~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~ 

ਦਸੂਹਾ ਇਲਾਕੇ ਦੀਆਂ ਗੋਲਣਯੋਗ ਕਲਮਾਂ

ਲਾਲ ਸਿੰਘ ਦਸੂਹਾ

ਦਸੂਹਾ ਇਲਾਕੇ ਦੀ ਕਲਮੀਂ ਫਿਜ਼ਾ ਦੀ ਗੱਲ ਤੋਰਦਿਆਂ ਇਸ ਨੂੰ ਸ਼ਾਇਰਾਂ ਦੀ ਧਰਤੀ ਕਹਿਣਾ ਬਿਲਕੁਲ ਹੀ ਅਣਉੱਚਿਤ ਨਹੀਂ ਜਾਪਦਾ ।  ਕਾਰਨ ਇਹ ਹੈ ਕਿ ਭਾਰਤ ਦੀ ਵੰਡ ਤੋਂ ਪਹਿਲਾਂ ਦਸੂਹਾ ਕਸਬਾ ਸ਼ਾਇਰੀ ਦੀ ਬੈਂਤ ਸਿਨਫ਼ ਦੀ ਨਰਸਰੀ ਵੱਜੋਂ ਗਿਣਿਆ ਜਾਂਦਾ ਸੀ । ਅਣਵੰਡੇ ਪੰਜਾਬ ਦੇ ਹੋਰਨਾਂ ਭਾਗਾਂ ਵਾਂਗ ਇਥੇ ਵੀ ਤਰੇ-ਮਿਸਰਿਆਂ ਤੇ ਅਧਾਰਿਤ ਬੈਂਤਬਾਜੀ ਹੁੰਦੀ ਸੀ । ਮੁਕਾਬਲੇ ਹੁੰਦੇ ਸਨ ,ਇਹਨਾਂ ਮੁਕਾਬਲਿਆਂ ਦਾ ਮੁੱਖ ਅੱਡਾ ਜਿਲ੍ਹਾ ਹੁਸ਼ਿਆਰਪੁਰ ਦੀ ਊਨਾ ਤਹਿਸੀਲ ਦਾ ਪ੍ਰਮੁੱਖ ਯਾਤਰਾ ਅਸਥਾਨ ਚਿੰਤਪੁਰਨੀ (ਅੱਜ ਕਲ੍ਹ ਹਿਮਾਚਲ ਪ੍ਰਦੇਸ਼ ) ਸੀ । ਸਾਊਣ ਮਹਿਨੇ ਦੇ ਨਰਾਤਿਆਂ ਦੇ ਮੇਲੇ ਦਿਨੀਂ ਪੰਜਾਬ ਦੇ ਵੱਖ ਵੱਖ ਥਾਵਾਂ ਤੋਂ ਪੁੱਜੀਆਂ ਟੀਮਾਂ ਨਹਾਉਣ ਵਾਲੇ ਛੋਟੇ ਤਲਾਬਾਂ ਦੀਆਂ ਪੌੜੀਆਂ ਤੇ ਆਹਮੋ-ਸਾਹਮਣੇ ਬੈਠ ਜਾਂਦੀਆਂ । ਸਰੋਤੇ-ਦਰਸ਼ਕ ਅਪਣੇ ਪਾਸੇ ਵਾਲੀਆਂ ਪੌੜੀਆਂ ਤੇ ਬੈਠ ਕੇ ਮੁਕਾਬਲਿਆਂ ਦਾ ਆਨੰਦ ਮਾਣਦੇ । ਇਕ ਟੀਮ ਬੈਂਤ ਰਾਹੀਂ ਸਵਾਲ  ਕਰਦੀ,ਦੂਜੀ ਟੀਮ ਤਤਕਾਲ ਬੈਂਤ ਰਾਹੀਂ ਉੱਤਰ ਦਿੰਦੀ । ਫਿਰ ਦੂਜੀ ਟੀਮ ਦੀ ਵਾਰੀ ਸਵਾਲ ਕਰਨ ਦੀ ਹੁੰਦੀ । ਪਹਿਲੀ ਜਵਾਬ ਦਿੰਦੀ । ਇਉਂ ਵੱਖ ਵੱਖ ਟੀਮਾਂ ਆਪੋ ਵਿੱਚ ਭਿੜਦੀਆਂ , ਫਾਈਨਲ ਤੱਕ ਪੁੱਜਦੀਆਂ । ਬੈਂਤ ਐਨ ਮੌਕੇ ਤੇ ਬਣਾ-ਗੰਢ ਕੇ ਬੋਲਣੇ ਪੈਂਦੇ । ਹਾਰ ਗਈ ਟੀਮ ਨੂੰ ਹਾਰ ਗਈ- ਹਾਰ ਗਈ  ਦਾ ਸ਼ੋਰ ਕਬੂਲਣਾ ਪੈਂਦਾ ਤੇ ਜਿੱਤ ਗਈ ਟੀਮ ਨੂੰ ਉਸਤਾਦ-ਟੀਮ ਦੇ ਖਿਤਾਬ ਨਾਲ ਨਿਵਾਜ਼ਿਆਂ ਜਾਂਦਾ ।

ਦਸੂਹਾ ਕਸਬੇ ਦੇ ਨਾਮੀਂ ਇੰਜਨੀਅਰ ਸ਼ਤੀਸ਼ ਕੁਮਾਰ ਬੱਸੀ ਅਨੁਸਾਰ ਦਸੂਹੇ ਦੀ ਟੀਮ ਹਰ ਵਰ੍ਹੇ ਇਸ ਮੁਕਾਬਲੇ ਵਿੱਚ ਹਿੱਸਾ ਲੈਂਦੀ ਹੋਣ ਕਰਕੇ ਇਹ ਸਥਾਨ ਸ਼ਾਇਰੀ ਦੀ ਬੈਂਤ, ਸਿਨਫ਼ ਦਾ ਪ੍ਰਸਿੱਧ ਅੱਡਾ ਬਣ ਗਿਆ ਸੀ । ਸਾਉਣ ਮਹੀਨੇ ਦੇ ਨਰਾਤਿਆਂ ਦਾ ਚਿੰਤਪੁਰਨੀ ਮੇਲਾ ਖ਼ਤਮ ਹੁੰਦਿਆਂ ਸਾਰ ਅਗਲੇ ਸਾਲ ਲਈ ਤਿਆਰੀ ਸ਼ੁਰੂ ਹੋ ਜਾਂਦੀ ਸੀ ।

ਇਸ ਬੈਂਤ ਸਕੂਲ ਦੇ ਸਭ ਤੋਂ ਪਹਿਲੇ ਉਸਤਾਦ ਜਨਾਬ ਮੁਲਖ ਰਾਜ ਆਜ਼ਾਦ ਨੂੰ ਗਿਣਿਆਂ ਜਾਂਦਾ ਹੈ । ਉਹਨਾਂ ਡਾਕਖਾਨੇ ਦੀ ਮੁਲਾਜ਼ਮਤ ਨੂੰ ਆਪਣੀ ਆਜ਼ਾਦਾਨਾ ਤਬੀਅਤ ਕਾਰਨ ਇਸ ਲਈ ਅਲਵਿਦਾ ਆਖੀ ਦਿੱਤੀ ਸੀ ਕਿ ਡਾਕ-ਟਿਕਟਾਂ ਦੀ ਵੇਚ-ਵੱਟਕ ਦਾ ਸਮਾਂ ਖ਼ਤਮ ਹੋ ਜਾਣ ਪਿਛੋਂ ਟਿਕਟਾਂ ਲੈਣ ਆਏ ਕਿਸੇ ਅੰਗਰੇਜ਼ ਨੂੰ ਟਿਕਟਾਂ ਨਾ ਦੇਣ ਤੋਂ ਉਹਨਾਂ ਨੂੰ ਉਸ ਨੇ ਕੌੜੇ-ਕੁਸੈਲੇ ਬੋਲ ਬੋਲੇ ਸਨ । ਫੱਕਰ ਤਬੀਅਤ ਦੇ ਮਾਲਕ ਮੁਲਖ ਰਾਜ ਕੋਲ ਬਸ ਇੱਕੋ ਕੰਮ ਬਚਿਆਂ ਸੀ –ਸ਼ਾਇਰੀ ਕਰਨ ਦਾ । ਜਿੱਥੇ ਦਿਲ ਕੀਤਾ ਪਏ ਰਹਿੰਦੇ ,ਜਿੱਥੋਂ ਮਿਲਦਾ ਖਾ ਲੈਂਦੇ । ਘਰ-ਘਾਟ,ਬਾਲ-ਬੱਚੇ ਸਭ ਦਾ ਮੋਹ ਖ਼ਤਮ ਕਰਕੇ ਲਿਖਿਆ – ਪੀਵੋ ਭੰਗ ਸੋਵੋਂ ਬਾਗੀ ਘਰ ਵਾਲੇ ਜੀਣਗੇ ਅਪਣੇ ਭਾਗੀਂ । ਉਹਨਾਂ ਦਾ ਸ਼ਾਇਰੀ ਦੀ ਇੱਕ ਵੰਨਗੀ ਇਹ ਵੀ ਹੈ –

 

ਅੱਖੀਆਂ ਬਾਝ ਨਾ ਦਿਸੇ ਜਲਵਾ,ਦੰਦਾਂ ਬਾਝ ਸੁਆਦ ਕੁਝ ਖਾਣ ਦਾ ਨਈਂ,

ਤੰਦਰੁਸਤੀ ਬਿਨ ਮਜ਼ਾ ਨਈਂ ਜਿੰਦਗੀ ਦਾ,ਪੈਸੇ ਬਿਨ ਕੰਮ ਚਲਦਾ ਜਹਾਨ ਦਾ ਨਈਂ

ਉਹਨਾਂ ਦੇ ਹੋਣਹਾਰ ਸ਼ਾਗਿਰਦਾਂ ਵਿੱਚ ਬੈਂਤ ਸਿਨਫ਼ ਵਿੱਚ ਉਸਤਾਦੀ ਪ੍ਰਾਪਤ ਕਰਨ ਵਾਲੇ ਪੰਡਿਤ ਧਿਰਤ ਰਾਮ ਰੱਤੀ ਖੁਦਮੁਖਤਰ ਸਨ । ਦਸੂਹਾ ਬਾਜ਼ਾਰ ਦੀ ਉੱਘੀ ਸ਼ਖਸ਼ੀਅਤ ਸ੍ਰੀ ਯਸ਼ਪਾਲ,ਜਿਹਨਾਂ ਦੀ ਦਿੱਖ ਕਰਿਆਨਾ ਵਿਉਪਾਰੀ ਨਾਲੋਂ ਇਕ ਵਿਦਵਾਨ ਤੇ ਚਿੰਤਕ ਵਜੋਂ ਵੱਧ ਉੱਘੜਵੀ ਹੈ , ਦੇ ਦੱਸਣ ਅਨੁਸਾਰ ਸ਼ਾਇਰ ਖੁਦਮੁਖਤਾਰ ਅੱਛੀ ਖਾਸੀ ਜ਼ਮੀਨ ਦੇ ਮਾਲਕ ਸਨ । ਮਾਕੂਲ ਆਮਦਣ ਹੋਣ ਕਰਕੇ ਸਾਰਾ ਦਿਨ ਤਰਾਰੇ ਚ ਰਹਿੰਦੇ ਤੇ ਸ਼ਾਇਰੀ ਕਰਦੇ । ਪਰ ਕਾਗਜ਼-ਕਲਮ ਤੇ ਪੈਸੇ ਬਿਲਕੁਲ ਨਹੀਂ ਸੀ ਖ਼ਰਚਦੇ । ਉਹਨਾਂ ਜਿੰਨਾਂ ਵੀ ਲਿਖਿਆ ਬਾਜਾਰ ਚ ਖਿੱਲਰੇ ਰੱਦੀ ਕਾਗਜ਼ਾਂ ਜਾਂ ਸਿਗਰਟਾਂ ਆਲੀ ਡੱਬੀ ਅੰਦਰਲੇ ਪੱਤਰੇ ਤੇ । ਲਿਖ ਕੇ ਜਿੱਥੇ ਪੜਿਆ, ਉੱਥੇ ਹੀ ਸੁੱਟ ਦਿੱਤਾ । ਉਹ ਆਪ ਕਿਸੇ ਕਵੀ –ਦਰਬਾਰ ਵਿੱਚ ਕਵਿਤਾ ਨਹੀ ਸੀ ਪੜ੍ਹਦੇ । ਉਹਨਾਂ ਦੇ ਸ਼ਾਗਿਰਦ ਪੜ੍ਹਦੇ ਸਨ, ਉਹਨਾਂ ਦੀ ਲਿਖੀ ਇੱਕ ਬੈਂਤ ਉਹਨਾਂ ਦੇ ਸ਼ਾਗਿਰਦ ਪ੍ਰੀਤਮ ਸਿੰਘ ਕੜਕ ਨੇ ਰਾਵਲਪਿੰਡੀ ਵਿੱਚ ਹੋਏ ਕਾਂਗਰਸ ਦੇ ਜਲਸੇ ਚ ਪੜੀ,ਤਾਂ ਉਸਨੂੰ ਨੌ ਸਾਲ ਦੀ ਕੈਦ ਕੱਟਣੀ ਪਈ ਸੀ । ਉਸ ਕਵਿਤਾ ਦਾ ਇਕ ਸ਼ੇਅਰ ਹੈ –

ਉਲਟ-ਪਲਟਣੀ ਆਉਣੀ,ਕਹਿ ਦਿਓ ਦੁਨੀਆਂ ਨੂੰ ,

ਲੁੱਟ ਲੈਣੀ ਗੋਰਿਆਂ ਦੀ ਛਾਉਣੀ , ਕਹਿ ਦਿਓ ਦੁਨੀਆਂ ਨੂੰ !

ਉਹਨਾਂ ਦੀ ਸ਼ਾਇਰੀ ਦੀ ਇਕ ਹੋਰ ਵੰਨਗੀ ਇਹ ਹੈ –

ਦੇਖਣ ਨੂੰ ਦੋ-ਚੌਂਹ ਇੱਟਾਂ ਦੀ ਥੜੀ ਏ , ਕਾਸ਼ੀ ਤੋਂ ਪਵਿੱਤਰ ਕਾਬ੍ਹੇ ਤੋਂ ਬੜੀ ਏ ,

ਸਿਰ ਨਾਸਤਿਕ ਦਾ ਵੀ ਏਥੇ ਝੁਕ ਜਾਵੇ ,ਕਿਉਂਕਿ ਇਹ ਸ਼ਹੀਦਾਂ ਦੀ ਮੜ੍ਹੀ ਏ !

ਖੁਦਮੁਖ਼ਤਾਰ ਸਾਹਿਬ ਦਾ ਅਪਣਾ ਲਿਖਿਆ ਬਹੁਤਾ ਕੁਝ ਉੱਪਲਭਦ ਨਹੀਂ । ਜਿਹਨਾਂ ਨੂੰ ਯਾਦ ਸੀ ਉਹ ਸਾਰੇ ਪ੍ਰਲੋਕ ਸੁਧਾਰ ਗਏ ਹਨ । ਉਹਨਾਂ ਦੇ ਸ਼ਾਗਿਰਦਾਂ ਦੀ ਲੰਮੀ ਸੂਚੀ ਵਿੱਚ ਹਰਬੰਸ ਲਾਲ ਨਾਈ, ਰਾਮ ਬਖ਼ਸ਼ ਭੰਗੂ,ਪ੍ਰੀਤਮ ਸਿੰਘ ਕੜਕ ,ਬਲਦੇਵ ਮਿੱਤਰ ਬਿਜਲੀ , ਦੀਵਾਨ ਚੰਦ ਨਾਦਿਮ ,ਅਯੁੱਧਿਆ ਪ੍ਰਕਾਸ਼ ਸਰਕਸ , ਸੁਖਦੇਵ ਮਿੱਤਰ ਬਹਿਲ ਵੀ ਸ਼ਾਮਿਲ ਸਨ । ਪਰ , ਉਸਤਾਦ ਬਨਣ ਜਾਂ ਹੋਣ ਦੀ ਉਪਾਧੀ ਉਹਨਾਂ ਦੇ ਦੋ ਸ਼ਿਗਰਦਾਂ ਗਿਰਧਾਰੀ ਲਾਲ ਖੁਦਸਰ ਅਤੇ ਹਰਬੰਸ ਲਾਲ ਮੁਜ਼ਰਮ ਹੀ ਪ੍ਰਾਪਤ ਕਰ ਸਕੇ । ਉਹ ਇੱਕੋ ਸਮੇਂ ਆਪਣੇ ਪੰਜ-ਛੇ ਸ਼ਾਗਿਰਦਾਂ ਨੂੰ ਵੱਖ ਵੱਖ ਵਿਸ਼ਿਆਂ ਤੇ ਬੈਂਤ ,ਗਜ਼ਲ ,ਗੀਤ ਲਿਖਣ ਦੀ ਅਸਲਾਹ ਦੇ ਸਕਦੇ ਸਨ ।ਉਹਨਾਂ ਦੀਆਂ ਅਦਬੀ ਮਹਿਫ਼ਲਾਂ ਵਿੱਚ ਨਾਮਵਰ ਉਰਦੂ ਸ਼ਾਇਰ ਅਮਰ ਚੰਦ ਕੈਸ , ਅਖ਼ਤਰ ਭੰਗਾਲਵੀ ਦੀ ਹਾਜ਼ਰੀ ਵੀ ਕਈ ਕਈ ਦਿਨ ਲਗਾਤਾਰ ਬਣੀ ਰਹਿੰਦੀ ਸੀ ।

ਖੁਦਮੁਖਤਾਰ ਹੋਣੀ ਆਪ ਤਾਂ ਚਿੰਤਪੁਰਨੀ ਮੁਕਾਬਲਿਆਂ ਲਈ ਨਹੀਂ ਸੀ ਜਾਂਦੇ , ਪਰ ਉਹਨਾਂ ਦੇ ਉਸਤਾਦ ਬਨਣ ਦੀ ਜੋਗਤਾ ਪ੍ਰਾਪਤ ਕਰਨ ਵਾਲੇ ਸ਼ਾਗਿਰਦ ਗਿਰਧਾਰੀ ਲਾਲ ਖੁਦਸਰ ਅਪਣੇ ਦਾਦਾ ਮੁਲਖ਼ ਰਾਮ ਆਜ਼ਾਦ ਵਾਂਗ ਮੁਕਾਬਲਿਆਂ ਵਿੱਚ ਭਾਗ ਲੈਂਦੇ ਸਨ । ਉਹਨਾਂ ਦੀ ਸ਼ਾਇਰੀ ਵੰਨਗੀ ਬਹੁਤੀ ਕਰਕੇ ਗਜ਼ਲ ਸਿਨਫ਼ ਵਿੱਚ ਉੱਪਲਭਦ ਹੈ –

 

ਗੱਲਾਂ ਭੋਲੀਆਂ ਭਾਲੀਆਂ ਵਿੱਚ ਆਕੇ ,

ਹੱਥਾਂ ਨਾਲ ਮੈਂ ਐਵੇਂ ਮਿਲਾ ਲਿਆ ਹੱਥ,

ਦਿਲ ਵਿਚ ਸਮਝ ਬੈਠਾ ,ਦਿੱਲੀ ਲੁੱਟ ਲਈ,

ਮਿੱਠੇ ਚੌਲਾਂ ਨੂੰ ਸ਼ਾਇਦ ਮੈਂ ਪਾ ਲਿਆ ਹੱਥ ।

ਪਤਾ ਲੱਗਾ ਉਹ ਜ਼ਹਿਰ ਦੀ ਵੇਲ ਸੀਗੀ,

ਫੁੱਲ ਸਮਝ ਕੇ ਐਵੇਂ ਵਧਾ ਲਿਆ ਹੱਥ ।

ਗੋਰੇ ਰੰਗ ਤੇ ਮਸਤ ਨਾ ਹੋਈਂ ਖ਼ਦਸਰ ,

ਅੱਗੇ ਵਾਸਤੇ ਕੰਨਾਂ ਨੂੰ ਲਾ ਲਿਆ ਹੱਥ ।

ਉਹਨਾਂ ਦੇ ਦੂਸਰੇ ਨਾਂਮਵਰ ਸ਼ਾਗਿਰਦ ਹਰਬੰਸ ਲਾਲ ਮੁਜ਼ਰਮ ਦੀ ਪੰਜਾਬੀ ਬੈਂਤ-ਗਜ਼ਲ ਸ਼ਾਇਰੀ ਦਾ ਤਾਂ ਇੱਕ ਪੂਰਾ ਦੀਵਾਨ , ਉਹਨਾਂ ਦੇ ਸ਼ਾਇਰ ਪੁੱਤਰ ਆਦਰਸ਼ ਕੁਮਾਰ ਦਰਸ਼ੀ ਦੇ ਯਤਨਾਂ ਕਾਰਨ ਉੱਪਲਭਦ ਹੈ । ਵੰਨਗੀ ਇਸ ਤਰਾਂ ਹੈ –

 ਸੰਖ ਜਦ ਮੰਦਿਰ ਚ ਬੱਜਿਆ ਸ਼ਾਮ ਨੂੰ ,

ਸੁਣ ਲਿਆ ਸਾਕੀ ਦੇ ਮੈਂ ਪੈਗਾਮ ਨੂੰ ,

                   ਉਹ ਕਦੇ ਆਗਾਜ਼ ਕਰ ਸਕਦੇ ਨਈਂ,

                   ਸੋਚਦੇ ਰਹਿੰਦੇ ਨੇ ਜੋ ਅੰਜਾਮ ਨੂੰ ......  ( ਇੱਕ ਗਜ਼ਲ ਚੋਂ )

ਜਨਾਬ ਮੁਜਰਮ ਸਾਹਿਬ ਦੇ ਸ਼ਾਗਿਰਦਾਂ ,ਦੀਪਕ ਜੈਤੋਈ ,ਸਾਧੂ ਸਿੰਘ ਆਜ਼ਾਦ ,ਅਨਪੜ ਅਬੋਹਵੀ ,ਪ੍ਰੋ ਦੀਦਾਰ ਸਿੰਘ ਦੀਦਾਰ ਨੂੰ ਆਪਣੀ ਕਲਮ ਲਈ ਮਾਣ ਗਿਣਦੇ ਸਨ –

                   ਹੋਰ ਹੋਵੇਗੀ ਭਲਾ ਉੱਸਤਾਦੀਆਂ ਦੀ ਕੀ ਸਨਦ,

                   ਹਜ਼ਰਤ ਮੁਜ਼ਰਮ ਦੇ ਸਭ ਸ਼ਾਗਿਰਦ ਨੇ ਉਸਤਾਦ ਹੁਣ ।

ਉਸ ਪੜਾਅ ਦੇ ਸ਼ਾਇਰ ਚਰਨ ਸਿੰਘ ਸਫ਼ਰੀ ਭਾਵੇਂ ਬੈਂਤ ਮੁਕਾਬਲਿਆਂ ਵਿੱਚ ਨਹੀਂ ਸੀ ਲੈਦੇਂ ਪਰ ਦੇਸ਼ ਵੰਡ ਤੋਂ ਪਹਿਲਾਂ ਤੇ ਪਿਛੋਂ ਦੇ ਦਸੂਹੇ ਦੇ ਕਲਮੀ ਇਤਿਹਾਸ ,ਵਿਸ਼ੇਸ਼ ਕਰਕੇ ਸਿੱਖ ਧਰਮ ਦੇ ਖੂਨੀ ਸਾਕਿਆਂ ਸੰਬੰਧੀ ਲਿਖੀ ਉਹਨਾਂ ਦੀ ਸ਼ਾਇਰੀ ਅਤੇ ਗੀਤਾਂ ਦੇ ਜ਼ਿਕਰ ਬਿਨਾਂ ਦਸੂਹੇ ਦੀ ਕਲਮੀਂ ਵਿਰਾਸਤ ਦੀ ਸੰਭਾਲ ਅਧੂਰੀ ਰਹਿ ਜਾਏ ਗੀ –

                   ਉੱਸਰ ਰਹੀ ਏ ਖੂਨੀ ਦੀਵਾਰ,ਲਾਲ ਖੜੇ ਦੋ ਨੀਹਾਂ ਵਿਚਕਾਰ,

                   ਹੋ ਰਿਹਾ ਏ ਮਾਸੂਮਾਂ ਉੱਤੇ,ਇਹ ਸਿੱਖੀ ਦਾ ਮਹਿਲ ਉਸਾਰ,

                   ਅੰਬਰ ਰੋਇਆ ਧਰਤੀ ਰੋਈ ,ਇਹ ਅਨਹੋਣੀ ਗੱਲ ਕੀ ਹੋਈ ,

                   ਹਿੰਦੂ ਰੋਏ ਮੁਸਲਮ ਰੋਏ,ਸਾਰੇ ਮੱਚ ਗਈ ਹਾਹਾਕਾਰ ।

ਇਵੇਂ ਹੀ ਉੱਤਰ-ਆਜ਼ਾਦੀ ਦੌਰ ਸਮੇਂ ਦਸੂਹਾ ਇਲਾਕੇ ਅੰਦਰ ਸ਼ਾਇਰੀ ਦੀ ਬੈਂਤ-ਗਜ਼ਲ-ਗੀਤ ਸਿਨਫ਼ ਨੂੰ ਅਗਾਂਹ ਤੋਰਨ ਵਾਲਿਆਂ ਵਿੱਚ ਅਮ੍ਰਿਤ ਲਾਲ ਅਮ੍ਰਿਤ ,ਮਦਨ ਲਾਲ ਦਿਲਕਸ਼ , ਕ੍ਰ੍ਰਿਸ਼ਨ ਲਾਲ ਅਨਪੜ੍ਹ , ਗੁਰਚਰਨ ਰਾਹੀ ਅਤੇ ਪ੍ਰੋ. ਦੀਦਾਰ ਸਿੰਘ ਦੀਦਾਰ ਦਾ ਨਾਂਮ ਬੜੇ ਸਤਿਕਾਰ ਨਾਲ ਲਿਆ ਜਾਂਦਾ ਹੈ । ਇਹ ਸਾਰੇ ਹੁਣ ਦਸੂਹੇ ਦੀ ਸ਼ਾਇਰੀ –ਫਿਜ਼ਾ ਵਿੱਚੋਂ ਗੁੱਮ ਹਨ ਪਰ ਇਹਨਾਂ ਦਾ ਕਲਾਮ ਬਹੁਤੇ ਸਰੋਤਿਆਂ-ਪਾਠਕਾਂ ਨੂੰ ਯਾਦ ਹੈ ਵਿਸ਼ੇਸ਼ ਕਰਕੇ ਪ੍ਰੋ . ਦੀਦਾਰ ਸਿੰਘ ਦੀਦਾਰ ਦੇ ਇਹਨਾਂ ਸੱਤਰਾਂ ਵਰਗੇ ਗੀਤ-ਗਜ਼ਲਾਂ ।

                   ਤੂੰ ਤੇ ਚੁੱਪ ਕਰ ਕੇ ਹੀ ਸਾਰੇ, ਆਲ੍ਹਣੇ ਦਿੱਤੇ ਨੇ ਫੂਕ ,

                   ਦੇਖ ਲਈ ਪੰਛੀ ਕਿਵੇਂ ਪਾਉਂਦੇ ਦੁਹਾਈ ਦਿਨ ਢਲੇਂ,

                   ਜਾ ਨੀ ਸੜਕੇ ਇਸ ਨਗਰ ਚੋਂ ਦਿਨ ਖੜੇ ਹੀ ਨਿਕਲ ਜਾ,

                   ਇਸ ਨਗਰ ਵਿੱਚ ਪੱਤ ਨਈਂ ਜਾਣੀ ਬਚਾਈ ਦਿਨ ਢਲੇ...।

                   ....................................................................

                   ਮੇਰੇ ਘਰ ਦੇ ਬਾਰਾਂ ਬਾਲੇ,ਤਿੰਨ ਕੱਧਾਂ ਦਰ ਦਖ਼ਣ ਨੂੰ ,

                   ਸਿਵਿਆਂ ਦੀ ਹੱਦ ਅੰਦਰ ਆ ਕੇ ਤੂੰ ਕਿੱਦਾਂ ਬਚ ਜਾਏਗਾ ।

ਇਸ ਪੀੜ੍ਹੀ ਤੋਂ ਅਗਲੇ ਪੜਾ ਦੇ ਸ਼ਾਇਰ ਆਦਰਸ਼ ਕੁਮਾਰ ਦਰਸ਼ੀ ਡਾ. ਜਨਮੀਤ,ਤਰਸੇਮ ਸਿੰਘ ਸਫ਼ਰੀ , ਅਮਰੀਕ ਡੋਗਰਾ ,ਨਵਤੇਜ ਸਿੰਘ , ਕਰਨੈਲ ਸਿੰਘ ਨੇਮਨਾਮਾਂ ਤਾਂ ਪੰਜਾਬੀ ਸ਼ਾਇਰੀ ਦੀ ਅਕਾਦਮਿੱਕ ਸੰਵੇਦਨਾ ਦਾ ਦੰਮ ਭਰਦੇ ਅੱਜ ਦੀ ਪੂਰੀ ਸਰਗਰਮੀਂ ਨਾਲ ਕਲਮੀਂ ਖੇਤਰ ਵਿੱਚ ਹਾਜ਼ਰ ਹਨ। ਇਹਨਾਂ ਵਾਂਗ ਕੁੰਦਨ ਲਾਲ ਕੁੰਦਨ,ਬਲਦੇਵ ਰਾਜ ਬਡਿਆਲ,ਚੈਨ ਸਿੰਘ ਚੱਕਰਵਰਤੀ, ਇੰਦਰਜੀਤ ਕਾਜਲ ਸਟੇਜੀ ਸ਼ਾਇਰਾਂ ਵਜੋਂ ਅਤੇ ਰਣਜੀਤ ਰਾਣਾ,ਦਿਲਪ੍ਰੀਤ ਕਾਹਲੋਂ , ਬਲਦੇਵ ਸਿੰਘ ਬੱਲੀ,ਸੁਖਦੇਵ ਕੌਰ ਚਮਕ , ਸ਼ਾਇਰੀ ਦੀ ਗਜ਼ਲ –ਗੀਤ ਸਿਨਫ਼ ਵਿੱਚ ਪੂਰੀ ਰੁਚੀ ਰੱਖ ਰਹੇ ਹਨ । ਇਸ ਉਪਰੋਤਕ ਸੂਚੀ ਅੰਦਰਲੇ ਲੇਖਕਾਂ ਦੀ ਦਰਜਾਵਰ ਪ੍ਰਾਪਤੀ ਉਹਨਾਂ ਦੀ ਆਪਣੀ ਲਗਨ ਤੇ ਮਿਹਨਤ ਦਾ ਸਿੱਟਾ ਵੀ ਹੈ ਤੇ ਉਹਨਾਂ ਦੀ ਕਾਵਿਕ ਪ੍ਰਤਿਭਾ ਨੂੰ ਉੱਪਲਭਦ ਹੋਏ ਸਾਹਿਤ ਸਭਾ ਦੇ ਪਲੇਟਫਾਰਮ ਦਾ ਵੀ ।

ਪਿਛਲੇ 35 ਕੁ ਵਰ੍ਹਿਆਂ ਤੋਂ ਕਾਰਜ਼ਸ਼ੀਲ ਸਾਹਿਤ ਸਭਾ ਦਸੂਹਾ-ਗੜ੍ਹਦੀਵਾਲਾ ਰਜਿ: ਨੇ ਸ਼ਾਇਰੀ ਦੇ ਨਾਲ ਨਾਲ ਸੁਰਿੰਦਰ ਸਿੰਘ ਨੇਕੀ ਨਾਵਲ ਅਤੇ ਮਾਸਟਰ ਲਾਲ ਸਿੰਘ ਦਸੂਹਾ ਕਹਾਣੀ ਸਿਨਫ਼ ਦੇ ਲੇਖਕਾਂ ਨੂੰ ਵੀ ਉਵੇਂ ਹੀ ਉਤਸ਼ਾਹਿਤ ਕੀਤਾ ਹੈ ਜਿਵੇਂ ਯਾਤਰਾ ਅਸਥਾਨ ਚਿੰਤਪੁਰਨੀ ਵਿਖੇ ਕਿਸੇ ਸਮੇਂ ਹੁੰਦੀਆਂ ਰਹੀਆਂ ਬੈਂਤ-ਉਚਾਰਨਾ ਬੈਠਕਾਂ ਵਿੱਚ ਦਸੂਹੇ ਦੀ ਕਾਵਿਕ ਪ੍ਰਤਿਭਾ ਉਜਾਗਰ ਹੁੰਦੀ ਰਹੀ ਸੀ ।

ਇਸ ਉਪਰੋਤਕ ਵਰਣਨ ਨੂੰ ਕਲਮਬੱਧ ਕਰਦਿਆਂ ਦਸੂਹਾ ਸ਼ਹਿਰ ਦੇ ਨੇੜਲੇ ਦੋਂ ਪਿੰਡਾਂ ਦੇ ਦੋ ਸ਼ਾਇਰਾਂ ਨੂੰ ਅਣਗੋਲਿਆਂ ਕਰਨਾ ਇਸ ਵਿਸ਼ੇ ਦੇ ਸਮੁੱਚੇ ਵਰਨਣ ਨਾਲ ਬੇ-ਇਨਸਾਫੀ ਹੀ ਹੋਵੇਗੀ । ਉਹ ਹਨ ਉਨਵੀਂ ਸਦੀ ਦੇ ਦੂਜੇ ਅੱਧ ਵਿਚਲੇ ਪਿੰਡ ਆਲਮਪੁਰ ਦੇ ਸੂਫੀ ਸ਼ਾਇਰ ਮੌਲਵੀ  ਗੁਲਾਮ ਰਸੂਲ ਆਲਮਪੁਰੀ ਅਤੇ ਵੀਂਹਵੀ ਸਦੀ ਦੇ ਪਹਿਲੇ ਅੱਧ ਵਿੱਚ ਸਰਗਰਮ ਰਹੇ ਕੁੰਡਲੀਦਾਰ ਦੀਵਾਨ ਚੰਦ ਗਿਰਧਰ । ਇਹਨਾਂ ਦੋਨਾਂ ਦੀ ਸ਼ਾਇਰੀ ਦੀ ਅਕਾਡਮਿੱਕ ਅਹਿਮੀਅਤ ਜਿੱਥੇ ਦਸੂਹੇ ਦੀ ਕਲਮੀਂ ਫਿਜ਼ਾ ਨੂੰ ਹੱਲਾ ਸ਼ੇਰੀ ਦਿੰਦੀ ਰਹੀ ਹੈ , ਓਥੇ ਪੂਰਬੀ ਤੇ ਪੱਛਮੀ ਪੰਜਾਬ ਦੀਆਂ ਯੂਨੀਵਰਸਟੀਆਂ ਦੇ ਖੋਜਆਰਥੀਆਂ ਦੇ ਖੋਜਕਾਰ ਦਾ ਹਿੱਸਾ ਵੀ ਬਣਦੀ ਆ ਰਹੀ ਹੈ ।

ਪਰ , ਦਸੂਹੇ ਦੇ ਕਲਮੀਂ ਇਤਿਹਾਸ ਨੂੰ ਫਰੋਲਦਿਆਂ ਜਿਹਨਾਂ ਬਜ਼ੁਰਗਾਂ ਦੇ ਬਜ਼ੁਰਗਾਂ ਤੱਕ ਅਜੇ ਨਹੀਂ ਪਹੁੰਚਿਆਂ ਜਾ ਸਕਿਆ , ਉਹਨਾਂ ਦੇ ਨਾਵਾਂ ਦਾ ਸੰਕੇਤਕ ਵਰਨਣ ਕਿੱਧਰੇ ਕਿੱਧਰੇ ਜ਼ਰੂਰ ਪੜ੍ਹਨ-ਸੁਨਣ ਨੂੰ ਮਿਲਦਾ ਹੈ ,ਜਿਵੇਂ  ਮਣਕ-ਮੁਕੇਰੀਆਂ , ਦੁਨੀ ਦਸੂਹੇ, ਹਰੀਆ ਵਿੱਚ ਰਹਿਆਣੇ , ਦੀ ਉੱਕਤੀ ਸੰਬੰਧਤ ਖਿੱਤਿਆਂ ਵਿੱਚ ਕਿਸੇ ਸਮੇਂ ਇਹਨਾਂ ਦੀ ਹਾਜ਼ਰੀ ਨੂੰ ਯਕੀਨੀ ਬਣਾਉਂਦੀ ਹੈ । ਇਹ ਤੇ ਹੋਰ ਸੰਕੇਤ ਦਸੂਹੇ ਦੇ ਕਲਮੀ ਇਤਿਹਾਸ ਦੀ ਪੈੜ ਨੱਪੜ ਲਈ ਹੈ । ਅਗਾਂਹ ਤੋਂ ਸਾਹਿਤ ਦੇ ਵਿਦਿਆਰਥੀਆਂ ਨੂੰ ਉਤਸ਼ਾਹਤ ਕਰਦੇ ਰਹਿਣਗੇ ।

 

...........................ਆਮੀਨ ।

 --------------------------------------------------------------------------------------------------------------------------------------------------------------------------

ਤਲਖੀਆਂ-ਸੰਦਰਭ ਪੰਜਾਬੀ ਭਾਸ਼ਾ ਤੇ ਸਾਹਿਤ-ਸੱਭਿਆਚਾਰ

ਲਾਲ ਸਿੰਘ ਦਸੂਹਾ

...........ਅਸੀਂ ਪੰਜਾਬੀ ਵੀ, ਘਰਾਂ ਵਿੱਚ ਪੰਜਾਬੀ ਦੀ ਥਾਂ , ਹਿੰਦੀ ਤੇ ਸਕੂਲਾਂ ਵਿੱਚ ਪੰਜਾਬੀ /ਹਿੰਦੀ ਦੀ ਥਾਂ ਅੰਗਰੇਜ਼ੀ ਭਾਸ਼ਾ ਬੋਲਦੇ ,ਸਿੱਖਦੇ ਬੱਚਿਆਂ ਨੂੰ ਦੇਖਦੇ ਪ੍ਸੰਨ ਹੁੰਦੇ , ਅਸਲ ਵਿੱਚ ਆਪਣੀ ਹੀ ਮਾਤ-ਭਾਸ਼ਾ ਲਈ ਡੂੰਘੀ ਕਬਰ ਤਿਆਰ ਕਰ ਰਹੇ ਹਾਂ ।................

............ਅਸੀਂ ਤਰਖਾਣ ,ਮੋਚੀ , ਦਰਜ਼ੀ ਆਦਿ ਸਾਰਿਆਂ ਨੂੰ ਪੈਸੇ ਦਿੰਦੇ ਹਾਂ ,ਪਰ ਲੇਖਕ ਤੋਂ ਮੁਫ਼ਤੋਂ ਮੁਫਤ ਕੰਮ ਕਰੀ ਜਾਣ ਦੀ ਆਸ ਰੱਖਦੇ ਹਾਂ ......... ਪੰਡਿਤ ਨਹਿਰੂ

-----------------------------------------

ਥੋੜਾ ਕੁ ਸਮਾਂ ਪਹਿਲਾਂ ਦੁਨੀਆਂ ਭਰ ਦੀ ਪ੍ਰਤੀਨਿੱਧ ਟਿੱਪਣੀ-ਸੰਸਥਾ ਯੂਨਿਸਕੋ ਨੇ ਇੱਕ ਰੀਪੋਰਟ ਛਾਪੀ ਸੀ, ਜਿੱਸ ਵਿੱਚ ਪੰਜਾਬੀ ਸਮੇਤ ਅਨੇਕਾਂ ਖੇਤਰੀ ਭਾਸ਼ਾਵਾਂ ਦੇ ਆਉਂਦੇ ਪੰਜਾਹ ਸਾਲਾਂ ਵਿੱਚ ਖ਼ਤਮ ਹੋਣ ਦਾ ਖਦਸ਼ਾ ਪ੍ਰਗਟਾਇਆ ਗਿਆ ਸੀ ।

ਸਾਡੇ ਪਾਸ ਇਸ ਰਿਪੋਰਟ ਨੂੰ ਰੱਦ ਕਰ ਦੇਣ ਦਾ ਭਾਵੁਕ ਆਧਾਰ ਵੀ ਹੈ ਤੇ ਆਪਣੀ ਭਾਸ਼ਾ , ਆਪਣੇ ਸਾਹਿਤ ਸੱਭਿਆਚਾਰ ਦਾ ਕਈ ਸਦੀਆਂ ਦੀ ਅਮੀਰੀ ਨਾਲ ਲਬਰੇਜ਼ ਹੋਇਆ ਇਤਿਹਾਸ ਵੀ ਸਾਨੂੰ ਸਾਡੀ ਬੋਲੀ ਦੇ ਲੋਕ ਆਧਾਰ ਤੇ ਵੀ ਮਾਣ ਹੈ ਤੇ ਆਪਣੀ ਧਰਤੀ ਦੇ ਜ਼ਰਖੇਜ਼ ਕਣਾਂ ਤੇ ਵੀ । ਤਾਂ ਵੀ  ਟਿੱਪਣੀਕਾਰ ਸੰਸਥਾ ਦੇ ਆਖੇ-ਦੱਸੇ ਨੂੰ ਮੁੱਢੋ-ਸੁੱਢੋ ਰੱਦ ਕਰਨ ਤੋਂ ਪਹਿਲਾਂ ਉਸ ਦੁਆਰੇ ਕੱਢੇ ਨਿਰਨੇ ਪਿੱਛੇ ਕਾਰਜਸ਼ੀਲ , ਇਸ ਅਹਿਮ ਇਤਿਹਾਸਿਕ ਵਰਤਾਰੇ ਦੀ ਵੀ ਝਲਕ ਜ਼ਰੂਰ ਦੇਖਣੀ ਬਣਦੀ ।

ਇਤਿਹਾਸਕਾਰ ਦੱਸਦੇ ਹਨ ਕਿ ਦਸ ਹਜ਼ਾਰ ਸਾਲ ਪਹਿਲਾਂ , ਦੁਨੀਆਂ ਦੀ ਆਬਾਦੀ ਸਿਰਫ਼ ਦਸ ਲੱਖ ਸੀ ਤਾਂ ਪੰਦਰਾਂ ਹਜ਼ਾਰ ਦੇ ਕਰੀਬ ਭਾਸ਼ਾਵਾਂ ਦਾ ਚਲਣ ਸੀ , ਅੱਜ ਦੁਨੀਆਂ ਦੀ ਆਬਾਦੀ ਸਾਢੇ ਸੱਤ ਅਰਬ ਤੱਕ ਜਾ ਪੁੱਜੀ ਹੈ ,ਪਰ ਭਾਸ਼ਾਵਾਂ ਦੀ ਸੰਖਿਆ ਸਿਰਫ਼ 6300 ਰਹਿ ਗਈ ਹੈ ।ਉਹ ਵਿਦਵਾਨ ਇਹ ਦੱਸਣ ਵਿੱਚ ਵੀ ਕੋਈ ਝਿਜਕ ਨਹੀਂ ਮਹਿਸੂਸਦੇ ਕਿ ਇਸੇ ਰਫ਼ਤਾਰ ਨਾਲ ਘਟਦੀ ਗਈ ਭਾਸ਼ਾਵਾਂ ਦੀ ਗਿਣਤੀ ਆਉਦੇ ਭਵਿਖ ਵਿੱਚ ਸਿਰਫ਼ ਛੇ-ਸੱਤ ਸੌ ਹੀ ਰਹਿ ਜਾਵੇਗੀ । ਇਸ ਤੱਥ ਦੀ ਪੁਸ਼ਟੀ ਵਜੋਂ ਉਹ ਆਸਟ੍ਰੇਲੀਆ ਮਹਾਂਦੀਪ ਦਾ ਹਵਾਲਾ ਵੀ ਦਿੰਦੇ ਹਨ,ਜਿੱਥੇ ਬੀਤੀਆਂ ਦੋ ਸਦੀਆਂ ਵਿੱਚ 250 ਭਾਸ਼ਾਵਾਂ ਵਿਚੋਂ 225 ਭਾਸ਼ਾਵਾਂ ਦਾ ਅੰਤਰ ਹੋ ਚੁੱਕਾ ਹੈ । ਅਤੇ ਅਫ਼ਰੀਕਾ ਮਹਾਂਦੀਪ ਜਿੱਥੇ 1000 ਵਿੱਚੋਂ 220 ਦਾ ਅੰਤ ਹੋ ਚੁੱਕਾ ਹੈ ਤੇ ਕਈ ਮਰਨ ਕਿਨਾਰੇ ਪੁੱਜ ਗਈਆਂ ਹਨ ।

ਉਪਰੋਤਕ ਤੱਥਾਂ ਦੇ ਸਨਮੁੱਖ ਯੂਨਿਸਕੋ ਦਾ ਇਹ ਕਥਨ ਵੀ ਗੈਰ-ਵਾਜਿਬ ਨਹੀਂ ਕਿ ਇਵੇਂ ਤੇ ਇਸ ਰਫ਼ਤਾਰ ਨਾਲ ਅਲੋਪ ਹੁੰਦੀਆਂ ਰਹੀਆਂ ਭਾਸ਼ਾਵਾਂ ਵਿੱਚ ਕਿਧਰੇ ਪੰਜਾਬੀ ਭਾਸ਼ਾ ਵੀ ਸ਼ਾਮਿਲ ਨਾ ਹੋ ਗਈ ਹੋਵੇ ।

ਭਾਸ਼ਾ ਸੰਬੰਧੀ ਇਵੇਂ ਦਾ ਖ਼ਦਸ਼ਾ ਡਾ: ਡੇਵਿਡ ਹੈਰੀਸਨ ਨੇ ਆਪਣੇ ਲੇਖ ਵੈਨੁੰ ਲੈਂਗੁਏਜਿਜ਼ ਡਾਈ ਵਿੱਚ ਪ੍ਰਗਟ ਕਰਦਿਆਂ , ਅੰਕੜਾ ਮੂਲਕ ਤੱਥਾਂ ਨਾਲ ਮਰ ਰਹੀਆਂ ਭਾਸ਼ਾਵਾਂ ਦੇ ਵੇਰਵੇ ਦੱਸੇ । ਉਹਨਾਂ ਅਨੁਸਾਰ : -

1)      ਹਰ ਪੰਦਰਾਂ ਦਿਨਾਂ ਬਾਅਦ ਇਕ ਭਾਸ਼ਾ ਮਰ ਰਹੀ ਹੈ ।

2)      ਇਹ ਖ਼ਤਰਾ ਦੁਨੀਆਂ ਭਰ ਦੀਆਂ 40% ਭਾਸ਼ਾਵਾਂ ਦੇ ਸਿਰ ਮੰਡਰਾ ਰਿਹਾ ਹੈ ।

3)      21ਵੀਂ ਸਦੀ ਦੇ ਅੰਤ ਤੱਕ ਅੱਜ ਦੀ ਭਾਸ਼ਾਵਾਂ ਦੀ ਗਿਣਤੀ ਨਾਲੋਂ ਅੱਧੀਆਂ ਭਾਸ਼ਾਵਾਂ ਹੀ ਰਹਿ ਜਾਣਗੀਆਂ ।

4)      ਇਹਨਾਂ 6800 ਚੋਂ ਅੱਧੀਆਂ ਕਰੀਬ 3500 ਭਾਸ਼ਾਵਾਂ ਦੇ ਬੋਲਣ ਵਾਲੇ ਕੇਵਲ 20 % ਲੋਕ ਹੀ ਹਨ ।

5)      ਬਾਕੀ ਦੀ 80% ਦੁਨੀਆਂ ਦੀ ਆਬਾਦੀ 80 ਭਾਸ਼ਾਵਾਂ ਹੀ ਬੋਲਦੀ ਹੈ ।

ਡਾ. ਹੈਰੀਸਨ ਭਾਸ਼ਾਵਾਂ ਦੇ ਇਸ ਖਾਤਮੇਂ ਲਈ , ਅਨੇਕਾਂ ਕਬੀਲਿਆਂ ਦੀ ਹੋਂਦ-ਹੋਣੀ ਮੁੱਢੋਂ-ਸੁੱਢੋਂ ਖ਼ਤਮ ਹੋ ਜਾਣ ਵਾਲੇ ਇਤਿਹਾਸਕ ਸੱਚਾਈ ਵਾਲੇ ਤੱਥਾਂ ਤੋਂ ਅਗਾਂਹ ,ਸੰਸਾਰੀਕਰਨ ਦੇ ਵਰਤਾਰੇ ਨੂੰ ਅਤੇ ਇਕ ਥਾਂ ਇਕ ਦੇਸ਼ ਤੋਂ ਦੂਜੀ ਥਾਂ ,ਦੂਜੇ ਦੇਸ਼ ਜਾ ਵਸਣ ਦੀ ਪ੍ਰਵਾਸ ਦੀ ਪ੍ਰਕਿਰਿਆ ਨੂੰ ਪ੍ਰਮੁੱਖ ਕਾਰਨ ਗਿਣਦਾ ਇਸ ਪੱਖੋਂ ਵੀ ਸਾਡਾ ਲਿਹਾਜ਼ ਨਹੀਂ ਕਰਦਾ ਕਿ ਅਸੀਂ ਸੱਭਿਐ ਜਾਂ ਉੱਤਰ –ਆਧੁਨਿਕ ਲੱਗਣ ਦਿੱਸਣ ਦੇ ਭੁਲਾਵੇ ਵਿੱਚ ਆਪਣੇ ਬੱਚਿਆਂ ਰਾਂਹੀ ਵੀ ਆਪਣੀਆਂ ਭਾਸ਼ਾਵਾਂ ਨੂੰ ਅੰਤਲੇ ਸਾਹਾਂ ਵੱਲ ਘਸੀਟ ਰਹੇ ਹਾਂ । ਅਸੀਂ ਪੰਜਾਬੀ ਵੀ, ਘਰਾਂ ਵਿੱਚ ਪੰਜਾਬੀ ਦੀ ਥਾਂ ਹਿੰਦੀ ਤੇ ਸਕੂਲਾਂ ਵਿੱਚ ਪੰਜਾਬੀ /ਹਿੰਦੀ ਦੀ ਥਾਂ ਅੰਗਰੇਜ਼ੀ ਭਾਸ਼ਾ ਬੋਲਦੇ ,ਸਿੱਖਦੇ ਬੱਚਿਆਂ ਨੂੰ ਦੇਖਦੇ ਪ੍ਸੰਨ ਹੁੰਦੇ , ਅਸਲ ਵਿੱਚ ਆਪਣੀ ਹੀ ਮਾਤ-ਭਾਸ਼ਾ ਲਈ ਡੂੰਘੀ ਕਬਰ ਤਿਆਰ ਕਰ ਰਹੇ ਹਾਂ ।

ਇਥੇ ਇਸ ਬਿੰਦੂ ਦੀ ਸਮਝਦਾਰੀ ਹੋਣੀ ਵੀ ਬੇ-ਹੱਦ ਜ਼ਰੂਰੀ ਹੈ ਕਿ ਕਿਸੇ ਵੀ ਭਾਸ਼ਾ ਨੂੰ ਨੁਕਸਾਨ ਪਹੁੰਚਾਉਣ ਦਾ ਮੁੱਢਲਾ ਕਾਰਜ ਇਸਦਾ ਮੌਖਿਕ ਤੱਤ ਜਿੱਸ ਨੂੰ ਬੋਲੀ ਦੀ ਸੰਗਿਆ ਦਿੱਤੀ ਜਾ ਸਕਦੀ ਹੈ ,ਨੂੰ ਵਿਸਾਰਨ ਤੋਂ ਸ਼ੁਰੂ ਹੁੰਦਾ ਹੈ ਤੇ ਜਿੱਸ ਨੂੰ ਸਾਡੀ ਅੱਜ ਦੀ ਮਾਨਸਿੱਕਤਾ ਨਾਮ-ਨਿਹਾਦ ਆਧੁਨਿਕਤਾ ਦੇ ਸੰਗਿਆ ਦੇ ਰਹੀ ਹੈ। ਇਸ ਦੇ ਨਾਲ ਹੀ ਜੁੜਵਾਂ ਤੱਤ ਇਹ ਵੀ ਬੇ-ਹੱਦ ਗੋਲਣਯੋਗ ਹੈ ਕਿ ਗੁਆਚ ਰਹੀ ਜਾਂ ਵਿਸਾਰੀ ਜਾ ਰਹੀ ਭਾਸ਼ਾ ਦਾ ਸਾਫ਼-ਸਿੱਧਾ ਅਰਥ ਗੁਆਚ ਰਿਹਾਂ ਜਾਂ ਗੁਆਇਆ ਜਾ ਰਿਹਾ ਸੱਭਿਆਚਾਰ ਹੀ ਹੁੰਦਾ ਹੈ ।

ਪੰਜਾਬੀ ਭਾਸ਼ਾ/ਸੱਭਿਆਚਾਰਕ ਦੇ ਸੰਬੰਧ ਵਿੱਚ ਇਹ ਤੱਥ ਉੱਘੜਵੇਂ ਰੂਮ ਵਿੱਚ ਦ੍ਰਿਸ਼ਟੀਗੋਚਰ ਹੋਣ ਕਾਰਨ ਯੂਨਿਸਕੋ ਵੱਲੋਂ ਅੰਗੀ  ਪੰਜਾਬੀ ਭਾਸ਼ਾ ਦੀ  ਰਹਿੰਦੀ –ਬਚਦੀ ਉਮਰ ਕੇਵਲ ਪੰਜਾਹ ਸਾਲ ਹੀ ਹੈ , ਬਿਲਕੁਲ ਗੈਰ ਵਾਜਿਬ ਨਹੀਂ ਜਾਪਦੀ ।

ਅਜਿਹੀ ਸਥਿਤੀ ਵਿੱਚ ਦੁਨੀਆਂ ਭਰ ਦੀਆਂ 7000 ਦੇ ਕਰੀਬ ਭਾਸ਼ਾਵਾਂ ਦੇ ਪ੍ਰਚਲਣ ਵਿੱਚ 10/12/13 ਵੇਂ ਸਥਾਨ ਤੇ ਵਿਚਰਨ ਵਾਲੀ ਪੰਜਾਬੀ ਦੇ ਭਵਿੱਖ ਤੇ ਲੱਗੇ ਪ੍ਰਸ਼ਨ-ਚਿੰਨ ਨੇ ਇਸ ਦੇ ਚਾਹੁਣ –ਬੋਲਣ ਵਾਲੇ ਵਿਅਕਤੀਆਂ –ਵਿਦਵਾਨਾਂ ਨੂੰ ਢੇਰ ਸਾਰੀਆਂ ਚਿੰਤਾਵਾਂ ਦੀ ਵਲਗਣ ਅੰਦਰ ਘੇਰ ਲਿਆ ਹੈ । ਕੋਈ ਇਸ ਦੇ ਕਾਰਨਾਂ ਦੀ ਘੋਖ-ਪੜਤਾਲ ਵਰਤਮਾਨ ਦੀਆਂ ਸਥਿਤੀਆਂ-ਪ੍ਰਸਥਿਤੀਆਂ ਨੂੰ ਸਨਮੁੱਖ ਰੱਖ ਕੇ  ਕਰ ਰਿਹਾ , ਕੋਈ ਦੂਰ ਪਿਛਾਂਹ ਰਹਿ ਗਈ ਇਸ ਦੀ ਭੂਤ-ਭੌਤਿਕਤਾ ਦੇ ਆਧਾਰ-ਪਾਸਾਰ ਤੇ ।

ਭੂਤਕਾਲ ਦੀ ਕੁੱਖ ਨੂੰ ਟੋਹਣ ਵਾਲੇ ਵਿਦਵਾਨਾਂ ਦਾ ਮੱਤ ਹੈ ਕਿ ਭਾਵੇਂ ਪੰਜਾਬੀ ਭਾਸ਼ਾ ਦੀਆਂ ਜੜ੍ਹਾਂ ਪੰਜਾਹ ਹਜ਼ਾਰ ਪਹਿਲਾਂ ਵਾਲੇ ਸੰਸਕ੍ਰਿਤ ਕਾਲ ਨਾਲ ਜਾ ਜੁੜਦੀਆਂ ਹਨ ,ਪਰ ਪਿੱਛੋਂ ਰਾਜ ਦੇ ਖਾਸੇ ਅਤੇ ਰਾਜਨੀਤੀ ਦੇ ਛੜਜੰਤਰ ਨੇ ਇਸ ਭਾਸ਼ਾ ਨੂੰ ਵਿਗਸਣ/ਮੌਲਣ ਦੇ ਬਹੁਤ ਹੀ ਸੰਕੋਚਵੇਂ ਅਵਸਰ ਪ੍ਰਦਾਨ ਕੀਤੇ । ਭਾਵੇਂ ਇਸ ਖਿੱਤੇ ਦਾ ਆਰਥਿੱਕ ਆਧਾਰ ਥੋੜੇ ਕੁ ਚਿਰਾਂ ਤੋਂ ਆਂਸ਼ਕ ਰੂਪ ਵਿੱਚ ਸਰਮਾਇਆ ਮੁਖੀ ਹੋ ਜਾਣ ਵਲ੍ਹ ਨੂੰ ਆਹੁਲਿਆ ਹੈ ,ਪਰ ਸਦੀਆਂ ਭਰ ਤੋਂ ਇਹ ਆਧਾਰ ਸਾਮੰਤ ਮੁਖੀ ਹੀ ਰਿਹਾ । ਸੱਚ ਇਹ ਵੀ ਹੈ ਕਿ ਇਹ ਦੋਨੋਂ ਆਰਥਿੱਕ ਵਿੱਵਸਥਾਵਾਂ ਪੰਜਾਬੀ ਭਾਸ਼ਾ ਤੇ ਸਾਹਿਤ-ਸੱਭਿਆਚਰ ਪ੍ਰਤੀ ਬੇਗਾਨਗੀ ਵਾਲਾ ਹੀ ਵਰਤਾਓ ਕਰਦੀਆਂ ਰਹੀਆਂ ਹਨ । ਪੰਜਾਬੀ ਭਾਸ਼ਾ/ਸੱਭਿਆਚਰ ਦਾ ਜੋ ਸਰੂਪ ਸਾਨੂੰ ਹੁਣ ਦੇ ਸਮਿਆਂ ਤੱਕ  ਉੱਪਲਭਦ ਹੋਇਆ ਹੈ ਉਹ ਇਹਨਾਂ ਦੋਨਾਂ ਵਿਵੱਸਥਾਵਾਂ ਅੰਦਰ ਵਿਚਰਦੇ ਲੋਕ-ਸਮੂਹ ਦੀ ਲੋਕ-ਚੇਤਨਾ ਕਰਕੇ ਉੱਪਲਭਦ ਹੈ , ਨਾ ਕਿ ਵਿਵੱਸਥਾਵਾਂ ਦੇ, ਆਕਾਵਾਂ ਦੇ ਤੌਰ ਤਰੀਕਿਆਂ ਕਾਰਨ । ਇਹ ਆਕਾ ਤਾਂ ਵਾਹ ਲੱਗਦੀ ਨੂੰ ਪੰਜਾਬੀ ਬੋਲਦੇ ਇਸ ਖਿੱਤੇ ਅੰਦਰ ਰਹਿੰਦੇ –ਵਸਦੇ ਵੀ ਓਪਰਿਆਂ ਵਾਲਾ ਵਿਵਹਾਰ ਹੀ ਕਰਦੇ ਰਹੇ ਹਨ ,ਜਾਂ ਕੁਰਸੀਆਂ ਸਰਦਾਰੀਆਂ-ਅਹੁਦੇਦਾਰੀਆਂ ਖਾਤਰ ਇਸ ਖਿੱਤੇ ਨੂੰ ਛਾਂਗਦੇ –ਛਿੱਲਦੇ,ਟੁੱਕੜਿਆਂ ਵਿੱਚ ਵੰਡਦੇ ਰਹੇ ਹਨ ।

ਪੰਜਾਬੀ ਭਾਸ਼ਾ /ਸੱਭਿਆਚਾਰ ਪ੍ਰਤੀ ਫਿਕਰਮੰਦੀ ਰੱਖਣ ਵਾਲੇ ਉਹ ਵਿਦਵਾਨ ਜਿਹੜੇ ਇਸ ਦੇ ਵਰਤਮਾਨ ਸਮੇਤ ਇਸ ਦੇ ਭਵਿੱਖ ਦੇ ਹਾਲਾਤਾਂ ਪ੍ਰਤੀ ਚਿੰਤੱਤ ਹਨ । ਉਹਨਾਂ ਦੀ ਮੁੱਖ ਟੇਕ ਵੀ ਇਥੋਂ ਦੀ ਆਰਥਿੱਕਤਾ ਅਤੇ ਰਾਜਨੀਤਕ ਵਿਵਹਾਰ ਤੇ ਹੀ ਟਿਕਦੀ ਹੈ । 1947/50 ਈ . ਪਿੱਛੋਂ ਭਾਰਤ ਦੇ ਵੱਖ ਵੱਖ ਖਿੱਤਿਆਂ ਦੀਆਂ ਬੋਲੀਆਂ ਨੂੰ ਸੰਵਿਧਾਨਿਕ ਮਾਨਤਾ ਦੇ ਕੇ ਇਹਨਾਂ ਨੂੰ ਵਿੱਗਸਣ –ਮੌਲਣ ਲਈ ਸਪੇਸ ਤਾਂ ਦੇ ਦਿੱਤੀ ਗਈ ,ਪਰ ਪੰਜਾਬੀ ਭਾਸ਼ਾ ਨੂੰ ਮਿਲੀ ਇਹ ਸਪੇਸ ਕਈ ਸਾਰੀਆਂ ਤੰਗ-ਵਲ੍ਹਗਣਾਂ ਵਿੱਚ ਫਿਰ ਤੋਂ ਘਿਰ ਗਈ । ਸੰਨ  47 ਦੀ ਵੰਡ ਨਾਲ ਟੋਟੇ ਹੋਏ ਪੰਜਾਬ ਦੀ ਇੱਕ ਹੀ ਭਾਸ਼ਾ ਦੋ ਵੱਖ ਵੱਖ ਸੱਭਿਆਚਾਰਕ ਰਹਿਤਲਾਂ ਚ ਵੰਡ ਹੋ ਕੇ ਵੱਖਰੇ ਵੱਖਰੇ ਸਰੂਪ ਅਖਿਆਰ ਕਰਦੀ ਗਈ, ਇਸ ਤੋਂ ਵੀ ਵੱਧ ਸਿਤਮਜ਼ਰੀਫੀ ਇਹ ਕਿ ਇਧਰ ਰਹੇ-ਬਚੇ ਪੰਜਾਬ ਦੀ ਸਾਂਝੀ-ਵਾਂਝੀ ਭਾਸ਼ਾ ਨੂੰ ਧਰਮਾਂ ਦੇ ਉੱਪ-ਸੱਭਿਆਚਾਰ ਨੇ ਬੇ-ਲੋੜੀ ਦਖ਼ਲ ਅੰਦਾਜ਼ੀ ਕਰਕੇ ਇਸ ਦੇ ਵਿੱਗਸਣ-ਮੋਲਣ ਦੇ ਰਾਹਾਂ ਵਿੱਚ ਕਈ ਸਾਰੀਆਂ ਅੜਚਨਾਂ ਖੜੀਆਂ ਕੀਤੀ ਰੱਖੀਆਂ ।ਦੂਜੇ ਸ਼ਬਦਾਂ ਵਿੱਚ ਧਰਮ-ਅਧਾਰਿਤ ਸੱਭਿਆਚਾਰੀਕਰਨ ਦੇ ਅਮਲ ਵਿੱਚ ਦੋ ਭਾਸ਼ਾਵਾਂ ਇੱਕ ਦੂਜੀ ਨੂੰ ਪਿਛਾੜਨ ਦੇ ਅਮਲ ਅੰਦਰ ਹੀ ਰੁੱਝੀਆਂ ਰਹੀਆਂ ।

ਅਜੋਕੇ ਦੌਰ ਵਿੱਚ ਭਾਵੇਂ, ਬੀਤੀ ਸਦੀ ਦੇ ਪਿਛਲੇ ਅੱਧ ਵਾਲੀਆਂ ਸਥਿਤੀਆਂ-ਪ੍ਰਸਥਿਤੀਆਂ ਬਰਕਰਾਰ ਨਹੀਂ ਰਹੀਆਂ , ਤਾਂ ਵੀ ਸੰਸਾਰੀਕਰਨ,ਨਿੱਜੀਕਰਨ ,ਵਿਓਪਾਰੀਕਰਨ ਦੇ ਬੀਤੀ ਸਦੀ ਦੇ ਅੰਦਲੇ ਦਹਾਕੇ ਤੋਂ  ਕੁਝ ਤਿੱਖੇ ਰੂਪ ਵਿੱਚ ਸ਼ੁਰੂ ਹੋਏ  ਚਲਣ-ਪ੍ਰਚਲਣ ਨੇ ਪੰਜਾਬੀ ਭਾਸ਼ਾ ਤੇ ਸਾਹਿਤ ਸੱਭਿਆਚਾਰ ਸਮੇਤ ਭਾਰਤ ਦੇਸ਼ ਦੀਆਂ ਸਾਰੀਆਂ ਉੱਪ-ਭਾਸ਼ਾਵਾਂ /ਖੇਤਰੀ-ਭਾਸ਼ਾਵਾਂ ਦੀ ਹੋਂਦ ਹੋਣੀ ਦੇ ਸਿਰ ਤੇ ਚਿੰਨ-ਭਾਸ਼ਾ ਦੀ ਤਲਵਾਰ ਲਟਕਾ ਦਿੱਤੀ ਹੈ । ਚਿੱਨਾਂ/ਬਿੰਦੂਆਂ ਰਾਹੀਂ ਦੁਨੀਆਂ ਭਰ ਦੇ ਆਕਾਸ਼ੀ-ਚਿੱਤਰਪੱਟ ਤੇ ਖਿੱਲਰੀ-ਪੱਸਰੀ ਇਹ ਕੰਮਪਿਓਟਰੀਕ੍ਰਿਤ ਭਾਸ਼ਾ, ਪੰਜਾਬੀ ਲਈ ਇਹ ਹੋਰ ਭਿਆਨਕ ਕਿਸਮ ਦਾ ਖ਼ਤਰਾ ਲਈ ਖੜੀ ਹੈ। ਇਉਂ , ਹੁਣ ਤੱਕ ਖੱਤਰਿਆਂ-ਦੁਸ਼ਵਾਰੀਆਂ ਅੰਦਰ ਘਿਰਿਆ ਰਿਹਾ ਪੰਜਾਬੀ ਸਾਹਿਤ-ਸੱਭਿਆਚਾਰ ਅਤੇ ਪੰਜਾਬੀ ਭਾਸ਼ਾ ਅੰਦਰੂਨੀ ਤਲਖੀਆਂ ਦੇ ਨਾਲ ਨਾਲ ਬਾਹਰੀ ਹਮਲਿਆਂ ਦੀ ਲਿਪੇਟ ਵਿੱਚ ਆ ਗਏ ਹਨ ।ਬਾਹਰੀ ਖ਼ਤਰਿਆਂ ਵਿੱਚ ਵਿਓਪਾਰਕ੍ਰਿਤ ਹੋਏ ਨਿੱਜੀ ਹੱਥਾਂ ਵੱਲੋਂ ਵੇਚੀ ਜਾਂਦੀ ਵਿੱਦਿਆ  ਸਿੱਖਿਆ ਵਿਚੋਂ ਮਾਂ-ਬੋਲੀ ਨੂੰ ਪਿਛਾੜ ਕੇ ਹਿੰਦੀ / ਅੰਗਰੇਜ਼ੀ ਨੂੰ ਪ੍ਰਮੱਖ ਗਿਨਣਾ ਵੱਡੀ ਮੱਦ ਵਜੋਂ ਅੰਕਿਤ ਹੈ । ਜਿੱਸ ਦੀ ਪਿੱਠ ਤੇ ਪੰਜਾਬ ਦਾ ਰਾਜਨੀਤੀ –ਵਿਵਹਾਰ ਪੂਰੀ ਤਰਾਂ ਡਟ ਕੇ ਖਲੋਤਾ ਦਿੱਸਦਾ ਹੈ । ਇਸ ਵਰਗ ਦੀ ਕਹਿਣੀ ਤੇ ਕਰਨੀ ਵਿਚਲੇ ਜ਼ਮੀਨ –ਅਸਮਾਨ ਜਿੱਡੇ ਫ਼ਰਕ ਪਿੱਛੇ ਕਾਰਜ਼ਸੀਲ ਕਾਰਕ ਸਮੂੱਚੇ ਲੋਕ-ਸਮੂਹ ਨੂੰ ਆਪਣੀ ਭਾਸ਼ਾ ਤੇ ਸਾਹਿਤ-ਸੱਭਿਆਚਰ ਤੋਂ ਬੇ-ਮੁੱਖ ਕਰਨ ਵਿੱਚ ਤਾਂ ਭਾਵੇ ਪੂਰੀ ਤਰ੍ਹਾਂ ਸਫ਼ਲ ਨਹੀਂ ਹੋਏ ,ਤਾਂ ਵੀ ਗਲੋਬਲੀਕਰਨ ਦੇ ਸੁਧਾਰਾਂ ਕਾਰਨ ਹੋਂਦ ਵਿੱਚ ਆਇਆ ਇੱਕ ਤ੍ਰਿਸ਼ੰਕੂ ਕਿਸਮ ਦਾ ਮੱਧ ਵਰਗ ਇਹਨਾਂ ਦੇ ਭੁਲਾਵੇ ਦਾ ਪੱਕਾ ਪਿੱਛ-ਲੱਗ ਬਣ ਗਿਆ ਹੈ । ਇਹ ਵਰਗ ਕਾਰਪੋਰੇਟ ਜਗਤ ਦੁਆਰਾ ਪ੍ਰਚਾਰਤ ਪ੍ਰਸਾਰਤ ਸਮੱਗਰੀ ਦੀ ਚਕਾਚੌਂਦ ਅੰਦਰ ਘਿਰਿਆ ਇੱਕ ਤਰ੍ਹਾਂ ਨਾਲ ਬੌਧਿਕ ਕੰਗਾਲੀ ਦੀ ਗ੍ਰਿਫ਼ਤ ਵਿੱਚ ਵੀ ਆ ਗਿਆ ਹੈ । ਉਸ ਨੇ ਬਿਨ੍ਹਾਂ ਸੋਚੇ ਸਮਝੇ ਹਰ ਐਸ਼ੋ-ਆਰਾਮ ਦੀ ਲਾਲਸਾ ਮਗਰ ਭੱਜਦੇ ਨੇ ਅਪਣੇ ਪੈਰ ਆਪਣੀ ਚਾਦਰ ਨਾਲੋਂ ਕਿਧਰੇ ਵੱਧ ਪਸਾਰ ਲਏ ਹਨ, ਜਿੱਸ ਕਾਰਨ ਉਸਦੀ ਆਰਥਿੱਕਤਾ ਵੀ ਡੱਗਮਗਾ ਗਈ ਤੇ ਆਪਣੇ ਜਾਨਦਾਰ ਸੱਭਿਆਚਾਰਕ ਵਿਰਸੇ ਤੋਂ ਵੀ ਨਿੱਖੜ-ਵਿੱਛਡ ਗਿਆ । ਕਾ: ਸੁਰਜੀਤ ਗਿੱਲ ਨੇ ਇਸ ਜਮਾਤ ਪ੍ਰਤੀ ਹਿਰਖ਼ ਪ੍ਰਗਟਾਉਦਿਆਂ ਕਿਹਾ ਸੀ – ਆਰਥਿੱਕਤਾ ਦੀ ਕੰਗਾਲੀ ਨਾਲੋਂ ਬੌਧਿਕਤਾ ਦੀ ਕੰਗਾਲੀ ਬਹੁਤ ਭੈੜੀ ਹੈ ,ਕਿਉਂਕਿ ਇਹ ਕੰਗਾਲੀ ਅਕਸਰ ਕੌਮਾਂ ਦੀ ਦੁਰਦਸ਼ਾ ਦਾ ਕਾਰਨ ਬਣਦੀ ਹੈ ............ ਮੇਰੀ ਸਮਝ ਅਨੁਸਾਰ ਸਾਡੀ ਪੰਜਾਬੀਆਂ ਦੀ ਅਜੋਕੀ ਸਥਿਤੀ ਇਹੋ ਜਿਹੀ ਹੈ ।

ਅੱਜ ਜਦੋਂ ਪੰਜਾਬੀ ਭਾਸ਼ਾ ਤੇ ਸਾਹਿਤ-ਸੱਭਿਆਚਰ ਬਾਰੇ ਕਿਸੇ ਕੋਣ ਤੋਂ ਫਿਕਰਮੰਦੀ ਜ਼ਾਹਿਰ ਕੀਤੀ ਜਾਂਦੀ ਹੈ ਤਾਂ ਇਸ ਦਾ ਮੁੱਖ ਦੋਸ਼ ਇਸ ਮੱਧ-ਵਰਗ ਉੱਪਰ ਆਇਤ ਹੋਣ ਦਾ ਕਾਰਨ ਇਹੀ ਬਣਦਾ । ਕਿਉਂਕੀ ਇਹੋ ਵਰਗ ਆਪਣੇ ਆਪ ਨੂੰ ਅਪਣੀ ਭਾਸ਼ਾ ਅਪਣੇ ਸਾਹਿਤ-ਸੱਭਿਆਚਰ ਦਾ ਮੁੱਖ ਸੇਵਾਦਾਰ ਸਮਝਦਾ ਹੀ ਨਹੀਂ , ਸਗੋਂ ਇਵੇਂ ਦੀ ਸਾਰੀ ਚੱਕ-ਥੱਲ ਇਸ ਦੀ ਕਾਰਗੁਜ਼ਾਰੀ ਦਾ ਹਿੱਸਾ ਹੀ ਹੈ ।

ਪਰ,ਇਹ ਦਾ ਅਰਥ ਇਹ ਵੀ ਨਹੀਂ ਕਿ ਭਾਸ਼ਾ, ਸਾਹਿਤ ਸੱਭਿਆਚਾਰ ਅੰਦਰ ਆਏ ਵਿਗਾੜ ਦੀ ਸਾਰੀ ਜੁੱਮੇਵਾਰੀ ਇਸ ਇਕੋ ਧਿਰ ਉੱਤੇ ਹੀ ਥੋਪ ਕੇ ਹੋਰਨਾਂ ਪੱਖਾਂ ਦੀ ਅਣਦੇਖੀ ਕਰ ਦਿੱਤੀ ਜਾਏ । ਹੋਰਨਾਂ ਅਹਿਮ ਪੱਖਾਂ ਵਿੱਚ ਇਕ ਪੱਖ ਪੰਜਾਬ ਅੰਦਰ ਕੋਮੀਅਤ ਦੇ ਸੰਕਲਪ ਦੀ ਅਣਹੋਂਦ ਨੂੰ ਵੀ ਗਿਨਣਾ ਪਵੇਗਾ । ਇਹ ਵਿਗਾੜ ਭਾਰਤ ਵਿਸ਼ੇਸ਼ ਕਰਕੇ ਪੰਜਾਬ ਦੇ ਸੱਭਿਆਚਾਰ ਅੰਦਰ ਵੱਖ-ਵੱਖ ਸਮਿਆਂ ਤੇ ਹੁੰਦੇ ਰਹੇ ਸੱਭਿਆਚਾਰਕ  ਵਿਸਫੋਟਾਂ ਕਾਰਨ ਵਾਪਰਿਆ । ਪਹਿਲਾਂ ਵਿਸਫੋਟ ਆਰੀਆ ਦਰਾਵੜ ਸੱਭਿਆਚਾਰ ਦੇ ਸੁਮੇਲ ਕਾਰਨ ਵਾਪਰਿਆ । ਦੂਜਾ ਹਿੰਦੂ ਤੇ ਬੋਧੀ ਸੱਭਿਆਚਰ ਦੇ ਸੁਮੇਲ ਕਾਰਨ,ਤੀਜਾ ਹਿੰਦੂ ਤੇ ਇਸਲਾਮੀ ਸੱਭਿਆਚਾਰਾਂ ਦੇ ਸੁਮੇਲ ਕਾਰਨ ਤੇ ਚੌਥਾ ਹਿੰਦੂ-ਮੁਸਲਮ ਸੱਭਿਆਚਾਰਾਂ ਤੇ ਯੂਰਪੀ ਸੱਭਿਆਚਾਰਾਂ ਦੇ ਮੇਲ-ਸੁਮੇਲ ਕਾਰਨ । ਚਾਹੀਦਾ ਤਾਂ ਇਹ ਸੀ ਕਿ ਇਹ ਮੇਲ –ਸੁਮੇਲ ਨਵੀਆਂ ਪੂੰਗਾਰਾਂ , ਨਵੀਆਂ ਕਰੂੰਬਲਾਂ ਨੂੰ ਜਨਮ ਦਿੰਦੇ । ਇਹਨਾਂ ਕਰੂੰਬਲਾਂ ਨੂੰ ਲੱਗਣ ਵਾਲੇ ਫੁੱਲਾਂ-ਪੱਤਿਆਂ ਦੀ ਰੰਗ-ਰੰਗੋਲੀ ਹਰ ਤਰ੍ਹਾਂ ਦੇ ਬਾਸ਼ਿੰਦਿਆਂ ਲਈ ਸੁਖਾਵੀਂ ਦਿੱਖ ਦਾ ਪ੍ਰਦਰਸ਼ਨ ਕਰਦੀ । ਪਰ ਹੋਇਆ –ਵਾਪਰਿਆ ਬਿਲਕੁਲ ਇਸਦੇ ਉਲਟ । ਇਹਨਾਂ ਚੌਹਾਂ ਨੇ ਜ਼ਿੱਦੋ-ਜ਼ਿੱਦੀ ਆਪਣੇ ਰੰਗ-ਢੰਗ ਨਾਲ ਆਪਣੀ ਆਪਣੀ ਸਮਾਜਿਕ ਤੇ ਸੱਭਿਆਚਕ ਰਹਿਤਲ ਲਈ ਧਾਰਮਿੱਕ ਰੰਗਣ ਵਾਲੀਆਂ ਲਹਿਰਾਂ ਦਾ ੳਟ-ਆਸਰਾ ਲੈ ਕੇ ਆਪੋ ਵਿੱਚ ਦੀ ਦੂਰੀ ਨੂੰ ਜਨੂਨੀ ਰੰਗਤ ਦੇ ਲਈ । ਇਹਨਾਂ ਰੰਗ-ਬਰੰਗੀਆਂ ਲਹਿਰਾਂ ਨੇ ਆਪਣੇ ਆਪਣੇ ਖੇਤਰ ਦੀ ਭਾਸ਼ਾ/ਸੱਭਿਆਚਾਰ ਨੂੰ ਪ੍ਰਚਾਰਨ-ਪ੍ਰਸਾਰਨ ਦਾ ਤਾਂ ਕਾਰਜ ਕੀਤਾ ਹੀ ਕੀਤਾ, ਨਾਲ ਦੀ ਨਾਲ ਦੂਜੀਆਂ ਸੱਭਿਆਚਾਰਕ ਇਕਾਈਆਂ ਦੀ ਭਾਸ਼ਾ ਤੇ ਸਾਹਿਤ ਪ੍ਰਤੀ ਤ੍ਰਿਸਕਾਰ ਭਰਿਆ ਰਵੱਈਆ ਅਪਨਾਂ ਕੇ, ਇਸ ਖਿੱਤੇ ਅੰਦਰ ਇਕ ਸਰਵ-ਸਾਂਝੀ ਕੋਮੀਅਤ, ਜਿੱਸ ਨੂੰ ਪੰਜਾਬੀ –ਕੋਮੀਅਤ ਕਿਹਾ ਜਾਣਾ ਸੀ ਦੇ ਉਸਾਰਨ ਵਿੱਚ ਵੱਡੀ ਅੜਚਨ ਬਣੀਆਂ ।

ਬਿਨਾਂ ਸ਼ੱਕ ਇਤਿਹਾਸ ਦੇ ਇੱਕ ਨਾਜ਼ਕ ਪੜਾ ਤੇ , ਇਸ ਸਾਂਝੇ ਪੰਜਾਬ ਦੀ ਸਾਂਝੀ ਕੌਮੀਅਤ ਹੋਂਦ ਵਿੱਚ ਆਈ ਵੀ । ਇਹ ਪੜਾ ਵਿਦੇਸ਼ੀ ਰਾਜਕੀ ਜੂਲੇ ਨੂੰ ਵਿਗਾਹ ਮਾਰਨ ਲਈ ਹਲਫ਼ ਲੈਣ ਦਾ ਸੀ । ਇਸ ਸਮੇਂ ਧਾਰਮਿਕ ਰੰਗਣ ਵਾਲੀਆਂ ਲਹਿਰਾਂ ਦੇ ਬਿਲਕੁਲ ਵਿੱਪਰਿਤ ਮਾਨੁੱਖੀ ਸਾਂਝ ਨਾਲ ਲਬਰੇਜ਼,ਸਮਾਜਿਕ ਤੇ ਰਾਜਸੀ ਲਹਿਰਾਂ ਨੇ ਆਪਣੀ ਹੋਂਦ ਦਾ ਸਿੱਕਾ ਜਮਾਇਆ । ਇਹਨਾਂ ਦਾ ਮੁੱਢ ਗ਼ਦਰ ਲਹਿਰ , ਕਿਰਤੀ ਲਹਿਰ ਨਾਲ ਬੱਝ ਹੋ ਕੇ, ਆਜ਼ਾਦੀ ਪ੍ਰਾਪਤੀ ਦੇ ਘੋਲ ਤੱਕ ਚਲਦੀਆਂ ਨੇ ਇਹਨਾਂ ਧਾਰਮਿੱਕ ਸੰਕੀਰਣਤਾ ਤੋਂ ਢੇਰ ਸਾਰੀ ਦੂਰੀ ਬਣਾਈ ਰੱਖੀ । ਇਹ ਪੜਾ ਤੇ ਪੰਨਪੀ ਸਾਂਝੇ ਪੰਜਾਬ ਦੀ ਸਾਂਝੀ ਕੋਮੀਅਤ , ਇਸ ਖਿੱਤੇ ਦੀ ਭਾਸ਼ਾ ਤੇ ਸਾਹਿਤ-ਸੱਭਿਆਚਾਰ ਨੂੰ , ਅਪਣੇ ਢੰਗ ਨਾਲ ਪ੍ਰਫੁਲਤ ਕਰਨ ਵਿੱਚ ਕਾਫੀ ਸਾਰੀ ਕਾਮਯਾਬ ਵੀ ਰਹੀ । ਪਰ ਛੇਤੀ ਹੀ ਇਹਨਾਂ ਮਾਨਵੀ ਦਿੱਖ ਵਾਲੀਆਂ ਲਹਿਰਾਂ ਦੀ ਕੀਤੀ ਕਮਾਈ ਫਿਰ ਧਾਰਮਿੱਕ ਸੰਕੀਰਨਤਾ ਦੀ ਭੇਂਟ ਚੜ੍ਹ ਗਈ । ਜਿੱਸ ਤੇ ਸਿੱਟੇ ਬੀਤੀ ਸਦੀ ਦੇ ਪਿੱਛਲੇ ਅੱਧ ਸਮੇਤ ਪੰਜਾਬੀ ਭਾਸ਼ਾ ਤੇ ਸਾਹਿਤ-ਸੱਭਿਆਚਾਰ ਹੁਣ ਤੱਕ ਭੁਗਤੀ ਜਾ ਰਿਹਾ ਹੈ । ਇਸ ਪਿੱਛਲ-ਖੂਰੀ ਤੋਰ –ਦੌੜ ਵਿੱਚ ਪੰਜਾਬ ਦੇ ਜਨ-ਸਧਾਰਨ ਨੂੰ ਵੀ ਕਦਾਚਿੱਤ ਬਰੀ ਨਹੀਂ ਕੀਤਾ ਜਾ ਸਕਦਾ , ਜਿੱਸ ਨੇ ਧਰਮ-ਰੰਗੇ ਲਾਲੀ ਪੌਪ ਚੂਸਦਿਆਂ , ਅਪਣੀ ਹੋਂਦ ਸਮੇਤ ਅਪਣੀ ਭਾਸ਼ਾ , ਅਪਣੇ ਸਾਹਿਤ ਵਲ੍ਹ ਨੂੰ ਇੱਕ ਤਰ੍ਹਾਂ ਨਾਲ ਪਿੱਠ ਕੀਤੀ ਰੱਖੀ ਹੈ । ਦੱਖਣੀ ਅਮਰੀਕਾ ਦੇ ਦੇਸ਼ ਟੋਬੈਗੋ ਦੀ ਪਹਿਲੇ ਪ੍ਰਧਾਨ ਮੰਤਰੀ ਐਰਿਕਵਿਲੀਅਮਜ਼ ਨੇ ਧਰਮ ਦੇ ਅਜਿਹੇ ਰੋਲ ਬਾਰੇ ਬੇ-ਹੱਦ ਢੁੱਕਵੀਂ ਰਾਏ ਦਿੱਤੀ ਹੈ । ਉਸ ਅਨੁਸਾਰ ਧਰਮ ਇਨਸਾਨ ਦੀ ਉਸੇ ਤਰ੍ਹਾਂ ਸੇਵਾ ਕਰਦਾ ਹੈ ਜਿੱਦਾਂ ਘੋੜੇ ਦੇ ਲੱਗੇ ਖੋਪੇ ਕਰਦੇ ਹਨ ।ਇਹ ਖੋਪੇ ਹਰ ਇਕ ਰਾਜਕੀ ਜਮਾਤ ਸਮੇਤ ਏਥੋਂ ਦੇ ਸਾਸ਼ਣ-ਪ੍ਰਸਾਸ਼ਣ ਨੇ ਵੀ ਬੇਝਿਜਕ ਹੋ ਕੇ ਵਰਤੇ । ਜਿੱਸ ਦੇ ਸਿੱਟੇ ਵਜੋਂ ਬਹੁਤ ਹੀ ਮਹਿੰਗੇ ਮੁਲ ਪ੍ਰਾਪਤ ਹੋਈ ਆਜ਼ਾਦੀ , ਇਕ ਤਰ੍ਹਾਂ ਨਾਲ ਹਾਸੋਹੀਣਾ ਮਾਖੋਲ ਜਿਹਾ ਬਣ ਕੇ ਰਹਿ ਗਈ ਹੈ ।

ਇਹ ਮਾਖੋਲ ਭਾਸ਼ਾ ਤੇ ਸਾਹਿਤ-ਸੱਭਿਆਚਾਰ ਨਾਲ ਸਬੰਧਤ ਸ਼ੰਵੇਦੇਨਸ਼ੀਲ ਕਾਮਿਆਂ ਨੂੰ ਹੋਰ ਵੀ ਡੂੰਘਾ ਜ਼ਖ਼ਮ ਲਾਉਂਦਾ ਹੈ ।

ਸਾਸ਼ਣ-ਪ੍ਰਸ਼ਾਸ਼ਣ ,ਧਰਮ ਅਤੇ ਜਨ-ਸਮੂਹ ਵਲੋਂ ਪੰਜਾਬੀ ਭਾਸ਼ਾ ਤੇ ਸਾਹਿਤ ਸੱਭਿਆਚਾਰ ਪ੍ਰਤੀ ਦਿਖਾਈ ਜਾ ਰਹੀ ਬੇ-ਰੁੱਖੀ ਨੂੰ ਸਮਝਣ ਵਿੱਚ ਬਹੁਤੀ ਅੜਚਨ ਇਸ ਲਈ ਨਹੀਂ ਆਉਂਦੀ ਕਿ ਇਕ ਪਾਸੇ ਤਾਂ ਰਾਜਕੀ ਜਮਾਤ ਦਾ ਅਸਲ ਖਾਸਾ ਕਾਰਜਸ਼ੀਲ ਹੈ ਤੇ ਦੂਜੇ ਪਾਸੇ ਜਨ-ਸਮੂਹ ਉੱਤੇ ਧਾਰਮਿੱਕਤਾ ਦੇ ਹੋਏ ਛਿੜਕਾ ਨੇ ਇਸ ਨੂੰ ਬਹੁਤ ਹੀ ਅਜੀਬ ਢੰਗ ਨਾਲ ਮੂਰਛੱਤ ਕੀਤਾ ਹੋਇਆ । ਪਰ ਸੋਚਣਾ ਇਹ ਬਣਦਾ , ਫਿਕਰਮੰਦੀ ਇਸ ਗੱਲ ਦੀ ਹੈ ਕਿ ਪੰਜਾਬੀ ਭਾਸ਼ਾ ਤੇ ਸਾਹਿਤ-ਸੱਭਿਆਚਾਰ ਦਾ ਆਲੰਬਰਦਾਰ ਬਨਣ-ਦਿੱਸਣ ਦਾ ਢੰਗੋਰਾ ਪਿੱਟਦਾ ਸਾਡਾ ਲੇਖਕ ਯਨਿਸਕੋ ਵਲੋਂ ਅੰਗੀ ਪੰਜਾਬੀ ਭਾਸ਼ਾ ਦੀ ਉਮਰ ਪ੍ਰਤੀ ਕਿੰਨਾ ਕੁ ਚਿੰਤਾਵਾਨ ਹੈ ! ਸੋਚਣਾ ਇਹ ਵੀ ਬਣਦਾ ਹੈ ਕਿ ਸਾਡੇ ਲੇਖਕਾਂ ਦੀਆਂ ਲਿਖਤਾਂ ,ਕੇਵਲ ਤੇ ਕੇਵਲ ਸਾਸ਼ਕੀ ਪ੍ਰਸਾਸ਼ਕੀ ਅਰਦਲ ਵਿੱਚ ਹੀ ਸਿਰ ਝੁਕਾਈ ਖੜੀਆਂ ਹਨ ਜਾਂ ਗੁੱਮਰਾਹ ਹੋਈ ਜਨ-ਚੇਤਨਾ ਨੂੰ ਅਪਣੀ ਭਾਸ਼ਾ ,ਅਪਣੇ ਸੱਭਿਆਚਾਰ ਨੂੰ ਸਲਾਮਤ ਰੱਖਣ ਲਈ ਕੋਈ ਕਾਰਗਰ ਹੰਭਲਾ ਵੀ ਮਾਰਦੀਆਂ ਹਨ । ਥੋੜਾ ਕੁ ਨੀਂਝ ਲਾ ਕੇ ਦੇਖਦਿਆਂ ਇਹ ਕਹਿਣ ਵਿੱਚ ਕੋਈ ਝਿਜਕ ਨਹੀਂ ਹੁੰਦੀ ਕਿ ਸਾਡੇ ਬਹੁ-ਗਿਣਤੀ ਲੇਖਕਾਂ ਨੂੰ ਸਾਹਿਤ ਦੇ ਅਸਲ ਮਨੋਰਥ ਦੀ ਸ਼ਾਇਦ ਸਮਝ ਹੀ ਨਹੀਂ । ਇਹ ਬਹੁ-ਗਿਣਤੀ ਜਾਂ ਤਾਂ ਦਿਮਾਗੀ –ਇਯਾਸ਼ੀ ਦਾ ਸ਼ਿਕਾਰ ਹੋਈ ਅਪਣੇ ਸਵੈ ਨੂੰ ਲਿਸ਼ਕਾਉਣ-ਚਮਕਾਉਣ ਅੰਦਰ ਹੀ ਰੁਝੀ ਹੋਈ ਹੈ ਜਾਂ ਫਿਰ ਰਾਜ ਕਰਨੀ ਜਮਾਤ ਵੱਲੋਂ ਉਭਰੇ –ਉਭਾਰੇ ਭਰੂਣ-ਹੱਤਿਆ ,ਨਸ਼ਿਆ ਦਾ ਚਨਣ-ਪ੍ਰਚਲਣ ,ਅੱਤਿਵਾਦ-ਵੱਖਵਾਦ ਆਦਿ ਵਰਗੇ ਮੁੱਦਿਆਂ ਤੇ ਕਲਮਘਸਾਈ ਕਰਦੀ ਜਨ-ਸਮੂਹ ਦਾ ਧਿਆਨ ਲੋਕ-ਸਮੂਹ ਨੂੰ ਦਰਪੇਸ਼ ਅਸਲ ਮੱਦਾਂ ਤੋਂ ਲਾਂਭੇ ਕਰਨ ਵਿੱਚ ਰੁੱਝੀ ਹੋਈ ਹੈ । ਅਪਣੀ ਲਿਖਤ ਤੇ ਅਪਣੇ ਆਪ ਦੀ ਪੂਰੀ ਸਮਝਦਾਰੀ ਰੱਖਣ ਵਾਲੇ ਉਰਦੂ ਅਫ਼ਸਾਨਾਂ-ਨਿਗਾਹ ਸਆਦਤ ਹਸਨ ਮੰਟੋ ਨੇ ਅਪਣੇ ਆਸ-ਪਾਸ ਵਿਚਾਰਦੇ ਵਰਤਾਰੇ ਬਾਰੇ ਕਿਹਾ ਸੀ – ਮੈਂ ਤਹਿਜ਼ੀਬ ਅਤੇ ਸੋਸਾਇਟੀ ਕੇ ਕੱਪੜੇ ਦੀ ਉਤਾਰਾਂਗਾ, ਜੋ ਖੁੱਦ ਹੀ ਨੰਗੀ ਹੈ ..........ਲੋਕ ਮੈਨੂੰ ਸਿਆਹ ਕਲਮ ਕਹਿੰਦੇ ਹਨ ,ਪਰ ਮੈਂ ਤਖ਼ਤਾ-ਏ-ਸਿਆਹ ( ਬਲੈਕ-ਬੋਰਡ ਉੱਤੇ ਕਾਲੇ ਚਾਕ ਨਹੀਂ ਲਿਖਦਾ ,ਸਗੋਂ ਚਿੱਟੇ ਚਾਕ ਨਾਲ ਲਿਖਦਾ ਹਾਂ , ਜਿੱਸ ਕਾਰਨ ਕਾਲੇ ਬੋਰਡ ਦੀ ਕਾਲਖ਼ ਹੋਰ ਵੀ ਗੂੜੀ ਨਜ਼ਰ ਆਉਣ ਲੱਗਦੀ ਹੈ । ਇਸ ਦੇ ਬਿਲਕੁਲ ਵਿਪਰੀਤ ਸਾਡੇ ਸਾਹਿਤ ਦੇ ਬਹੁ-ਗਿਣਤੀ ਲੇਖਕ ਦੇ ਹੱਥਾਂ ਚ ਕਦੀ ਨੀਲੀ ਕਲਮ ਹੁੰਦੀ , ਕਦੀ ਹਰੀ , ਕਦੀ ਲਾਲ । ਅੱਜ ਦੇ ਸਮੇਂ ਦੇ ਹਰ ਸਫੇ ਤੇ ਕੂੜ-ਅਮਾਵਸ ਵਰਗੀ ਪਸਰ ਗਈ ਕਾਲਖ ਉੱਤੇ ਬਾਬੇ ਨਾਨਕ ਦੇ ਬੋਲਾਂ ਵਰਗੇ , ਚਿੱਟੀ-ਸਫੈਦ ,ਸਾਫ਼ਗੋਈ ਕਰਦੇ ਅੱਖਰ ਉੱਚਰਨਾ , ਅੱਜ ਦੀ ਬਹੁ-ਗਿਣਤੀ ਲੇਖਕਾਂ ਅੰਦਰੋਂ ਉੱਕਾ ਹੀ ਗਾਇਬ ਜਾਪਦਾ ਹੈ । ਤੇ, ਜਿਹਨਾਂ ਕੁਝ ਵਿੱਚ ਇਵੇਂ ਦੀ ਦਲੇਰੀ ਕਰਨ ਦੇ ਸਾਹਸ ਨੂੰ 21ਵੀ ਸਦੀ ਦੀ ਦੜਕ-ਭੜਕ ਨੇ ਅਜੇ ਖ਼ਤਮ ਨਹੀਂ ਕੀਤਾ ,ਉਹਨਾਂ ਦੀ ਲਿਖਤ ਤੇ ਉਹਨਾਂ ਦੇ ਨਿੱਜੀ ਵਿਵਹਾਰ ਅੰਦਰ ਦ੍ਰਿਸ਼ਟੀਗੋਚਰ ਹੋ  ਰਿਹਾ , ਅੰਤਾਂ ਦਾ ਫ਼ਰਕ ਵੀ , ਅਪਣੀ ਭਾਸ਼ਾ ਦੀ ਸਲਾਮਤੀ ਲਈ ਬਹੁਤਾ ਕਾਰਗਰ ਰੋਲ ਨਹੀਂ ਨਿਭਾ ਸਕੇਗਾ ।

ਇਸੇ ਕੜੀ ਵਿੱਚ ਪੰਜਾਬੀ ਭਾਸ਼ਾ ਦੇ ਸਾਹਿਤ ਨੂੰ ਸ਼ਾਬਦਿੱਕ ਰੂਪ ਦੇ ਕੇ ਛਾਪਣ ਵਾਲੀ ਧਿਰ ਪ੍ਰਕਾਸ਼ਕ ਵੀ ਆਪਣੇ ਹਿੱਸੇ ਦੇ ਦੋਸ਼ ਤੋਂ ਬਰੀ ਨਹੀਂ ਹੋ ਸਕਦੀ । ਭਾਵੇਂ ਸਾਹਿਤ ,ਸੱਭਿਆਚਾਰ ਦਾ ਹੀ ਇਕ ਛੋਟਾ ਜਿਹਾ ਅੰਗ ਹੈ ਤਾਂ ਵੀ, ਇਹ ਸੱਭਿਆਚਾਰਕ ਦੇ ਦੂਜੇ ਅੰਗਾਂ-ਧਰਮ , ਫਲਸਫਾ ,ਇਤਿਹਾਸ-ਮਿਥਿਹਾਸ ਆਦਿ ਸਮੇਤ ਕਿਸੇ ਇੱਕ ਖਿੱਤੇ ਤੇ ਸੱਭਿਆਚਾਰ ਨੂੰ ਇਸ ਦੀ ਸਮੁੱਚਤਾ ਵਿੱਚ ਪ੍ਰਤੀਬਿੰਬਤ ਕਰਨ ਦੀ ਸਮਰੱਥਾ ਰੱਖਦਾ ਹੈ ।ਇਸ ਦੀ ਇਹ ਸਮਰੱਥਾ ਸ਼ਾਬਦਿੱਕ ਰੂਪ ਅੰਦਰ ਅੰਕਿਤ ਹੋਈਆਂ ਲਿਖਤਾਂ ਰਾਹੀਂ ਹੀ ਦੇਖੀ –ਸਮਝੀ ਜਾ ਸਕਦੀ ਹੈ ।ਪਰ ,ਚਿੰਤਾ ਇਸ ਗੱਲ ਦੀ ਹੈ , ਲਿਖਤਾਂ ਨੂੰ ਸ਼ਾਬਦਿੱਕ/ਪੁਸਤਕ ਰੂਪ ਦੇਣ ਵਾਲੀ ਧਿਰ ਪ੍ਰਕਾਸ਼ਨ ਅਤੇ ਲੇਖਕ ਦੇ ਸੰਬੰਧ ਸਦਾ ਹੀ ਤਿੜਕਵੇਂ ਰਹੇ ਹਨ । ਇਹ ਸੰਬੰਧ ਸਾਡੀ ਭਾਸ਼ਾ ਦੇ ਪ੍ਰਕਾਸ਼ਕਾਂ-ਲੇਖਕਾਂ ਦੇ ਸੰਦਰਭ ਵਿੱਚ ਤਾਂ ਰੜਕਵੇ ਹਨ ਹੀ ,ਪਰ ਪੰਡਿਤ ਨਹਿਰੂ ਵਰਗੀ ਵੱਡੀ ਕਲਮ ਵੀ ਇਸ ਪ੍ਰਕਾਸ਼ਕੀ ਸੇਕ ਤੋਂ ਬਚ ਨਹੀਂ ਸਕੀ । ਉਹਨਾਂ ਐਮ.ਕੇ.ਮਲਕਾਨੀ ਨੂੰ ਲਿਖੇ ਪੱਤਰ ਵਿੱਚ ਇੱਕ ਵਾਰ ਕਿਹਾ ਸੀ – ਕਿ ਪ੍ਰਕਾਸ਼ਕ,ਲੇਖਕਾਂ ਦਾ ਹਮੇਸ਼ਾ ਹੀ ਸ਼ੋਸ਼ਣ ਕਰਦੇ ਆਏ ਹਨ ।ਕੁਝ ਕੁ ਲੇਖਕ ਹੀ ਆਪਣੀਆਂ ਸ਼ਰਤਾਂ ਤੇ ਕਿਤਾਬਾਂ ਛਪਵਾ ਸਕਦੇ ਹਨ । ਬਾਕੀ ਦੇ ਲੇਖਕ ਸਮਝਦੇ ਹਨ ਕਿ ਪ੍ਰਕਾਸ਼ਕ ਹੀ ਸਾਰੀ ਬੁਰਾਈ ਦੀ ਜੜ੍ਹ ਹਨ .......ਉਹ ਲੇਖਕ ਦੇ ਸਿਰ ਤੇ ਪੈਸੇ ਕਮਾਉਂਦੇ ਹਨ ....ਬਹੁਤੇ ਪ੍ਰਕਾਸ਼ਕ ਲੇਖਕ ਦੀ ਸਿਰਜਨਾਤਮਕ ਪ੍ਰਕਿਰਿਆ ਨੂੰ ਕੋਈ ਮਹੱਤਤਾ ਨਹੀਂ ਦਿੰਦੇ । ਅਸੀਂ ਤਰਖਾਣ ,ਮੋਚੀ , ਦਰਜ਼ੀ ਆਦਿ ਸਾਰਿਆਂ ਨੂੰ ਪੈਸੇ ਦਿੰਦੇ ਹਾਂ ,ਪਰ ਲੇਖਕ ਤੋਂ ਮੁਫ਼ਤੋਂ ਮੁਫਤ ਕੰਮ ਕਰੀ ਜਾਣ ਦੀ ਆਸ ਰੱਖਦੇ ਹਾਂ । ਪੰਡਿਤ ਨਹਿਰੂ ਨੇ ਅੱਗੇ ਲਿਖਿਆ ਸੀ – ਜੇ ਮੈ ਕੇਵਲ ਲੇਖਕ ਹੁੰਦਾ , ਰਾਜਨੀਤਕ ਨਾ ਹੁੰਦਾ ,ਤਾਂ ਮੈਂ ਲੇਖਕਾਂ ਦੀ ਟਰੇਡ-ਯੂਨੀਅਨ ਖੜੀ ਕਰਦਾ , ਜਿੱਸ ਵਿੱਚ ਲੇਖਕ ਮਿਥੀ ਰਕਮ ਤੋਂ ਇਕ ਪੈਸਾ ਵੀ ਘੱਟ ਵਸੂਲ ਨਾ ਕਰਦਾ । ਮੈਂ ਨਿਯਮ ਤੋੜਨ ਵਾਲਿਆਂ ਨੂੰ ਕਾਲੀਆਂ ਭੇਡਾਂ ਸਮਝਦਾ ।

ਪੰਡਿਤ ਨਹਿਰੂ ਦੀ ਇਸ ਸਵੀਕ੍ਰਿਤੀ ਦੇ ਬਿਲਕੁਲ ਵਿਪਰੀਤ ਅਜੋਕਾ ਲੇਖਕ ਤਾਂ ਇਸ ਪੱਖੋਂ ਬਿਲਕੁਲ ਹੀ ਇਕੱਲ ਦਾ ਭੰਡਿਆ ਪਿਆ ਹੈ ।ਇਕ ਤਰ੍ਹਾਂ ਨਾਲ ਵਿਖੜਿਆ ਪਿਆ ਹੈ ,ਜਦ ਕਿ ਪ੍ਰਕਾਸ਼ਕ ਧਿਰ ਲੁੱਟ-ਖੋਹ ਦੇ ਮਾਮਲੇ ਵਿੱਚ ਇਕਦੰਮ ਜਥੇਬੰਦ ਹੋਈ ਦਿੱਸਦੀ ਹੈ ।

ਅਜਿਹੀ ਸਥਿਤੀ ਵਿੱਚ ਬਹੁ-ਪਰਤੀ ਫਿਕਰਮ਼ੰਦੀ ਜ਼ਾਹਿਰ ਕਰਨ ਵਾਲੀ ਸੰਵੇਦਨਸ਼ੀਲ ਧਿਰ ਵੀ ਥੋੜਾ ਕੁ ਜਿੰਨਾ ਡੋਲ ਗਈ ਲੱਗਦੀ ਹੈ । ਇਉਂ ਜਾਪਦਾ ਇਸ ਧਿਰ ਪਾਸ ਵੀ ਸਮਕਾਲ ਦੇ ਚਲਣ –ਪ੍ਰਚਲਨ ਦੀਆਂ ਅਨੁਸਾਰੀ ਕੁਝ ਇਕ ਛੋਟਾਂ ਲੈਣ-ਦੇਣ ਤੋਂ ਸਿਵਾ ਕੋਈ ਚਾਰਾ ਨਹੀਂ ਬਚਿਆ । ਇਸ ਦੀ ਮਾਨਤਾ ਇਹ ਬਣੀ ਜਾਪਦੀ ,ਕਿ ਲਕੀਰ ਦੇ ਫ਼ਕੀਰ ਬਣੇ ਰਹਿਣ ਵਿੱਚ ਵੀ ਬਹੁਤੀ ਸਿਆਣਪ ਨਹੀਂ । ਪਰ,ਇਸ ਦੇ ਵਿਪਰੀਤ ਇਸ ਤੱਥ ਨੂੰ ਵੀ ਝੁਠਲਾਇਆ ਨਹੀਂ ਜਾ ਸਕਦਾ ਕਿ ਬਾਹਰੀ  ਦਬਾ ਹੇਠ ਅਪਣੇ ਵਿਰਸੇ ਤੋਂ ਬੇ-ਮੁੱਖ ਹੋ ਜਾਣਾ ਵੀ ਇੱਕ ਤਰ੍ਹਾਂ ਨਾਲ ਆਤਮਘਾਤ ਕਰਨ ਵਲ੍ਹ ਨੂੰ ਤੁਰ ਪੈਣ ਦੇ ਬਰਾਬਰ ਹੋਵੇਗਾ । ਸ਼ਾਇਦ ਇਸੇ ਲਈ ਯੂਨਿਸਕੋ ਵੱਲੋਂ ਗ੍ਰਾਂਟ ਹੋਈ ਸਾਡੀ ਪੰਜਾਬੀ ਭਾਸ਼ਾ ਵੀ ਪੰਜਾਹ ਕੁ ਸਾਲ ਦੀ ਉਮਰ, ਸਾਡੀ ਚਿੰਤਾ ਦਾ ਕਾਰਨ ਬਣੀ ਹੈ । ਇਸ ਚਿੰਤਾ ਨੂੰ ਜੇ ਸਾਡਾ ਸੂਝਵਾਨ ਵਰਗ ਇਕ ਚੈਲੰਜ ਵੱਜੋਂ ਸਵ੍ਰੀਕਾਰਦਾ ਹੈ, ਤਾਂ ਇਸ ਨੂੰ ਆਪਣੇ ਢੰਗ ਨਾਲ ਲਾਮਬੰਦੀ ਕਰਨੀ ਹੋਵੇਗੀ । ਇਸ ਲਾਂਮਬੰਦੀ ਵਿੱਚ ,ਗੁੱਮਰਾਹ ਹੋਏ ਮੱਧ ਵਰਗ ਵੱਲੋਂ ਸਵੀਕਾਰੇ -ਪ੍ਰਚਾਰੇ –ਪ੍ਰਸਾਰੇ ਜਾਂਦੇ ਸੱਤਈ ਪੱਧਰ ਦੇ ਸਾਹਿਤ ਤੇ ਲੱਚਰ ਕਿਸਮ ਦੀ ਗੀਤਕਾਰੀ-ਪੇਸ਼ਕਾਰੀ ਦੇ ਬਦਲ ਵੱਜੋਂ ਨਿੱਘਰ ਸਮਾਜਿੱਕ ਕਦਰਾਂ-ਕੀਮਤਾਂ ਨਾਲ ਮੋਹ ਰੱਖਣ ਵਾਲੇ ਸਾਹਿਤ ਦੀ ਨਿਸ਼ਾਹਦੇਹੀ ਕਰਕੇ ਇਸ ਨੂੰ ਪੁਰਉੱਤਸ਼ਾਹਤ ਕਰਨਾ ਹੋਵੇਗਾ । ਇਸ ਕੰਮ ਲਈ ਅਜੋਕੇ ਸਮੇਂ ਵਿੱਚ ਸਭ ਤੋਂ ਪਹਿਲਾਂ ਕਾਰਗਰ ਹੱਥਿਆਰ,ਸਾਹਿਤਕ ਜਥੇਬੰਦੀ ਦੀ ਮਹੱਤਵਪੂਰਨ ਮੈਕਾਨਿਜ਼ਮ ਦੀ ਸੁਚੱਜੀ  ਵਰਤੋਂ ਵੀ ਕਰਨੀ ਪਵੇਗੀ । ਡਾ: ਗੁਰਬਖ਼ਸ਼ ਸਿੰਘ ਫਰੈਂਕ ਨੇ ਸਾਹਿਤਕ ਜਥੇਬੰਦੀ ਨੂੰ ਬੇ-ਹੱਦ ਕਾਰਗਰ ਅੰਸ਼ ਦੀ ਸੰਗਿਆ ਦੇਂਦਿਆ ਇਸ ਦੀ ਬਣਤਰ ਤੋਂ ਸੁਚੇਤ ਕਰਦਿਆਂ ਕਿਹਾ ਹੈ ਕਿ – ਇਹ ਤਿੰਨ ਪੱਧਰਾਂ ਤੇ ਵਿਚਰਦੀ ਹੈ, ਸਰਕਾਰੀ ,ਨੀਮ-ਸਰਕਾਰੀ ਤੇ ਗੈਰ-ਸਰਕਾਰੀ । ਇਹ ਜਥੇਬੰਦੀਆਂ ਅਸਿੱਧੇ ਤੌਰ ਤੇ ਲੇਖਕ ਦੀ ਮਾਨਸਿੱਕਤਾ ਨੂੰ ਪ੍ਰਭਾਵਿਤ ਕਰਨ , ਤੇ ਸਾਹਿਤ ਰਚਨਾ ਦੇ ਅਮਲ ਨੂੰ ਸੇਧ ਦੇਣ ਦੀ ਕੋਸ਼ਿਸ਼ ਕਰਦੀਆਂ ਹਨ । ਪਹਿਲੀਆਂ ਦੋਨੋਂ ਜਥੇਬੰਦੀਆਂ ਲੇਖਕਾਂ ਨੂੰ ਸਿੱਧੀ ਤਰ੍ਹਾਂ ਸਥਾਪਤੀ ਦੇ ਮਗਰ ਲਾਉਦੀਆਂ ਹਨ । ਇਹ ਸਾਹਿਤਕਾਰਾਂ ਨੂੰ ਸੇਧ ਦੇਣ ਲਈ ਇਨਾਮਾਂ –ਸਨਮਾਨਾਂ ਦੀ ਵਰਖਾ ਕਰਦੀਆਂ ,ਇਹ ਸੰਕੇਤ ਦਿੰਦੀਆਂ ਹਨ ਕਿ ਇਸ ਤਰ੍ਹਾਂ ਦਾ ਸਾਹਿਤਕ ਵਿਹਾਰ ਕਰੋਗੇ ਤਾਂ ਇਨਾਮ ਪਾਓਗੇ । ਨਹੀਂ ਤਾਂ ਸੋਧ ਦਿੱਤੇ ਜਾਓਗੇ ।

ਤੀਜੀ ਤਰ੍ਹਾਂ ਦੀ ਜਥੇਬੰਦੀ ਜਿੱਸ ਨੂੰ ਗੈਰ-ਸਰਕਾਰੀ ਹੋਣ ਦੀ ਸੰਗਿਆ ਪ੍ਰਾਪਤ ਹੈ , ਤੋਂ ਪੰਜਾਬੀ ਭਾਸ਼ਾ ਤੇ ਸਹਿਤ-ਸੱਭਿਆਚਾਰ ਦੀ ਸਾਂਭ-ਸੰਭਾਲ ਅਤੇ ਉੱਨਤੀ –ਤਰੱਕੀ ਦੀ ਆਸ ਆਸ਼ਕ ਰੂਪ ਵਿੱਚ ਵੀ ਰੱਖੀ ਜਾ ਸਕਦੀ ਹੈ, ਤੇ ਇਸ ਦੀ  ਸੰਚਾਲਣਾਂ ਤੇ ਵਿਧੀ-ਵਿਹਾਰ ਦੇ ਅਨੁਕੂਲ ਕਾਫੀ ਸਾਰੀ ਮਾਤਰਾ ਵਿੱਚ ਵੀ । ਪਰ ,ਇਸ ਉੱਤੇ ਪੂਰੀ ਦੀ ਪੂਰੀ ਟੇਕ ਰੱਖਣਾ ਇਸ ਲਈ ਉੱਚਿਤ ਨਹੀਂ ਕਿਉਂਕਿ ਇਸ ਅੰਦਰ ਵੀ ਬਹੁਤੀਵਾਰ ਅਸਾਹਿੱਤਕ ਬਿਰਤੀਆਂ ਭਾਰੂ ਹੋ ਜਾਂਦੀਆਂ ਹਨ ਤੇ ਇਹ ਵੀ ਉਹ ਕੁਝ ਕਰ ਸਕਣ ਦੀ ਅਪਣੀ ਸਮਰੱਥਾ ਸੀਮਤ ਕਰ ਲੈਂਦੀ ਹੈ , ਜਿਸ ਦੀ ਇਸ ਤੋਂ ਜਨ-ਲੇਖਕ ਨੂੰ ਆਸ –ਉਮੀਦ ਹੁੰਦੀ ਹੈ ।

ਉਮੀਦ ਹੈ ਕਿ ਕੇਂਦਰੀ ਲੇਖਕ ਸਭਾਵਾਂ , ਆਪਣੇ ਆਪ ਨੂੰ ਇਸ ਪੱਖੋਂ ਹੁਣ ਤਾਂ ਦੋਸ਼ ਮੁਕਤ ਕਰ ਹੀ ਲੈਣਗੀਆਂ ।

ਆਮੀਨ ।


 ---------------------------------------------------------------------------------------------------------------------------------------------------------------------------

ਜਿੰਨ ਚਿਰਾਗੋਂ ਸੇ ਤੁਅਸਬ ਕਾ ਧੂੰਆਂ ਉੱਠਤਾ ਹੈ , ਉੱਨ ਚਿਰਾਗੋਂ ਕੋ ਬੁਝਾ , ਤੋ ਉਜਾਲੇ ਹੋਂਗੇ

ਲਾਲ ਸਿੰਘ ਦਸੂਹਾ

ਇਨ੍ਹਾਂ ਦਿਨ੍ਹਾਂ ਵਿੱਚ ਫਿਜ਼ਾ ਦੁਸਹਿਰੇ-ਦੀਵਾਲੀ ਦੇ ਜ਼ਸ਼ਨਾਂ ਨਾਲ ਗੜੁੱਚ ਹੈ । ਇਤਿਹਾਸ-ਮਿਥਿਹਾਸ ਦੀ ਇਕ ਚਿਰੋਕੀ ਘਟਨਾ ਮਨੁੱਖ ਨੂੰ ਚੰਗੇਰਾ ਬਨਾਉਣ ਲਈ ਦੇ ਮੰਤਵ ਨਾਲ ਕਲਮਬੱਧ ਹੋਈ ਅਤੇ ਅਜੇ ਵੀ ਜੀਵਤ ਹੈ । ਆਉਂਦਾ ਭਵਿੱਖ ਵੀ ਇਸ ਨੂੰ ਤੱਥ ਇਤਿਹਾਸ ਮੰਨ ਕੇ ਤੁਰਦਾ , ਉਨ੍ਹਾਂ ਸਾਰੀਆਂ ਰਸਮਾਂ ਦੇ ਅੰਗ ਸੰਗ ਹੋ ਕੇ ਤੁਰਦਾ  ਰਹੇਗਾ , ਜਿਹੜੀਆਂ ਇਨ੍ਹਾਂ ਦਿਨਾਂ ਦ ਅਹਿਮੀਅਤ ਨੂੰ ਹੋਰਨਾਂ ਦਿਨਾਂ ਤਿਓਹਾਰਾਂ ਤੋਂ ਵਖਰਾਉਂਦਿਆਂ ਹਨ । ਉਨ੍ਹਾਂ ਵਿਚੋਂ ਅਹਿਮ ਹੈ ਬੁਰਾਈ ਦੇ ਪੁਤਲੇ ਸਾੜਨਾ ਤੇ ਚੰਗਿਆਈ ਦੀ ਆਮਦ ਲਈ ਦੀਪਮਾਲਾ ਕਰਨਾ ,ਪਟਾਕੇ ਚਲਾਉਣਾ । ਇਸ ਰਸਮ ਨੂੰ ਫਿਊਡਲ ਦੇ ਸਰਦਾਰੀ ਯੁੱਗ ਨਾਲੋਂ ਵੀ ਅੱਜ ਦੇ ਪੂੰਜੀ ਪਾਸਾਰ ਨੇ ਵਿਕਰਾਲ ਰੂਪ ਤੱਕ ਅਪਨਾ ਲਿਆ ਹੈ । ਇਸ ਰੂਪ ਵਿਚ ਸ਼ਰਧਾ ਨਾਲੋਂ ਵਿਖਾਵਾ ਰਸਮ ਦੀ ਰੂਹ ਪੂਰਤੀ ਨਾਲੋਂ ਕਈਆਂ ਹਾਲਤਾਂ ਵਿੱਚ ਤਾਂ ਘਾਤਕ ਵੀ ਸਿੱਧ ਹੋਣ ਤੱਕ ਚਲਿਆ ਜਾਂਦਾ ਹੈ । ਇਕ ਪਾਸੇ ਧੰਨ ਦਾ ਅਫ਼ਸੋਸ ਦਾਇਕ ਪ੍ਰਦਰਸ਼ਨ ,ਦੂਜੇ ਪਾਸੇ ਵਾਤਾਵਰਨ ਦਾ ਪ੍ਰਦੂਸ਼ਨ । ਇਹ ਦੋਨੋਂ ਵਰਤਾਰੇ ਰੋਜ਼ੀ ਰੋਟੀ ਲਈ ਆਤੁਰ ਦੇਸ਼ ਦੇ ਕਈ ਕਰੋੜ ਲੋਕਾਂ ਨੂੰ ਹੋਰ ਵੀ ਡੂੰਘੀ ਚਿੰਤਾ ਚ ਡੋਬ ਦਿੰਦੇ ਹਨ  । ਇਕ ਸਰਵੇਖਣ ਅਨੁਸਾਰ 2007 ਦੀ ਦੀਵਾਲੀ ਨੂੰ ਮੁਲਕ ਭਰ ਵਿੱਚ 40 ਅਰਬ ਰੁਪਏ ਦੇ ਪਟਾਕੇ ਚਲਾਏ ਗਏ । ਇਨ੍ਹਾਂ ਵਿਚੋਂ ਮੁੰਬਈ ਸ਼ਹਿਰ ਵਿਚ 7 ਅਰਬ ਰੁਪਏ ਅਤੇ ਦਿੱਲੀ ਸ਼ਹਿਰ ਵਿੱਚ 5 ਅਰਬ ਰੁਪਏ ਦੇ ਖਪਤ ਹੋਈ । ਇਕ ਪਾਕ ਪਵਿੱਤਰ ਰਸਮ ਨਿਭਾ ਲਈ ਏਨਾ ਸਾਰਾ ਧੰਨ ਖਰਚ ਕਰਨ ਵਾਲਿਆਂ ਵਿਚ ਸਭ ਵਰਗਾਂ ਦੇ ਲੋਕ ਸ਼ਾਮਲ ਸਨ । ਧੰਨ ਕੁਬੇਰ ਵੀ ਸ਼ਾਮਲ ਸਨ ਤੇ ਆਮ ਸਾਧਨਹੀਣ ਲੋਕ ਵੀ । ਇਨ੍ਹਾਂ ਆਮ ਸਾਧਨਹੀਣ ਲੋਕਾਂ ਲਈ ਤਾਂ ਮਨ ਦਾ ਚਾਅ ਪੂਰਾ ਕਰਨ ਵਾਲੀ ਗੱਲ ਹੀ ਸੀ , ਉੱਪਰਲਿਆਂ ਦੀ ਦੇਖਾ ਦੇਖੀ । ਵਰ੍ਹੇ ਛਿਮਾਹੀ ਪਿਛੋਂ ਕਿਧਰੇ ਪ੍ਰਸੰਨ ਚਿੱਤ ਦਿੱਸਣ ਲਈ । ਪਰ ਪੂੰਜੀਕਾਰਾਂ , ਧੰਨ ਕੁਵੇਰਾਂ , ਉਤਪਾਦਨ ਵਸੀਲਿਆਂ ਤੇ ਕਾਬਜ਼ ਵਰਗਾਂ ਸਾਹਮਣੇ ਉਦੇਸ਼ ਹੋਰ ਹੀ ਹੁੰਦੇ ਹਨ । ਹਰ ਵਰਗ ਵਾਂਗ ਉਨ੍ਹਾਂ ਵਰਗਾਂ ਦਾ ਮੰਤਵ ਕੇਵਲ ਦਿਲ ਪ੍ਰਚਾਵਾ ਨਹੀਂ ਹੁੰਦਾ । ਮਹਿਜ਼ ਰਸਮ ਨਿਭਾਈ ਨਹੀਂ ਹੁੰਦੀ । ਇਨ੍ਹਾਂ ਦਾ ਮੰਤਵ ਸਾਧਾਰਨ ਲੋਕਾਂ ਨੂੰ ਆਮ ਜਨਤਾ ਨੂੰ ਇਨ੍ਹਾਂ ਤਿਓਹਾਰਾਂ ਦੀ ਰਸਮ ਨਿਭਾਈ ਅੰਦਰ ਉਲਝਾਈ ਰੱਖਣਾ ਹੁੰਦਾ ਹੈ । ਉਨ੍ਹਾਂ ਨੂੰ ਆਪਣੇ ਆਪੇ ਤੋਂ ਦੂਰ ਰੱਖਣਾ ਹੁੰਦਾ ਹੈ । ਇਉਂ ਉਹ ਕਰਦੇ ਵੀ ਹਨ ਸਫ਼ਲਤਾ ਨਾਲ ।

ਇਸ ਰਸਮ ਨਿਭਾਈ ਦਾ ਵੱਡਾ ਨੁਕਸਾਨੀ-ਪੱਖ ਵਾਤਾਵਰਨ ਨੂੰ ਗੰਧਲਾ ਤੇ ਪ੍ਰਦੂਸ਼ਤ ਕਰਨ ਦਾ ਵੀ ਹੈ  ਅਤੇ ਜਾਨੀ ਨੁਕਸਾਨ ਦਾ ਵੀਇਹਨਾਂ ਪੁਰਬਾਂ ਨੂੰ ਜੀ ਆਇਆਂ ਕਹਿਣ ਲਈ ਜੇ ਇਕ  ਕਈ ਬੰਦੇ ਪਟਾਕਿਆਂ ਨਾਲ ਝੁਲਸੇ ਜਾਣ , ਕਈਆਂ ਦੀਆਂ ਅੱਖਾਂ ਨੁਕਸਾਨੀਆਂ ਜਾਣ ਤੇ ਕਈ ਜਾਣੇ ਪਟਾਕਿਆਂ ਦੀ ਮਾਰ ਨਾਲ ਬਿਲਕੁਲ ਅੰਨ੍ਹੇ ਹੋ ਜਾਣ ਤਾਂ ਕੋਈ ਵੀ ਭੱਦਰ ਪੁਰਸ਼ ਇਸ ਰਸਮ ਦੇ ਅਜੋਕੇ ਵਿਕਰਾਲ ਰੂਪ ਨੂੰ ਸਹੀ ਕਹਿਣ ਦਾ ਹੌਸਲਾ ਨਹੀਂ ਕਰੇਗਾ । ਅਜੋਕਾ ਸਮਾਂ ਇਸ ਰਸਮ ਸਮੇਤ ਸਾਰੀਆਂ ਹੋਰਨਾਂ ਦੇ ਵਿਖਾਣਾਕਾਰੀ ਰੂਪ ਨੂੰ ਨਿਰੰਤਣ ਵਿਚ ਰੱਖਣ ਦੀ ਮੰਗ ਕਰਦਾ ਹੈ । ਅੱਜ ਦੇ ਸੂਝਵਾਨ ਮਨੁੱਖ  ਲਈ ਇਸ ਦੀ ਪਹਿਲ ਕਰਨਾ ਬਿਲਕੁਲ ਹੀ ਕਠਨ ਨਹੀਂ , ਉਸ ਤੋਂ ਇਸ ਦੀ ਆਸ ਉਮੀਦ ਰੱਖਣਾ ਬਿਲਕੁਲ ਅਨੁਵਾਰੀ ਹੈ  । ਏਨ੍ਹਾਂ ਕੁ ਕਾਰਜ ਕਰਨਾ ਤਾਂ ਉਸ ਦੇ ਖੱਬੇ ਹੱਥ ਦਾ ਕੰਮ ਹੀ ਸਮਝਿਆ ਜਾਣਾ ਚਾਹਿਦਾ ਹੈ । ਪਰ ਅੱਜ ਦੇ ਗਿਆਨਵਾਨ ਮਨੁੱਖ ਦੇ ਇਸ ਖੱਬੇ ਹੱਥ ਨਾਲ ਕੀਤੇ ਜਾਣ ਵਾਲੇ ਕੰਮ ਨਾਲੋਂ ਸੱਜੇ ਹੱਥ ਨਾਲ ਕਰਨ ਵਾਲੇ ਵੀ ਢੇਰ ਸਾਰੇ ਕੰਮ ਹਨ । ਇਨ੍ਹਾਂ ਦੁਸਹਿਰੇ ,ਦੀਵਾਲੀ ਦੇ ਪਵਿੱਤਰ ਸਮਝੇ ਜਾਂਦੇ ਦਿਨਾਂ ਤੇ ਜਗਦੇ ਦੀਵਿਆਂ ਦੀ ਲੋਅ ਚ ਬੈਠ ਕੇ ,ਉਨ੍ਹਾਂ ਕੰਮਾਂ ਦੀ ਦੁਹਰਾਈ ਤੇ ਮੁੜ-ਦੁਹਰਾਈ ਕਰਨੀ ਵੀ ਬਹੁਤ ਜਰੂਰੀ ਹੈ । ਇਹ ਕੰਮ ਹਨ – ਅਨਪੜ੍ਹਤਾ ਤੇ ਜਹਾਲਤ ਦੀ ਦਲਦਲ ਚ ਫਸੀ ਦੇਸ਼ ਦੀ ਅੱਧਿਓਂ ਵੱਧ ਲੋਕਾਈ ਦੀ ਬਾਂਹ ਫੜਨਾ । ਇਨ੍ਹਾਂ ਲੋਕਾਂ ਦੀ ਬਾਂਹ , ਸਾਡੀਆਂ ਪੱਛਮ ਦੀਆਂ ਪਿੱਛਲੱਗ ਸਰਕਾਰਾਂ ਨੇ ਉਕਾ ਹੀ ਛੱਡ ਦਿੱਤੀ ਹੈ । ਕਲਿਆਣੀਕਾਰੀ ਰਾਜ ਦੀ ਸਥਾਪਨਾ ਦੀ ਸੌਂਹ ਖਾ ਕੇ , ਇਨ੍ਹਾਂ ਵਿਦਿਆ ਤੇ ਸਿਹਤ ਵਰਗੇ ਮੁੱਢਲੇ ਮੁੱਦੇ ਨਿੱਜੀ ਹੱਥ ਵਿੱਚ ਸੌਂਪ ਦਿੱਤੇ ਹਨ । ਨਿੱਜੀ ਹੱਥਾਂ ਦਾ ਸਾਰਾ ਕਾਰਵਿਹਾਰ ਵਿਓਪਾਰ ਮੁਖੀ ਹੈ , ਮੁਨਾਫਾ ਮੁੱਖੀ ਹੈ ਤੇ ਮੁਨਾਫਾ ਮੁੱਖੀ ਹਿੱਤ ਕਦੀ ਵੀ ਲੋਕ ਹਿਤੂ ਨਹੀਂ ਹੋ ਸਕਦਾ । ਆਮ ਮਨੁੱਖ ਦਾ ਦਰਦ –ਦੁੱਖ ਉਨ੍ਹਾਂ ਲਈ ਕੋਈ ਅਰਥ ਨਹੀਂ ਰੱਖਦਾ । ਭੁੱਖਮਰੀ , ਗਰੀਬੀ ਤੇ ਬਿਮਾਰੀ ਨਾਲ ਤੜਫ਼ਦੇ ਕਰੋੜਾਂ ਲੋਕ ,ਉਨ੍ਹਾਂ ਲਈ ਕੋਈ ਸਿਰਦਰਦੀ ਨਹੀਂ ਬਣਦੇ । ਇੱਕ ਸ਼ੈਲੀ ਅੱਜ ਦੇ ਦੀਵਿਆਂ ਦੀ ਜਗਮਗਾਹਟ ਤੋਂ ਵੀ ਪ੍ਰਾਪਤ ਕਰਨੀ ਹੈ । ਅਸੀਂ ਭਾਰਤ ਵਰਸ਼ ਦੀ ਯੁੱਗਾਂ ਪੁਰਾਣੀ ਤੰਦਰੁਸਤ ਸੱਭਿਆਚਾਰ ਦੇ ਹਮਲੇ ਤੋਂ ਵੀ ਬੱਚਦਾ ਕਰਨਾ ਹੈ । ਇਸ ਹਮਲੇ ਨੇ ਸਾਡੇ ਰਿਸ਼ਤੇ, ਸਾਡੀ ਬੋਲੀਆਂ , ਸਾਡੇ ਘਰ-ਪਰਿਵਾਰ ਸਭ ਕੁਝ ਖੋਹ-ਖਿੰਡ ਦਿੱਤੇ ਹਨ । ਇਹ ਹੋਰ ਤੀਲਾ-ਤੀਲਾ ਹੋਣ ਤੋਂ ਬਚੇ ਰਹਿਣ , ਇਸ ਲਈ ਸਬੰਧੀ ਸੁਚੇਤ ਹੋਣਾ ਹੈ ਅਸੀਂ ਅਤੇ ਸਭ ਤੋਂ ਬਚੇ ਰਹਿਣ , ਇਸ ਸਬੰਧੀ ਸੁਚੇਤ ਹੋਣਾ ਪੈਣਾ ਹੈ ਅਸੀਂ ਅਤੇ ਸਭ ਤੋਂ ਜ਼ਰੂਰੀ ਤੇ ਅਹਿਮ ਮਸਲਾ ਜੋ ਸਾਨੂੰ ਦਰਪੇਸ਼ ਹੈ , ਉਹ ਸਾਨੂੰ ਮਨੁੱਖਾਂ ਨੂੰ , ਮਨੁੱਖੀ ਭਾਈਚਾਰੇ ਨੂੰ ਇੱਕ ਦੂਜੇ ਤੋਂ ਵੱਖ ਕਰਨ ਦੀਆਂ ਸਾਜਿਸ਼ਾਂ ਤੋਂ ਚੁੰਕਨੇ ਰਹਿ ਕੇ । ਇਸ ਉਪੱਦਰ ਦੀ ਪਿੱਠ-ਭੂਮੀ ਚ ਕਾਰਜ਼ਸ਼ੀਲ ਯਤਨਾਂ-ਯੋਜਨਾਵਾਂ ਨੂੰ ਨਾਕਾਮ ਕਰਨਾ ਹੈ । ਇਹ ਯਤਨ –ਯੋਜਨਾਵਾਂ ਕੁਝ ਇੱਕ ਰਾਜ-ਹਿਰਸੀ ਰਾਵਨਾਂ ਦੇ ਸਿਰਾਂ ਦੀ ਕਾਢ ਹੁੰਦੀਆਂ ਹਨ । ਉਹ ਕਾਢਕਾਰ ਕਦੀ ਜਾਤ , ਕਦੀ ਸੂਬੇ ,ਕਦੀ ਬੋਲੀ ,ਕਦੀ ਰੰਗ-ਨਸਲ ਤੇ ਬਹੁਤਾ ਕਰਕੇ ਧਰਮ ਦੇ ਨਾਂ ਤੇ ਜਨਸਧਾਰਨ ਨੂੰ ਵਰਗਲ ਲੈਂਦੇ ਹਨ । ਚੂੰਕਿ ਧਰਮ ਆਮ ਲੋਕਾਂ ਦੀਆਂ ਨਜ਼ਰਾਂ ਵਿੱਚ ਸੱਚਾਈ ਹੈ , ਪਰ ਉਨ੍ਹਾਂ ਰਾਜ-ਹਿਰਸੀਆਂ ਦੀਆਂ ਨਜ਼ਰਾਂ ਵਿਚ ਇਕ ਲਾਭਕਾਰੀ ਚੀਜ਼ ਹੁੰਦੀ ਹੈ । ਉਹ ਇਸ ਲਾਭਕਾਰੀ ਚੀਜ਼ ਦਾ ਪੂਰਾ ਲਾਹਾ ਲੈਂਦੇ ਹਨ । ਆਮ ਲੋਕ ਆਪਣੇ ਆਪਣੇ ਸੱਚ ਨਾਲ ਬੱਝੇ ਹੋਣ ਕਰਕੇ ਇਕ –ਦੂਜੇ ਦਾ ਖੂਨ ਖ਼ਰਾਬਾ ਕਰਨ ਤੱਕ ਵੀ ਵਗਰਲਾ ਲਏ ਜਾਂਦੇ ਹਨ । ਇਸ ਆਦਿ-ਜੁਗਾਦੀ ਸੱਚ ਨੇ ਹੁਣ ਤੱਕ ਬੜਾ ਨੁਕਸਾਨ ਕੀਤਾ ਹੈ ਸਾਡਾ । ਅੱਗੇ ਤੋਂ ਇਹ ਨੁਕਸਾਨ ਨਾ ਹੋਏ , ਇਹ ਤਿਓਹਾਰ ਇਸ ਹਲਫ਼ਨਾਮੇ ਦੀ ਮੰਗ ਕਰਦੇ ਹਨ । ਇਨ੍ਹਾਂ ਤਿਓਹਾਰਾਂ ਦੀਆਂ ਜਗਮਗ-ਜਗਮਗ ਕਰਦੀਆਂ ਰੌਸ਼ਨੀਆਂ ਸਾਡੇ ਸਭਨਾਂ ਅੰਦਰ ਇਕ ਤਰ੍ਹਾਂ ਦੇ ਉਦਮ , ਇਕ ਤਰ੍ਹਾਂ ਦੇ ਵਿਵੇਕ ਦੀ ਮੰਗ ਕਰਦੀਆਂ ਹਨ । ਗਰੜ ਪੁਰਾਣ ਅਨੁਸਾਰ ਗਿਆਨ ਤੇ ਵਿਵੇਕ ਜ਼ਿੰਦਗੀ ਲਈ ਦੋਵੇਂ ਜ਼ਰੂਰੀ ਹਨ । ਗਿਆਨ ਕਰਮ ਤੋਂ ਪ੍ਰਾਪਤ ਹੁੰਦਾ ਹੈ ਅਤੇ ਵਿਵੇਕ ਅਨੁਭਵ ਤੋਂ । ਗਿਆਨ ਅਤੇ ਵਿਵੇਕ ਦੋ ਅੱਖਾਂ ਹਨ ਜੀਵਨ ਦੇ ਸੱਚ ਦੀਆਂ । ਇਹ ਅੱਖਾਂ ਨੇ ਅਜੇ ਬੜੀ ਦੂਰ ਤੱਕ ਝਾਕਣਾ ਹੈ । ਆਪਣੀ ਛੱਤ ਤੋਂ ਲੈ ਕੇ ਪੁਲਾੜ ਤੱਕ ਦੀ ਘੋਖ਼ ਕਰਨੀ ਹੈ । ਸਾਡੀਆਂ ਇਨ੍ਹਾਂ ਅੱਖਾਂ ਨੂੰ ਕਿਸੇ ਵੀ ਤਰ੍ਹਾਂ ਦਾ ਕਾਲਾ-ਚਿੱਟਾ ਧੂੰਆਂ ਚੁੰਨੀਆਂ ਨਾ ਕਰ ਦੇਵੇ । ਸਾਡੀ ਦੂਰ ਦਰਸ਼ੀ ਨਿਗਾਹ ਐਵੇਂ ਨਾ ਕਿਧਰੇ ਧੁਆਂਖੀ ਜਾਏ । ਇਹ ਕਿਧਰੇ ਚੰਗਿਆਈ , ਬੁਰਾਈ ਦਾ ਫ਼ਰਕ ਲੱਭਣੋਂ ਆਪਹਜ ਨਾ ਹੋ ਜਾਏ ।

ਇਨ੍ਹਾਂ ਰੌਸ਼ਨੀਆਂ ਦੇ ਸਨਮੁੱਖ , ਇਨ੍ਹਾਂ ਚਿਰਾਗਾਂ ਦੇ ਰੂਬਰੂ ਅੱਜ ਸਾਡਾ ਇਹ ਵੀ ਹਲਫ਼ ਲੈਣਾ ਬਣਦਾ ਕਿ ਜੋ ਕੋਈ ਨਾਮ-ਨਿਹਾਦ ਚਿਰਾਗ ਇਵੇਂ ਕਰਦਾ ਹੈ , ਕੋਈ ਗੈਰ-ਪ੍ਰਸੰਗਤ ਲਾਟ ਛੱਡਦਾ ਹੈ ਤਾਂ ਉਸ ਨੂੰ ਬੁਝਾ ਦਿੱਤਾ ਹੀ ਜਾਣਾ ਚਾਹਿਦਾ  । ਉਹ ਚਿਰਾਗ ਭਾਵੇਂ ਰਾਵਣ ਨਾਲੋਂ ਵੀ ਵੱਧ ਵਿਦਵਾਨ ਹੋਣ ਦਾ ਦਾਅਵਾ ਹੀ ਕਿਉਂ ਨਾ ਕਰਦਾ ਹੋਵੇ ।

 

ਕਹਾਣੀਕਾਰ ਲਾਲ ਸਿੰਘ ਦਸੂਹਾ

ਨੇੜੇ ਐਸ.ਡੀ.ਐਮ. ਕੋਰਟ ਦਸੂਹਾ ,ਜ਼ਿਲਾ : ਹੋਸ਼ਿਆਰਪੁਰ ( ਪੰਜਾਬ )

091-94655-74866

 

 

 


 

 

Make a free website with Yola