~~~~~~~~~~~~~~~~~~~~~~~~~~~~~~~~~~~~~~~~~~~~~~

ਲਾਲ ਸਿੰਘ ਲੁਕਾਈ ਪ੍ਰਤੀ ਪ੍ਰਤੀਬੱਧ ਲੇਖਕ ਹੈ । ਉਹ ਆਰੰਭ ਤੋਂ ਪ੍ਰਗਤੀਵਾਦੀ  ਦ੍ਰਿਸ਼ਟੀਕੋਣ ਨਾਲ ਜੁੜਿਆ ਹੋਇਆ ਹੈ । ਪ੍ਰਗਤੀਵਾਦ ਇਕ ਵਿਚਾਰਾਧਾਰਾ ਹੈ ਜਿਸ ਨੂੰ ਫਾਰਮੂਲੇ ਵਾਂਗ ਲਾਗੂ ਕਰੇਗੇ ਤਾਂ ਮਕਾਨਕਈ ਕਿਸਮ ਦੇ ਨਤੀਜੇ ਸਾਹਮਣੇ ਆਉਣਗੇ । ਫਾਰਮੂਲਾਬੱਧ ਪ੍ਰਗਤੀਵਾਦ ਨੂੰ ਅਪਣਾਉਣ ਵਾਲੇ ਲੇਖਕ ਅਸਲ ਵਿੱਚ ਪ੍ਰਗਤੀਵਾਦੀ ਨਾ ਹੋ ਕੇ ਕੁਝ ਹੋਰ ਹੁੰਦੇ ਹਨ । ਪ੍ਰਗਤੀਵਾਦ ਨੇ ਤਾਂ ਲੇਖਕ ਨੂੰ ਦਿ੍ਸ਼ਟੀ ਦੇਣੀ ਹੁੰਦੀ ਹੈ । ਜਿਸ ਰਾਹੀ ਲੇਖਕ ਨੇ ਯਥਾਰਥ ਨੂੰ ਸਮਝਣਾ ਹੁੰਦਾ ਹੈ । ਇਹੀ ਦ੍ਰਿਸ਼ਟੀਕੋਣ ਪਾਤਰਾਂ ਦੀ ਚੋਣ ਕਰਦਾ ਹੈ ਅਤੇ ਇਸੇ ਦ੍ਰਿਸ਼ਟੀਕੋਣ ਰਾਹੀਂ ਲੁਕਾਈ ਦੇ ਧੁਰ ਅੰਦਰ ਤੱਕ ਪਹੁੰਚਣ ਲਈ ਲੇਖਕ ਪ੍ਰਕਾਸ਼ ਪ੍ਰਾਪਤ ਕਰਦਾ ਹੈ । ਲਾਲ ਸਿੰਘ ਨੇ ਪ੍ਰਗਤੀਵਾਦ ਨੂੰ ਇਸੇ ਤਰਾਂ ਦੀ ਇੱਕ ਰੋਸ਼ਨੀ ਸਵੀਕਾਰ ਕੀਤਾ ਹੈ ।ਉਸ ਦੀ ਪ੍ਰਪੱਕਤਾ ਇਸ ਗੱਲ ਵਿਚ ਹੈ ਕਿ ਜੋ ਕੁਝ ਉਹ ਕਹਿੰਦਾ ਹੈ ਉਸ ਦੀ ਸਮਝ ਉਸ ਨੂੰ ਹੈ । ਜੇਕਰ ਆਲੋਚਕਾਂ ਨੇ ਅੱਧੇ ਅਧੂਰੇ ਦੀਆਂ ਕਹਾਣੀਆਂ ਨੂੰ ਦਲਿਤ ਸਾਹਿਤ ਵਿੱਚ ਰੱਖਣ ਦਾ ਯਤਨ ਕੀਤਾ ਹੈ ਤਾਂ ਉਸ ਨੇ ਇਸ ਨੂੰ ਸਵੀਕਾਰ ਨਹੀ ਕੀਤਾ ਕਿਉਕਿ ਉਸ ਅਨੁਸਾਰ ਉਹ ਜਾਤਾਂ-ਪਾਤਾਂ ਦੀ ਵਲਗਣ ਹੇਠ ਆਏ ਦਲਿਤਾਂ ਨੂੰ ਹੀ ਦਲਿਤ ਨਹੀ ਮੰਨਦਾ ਸਗੋਂ ਉਨਾਂ ਨੂੰ ਵੀ ਦਲਿਤ ਮੰਨਦਾ ਹੈ ਜੋ ਆਰਥਿਕ ਤੌਰ ਤੇ ਸ਼ੋਸ਼ਣ ਦਾ ਸ਼ਿਕਾਰ ਹਨ । ਅਜਿਹੇ ਲੋਕ ਕਿਸੇ ਵਰਗ ਜਾਂ ਜਾਤ ਦੇ ਵੀ ਹੋ ਸਕਦੇ ਹਨ ।

ਪ੍ਰਗਤੀਵਾਦੀ ਲੇਖਕ ਆਰਥਿਕ ,ਸਮਾਜਿਕ,ਮਾਨਸਿਕ ਅਤੇ ਹਰ ਤਰਾਂ ਨਾਲ ਲੁੱਟੀ ਜਾ ਰਹੀ ਜਨਤਾ ਨੂੰ ਆਪਣੀ ਲੇਖਣੀ ਦਾ ਵਿਸ਼ਾ ਬਣਾਉਦਾ ਹੈ । ਅਤੇ ਇਨ੍ਹਾਂ ਲੋਕਾਂ ਨੂੰ ਇਨਾਂ ਦੇ ਹੱਕਾਂ ਪ੍ਰਤੀ ਸੁਚੇਤ ਕਰਵਾਉਣ ਅਤੇ ਸਮਾਜਿਕ ਦਸ਼ਾ ਨੂੰ ਸੁਧਾਰਨ ਹਿਤ ਆਪਣਾ ਯੋਗਦਾਨ ਪਾਉਦਾ ਹੈ । ਸਮੁੱਚੇ ਤੌਰ ਤੇ ਲਾਲ ਸਿੰਘ ਦੀ ਕਹਾਣੀ ਆਮ ਆਦਮੀ ਦੀ ਕਹਾਣੀ ਹੈ । ਜੋ ਹਾਸ਼ੀਏ ਤੇ ਜਾ ਪਿਆ ਹੈ । ਲਾਲ ਸਿੰਘ ਦੀਆਂ ਕਹਾਣੀਆਂ ਹਾਸ਼ੀਏ ,ਮੋਮਬੱਤੀਆਂ,ਪੈਰਾਂ ਭਾਰ-ਹੱਥਾਂ ਭਾਰ,ਸਾਰੋ ਛੇ , ਪਾਣੀ , ਆਪਣੀ ਧਿਰ-ਪਰਾਈ ਧਿਰ, ਬਲੌਰ , ਜੜ , ਧੂੰਆਂ , ਝਾਂਜਰ ਆਦਿ ਕਹਾਣੀਆਂ ਲਾਲ ਸਿੰਘ ਦਲਿਤਾਂ ਤੇ ਦੁੱਖਾਂ ਦੀ ਬਾਤ ਪਾਉਦਾ ਹੈ ।

ਅੱਧੇ  ਅਧੂਰੇ ਕਹਾਣੀ ਸੰਗ੍ਰਹਿ ਦੀਆਂ ਅੱਧੇ ਅਧੂਰੇ ਤੇ ਪੌੜੀ ਵਰਗੀਆਂ ਕਹਾਣੀਆਂ ਦਲਿਤਾਂ ਦੇ ਧੁਰ ਅੰਦਰ ਬੈਠ ਕੇ ਜਿਥੇ ਉਨਾਂ ਦੇ ਮਾਨਸਿਕ ਦੁਖਾਂਤ ਨੂੰ ਪੇਸ਼ ਕਰਦੀਆਂ ਹਨ ਉਥੇ ਜਾਤੀ ਹਉਮੇ ਨਾਲ ਜੁੜੇ ਪਾਤਰਾਂ ਨੂੰ ਸਭ ਦੇ ਸਾਹਮਣੇ ਨੰਗਾ ਵੀ ਕਰਦੀਆਂ ਹਨ । ਅੱਧੇ  ਅਧੂਰੇ ਵਿਚ ਦਲਿਤ ਵਰਗ ਵਿਚੋਂ ਆਇਆ ਹੈਡ ਮਾਸਟਰ ਰਾਖਵੇਂ ਕੋਟੇ ਵਿਚ ਹੈਡ ਮਾਸਟਰ ਬਣਿਆ ਹੈ ।ਉਸ ਨੂੰ ਅੱਜ ਵੀ ਦਲਿਤ ਹੋਣ ਕਰਕੇ ਮਾਨਸਿਕ ਕਲੇਸ਼ ਦਾ ਭਾਗੀ ਬਨਣਾ ਪੈਦਾ ਹੈ । ਦਲਿਤਾਂ ਦੀਆਂ ਸਮੱਸਿਆਵਾਂ ਦੇ ਨਾਲ ਨਾਲ ਲਾਲ ਸਿੰਘ ਨੇ ਖੁਰਦੀ ਕਿਰਸਾਨੀ ,ਮੱਧ ਵਰਗੀ ਦੋਗਲੇਪਣ,ਨਕਸਲਵਾਦੀ ਵਿਚਾਰਧਾਰਾ ਅਤੇ ਅਤਿਵਾਦੀ ਹਿੰਸਾ ਨਾਲ ਸੰਬੰਧਤ ਕਹਾਣੀਆਂ ਵੀ ਲਿਖੀਆਂ ਹਨ ।ਪ੍ਰਗਤੀਵਾਦੀ ਦਿ੍ਸ਼ਟੀ ਤੋਂ ਲਾਲ ਸਿੰਘ ਤਿੰਨ ਤਰਾਂ ਤੇ ਪਾਤਰਾਂ ਦੀ ਉਸਾਰੀ ਕਰਦਾ ਹੈ । ਸ਼ੋਸ਼ਣ ਕਰਨ ਵਾਲੇ , ਸ਼ੋਸ਼ਿਤ ਹੋਣ ਵਾਲੇ ਅਤੇ ਜਾਗਰੂਪ ਪਾਤਰ । ਅਸਲ ਵਿਚ ਇਨਾਂ ਤਿੰਨੋਂ ਤਰਾਂ ਤੇ ਪਾਤਰਾਂ ਤੋਂ ਬਗੈਰ ਸਮਾਜ ਦੇ ਸ਼ੋਸ਼ਣ ਨੂੰ ਵਿਖਾਇਆ ਵੀ ਨਹੀ ਜਾ ਸਕਦਾ ਤੇ 


 

 ~~~~~~~~~~~~~~~~~~~~~~~~~~~~~~~~~~~~~~~~~~~~~

ਨਾ ਹੀ ਕਹਾਣੀ ਨੂੰ ਭਵਿਖਾਰਥੀ ਸੇਧ ਦਿੱਤੀ ਜਾ ਸਕਦੀ ਹੈ ਜਿਸ ਨਾਲ ਲਾਲ ਸਿੰਘ ਮੂਲ ਰੂਪ ਵਿਚ ਜੁੜਿਆ ਹੋਇਆ ਹੈ ।ਲਾਲ ਸਿੰਘ ਨੇ ਜਿਥੇ ਇਕ ਪਾਸੇ ਬੀਰੂ , ਭਠਲੂ , ਭੀਲਾ ਸਿੰਘ ਤੇ ਸੰਤੂ ਵਰਗੇ ਦਲਿਤ ਸ਼ੋਸ਼ਿਤ ਪਾਤਰਾਂ ਨੂੰ ਪੇਸ਼ ਕੀਤਾ ਹੈ ਉਥੇ ਨਾਲ ਹੀ ਕਮਾਰ ਸਾਹਿਬ, ਸੰਤ ਜੀ ,ਸ਼ਾਮ ਬਾਬੂ ਤੇ ਸਰਪੰਚ ਵਰਗੇ ਪਾਤਰ ਵੀ ਸਾਡਾ ਙਿਆਨ ਖਿੱਚਦੇ ਹਨ ਜੋ ਨਿਮਨ ਵਰਗ ਦੀ ਕਮਾਈ ਦੇ ਆਧਾਰ ਤੇ ਪਲਦੇ ਤੇ ਵਿਕਾਸ ਕਰਦੇ ਹਨ । ਜਾਗਰੂਪ ਪਾਤਰ ਲੋਕਾਂ ਦੇ ਹੱਕ ਵਿਚ ਖੜਦੇ ਹਨ ਤੇ ਪਾਉਦੇ ਸਗੋਂ ਦੂਜਿਆ ਲਈ ਚਾਨਣ ਮੁਨਾਰਾ ਵੀ ਬਣਦੇ ਹਨ ।ਲਾਲ ਸਿੰਘ ਨੇ ਪ੍ਰਗਤੀਵਾਦੀ ਦ੍ਰਿਸ਼ਟੀਕੋਣ ਤੋਂ ਹੀ ਔਰਤ ਦੇ ਕਿਰਦਾਰ ਨੂੰ ਵੀ ਸਿਰਜਿਆ ਹੈ । ਇਸੇ ਲਈ ਉਸ ਦੇ ਇਸਤਰੀ ਪਾਤਰ ਸਮਾਜਕ ਯਥਾਰਥ ਨਾਲ ਸੰਘਰਸ਼ ਕਰਦੇ ਹੋਏ ਅੱਗੇ ਵਧਦੇ ਦਿਖਾਈ ਦਿੰਦੇ ਹਨ । 

ਲਾਲ ਸਿੰਘ ਆਪ ਸਵੀਕਾਰ ਕਰਦਾ ਹੈ ਕਿ ਉਹ ਦੱਬੇ ਕੁਚਲਿਆਂ ਬਾਰੇ ਨਾ ਲਿਖੇ ਤਾਂ ਉਸ ਨੂੰ ਇਉਂ ਲੱਗਦਾ ਹੈ ਕਿ ਉਹ ਇਨਾਂ ਲੋਕਾਂ ਨਾਲ ਅਨਿਆਂ ਕਰ ਰਿਹਾ ਹੈ । ਇਸੇ ਅਨਿਆਂ ਵਿਰੁੱਧ ਲੜਨ ਲਈ ਉਹ ਲਗਾਤਾਰ ਇਨਾਂ ਦੀਆਂ ਕਹਾਣੀਆਂ ਲਿਖ ਰਿਹਾ ਹੈ ।ਪਰੰਤੂ ਉਸ ਦੀਆਂ ਕਾਹਣੀਆਂ ਮੁੱਢਲੀ ਪ੍ਰਗਤੀਵਾਦੀ ਕਹਾਣੀ ਵਾਂਗ ਕਿਸੇ ਇਕ ਫਾਰਮੂਲੇ ਵਿਚ ਬੱਝੀਆਂ ਨਹੀ ਹੁੰਦੀਆਂ ਸਗੋਂ ਕਹਿਣਾ  ਇਹ ਚਾਹਿਦਾ ਹੈ ਕਿ ਲਾਲ ਸਿੰਘ ਪ੍ਰਗਤੀਵਾਦੀ ਦ੍ਰਿਸ਼ਟੀਕੋਣ ਤੋਂ ਆਲੋਚਨਾਤਮਕ ਯਥਾਰਥ ਦੀ ਅਜਿਹੀ ਸਿਰਜਨਾ ਕਰਦਾ ਹੈ ਜਿਸ ਦੇ ਅਖੀਰ ਤੇ ਪ੍ਰਕਾਸ਼ ਦੀ ਇਕ ਕਿਰਨ ਵੀ ਦਿਖਾਈ ਦਿੰਦੀ ਰਹਿੰਦੀ ਹੈ । ਕਿਉਂਕਿ ਅਜੋਕਾ ਸਮਾਜਿਕ ਯਥਾਰਥ ਸਿੱਧ ਪੱਧਰਾ ਨਹੀ ਹੈ ਇਸ ਲਈ ਉਸ ਨੂੰ ਪ੍ਰਗਟਾਉਣ ਲਈ ਕਹਾਣੀ ਲੰਮੀ ਕਹਾਣੀ ਹੁੰਦੀ ਹੈ ਜੋ ਯਥਾਰਥ ਦੀਆਂ ਪਰਤਾਂ ਨੂੰ ਪੇਸ਼ ਕਰ ਰਹੀ ਹੁੰਦੀ ਹੈ ਤੇ ਇਨ੍ਹਾਂ ਪਰਤਾਂ ਵਿਚੋਂ ਆਪਣੇ ਨਵੇਂਦਿਸਹੱਦਿਆਂ ਦੀ ਭਾਲ ਵੀ ਕਰ ਰਹੀ ਹੁੰਦੀ ਹੈ , ਅਜਿਹੀ ਕਹਾਣੀ ਵਿਅੰਗ ਨੂੰ ਉਥੇ ਹਥਿਆਰ ਵਾਂਗ ਵਰਤਦੀ ਹੈ । ਪ੍ਰਤੀਕਾਂ ਨੂੰ ਸਮਕਾਲੀ ਅਰਥ ਪ੍ਰਦਾਨ ਕਰਦੀ ਹੈ ਤੇ ਚੇਤਨਾ ਪ੍ਰਵਾਹ ਰਾਹੀਂ ਪਾਤਰਾਂ ਤੇ ਧੁਰ ਅੰਦਰ ਤੱਕ ਝਾਤ ਪਾ ਸਕਣ ਦੀ ਸਮਰੱਥਾ ਰੱਖਦੀ ਹੈ । ਲਾਲ ਸਿੰਘ ਦੀ ਕਹਾਣੀ ਇਨ੍ਹਾਂ ਸਾਰੀਆਂ ਵਿਧੀਆਂ ਨੂੰ ਬੜੀ ਯੋਗਤਾ ਨਾਲ ਨਿਭਾਉਦੀ ਹੈ , ਲਾਲ ਸਿੰਘ ਦੀ ਕਹਾਣੀ ਦੀ ਸਮੁੱਚਾ ਢਾਂਚਾ ਉਸ ਦੁਆਰਾ ਕਹੀ ਜਾਣ ਵਾਲੀ ਗੁੰਝਲਦਾਰ ਗੱਲ ਦੀ ਤਹਿ ਤੱਕ ਪਹੰਚਣ ਦਾ ਸਾਧਣ ਬਣਦਾ ਹੈ , ਲਾਲ ਸਿੰਘ ਦੀ ਸਾਧਣ ਨੂੰ ਆਪਣੇ ਉਪਰ ਭਾਰੂ ਨਹੀ ਹੋਣ ਦਿੰਦਾ ਇਸੇ ਲਈ ਉਹ ਵਿਚਾਰਵਾਦੀ ਕਹਾਣੀਕਾਰ ਹੈ ਨਿਰੋਲ ਸੁਹਜਵਾਦੀ ਲੇਖਕ ਨਹੀ ।

ਉਪਰੋਤਕ ਵਿਚਾਰਾਂ ਦੀ ਰੌਸ਼ਨੀ ਵਿਚ ਮੈਂ ਲਾਲ ਸਿੰਘ ਦੀ ਸਮੁੱਚੀ ਕਹਾਣੀ ਨੂੰ ਜਾਚਣ ਪਰਖਣ ਦਾ ਯਤਨ ਕੀਤਾ ਹੈ । ਵਰਿਆਮ ਸੰਧੂ ਦੀ ਕਥਾ  ਚੇਤਨਾ ਤੋਂ ਬਾਅਦ ਮੈ ਸਮਝਦੀ ਹਾਂ ਕਿ ਸਮਕਾਲੀ ਕਹਾਣੀਕਾਰਾਂ ਵਿਚ ਲਾਲ ਸਿੰਘ ਦੀ ਥਾਂ ਬਹੁਤ ਹੀ ਮਹੱਤਵਪੂਰਣ ਹੈ ਜਿਸ ਨੂੰ ਆਲੋਚਕਾਂ ਨੇ ਹੁਣ ਤੱਕ ਕਬੂਲਣਾ ਸ਼ੁਰੂ ਕੀਤਾ ਹੈ ।

                                            ਡਾ ਭੁਪਿੰਦਰ ਕੌਰ

                                           (ਕਪੂਰਥਲਾ)

                                                                                                                                                                                                            

Make a free website with Yola