੋਂ ਵੱਧ ਛਪਣਾ ਵੀ ਕਾਵਿ ਵੰਨਗੀ ਸਮੇਤ ਸਮੁੱਚੇ ਸਾਹਿਤ ਲਈ ਚੰਗੇ ਸੰਕੇਤ ਹਨ । ਫਿਰ ਗੈਪ ਕਿੱਥੇ ਹੈ – ਇਸ ਬਾਰੇ  ਮੈਂ ਕਹਿਣਾ ਚਾਹਾਗਾਂ ਕਿ ਪ੍ਰਕਾਸ਼ਕ ਵਿਉਪਾਰੀ ਦਾ ਮੁੱਢਲਾ ਨਿਯਮ ਆਪਣੇ ਸਿਰ ਆਉਂਦਾ ਵਿੱਤੀ ਬੋਝ ਆਪਣੇ ਤੋਂ ਹੇਠਲੇ ਸਿਰ ਮੜ੍ਹਨਾ ਹੈ ।ਤੁਸੀਂ ਅੱਜ ਦੇ ਸੰਸਾਰ ਦੀ ਅਰਥ-ਵਿਵਸਥਾ ਤੇ ਨਿਗਾਹ ਮਾਰੋ  । ਜੀ-8 ਵਾਲੇ ਵੱਡੇ ਅਮੀਰ ਦੇਸ਼ ਵਿੱਤੀ ਸੰਕਟ ਦੇ ਵਿੱਤੀ ਬੋਝ ਨੂੰ ਜੀ-20  ਮੁਲਕਾਂ ਉੱਪਰ ਸੁੱਟੀ ਜਾ ਰਹੇ ਹਨ  । ਜੀ -20 ਵਾਲੇ ਅੱਗੋਂ ਇਹ ਭਾਰ-ਅਰਧ-ਵਿਕਸਤ ਮੁਲਕਾਂ ਉਪਰ ਉਲੱਦੀ ਤੁਰੇ ਜਾ ਰਹੇ ਹਨ। ਮੰਦਹਾਲੀ ਹੋਵੇ ਜਾਂ ਖੁਸ਼ਹਾਲੀ ਹਰ ਦੌਰ ਦੇ ਵਿਉਪਾਰੀ ਦਾ ਅਮਲੀ ਖਾਸਾ ਇਹੀ ਰਿਹਾ । ਫਿਰ ਭਾਈ ਜੀ ਸਾਡੇ ਪੰਜਾਬੀ ਦੇ ਪ੍ਰਕਾਸ਼ਕਾਂ ਪਾਸ  ਤਾਂ ਤੀਜੀ-ਚੌਥੀ ਦੁਨੀਆਂ ਦੇ ਬਾਸ਼ਿੰਦਿਆਂ ਦੇ ਹਾਣ ਦੇ ਕਿੰਨੇ ਸਾਰੇ ਲੇਖਕ ਹਨ । ਇਹਨਾਂ ਚ ਕਵਿਤਾ ਲੇਖਕ ਬਹੁਤੇ ਹੋਣਗੇ । ਵਿਉਪਾਰੀ , ਪ੍ਰਕਾਸ਼ਕ ਪਾਠਕਾਂ ਦੀ ਘਾਟ ਕਾਰਨ ਪੈਣ ਵਾਲੇ ਸੰਭਾਵੀ ਘਾਟੇ ਨੂੰ ਫਿਰ ਕਵੀਆਂ ਜਾਂ ਲੇਖਕਾਂ ਉੱਤੇ ਸੁੱਟਣਗੇ ਹੀ ਸੁੱਟਣਗੇ । ਇਸ ਵਿਚ ਹੈਰਾਨ ਹੋਣ ਵਾਲੀ ਕੋਈ ਬਾਤ ਨਹੀਂ ।

ਦੂਜਾ ਬਿੰਦੂ , ਸਾਡੇ ਮਹਾਨ ਭਾਰਤ ਅੰਦਰ ਧਰਮਾਂ ਦੀ ਛਤਰ-ਛਾਇਆ ਵੀ ਵਪਾਰੀ ਵਰਗ ਲਈ ਬਹੁਤ ਲਾਹੇਬੰਦ ਹੈ । ਕੁੱਲ ਵਪਾਰ ਹੱਦੋਂ ਵੱਧ ਬੋਲਣ ਤੇ ਨਿਰਭਰ ਹੈ । ਮੈਨੂੰ ਥੋੜ੍ਹੇ ਕੁ ਵਰ੍ਹੇ ਇਸ ਖੇਤਰ ਵਿਚ ਖੱਜਲ-ਖੁਆਰ ਹੋਣ ਦਾ ਅਵਸਰ ਮਿਲਿਆ । ਮੈਂ ਇਹ ਦਾਅਵੇ ਨਾਲ ਕਹਿ ਸਕਦਾਂ ਕਿ ਜਿਸ ਬਿੰਦੂ ਤੇ ਸੱਚ ਬੋਲ ਕੇ ਵੀ ਸਾਰਿਆਂ ਜਾ ਸਕਦਾ । ਉੱਥੇ ਵੀ ਵਪਾਰੀ ਮਾਨਸਿਕਤਾ ਝੂਠ ਦਾ ਹੀ ਸਹਾਰਾ ਲੈਂਦੀ ਹੈ , ਇਸ ਹੌਸਲੇ ਨਾਲ ਕਿ ਸਵੇਰ-ਸ਼ਾਮ ਦੀ ਆਰਤੀ ਵੇਲੇ ਇਹ ਝੂਠ-ਗੁਨਾਹ ਵੀ ਬਖਸ਼ਿਆ ਜਾਣਾ । ਫਿਰ ਪੰਜਾਬੀ ਪ੍ਰਕਾਸ਼ਕ ਨੂੰ ਕੀ ਔਖਿਆਈ ਐ ਕਿ ਓ ਏਨਾ ਕੁ ਵਿਕਦੀਆਂ ਤਾਂ ਇਸ ਵਿਚ ਪ੍ਰਕਾਸ਼ਕਾਂ ਦਾ ਕੀ ਵਿਗੜਦਾ , ਪੈਸੇ ਲੇਖਕ ਦੇ ਲੱਗੇ ਹੁੰਦੇ ,ਛਪੀ ਕਿਤਾਬ ਉਸ ਵਿਚਾਰੇ ਨੇ ਸਾਂਭਣੀ ਹੁੰਦੀ । ਜਿਹੜੀ ਸੌ-ਪੰਜਾਹ ਪ੍ਰਕਾਸ਼ਕ ਪਾਸ ਝੁੰਗੇ ਚ ਬਚੀ ਰਹਿੰਦੀ , ਉਹ ਉਸਦਾ ਸ਼ੁੱਧ ਪਰੋਫਿਟ ਹੁੰਦਾ । ਫਿਰ ਐਹੋ ਜਿਹਾ ਸ਼ੁੱਧ-ਕਮਾਈ ਧੰਦਾ ਕੌਣ ਛੱਡ ਕੇ ਰਾਜ਼ੀ ਐ ।

ਲੱਖਾਂ ਦੀ ਗਿਣਤੀ ਚ ਵਿਕਣ ਵਾਲੀ ਪੁਸਤਕ ਡਿਸਕਵਰੀ ਆਫ਼ ਇੰਡੀਆ   ਦੇ ਲੇਖਕ ਜਵਾਹਰ ਲਾਲ ਨਹਿਰੂ ਨੇ ਐਮ . ਆਰ .ਮਲਕਾਨੀ ਨੂੰ ਲਿਖੇ ਇਕ ਪੱਤਰ ਵਿਚ ਵੀ ਇਹ ਗੱਲ ਬੜੀ ਪ੍ਰੋੜਤਾ ਨਾਲ ਉਭਾਰਿਆ ਸੀ । ਉਹਨਾਂ ਲਿਖਿਆ ਸੀ – ‘’ ਇਹ ਗੱਲ ਯਾਦ ਰੱਖਣ ਵਾਲੀ ਹੈ ਕਿ ਪ੍ਰਕਾਸ਼ਕ , ਲੇਖਕਾਂ ਦਾ ਹਮੇਸ਼ਾਂ ਹੀ ਸ਼ੋਸ਼ਣ ਕਰਦੇ ਆਏ ਹਨ .... ਲੇਖਕ ਪ੍ਰਕਾਸ਼ਕ ਨੂੰ ਪੈਸੇ ਦਿੰਦਾ ਹੈਪ੍ਰਕਾਸ਼ਕ ਆਪਣੇ ਵਲੋਂ ਖਰਚੀ ਰਕਮ ਤਾਂ ਵਾਪਸ ਕਰਨ ਦਾ ਸਾਧਨ ਬਣਾ ਲੈਂਦਾ , ਪਰ ਲੇਖਕ ਨੂੰ ਇਸ ਦਾ ਹੱਕਦਾਰ ਨਹੀਂ ਸਮਝਦਾ । ਉਸ ਨੂੰ ਉਹ ਹਵਾ ਵਿਚ ਹੀ ਜੀਣ ਜੋਗਾ ਸਮਝਦਾ ਹੈ .... ਪ੍ਰਕਾਸ਼ਕ ਲੇਖਕ ਦੇ ਸਿਰ ਤੋਂ ਰੁਪਇਆ ਕਮਾਉਂਦਾ ਹੈ .... ! ‘’

ਉਂਜ ਪ੍ਰਕਾਸ਼ਕੀ ਵਿਉਪਾਰ ਸਮੇਤ ਸਮੁੱਚੇ ਵਿਉਪਾਰ ਦੀਆਂ ਹੋਰ ਕਈ ਮੁਸ਼ਕਲਾਂ ਵੱਖਰੀ ਵੰਨਗੀ ਦੀਆਂ ਹਨ । ਉਹਨਾਂ ਨੂੰ ਆਈ .ਸੀ . ਆਈ . ਸੀ . ਤੋਂ ਲੈ ਕੇ ਵਿਉਪਾਰ ਮੰਡਲਾਂ ਤੱਕ ਹੇਠਲੀਆਂ ਕੜੀਆਂ ਬੜੀ ਸਾਵਧਾਨੀ ਅਤੇ ਕਾਮਯਾਬੀ ਨਾਲ ਆਪ ਨਜਿੱਠ ਲੈਂਦੀਆਂ ਹਨ । ਆਪਾਂ ਪ੍ਰਕਾਸ਼ਕਾਂ ਦੇ ਆਖੇ ਨੂੰ ਸਾਰਾ ਸੱਚ ਮੰਨ ਕੇ ਫਜੂਲ ਦੀ ਚਿੰਤਾ ਕਿਉਂ ਸਹੇੜੀਏ !

 

ਆਲੋਚਕ ਅਲੋਚਨਾ ਦੇ ਜ਼ੁਮੇਦਾਰਾਨਾ ਕੰਮ ਨਾਲੋਂ ਗੁੱਟਬੰਦੀ ਨੂੰ ਪਹਿਲ ਜ਼ਿਆਦਾ ਦਿੰਦੇ ਹਨ

ਡਾ. ਜੋਗਿੰਦਰ ਸਿੰਘ ਨਿਰਾਲਾ :  ਸੇਖੋਂ , ਕਿਸ਼ਨ ਸਿੰਘ , ਹਰਿਭਜਨ ਸਿੰਘ , ਟੀ . ਆਰ . ਵਿਨੋਦ , ਰਘਬੀਰ ਸਿੰਘ ਸਿਰਜਨਾ , ਗੁਰਬਖ਼ਸ਼ ਸਿੰਘ ਫਰੈਂਕ ਹੋਰਾਂ ਕੇ ਕੱਦ-ਬੁੱਤ ਜਿੱਡਾ ਆਲੋਚਕ ਕੋਈ ਨਜ਼ਰ ਕਿਉਂ ਨਹੀ ਆ ਰਿਹਾ ?

ਕਹਾਣੀਕਾਰ ਲਾਲ ਸਿੰਘ : ਜਾਪਦਾ ਸਭ ਨੂੰ ਇਵੇਂ ਹੀ ਹੈ । ਉਂਜ ਆਪਾਂ ਇਸ ਮਸਲੇ ਵਿੱਚ ਹਸਤਖ਼ਛੇਦ ਕਰਦੇ ਚੰਗੇ ਨਹੀਂ ਲਗਦੇ । ਕਾਰਨ ਇਹ ਕਿ ਸਾਨੂੰ ਆਲੋਚਕਾਂ ਦੀ ਉਸ ਵੱਡੀ ਪੀੜ੍ਹੀ ਦੀ ਕਾਰਗੁਜ਼ਾਰੀ ਬਾਰੇ  ਓਨੀ ਜਾਣਕਾਰੀ ਨਹੀਂ ਜਿੰਨੀ ਉਹਨਾਂ ਦੀ ਸਿਫ਼ਤ-ਸਲਾਹ ਜ਼ਾਂ ਆਲੋਚਕਾ ਕਰਨ ਲਈ ਹੋਣੀ ਚਾਹੀਦੀ ਹੈ । ਘੱਟੋ-ਘੱਟ ਮੈਨੂੰ ਤਾਂ ਇਸ ਸੰਬੰਧੀ ਬਿਲਕੁਲ ਹੀ ਹੈ ਨਹੀਂ । ਉਹ ਕੀ ਲਿਖਦੇ ਸਨ । ਕਿਦ੍ਹੇ ਬਾਰੇ ਕਿਹੋ ਜਿਹਾ ਲਿਖਦੇ ਸਨ ਮੈਂ ਇਸ ਪੱਖੋਂ ਇਕ ਤਰ੍ਹਾਂ ਨਾਲ ਅਨਪੜ੍ਹ ਹੀ ਹਾਂ । ਪਰ ਉਸ ਵੱਡੀ ਪੀੜ੍ਹੀ ਤੋਂ ਪਿੱਛੋਂ ਦੀ ਨਵੀਂ ਪੌਂਦ ਬਾਰੇ ਇਹ ਜ਼ਰੂਰ ਕਹਿ ਸਕਦਾ ਹਾਂ ਕਿ ਇਹ ਅਲੋਚਨਾ ਦੇ ਜ਼ੁਮੇਦਾਰਾਨਾ ਕੰਮ ਨਾਲੋਂ ਗੁੱਟਬੰਦੀ ਨੂੰ ਪਹਿਲ ਦਿੰਦੇ ਹਨ । ਇਹਨਾਂ ਦੇ ਆਪਣੇ-ਆਪਣੇ ਚਹੇਤੇ ਲੇਖਕ ਨੇ । ਇਹਨਾਂ ਦੀ ਆਲੋਚਨਾ , ਸਮਾਲੋਚਨਾ ਨੇ ਭਾਵੇਂ ਕਿਸਾਨੀ ਮਸਲਿਆਂ ਬਾਰੇ ਲਿਖਣਾ , ਭਾਵੇਂ ਉੱਤਰ-ਆਧੁਨਿਕ ਪ੍ਰਵਿਰਤੀ ,ਬੇਗਾਨਗੀ ਜਾਂ ਮਨੋਵਿਗਿਆਨਕ ਉਤਪੀੜਨ ਬਾਰੇ , ਭਾਵੇਂ ਗਲੋਬਲ ਮਸਲਿਆਂ ਤੇ , ਇਹ ਆਪਣੀ ਜਾਤ-ਵਲਗਣ ਜਾਂ ਗੁੱਟ-ਦ੍ਰਿਸ਼ਟੀ ਤੇ ਘੇਰੇ ਤੋਂ ਬਾਹਰ ਨਹੀਂ ਨਿਕਲਦੇ । ਸ਼ਾਇਦ ਇਸੇ ਲਈ ਆਪਾਂ ਨੂੰ ਲਗਦਾ ਕਿ ਇਹਨਾਂ ਸਾਹਿਬਾਂ ਦਾ ਕੱਦ-ਬੁੱਤ ਅਜੇ ਤੱਕ ਉਹਨਾਂ ਬਜ਼ੁਰਗਾਂ ਸਾਹਮਣੇ ਬਹੁਤ ਹੀ ਬੌਣਾ ਜਿਹਾ ਲਗਦਾ । ਫਿਰ ਵੀ ਕੁਝ ਉਦਹਾਰਣਾ ਐਸੀਆਂ ਹਨ ਜਿਨ੍ਹਾਂ ਦੀ ਪਹੁੰਚ ਇਸ ਨਿਰਾਸ਼ਾਜਨਕ ਵਰਤਾਰੇ ਵਿਚ ਵੀ ਆਲੋਚਨਾ ਦੇ ਪਵਿੱਤਰ ਕੰਮ ਦੀ ਲਾਜ ਰੱਖਣ ਲਈ ਇਕ ਤਰ੍ਹਾਂ ਨਾਲ ਮਿਸਾਲੀ ਆਖੀ ਜਾ ਸਕਦੀ ਹੈ । ਉਹਨਾਂ ਵਿਚ ਡਾ : ਜਸਵਿੰਦਰ ਬਿੰਦਰਾ , ਜੋਗਿੰਦਰ ਨਿਰਾਲਾ , ਡਾ : ਧਨਵੰਤ ਕੌਰ , ਡਾ : ਚੰਦਰ ਮੋਹਨ , ਤਸਕੀਨ ,ਸੁਰਜੀਤ ਬਰਾੜ ,ਡਾ : ਜੇ .ਬੀ . ਸੇਖੋਂ ਆਦਿ ਸ਼ਾਮਿਲ ਹਨ ।

 

ਇਨਾਮਾਂ , ਸਨਮਾਨਾਂ ਦੇ ਜੁਗਾੜ ਬਾਰੇ ਮੇਰੇ ਵਿਚਾਰ

ਡਾ. ਜੋਗਿੰਦਰ ਸਿੰਘ ਨਿਰਾਲਾ :  ਇਨਾਮਾਂ , ਸਨਮਾਨਾਂ ਦੇ ਜੁਗਾੜ ਬਾਰੇ ਤੁਹਾਡੇ ਕੀ ਵਿਚਾਰ ਹਨ ?

ਕਹਾਣੀਕਾਰ ਲਾਲ ਸਿੰਘ : ਵਾਹਵਾ ਕਿਆ ਮਜ਼ੇਦਾਰ ਗੱਲ ਪੁੱਛੀ ਹੈ ਐ ਤੁਸੀ ! ਮੈਂ ਲਾਲ ਸਿੰਘ ਪੁੱਤਰ ਸੁਰੈਣ ਸਿੰਘ , ਸਕਨਾ ਝੱਜ , ਠਾਣਾ ਟਾਂਡਾ , ਤਹਿਸੀਲ ਦਸੂਹਾ ( ਹੁਣ ਨੇੜੇ ਐਸ . ਡੀ . ਐਮ . ਦਸੂਹਾ ) , ਗੀਤਾ,ਕੁਰਾਨ ਜਾਂ ਗ੍ਰੰਥ ਸਾਹਿਬ ਜਾਂ ਹੋਰ ਕਿਸੇ ਵੀ ਮਕੱਦਸ ਪੁਸਤਕ ਤੇ ਹੱਥ ਰੱਖ ਕੇ ਬੱਸ ਇਹੋ ਸੱਚ ਕਹਾਂਗਾ ਕਿ ਮੈਨੂੰ ਇਨਾਮਾਂ-ਸਨਮਾਨਾਂ ਦੀ ਜੁਗਾੜਬੰਦੀ ਦੀ ਰਤੀ ਭਰ ਵੀ ਸਮਝ ਨਹੀਂ । ਦਿੱਲੀ –ਦੱਖਣ ਤਾਂ ਬਹੁਤ ਦੂਰ ਦੀ ਬਾਤ ਐ , ਮੈਂ ਤਾਂ ਕਦੀ ਪਟਿਆਲੇ ਵਾਲਾ ਭਾਸ਼ਾ ਵਿਭਾਗ ਵੀ ਨਹੀਂ ਦੇਖਿਆ । ਸੁਣਿਆ ਉਥੇ ਕੋਈ ਘੜਾ-ਘਰ ਵੀ ਬਣਿਆ ਹੋਇਆ ਲੜੇ-ਲੇਖਕਾਂ ਲਈ। ਮੈਨੂੰ ਤਾਂ ਉਸ ਥਾਂ ਦੀ ਵੀ ਜਾਣਕਾਰੀ ਨਹੀਂ । ਉਂਝ ਇਨਾਮਾਂ-ਸਨਮਾਨਾਂ ਨੂੰ ਕਿਵੇਂ ਪ੍ਰਾਪਤ ਕੀਤਾ ਜਾਂਦਾ, ਇਹਨਾਂ ਪਿੱਛੇ ਕਿਹੋ ਜਿਹੀ ਹਿੱਲ-ਜੁਲ ਕੀਤੀ ਹੁੰਦੀ ਐ , ਕਦੀਂ-ਕਦਾਈਂ ਇਹ ਦੇਖਣ-ਪੜ੍ਹਨ ਨੂੰ ਜ਼ਰੂਰ ਮਿਲ ਜਾਂਦਾ । ਕਈ ਵਾਰ ਊਠ ਦੇ ਇਸ ਲਮਕਦੇ ਬੁਲ੍ਹ ਨੂੰ ਆਪਣੀ ਝੋਲੀ ਚ ਡਿਗਦਾ ਕਰਨ ਲਈ ਵੱਡੇ-ਵੱਡੇ ਸਾਹਿਤਕਾਰ ਉਤਸਵ, ਰਾਸ਼ਟਰੀ ਪੱਧਰ ਦੇ ਦਰਬਾਰਾਂ ਦਾ ਆਯੋਜਨ ਹੁੰਦਾ ਵੀ ਦ੍ਰਿਸ਼ਟੀਗੋਚਰ ਹੋਇਆ । ਖੈਰ ਕੁਝ ਵੀ ਹੋਵੇ , ਉਹ ਵਿਦਵਾਨ ਸੱਜਣ ਕਰਦੇ ਤਾਂ ਹਨ ਨਾ ਕੁਝ ਨਾ ਕੁਝ । ਇਸ ਨਾਤੇ ਮੈਨੂੰ ਉਹਨਾਂ ਸਾਹਿਬਾਂ ਦੀ ਵੀ ਬਹੁਤ ਇੱਜ਼ਤ ਕਰਨੀ ਪੈਂਦੀ ਆ , ਅੱਵਲ ਕਰਦਾਂ ਆਂ ਜੀ ਮੈਂ । ਉਹ ਢਿੱਲੇ –ਮੱਠੇ ਤਾਂ ਨਹੀਂ ਮੇਰੇ ਵਾਂਗ । ਮੈਂ ਤਾਂ ਕਦੀ ਤਿੰਨਾਂ ਯੂਨੀਵਰਸਿਟੀਆਂ ਦੇ ਵਿਭਾਗੀ ਦਫਤਰਾਂ ਦਾ ਵੀ ਗੇੜਾ ਤਾਂ ਨਹੀਂ ਕੱਢਿਆ , ਨਾ ਹੀ ਸਲੇਬਸੀ ਪਹਿਲਵਾਨਾਂ ਨੂੰ ਆਪਣੀ ਕੋਈ ਪੁਸਤਕ ਭੇਟ ਕੀਤੀ  ਐ ਕਦੀ ਸੋਚਣ-ਵਿਚਾਰਨ ਲਈ ।

 

 

ਅਜੌਕੇ ਸਮਿਆਂ ਵਿਚ ਲਿਖਤਾਂ ਦੀ ਅਹਿਮੀਅਤ ਉੱਤੇ ਮੱਠਬਾਜੀ ਹਾਵੀ ਹੈ

ਡਾ. ਜੋਗਿੰਦਰ ਸਿੰਘ ਨਿਰਾਲਾ :  ਦਸੂਹਾ  ਨਿੱਕਾ ਸ਼ਹਿਰ ਹੈ । ਕੀ ਤੁਸੀਂ ਕਦੇ ਨਹੀਂ ਸੋਚਿਆ ਪਈ ਜੇ ਤੁਸੀਂ ਚੰਡੀਗੜ੍ਹ ਦਿੱਲੀ ਜਾਂ ਕਿਸੇ ਹੋਰ ਵੱਡੇ ਸ਼ਹਿਰ ਚ ਰਹਿੰਦੇ ਹੁੰਦੇ ਤਾਂ ਤੁਹਾਡੀਆਂ ਕਹਾਣੀਆਂ ਦੀ ਵਧੇਰੇ ਚਰਚਾ ਹੋਣੀ ਸੀ ?

ਕਹਾਣੀਕਾਰ ਲਾਲ ਸਿੰਘ : ਪਹਿਲੋਂ ਤਾਂ ਕਦੀ ਨਹੀਂ ਸੀ ਸੋਚਿਆ , ਤੁਹਾਡਾ ਪ੍ਰਸ਼ਨ ਸੁਣ ਕੇ ਜ਼ਰੂਰ ਥੋੜ੍ਹੀ ਕੁ ਜਿੰਨੀ ਹਿਲਜੁਲ ਹੋਈ ਐ , ਮੇਰੇ ਅੰਦਰ । ਮੈਨੂੰ ਲੱਗਣ ਲੱਗਾ , ਕਿ ਜਦੋਂ ਕਿਸੇ ਗੁਣੀ-ਗਿਆਨੀ ਨੇ ਚੰਗੇ ਕਵੀਆਂ , ਚੰਗੇ ਨਾਵਾਲਕਾਰਾਂ/ਕਹਾਣੀਕਾਰਾਂ ਦੀ ਟੋਹ ਲਾਈ ਹੈ ਤਾਂ ਉਸ ਨੇ ਪਹਿਲੀ ਉਡਾਨ ਦਿੱਲੀ , ਚੰਡੀਗੜ੍ਹ , ਪਟਿਆਲਾ ,ਬਠਿੰਡਾ , ਲੁਧਿਆਣਾ , ਜਲੰਧਰ , ਅੰਬਰਸਰ ਆਦਿ ਵੱਡੇ ਸ਼ਹਿਰ ਤੱਕ ਦੀ ਹੀ ਭਰੀ ਹੈ । ਫਿਰ ਅਸਲੀ ਉਡਾਰੀ ਚ ਉਹ ਬਰਨਾਲਾ , ਮੋਗਾ , ਫਗਵਾੜਾ , ਨਾਭਾ , ਨਕੋਦਰ , ਫਰੀਦਕੋਟ , ਫਿਰੋਜ਼ਪੁਰ , ਨਵਾਂਸ਼ਹਿਰ ਵਰਗੇ ਮੁੱਖ-ਮਾਰਗੀ ਕਰਬਾ ਨੁਮਾ ਸ਼ਹਿਰਾਂ ਤੱਕ ਵੀ ਪੁੱਜਾ ਹੈ । ਇਸ ਤੋਂ ਹੇਠਲੀਆਂ ਥਾਵਾਂ ਤੇ ਜਾਣ ਦੀ ਜਾਂ ਉਸਦੀ ਹਿੰਮਤ ਨਹੀ ਹੋਈ ਜਾਂ ਉਸਦੀ ਸੂਚੀ ਦਾ ਘਰ ਪੂਰਾ ਹੋ ਗਿਆ । ਇਸਦੇ ਨਾਲ-ਨਾਲ ਇਸ ਤੱਥ ਨੂੰ ਅਣਗੌਲਿਆ ਨਹੀਂ ਕੀਤਾ ਜਾ ਸਕਦਾ  ਕਿ ਅਜੌਕੇ ਸਮਿਆਂ ਵਿਚ ਲਿਖਤਾਂ ਦੀ ਅਹਿਮੀਅਤ ਉੱਤੇ ਮੱਠਮਾਰੀ ਹਾਵੀ ਹੈਕਿਸੇ ਮੱਠ ਦੀ ਪ੍ਰਿੰਟ-ਮੀਡੀਆ ਨਾਲ ਬਹੁਤ ਸਾਂਝ ਐ , ਕਿਸੇ ਦੀ ਇਲੈਕਟ੍ਰਾਨਿਕ ਮੀਡੀਆ । ਜੇ ਇਕ ਦਾ ਇਕ ਯਨੀਵਰਸਿਟੀ ਚ ਬੋਲਬਾਲਾ ਹੈ , ਤਾਂ ਦੂਜੇ ਦਾ ਦੂਜੀ ਚ , ਤੀਜੇ ਦਾ ਤੀਜੀ ਚ । ਹੁਣੇ ਹੁਣੇ ਮੇਰੇ ਮਨ ਚ ਵੀ ਇਵੇਂ ਹੀ ਆਇਆ ਹੈ , ਜੇ ਮੈਂ ਵੀ ਕਿਸੇ ਨਾ ਕਿਸੇ ਦਰਗਾਹ ਦੀ ਸਿੱਖੀ-ਸੇਵਕੀ ਚ ਸ਼ਾਮਿਲ ਹੁੰਦਾ ਤਾਂ ਹੁਣ ਨੂੰ ਜ਼ਰੂਰ ਵੱਡੇ ਕਹਾਣੀਕਾਰਾਂ ਚ ਗਿਣਿਆ ਜਾਂਦਾ । ਮੈਂ ਵੱਡੇ-ਵੱਡੇ ਗੁਣੀਆਂ-ਗਿਆਨੀਆਂ ਦੀ ਨਿਗਾਹ ਚੜ੍ਹ ਗਿਆ ਹੁੰਦਾ , ਕਿਉਂ ਜੋ ਇਹਨਾਂ ਮਹਾਂਪੁਰਸ਼ਾਂ  ਦੀ ਉਡਾਨ ਦੀ ਸੀਮਾ ਹੀ ਵੱਡੇ ਸ਼ਹਿਰਾਂ ਤੱਕ ਸੀਮਤ ਹੈ । ਪਰ .... ਝੱਟ ਹੀ ਮੇਰੇ ਅੰਦਰੋਂ ਕਿਸੇ ਨੇ  ਮੈਨੂੰ ਲਾਅਨਤ ਪਾਉਣ ਵਰਗੀ ਝਿੜਕ ਮਾਰੀ ਹੈ । ਮੈਂ ਝੱਟ ਹੀ ਸੰਭਲ ਗਿਆ ਹਾਂ । ਝੱਟ ਦਸੂਹਾ ਸਥਿਤ ਆਪਣੀ ਹੁਣ ਦੀ ਠਹਿਰ ਤੇ ਆ ਪੁੱਜਾ ਹਾਂ । ਇਸ ਠਹਿਰ ਨਾਲ ਵੀ ਇਕ ਤਰ੍ਹਾਂ ਮੇਰੀ ਡਾਕ ਦਾ ਹੀ ਸਰਨਾਵਾਂ ਹੈ । ਮੇਰੀ ਦਿਨ ਵੇਲੇ ਦੀ ਠਹਿਰ ਪਿੰਡ ਨਿਹਾਲਪੁਰ ਵਿਚਲੀ ਮੇਰੀ ਬਾੜੀ ( ਹਵੇਲੀ ) ਵਿਚੇ ਹੁੰਦੀ । ਮੇਰੀ ਥੋੜ੍ਹੀ ਜਿਹੀ ਭੋਏਂ ਨਾਲ ਜੁੜਵੇ ਪਿੰਡ ਕਹਿਰਵਾਲੀ ਵਿਖੇ ਹੈ । ਇਹਨਾਂ ਦੋਨਾਂ ਨਾਲ ਮੋਹ ਪਾਲਦਾ ਮੈਂ ਆਪਣੇ ਪੇਕਾ ਪਿੰਡ ਝੱਜ਼ਾਂ ਵਿਖੇ ਰਿਹ ਰਿਹਾ ਮਹਿਸੂਸਦਾ ਹਾਂ । ਇਸ ਸਚਮੁੱਚ ਹੀ ਨਿਰੋਲ ਸੱਚ ਵਰਗਾ ਸੱਚ ਹੈ ਕਿ ਜੇ ਮੈਨੂੰ ਦਸੂਹਾ ਦੇ ਕਿਸੇ ਅੰਦਰੂਨੀ ਖੇਤਰ ਵਿਚ ਰਹਿਣਾ ਪੈਂਦਾ ਤਾਂ ਮੈਂ ਹੁਣ ਤੱਕ ਕਦੋਂ ਦਾ ਪਰਲੋਕ ਸੁਧਾਰ ਗਿਆ ਹੁੰਦਾ ।

ਜਲੰਧਰ , ਚੰਡੀਗੜ੍ਹ , ਦਿੱਲੀ  ਚ ਰਹਿਣ ਬਾਰੇ ਤਾਂ ਕਦੀ ਸੁਪਨਾ ਵੀ ਨਹੀਂ ਲਿਆ ਜਾ ਸਕਦਾ ।

 

ਅੱਜ ਦੇ ਨਿੱਜੀ ਕ੍ਰਿਤ ਵਰਤਾਰੇ ਨੇ ਸਾਰਿਆਂ ਹੀ ਅਦਾਰਿਆਂ ਦੀਆਂ ਜਥੇਬੰਦੀਆਂ ਨੂੰ ਪ੍ਰਭਾਵਹੀਣ ਕਰ ਦਿੱਤਾ ਹੋਇਆ

ਡਾ. ਜੋਗਿੰਦਰ ਸਿੰਘ ਨਿਰਾਲਾ :  ਤੁਸੀ ਕਾਫੀ ਦੇਰ ਸਕੂਲੀ-ਅਧਿਆਪਕ ਰਹੇ ਹੋ , ਅਧਿਆਪਕ ਜਥੇਬੰਦੀਆਂ ਨਾਲ ਵੀ ਜੁੜੇ ਰਹੇ ਹੋ , ਲੇਕਿਨ ਅਧਿਆਪਕ ਜਥੇਬੰਦੀਆਂ ਟੀਚਰਾਂ ਨਾਲ ਬਦਲੀਆਂ ਕਰਾਉਣ , ਗਰੇਡ ਦੁਹਰਾਉਣ , ਤੱਕ ਹੀ ਸੀਮਤ ਰਹੀਆਂ ਹਨ । ਇਸ ਬਾਰੇ ਤੁਹਾਡੇ ਕੀ ਵਿਚਾਰ ਹਨ ?

ਕਹਾਣੀਕਾਰ ਲਾਲ ਸਿੰਘ : ਇਹ ਪੂਰਾ ਸੱਚ ਨਹੀਂ । ਇਹ ਸੱਚ ਉਦੋਂ ਬਣਿਆ ਜਦੋਂ ਇਤਿਹਾਸਕ ਪਿੱਠ-ਭੂਮੀ ਵਾਲੀ ਜੀ . ਟੀ . ਯੂ . ਕਈਆਂ ਕਾਰਨਾਂ ਕਰਕੇ ਅਗਾਂਹ ਲੰਬੀ ਗਰੁੱਪ , ਅਧਿਆਪਕ ਦਲ , ਅਧਿਆਪਕ ਸੰਗਠਨ ਏਕਤਾ ਕੇਂਦਰ , ਏਕਤਾ ਵਰਗੇ  ਫੱਟਿਆਂ ਹੇਠ ਖਿੰਡ-ਖਿੱਲਰ ਗਏ । ਇਹ ਗਰੁੱਪ-ਬੰਦੀ ਆਪਣੀ-ਆਪਣੀ ਮੈਂਬਰਸ਼ਿਪ ਨੂੰ ਕਾਇਮ ਰੱਖਣ ਜਾਂ ਹੋਰ ਖੁਰਦਾ ਹੋਣੋਂ ਬਚਾਉਣ ਲਈ , ਬਦਲੀਆਂ ਜਾਂ ਗਰੇਡ ਦੁਹਰਾਈ ਵਰਗੇ ਹਲਕੇ ਜਿਹੇ ਉਦੇਸ਼ਾਂ ਨੂੰ ਹੀ ਯੂਨੀਅਨਇਜ਼ਮ ਦਾ ਮੁੱਖ ਉਦੇਸ਼ ਸਮਝਣ ਲੱਗ ਪਈ । ਅੱਜ ਸਥਿਤੀ ਏਨੀ ਹਾਸੋ-ਹੀਣੀ ਹੈ ਕਿ ਸਰਕਾਰੀ ਸਕੂਲਾਂ ਵਿਚ ਅਨੇਕਾਂ ਰੰਗਾਂ ਦੇ ਅਧਿਆਪਕ ਹਨ । ਕੋਈ ਜ਼ਿਲ੍ਹਾਂ ਪ੍ਰੀਸ਼ਦ ਹੇਠ ਕੰਮ ਕਰਦਾ , ਕੋਈ ਸਰਵ-ਸਿੱਖਿਆ ਅਭਿਆਨ ਨਾਲ , ਕੋਈ ਪੜ੍ਹੋ-ਪੰਜਾਬ ਦਾ ਅਧਿਆਪਕ ਕਰਮੀ ਹੈ ,ਕੋਈ ਸਿੱਖਿਆ ਮਹਿਕਮੇ ਦੀ ਸਿੱਧੀ ਕਮਾਨ ਹੇਠ ਆਊਦੈਂ । ਇਹਨਾਂ ਵਿਚ ਕਿਸੇ ਵੀ ਵਰਗ ਦੀ ਕੋਈ ਕਾਰਗਰ ਜਥੇਬੰਦੀ ਨਹੀਂ ਹੈ । ਹੁਣ ਸਰਕਾਰਾਂ ਆਪਣੀਆਂ ਸ਼ਰਤਾਂ ਤੇ ਨੌਕਰੀਆਂ ਦਿੰਦੀਆਂ । ਆਪਣੀਆਂ ਸ਼ਰਤਾਂ ਤੇ ਬਦਲੀਆਂ ਕਰਦੀਆਂ । ਗ੍ਰੇਡ ਸੁਧਾਈ ਦੀ ਤਾਂ ਹੁਣ ਮੱਦ ਹੀ ਖਾਰਜ ਹੈ । ਠੇਕਾ ਸਿਸਟਮ ਹੋਣ ਕਰਕੇ । ਪਰ ਇਕਮੁੱਠਤਾ ਵਾਲੀ ਗੌਰਮਿੰਟ ਟੀਚਰ ਯੂਨੀਅਨ ਵੇਲੇ ਇਵੇਂ ਨਹੀਂ ਸੀ ਹੁੰਦਾ । ਦੋ ਵੱਖ-ਵੱਖ ਧੜੇ  , ਢਿੱਲੋ ਤੇ ਰਾਣਾ ਗਰੁੱਪ ਚੋਣ ਜਿੱਤਣ – ਹਾਰਨ ਪਿੱਛੋਂ ਵੀ ਇਕ ਜੀ.ਟੀ.ਯੂ. ਹੀ ਹੁੰਦੇ ਸਨ। ਨਜਾਇਜ਼ ਬਦਲੀਆਂ ਰੁਕਵਾ ਵੀ ਲੈਂਦੇ ਸਨ ।ਬਦਲੀਆਂ ਦੀ ਨੀਤੀ ਨਿਰਧਾਰਤ ਕਰਵਾਉਣ ਲਈ ਸਰਕਾਰਾਂ ਤੇ ਦਬਾਅ ਪਾਉਣ ਦੀ ਵੀ  ਸਮਰੱਥਾ ਰੱਖਦੇ ਸਨ । ਨਿਰਾਨਾ ਜੀ ! ਟਰੇਡ ਯੂਨੀਅਨ ਦੇ ਨਿਯਮ , ਹਰ ਜਥੇਬੰਦੀ ਨੂੰ ਪਹਿਲ ਦੇ ਆਧਾਰ ਤੇ ਪਹਿਲਾਂ ਆਪਣੇ ਹੀ ਮਹਿਕਮੇ ਵਿਚ ਕੰਮ ਕਰਨ ਦੀ ਆਗਿਆ ਦਿੰਦੇ ਹਨ । ਇਸੇ ਕਾਰਨ ਜੀ . ਟੀ . ਯੂ . ਪਾਸ ਮੁੱਖ ਵਿਸ਼ੇ ਗਰੇਡ-ਸੁਧਾਈ , ਜਾਂ ਬਦਲੀਆਂ ਆਦਿ ਹੀ ਸਨ । ਪਰ ,ਇਹ ਜਥੇਬੰਦੀ ਕੇਵਲ ਤੇ ਕੇਵਲ ਏਨੇ ਨਾਲ ਸੰਤੁਸ਼ਟ ਨਹੀਂ ਸੀ । ਐਮਰਜੈਂਸੀ ਵੇਲੇ ਜਦੋਂ ਬੀਬੀ ਇੰਦਰਾ ਦੀ ਮਰਜ਼ੀ ਤੋਂ ਬਗੈਰ ਪੱਤਾ ਵੀ ਨਹੀਂ ਸੀ ਹਿੱਲ ਸਕਦਾ , ਉਸ ਸਮੇਂ ਅਧਿਆਪਕ ਯੂਨੀਅਨ ਦੀਆਂ ਚੌਣਾਂ ਕਰਵਾਉਣਾ ਇਕ ਤਰ੍ਹਾਂ ਨਾਲ ਲੋਕਤੰਤਰੀ ਵਿਵਸਥਾ ਦੀ ਰਾਖੀ ਕਰਨ ਦੇ ਬਰਾਬਰ ਸੀ । ਇਸ ਚੋਣ ਦੀ ਖ਼ਬਰ ਬੀ . ਬੀ . ਸੀ . ਲੰਡਨ ਤੋਂ ਪ੍ਰਸਾਰਤ ਹੋਣਾ ਆਪਣੇ ਆਪ ਵਿਚ ਇਕ ਵੱਡੀ ਘਟਨਾ ਸੀ । ਇਸ ਕਾਰਨਾਮੇ ਨੇ ਹੋਰਨਾਂ ਵਰਕਰਾਂ ਨੂੰ ਵੀ ਸਿਰ ਚੁੱਕਣ ਲਈ ਉਤਸ਼ਾਹਿਤ ਕੀਤਾ । ਭਾਵੇਂ ਕਿ ਟਰੇਡ –ਯੂਨੀਅਨਇਜ਼ਮ ਮੋਟੇ ਤੌਰ ਤੇ ਆਰਥਿਕਤਾਵਾਦ ਦੀ ਹੀ ਸ਼ਿਕਾਰ ਰਹੀ ਹੈ ।

ਹੁਣ ਹਾਲਾਤ ਹੋਰ ਹਨ । ਅੱਜ ਦੇ ਨਿੱਜੀ ਕ੍ਰਿਤ ਵਰਤਾਰੇ ਨੇ ਅਧਿਆਪਕ ਜਥੇਬੰਦੀਆਂ ਸਮੇਤ ਕਰੀਬ ਸਾਰਿਆਂ ਦੀ ਅਦਾਰਿਆਂ ਦੀਆਂ ਜਥੇਬੰਦੀਆਂ ਨੂੰ ਪ੍ਰਭਾਵਹੀਣ ਕਰ ਦਿੱਤਾ ਹੋਇਆ । ਅੱਗੇ ਦੇਖੋ ਕੀ ਬਣਦਾ ।

 

 

ਮੇਰੇ ਮਨਪਸੰਦ ਸਾਹਿਤਕ ਪਰਚੇ ਕਿਹੜੇ ਤੇ ਕਿਉਂ ? ”

ਡਾ. ਜੋਗਿੰਦਰ ਸਿੰਘ ਨਿਰਾਲਾ :  ਆਪਣੇ ਮਨਪਸੰਦ ਸਾਹਿਤਕ ਪਰਚਿਆਂ ਦੇ ਨਾਂ ਲਵੋ , ਅਤੇ ਇਹ ਵੀ ਦੱਸੋ ਕਿ ਤੁਹਾਨੂੰ ਇਹ ਕਿਉਂ ਪਸੰਦ ਨੇ ?

ਕਹਾਣੀਕਾਰ ਲਾਲ ਸਿੰਘ : ਲਓ , ਇਸ ਮਨ-ਪਸੰਦਗੀ ਦਾ ਵੀ ਹਿਸਾਬ-ਕਿਤਾਬ ਜੋੜ ਲੈਂਦਾ ਹਾਂ ।

ਸਿਰਜਨਾ ਆਪਣੀ ਸਾਹਿਤਕ ਵਚਨਬੱਧਤਾ ਕਰਕੇ  , ਚਿਰਾਗ ਜਗਤ-ਪ੍ਰਸਿੱਧ ਸੰਗਰਾਮੀ ਕਵੀਆਂ ਨਾਲ ਤੁਆਰਫ਼ ਕਰਵਾਉਂਦਾ ਹੋਣ ਕਰਕੇ , ਹੁਣ ਵੰਨ-ਸਵੰਨੀ ਸਮੱਗਰੀ ਦਾ ਭੰਡਾਰ ਹੋਣ ਕਰਕੇ , ਮਹਾਂਦਰਾ ਆਪਣੇ ਬੇ-ਬਾਕ ਪਹੁੰਚ ਕਰਕੇ । ਪ੍ਰਵਚਨ ਸਾਹਿਤਕ-ਸੰਵਾਦ ਰਚਾਉਣ ਕਰਕੇ , ਸਰੋਕਾਰ ਅਜੇ ਤੱਕ ਆਪਣੀ ਥਾਂ ਡਟਿਆ ਰਹਿਣ ਕਰਦੇ , ਅੱਖਰ ਤਿੱਖੀ ਤਰਕਸੰਗਤ ਸੰਪਾਦਕੀ ਕਰਕੇ , ਕਹਾਣੀ-ਧਾਰਾ ਆਪਣੀ ਧਿਰ ਦੀ ਠੋਕਵੀਂ ਰਾਖੀ ਕਰਦਾ ਹੋਣ ਕਰਕੇ , ਤ੍ਰਿਸ਼ੰਕੂ ਆਪਣੀ ਮੱਧ-ਮਾਰਗੀ ਨੀਤੀ ਕਰਕੇ , ਕਹਾਣੀ-ਪੰਜਾਬ ਪੀਸ ਆਫ਼ ਸੋਸਾਇਟੀ ਨਸ਼ਰ ਕਰਦਾ ਹੋਣ ਕਰਕੇ , ਛੇਵਾਂ ਦਰਿਆ   ਕੁੱਲ ਖ਼ਰਚਾ ਪੱਲਿਓ ਕਰਦਾ ਹੋਣ ਕਰਕੇ , ਸ਼ਬਦ ਜੁਗਾੜਬੰਦੀ ਰਾਹੀਂ ਵਿੱਤੀ ਪ੍ਰਬੰਧ ਦਾ ਮਾਹਿਰ ਹੋਣ ਕਰਕੇ , ਸਮਕਾਲੀ ਸਾਹਿਤ ਲੇਖਕਾਂ ਨੂੰ ਸੇਵਾ-ਫਲ ਦਿੰਦਾ ਹੋਣ ਕਰਕੇ , ਸਮਦਰਸ਼ੀ ਨੂਰ ਦੀ ਸ਼ਹਿਨਸ਼ਾਹੀ ਚਮਕਾਉਂਣ ਹੋਣ ਕਰਕੇ , ਹਾਸ਼ੀਆ ਦਲਿਤ ਸਮੱਸਿਆਵਾਂ ਦਾ ਬੁਲਾਰਾ ਹੋਣ ਕਰਕੇ ।

ਨਵੀਂ ਲਕੀਰ ਦੀ ਨਵੀਂ ਨੀਤੀ ਅਜੇ ਸਮਝਣੀ ਬਾਕੀ ਹੈ । ਸ਼ਿਲਾਲੇਖ , ਨਜ਼ਰੀਆ ਕਦੀ ਨਿੱਠ ਕੇ ਪੜ੍ਹੇ ਨਹੀਂ ।

ਚੰਗਾ ਜੀ , ਰੱਬ ਰਾਖਾ । ਫਿਰ ਮਿਲਾਂਗੇ ।

(ਪ੍ਰਿੰਸੀਪਲ , ਤਾਰੀਕ ਕਾਲਜ ਆਫ਼ ਐਜੂਕੇਸ਼ਨ ਦਾਸਲ , ਰਾਜੌਰੀ ( ਜੰਮੂ ਅਤੇ ਕਸ਼ਮੀਰ )

 

 


~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~

ਡਾ. ਭੁਪਿੰਦਰ ਕੌਰ ਕਪਰੂਥਲਾ ਨਾਲ ਕਹਾਣੀਕਾਰ ਲਾਲ ਸਿੰਘ ਦੀ ਕਹਾਣੀ ਕਲਾ ਅਤੇ ਸ਼ੈਲੀ ਬਾਰੇ ਹੋਈ ਲੰਮੀ ਬਹਿਸ ਪ੍ਰਸ਼ਨ ਉਤਰਾਂ ਵਿੱਚ ::::

ਪ੍ਰਗਤੀਵਾਦੀ ਲੇਖਣੀ ਹੀ ਸਮਾਜ ਅੰਦਰ ਲਿਤਾੜੇ ਤੇ ਤਿ੍ਸਕਾਰੇ ਲੋਕਾਂ ਦੀ ਬਾਂਹ ਫੜਦੀ ਹੈ

ਡਾ਼ ਭੁਪਿੰਦਰ ਕੌਰ :-- ਤੁਸੀ ਕਹਾਣੀ ਲਿਖਣ ਦਾ ਆਰੰਭ ਕਿਨਾਂ ਮੰਤਵਾਂ ਨਾਲ ਕੀਤਾ ?

 ਲਾਲ ਸਿੰਘ     :-- ਸਾਹਿਤ ਚੂੰ ਕਿ ਇੱਕ ਸਮਾਜਿਕ ਵਸਤੂ ਹੈ ਤੇ ਸਮਾਜ ਦਾ ਇਤਿਹਾਸਿਕ ਬਦਲਾਅ ਰਾਜਨੀਤਰ ਪ੍ਰਤੀਪੇਖ ਨਾਲ ਪਿੱਠ ਜੁੜਦਾਂ ਹੈ । ਇਸ ਲਈ ਸਾਹਿਤ ਦੀ ਭੂਮਿਕਾ ਬਦਲਦੇ ਪਰਿਪੇਖ ਨਾਲ ਬਦਲਦੀ ਹੈ । ਰਜਵਾੜਾ ਸ਼ਾਹੀ ਯੁੱਗ ਤੱਕ ਸਾਹਿਤ ਕੇਵਲ ਮਨੋਰੰਜਨ ਦਾ ਹੀ ਇੱਕ ਵਸੀਲਾ ਰਿਹਾ । ਸਾਮੰਤਵਾਦੀ ਵਰਤਾਰੇ ਦੇ ਦੋਹਰੇ-ਤੀਹਰੇ ਦਬਾਅ ਨੇ ਸਾਹਿਤ ਤੋਂ ਹੋਰ ਵਡੇਰੀ ਭੂਮਿਕਾ ਦੀ ਮੰਗ ਕੀਤੀ । ਇਸ ਮੰਗ ਦੀ ਪੂਰਤੀ ਵਜੋਂ ਸਾਹਿਤ ਨੇ ਮਨੋਰੰਜਨ ਦੇ ਨਾਲ ਨਾਲ ਪਾਠਕ ਦਾ ਮਨੋਵਿਵੇਚਨ ਵੀ ਕਰਨਾ ਸੀ ਅਤੇ ਕੀਤਾ ਵੀ । ਸਮਾਜਿਕ ਵਿਕਾਸ ਦੇ ਤੀਸਰੇ ਪੜਾਅ ਭਾਵ ਸਰਮਾਏ ਦੀ ਪ੍ਰਧਾਨਤਾ ਵਾਲੇ ਸਮੇਂ ਅੰਦਰ ,ਸਾਹਿਤ ਨੇ ਮਨੋਰੰਜਨ,ਮਨੋਵਿਵੇਚਨ ਦੇ ਉਦੇਸ਼ਾਂ ਦੀ ਸਫ਼ਲ ਪੂਰਤੀ ਕਰਨ ਦੇ ਨਾਲ ਨਾਲ  ਸਾਮਜਿਕ ਤਬਦੀਲੀ ਲਈ ਇਕ ਹਥਿਆਰ ਵਜੋਂ ਵਰਤੇ ਜਾਣ ਦੇ ਅਹਿਮ ਰੋਲ ਨੂੰ ਵੀ ਨਿਭਾਇਆ ।

ਮੇਰਾ ਕਹਾਣੀ ਲਿਖਣ ਦਾ ਆਰੰਭ ਸਾਹਿਤ ਦੇ ਸਮਾਜਿਕ ਤਬਦੀਲੀ ਵਜੋਂ ਵਰਤੇ ਜਾਣ ਦੇ ਉਦੇਸ਼ ਨਾਲ ਸੰਬੰਧਤ ਹੈ । ਅੱਗੇ ਚੱਲ ਕੇ ਇਹ ਉਦੇਸ਼ ਸਮਾਜਿਕ ਸਭਿਆਚਾਰਕ ਵਿਸੰਗਤੀਆਂ ਪ੍ਰਤੀ ਚੇਤਨਾ ਪ੍ਰਦਾਨ ਕਰਨ ਵੱਲ ਰੁਚਿਤ ਹੋ ਗਿਆ ।

----

ਡਾ਼ ਭੁਪਿੰਦਰ ਕੌਰ : ਕਹਾਣੀ ਦੇ ਸਫ਼ਰ ਵਿਚ ਤੁਸੀ ਕਿਹੜੇ ਕਿਹੜੇ ਸਾਹਿਤਕਾਰਾਂ ਤੋਂ ਪ੍ਰਭਾਵਿਤ ਹੋਏ ?

ਲਾਲ ਸਿੰਘ      :-- ਕਹਾਣੀ ਲੇਖਣ ਦਾ ਸਫ਼ਰ ਕਰਦਿਆਂ ਹੋਰਨਾਂ ਸਾਹਿਤਕਾਰਾਂ ਦੇ ਪ੍ਰਭਾਵ ਤੋਂ ਜੇ ਤਾਂ ਇਹ ਅਰਥ ਹੋਵੇ ਕਿ ਮੈਂ ਉਨਾਂ ਵਰਗਾ ਲਿਖਣ ਦਾ ਯਤਨ ਕੀਤਾ ਤਾਂ ਮੇਰਾ ਉਤਰ ਨਾਂ ਵਿਚ ਹੈ । ਮੇਰਾ ਆਪਣੀ ਲਿਖਤ ਤੇ ਆਪਣਾ ਹੀ ਪ੍ਰਭਾਵ ਹੈ ਕਿਸੇ ਓਪਰੀ ਸ਼ਖ਼ਸੀਅਤ ਦਾ ਨਹੀਂ । ਪਰ ਜੇ ਪਿਤਾਮਾ ਲੇਖਕਾਂ ਦੀਆਂ ਲਿਖਤਾਂ ਨੂੰ ਸਵੀਕਾਰਨ ਨੂੰ ਪ੍ਰਭਾਵ ਗਿਣਿਆ ਜਾਣਾ ਹੈ ਤਾਂ ਉਸ ਸੂਚੀ ਵਿੱਚ ਰੂਸੀ ਨਾਵਲ ਲੇਖਕਾਂ ਟਾਲਸਤਾਏ ,ਆਸਤਰੋਵਸਕੀ,ਗੋਰਕੀ,ਸ਼ੋਲੋਖੋਵ । ਭਾਰਤੀ ਭਾਸ਼ਾਵਾਂ ਦੇ ਸਮਾਜਵਾਦੀ ਲੇਖਕਾਂ ਵਿਚੋਂ ਮੁਨਸ਼ੀ ਪ੍ਰੇਮ ਚੰਦ,ਕਿ੍ਸ਼ਨ ਚੰਦਰ,ਰਾਜਿੰਦਰ ਸਿੰਘ ਬੇਦੀ,ਅਨਿਲ ਬਰਵੇ । ਪੰਜਾਬੀ ਕਹਾਣੀਕਾਰ ਲੇਖਕਾਂ ਦੀ ਲੰਮੀ ਸੂਚੀ ਵਿਚੋਂ ਕੇਵਲ ਇੱਕੋ ਇੱਕ ਸਖਸ਼ੀਅਤ ਦਾ ਪ੍ਰਭਾਵ ਕਬੂਲਿਆ ਹੈ । ਉਹ ਹਨ ਪਿ੍ਸੀਪਲ ਸੁਜਾਨ ਸਿੰਘ ।ਇਸ ਦਾ ਕਾਰਨ ਸ਼ਾਇਦ ਇਹ ਹੈ ਕਿ ਸਾਡੇ ਪੰਜਾਬੀ ਭਾਸ਼ਾ ਦੇ ਲੇਖਕ ਵਧਿਆ ਸ਼ਾਇਰ ਵੀ ਹਨ,ਵਧੀਆ ਨਾਵਲਕਾਰ ਵੀ ਹਨ ,ਪਰ ਇਹਨਾਂ ਵਿੱਚ ਇੱਕ ਵੀ ਪਿ੍ਸੀਪਲ ਸੁਜਾਨ ਸਿੰਘ ਵਰਗਾ ਵਧੀਆ ਸਾਹਿਤਕਾਰ ਭਾਵ ਸਿਰਜਨਾ ਤੇ ਜੀਵਨ ਨੂੰ ਇਕਮਿੱਕ ਕਰਕੇ ਜਿੰਦਗੀ ਕੱਟਣ ਵਾਲਾ ਇਨਸਾਨ ਨਹੀ ਹੈ ।

 ----

ਡਾ਼ ਭੁਪਿੰਦਰ ਕੌਰ :-- ਤੁਸੀ ਆਪਣੀਆਂ ਕਹਾਣੀਆਂ ਦੀ ਕਿਸੇ ਪੁਸਤਕ ਦੀ ਭੂਮਿਕਾ ਕਿਸੇ ਨਾਮਵਰ ਆਲੋਚਕ ਜਾਂ ਉਘੀ ਸਾਹਿਤਕ ਸ਼ਖ਼ਸ਼ੀਅਤ ਤੋਂ ਨਹੀ ਲਿਖਵਾਈ । ਇਸ ਪਿੱਛੇ ਕੀ ਸਾਇਕੀ ਕੰਮ ਕਰਦੀ ਹੈ ?

 ਲਾਲ ਸਿੰਘ       :-- ਇਹ ਸੱਚ ਹੈ ਕਿ ਭੂਮਿਕਾ,ਸੰਬੰਧਤ ਪੁਸਤਕ ਅੰਦਰਲੀ ਸਮੱਗਰੀ ਦੀ ਅਗਾਊ ਜਾਣਕਾਰੀ ਦੇਣ ਦੇ ਨਾਲ ਨਾਲ ਕਦਾਈ ਪਾਠਕ ਅੰਦਰ ਇਸ ਨੂੰ ਪੜਨ ਲਈ ਪ੍ਰੇਰਿਤ ਕਰਦੀ ਹੈ , ਪਰ ਕਦੇ ਕਦਾਈ ਪਾਠਕ ਕੇਵਲ ਭੂਮਿਕਾ ਪੜ੍ਹ ਕੇ ਹੀ ਪੁਸਤਕ ਅੰਦਰਲੇ ਸਾਰ ਨੂੰ ਹੀ ਆਪਣੀ ਰੁਚੀ ਦੇ ਅਨੁਪਾਤ ਅਨੁਸਾਰ ਢਲਦਾ ਨਾਂਹ ਜਾਂਚ ਕੇ , ਇਸ ਨੂੰ ਬਿਨਾਂ ਪੜ੍ਹੇ ਠੱਪ ਵੀ ਕਰ ਦਿੰਦਾ ਹੈ , ਇਨਾਂ ਦੋਹਾਂ ਤੱਥਾਂ ਵਿਚਕਾਰ ਘਿਰੇ ਨੇ ਮੈਂ ਆਪਣੀਆਂ ਕਹਾਣੀ ਪੁਸਤਕਾਂ ਦੀ ਭੂਮਿਕਾ ਲਿਖਵਾਉਣ ਲਈ ਕੋਈ ਤਰੱਰਤ ਨਹੀ ਕੀਤਾ । ਹਾਂ , ਪਹਿਲੀ ਪੁਸਤਰ ਮਾਰਖੋਰੇ ਅੰਦਰ ਸ਼ਾਮਿਲ ਕਹਾਣੀਆਂ ਨੂੰ ਪੁਸਤਕ ਦੇ ਰੂਪ ਵਿਚ ਵਿਚਰਨ ਤੋਂ ਪਹਿਲਾਂ ਲੁਧਿਆਣੇ ਪੰਜਾਬੀ ਭਵਨ ਅੰਦਰ ਕਿਸੇ ਸੈਮੀਨਾਰ ਸਮੇਂ ਕਹਾਣੀਕਾਰ ਕੁਲਵੰਤ ਸਿੰਘ ਵਿਰਕ ਨੇ ਮੇਰੀ ਕਹਾਣੀ ਲਿਖਤ ਨੂੰ ਹੱਲਾਸ਼ੇਰੀ ਦੇਦਿਆਂ ਕਿਹਾ ਸੀ ~ਤੇਰੀ ਪੁਸਤਕ ਦੀ ਭੂਮਿਕਾ ਮੈਂ ਲਿਖੂ !!~ ਪਿਛੋਂ ਵਿਰਕ ਹੁਰਾਂ ਕਾਫੀ ਢਿੱਲ ਮੱਠ ਦਿਖਾਈ ਤੇ ਮੈਂ ਭੂਮਿਕਾ ਲਿਖਵਾਉਣ ਦੇ ਇਰਾਦੇ ਨੂੰ ਉਂਝ ਹੀ ਤਿਲਾਂਜਲੀ ਦੇ ਦਿੱਤੀ । ਇਹ ਸ਼ਾਇਦ ਇਸ ਲਈ ਹੋਇਆ ਕਿ ਮੇਰੀਆਂ ਪੰਜਾਂ ਪੁਸਤਕਾਂ ਅੰਦਰ ਸ਼ਾਮਿਲ ਕਹਾਣੀਆਂ ਵਿਚੋਂ ਬਹੁਗਿਣਤੀਆਂ ਦਾ ਸਿਰਜਨਾ ਅੰਦਰ ਛਪਣਾ ਜਾਣਾ ਆਪਣੇ ਆਪ ਵਿਚ ਹੀ ਇਕ ਬਹੁਤ ਵੱਡੀ ਭੂਮਿਕਾ ਬਣਦਾ ਹੈ ।

 ----

ਡਾ਼ ਭੁਪਿੰਦਰ ਕੌਰ :-- ਅਜਿਹਾ ਅਕਸਰ ਸੁਨਣ ਨੂੰ ਮਿਲਦਾ ਹੈ ਕਿ ਹੁਣ ਮਾਰਕਸਵਾਦ ਨਿਘਾਰ ਵੱਲ ਚਲੇ ਗਿਆ ਹੈ ,ਜਿਸ ਕਾਰਨ ਸਾਹਿਤ ਦੇ ਪ੍ਰਗਤੀਵਾਦੀ ਦੌਰ ਦਾ ਅੰਤ ਹੋ ਗਿਆ ਹੈ । ਤੁਸੀ ਫਿਰ ਵੀ ਪ੍ਰਗਤੀਵਾਦੀ ਧਾਰਨਾ ਵਾਲੀਆਂ ਲਿਖਤਾਂ ਨਾਲ ਮੋਹ ਪਾਲ ਰਹੇ ਹੋ ? ਅਜਿਹਾ ਕਿਉਂ ਹੈ ?

 ਲਾਲ ਸਿੰਘ       :-- ਜਿਥੋ ਤੱਕ ਮਾਰਕਸਵਾਦ ਦੇ ਨਿਘਾਰ ਵੱਲ ਜਾਣ ਦਾ ਸੰਬੰਧ ਹੈ ,ਇਸ ਨਾਲ ਮੇਰਾ ਸਹਿਮਤ ਹੋਣਾ ਔਖਾ ਹੀ ਨਹੀ ਨਾ ਮੁਮਕਿਨ ਵੀ ਹੈ , ਮਾਰਕਸਵਾਦ ਇਕ ਵਿਗਿਆਨ ਹੈ ,ਕਿਸੇ ਵੀ ਯੁੱਗ ਦੀ ਸਮਾਜਿਕ ਬਣਤਰ ਦੇ ਇਤਿਹਾਸ,ਰਾਜਨੀਤੀ,ਆਰਥਿਕਤਾ,ਸਭਿਆਚਰਕ ਆਦਿ ਨੂੰ ਪਰਖਣ ਘੋਖਣ ਲਈ ਡਾਇਲੈਕਟਿਸ ਹੈ ਤੇ ਡਾਇਲੈਕਟਿਸ ਵੀ ਇਤਿਹਾਸਿਕ ਪਦਾਰਥਕ । ਭਾਰਤੀ ਅਤੇ ਪੰਜਾਬੀ ਸਮਾਜ ਇਕੋ ਵੇਲੇ ਕਬੀਲਾਦਾਰੀ,ਸਾਮੰਤੀ,ਪੂੰਜੀਕਾਰੀ ਅਤੇ ਸਮਾਜਵਾਦੀ ਪ੍ਰਬੰਧ ਦਾ ਮਿਲਗੋਭਾ ਜਿਹਾ ਹੋਇਆ ਮਿਲਦਾ ਹੈ । ਪਿਛਲੀ ਸਦੀ ਅੰਦਰ ਸਮੰਤਸ਼ਾਹੀ ਇੱਕ ਹੱਦ ਤੱਕ ਹੋਏ ਵਿਸਰਜਨ ਅਤੇ ਪੂੰਜੀਵਾਦ ਦੀ ਚੜਤ ਅੰਦਰ ਮਾਨਵੀ ਕਦਰਾਂ ਕੀਮਤਾਂ ਦੀ ਰਾਖੀ ਜੇ ਕਿਸੇ ਸਿਧਾਂਤ ਨੇ ਕੀਤੀ ਹੈ ਤਾਂ ਮਾਰਕਸਵਾਦ ਨੂੰ ਪ੍ਰਣਾਏ ਸਮਾਜਵਾਦੀ ਪ੍ਰਬੰਧ ਅਤੇ ਇਸ ਤੇ ਸਾਹਿਤਕ ਬਿੰਬ ਪ੍ਰਗਤੀਵਾਦ ਨੇ ਹੀ ਕੀਤੀ । ਪਰ 20ਵੀਂ ਸਦੀ ਦੇ ਦਸਵੇਂ ਦਹਾਕੇ ਦੇ ਸ਼ੁਰੂ ਵਿਚ ਮਾਰਕਸਵਾਦੀ ਪ੍ਰਣਾਲੀ ਦੇ ਰਾਜਨੀਤਰ ਸੰਗਠਨ ਦੇ ਵਿਸਰ ਜਾਣ ਨੂੰ ਮਾਰਕਸਵਾਦ ਦੇ ਨਿਘਾਰ ਦੀ ਸੰਘਿਆ ਬਿਲਕੁਲ ਨਹੀਂ ਦਿਤੀ ਜਾਣੀ ਚਾਹਿਦੀ ।

ਵਿਗਿਆਨ ਵਜੋਂ ਮਾਰਕਸੀ ਫਲਸਫਾ ਅਜੇ ਵੀ ਕਾਈਮ ਹੈ ,ਅਜੇ ਵੀ ਉਨਾਂ ਹੀ ਕਾਰਗਰ ਹੈ । ਸਿੱਟੇ ਵਜੋਂ ਮੇਰੀ ਪ੍ਰਤੀਬੱਧਤਾ ਪ੍ਰਗਤੀਵਾਦੀ ਲੇਖਣੀ ਨਾਲ ਉਵੇਂ ਦੀ ਉਵੇਂ ਬਰਕਰਾਰ ਹੈ । ਪ੍ਰਗਤੀਵਾਦੀ ਲੇਖਣੀ ਹੀ ਸਮਾਜ ਅੰਦਰ ਲਿਤਾੜੇ ਤੇ ਤਿ੍ਸਕਾਰੇ ਲੋਕਾਂ ਦੀ ਬਾਂਹ ਫੜਦੀ ਹੈ

 ----

ਡਾ਼ ਭੁਪਿੰਦਰ ਕੌਰ :-- ਸਿਧਾਂਤਕ ਪ੍ਰਤੀਬੱਧਤਾ ਤੁਹਾਡੀ ਕਹਾਣੀ ਦੀ ਸਿਰਜਨਾ ਵਿਚ ਰੁਕਾਵਟ ਤਾਂ ਨਹੀ ਬਣਦੀ ? ਕੀ ਇਹ ਕਹਾਣੀ ਸਿਰਜਣ ਵਿਚ ਸਹਾਈ ਹੁੰਦੀ ਹੈ ? ਜੇ ਹਾਂ ਤਾਂ ਕਿਉ ? ਭਾਵ ਵਿਸ਼ੇ ਤੀ ਚੋਣ,ਉਸਦੇ ਵਿਸ਼ਲੇਸ਼ਣ ਪਾਤਰਾਂ ਦੀ ਸਿਰਜਣਾ ਅਤੇ ਕਲਾਤਮਿਕਤਾ ਦੀ ਉਸਾਰੀ ਵਿਚ ਇਸਦਾ ਕੀ ਰੋਲ ਹੈ ?

 ਲਾਲ ਸਿੰਘ    :--ਸਿਧਾਂਤਕ ਪ੍ਰਤੀਬੱਧਤਾ ਮੇਰੀ ਕਹਾਣੀ ਦੀ ਸਿਰਜਨਾ ਵਿਚ ਰੁਕਾਵਟ ਬਣਦੀ ਵੀ ਹੈ ਤੇ ਨਹੀ ਵੀ । ਬਣਦੀ ਉਦੋਂ ਹੈ ਜਦੋਂ ਸਥਿਤੀ ਘਟਨਾ ਜਾਂ ਪਾਤਰ ਕਹਿਣ-ਗੋਚਰੀ ਗੱਲ ਦਾ ਹਾਣ ਦੀ ਨਾ ਹੋਵੇ । ਪਰ ਜੇ ਸਥਿਤੀ ਘਟਨਾ ਜਾਂ ਪਾਤਰ ਕਹਿਣ-ਗੋਚਰੀ ਗੱਲ ਦਾ ਹਾਣ ਹੋਵੇ ਜਾਂ ਇਸ ਤੋਂ ਵੀ ਪ੍ਰਭਾਵੀ ਤਾਂ ਸਿਧਾਂਤ,ਪ੍ਰਤੀਬੱਧ, ਕਹਾਣੀ ਸਿਰਜਨਾ ਵਿਚ ਸਹਾਈ ਹੀ ਨਹੀ ਬਹੁਤ ਸਹਾਈ ਹੁੰਦੀ ਹੈ । ਮੇਰੀਆਂ ਜਿਹੜੀਆਂ ਕਹਾਣੀਆਂ ਸਿਧਾਂਤਕ ਟੀਚੇ ਨੂੰ ਪੂਰਵ ਨਿਰਧਾਰਿਤ ਕਰਕੇ ਹੋਂਦ ਵਿੱਚ ਆਈਆਂ ਹਨ ,ਉਹ ਕਹਾਣੀਆਂ ਕਹਾਣੀ ਕਲਾਤਮਿਕਤਾ ਪੱਖੋਂ ਕਮਜ਼ੋਰ ਰਹਿ ਗਈਆਂ ਹਨ । ਪਰ ਜਿਹੜੀਆਂ ਕਹਾਣੀਆਂ ਜੀਵਨ ਵਰਤਾਰੇ ਦੀ ਜਟਿਲਤਾ ਨੂੰ ਬੇਹੱਦ ਸਹਿਜ ਢੰਗ ਨਾਲ ਬਿਆਨ ਕਰਦੀਆਂ ,ਮੇਰੀ ਪ੍ਰਤੀਬੱਧਤਾ ਨੂੰ ਅਛੋਪਲੇ ਜਿਹੇ ਹੀ ਆਪਣੇ ਅੰਦਰ ਸਮੋਂ ਗਈਆਂ ਹਨ,ਸ਼ਾਇਦ ਉਨ੍ਹਾਂ ਕਰਕੇ ਹੀ ਤੁਸੀ ਮੈਨੂੰ ਪ੍ਰਤੀਬੱਧ ਕਹਾਣੀ ਲੇਖਕਾਂ ਦੀ ਸੂਚੀ ਵਿਚ ਸ਼ਾਮਿਲ ਕਰਦੇ ਹੋ ।

ਉਝ ਮੇਰਾ ਵਿਸ਼ਵਾਸ ਹੈ ਕਿ ਨਿਰੋਲ ਕਲਾਤਮਿਕਤਾ ਉਨੀ ਦੇਰ ਕੋਈ ਅਰਥ ਨਹੀਂ ਰੱਖਦੀ ਜਿੰਨੀ ਦੇਰ ਲੇਖਕ ਦੀ ਸਮਾਜਿਕ ਸਿਧਾਂਤਕ ਪ੍ਰਤੀਬੱਧਤਾ ਉਸ ਦੀਆਂ ਲਿਖਤਾਂ ਵਿਚ ਉੱਭਰਵੀ ਨਹੀ ਰੜਕਦੀ । ਇਸ ਸਿਧਾਂਤਕ ਪ੍ਰਤੀਬੱਧਤਾ ਦਾ ਕਲਾਤਮਿਕ ਉਸਾਰੂ ਹੀ ਲੇਖਕ ਅੰਦਰਲੀ ਪ੍ਰਤਿਭਾ ਦੀ ਪਛਾਣ ਬਣਦਾ ਹੈ ।

 ----

ਡਾ਼ ਭੁਪਿੰਦਰ ਕੌਰ :-- ਪੰਜਾਬੀ ਸਾਹਿਤ ਕਹਾਣੀ ਵਿਚ ਉੱਤਰ ਪ੍ਰਗਤੀਵਾਦੀ ਦੌਰ ਦੇ ਕਈਆਂ ਹੋਰਨਾਂ ਸਾਹਿਤਕ ਧਾਰਾਵਾਂ ਲਈ ਮੋਕਲੀ ਸਪੇਸ ਛੱਡ ਦਿੱਤੀ,ਜਿਨਾਂ ਵਿਚ ਪ੍ਰਮੁੱਖ ਦਲਿਤਵਾਦੀ ਸਾਹਿਤ,ਨਾਰੀਵਾਦੀ ਸਾਹਿਤ,ਉੱਤਰ ਆਧੁਨਿਕਦਾਵਾਦੀ ਆਦਿ , ਤੁਹਾਡੀਆਂ ਲਿਖਤਾਂ ਨੇ ਇਹਨਾਂ ਧਾਰਾਵਾਂ ਤੋਂ ਕਿੰਨਾ ਕੁ ਪ੍ਰਭਾਵ ਕਬੂਲਿਆ ਹੈ ?

 ਲਾਲ ਸਿੰਘ  :-- ਇਹ ਠੀਕ ਹੈ ਕਿ ਪ੍ਰਗਤੀਵਾਦੀ ਦੌਰ ਤੋਂ ਪਿਛੋਂ ਅਜੋਕੇ ਸਾਹਿਤਕ ਖੇਤਰ ਵਿਚ ਨਾਰੀਵਾਦ,ਉਤਰ ਆਧੁਨਿਕਤਾ ਵਰਗੀਆਂ ਧਾਰਨਾਵਾਂ ਦੀ ਅਨੁਭੂਤੀ ਨੇ ਆਪਣੇ ਪੈਰ ਸਾਰੇ ਹਨ । ਪਰ ਮੇਰੀ ਸਮਾਜਵਾਦੀ ਯਥਾਰਥਵਾਦੀ ਦ੍ਰਿਸ਼ਟੀ ਤੋਂ ਉਪਰੋਤਕ ਧਾਰਨਾਵਾਂ ਦਾ ਪ੍ਰਭਾਵ ਨਾਂਹ ਤੇ ਬਰਾਬਰ ਹੈ । ਨਾਰੀਵਾਦ ਨੇ ਅੱਧੀ ਕੁ ਸਦੀ ਪਹਿਲਾਂ ਪੱਛਮ ਦੇ ਉੱਤਰ ਉਦਯੋਗ ਪੜਾਅ ਤੇ ਇਸਤਰੀ ਨੂੰ ਆਜ਼ਾਦ ਹੋਂਦ ਅਤੇ ਦੇਹ ਪ੍ਰਦਰਸ਼ਨ ਵਰਗੇ ਸੰਕਲਪਾਂ ਵਿੱਚ ਉਲਝਾ ਕੇ ਨਾਰੀ ਮੁਕਤੀ ਸੰਘਰਸ਼ ਨੂੰ ਬੇਹੱਦ ਨੁਕਸਾਨ ਪਹੁੰਚਾਇਆ । ਪੱਛਮੀ ਸਾਹਿਤ ਅੰਦਰ ਵੇਲਾ ਵਿਹਾ ਚੁੱਕੀ ਇਹ ਲਹਿਰ ਭਾਰਤੀ ਪੰਜਾਬੀ ਸੰਦਰਭ ਵਿੱਚ ਕਿਸੇ ਤਰਾਂ ਵੀ ਸਵੀਕਾਰਨ ਯੋਗ  ਨਹੀ ਬਣੀ ਤੇ ਰਹੀ ਗੱਲ ਉੱਤਰ ਆਧੁਨਿਕਤਾ ਦੀ ਇਸ ਵਾਦ ਨੇ ਜਿਥੇ  ਪੱਛਮੀ ਤਰਕਵਾਦ,ਅਮਰੀਕੀ ਵਿਹਾਰਵਾਦ ਸਮੇਤ ਮਾਰਕਸਵਾਦੀ ਦਵੰਦਵਾਦ ਨੂੰ ਵੀ ਨੈਗਲੈਕਟ ਕੀਤਾ ,ਉਥੇ ਹੁਣ ਤੱਕ ਦੇ ਕੁੱਲ ਇਤਿਹਾਸ ਤੇ ਵੀ ਕਾਟਾ ਮਾਰ ਦਿੱਤਾ ਹੈ ।ਮਾਰਕਸਵਾਦ ਅਨੁਸਾਰ ਯਥਾਰਥ ਮਨੁੱਖੀ ਮਨ ਤੋਂ ਆਜ਼ਾਦ ਹੋਂਦ ਰੱਖਦਾ ਹੈ ਅਤੇ ਮਨੁੱਖ ਇਸ ਨੂੰ ਆਪਣੀਆਂ ਗਿਆਨ ਇਦਰੀਆਂ ਰਾਹੀਂ ਗ੍ਰਹਿਣ ਕਰਕੇ ਅਮਲੀ ਸਰਗਰਮੀ ਵਿਚ ਪਰਖਦਾ ਹੈ । ਉੱਤਰ ਆਧੁਨਿਕਤਾ ਯਥਾਰਥ ਨੂੰ ਸਿਰਫ਼ ਤੇ ਸਿਰਫ਼ ਮਨ ਦੀ ਸਿਰਜਨਾ ਗਰਦਾਨਦੇ ਹਨ । ਇਵੇਂ ਹੀ ਉੱਤਰ ਆਧੁਨਿਕਤਾਵਾਦੀ,ਆਧੁਨਿਕ ਚਿੰਤਨ ਦਾ ਬੇਲੋੜਾ ਵਿਰੋਧ ਕਰਦੇ ਹਨ । ਹੋਰ ਵੀ ਕਈ ਸਾਰੇ ਨੁੱਕਤੇ ਹਨ ਜਿਨ੍ਹਾਂ ਕਾਰਨ ਭਾਰਤੀ ਪੰਜਾਬੀ ਸਮਾਜ ਆਪਣੀ ਮੌਜੂਦਾ ਸੰਰਚਨਾ ਕਾਰਨ ਅਜੇ ਤਕ ਉੱਤਰ ਆਧੁਨਿਕਤਾ ਦੇ ਗਿਆਨ ਸ਼ਾਸ਼ਤਰ ਨੂੰ ਪ੍ਰਵਾਹ ਕਰਨ ਦੇ ਯੋਗ ਨਹੀ ਹੋਇਆ , ਪਿੰਡਾਂ ਦੇ ਧਰਾਤਲ ਨਾਲ ਜੁੜੀਆਂ ਮੇਰੀਆਂ ਕਹਾਣੀਆਂ ਤਾਂ ਅਜਿਹੇ ਬੇਲੋੜੇ ਤੇ ਬੋਝਲ ਜਿਹੋ ਸੰਕਲਪਾਂ ਤੋਂ ਕੋਹਾਂ ਦੂਰ ਹਨ ।

 ----

ਡਾ਼ ਭੁਪਿੰਦਰ ਕੌਰ :-- ਪੰਜਾਬ ਤ੍ਰਾਸਦੀ ਨਾਲ ਸੰਬੰਧਿਤ ਕਹਾਣੀਆਂ ਦਾ ਵਿਸ਼ਲੇਸ਼ਣ ਆਮ ਤੌਰ ਤੇ ਉਪਭਾਵੁਕ ਰਿਹਾ ਹੈ ਅਤੇ ਕਲਾਤਮਿਕਤਾ ਸਤੱਹੀ ਕਿਸਮ ਦੀ । ਕੀ ਤੁਸੀ ਸਮਝਦੇ ਹੋ ਕਿ ਤੁਹਾਡੀਆਂ ਕਹਾਣੀਆਂ ਵਿਚ ਸਮੱਸਿਆ ਨੂੰ ਡੂੰਘਾਈ ਤੱਕ ਕਲਾਤਮਿਕ ਢੰਗ ਨਾਲ ਫੜਨ ਦੀ ਕਾਮਯਾਬ ਕੋਸ਼ਿਸ਼ ਹੋਈ ਹੈ ? ਦੂਜੇ ਕਹਾਣੀਕਾਰਾਂ ਨਾਲੋਂ ਤੁਹਾਡੇ ਵਿਸ਼ਲੇਸ਼ਣ ਵਿਚ ਕੀ ਅੰਤਰ ਹੈ ?

 ਲਾਲ ਸਿੰਘ  :-- ਪੰਜਾਬ ਤ੍ਰਸਦੀ ਨਾਲ ਸੰਬੰਧਤ ਕਹਾਣੀਆਂ ਦਾ ਵਿਸ਼ਲੇਸ਼ਣ ਆਮ ਤੌਰ ਤੇ ਉਪਭਾਵੁਕ ਰਿਹਾ ਤੇ ਕਲਾਤਮਿਕਤਾ ਸਤੱਹੀ ਪੱਧਰ ਦੀ । ਇਹ ਦੋਸ਼ ਕਹਾਣੀ ਤੇ ਸ਼ਾਇਦ ਇਸ ਲਈ ਲੱਗਾ ਕਿ ਸਾਡੇ ਸਿਰਮੌਰ ਕਹਾਣੀ ਲੇਖਕ ਮਾਨਵਵਾਦੀ ਹੋਣ ਦਾ ਭਰਮ ਪਾਲਦੇ,ਆਮ ਸਧਾਰਨ ਵਾਂਗ ਹੀ ਹਿੰਦੂ ਲੇਖਕ ਜਾਂ ਸਿੱਖ ਲੇਖਕ ਹੋਣ ਦੀ ਅਭਿਵਿਅਕਤੀ ਤੋਂ ਉੱਪਰ ਉਠਣ ਦੀ ਚੇਸ਼ਟਾ ਨਹੀ ਕਰ ਸਕੇ । ਕੁਝ ਇੱਕ ਕਹਾਣੀਆਂ ਬਾਰੇ ਤਾਂ ਇਥੋਂ ਤੱਕ ਕਿਹਾ ਜਾਂਦਾ ਹੈ ਕਿ ਹੁਣ ਦੀ ਸੁਧਰੀ ਵੰਗਣੀ ਨਾਲੋਂ ਖਰੜਾ ਫਾਰਮ ਵਿਚ ਲਿਖਿਆ ਇਹ ਕਹਾਣੀਆਂ ਪੰਜਾਬੀ ਭਾਈਚਾਰਕ ਏਕਤਾ ਨੂੰ ਜਨੂੰਨਵਾਦੀਆਂ ਵਲੋਂ ਵੱਧ ਢਾਅ ਲਾ ਸਕਦੀਆਂ ਸਨ । ਅਜਿਹਾ ਦੋਸ਼ ਕੇਵਲ ਉਨ੍ਹਾਂ ਸਾਹਿੱਤਕਾਰਾਂ ਦੀਆਂ ਕਿਰਤਾਂ ਉੱਪਰ ਹੀ ਲੱਗਦਾ ਜਿਹੜੇ ਸਮਾਜਿਕ,ਸਿਧਾਂਤਕ ਪ੍ਰਤੀਬੱਧਤਾ ਨਾਲੋਂ ਸਾਹਿਤਕ ਪ੍ਰਸਿੱਧੀ ਵੱਲ ਵਧੇਰੇ ਰੁਚਿਤ ਰਹੇ ਹਨ ।

ਮੇਰੀਆਂ ਕਹਾਣੀਆਂ ਚੂੰ ਕਿ ਅਜਿਹੀ ਕਾਹਲ ਵਿਚ ਨਹੀ ਹਨ । ਇਹ ਸਮੱਸਿਆ ਦੀ ਡੂੰਘਾਈ ਵਿਚ ਜਾਣ ਦਾ ਨਿਗੂਣਾ ਜਿਹਾ ਯਤਨ ਕਰਦੀਆਂ ਹਨ,ਹੁਣ ਦੀ ਬਦਲੀ ਸਮਾਜਿਕ ਹਾਲਤ ( ਉੱਤਰ-ਤ੍ਰਸਦੀ) ਅੰਦਰ ਵੀ ਆਪਣਾ ਬਹੁਤਾ ਨਹੀ ਤਾਂ ਥੋੜਾ ਕੁ ਜਿੰਨਾ ਮੁੱਲ ਬਣਾਈ ਰੱਖਣ ਦੀ ਯੋਗਤਾ ਰੱਖਦੀਆਂ ਹਨ । ਸ਼ਰਤ ਇਹ ਹੈ ਕਿ ਇਨਾਂ ਦੇ ਪਾਠਕਾਂ ਦੀ ਰੁਚੀ ਨਿਰੋਲ ਸੌਂਦਰਯਾਵਾਦੀ ਨਾ ਹੋਵੇ ।

 ----

ਡਾ਼ ਭੁਪਿੰਦਰ ਕੌਰ :-- ਤੁਹਾਡੀਆਂ ਕਹਾਣੀਆਂ ਵਿੱਚ ਢੇਰ ਸਾਰੇ ਪਾਂਤਰ ਆਉਦੇ ਹਨ । ਉਨਾਂ ਵਿਚੋਂ ਪਛਾਨਯੋਗ ਕੁਝ ਇਕ ਹੀ ਹਨ । ਦੂਸਰੇ ਛੋਟੇ ਛੋਟੇ ਪਾਤਰਾਂ ਨੂੰ ਲਿਆਉਣ ਦਾ ਤੁਹਾਡਾ ਮੰਤਵ ਕੀ ਹੁੰਦਾ ਹੈ ਤੇ ਇਨ੍ਹਾਂ ਦੇ ਕਹਾਣੀਆਂ ਸੰਦਰਭ ਵਿਚ ਕੀ ਸਾਰਥਕਤਾ ਹੈ ? ਇਨ੍ਹਾਂ ਦੀ ਵਿਅਕਤੀਗਤ ਹੋਂਦ ਸਪਸ਼ਟ ਕਿਉ ਨਹੀਂ ਹੈ ? ਇਹ ਪਾਤਰ ਇਕ ਦੂਸਰੇ ਵਰਗੇ ਹੀ ਕਿਉਂ ਹੰਦੇ ਹਨ ?

 ਲਾਲ ਸਿੰਘ    :-- ਮੇਰੀਆਂ ਕਹਾਣੀਆਂ ਵਿਚ ਪਾਤਰਾਂ ਦੇ ਬਹੁਤਾਤ ਵਿਚ ਆਉਣਾ ਪਿੱਛੇ ਕੋਈ ਉਚੇਚਾ ਜਾਂ ਖ਼ਾਸ ਕਾਰਨ ਨਹੀ । ਹਾਂ , ਕਹਾਣੀ ਦਾ ਮੁੱਖ ਸਰੋਕਾਰ ਇਸ ਸਥਿਤੀ ਨੂੰ ਰੂ-ਬ-ਰੂ ਹੁੰਦਾ ਹੈ । ਇਸ ਸਰੋਕਾਰ ਨਾਲ ਸੰਬੰਧਤ ਜਿਹੜਾ ਵੀ ਪਾਤਰ ਰਾਹ ਵਿਚ ਟਕਰਦਾ ਹੈ ਉਹ ਜਾਂ ਸਥਿਤੀ ਨੂੰ ਸੰਘਣਾ ਕਰਨ ਵਿਚ ਸਹਾਈ ਹੁੰਦਾ ਹੈ ਜਾਂ ਮੁੱਖ ਪਾਤਰ ਦੇ ਸਰੋਕਾਰ ਦਾ ਭਾਈਵਾਲ ਹੁੰਦਾ ਹੈ । ਕੋਈ  ਵੀ ਪਾਤਰ ਬੇਲੋੜਾ ਤੇ ਬੋਝਲ ਨਹੀ ਹੁੰਦਾ । ਉਸ ਦਾ ਆਪਣਾ ਇਕ ਅਸਤਿਤਵ ਹੋਵੇਗਾ । ਉਹ ਆਪਣਾ ਕਾਰਜ ਆਪਣੀ ਸੀਮਾ ਤੱਕ ਨਿਭਾ ਕੇ ਆਪਣੀ ਥਾਂ ਅਟਕਿਆ ਰਹਿੰਦਾ ਹੈ । ਮੁੱਖ ਪਾਤਰ ਵਾਂਗ ਉਸ ਦੀ ਕਹਾਣੀ ਦੇ ਮੁੱਖ ਸਰੋਕਾਰ ਨਾਲ ਬਹੁਤੀ ਚਿੰਤਾ ਨਹੀ ਹੁੰਦੀ । ਇਸ ਨਹੀ ਉਸ ਦੀ ਹੋਂਦ ਉਸਦੇ ਵਿਅਕਤੀਤਵ ਜਿੰਨੀ ਹੀ ਉਭਰਦੀ ਹੈ ,ਇਸ ਤੋਂ ਵੱਧ ਨਹੀਂ । ਮੁੱਖ ਪਾਤਰ ਦੇ ਰਾਹ ਵਿਚ ਆਉਣ ਵਾਲੇ ਸਾਰੇ ਪਾਤਰ ਇਕ ਦੂਜੇ ਵਰਗੇ ਨਹੀ ਹੁੰਦੇ । ਕੋਈ ਵੀ ਇਕ ਦੂਜੇ ਵਰਗਾ ਨਹੀ ਹੋ ਸਕਦਾ । ਉਂਝ ਉਹ ਜਮਾਤੀ ਵੰਡ ਦੀ ਸੀਮਾ ਤੋਂ ਬਾਹਰ ਰਹਿ ਕੇ ਵੀ ਦੋ ਤਰ੍ਹਾਂ ਹੋਣਗੇ ਇਕ ਕਹਾਣੀ ਦੇ ਮੁੱਖ ਸਰੋਕਾਰ ਨਾਲ ਗੁੱਥਮ ਹੋਏ ਮੁੱਖ ਪਾਤਰ ਦੇ ਹਿਤ-ਹਿਤੇਸ਼ੀ ਅਤੇ ਦੂਜੇ ਉਸਦੇ ਵਿਰੋਧੀ । ਪ੍ਰਤੀਬੱਧਤਾ ਅਜਿਹੇ ਪਾਤਰਾਂ ਦੀ ਹੋਂਦ ਤੋਂ ਬਿਨਾਂ ਪ੍ਰਗਟਾਈ ਹੀ ਨਹੀ ਜਾ ਸਕਦੀ ।

 ----

ਡਾ਼ ਭੁਪਿੰਦਰ ਕੌਰ :-- ਕਹਾਣੀ ਨੂੰ ਸਿਰਜਨਾ ਲਈ ਤੁਸੀਂ ਸਚੇਤ ਤੌਰ ਤੇ ਕਿਹੜੀਆਂ ਕਲਾਤਮਕ ਵਿਧੀਆਂ ਦੀ ਵਰਤੋਂ ਕੀਤੀ ਹੈ ਜਿਵੇਂ ਕੁਝ ਇਕ ਤਾਂ ਪਛਾਣੀਆਂ ਜਾਂਦੀਆਂ ਜਿਵੇਂ ਪਿੱਛਲ ਝਾਤ,ਚੇਤਨਾ ਪ੍ਰਵਾਹ,ਵਿਅੰਗ ਆਦਿ । ਇਸ ਤੋਂ ਇਲਾਵਾ ਹੋਰ ?

 ਲਾਲ ਸਿੰਘ   :--  ਪਿੱਛਲ ਝਾਤ,ਚੇਤਨਾ ਪ੍ਰਵਾਹ,ਵਿਅੰਗ ਦੀ ਵਿਧੀ ਤੋਂ ਉਪਰੰਤ ਕੁਝ ਇਕ ਕਹਾਣੀਆਂ ਵਿਚ ਵਰਣਾਤਮਿਕ ਵਿਧੀ,ਆਤਮ ਕਥਾਤਮਿਕ ਵਿਧੀ ( ਧੁੰਦ ) , ਪ੍ਰਤੀਕਤਮਕ ਵਿਧੀ ( ਪਹਿਲੀ ਤੋਂ ਅਗਲੀ ਝਾਕੀ ),ਨਾਟਕੀ ਵਿਧੀ (ਜੜ੍ਹ) ਆਦਿ ਦੀ ਵਰਤੋਂ ਵੀ ਹੋਈ ਹੈ ।ਲਿਖਤ-ਸਥਿਤੀ ਕਿਸੇ ਵੀ ਇੱਕ ਵਿਧੀ ਰਾਹੀ ਨੇਪੜੇ ਨਹੀ  ਚਾੜ੍ਹੀ ਜਾ ਸਕਦੀ । ਕਹਾਣੀ ਦਾ ਉਸਾਰ ਥਾਂ ਲੋੜ ਅਨੁਸਾਰ ਵਿਧੀ ਨੂੰ ਬਦਲਦਾ ਪਰਤਦਾ ਰਹਿੰਦਾ ਹੈ ।

 ----

ਡਾ਼ ਭੁਪਿੰਦਰ ਕੌਰ :-- ਤੁਹਾਡੀ ਕਹਾਣੀ ਲੇਖਕ ਵਜੋਂ ਬਣੀ ਪ੍ਰਗਤੀਵਾਦੀ ਪ੍ਰਤੀਬੱਧ ਕਹਾਣੀਕਾਰ ਦੀ ਪਛਾਣ ਅੱਧੇ ਅਧੂਰੇ ਕਹਾਣੀ ਸੰਗ੍ਰਹਿ ਨਾਲ ਦਲਿਤ ਸਾਹਿਤ ਲੇਖਣੀ ਵੱਲ ਵਧੇਰੇ ਝੁਕਾਅ ਰੱਖਦੀ ਜਾਪਦੀ ਹੈ , ਇਸਦਾ ਕੀ ਕਾਰਨ ਸਮਝਿਆ ਜਾਵੇ ?

 ਲਾਲ ਸਿੰਘ : -- ਅੱਧੇ ਅਧੂਰੇ ਕਹਾਣੀ ਸੰਗ੍ਰਹਿ ਦੀਆਂ ਕਹਾਣੀਆਂ ਦਲਿਤ ਸਾਹਿਤ ਲੇਖਣੀ ਦੇ ਵੱਧ ਨੇੜੇ ਹਨ । ਇਸ ਵਿਚ ਕੋਈ ਸ਼ੱਕ ਦੀ ਗੁਜਾਇਸ਼ ਨਹੀਂ , ਪਰ ਇਨ੍ਹਾਂ ਕਹਾਣੀਆਂ ਨੂੰ ਦਲਿਤ ਕਹਾਣੀਆਂ ਬਿਲਕੁਲ ਨਹੀ ਕਿਹਾ ਜਾ ਸਕਦਾ । ਇਸ ਤੱਥ ਨੂੰ ਸਪਸ਼ਟ ਕਰਨ ਲਈ ਮੈਂ ਇਹ ਕਹਿਣ ਦੀ ਖੁੱਲ ਲਵਾਂਗਾ ਕਿ ਦਲਿਤ ਸਾਹਿਤ ਦੇ ਸੰਕਲਪ ਕਰਨ ਲਈ ਇਸ ਦੇ ਵਿਚਾਰਵਾਨਾਂ  ਨੇ ਸੌੜੀ ਪਰਿਭਾਸ਼ਾ ਅੰਦਰ ਜਗੜ ਦਿੱਤਾ , ਭਾਵ ਕਿ ਸਿਰਫ਼ ਜਾਤਾਂ-ਬਰਾਦਰੀਆਂ ਦੀ ਵਲਗਣ ਤੱਕ ਸੀਮਤ ਸਮਾਜ ਦੇ ਹੋਰਨਾਂ ਨਾਮ-ਨਿਹਾਦ ਉੱਚ ਵਰਗਾਂ ਵਿਚ ਵੀ ਦੇਖੀ ਜਾ ਸਕਦੀ ਹੈ । ਅਸਲ ਵਿੱਚ ਭਾਰਤੀ ਸਮਾਜ ਜਮਾਤੀ ਵੰਡ ਤੇ ਜਮਾਤੀ ਲੁੱਟ ਦੇ ਨਾਲ ਨਾਲ ਸਦੀਆਂ ਤੋਂ ਚੱਲੀ ਆ ਰਹੀ ਜਾਤ-ਅਧਾਰਤ ਸਮਾਜਿਕ ਉਤਪੀੜਨ ਦਾ ਵੀ ਸ਼ਿਕਾਰ ਰਿਹਾ ਹੈ ,ਜਿਸ ਵੱਲ ਪ੍ਰਗਤੀਵਾਦੀ ਸਾਹਿਤ ਨੇ ਮੁਕਾਬਲਤਨ ਘੱਟ ਧਿਆਨ ਦਿੱਤਾ ।ਪ੍ਰਗਤੀਵਾਦੀ ਸਾਹਿਤ ਜੋ ਜਮਾਤੀ ਸੰਘਰਸ਼ ਨੂੰ ਪਹਿਲ ਤੇ ਰੱਖਦਾ ਰਿਹਾ ਤਾਂ ਹੁਣ ਦਲਿਤ ਸਾਹਿਤ ਵੀ ਉਹੋ ਉਲਾਰ ਦਿ੍ਸ਼ਟੀ ਅਪਨਾ ਕੇ ਕੇਵਲ ਜਾਤੀ ਸੰਘਰਸ਼ ਨੂੰ ਪਹਿਲ ਦੇ ਆਧਾਰ ਤੇ ਚਿਤਰ ਰਿਹਾ ਹੈ ।ਮੇਰੀਆਂ ਅੱਧੇ ਅਧੂਰੇ ਸੰਗ੍ਰਹਿ ਵਿਚਲੀਆਂ ਕਹਾਣੀਆਂ ਇਨ੍ਹਾਂ ਦੋਨਾਂ ਕੁਰਾਹਿਆਂ ਤੋਂ ਬਚ-ਬਚਾ ਕੇ ਚਲਣ ਦੇ ਯਤਨ ਵਿਚ ਹਨ ।ਸ਼ਾਇਦ ਇਸ ਲਈ ਇਹ ਤੁਹਾਨੂੰ ਦਲਿਤ-ਸਾਹਿੱਤ ਤੇ ਵਧੇਰੇ ਨੇੜੇ ਜਾਪਦੀਆਂ ਹਨ । ਇਸ ਤੱਥ ਨੂੰ ਇਉਂ ਵੀ ਪੇਸ਼ ਕੀਤਾ ਜਾ ਸਕਦਾ ਹੈ ਕਿ ਅਜੋਕੇ ਗੰਧਲੇ ਜਿਹੇ ਸਾਹਿਤਕ ਮਾਹੌਲ ਜਿਸ ਵਿਚ ਅਯੋਗ ਲਿੰਗਿਕ ਰਿਸ਼ਤੇ ,ਨੰਗੇਗਵਾਦ, ਨਾਰੀਵਾਦ ਵਰਗੇ ਪ੍ਰਭਾਵ ਦੇਖਣ ਨੂੰ ਮਿਲਦੇ ਹਨ ,ਮੇਰੀ ਅਨੁਭੂਤੀ ਭਾਰਤੀ ਪੰਜਾਬੀ ਸਮਾਜ ਦੇ ਦਲਿਤ ਵਰਗ ਨਾਲ ਵਧੇਰੇ ਜੁੜਦੀ ਹੈ ਇਹ ਪ੍ਰਭਾਵ ਕਹਾਣੀਆਂ ਵਿਚ ਪ੍ਰਗਟ ਹੋਣਾ ਸੁਭਾਵਕ ਵੀ ਹੈ ।

 -----

ਡਾ਼ ਭੁਪਿੰਦਰ ਕੌਰ :--  ਤੁਹਾਡੀ ਕਹਾਣੀ ਦੇ ਦੁਆਬੀ ਮੁਹਾਬਰੇ ਉਪਰ ਕਾਫੀ ਚਰਚਾ ਹੋਈ ਹੈ ? ਕੀ ਤੁਸੀ ਇਸ ਨੂੰ ਆਪਣੀ ਪ੍ਰਾਪਤੀ ਮੰਨਦੇ ਹੋ ਜਾਂ ਇਸ ਬਾਰੇ ਹੋਰ ਕਹਿਣਾ ਚਾਹੋਗੇ ?

 ਲਾਲ ਸਿੰਘ : - ਮੇਰੀ ਕਹਾਣੀ ਦੇ ਦੁਆਬੀ ਮੁਹਾਬਰੇ ਉਪਰ ਕਾਫੀ ਚਰਚਾ ਹੋਈ ਤਾਂ ਹੈ ਇਕ ਤਰ੍ਹਾਂ ਨਾਲ ਇਸਨੂੰ ਪ੍ਰਾਪਤੀ ਹੀ ਗਿਣਾਂਗਾ ਕਿਉਕਿਂ ਮਾਲਵਾ ਖੇਤਰ ਦੇ ਕੁਝ ਇਕ ਆਲੋਚਕਾ ਅਤੇ ਲੇਖਕਾਂ ਦਾ ਕਦੀ ਕਦਾਈ ਐਨਾਨਨਾਮਾ ਸੁਣਨ ਨੂੰ ਮਿਲਦਾ ਸੀ ਕਿ ਦੁਆਬੀ ਭਾਸ਼ਾ ਪਾਸ ਤਾਂ ਕਹਾਣੀ ਡਿਕਸ਼ਨ ਹੀ ਕੋਈ ਨਹੀ , ਕਹਾਣੀ-ਮੁਹਾਵਰਾ ਹੀ ਕੋਈ ਨਹੀ । ਮੇਰੀਆਂ ਕਹਾਣੀਆਂ ਉਹਨਾਂ ਆਲੋਚਕਾਂ ਅਤੇ ਲੇਖਕਾਂ ਦੀ ਹਉਮੈ ਦਾ ਉਤਰ ਸਮਝੋ ਜਾਂ ਮੇਰੀ ਭਾਸ਼ਾਈ ਸੀਮਾ ਕਿ ਮੈਂ ਸੁਚੇਤ ਹੋ ਕੇ ਦੁਆਬੀ-ਮੁਹਾਵਰੇ ਦੀ ਵਰਤੋਂ ਕੀਤੀ ਹੈ । ਉਪ ਬੋਲੀਆਂ ਦੇ ਕਹਾਣੀ ਮੁਹਾਵਰੇ ਦੀਆਂ ਪੂਰਬਲੀਆਂ ਉਦਹਰਨਾਂ ਵਾਂਗ । ਭਾਵੇਂ ਮੈਂ ਨਿੱਜੀ ਤੌਰ ਤੇ ਅਜਿਹੀਆਂ ਭਾਸ਼ਾਈ ਵੰਡੀਆਂ ਦੇ ਹੱਕ ਵਿਚ ਨਹੀ ਪਰ ਵਿਸ਼ਵੀਕਰਨ ਦੇ ਦੌਰ ਵਿਚ ਇਲਾਕਈ ਸਭਿਆਚਾਰਾਂ ਦਦੀ ਪਛਾਣ ਨੂੰ ਪ੍ਰਫੁੱਲਤ ਕਰਨਾ ਸ਼ਾਇਦ ਮਨੁੱਖ ਦੀ ਮਾਨਸਿਕ ਤਿ੍ਪਤੀ ਲਈ ਜ਼ਰੂਰੀ ਵੀ ਬਣਦਾ ਹੋਵੇ ।

 ----

ਡਾ਼ ਭੁਪਿੰਦਰ ਕੌਰ :-- ਕੀ ਤੁਸੀ ਆਪਣੇ ਹੁਣ ਤੱਕ ਲਿਖੇ ਤੇ ਸੰਤਸ਼ਟ ਹੋ ?

 ਲਾਲ ਸਿੰਘ :- ਨੈਪੋਲੀਅਨ ਬੋਨਾਪਾਰਟ ਨੇ ਕਿਧਰੇ ਕਿਹਾ ਸੀ ਕਿ ਅਸੰਭਵ ਸ਼ਬਦ ਕੇਵਲ ਮੂਰਖਾਂ ਦੇ ਸ਼ਬਦ ਕੋਸ਼ ਵਿਚ ਹੀ ਮਿਲਦਾ ਹੈ । ਪਰ ਨਹੀ ਇਹ ਸ਼ਬਦ ਸਾਹਿਤਕ ਕਾਮਿਆਂ ਦੇ ਸ਼ਬਦ ਭੰਡਾਰ ਵਿਚੋਂ ਵੀ ਢੂੰਡਿਆਂ ਜਾ ਸਕਦਾ ਹੈ ਕਿੳਕਿਂ ਲੇਖਕ ਅਤੇ ਸੰਤੁਸ਼ਟੀ ਦਾ ਆਪਸ ਵਿਚ ਕੋਈ ਰਿਸ਼ਤਾ ਨਹੀ ,ਕੋਈ ਸੁਮੇਲ ਨਹੀ । ਲੇਖਕ ਇਕ ਕਿਰਤ ਘੜ ਕੇ ਦੂਜੀ ਲਈ ਤਰਲੋਮੱਛੀ ਹੋ ਤੁਰਦਾ ਹੈ । ਸੰਤੁਸ਼ਟੀ ਦੀ ਪ੍ਰਾਪਤੀ ਉਸ ਲਈ ਅਸੰਭਵ ਸ਼ਬਦ ਦੀ ਹੋਂਦ ਵਰਗੀ ਹੈ । ਜੇ ਕੋਈ ਇਹ ਆਖੇ ਕਿ ਮੈਂ ਆਪਣੇ ਲਿਖੇ ਤੋਂ ਸੰਤੁਸ਼ਟ ਹੋ ਗਿਆ ਹਾਂ ਤਾਂ ਸਮਝੋ ਉਸ ਅੰਦਰਲਾ ਸਾਹਿਤਕਕਾਰ ਜਾਂ ਖੜੌਦ ਵਿਚ ਹੈ ਜਾਂ ਸਮਾਪਤ ਹੈ । ਜਦੋਂ ਤੱਕ ਲੇਖਕ ਦੀ ਸਾਹਿਤਕ ਸੰਵੇਦਨਾ ਸੁਪਨਸਾਜ਼ਾਂ ਵਿਚੋਂ ਹੀ ਹਾਂ ਜਿਨ੍ਹਾਂ ਦੀਆਂ ਅਜੇ ਤੱਕ ਕਹਾਣੀ ਲਿਖਤਾਂ ਨਾਲ ਸੰਤੁਸ਼ਟੀ ਨਹੀਂ ਹੋਈ । ਤਾਂ ਵੀ ਤੁਹਾਡੇ ਇਸ ਪ੍ਰਸ਼ਨ ਦਾ ਚਿਤ ਕਰਨ ਲਈ ਏਨਾ ਕੁ ਤਾਂ ਕਿਹਾ  ਜਾ ਸਕਦਾ ਹੈ ਕਿ ਮੈਨੂੰ ਇਕ ਤੋਂ ਬਾਅਦ ਇਕ ਕਹਾਣੀ ਲਿਖ ਕੇ ਥੋੜੀ ਕੁ ਤਸੱਲੀ ਜ਼ਰੂਰ ਮਿਲਦੀ ਹੈ ।

 ----

ਡਾ਼ ਭੁਪਿੰਦਰ ਕੌਰ :-- ਤੁਹਾਡੀਆਂ ਕਹਾਣੀਆਂ ਨੂੰ ਕਿਸ ਪੱਧਰ ਦੀ ਮਾਨਤਾ ਮਿਲੀ ?

 ਲਾਲ ਸਿੰਘ   :-- ਇਹ ਦੱਸਣਾ ਬੜੀ ਅਜੀਬ ਉਲਝਣ ਹੈ । ਜੇ ਤੁਸੀ ਸਰਕਾਰੇ ਦਰਬਾਰੇ ਵਾਲੀ ਮਾਨਤਾ ਬਾਰੇ ਪੁਛਿਆ ਹੈ ਤਾਂ ਮੇਰਾ ਉੱਤਰ ਇਹ ਹੈ ਕਿ ਇਹ ਸਰਕਾਰਾਂ-ਦਰਬਾਰਾਂ ਨੂੰ ਪ੍ਰਸੰਨ ਕਰਨ ਲਈ ਲਿਖੀਆ ਹੀ ਨਹੀਂ ਗਈਆਂ , ਇਹ ਤਾਂ ਉਨ੍ਹਾਂ ਲੋਕਾਂ ਦੀਆਂ ਕਹਾਣੀਆਂ ਹਨ ਜਿਹਨਾਂ ਦੀ ਇਸ ਪ੍ਰਬੰਧ ਵਿਚ ਕੋਈ ਰਸਾਈ ਨਹੀਂ । ਜਿਹੜੇ ਲੋਕ ਸਰਕਾਰਾਂ ਦੀਆਂ ਅੱਖਾਂ ਵਿਚ ਰੋੜਾਂ ਵਾਂਗ ਰੜਕਦੇ ਹਨ , ਫਿਰ ਉਸ ਘਰੋਂ ਮਾਨਤਾ ਕਿਵੇਂ ਮਿਲ ਸਕਦੀ ਹੈ । ਹਾਂ ਪਲਕ ਪੰਜਾਬ ਜ਼ਿਲਾ ਗੁਰਦਾਸਪੁਰ ਦੀਆ ਸਭਾਵਾਂ ਵੱਲੋਂ ਦਿੱਤਾ ਸੁਜਾਨ ਸਿੰਘ ਅਵਾਰਡ,ਸੌ੍ਮਣੀ ਪੰਜਾਬੀ ਕਹਾਣੀਕਾਰ ਅਵਾਰਡ ਪੰਜਾਬ ਅਤੇ ਹੋਰ ਕੋਈ 20 ਕੁ ਸਾਹਿਤ ਸਭਾਵਾਂ ਵੱਲੋਂ ਮਿਲੀ ਮਾਨਤਾ ਹੀ ਮੇਰੇ ਲਈ ਵੱਡੀ ਪ੍ਰਾਪਤੀ ਹੈ । 6 ਖੋਜਾਰਥੀਆਂ ਵੱਲੋਂ ਐਮ ਫਿਲ ਅਤੇ ਡਾਕਟਰੀ ਦੀਆਂ ਡਿਗਰੀਆਂ ਵੀ ਮਾਨਤਾ ਵਿੱਚ ਸ਼ਾਮਿਲ ਹੋ ਸਕਦੀਆਂ ਹਨ ।

 ----

ਡਾ਼ ਭੁਪਿੰਦਰ ਕੌਰ :-- ਕੀ ਕਹਾਣੀ ਤੋਂ ਇਲਾਵਾ ਕਿਸੇ ਹੋਰ ਰੂਪ ਵੱਲ ਮੁੜਨ ਦੀ ਇੱਛਾ ?

 ਲਾਲ ਸਿੰਘ   :-- ਨਾ ਜੀ ਨਾ , ਕਹਾਣੀ ਰੂਪ ਹੀ ਸਾਭਿਆਂ ਜਾਏ ਤਾਂ ਏਨਾ ਹੀ ਬਹੁਤ ਹੈ । ਬਹੁਰੂਪੀਏ ਹੋਣਾ ਮੇਰੀ ਸਮਰੱਥਾ ਤੋਂ ਬਾਹਰ ਦੀ ਗੱਲ ਹੈ ।

 

 

                                          -------------------------------


ਸਵ. ਤਲਵਿੰਦਰ ਸਿੰਘ ਵੱਲੋਂ ਕਹਾਣੀਕਾਰ ਲਾਲ ਸਿੰਘ ਦਸੂਹਾ ਨਾਲ ਕੀਤੀ ਯਾਦਗਾਰ ਮੁਲਾਕਾਤ (ਯਾਦਾਂ ਦੇ ਝਰੋਖੇ ਚੋਂ..)

ਸਾਹਿਤਕਾਰਤਾ ਹੀ ਪ੍ਰਤੀਬੱਧਤਾ ਹੈ : ਲਾਲ ਸਿੰਘ

ਲਾਲ ਸਿੰਘ ਪੰਜਾਬੀ ਕਹਾਣੀ ਦਾ ਇੱਕ ਸਮਰੱਥ ਕਹਾਣੀਕਾਰ ਹੈ । ਮਾਰਖੋਰੇ (1984 ), ਬਲੌਰ (1988) , ਧੁੱਪ-ਛਾਂ (1990 ) , ਕਾਲੀ ਮਿੱਟੀ (1998) ,ਅੱਧੇ ਅਧੂਰੇ (2003) , ਗੜ੍ਹੀ ਬਖਸ਼ਾ ਸਿੰਘ(2009) ਅਤੇ ਸੰਸਾਰ ਨਾਂਅ ਦੇ ਕਹਾਣੀ ਸੰਗ੍ਰਹਿ ਉਸ ਨੇ ਪੰਜਾਬੀ ਮਾਂ-ਬੋਲੀ ਦੀ ਝੋਲੀ ਪਾਏ । ਉਸ ਦੀਆਂ ਕਹਾਣੀਆਂ ਵਿੱਚ ਕਮਾਲ ਦੀ ਸਹਿਜਤਾ ਹੈ । ਨਿੱਕੇ ਨਿੱਕੇ ਵੇਰਵਿਆਂ ਨੂੰ ਉਹ ਬੜੀ ਖੂਬਸੂਰਤੀ ਨਾਲ ਪੇਸ਼ ਕਰਦਾ ਹੈ ਫਿਲਹਾਲ ਉਸ ਨਾਲ ਕੀਤੀ ਮੁਲਾਕਾਤ ਦੇ ਕੁਝ ਅੰਸ਼ ਪੇਸ਼ ਹਨ :

? ਲਾਲ ਸਿੰਘ ਜੀ , ਥੋੜ੍ਹੀ ਕੁ ਆਪਣੇ ਪਰਵਾਰਕ ਪਿਛੋਕੜ ਵੱਲ ਝਾਤ ਪੁਆਓ ।

-ਮੇਰਾ ਜਨਮ ਪਿੰਡ ਝੱਜਾਂ ਜ਼ਿਲ੍ਹਾ ਹੁਸ਼ਿਆਰਪੁਰ ਦਾ ਹੈ । ਤਾਰੀਖ ਤੇ ਸਾਲ ਬਾਰੇ ਕੋਈ ਨਿਸ਼ਚਿਤ ਜਾਣਕਾਰੀ ਨਹੀ । ਮੇਰੀ ਮਾਤਾ ਨੇ ਦੱਸਿਆ ਕਿ ਮੈਂ ਅੱਠ ਵਿਸਾਖ ਨੂੰ ਪੈਦਾ ਹੋਇਆ ਤੇ ਤਾਏ ਦੇ ਮੁਤਾਬਕ ਉਦੋਂ ਦੂਜੀ ਵੱਡੀ ਜੰਗ ਸ਼ੁਰੂ ਹੋਏ ਨੂੰ ਢਾਈ ਵਰ੍ਹੇ ਹੋਏ ਸਨ । ਇਓ ਹਿਸਾਬ –ਕਿਤਾਬ ਜੋੜ ਕੇ 20 ਅਪਰੈਲ 1940 ਬਣਾ ਲਿਆ ਗਿਆ । ਅਸੀਂ ਰਾਮਗੜ੍ਹੀਆ ਪਰਵਾਰ ਨਾਲ ਸਬੰਧ ਰੱਖਦੇ ਹਾਂ ।ਸੋ ਕਿਰਤੀਆਂ –ਕਾਮਿਆਂ ਦਾ ਪਿਛੋਕੜ ਹੈ ।

?ਤੁਹਾਡੀ ਵਿੱਦਿਅਕ ਯੋਗਤਾ ਕਿੰਨੀ ਕੁ ਹੈ ?

-ਮੁੱਢਲੀ ਵਿੱਦਿਆ ਮੈਂ ਸਰਕਾਰੀ ਸਕੂਲ ਬਡਾਲਾ ਤੋਂ ਪ੍ਰਾਪਤ ਕੀਤੀ । ਦਸਵੀਂ ਖਾਲਸਾ ਹਾਈ ਸਕੂਲ ਸਰਹਾਲਾ ਮੁੰਡੀਆਂ ਤੋਂ ਪਾਸ ਕਰਨ ਪਿੱਛੋਂ ਦੋ ਸਾਲ ਮੈਂ ਸਰਕਾਰੀ ਕਾਲਜ ਟਾਂਡੇ ਲਾ ਕੇ ਐਫ,ਏ. ਕੀਤੀ । ਇਸ ਤੋਂ ਪਿਛੋਂ ਪੜ੍ਹਾਈ ਛੁੱਟ ਗਈ । ਇੱਕ ਤਾਂ ਘਰ ਦੀ ਆਰਥਿਕ ਹਾਲਤ ਮੰਦੀ ਸੀ ਅਤੇ ਦੂਜਾ ਘਰ ਦੇ ਕਿਸੇ ਜੀਅ ਨੂੰ ਪੜ੍ਹਾਈ ਲਿਖਾਈ ਨਾਲ ਖਾਸ ਲਗਾਓ ਨਹੀ ਸੀ , ਪਰ ਮੈਨੂੰ ਪੜ੍ਹਨ ਦਾ ਸ਼ੌਕ ਸੀ । ਸਾਲ ਕੁ ਭਰ ਏਧਰ-ਉਧਰ ਟੱਕਰਾਂ ਮਾਰੀਆਂ , ਪਰ ਕੋਈ ਵਸੀਲਾ ਨਾ ਬਣਿਆ । ਅਖੀਰ ਮੇਰਾ ਇੱਕ ਮਾਮਾ ਮੇਰੇ ਕੰਮ ਆਇਆ । ਉਹ ਭਾਖੜਾ ਡੈਮ ਤੇ ਫੋਰਮੈਨ ਸੀ । ਉਹ ਮੈਨੂੰ ਆਪਣੇ ਨਾਲ ਲੈ ਗਿਆ । ਮੈਂ ਭਾਖੜਾ ਡੈਮ ਦੀ ਗਰਾਊਂਡਿੰਗ ਸਬ ਡਵੀਜ਼ਨ ਵਿੱਚ ਅਸੀਸਟੈਂਟ ਸੁਪਰਵਾਈਜ਼ਰ ਲੱਗ ਗਿਆ । ਇਸ ਨਾਲ ਮੇਰੀ ਰੁਕੀ ਹੋਈ ਪੜ੍ਹਾਈ ਫੇਰ ਚੱਲ ਪਈ । ਉਸ ਤੋਂ  ਬਾਅਦ ਮੈਂ ਜਿੱਥੇ ਵੀ ਰਿਹਾ , ਪੜ੍ਹਾਈ ਦਾ ਕਾਰਜ ਨਾਲੋਂ –ਨਾਲ ਚੱਲਦਾ ਰਿਹਾ । ਅਖੀਰ 1975 ਵਿੱਚ ਮੈਂ ਐਮ.ਏ. ਕਰ ਲਈ ।

?ਸਾਹਿਤ ਨਾਲ ਮੱਸ ਕਦੋਂ ਕੁ ਹੋਈ?

-ਸਾਹਿਤ ਨਾਲ ਮੱਸ ਦੀ ਸ਼ੁਰੂਆਤ ਬਾਰੇ  ਪੱਕੇ ਤੌਰ ਤੇ ਕੁਝ ਨਹੀ ਕਿਹਾ ਜਾ ਸਕਦਾ ਉਂਜ਼ ਸਾਹਿਤ ਪੜ੍ਹਨ ਦਾ ਸ਼ੌਕ ਮੁੱਢ ਤੌ ਈ ਸੀ । ਐਫ.ਏ. ਦੀ ਪੜ੍ਹਾਈ ਕਰਦਿਆਂ ਮੈਂ ਹਰੀ ਸਿੰਘ ਦਿਲਬਰ ਦੀਆਂ ਕਹਾਣੀਆਂ ਪੜ੍ਹਦਿਆਂ ਮੈਂ ਬਾਵਾ ਬਲਵੰਤ ਦੀ ਕਵਿਤਾ ਤੋਂ ਪ੍ਰਭਾਵਿਤ ਹੋਇਆ । 1962 ਵਿੱਚ ਮੈਨੂੰ ਹਾਕੀ ਖੇਡਦਿਆਂ ਸੱਟ ਲੱਗ ਗਈ ਤੇ ਮੈਂ ਨੰਗਲ ਟਾਊਨਸ਼ਿਪ ਦੇ ਹਸਪਤਾਲ ਵਿੱਚ ਕਈ ਦਿਨ ਦਾਖਲ ਰਿਹਾ । ਇਸ ਅਰਸੇ ਮੈਂ ਨੰਗਲ ਦੇ ਵੱਡੇ ਗੁਰਦੁਆਰੇ ਦੀ ਲਾਇਬਰੇਰੀ ਵਿੱਚ ਪਏ ਨਾਨਕ ਸਿੰਘ ਦੇ ਨਾਵਲ ਪੜ੍ਹ ਲਏ । ਸਾਹਿਤ ਨਾਲ ਜਿਹੜੀ ਮੱਸ ਮੈਨੂੰ ਇਹ ਨਾਵਲ ਪੜ੍ਹਨ ਤੋਂ ਜਾਗੀ , ਉਹ ਅੱਜ ਤੱਕ ਕਾਇਮ ਹੈ ।

?ਲਿਖਣ ਦਾ ਸਿਲਸਿਲਾ ਕਦੋ ਕੁ ਸ਼ੁਰੂ ਹੋਇਆ ?

-ਇਹ ਵੀ 1960 ਦੇ ਹੀ ਕੋਈ ਅਗਲਾ-ਪਿਛਲਾ ਵਰ੍ਹਾ ਸੀ । ਭਾਖੜਾ ਨੰਗਲ ਦੀ ਇੱਕ ਲੇਬਰ ਕਾਲੋਨੀ ਵਿੱਚ ਗੁਰੂ ਗੋਬਿੰਦ ਸਿੰਘ ਦੇ ਅਵਤਾਰ ਪੁਰਬ  ਸਬੰਧੀ ਰਾਤ ਦਾ ਕਵੀ ਦਰਬਾਰ ਸੀ । ਮੇਰੇ ਸਹੁਰੇ ਪਿੰਡ ਬੋਦਲ ਦੇ ਪ੍ਰਸਿੱਧ ਕਵੀ ਚਰਨ ਸਿੰਘ ਸਫ਼ਰੀ ਤੋਂ ਇਲਾਵਾ ਹੋਰ ਵੀ ਚੋਟੀ ਦੇ ਕਵੀ ਆਏ ਸਨ । ਕਰਤਾਰ ਸੰਘ ਬਲੱਗਣ, ਵਿਧਾਤਾ ਸਿੰਘ ਤੀਰ , ਮਹਿਰਮ ਆਦਿ ਸਭ ਇੱਕ-ਦੂਜੇ ਤੋਂ ਚੜ੍ਹਦੇ ਸਨ  । ਮੈਂ ਉਨਾਂ ਦੇ ਗੀਤ ਸੁਣੇ ਤਾਂ ਮੇਰੇ ਅੰਦਰ ਇੱਕ ਅਜੀਬ ਜਿਹੀ ਹਿੱਲ-ਜੁਲ ਜੋਣ ਲੱਗੀ ।ਕੁਆਰਟਰ ਵੱਲ ਮੁੜਦਿਆ ਹੀ ਮੈਂ ਦੋ-ਤਿੰਨ ਬੰਦ ਜੋੜ ਲਏ । ਉਹ ਬੰਦ ਜੋ ਮੈਂ ਜੋੜੇ , ਗੁਰੂ ਗੋਬਿੰਦ ਸਿੰਘ ਬਾਰੇ ਸਨ । ਅਗਲੇ ਵ੍ਹਰੇ ਉਸੇ ਥਾਂ ਮੈਂ ਵੀ ਹਾਜ਼ਿਰ ਸਾਂ । ਵੱਡੇ ਕਵੀਆਂ ਵਿੱਚ ਇੱਕ ਛੋਟਾ ਜਿਹਾ ਮੁੰਡਾ ।

? ਕਹਾਣੀ ਵੱਲ ਰੁੱਚੀ ਕਦੋਂ ਜਾਗੀ ?

-ਕਹਾਣੀ ਵੱਲ ਰੁੱਚੀ ਬਹੁਤ ਪਿੱਛੋਂ ਜਾ ਕੇ ਜਾਗੀ । ਅਸਲ ਵਿੱਚ ਮੈਂ ਲੇਖਕਾਂ, ਵਿਦਵਾਨਾਂ ਦੇ ਦਰਸ਼ਨ-ਪਰਸ਼ਨ ਕਰਨ ਦੇ ਦੂਜਿਆਂ ਦੀਆਂ ਲਿਖਤਾਂ ਨੂੰ ਪੜ੍ਹਨ-ਸੁਨਣ ਵਿੱਚ ਵਧੇਰੇ ਦਿਲਚਸਪੀ ਰੱਖਦਾ ਸਾਂ । ਦੂਜੇ ਮੈਂ ਜਥੇਬੰਦਕ ਕਾਰਜਾਂ ਵੱਲ ਵੱਧ ਧਿਆਨ ਦਿੰਦਾ ਹਾਂ ।  ਹੁਣ ਤੱਕ ਸਾਹਿਤ ਸਭਾ ਮੁਕੇਰੀਆਂ, ਦਸੂਹਾ , ਗੜ੍ਹਦੀਵਾਲਾ, ਬੁਲੋਵਾਲ ,ਟਾਂਡਾ , ਤਲਵਾੜਾ ਦੇ ਸਾਹਿਤ ਪ੍ਰੇਮੀਆਂ ਨੂੰ ਸਭਾਵਾਂ ਬਣਵਾ ਕੇ ਮਿਲ ਬੈਠਣ ਲਈ ਇਕੱਠਿਆਂ ਕਰਦਾ ਰਿਹਾਂ ਹਾਂ। ਮੈਨੂੰ ਸਾਹਿਤ ਸਭਾ ਮੁਕੇਰੀਆਂ ਨੈ ਇੱਕ ਵਾਰ ਪਿਛਲੇ ਦਹਾਕੇ ਦੀ (1970-80) ਦੀ ਪੰਜਾਬੀ ਕਹਾਣੀ ਉੱਪਰ ਪਰਚਾ ਲਿਖਣ ਲਈ ਕਿਹਾ । ਤੁਸੀ ਹੈਰਾਨ ਹੋਵੋਗੇ ਕਿ ਮੈਨੂੰ ਉਂਦੋਂ ਤੱਕ ਨਾਨਕ ਸਿੰਘ , ਗੁਰਬਖਸ਼ ਸਿੰਘ , ਨਵਤੇਜ ਸਿੰਘ , ਸੁਜਾਨ ਸਿੰਘ , ਸੰਤ ਸਿੰਘ ਸੇਖੋਂ ਅਤੇ ਸੰਤੋਖ ਸਿੰਘ ਧੀਰ ਤੋਂ ਅਗਾਂਹ ਕਿਸੇ ਵੀ ਕਹਾਣੀਕਾਰ ਦਾ ਨਾਂਅ ਨਹੀ ਸੀ ਆਉਂਦਾ । ਪਰਚਾ ਲਿਖਣ ਖਾਤਰ ਮੈਨੂੰ ਏਸ ਦਹਾਕੇ ਦੀ ਪੂਰੀ ਕਹਾਣੀ ਪੜ੍ਹਨੀ ਪਈ । ਇਸ ਖੇਤਰ ਵਿੱਚ ਵਿਚਰਨ ਉੱਤੇ ਮੈਂ ਮਹਿਸੂਸ ਕੀਤਾ ਕਿ ਮੈਂ ਵੀ ਕਹਾਣੀ ਲਿਖ ਸਕਦਾਂ ਹਾ । ਦਸੰਬਰ 80 ਵਿੱਚ ਇੱਕ ਮਿੰਨੀ ਕਹਾਣੀ ਈਡੀਅਟ ਲਿਖ ਕੇ ਮੈਂ ਆਪਣੇ ਕਹਾਣੀ ਸਫ਼ਰ ਦਾ ਸ੍ਰੀ ਗਣੇਸ਼ ਕੀਤਾ ।

? ਕਹਾਣੀ ਲਿਖਣ ਵੇਲੇ ਕਿਸ ਰਚਨਾ ਵਿਧੀ ਨੂੰ ਮਾਡਲ ਮੰਨਿਆ ।

-ਮੈਂ ਜਿਵੇਂ ਦੱਸਿਐ ਕਿ ਪਰਚਾ ਲਿਖਣ ਲਈ ਸਾਰੀਆਂ ਕਹਾਣੀਆਂ ਤਾਂ ਭਾਵੇ ਨਾ ਕਹੀਆਂ ਜਾਣ , ਪਰ ਬਹੁਤ ਸਾਰੀਆਂ ਕਹਾਣੀਆਂ ਮੈਂ ਪੜ੍ਹੀਆਂ , ਪਰ ਉਨ੍ਹਾਂ ਵਿੱਚੋਂ ਕੋਈ ਵਿਸ਼ੇਸ਼ ਕਹਾਣੀ ਜਾਂ ਕੋਈ ਵਿਸ਼ੇਸ਼ ਕਹਾਣੀਕਾਰ ਮਾਡਲ ਬਣਿਆ ਹੋਵੇ  ਇਹ ਮੈਂ ਨਹੀ ਕਹਿ ਸਕਦਾ । ਸਗੋਂ ਇਨ੍ਹਾਂ ਤੋਂ ਪਹਿਲਾਂ ਪੜ੍ਹੀਆਂ ਸੁਜਾਨ ਸਿੰਘ ਦੀ ਕੁਲਫੀ , ਧੀਰ ਦੀ ਕੋਈ ਇੱਕ ਸਵਾਰ ,ਨਵਤੇਜ ਸਿੰਘ ਦੀ ਦੇਸ਼ ਵਾਪਸੀ , ਨਾਨਕ ਸਿੰਘ ਦੀ ਭੂਆ , ਸੋਖੋਂ ਦੀ ਪੇਮੀ ਦੇ ਨਿਆਣੇ , ਮੇਰੇ ਅੰਦਰ ਏਨੀਆਂ ਡੂੰਘੀਆਂ ਧੱਸੀਆਂ ਫੈਲੀਆ ਸਨ ਕਿ ਮੇਰਾ ਪਰਚਾ ਇਹ ਦਹਾਕੇ ਦੀ ਪੰਜਾਬੀ ਕਹਾਣੀ ਪ੍ਰਤੀ ਉਦਾਸੀਨ ਜਿਹਾ ਹੀ ਰਿਹਾ । ਬੇਸ਼ੱਕ ਮੇਰਾ ਇਹ ਵਿਚਾਰ ਪਿੱਛੋਂ ਜਾ ਕੇ ਡਾ: ਰਘਬੀਰ ਸਿੰਘ ਸਿਰਜਣਾ ਹੋਰਾਂ ਨੇ ਬਦਲ ਦਿੱਤਾ ਸੀ ।ਮੈਂ ਇਹੀ ਕਹਿ ਸਕਦਾ ਕਿ ਸਮੁੱਚਾ ਕਥਾ –ਪ੍ਰਵਾਹ ਹੀ ਮੇਰਾ ਮਾਡਲ ਬਣਿਆ , ਕੋਈ ਵਿਅਕਤੀ ਵਿਸ਼ੇਸ਼ ਨਹੀ । ਕੋਈ ਇਕਹਿਰੇ ਪਿੰਡੇ ਵਾਲੀ ਕਿਰਤ ਲਿਖਣ ਦੇ ਸਮਰੱਥ ਹੈ , ਕੋਈ ਗੂੰਦਵੇ ਅਤੇ ਭਰਵੇਂ ਜੁੱਸੇ ਵਾਲੀ ਕਹਾਣੀ ।ਜਿਸ ਤਕਨੀਕ ਉੱਤੇ ਮੇਰਾ ਹੱਥ ਪੈਂਦਾ ਹੈ , ਮੇਂ ਵੀ ਅਜ਼ਮਾਈ ਜਾ ਰਿਹਾ ।

? ਤੁਹਾਡੀਆਂ ਕਹਾਣੀਆਂ ਅਕਸਰ ਲੰਮੀਆਂ ਹੁੰਦੀਆਂ ਹਨ , ਕੋਈ ਵਿਸ਼ੇਸ਼ ਕਾਰਨ ।

-ਨਹੀਂ , ਕੋਈ ਵਿਸ਼ੇਸ਼ ਕਾਰਨ ਨਹੀ , ਉਂਝ ਇੱਕ ਵਾਕਿਆ ਯਾਦ ਆਉਂਦ ਹੈ , ਸਾਡੇ ਪਿੰਡ ਗੁਰਦੁਆਰੇ ਦਾ ਗ੍ਰੰਥੀ ਸਵੇਰੇ-ਸ਼ਾਮ ਸ਼ਬਦ ਕੀਰਤਨ ਕਰਿਆ ਕਰਦਾ ਸੀ । ਸਿੱਧੇ ਸਾਦੇ ਲਫਜ਼, ਨਾ ਸ਼ਾਜ, ਨਾ ਕੁਝ ਹੋਰ ਉਹ ਵਖਿਆਨ ਕਰਦਾ ਤਾਂ ਬਹੁਤ ਸਾਰੇ ਹੋਰ ਸ਼ਬਦਾਂ ਦੀਆਂ ਤੁੱਕਾ, ਅਨੇਕਾਂ ਹਵਾਲੇ ਵਿੱਚ ਲੈ ਆਉਂਦਾ । ਇਨ੍ਹਾਂ ਤੁੱਕਾਂ ਹਵਾਲਿਆਂ ਦੇ ਭਾਵ ਗਾਏ ਜਾ ਰਹੇ ਸ਼ਬਦ ਅਤੇ ਅਰਥਾਂ ਨੂੰ ਹੋਰ ਸੰਘਣਿਆਂ ਕਰਦੇ , ਹੋਰ ਪ੍ਰਭਾਵੀ ਬਣਾਉਂਦੇ । ਮੈਂ ਵੀ ਕਹਾਣੀ ਵਿੱਚ ਪੇਸ਼ ਵਿਸ਼ੇ ਨੁੰ ਹੋਰ ਪ੍ਰਭਾਵੀ ਬਣਾਉਣ ਦੀ ਲੋਚਾ ਕਾਰਨ ਕਈ ਨਿੱਕੀਆਂ ਘਟਨਾਵਾਂ, ਕਈ ਹੋਰ ਵੇਰਵੇ ਨੱਥੀ ਕਰਦਾ ਜਾਂਦਾ ਹਾਂ । ਇਉਂ ਕਹਾਣੀਆਂ ਦਾ ਆਕਾਰ ਕੁਝ ਵੱਧ ਹੀ ਜਾਂਦਾ ਹੈ ।

? ਤੁਹਾਡੀ ਸਮਰੱਥਾ ਨੇ ਤੁਹਾਨੂੰ ਨਾਵਲ ਵੱਲ ਕਿਉਂ ਨਹੀ ਪ੍ਰੇਰਤ ਕੀਤਾ ।

-ਨਾਵਲ ਲਿਖਣ ਕਾਫੀ ਵੱਡੇ ਜੇਰੇ ਦਾ ਕੰਮ ਹੈ । ਨਾਵਲ ਲਿਖਣ ਲਈ ਵੱਡੀ ਸਾਹਿਤਕ-ਪ੍ਰਤਿਭਾ ਦੀ ਲੋੜ ਹੈ । ਮੈਂ ਹਾਲੇ ਆਪਣੇ ਆਪ ਨੂੰ ਏਨਾ ਸਮਰੱਥ ਨਹੀ ਸਮਝਦਾ ।

? ਤੁਸੀ ਕਹਾਣੀ ਨਾਲ ਗੰਭੀਰਤਾ ਨਾਲ ਜੁੜੇ ਹੋ । ਵਿਸ਼ੇ ਅਤੇ ਕਲਾ ਦੇ ਪੱਖਾਂ ਨੂੰ ਲੈ ਕੇ ਕਈ ਵਾਰ ਵਿਵਾਦ ਉੱਠਦਾ ਹੈ ।ਤੁਹਾਡਾ ਨਜ਼ਰੀਆਂ ਕੀ ਹੈ ।

-ਵਿਸ਼ੇ ਅਤੇ ਕਲਾ ਦੇ ਸੰਬੰਧ ਦੀ ਅਹਿਮੀਅਤ ਬਾਰੇ ਕੋਈ ਵੀ ਸੁਚੇਤ ਪਾਠਕ ਦੇ ਰਾਵਾਂ ਦੇ ਪੂਰਕ ਹਨ ।ਪਹਿਲਾਂ ਦੂਜੇ ਬਿਨਾ ਅਧੂਰਾ ਅਤੇ ਦੂਜਾ ਪਹਿਲੇ ਬਿਨਾ  ਕਲਾ ਕਲਾ ਲਈ ਦਾ ਯੁੱਗ ਬਹੁਤ ਪਿਛਾਂਹ ਰਹਿ ਗਿਆ । ਇਕੱਲਾ ਵਿਸ਼ਾ ਵੀ ਓਨਾ ਚਿਰ ਸਾਹਿਤ ਦਾ ਰੂਪ ਅਖ਼ਤਿਆਰ ਨਹੀ ਕਰ ਸਕਦਾ , ਜਿੰਨਾ ਚਿਰ ਇਸ ਨੂੰ ਕਲਾ ਦੀ ਪੁੱਠ ਨਹੀ ਚੜ੍ਹਦੀ । ਚੰਗੀ ਰਚਨਾ ਜਿਥੇ ਕਲਾਤਮਿਕ ਉਚਿਆਈ ਦੀ ਮੰਗ ਕਰਦੀ ਹੈ , ਉੱਥੇ ਠੋਸ ਵਿਸ਼ੇ ਦਾ ਆਧਾਰ ਵੀ ਉਸ ਨੂੰ ਲੋੜੀਂਦਾ ਹੈ । ਅਸਲ ਵਿੱਚ ਵਧੀਆ ਰਚਨਾ ਇੱਕ ਵਿਸ਼ੇ ਨੂੰ ਕਲਾਤਮਿਕ ਢੰਗ ਨਾਲ ਪੇਸ਼ ਕਰਨ ਦਾ ਹੀ ਨਾਂਅ ਹੈ ।

? ਇੱਕ ਸੁਆਲ ਮੈਂ ਲੇਖਕਾਂ ਵਿਚਲੀ ਸਿਆਸਤ ਸਬੰਧੀ ਕਰਨਾ ਚਾਹੁੰਦਾ ਹਾਂ । ਤੁਸੀ ਕੀ ਸਮਝਦੇ ਹੋ ਕਿ  ਸਾਹਿਤ ਵਿੱਚ ਇੱਕ ਦੂਜੇ ਨੂੰ ਉਚਿਆਉਣ ਜਾਂ ਛੁਟਿਆਉਣ ਦਾ ਕੋਈ ਪ੍ਰਪੰਚ ਅਸਲ ਵਿੱਚ ਹੈ ਜਾਂ ਇਹ ਐਂਵੇ ਮੂੰਹ ਬਣਾਈ ਗੱਲ ਐ ।

-ਧੜੇਬੰਦੀ ਤਾਂ ਇੱਕ ਵਿਸ਼ਵ-ਵਿਆਪੀ ਵਰਤਾਰਾ ਹੈ । ਜਿੱਥੋ ਤੱਕ ਮੈਂ ਸਮਝਨਾ , ਇਤਿਹਾਸ ਦੇ ਹਰ ਯੁੱਗ ਦੀ ਰਾਜਨੀਤੀ ਸਮਾਜ ਦੇ ਧਾਰਮਿਕ , ਆਰਥਿਕ ,ਸੱਭਿਆਚਾਰਕ ਪਹਿਲੂਆਂ ਉੱਤੇ ਭਾਰੂ ਰਹਿਣ ਦੇ ਯਤਨਾਂ ਵਿੱਚ ਰਹੀ ਹੈ । ਕਈ ਪੜਾਵਾਂ ਉੱਤੇ ਧਰਮ ਦਾ ਹੱਥ ਰਾਜਨੀਤੀ ਤੋ ਉੱਪਰ ਵੀ ਰਿਹਾ । ਕਈਆਂ ਪੜਾਵਾਂ ਉੱਤੇ ਸਮਤਲ , ਪਰ ਅਜੋਕੇ ਯੁੱਗ ਦੀ ਰਾਜਨੀਤੀ ਬਾਰੇ ਤਾਂ ਕਿਸੇ ਨੂੰ ਭੁਲੇਖਾ ਨਹੀਂ । ਇਹ ਸਮਾਜ ਦੀ ਹਰ ਇੱਕ ਸੰਸਥਾ ਨੂੰ ਟਿੱਚ ਜਾਣੇ ਕੇ ਮਨੁੱਖ ਦੇ ਹਰ ਪਹਿਲੂ ਨੂੰ ਅਸਰ ਅੰਦਾਜ਼ ਕਰੀ ਬੈਠਾ ਹੈ । ਸਾਹਿਤਕਾਰ ਜਿਸ ਨੂੰ ਰਾਜਨੀਤੀ ਦੀਆਂ ਕੁਟਲ-ਨੀਤੀਆਂ ਦੇ ਖਿਲਾਫ਼ ਖਲੋਣਾ ਚਾਹੀਦਾ ਹੈ , ਖੁਦ ਇਸ ਦੇ ਪ੍ਰਭਾਵਾਂ ਦਾ ਸ਼ਿਕਾਰ ਹੋਇਆ ਪਿਐ । ਵਿਸ਼ਵ-ਵਿਆਪੀ , ਦੇਸ਼-ਵਿਆਪੀ ਰਾਜਨੀਤਿਕ ਸਮੀਕਰਨ ਦੇ ਗੁੱਟੀਕਰਨ ਦੇ ਸਿੱਟੇ ਵੱਜੋਂ ਪੰਜਾਬੀ ਕਹਾਣੀਕਾਰ/ਸਾਹਿਤਕਾਰਾਂ ਅੰਦਰ ਧੜੇਬੰਦੀ ਦਾ ਆ ਜਾਣਾ ਕੋਈ ਗੈਰ-ਮਾਮੂਲੀ ਵਰਤਾਰਾ ਨਹੀ । ਇੰਜ ਹੋਣ ਈ ਸੀ ਅਤੇ ਹੋਇਆ ਵੀ ਹੈ । ਗੁੱਟਾਂ-ਜੁੱਟਾਂ ਨੇ ਇੱਕ ਦੂਜੇ ਦੇ ਖੰਭ ਤਾਂ ਖੋਹਣੇ ਈ ਹੁੰਦੇ ਨੇ । ਇਸ ਲਈ ਡਰ ਵਾਲੀ  ਕੋਈ ਗੱਲ ਨਹੀਂ । ਦੁੱਖ ਦੀ ਗੱਲ ਤਾਂ ਇਹ ਹੈ ਕਿ ਪੰਜਾਬੀ ਕਹਾਣੀਕਾਰ ਰਾਜਨੀਤੀ ਤੋਂ ਵੀ ਬਦਤਰ ਕਿਸਮ ਦੇ ਖਿੱਤਿਆਂ, ਜਾਤਾਂ-ਪਾਤਾਂ ਦੇ ਗੁੱਟਾਂ ਵਿੱਚ ਵੰਡੇ ਹੋਏ , ਆਪਣੀ ਧਿਰ ਦੀ ਬੜੀ ਬੇਸ਼ਰਮੀ ਨਾਲ ਕੰਡ ਥਾਪੜਦੇ ਹਨ ਅਤੇ ਦੂਜੀ ਧਿਰ ਦੀ ਬੜੀ ਬੇਰਹਿਮੀ ਨਾਲ ਨਿਖੇਧੀ ਕਰਦੇ ਹਨ । ਇਸ ਨਾਲ ਸਾਹਿਤਕ ਪ੍ਰਤਿਭਾ ਦਾ ਨੁਕਸਾਨ ਹੁੰਦਾ ਹੈ ।80 ਅਤੇ 90 ਤੱਕ ਇਸ ਗੁੱਟਬੰਦੀ ਨੇ ਕਾਫੀ ਸਾਰਾ ਕੱਦ ਕੱਢਿਆ ਹੈ ।ਮੈਂ ਅਜਿਹੀਆਂ ਧੜੇਬੰਦੀਆਂ ਤੋਂ ਦੂਰ ਰਹਿਣ ਦੇ ਕੁਝ ਸੁਚੇਤ ਯਤਨਾਂ ਕਾਰਨ ਚਰਚਾ ਮੰਡਲ ਦੇ ਘੇਰੇ ਤੋਂ ਬਾਹਰ ਰਹਿਣ ਦਾ ਖੁਦ ਵੀ ਕਸੂਰਵਾਰ ਹਾਂ ।

? ਸਾਹਿਤ ਵਿੱਚ ਪ੍ਰਤੀਬੱਧਤਾ ਬਾਰੇ ਤੁਹਾਡਾ ਕੀ ਖਿਆਲ ਹੈ ।

-ਸਾਹਿਤ ਵਿੱਚ ਪ੍ਰਤੀਬੱਧਤਾ ਨਾਲੋਂ ਸਾਹਿਤਕਾਰ ਦੇ ਪ੍ਰਤੀਬੱਧ ਹੋਣ ਦਾ ਸੁਆਲ ਵਧੇਰੇ ਅਹਿਮ ਹੈ । ਸਾਹਿਤਕਾਰਤਾ ਆਪਣੇ ਆਪ ਵਿੱਚ ਪ੍ਰਤੀਬੱਧਤਾ ਹੈ ।ਕਿਸੇ ਦੀ ਨਿੱਜ ਪ੍ਰਤੀ ਪ੍ਰਤੀਬੱਧਤਾ ਹੈ , ਕਿਸੇ ਦੀ ਸਥਾਪਤੀ ਪ੍ਰਤੀ ਤੇ ਕਿਸੇ ਦੀ ਲੋਕਾਂ ਪ੍ਰਤੀ । ਨਿੱਜਵਾਦੀ ਸਾਹਿਤਕਾਰ ਆਪਣੇ ਆਪ ਤੋਂ ਅਗਾਂਹ ਨਾ ਸੋਚਦਾ ਹੈ ਨਾ ਲਿਖਦਾ ਹੈ । ਵਿਕਦਾ ਬਹੁਤ ਹੈ , ਅੱਡਿਆਂ ਬੁੱਕ ਸਟਾਲਾਂ ਤੇ ਸਥਾਪਤੀ ਤੇ ਪੈਰੋਕਾਰਾਂ ਨੂੰ ਸਰਕਾਰੇ ਦਰਬਾਰੇ ਵਾਹਵਾ ਮਾਣ-ਤਾਣ ਹਾਸਿਲ ਹੋ ਜਾਂਦੈ , ਮੀਡੀਏ ਵਾਲੇ ਵੀ ਚੰਗਾ ਨਿਵਾਜਦੇ ਨੇ । ਲੋਕਾਂ ਪ੍ਰਤੀਬੱਧ ਸਾਹਿਤਕਾਰਾਂ ਦੀ ਕੀ ਭੁਲੇਖਾ ਹੈ ? ਉਂਜ ਸਾਡੇ ਪੰਜਾਬੀ ਦੇ ਸਾਹਿਤਕਾਰਾਂ ਵਿੱਚ ਇੱਕ ਅਜੀਬ ਵਿਡੰਬਨਾ ਹੈ , ਇਹ ਲੋਕਾਂ ਨਾਲ ਪ੍ਰਤੀਬੱਧ ਹੋਣ ਦੀਆਂ ਫੜ੍ਹਾਂ ਮਾਰਦੇ ਹਨ ਅਤੇ ਸਰਕਾਰੀ ਦਰਬਾਰੇ ਵੀ ਚੰਗਾ ਮਾਣ ਸਨਮਾਨ ਹਾਸਿਲ ਕਰ ਲੈਂਦੇ ਹਨ । ਇਹ ਪ੍ਰਤੀਬੱਧਤਾ ਦੀ ਕੋਈ ਹੋਰ ਸ੍ਰੇਣੀ ਹੋ ਸਕਦੀ ਹੈ , ਪਰ ਮੈਨੂੰ ਹਾਲੇ ਤੱਕ ਇਸ ਦੀ ਸਮਝ ਨਹੀ ਆਈ , ਰਹੀ ਗੱਲ ਮੇਰੇ ਪ੍ਰਤੀਬੱਧ ਹੋਣ ਦੀ , ਇਹ ਤੁਸੀ ਮੇਰੀਆਂ ਕਹਾਣੀਆਂ ਤੇ ਮੇਰੇ ਸਥਾਨ ਤੋਂ ਅੰਦਾਜ਼ਾ ਲਾ ਹੀ ਸਕਦੇ ਹੋ ।

? ਉਂਜ ਏਨਾ ਕੁ ਦੱਸ ਕਿਓ ਕੋਈ ਸਰਕਾਰੀ ਜਾਂ ਗੈਰ-ਸਰਕਾਰੀ ਮਾਣ-ਸਨਮਾਨ ਮਿਲਿਐ ।

-ਸਰਕਾਰੀ ਸਨਮਾਨ ਬਾਰੇ ਤਾਂ ਮੈਂ ਕਦੀ ਸੋਚਿਆ ਈ ਨਹੀਂ ।ਮਿਲਣੇ ਕਿਥੋ ਨੇ । ਗੈਰ-ਸਰਕਾਰੀ ਸਨਮਾਨਾਂ ਦਾ ਜਿਥੋਂ ਤੱਕ ਸੁਆਲ ਹੈ , ਉਨਾਂ ਵਿੱਚੋਂ ਗੁਰਦਾਸਪੁਰ ਦੀਆਂ ਸਾਹਿਤ ਸਭਾਵਾਂ ਵੱਲੋਂ ਪ੍ਰਿੰਸੀਪਲ ਸੁਜਾਨ ਸਿੰਘ ਯਾਦਗਾਰੀ ਪੁਰਸਕਾਰ,ਪੰਜਾਬੀ ਲੋਕ ਲਿਖਾਰੀ ਮੰਚ ਬਟਾਲਾ ਵੱਲੋਂ ਸਨਮਾਨ,ਪੰਜਾਬੀ ਸਾਹਿਤ ਸਭਾ ਭੋਗਪੁਰ, ਪੰਜਾਬੀ ਸਾਹਿਤ ਸਭਾ ਮੁਕੇਰੀਆਂ, ਪੰਜਾਬੀ ਸਾਹਿਤ ਸਭਾ ਤਲਵਾੜਾ, ਪੰਜਾਬੀ ਸਾਹਿਤਕ ਮੰਚ ਭੰਗਾਲਾ,ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਸਮੇਤ ਬਹੁਤ ਸਾਰੇ ਮਿਲੇ ਪੁਰਸਕਾਰਾਂ ਵਿੱਚ ਮਿਲੇ ਮਿਮੈਟੋ ਤੇ ਸ਼ਾਲਾਂ ਮੇਰੇ ਗੈਰ-ਸਰਕਾਰੀ ਸਨਮਾਨਾਂ ਦੇ ਖਾਤੇ ਵਿੱਚ ਪਾ ਸਕਦੇ ਹੋ । ਮੇਰੀਆਂ ਕਹਾਣੀਆਂ ਉੱਪਰ ਪੰਜਾਬੀ ਯੂਨੀਵਰਸਿਟੀ ਤੋਂ ਸੁਰਜੀਤ ਸਿੰਘ ਨੰਨੂਆਂ ਨੇ ,ਕੁਰੂਕਸ਼ੇਤਰ ਯੂਨੀਵਰਸਿਟੀ ਤੋਂ ਸ੍ਰੀਮਤੀ ਭੁਪਿੰਦਰ ਕੌਰ ਅਤੇ ਊਸ਼ਾਂ ਰਾਣੀ ਨੇ  ਐਮ.ਫਿੱਲ ਆਦਿ ਸਮੇਤ ਪੀ.ਐਚ.ਡੀ ਦੇ ਥੀਸਿੰਜ , ਆਲੋਚਨਾ ਪੁਸਤਕਾਂ/ਲੇਖ ਆਦਿ ਲਿਖੇ ਗਏ ਹਨ । ਇੱਕ ਵਿਦਿਆਰਥੀ ਜਰਨੈਲ ਸਿੰਘ ਘੁੰਮਣ ਦਾ ਕਾਰਜ ਅਜੇ ਚਾਲੂ ਹੈ ।

? ਤੁਸੀ ਲਿਖਦੇ ਕਿਵੇਂ ਹੋ ।

-ਆਪਣੇ ਸੌਣ ਵਾਲੇ ਮੰਜੇ ਉੱਪਰ ਸਿਰ੍ਹਾਣੇ ਵੱਲ ਢੋਹ ਲਾ ਕੇ , ਸਕੂਲੇ ਵਿਹਲੇ ਪੀਰੀਅਡ ਵਿੱਚ ਵੀ ਲਿਖ ਲੈਨਾਂ ।ਉਂਜ ਇੱਕ ਗੱਲ ਐ ਨਿਸੰਗ ਦੱਸ ਦਿਆਂ ਕਿ ਮੈਨੂੰ ਹਰ ਵੇਲੇ ਕਹਾਣੀ ਲਿਖਣ ਦਾ ਫੋਬੀਆਂ ਨਹੀ ਰਹਿੰਦਾ । ਜੀਵਨ ਦੇ ਸਹਿਜ ਵਰਤਾਰੇ ਨੂੰ ਜਦੋਂ ਗੈਰ-ਸਮਾਜੀ ਵਰਤਾਰਾ ਤੰਗ-ਪ੍ਰੇਸ਼ਾਨ ਕਰਨ ਲੱਗਦਾ ਹੈ ਤਾਂ ਇਸ ਦੀ ਪਿੱਠ ਭੂਮੀ ਵਿੱਚ ਕਾਰਜਸ਼ੀਲ ਕਾਰਕਾਂ ਦੀ ਪੁਣਛਾਣ ਕਰਦਾ-ਕਰਦਾ ਸੰਬੰਧਤ ਵਰਤਾਰੇ ਦੇ ਘਟਨਾਕ੍ਰਮ ਦੀ ਪ੍ਰਤੀਨਿਧਤਾ ਕਰਨ ਵਾਲੇ ਯੋਗ ਪਾਤਰਾਂ ਦੀ ਤਲਾਸ਼ ਕਰਨ ਲੱਗਦਾ ਹਾਂ । ਫਿਰ ਇੱਕ ਪੜਾਅ ਐਸਾ ਆਉਂਦਾ ਹੈ ,ਜਦ ਇਨ੍ਹਾਂ ਦੋਹਾਂ ਦਾ ਸਮੀਕਰਨ ਕਹਾਣੀ ਵਿੱਚ ਪਰੋਣ ਦੇ ਸਮਰੱਥ ਹੋ ਜਾਂਦਾ ਹੈ , ਤੇ ਕਹਾਣੀ ਲਿਖ ਹੋ ਜਾਂਦੀ ਹੈ ।

? ਕਹਾਣੀਆਂ ਲਿਖਣ ਲੈਣਾ ਤਾਂ ਇੱਕ ਮਸਲਾ ਹੈ , ਪਰ ਇਸ ਨਾਲ ਜੁੜਿਆ ਦੂਜਾ ਮਸਲਾ ਵੀ ਬੜਾ ਗੰਭੀਰ ਹੈ । ਉਹ ਹੈ ਪੁਸਤਕ ਰੂਪ ਵਿੱਚ ਪਾਠਕਾਂ ਤੱਕ ਜਾਣ ਦਾ । ਛਪਣ-ਛਪਾਉਣ ਦੇ ਸਿਲਸਿਲੇ ਵਿੱਚ ਤੁਹਾਡਾ ਕੀ ਅਨੁਭਵ ਰਿਹਾ ।

-ਪ੍ਰਕਾਸ਼ਨ ਤਾਂ ਵਪਾਰੀ ਹਨ ਅਤੇ ਉਨ੍ਹਾਂ ਨੇ ਨਫੇ-ਨੁਕਸਾਨ ਦੇ ਨੁਕਤਾ-ਨਿਗਾਹ ਤੋਂ ਸੋਚਣਾ ਹੁੰਦਾ ਹੈ । ਮੈਂ ਪਹਿਲੀਆਂ ਤਿੰਨ ਕਿਤਾਬਾਂ ਪੈਸੈ ਦੇ ਕੇ ਛਪਾਈਆਂ ।ਤੋ ਰਵੀ ਸਾਹਿਤ ਪ੍ਰਕਾਸ਼ਨ ਅਮ੍ਰਿੰਤਸਰ ਤੋਂ ,ਉਂਝ ਪੈਸੇ ਬਹੁਤ ਥੋੜ੍ਹੇ ਦੇਣੇ ਪਏ । ਘੱਟ ਪੈਸੇ ਦੇਣ ਦਾ ਇਹ ਸਿੱਟਾ ਹੋਇਆ ਕਿ ਕੋਈ ਵੀ ਪੁਸਤਕ ਢਾਈ ਸੌ ਤੋਂ ਵੱਧ ਨਹੀ ਛਪੀ । ਤੁਸੀਂ ਦੱਸੋ ੲਨੀਆਂ ਕੁ ਪੁਸਤਕਾਂ ਕਿੱਥੇ-ਕਿੱਥੇ ਪੁਚਾਈਆਂ ਜਾ ਸਕਦੀਆਂ ਸਨ । ਚੌਥੀ ਪੁਸਤਕ ਕਾਲੀ ਮਿੱਟੀ ਆਪ ਛਾਪੀ , ਪੰਜ ਸੌ । ਭਾਅ ਜੀ ਗੁਰਸ਼ਰਨ ਸਿੰਘ ਹੁਰਾ ਰਾਹੀਂ ਕਾਫੀ ਹੱਥਾਂ ਵਿੱਚ ਪਹੁੰਚੀ ਹੈ ।

? ਤੁਹਾਡੇ ਅਗਲੇ ਪ੍ਰੋਜੈਕਟ ਕੀ ਹਨ ।

-ਇੱਕ ਤਾਂ ਆਪਣੇ ਇਲਾਕੇ ਦੇ ਇਤਿਹਾਸਕ ਪ੍ਰਸਿੱਧੀ ਵਾਲੇ ਲੇਖਕਾਂ ਨੂੰ ਲੋਕ-ਸਿਮਰਤੀ ਦਾ ਹਿੱਸਾ ਬਣਾਈ ਰੱਖਣ ਲਈ ਉਪਰਾਲੇ ਕਰਨਾ । ਉਨ੍ਹਾਂ ਦੇ ਪਿੰਡਾਂ ਵਿੱਚ ਸਮਾਗਮ ਕਰਨਾ । ਇਨ੍ਹਾਂ ਵਿੱਚੋਂ ਮੌਲਵੀ ਗੁਲਾਮ ਰਸੂਲ, ਮਹਿੰਦਰ ਸਿੰਘ ਰੰਧਾਵਾ, ਹਰਬੰਸ ਲਾਲ ਮੁਜਰਿਮ ਆਦਿ ਹਨ । ਦੂਜੇ , ਮੈਂ ਉਂਭਰਦੇ ਲੇਖਕਾਂ ਦੀਆਂ ਰਚਨਾਵਾਂ ਨੂੰ ਪ੍ਰਕਾਸ਼ਨ-ਮੰਚਾਂ ਰਾਹੀਂ ਛਪਵਾਉਣ ਲਈ ਯਤਨਸ਼ੀਲ ਹਾਂ । ਇਨ੍ਹਾਂ ਦੀ ਸ਼ੁਰੂਆਤ ਸਾਹਿਤਧਾਰਾ ਪ੍ਰਕਾਸ਼ਨ ਦਸੂਹਾ ਅਤੇ ਪੰਚਨਾਦ ਪ੍ਰਕਾਸ਼ਨ ਟਾਂਡਾ ਰਾਹੀਂ ਹੋ ਚੁੱਕੀ ਹੈ । ਕਹਾਣੀ ਤਾਂ ਜਿਵੇਂ-ਜਿਵੇਂ ਅੜਿੱਕੇ ਚੜ੍ਹਦੀ ਗਈ , ਲਿਖਦੇ ਹੀ ਜਾਣਾ ਹੈ ।

? ਤੁਹਾਡੇ ਲਿਖਣ –ਪੜ੍ਹਨ ਦੇ ਕਾਰਜਾਂ ਵਿੱਚ ਪਰਵਾਰਕ ਦਖ਼ਲ ਕਿਹੋ ਜਿਹਾ ਹੈ ।

-ਨਾ ਕੋਈ ਸਹਾਇਤਾ , ਨਾ ਕੋਈ ਦਖ਼ਲ । ਮੈਂ ਥੋੜ੍ਹਾ ਬਹੁਤ ਘੁੰਮਦਾ –ਫਿਰਦਾ ਹਾਂ , ਸਾਹਿਤਕ ਗਤੀਵਿਧੀਆਂ ਨੂੰ ਜਾਰੀ ਰੱਖਣ ਲਈ । ਕਦੇ-ਕਦੇ ਪੈਂਨ ਫੜਦਾ ਹਾਂ ਕੁਝ ਲਿਖਣ ਲਈ , ਬਾਕੀ ਸਮਾਂ ਮੈਂ ਘਰ ਦੇ ਫਰਜ਼ ਨਿਭਾਉਂਦਾ ਹਾਂ । ਇਓਂ ਇੱਕ ਸੰਤੁਲਨ ਬਣਿਆ ਹੋਇਆ ਹੈ ।

----

ਚੰਗੀ ਰਚਨਾ ਕਲਾਤਮਕ ਉਚਿਆਈ ਦੀ ਮੰਗ ਕਰਦੀ ਹੈ-ਕਹਾਣੀਕਾਰ ਲਾਲ ਸਿੰਘ 


ਡਾ.ਧਰਮਪਾਲ ਸਾਹਿਲ ਹੁਸ਼ਿਆਰਪੁਰ


ਹੁਸ਼ਿਆਰਪੁਰ ਦੇ ਪਿੰਡ ਝੱਜਾਂ ਵਿੱਚ ਮਾਤਾ ਸੁਅਰਗੀ ਮਹਿੰਦਰ ਕੌਰ ਅਤੇ ਪਿਤਾ ਸੁਅਰਗੀ ਸਰੈਣ ਸਿੰਘ ਦੇ ਘਰ   ਜਨਮੇ ਪੇਸ਼ੇ ਵੱਜੋਂ ਐਸ.ਐਸ.ਮਾਸਟਰ ਕਹਾਣੀਕਾਰ ਲ਼ਾਲ ਸਿੰਘ ਆਧੁਨਿਕ ਪੰਜਾਬੀ ਕਹਾਣੀ ਦਾ ਸਮਰੱਥ ਹਸਤਾਖਰ ਹੈ । ਕਿਰਤੀਆਂ ਕਾਮਿਆਂ ਦਾ ਪਿਛੋਕੜ ਰੱਖਣ ਵਾਲੇ ਰਾਮਗੜ੍ਹੀਆ ਪਰਿਵਾਰ ਨਾਲ ਸੰਬੰਧਤ ਕਹਾਣੀਕਾਰ ਲ਼ਾਲ ਸਿੰਘ ਨੇ ਵਿਰਾਸਤੀ ਹੁਨਰ ਨਾਲ ਪੰਜਾਬੀ ਕਹਾਣੀ ਦਾ ਮੂੰਹ ਮੱਥਾ ਸੰਵਾਰਨ ਵਿੱਚ ਕੋਈ ਕੋਰ ਕਸਰ ਨਹੀਂ ਛੱਡੀ ਹੈ। ਸਰਕਾਰੀ ਸਕੂਲ ਬਡਾਲਾ ਤੋਂ ਪ੍ਰਾਇਮਰੀ , ਖਾਲਸਾ ਹਾਈ ਸਕੂਲ ,ਸਮਾਲਾ ਮੁੰਡੀਆਂ ਤੋਂ1955 ਵਿੱਚ ਦਸਵੀਂ ਅਤੇ ਸਰਕਾਰੀ ਕਾਲਜ  ਟਾਂਡਾ ਤੋਂ 1957 ਐਫ.ਏ. ਪਾਸ ਕਰਨ ਮਗਰੋਂ ਅੱਤ ਦੀ ਆਰਥਿਕ ਤੰਗਹਾਲੀ ਕਰਕੇ ਪੜ੍ਹਾਈ ਵਿਚਾਲੇ ਹੀ ਛੱਡ ਕੇ ਆਪਣੇ ਮਾਮੇ ਦੀ ਮਦਦ ਨਾਲ ਭਾਖੜਾ ਡੈਮ ਵਿਖੇ ਅਸਿਸਟੈਂਟ ਫੋਰਮੈਨੀ ਕੀਤੀ ਅਤੇ ਨਾਲੋਂ ਨਾਲ ਪੜ੍ਹਾਈ ਦਾ ਸ਼ੌਕ ਵੀ ਪੂਰਾ ਕੀਤਾ । ਗਿਆਨੀ ,ਬੀ.ਏ. (1967) ਮਗਰੋਂ 1975  ਵਿੱਚ ਐਮ.ਏ.(ਪੰਜਾਬੀ) ,ਬੀ. ਐਡ.( 1970) ਕਰਨ ੳਪਰੰਤ ਪਬਲਿਕ ਹਾਇਰ ਸੈਕੇੰਡਰੀ ਸਕੂਲ,ਭੰਗਾਲਾ ( ਹੁਸ਼ਿਆਰਪੁਰ) ਵਿੱਖੇ ਬਤੌਰ ਐਸ.ਐਸ. ਮਾਸਟਰ  ਨੌਕਰੀ ਸ਼ੂਰੂ ਕੀਤੀ। ਪੀ.ਐਚ.ਡੀ. ਦਾ ਸਾਰਾ ਕਾਰਜ ਸੰਪੂਰਨ ਹੋਣ ਉਪਰੰਤ ਛਪਾਈ ਲਈ ਦੇਣ ਜਾਣ ਸਮੇਂ ਚੋਰੀ ਹੋਣ ਕਰਕੇ ਸਿਰਫ ਡਾ. ਦਾ ਖਿਤਾਬ ਹੀ ਲਾਲ ਸਿੰਘ ਦੇ ਹਿੱਸੇ ਨਹੀ ਆਇਆ , ਭਾਵੇਂ ਕਾਰਜ ਪੂਰਨ ਸੰਪੂਰਨਾਂ ਤੋਂ ਕਿਤਾ ਜਿਆਦਾ ਸੀ । ਹੁਣ ਤੱਕ ਸੱਤ ਕਹਾਣੀ ਸੰਗ੍ਰਹਿ ਲਿਖਣ ਮਗਰੋਂ ਅਤੇ ਕਈ ਮਾਨ ਸਨਮਾਨ ਹਾਸਿਲ ਕਰਕੇ ਲਾਲ ਸਿੰਘ ਪੰਜਾਬੀ ਕਹਾਣੀ ਦਾ ਸਿਰਕੱਢ ਲੇਖਕ ਹੋ ਨਿਬੜਿਆ ਹੈ। ਅਧੁਨਿਕ ਪੰਜਾਬੀ ਕਹਾਣੀ ਦਾ ਜ਼ਿਕਰ ਕਹਾਣੀਕਾਰ ਲ਼ਾਲ ਸਿੰਘ ਦੇ ਨਾਂ ਤੋਂ ਬਿਨਾ ਅਧੂਰਾ ਜਾਪਦਾ ਹੈ । ਅੰਤਰਮੁਖੀ ਸੁਭਾਅ ਅਤੇ ਪੰਜਾਬੀ ਸਾਹਿਤ  ਲਈ ਸਮਰਪਤ ਕਹਾਣੀਕਾਰ ਲਾਲ ਸਿੰਘ ਰਿਟਾਇਰਮੈੰਟ ਦੇ 20 ਸਾਲ ਮਗਰੋਂ ਵੀ ਸਾਹਿਤ ਸਿਰਜਣਾ ਅਤੇ ਜੱਥੇਬੰਧਕ ਗਤੀਵਿਧੀਆਂ ਵਿੱਚ ਪੂਰੀ ਤਰਾਂ ਸਰਗਰਮ ਹੈ । ਕਹਾਣੀਕਾਰ ਲ਼ਾਲ ਸਿੰਘ ਨਾਲ ਮੁਲਾਕਾਤ ਦੇ ਕੁਝ ਅੰਸ਼ ਪਾਠਕਾਂ ਲਈ ਪੇਸ਼ ਹਨ।

*  ਮਾਸਟਰ ਜੀ, ਤੁਸੀ ਸਾਹਿਤ ਨਾਲ ਕਿਂਵੇ ਜੁੜੇ  ?

-ਮੈਨੂੰ ਸਾਹਿਤ ਪੜ੍ਹਣ ਦਾ ਸ਼ੌਕ ਮੁੱਢ ਤੋਂ ਹੀ ਸੀ। ਐਫ. ਏ. ਦੀ ਪੜ੍ਹਾਈ ਦੌਰਾਨ ਮੈਨੂੰ ਹਰੀ ਸਿੰਘ ਦਿਲਬਰ ਦੀਆਂ ਕਹਾਣੀਆਂ ਬਹੁਤ ਪਸੰਦ ਸਨ। ਫਿਰ ਗਿਆਨੀ ਕਰਦਿਆਂ ਬਾਵਾ ਬਲਵੰਤ ਸਿੰਘ ਦੀਆਂ ਕਵਿਤਾਵਾਂ ਨੇ ਟੁੰਬਿਆ।1962 ਵਿੱਚ ਹਾਕੀ ਖੇਡਦਿਆਂ ਮੇਰੇ ਸੱਟ ਲੱਗ ਗਈ। ਮੈਂ ਨੰਗਲ ਟਾਉਨਸ਼ਿਪ ਦੇ ਹਸਪਤਾਲ ਵਿੱਚ ਦਾਖਿਲ ਰਿਹਾ। ਇਸ ਦੌਰਾਨ ਨੰਗਲ ਦੇ ਵੱਡੇ ਗੁਰੂਦੁਆਰੇ ਦੀ ਲਾਇਬ੍ਰੇਰੀ ਵਿੱਚ ਪਏ ਨਾਨਕ ਸਿੰਘ ਦੇ ਕਈ ਨਾਵਲ ਪੜ੍ਹ ਲਏ। ਅਸਲ ਵਿੱਚ ਸਾਹਿਤ ਨਾਲ ਜਿਹੜੀ ਮੱਸ ਮੈਨੂੰ ਇਹ ਨਾਵਲ ਪੜ੍ਹਦਿਆਂ ਪਈ , ੳਹ ਅਜ੍ਹੇ ਤੱਕ ਜਾਰੀ ਹੈ ।

* ਫਿਰ ਲਿਖਣ ਦੀ ਸ਼ੂਰੂਆਤ ਕਦੋਂ ਤੇ ਕਿਂਵੇ ਹੋਈ ?

-1960-62 ਦੀ ਗੱਲ ਹੈ। ਭਾਖੜਾ ਨੰਗਲ ਦੀ ਇੱਕ ਲੇਬਰ ਕਲੋਨੀ ਵਿੱਚ ਗੁਰੁ ਗੋਵਿੰਦ ਸਿੰਘ ਦੇ ਅਵਤਾਰ ਪੂਰਬ ਸੰਬੰਧੀ ਰਾਤ ਦਾ ਕਵੀ ਦਰਬਾਰ ਸੀ। ਮੇਰੇ ਸੋਹਰੇ ਪਿੰਡ ਬੋਦਲਾਂ ਦੇ ਪ੍ਰਸਿੱਧ ਕਵੀ  ਚਰਨ ਸਿੰਘ ਸਫਰੀ ਤੋਂ ਇਲਾਵਾ ਹੋਰ ਵੀ ਚੋਟੀ ਦੇ ਕਵੀ ੳੱਥੇ ਆਏ ਹੋਏ ਸਨ। ਕਰਤਾਰ ਸਿੰਘ ਵਲੱਗਣ ,ਵਿਧਾਤਾ ਸਿੰਘ ਤੀਰ ,ਮਹਿਰਮ ਆਦਿ ਸਭ ਇੱਕ ਤੋਂ ਇੱਕ ਚੜ੍ਹਦੇ ਸਨ। ਮੈਂ ਉਹਨਾਂ ਦੇ ਗੀਤ ਸੁਣੇ ਤਾਂ ਮੇਰੇ ਅੰਦਰ ਇੱਕ ਅਜੀਬ ਜਿਹੀ ਹਲਚਲ ਮਹਿਸੂਸ ਹੋਈ। ਕੁਆਟਰ ਵੱਲ ਮੁੜਦਿਆਂ ਮੈਂ ਵੀ ਦੋ ਤਿੰਨ ਬੰਦ ਜੋੜ ਲਏ। ਇਹ ਬੰਦ ਗੂਰੂ ਗੋਬਿੰਦ ਸਿੰਘ ਜੀ ਬਾਰੇ ਸਨ। ਅਗਲੇ ਵਰੇ ਮੈਂ ਵੀ ਉਸ ਕਵੀ ਦਰਬਾਰ ਵਿੱਚ ਹਾਜ਼ਿਰ ਸੀ। ਵੱਡੇ ਕਵੀਆਂ ਵਿੱਚ ਇੱਕ ਨਿੱਕਾ ਜਿਹਾ ਮੁੰਡਾ।

- ਗੀਤਕਾਰੀ ਤੋਂ ਫਿਰ ਕਹਾਣੀ ਵੱਲ ਕਿਂਵੇ ਮੁੜੇ ?

  • ਕਹਾਣੀ ਵੱਲ ਰੁਚੀ ਤਾਂ ਕਾਫੀ ਦੇਰ ਮਗਰੋਂ ਜਾਗੀ। ਮੈਨੂੰ ਲੇਖਕਾਂ ਦੇ ਦਰਸ਼ਨ ਪਰਸ਼ਨ ਕਰਨ ਤੇ ਦੂਜਿਆਂ ਦੀਆਂ ਲਿਖਤਾਂ ਪੜ੍ਹਣ-ਸੁਣਨ ਵਿੱਚ ਵਧੇਰੇ ਦਿਲਚਸਪੀ ਸੀ। ਮੈਂ ਜੱਥੇਬੰਧਕ ਕਾਰਜਾਂ ਵਿੱਚ ਵੀ ਵੱਧ ਧਿਆਨ ਦਿੰਦਾ ਸੀ। ਸਾਹਿਤ ਸਭਾਵਾਂ ਖੜ੍ਹੀਆਂ ਕਰਨ ਤੇ ਲੇਖਕਾਂ ਨੂੰ ਜੋੜਣ ਦਾ ਵੀ ਸ਼ੌਕ ਰਿਹਾ। ਸਾਹਿਤ ਸਭਾ ਮੁਕੇਰੀਆਂ , ਤਲਵਾੜਾ , ਦਸੂਹਾ- ਗੜ੍ਹਦੀਵਾਲਾ , ਬੁਲੋਵਾਲ , ਟਾਂਡਾ ਆਦਿ ਸਥਾਪਤ ਕਰਕੇ ਸਾਹਿਤਕਾਰਾਂ ਅਤੇ ਸਾਹਿਤ ਪ੍ਰੇਮੀਆਂ ਨੂੰ ਇੱਕਠੇ ਕਰਦਾ ਰਿਹਾ। ਮੈਨੂੰ ਸਾਹਿਤ ਸਭਾ ਮੁਕੇਰੀਆਂ ਨੇ ਇੱਕ ਬਾਰ 1970-80 ਦਹਾਕੇ ਦੀ ਪੰਜਾਬੀ ਕਹਾਣੀ ਤੇ ਪਰਚਾ ਲਿਖਣ ਲਈ ਕਿਹਾ। ਤੁਸੀ ਹੈਰਾਨ ਹੋਵੋਗੇ ਕਿ ੳਦੋਂ ਤੱਕ ਮੈਨੂੰ ਨਾਨਕ ਸਿੰਘ ,ਨਵਤੇਜ ਸਿੰਘ,ਸੁਜਾਨ ਸਿੰਘ,ਸੰਤ ਸਿੰਘ ਸੇਖੋਂ,ਤੇ ਸੰਤੋਖ ਸਿੰਘ ਧੀਰ ਤੋਂ ਬਾਅਦ ਕਿਸੇ ਵੀ ਕਹਾਣੀਕਾਰ ਦਾ ਨਾਂ ਨਹੀਂ ਸੀ ਪਤਾ। ਪਰਚਾ ਲਿਖਣ ਦੇ ਬਹਾਨੇ ਮੈਨੂੰ ਇਸ ਦਹਾਕੇ ਦੀ ਪੂਰੀ ਕਹਾਣੀ ਪੜ੍ਹਣੀ ਪਈ। ਇਸ ਖੇਤਰ ਵਿੱਚ ਵਿਚਰਨ ਤੇ ਮੈਂ ਮਹਿਸੂਸ ਕੀਤਾ ਕਿ ਮੈਂ ਵੀ ਕਹਾਣੀ ਲਿਖ ਸਕਦਾ ਹਾਂ। ਦਸੰਬਰ 1980 ਵਿੱਚ ਮੈਂ ਇੱਕ ਮਿੰਨੀ ਕਹਾਣੀ “ ਇਡੀਅਟ” ਲਿਖ ਕੇ ਆਪਣੇ ਕਹਾਣੀ ਸਫਰ ਦਾ ਸ਼੍ਰੀ-ਗਣੇਸ਼ ਕੀਤਾ।

* ਆਪਣੀ ਕਹਾਣੀ ਰਚਨਾ ਪ੍ਰਕ੍ਰਿਆ ਬਾਰੇ ਵੀ ਦੱਸੋ ?

  • ਬੇਸ਼ੱਕ ਮੈਂ ਪਰਚਾ ਲਿਖਣ ਲਈ ਬਹੁਤ ਸਾਰੀਆਂ ਕਹਾਣੀਆਂ ਪੜ੍ਹੀਆਂ ,ਪਰ ਉਹਨਾਂ ਵਿੱਚੋਂ ਨਾ ਤਾਂ ਕੋਈ ਵਿਸ਼ੇਸ਼ ਕਹਾਣੀ ਤੇ ਨਾ ਹੀ ਕਿਸੇ ਕਹਾਣੀਕਾਰ ਨੇ ਮੈਨੂੰ ਇੰਨਾ ਪ੍ਰਭਾਵਿਤ ਕੀਤਾ ਕਿ ਮੈਂ ਉਸ ਨੂੰ ਆਪਣਾ ਮਾਡਲ ਚੁਣਦਾ । ਸਗੋਂ ਇਹਨਾਂ ਤੋਂ ਪਹਿਲੋਂ ਪੜ੍ਹੀਆਂ ਸੁਜਾਨ ਸਿੰਘ ਦੀ ਕੁਲਫੀ , ਧੀਰ ਦੀ ਕੋਈ ਇੱਕ ਸਵਾਰ ,ਨਾਨਕ ਸਿੰਘ ਦੀ ਭੁਆ ,ਸੇਖੋਂ ਦੀ ਪੰਮੀ ਦੇ ਨਿਆਣੇ, ਮੇਰੇ ਅੰਦਰ ਇੰਨੀਆਂ ਡੂੰਘੀਆਂ ਧਸੀਆਂ ਹੋਈਆਂ ਸਨ ਕਿ ਮੇਰਾ ਪਰਚਾ ਇਸ ਦਹਾਕੇ ਦੀ ਕਹਾਣੀ ਪ੍ਰਤੀ ੳਦਾਸੀਨ ਹੀ ਰਿਹਾ। ਬੇਸ਼ੱਕ ਮੇਰਾ ਇਹ ਵਿਚਾਰ ਪਿੱਛੋਂ ਜਾ ਕੇ ਡਾ. ਰਘੁਵੀਰ ਸਿੰਘ ਸਿਰਜਣਾ ਹੋਰਾਂ ਨੇ ਬਦਲ ਦਿੱਤਾ ਸੀ। ਮੈਂ ਇਹ ਕਹਿ ਸਕਦਾਂ ਹਾਂ ਕਿ ਸ਼ੁਰੂ ਦਾ ਕਥਾ ਪ੍ਰਵਾਹ ਮੇਰਾ ਰੋਲ ਮਾਡਲ ਬਣਿਆ। ਕੋਈ ਵਿਅਕਤੀ ਵਿਸ਼ੇਸ਼ ਨਹੀਂ। ਕੋਈ ਇਕਹਰੇ ਪਿੰਡੇ ਵਾਲੀ ਕਹਾਣੀ ਲਿਖਣ ਦੇ ਸਮਰੱਥ ਹੈ ਤੇ ਕੋਈ ਭਰਵੈਂ ਗੁੰਦਵੇਂ ਜੁੱਸੇ ਵਾਲੀ ਕਹਾਣੀ। ਜਿਸ ਤਕਨੀਕ ਤੇ ਮੇਰਾ ਹੱਥ ਪੈਂਦਾ ਹੈ , ਮੈਂ ਵੀ ਅਜਮਾਈ ਜਾ ਰਿਹਾ ਹਾਂ।

*ਤੁਹਾਡੀਆਂ ਕਹਾਣੀਆਂ ਅਕਸਰ ਲੰਮੀਆਂ ਹੁੰਦੀਆਂ ਹਨ ਯਾਨੀ ਵਧੇਰੇ ਵਿਸਥਾਰ ਵਾਲੀਆ ਅਜਿਹਾ ਕਿੳਂ ?

  • ਮੈਨੂੰ ਇੱਕ ਵਾਕਿਆ ਯਾਦ ਆੳਂਦਾ ਹੈ । ਸਾਡੇ ਪਿੰਡ ਦੇ ਗੁਰੂਦੁਆਰੇ ਦਾ ਗ੍ਰੰਥੀ ਸਵੇਰੇ ਸਵੇਰੇ ਸ਼ਬਦ ਕੀਰਤਨ ਕਰਿਆ ਕਰਦਾ ਸੀ। ਸਿੱਧੇ ਸਾਦੇ ਸ਼ਬਦ, ਨਾ ਸਾਜ ਨਾ ਕੁਝ ਹੋਰ,ੳਹ ਵਖਿਆਨ ਕਰਦਾ ਤਾਂ ਬਹੁਤ ਸਾਰੇ ਸ਼ਬਦਾਂ ਦੀਆਂ ਤੁਕਾਂ , ਅਨੇਕਾਂ ਹਵਾਲੇ ਵਿੱਚ ਲੈ ਆਉਂਦਾ। ਇਹਨਾਂ ਤੁਕਾਂ ਹਵਾਲਿਆਂ ਦੇ ਭਾਵ ਗਾਏ ਜਾ ਰਹੇ ਸ਼ਬਦ ਦੇ ਅਰਥਾਂ ਨੂੰ ਹੋਰ ਸੰਘਣਾ ਕਰ ਦਿੰਦਾ ਹੋਰ ਪ੍ਰਭਾਵੀ ਬਣਾਉਂਦੇ । ਮੈਂ ਵੀ ਕਹਾਣੀ ਵਿੱਚ ਪੇਸ਼ ਵਿਸ਼ੇ ਨੂੰ ਹੋਰ ਪ੍ਰਭਾਵੀ ਬਣਾਉਣ ਦੀ ਲੋਚਾ ਕਾਰਣ ਕਈ ਨਿੱਕੀਆਂ ਘਟਨਾਵਾਂ ਤੇ ਹੋਰ ਵੇਰਵੇ ਨੱਥੀ ਕਰਦਾ ਜਾਂਦਾਂ ਹਾਂ। ਇਉਂ ਕਰਦਿਆਂ ਮੇਰੀ ਕਹਾਣੀ ਦਾ ਅਕਾਰ ਕੁਝ ਵੱਧ ਹੀ ਜਾਂਦਾ ਹੈ ।

*ਤੁਸੀ ਇਸ ਸਮਰਥਾ ਕਾਰਣ ਨਾਵਲ ਲਿਖਣ ਵੱਲ ਰੁਚਿਤ ਕਿੳਂ ਨਹੀਂ ਹੋਏ ?

  • ਨਾਵਲ ਲਿਖਣਾ ਕਾਫੀ ਵੱਡੇ ਜਿਗਰੇ ਦਾ ਕੰਮ ਹੈ। ਨਾਵਲ ਲਿਖਣ ਲਈ ਵੱਡੀ ਸਾਹਿਤਕ ਪ੍ਰਤਿਭਾ ਦੀ ਲੋੜ ਹੈ। ਮੈਂ ਹਾਲੇ ਆਪਣੇ ਆਪ ਨੂੰ ਏਨਾ ਸਮਰਥ ਨਹੀਂ ਸਮਝਦਾ।

*ਤੁਹਾਡੇ ਹੁਣ ਤੱਕ ਕਿਹੜੇ - ਕਿਹੜੇ ਕਹਾਣੀ ਸੰਗ੍ਰਹਿ ਪ੍ਰਕਾਸ਼ਿਤ ਹੋਏ ਹਨ ?

  • ਮੇਰੇ ਹੁਣ ਤੱਕ ਸੱਤ ਕਹਾਣੀ ਸੰਗ੍ਰਹਿ ਛਪੇ ਹਨ। ਮਾਰਖੋਰੇ (1984),ਬਲੌਰ (1986),ਧੁੱਪ ਛਾਂ (1990),ਕਾਲੀ ਮਿੱਟੀ (1996), ਅੱਧੇ ਅਧੂਰੇ (2003),ਗੜ੍ਹੀ ਬਖਸ਼ਾ ਸਿੰਘ (2009) ਅਤੇ ਸੰਸਾਰ ( 2017) । ਇਸ ਤੋਂ ਇਲਾਵਾ ਸੱਤ ਕਿਤਾਬਾਂ ਦਾ ਉਲਥਾ ਕੀਤਾ ਹੈ। ਨਵ ਸਾਖਰਾਂ ਲਈ ਪੁਸਤਕਾਂ,ਬਾਲ ਕਹਾਣੀਆਂ,ਅਲੋਚਨਾਤਮਕ ਲੇਖ ਅਤੇ ਮੁਲਾਕਾਤਾਂ ਆਦਿ ਵਿਧਾਵਾਂ ਤੇ ਕਲਮ ਆਜਮਾਈਸ ਕੀਤੀ ਹੈ।

* ਕਲਾ ਤੇ ਵਿਸ਼ੇ ਪੱਖ ਤੋਂ ਤੁਹਾਡੀਆਂ ਕਹਾਣੀਆਂ ਦਾ ਨਜ਼ਰੀਆ ਕੀ ਹੈ ?

  • ਵਿਸ਼ਾ ਅਤੇ ਕਲਾ ਪੱਖ ਦੋਵੇਂ ਇੱਕ ਦੂਸਰੇ ਦੇ ਪੂਰਕ ਹਨ। ਪਹਿਲਾ ਦੂਜੇ ਤੋਂ ਬਗੈਰ ਅਧੂਰਾ ਹੈ ਤੇ ਦੂਜਾ ਪਹਿਲੇ ਤੋਂ ਬਿਨਾ। ਕਲਾ ,ਕਲਾ ਲਈ ਦਾ ਯੁਗ ਬਹੁਤ ਪਿੱਛੇ ਰਹਿ ਗਿਆ ਹੈ। ਇਕੱਲਾ ਵਿਸ਼ਾ ਵੀ ਉੱਨੇ ਚਿਰ ਸਾਹਿਤ ਦਾ ਰੂਪ ਅਖਤਿਆਰ ਨਹੀਂ ਕਰ ਸਕਦਾ , ਜਿੰਨਾ ਚਿਰ ਉਸ ਨੂੰ ਕਲਾ ਦੀ ਪੁੱਠ ਨਹੀਂ ਚੜ੍ਹਦੀ। ਚੰਗੀ ਰਚਨਾ ਕਿਸੇ ਕਲਾਤਮਕ ਉਚਿਆਈ ਦੀ ਮੰਗ ਕਰਦੀ ਹੈ। ਉੱਥੇ ਠੋਸ ਵਿਸ਼ੇ ਦਾ ਆਧਾਰ ਵੀ ਲੋੜੀਂਦਾ ਹੈ। ਅਸਲ ਵਿੱਚ ਇੱਕ ਵਧੀਆ ਰਚਨਾ ਇੱਕ ਵਿਸ਼ੇ ਨੂੰ ਕਲਾਤਮਕ ਢੰਗ ਨਾਲ ਪੇਸ਼ ਕਰਨ ਦਾ ਹੀ ਨਾਂ ਹੈ।

*ਕੀ ਸਾਹਿਤ ਵਿੱਚ ਵੀ ਕਿਸੇ ਤਰਾਂ ਦੀ ਗੁੱਟਬੰਦੀ ਹੈ। ਇੱਥੇ ਵੀ ਇੱਕ ਦੂਜੇ ਨੂੰ ਉਚਿਆਉਣ ਜਾਂ ਛੁਟਿਆੳਣ ਦਾ   ਪ੍ਰਪੰਚ ਚਲਦਾ ਹੈ ?

  • ਧੜੇਬੰਦੀ ਤਾਂ ਵਿਸ਼ਵ ਵਿਆਪੀ ਵਰਤਾਰਾ ਹੈ। ਅਜੋਕੀ ਰਾਜਨੀਤੀ ਇਸ ਸਮਾਜ ਦੇ ਹਰੇਕ ਪਹਿਲੂ ਤੇ ਅਸਰ ਅੰਦਾਜ ਹੋਈ ਪਈ ਹੈ। ਸਾਹਿਤਕਾਰ ਜਿਸ ਨੂੰ ਰਾਜਨੀਤੀ ਦੀਆਂ ਕੁਟਲ ਨੀਤੀਆਂ ਦੇ ਖਿਲਾਫ ਖਲੋਣਾ ਚਾਹੀਦਾ ਹੈ। ਖੁੱਦ ਇਸ ਦੇ ਪ੍ਰਭਾਵਾਂ ਦਾ ਸ਼ਿਕਾਰ ਹੋਇਆ ਪਿਆ ਹੈ । ਇਸ ਦੇ ਸਿੱਟੇ ਵਜੋਂ ਪੰਜਾਬੀ ਕਹਾਣੀਕਾਰਾਂ ,ਸਾਹਿਤਕਾਰਾਂ ਅੰਦਰ ਧੜੇਬੰਦੀ ਦਾ ਆ ਜਾਣਾ , ਕੋਈ ਗ਼ੈਰਮਾਮੂਲੀ ਵਰਤਾਰਾ ਨਹੀਂ ਹੈ। ਇੰਜ ਹੋਣਾ ਹੀ ਸੀ ਤੇ ਹੋਇਆ ਵੀ। ਗੁੱਟਾਂ ਜੁੱਟਾਂ ਨੇ ਤਾਂ ਇੱਕ ਦੂਸਰੇ ਦੇ ਖੰਭ ਖੋਹਣੇ ਹੁੰਦੇ ਹੀ ਹਨ । ਇਸ ਵਿੱਚ ਡਰ ਵਾਲੀ ਕੋਈ ਗੱਲ ਨਹੀਂ ਹੈ। ਦੁੱਖ ਦੀ ਗੱਲ ਤਾਂ ਇਹ ਹੈ ਕਿ ਪੰਜਾਬੀ ਕਹਾਣੀਕਾਰ ਰਾਜਨੀਤੀ ਤੋਂ ਵੀ ਬਦਤਰ ਕਿਸਮ ਦੇ ਖਿੱਤਿਆਂ, ਜਾਤਾਂ ਪਾਤਾਂ,ਤੇ ਗੁੱਟਾਂ ਜੁੱਟਾਂ ਵਿੱਚ ਵੰਡੇ ਹੋਏ ਨੇ। ਆਪਣੀ ਧਿਰ ਦੀ ਬੜੀ ਬੇਸ਼ਰਮੀ ਨਾਲ ਕੰਡ ਥਾਪੜਦੇ ਹਨ ਤੇ ਦੂਜੀ ਧਿਰ ਦੀ ਬੜੀ ਬੇਰਹਿਮੀ ਨਾਲ ਨਿਖੇਧੀ ਕਰਦੇ ਹਨ। ਇਸ ਨਾਲ ਸਾਹਿਤਕ ਪ੍ਰਤਿਭਾ ਦਾ ਨੁਕਸਾਨ ਹੁੰਦਾ ਹੈ। ਮੈਂ ਅਜਿਹੀ ਧੜੇਬੰਦੀ ਤੋਂ ਦੂਰ ਰਹਿਣ ਦੇ ਕੁਝ ਸੁਚੇਤ ਯਤਨਾਂ ਕਰਕੇ ,ਚਰਚਾ ਮੰਡਲ ਦੇ ਘੇਰੇ ਤੋਂ ਬਾਹਰ ਰਹਿਣ ਦਾ ਖੁਦ ਕਸੂਰਵਾਰ ਹਾਂ।

*ਸਾਹਿਤ ਵਿੱਚ ਪ੍ਰਤੀਬਧੱਤਾ ਕਿੰਨੀ ਕੁ ਜਰੂਰੀ ਹੈ ?

  • ਸਾਹਿਤ ਵਿੱਚ ਪ੍ਰਤੀਬੱਧਤਾ ਨਾਲੋਂ ਸਾਹਿਤਕਾਰ ਦੇ ਪ੍ਰਤੀਬੱਧ ਹੋਣ ਦਾ ਸੁਆਲ ਵਧੇਰੇ ਅਹਿਮ ਹੈ। ਸਾਹਿਤਕਾਰ ਹੋਣਾ ਹੀ ਆਪਣੇ ਆਪ ਵਿੱਚ ਪ੍ਰਤੀਬੱਧਤਾ ਹੈ। ਕਿਸੇ ਦੀ ਨਿੱਜ ਪ੍ਰਤੀਬੱਧਤਾ ਹੈ। ਕਿਸੇ ਦੀ ਸਥਾਪਤੀ ਪ੍ਰਤੀ ਤੇ ਕਿਸੇ ਦੀ ਲੋਕਾਂ ਪ੍ਰਤੀ। ਨਿਜਵਾਦੀ ਸਾਹਿਤਕਾਰ ਆਪਣੇ ਆਪ ਤੋਂ ਨਾ ਅਗਾਂਹ ਸੋਚਦਾ ਹੈ.. ਨਾ ਲਿਖਦਾ ਹੈ। ਵਿਕਦਾ ਬਹੁਤ ਹੈ। ਅੱਡਿਆਂ ਬੁੱਕ ਸਟਾਲਾਂ ਤੇ ਸਥਾਪਤੀ ਦੇ ਪੈਰੋਕਾਰਾਂ ਨੂੰ ਸਰਕਾਰੇ ਦਰਬਾਰੇ ਵਾਹਵਾ ਮਾਨ ਸਨਮਾਨ ਹਾਸਿਲ ਹੋ ਜਾਂਦੇ । ਮੀਡੀਆ ਵਾਲੇ ਵੀ ਚੰਗਾ ਨਵਾਜਦੇ ਨੇ। ਲੋਕਾਂ ਪ੍ਰਤੀ ਪ੍ਰਤੀਬੱਧ ਸਾਹਿਤਕਾਰਾਂ ਦੀ ਭੂਮਿਕਾ ਅਤੇ ਸਥਿਤੀ ਬਾਰੇ ਕਿਸੇ ਨੂੰ ਕੀ ਭੁਲੇਖਾ ਹੈ? ਉਜ ਸਾਡੇ ਪੰਜਾਬੀ ਦੇ ਸਾਹਿਤਕਾਰਾਂ ਵਿੱਚ ਇੱਕ ਅਜੀਬ ਵਿਡੰਬਨਾ ਹੈ ਕਿ ਲੋਕਾਂ ਨਾਲ ਪ੍ਰਤੀਬੱਧ ਹੋਣ ਦੀਆਂ ਫੜਾਂ ਮਾਰਦੇ ਹਨ ਤੇ ਸਰਕਾਰੇ ਦਰਬਾਰੇ ਵੀ ਚੰਗਾ ਮਾਨ ਸਨਮਾਨ ਹਾਸਿਲ ਕਰ ਲੈਂਦੇ ਹਨ। ਇਹ ਪ੍ਰਤੀਬੱਧਤਾ ਦੀ ਕੋਈ ਹੋਰ ਸ਼੍ਰੇਣੀ ਹੋ ਸਕਦੀ ਹੈ। ਪਰ ਮੈਨੂੰ ਹਾਲੇ ਤੱਕ ਇਸ ਦੀ ਸਮਝ ਨਹੀਂ ਆਈ। ਰਹੀ ਗੱਲ ਮੇਰੇ ਪ੍ਰਤੀਬੱਧ ਹੋਣ ਦੀ,ਇਹ ਤੁਸੀ ਮੇਰੀਆਂ ਕਹਾਣੀਆ ਅਤੇ ਮੇਰੇ ਸਥਾਨ ਤੋਂ ਅੰਦਾਜਾ ਲਾ ਸਕਦੇ ਹੋ ।

*ਤੁਹਾਨੂੰ ਹੁਣ ਤੱਕ ਕਿਹੜੇ ਸਰਕਾਰੀ ਅਤੇ ਗ਼ੈਰਸਰਕਾਰੀ ਇਨਾਮ ਮਿਲ ਚੁੱਕੇ ਹਨ ?

  • ਸਰਕਾਰੀ ਸਨਮਾਨ ਬਾਰੇ ਤਾਂ ਮੈਂ ਕਦੇਂ ਸੋਚਿਆ ਹੀ ਨਹੀਂ। ਗ਼ੈਰਸਰਕਾਰੀ ਸਨਮਾਨਾਂ ਦਾ ਜਿੱਥੋਂ ਤਾਈਂ ਸੁਆਲ ਹੈ , ਗੁਰਦਾਸਪੁਰ ਸਾਹਿਤ ਸਭਾ ਵੱਲੋਂ ਪ੍ਰਿੰ.ਸੁਜਾਨ ਸਿੰਘ ਯਾਦਗਾਰੀ ਪੁਰਸਕਾਰ,ਪੰਜਾਬੀ ਲੋਕ ਲਿਖਾਰੀ ਮੰਚ ਬਟਾਲਾ ਵਲੋਂ ਸਨਮਾਨ,ਪੰਜਾਬੀ ਸਾਹਿਤ ਸਭਾ ਭੋਗਪੁਰ,ਪੰਜਾਬੀ ਸਾਹਿਤ ਸਭਾ ਹੁਸ਼ਿਆਰਪੁਰ, ਪੰਜਾਬੀ ਸਾਹਿਤ ਸਭਾ ਤਲਵਾੜਾ, ਪੰਜਾਬੀ ਸਾਹਿਤ ਸਭਾ ਭੰਗਾਲਾ-ਮੁਕੇਰੀਆਂ,ਸਾਹਿਤ ਆਸ਼ਰਮ ਟਾਂਡਾ, ਸਫਦਰ ਹਾਸ਼ਮੀ ਪੁਰਸਕਾਰ ,ਪੰਜਾਬੀ ਸਾਹਿਤ ਅਕੈਡਮੀ ਬਿਜਲੀ ਬੋਰਡ,,ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ,ਚਰਨ ਦਾਸ ਜੈਨ ਯਾਦਗਾਰੀ , ਪੁਲਸ ਮੰਚ ਪੰਜਾਬ ਸਿਰਜਣਾ ਅਵਾਰਡ ਆਦਿ ਵੱਲੋਂ ਮਿਲੇ ਮੋਮੈਂਟੋ ਤੇ ਸ਼ਾਲਾਂ ਮੇਰੇ ਗ਼ੈਰਸਰਕਾਰੀ ਸਨਮਾਨਾਂ ਦੇ ਖਾਤੇ ਵਿੱਚ ਪਾ ਸਕਦੇ ਹੋ ।

*ਤੁਹਾਡੀਆਂ ਪੁਸਤਕਾਂ ਤੇ ਖੋਜ ਕਾਰਜ ਵੀ ਹੋਏ ਹਨ ?

  • ਮੇਰੀਆਂ ਕਹਾਣੀਆ ਤੇ ਪੰਜਾਬੀ ਯੂਨੀਵਰਸਿਟੀ,ਪੰਜਾਬ ਯੂਨੀਵਰਸਿਟੀ ਅਤੇ ਕੁਰੂਕਸ਼ੇਤਰ ਯੂਨੀਵਰਸਿਟੀ,ਆਦਿ ਵੱਲੋਂ ਮੇਰੀ ਕਹਾਣੀ ਰਚਨਾ ਤੇ ਕਈ ਐਮ.ਫਿਲ. ਅਤੇ ਪੀ .ਐਚ. ਡੀ .ਦੇ ਖੋਜ ਕਾਰਜ ਕਰਵਾਏ ਗਏ ਹਨ ।

                                        ********                 

                                                               ਮੁਲਾਕਾਤੀ-ਪ੍ਰਿੰਸੀਪਲ ਡਾ. ਧਰਮਪਾਲ ਸਾਹਿਲ ,

                                                              ਪੰਚਵਟੀ,ਏਕਤਾ ਇਨਕਲੇਵ,ਲੇਨ ਨੰਬਰ-2,

                                                              (ਬੂਲਾਂਬਾੜੀ),ਹੁਸ਼ਿਆਰਪੁਰ -146001

                                                                ਫੋਨ-9876156964

 

Make a free website with Yola